ਸਿੱਖ ਵਿਦਵਾਨੋ ਹਉਮੇ ਤਿਆਗ ਕੇ ਗੁਰੂ ਅਰਜਨ ਪਾਤਸ਼ਾਹ ਤੋਂ ਸੇਧ ਲਵੋ
ਇਸ ਸਮੇਂ ਜਿਤਨੇ ਵੀ ਸਿੱਖ ਵਿਦਵਾਨ
ਹਨ ਉਹਨਾ ਵਿਚੋਂ ਕਿਸੇ ਵਿਰਲੇ ਨੂੰ ਛੱਡ ਕੇ ਬਾਕੀ ਸਭ ਨੂੰ ਹੀ ਹਉਮੇ ਦਾ ਦੀਰਘ ਰੋਗ ਲੱਗਾ ਹੋਇਆ
ਹੈ। ਹਰ ਕੋਈ ਮੈਂ ਮੈਂ ਹੀ ਕਰ ਰਿਹਾ ਹੈ। ਤੂੰ ਤੂੰ (ਵਾਹਿਗੁਰੂ) ਸਭ ਨੂੰ ਹੀ ਵਿਸਿਰਿਆ ਹੋਇਆ ਹੈ।
ਹਰ ਕੋਈ ਆਪਣੇ ਹੀ ਗੁਣ ਗਾ ਰਿਹਾ ਹੈ ਅਤੇ ਹਰ ਵਿਦਵਾਨ ਦੇ ਨੇੜਲੇ ਸਾਥੀ ਸਿਰਫ ਉਸ ਦੇ ਹੀ ਗੁਣ ਗਾ
ਕੇ ਬਾਕੀ ਹੋਰ ਵਿਦਵਾਨਾ ਨੂੰ ਉਸ ਨਾਲੋਂ ਨੀਵਾਂ ਸਿੱਧ ਕਰਨ ਲਈ ਆਪਣੀਆਂ ਕਲਮਾਂ ਨੂੰ ਤਲਵਾਰਾਂ ਵਾਂਗ
ਧੂਹ ਕੇ ਦੂਸਰੇ ਤੇ ਇਸ ਤਰ੍ਹਾਂ ਟੁੱਟ ਕੇ ਪੈ ਜਾਂਦੇ ਹਨ ਜਿਵੇਂ ਕਿ ਉਹ ਕੋਈ ਬਹੁਤ ਵੱਡਾ ਦੁਸ਼ਮਣ
ਹੋਵੇ। ਇਹ ਗੱਲ ਮੈਂ ਸਿਰਫ ਉਹਨਾ ਦੀ ਹੀ ਕਰ ਰਿਹਾ ਹਾਂ ਜਿਹੜੇ ਕਿ ਆਪਣੇ ਆਪ ਨੂੰ ਤੱਤ ਗੁਰਮਤਿ ਦੇ
ਵਿਦਵਾਨ ਸਮਝਦੇ ਹਨ। ਬਹੁਤੀ ਦੂਰ ਨਾ ਜਾਂਦੇ ਹੋਏ ਪਿਛਲੇ ਕੁੱਝ ਹਫਤਿਆਂ ਦੇ ਪੰਨੇ ਤੁਸੀਂ ‘ਸਿੱਖ
ਮਾਰਗ’ ਤੇ ਪਾਠਕਾਂ ਦੇ ਪੰਨੇ ਤੇ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਕਲਮੀ ਯੁੱਧ ਗੁਰਚਰਨ ਸਿੰਘ
ਜੀਉਣਵਾਲਾ ਅਤੇ ਡਾ: ਦਿਲਗੀਰ ਦੇ ਸਾਥੀਆਂ ਵਿੱਚ ਚੱਲਿਆ ਹੈ। ਗਲਤੀ ਤਾਂ ਦੋਹਾਂ ਪਾਸਿਆਂ ਵਿੱਚ ਹੀ
ਸੀ ਪਰ ਮੰਨੀ ਕਿਸੇ ਨੇ ਵੀ ਨਹੀਂ। ਪਰ ਸਿਤਮ ਦੀ ਗੱਲ ਇਹ ਹੈ ਕਿ ਇਹ ਦੋਵੇਂ ਇੰਦਰ ਸਿੰਘ ਘੱਗਾ ਅਤੇ
ਗੁਰਬਚਨ ਸਿੰਘ ਥਾਈਲੈਂਡ ਵਾਲੇ ਨੂੰ ਵਿਦਵਾਨ ਮੰਨ ਕੇ ਇਹਨਾ ਦੀ ਇਜ਼ਤ ਕਰਦੇ ਹਨ ਪਰ ਆਪਸ ਵਿੱਚ
ਖਹਿਬਾਜ਼ੀ, ਬਸ ਚੁੱਪ ਹੀ ਭਲੀ ਹੈ।
ਕੋਈ ਦਸ ਕੁ ਸਾਲ ਪਹਿਲਾਂ, ਜਦੋਂ ਮੈਂ ‘ਸਿੱਖ ਮਾਰਗ ਵੈੱਬ ਸਾਈਟ’ ਨੂੰ ਪੰਜਾਬੀ (ਗੁਰਮੁਖੀ) ਵਿੱਚ
ਸ਼ੁਰੂ ਕੀਤਾ ਤਾਂ ਮੇਰਾ ਮੁੱਖ ਮਕਸਦ ਬਿਨਾ ਕਿਸੇ ਭੈ ਅਤੇ ਲਾਲਚ ਦੇ ਗੁਰਮਤਿ ਦੀ ਵੱਧ ਤੋਂ ਵੱਧ ਸਹੀ
ਜਾਣਕਾਰੀ ਪ੍ਰਦਾਨ ਕਰਨਾ, ਦੇਹਧਾਰੀ ਪਖੰਡੀ ਸਾਧਾਂ ਦਾ ਵਿਰੋਧ ਕਰਨਾ ਅਤੇ ਸਾਰੇ ਵਿਦਵਾਨਾਂ ਦਾ ਇਕੋ
ਜਿਹਾ ਸਤਿਕਾਰ ਕਰਨਾ ਸੀ ਅਤੇ ਹੁਣ ਤੱਕ ਵੀ ਇਹੀ ਸੀ ਅਤੇ ਹੈ। ਪਰ ਇਸ ਨੂੰ ਹਾਲੇ ਤੱਕ ਕੋਈ ਵੀ
ਪਾਠਕ/ਲੇਖਕ/ਵਿਦਵਾਨ ਠੀਕ ਤਰ੍ਹਾਂ ਸਮਝ ਨਹੀਂ ਸਕਿਆ। ਕਾਰਣ ਸਾਫ ਇਹ ਹੈ ਕਿ ਸਾਰੀਆਂ ਅਖਬਾਰਾਂ,
ਰਸਾਲੇ, ਰੈਡੀਓ, ਟੈਲੀਵੀਯਨ ਅਤੇ ਹੋਰ ਪ੍ਰਧਾਨ ਸਕੱਤਰੀਆਂ ਦੇ ਆਪਣੇ ਕੁੱਝ ਹਿੱਤ ਅਤੇ ਮਜਬੂਰੀਆਂ
ਹੁੰਦੀਆਂ ਹਨ। ਇਸ ਲਈ ਉਹਨਾ ਨੂੰ ਕਿਸੇ ਨਾ ਕਿਸੇ ਦਾ ਥੋੜਾ ਬਹੁਤ ਪ੍ਰਭਾਵ ਕਬੂਲਣਾ ਪੈਂਦਾ ਹੈ। ਪਰ
‘ਸਿੱਖ ਮਾਰਗ’ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਢੁਕਦੀ। ਕਿਉਂਕਿ ਇਸ ਸਾਈਟ ਨੂੰ ਚਲਾਉਣ ਵਿੱਚ
ਕਿਸੇ ਵੀ ਹੋਰ ਵਿਆਕਤੀ ਦਾ ਕੋਈ ਵੀ ਹੱਥ ਨਹੀਂ ਹੈ। ਸ਼ੁਰੂ ਵਿੱਚ ‘ਸਿੱਖ ਮਾਰਗ’ ਨੂੰ ਕਾਲੇ ਅਫਗਾਨੇ
ਦੀ ਸਾਈਟ ਕਿਹਾ ਜਾਂਦਾ ਸੀ। ਉਸ ਦਾ ਇੱਕ ਕਾਰਣ ਇਹ ਸੀ ਕਿ ਜਦੋਂ ਉਸ ਵਿਰੁੱਧ ਹਨੇਰੀ ਝੁੱਲ ਰਹੀ ਸੀ
ਤਾਂ ਮੈਂ ਉਸ ਦਾ ਡਟ ਕੇ ਸਾਥ ਦਿੱਤਾ ਸੀ ਅਤੇ ਦੂਸਰਾ ਕਾਰਣ ਇਹ ਸੀ ਕਿ ਉਸ ਵੇਲੇ ਉਸ ਤੋਂ ਬਿਨਾ ਹੋਰ
ਬਹੁਤ ਥੋੜੇ ਵਿਦਵਾਨ ਸਨ ਜੋ ਕਿ ਆਪ ਕੰਪਿਊਟਰ ਅਤੇ ਇੰਟਰਨੈੱਟ ਵਰਤਦੇ ਸਨ। ਇਸ ਲਈ ਹੋਰ ਵਿਦਵਾਨਾ
ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਬਹੁਤ ਘੱਟ ਪੋਸਟ ਹੁੰਦੀਆਂ ਸਨ। ਹੁਣ ਜਦੋਂ ਮੈਂ ਉਸ ਦੀ ਫੋਟੋ
ਹਟਾਈ ਹੈ ਤਾਂ ਕਈ ਮੈਨੂੰ ਉਸ ਦਾ ਵਿਰੋਧੀ ਸਮਝਣ ਲੱਗ ਪਏ ਹਨ। ਪਰ ਅਸਲੀ ਸੱਚ ਤਾਂ ਇਹੀ ਹੈ ਕਿ ਨਾ
ਤਾਂ ਇਹ ਸਾਈਟ ਪਹਿਲਾਂ ਇਕੱਲੇ ਕਾਲੇ ਅਫਗਾਨੇ ਦੀ ਸੀ ਅਤੇ ਨਾ ਹੀ ਹੁਣ ਉਸ ਦੀ ਵਿਰੋਧੀ ਹੈ। ਗੱਲ
ਅਸੂਲਾਂ ਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਵਿਦਵਾਨ ਆਪਣੀ ਹਉਮੈ ਤਿਆਗ ਕੇ ਇੱਕ ਦੂਸਰੇ ਤੇ
ਝੂਠੀਆਂ ਤੋਹਮਤਾਂ ਲਉਣੀਆਂ ਬੰਦ ਕਰਨ। ਦੁੱਧ ਧੋਤਾ ਤਾਂ ਕੋਈ ਵੀ ਨਹੀਂ ਪਰ ਇਸ ਨੂੰ ਖਾਹ-ਮਖਾਹ
ਮੀਡੀਏ ਵਿੱਚ ਨਾ ਉਛਾਲਣ। ਕੱਲ, ਜਾਣੀ ਕਿ ਦੀ 14 ਮਾਰਚ 2009 ਨੂੰ ਕਾਲੇ ਅਫਗਾਨੇ ਦਾ ਫੂਨ ਆਇਆ ਸੀ
ਅਤੇ ਉਹ ਕੁੱਝ ਦਿਨ ਪਹਿਲਾਂ ਹੀ ਡੁਬਈ ਤੋਂ ਵਾਪਸ ਆਇਆ ਸੀ। ਉਸ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ
ਲਗਦਾ ਸੀ ਕਿ ਇਹ ਬਿੱਲਕੁੱਲ ਠੀਕ ਹੈ ਅਤੇ ਗੁਰਤੇਜ਼ ਸਿੰਘ ਬਿੱਲਕੁੱਲ ਗਲਤ ਹੈ। ਪਰ ਉਸ ਦੀ ਇਸ ਦੇ
ਜਵਾਬ ਵਿੱਚ ਚਿੱਠੀ ਪੜ੍ਹ ਕੇ ਲਗਦਾ ਸੀ ਕਿ ਇਹ ਸਰਾਸਰ ਗਲਤ ਹੈ। ਕਾਲੇ ਅਫਗਾਨੇ ਦੇ ਗੁਣ ਅਤੇ ਔਗਣਾ
ਨੂੰ ਤਾਂ ਮੈਂ ਕਾਫੀ ਹੱਦ ਤੱਕ ਜਾਣਦਾ ਹਾਂ ਪਰ ਗੁਰਤੇਜ ਸਿੰਘ ਨੂੰ ਤਾਂ ਮੈਂ ਅੱਜ ਤੱਕ ਕਦੀ ਵੀ
ਨਹੀਂ ਮਿਲਿਆ ਹਾਂ ਇਹ ਜਰੂਰ ਸੁਣਿਆ ਸੀ ਕਿ ਉਸ ਦੇ ਨਾਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਜਾਏ
ਦਸਮ ਗ੍ਰੰਥੀਏ ਬੰਦੇ ਹਨ।
ਜਿਤਨਿਆਂ ਵਿਦਵਾਨਾ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਪਾਈਆਂ ਹੋਈਆਂ ਹਨ ਉਹਨਾ ਸਾਰਿਆਂ ਵਿਚੋਂ
ਸਿੱਖੀ ਅਤੇ ਵਿਦਵਾਨ ਵਾਲੇ ਸਭ ਤੋਂ ਵੱਧ ਗੁਣ ਮੈਂ ਗਿਆਨੀ ਜਸਵੀਰ ਸਿੰਘ ਵੈਨਕੂਵਰ ਵਾਲਿਆਂ ਵਿੱਚ
ਦੇਖੇ ਹਨ ਜਿਹਨਾ ਦੇ ਕੇ ਸਵਾਲ ਜਵਾਬ ‘ਸਿੱਖ ਮਾਰਗ’ ਤੇ ਹਰੇਕ ਹਫਤੇ ਛਪ ਰਹੇ ਹਨ। ਮੈਂ ਉਹਨਾ ਨੂੰ
ਬਹੁਤ ਦੇਰ ਤੋਂ ਜਾਣਦਾ ਹਾਂ। ਉਹ ਬਹੁਤ ਹੀ ਮਿਲਾਪੜੇ ਸੁਭਾ ਵਾਲੇ ਮਿਠ ਬੋਲੜੇ ਹਨ। ਕਿਸੇ ਨਾਲ ਵੀ
ਰੰਚਕ ਮਾਤਰ ਵੀ ਦਵੈਖ ਈਰਖਾ ਨਹੀਂ। ਜਦੋਂ ਵੀ ਪੁੱਛੋ ਹਰ ਇੱਕ ਨੂੰ ਸਦਾ ਹੀ ਨੇਕ ਸਲਾਹ ਦਿੰਦੇ ਹਨ।
ਇਸੇ ਲਈ ਵੈਨਕੂਵਰ ਦੇ ਆਸ ਪਾਸ ਦੇ ਸਭ ਪੜ੍ਹੇ ਲਿਖੇ ਸਿੱਖ ਇਹਨਾ ਦਾ ਆਦਰ ਮਾਣ ਕਰਦੇ ਹਨ। ਇਹ ਗਿਆਨੀ
ਜਗਤਾਰ ਸਿੰਘ ਜਾਚਕ ਦੇ ਹਮਜਮਾਤੀ ਸਨ। ਇਕੋ ਸਮੇਂ ਮਿਸ਼ਨਰੀ ਕਾਲਜ਼ ਵਿਚੋਂ ਪੜ੍ਹੇ ਸਨ। ਤਿੰਨ ਵਿਦਵਾਨ
ਹੋਰ ਹਨ ਜੋ ਕਿ ‘ਸਿੱਖ ਮਾਰਗ’ ਨਾਲ ਜੁੜੇ ਹੋਏ ਹਨ। ਨਾਮ ਮੈਂ ਨਹੀਂ ਲਿਖਣੇ ਅਤੇ ਨਾ ਹੀ ਤੁਸੀਂ
ਪੁੱਛਣੇ ਹਨ, ਬਸ ਆਪੇ ਹੀ ਸਮਝ ਲਿਓ। ਇਹ ਹਨ ਤਿੰਨੇ ਹੀ ਨਿਰੀਆਂ ਅੱਗ ਦੀਆਂ ਨਾਲ੍ਹਾਂ।
ਵਿਦਵਾਨਾ ਨੂੰ ਜੋ ਹਉਮੈ ਦਾ ਦੀਰਘ ਰੋਗ ਚਿੰਬੜਿਆ ਹੋਇਆ ਹੈ ਇਸ ਦਾ ਜ਼ਿਕਰ ਖੁੱਲ ਕੇ ਇਸ ਹਫਤੇ ਦੇ
ਲੇਖ, ‘ਤੱਤ ਗੁਰਮਤਿ ਲਹਿਰ’ ਵਿੱਚ ਕੀਤਾ ਗਿਆ ਹੈ। ਇਸ ਦੀਰਘ ਰੋਗ ਬਾਰੇ ਗੁਰੂ ਜੀ ਆਸਾ ਕੀ ਵਾਰ
ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ:
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ
ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ 2॥ {ਪੰਨਾ 466}
ਅਰਥ:- ਇਹ ਹਉਮੈ ਇੱਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ,
ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ ! ਇਸ ਤਰੀਕੇ ਨਾਲ (ਹਉਮੈ ਰੂਪੀ
ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ। 2.
ਜੇ ਕਰ ਸਾਰੇ ਵਿਦਵਾਨ ਤਨੋਂ ਮਨੋਂ ਗੁਰੂ ਅਰਜਨ ਪਾਤਸ਼ਾਹ ਤੋਂ ਸੇਧ ਲੈਣ ਦੀ ਖੇਚਲ ਕਰਨ ਕਿ ਉਹਨਾ ਨੇ
ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਕਰਕੇ ਕਿਸ ਤਰ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ:
ਸਲੋਕ ਮਹਲਾ 5॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥ ਮੈ
ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥
ਉਪਰਲੀਆਂ ਪੰਗਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਕਰ ਵਿਦਵਾਨ ਇਹ ਸੋਚਣ ਕਿ ਅਕਾਲ ਪੁਰਖ
ਨੇ ਆਪ ਹੀ ਮਿਹਰ ਸਾਡੇ ਕੋਲੋਂ ਇਹ ਸੇਵਾ ਲਈ ਹੈ ਤਾਂ ਹੋ ਸਕਦਾ ਹੈ ਕਿ ਉਹਨਾ ਦਾ ਹਉਮੇ ਵਾਲਾ ਦੁੱਖ
ਦੂਰ ਹੋ ਜਾਵੇ।
ਮੱਖਣ ਸਿੰਘ ਪੁਰੇਵਾਲ,
ਮਾਰਚ 15, 2009.