ਪ੍ਰਸ਼ਨ: ਕੀ “ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ
ਬਾਂਝਾ” ॥ ਪੰਗਤੀ ਦਾ ਇਹ ਅਰਥ ਹੈ ਕਿ ਜਿਹੜੇ ਮਨੁੱਖ ਪ੍ਰਭੂ ਦਾ ਨਾਮ ਨਹੀਂ ਜਪਦੇ ਉਹਨਾਂ ਦੀ ਮਾਂ
ਨੂੰ ਹਰੀ ਬਾਂਝ ਕਰ ਦੇਵੇ?
ਉੱਤਰ:
“ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ
ਮਾਤ ਕੀਜੈ ਹਰਿ ਬਾਂਝਾ”॥ ਵਾਲੀ ਪੰਗਤੀ ਗੁਰੂ
ਰਾਮਦਾਸ ਜੀ ਦੇ ਜੈਤਸਰੀ ਰਾਗ ਵਿੱਚ ਉਚਾਰਣ ਕੀਤੇ ਸ਼ਬਦ ਦੀ ਪਹਿਲੀ ਪੰਗਤੀ ਹੈ। ਇਸ ਸ਼ਬਦ ਦਾ ਪ੍ਰਕਰਣ
ਨਾ ਤਾਂ ਪ੍ਰਭੂ ਨਾਮ ਨੂੰ ਹਿਰਦੇ `ਚ ਨਾ ਵਸਾਉਣ ਵਾਲਿਆਂ ਦੀ ਮਾਂ ਨੂੰ ਦੋਸ਼ੀ ਠਹਿਰਾਉਣਾ ਹੈ ਅਤੇ ਨਾ
ਹੀ ਐਸੇ ਪ੍ਰਾਣੀ ਦੀ ਮਾਂ ਨੂੰ ਦੋਸ਼ ਮੁਕਤ ਕਰਨਾ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ਸ਼ਬਦ ਦੀਆਂ ਰਹਾਉ
ਵਾਲੀਆਂ ਪੰਗਤੀਆਂ ਵਿੱਚ ਹੈ; ਜਿਨ੍ਹਾਂ ਨੂੰ ਗਹੁ ਨਾਲ ਵਿਚਾਰਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ
ਇਸ ਤੁਕ ਵਿੱਚ ਗੁਰਦੇਵ ਨਾਮ ਵਿਹੂਣੇ ਮਨੁੱਖ (ਇਸਤ੍ਰੀ ਜਾਂ ਪੁਰਸ਼) ਦੀ ਮਾਂ ਬਾਰੇ ਇੰਝ ਨਹੀਂ ਆਖ
ਰਹੇ। ਭਾਂਵੇਂ ਪੰਥ ਦੇ ਪ੍ਰਸਿੱਧ ਵਿਦਵਾਨਾਂ ਨੇ ਵੀ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਹੋਇਆਂ ਇਸ ਪਹਿਲੀ
ਪੰਗਤੀ ਬਾਰੇ ਇਹੀ ਆਖਿਆ ਹੈ ਕਿ ਇਸ ਵਿੱਚ ਹਜ਼੍ਰੂਰ ਨਾਮ ਵਿਹੂਣੇ ਮਨੁੱਖ ਨੂੰ ਜਨਮ ਦੇਣ ਵਾਲੀ ਜਨਨੀ
ਬਾਰੇ ਹੀ ਚਰਚਾ ਕਰਦਿਆਂ ਹੋਇਆਂ ਕਹਿ ਰਹੇ ਹਨ ਕਿ ਅਕਾਲ ਪੁਰਖ ਨਾਮ ਵਿਹੂਣੇ ਪ੍ਰਾਣੀ ਦੀ ਮਾਂ ਨੂੰ
ਤੂੰ ਬਾਂਝ ਹੀ ਕਰ ਦੇ। ਅਜਿਹੇ ਵਿਦਵਾਨ ਸੱਜਨਾਂ ਨੇ ਇਸ ਦੋਹੇ ਦਾ ਵੀ ਜ਼ਿਕਰ ਕੀਤਾ ਹੈ: ਜਨਨੀ ਜਨੈ
ਤਾਂ ਭਗਤ ਜਨ ਕੈ ਦਾਤਾ ਕੈ ਸੂਰ॥ ਨਾਹਿ ਤਾਂ ਜਨਨੀ ਬਾਂਝ ਰਹੈ ਕਾਹੇ ਗਵਾਵੈ ਨੂਰ॥ (ਨੋਟ: ਕਈ ਸੱਜਨ
ਇਸ ਦੋਹੇ ਬਾਰੇ ਸਮਝਦੇ ਹਨ ਕਿ ਇਹ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ; ਪਰ ਇਹ ਦੋਹਾ ਗੁਰੂ ਗਰੰਥ
ਸਾਹਿਬ ਵਿੱਚ ਅੰਕਤ ਨਹੀਂ ਹੈ।) ਨਿਰਸੰਦੇਹ ਇਸ ਦੋਹੇ ਵਿੱਚ ਲੇਖਕ ਮਾਂ ਨੂੰ ਹੀ ਸੰਬੋਧਨ ਕਰਦਿਆਂ ਆਖ
ਰਿਹਾ ਹੈ ਕਿ, ਹੇ ਜਨਨੀ ਜੇਕਰ ਤੇਰੀ ਕੁੱਖੋਂ ਭਗਤ, ਦਾਤਾ ਜਾਂ ਸੂਰਮੇ ਨੇ ਜਨਮ ਨਹੀਂ ਲਿਆ ਤਾਂ
ਚੰਗਾ ਹੁੰਦਾ ਤੂੰ ਆਪਣੀ ਕੁੱਖੋਂ ਬੱਚਾ ਜਨਮਦੀ ਹੀ ਨਾ; ਤੂੰ ਆਪਣੀ ਕੁੱਖੋਂ ਇਹਨਾਂ ਤਿੰਨਾਂ ਵਿਚੋਂ
ਕਿਸੇ ਇੱਕ ਵੀ ਗੁਣ ਨਾ ਰੱਖਣ ਵਾਲੇ ਨੂੰ ਜਨਮ ਦੇਕੇ ਐਵੇਂ ਆਪਣਾ ਜੋਬਨ ਹੀ ਗਵਾਇਆ ਹੈ। ਪਰ ਗੁਰੂ
ਰਾਮਦਾਸ ਜੀ ਇਸ ਪੰਗਤੀ ਵਿੱਚ ਮਾਂ ਨੂੰ ਸੰਬੋਧਨ ਨਹੀਂ ਕਰ ਰਹੇ, ਇੱਥੇ ਤਾਂ ਨਾਮ ਤੋਂ ਵਿਹੂਣੇ
ਮਨੁੱਖ ਦੀ ਗੱਲ ਕਰ ਰਹੇ ਹਨ। ਗੁਰੂ ਗਰੰਥ ਸਾਹਿਬ ਵਿੱਚ ਅਜਿਹੀਆਂ ਕਈ ਪੰਗਤੀਆਂ ਹਨ ਜਿਨ੍ਹਾਂ ਨੂੰ
ਜੇ ਕਰ ਸ਼ਬਦ ਦੀਆਂ ਬਾਕੀ ਪੰਗਤੀਆਂ ਨਾਲੋਂ ਨਿਖੇੜ ਕੇ ਅਰਥਾਇਆ ਜਾਏ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ
ਹੈ। ਕੁਛ ਅਜਿਹੀਆਂ ਪੰਗਤੀਆਂ ਹਨ ਜਿਹਨਾਂ ਦੇ ਜੋ ਅੱਖਰੀਂ ਅਰਥ ਬਣਦੇ ਹਨ, ਉਹਨਾਂ ਦੇ ਸ਼ਬਦ ਦੇ
ਪ੍ਰਕਰਣ ਅਨੁਸਾਰ ਅਰਥ ਕੀਤਿਆਂ ਹੀ ਭਾਵ ਸਪਸ਼ਟ ਹੁੰਦਾ ਹੈ, ਅਤੇ ਕਈ ਅਜਿਹੀਆਂ ਪੰਗਤੀਆਂ ਵੀ ਹਨ
ਜਿਹਨਾਂ ਦਾ ਕੇਵਲ ਭਾਵ ਅਰਥ ਲਿਆਂ ਹੀ ਅਰਥ ਸਪਸ਼ਟ ਹੁੰਦਾ ਹੈ। ਜਿੱਥੋਂ ਤਕ
“ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ
ਮਾਤ ਕੀਜੈ ਹਰਿ ਬਾਂਝਾ ॥” ਵਾਲੀ ਪੰਗਤੀ ਦਾ ਸਵਾਲ
ਹੈ, ਇਸ ਦਾ ਅਰਥ ਜੇਕਰ ਰਹਾਉ ਵਾਲੀਆਂ ਪੰਗਤੀਆਂ ਨਾਲੋਂ ਵੱਖਰਾ ਕਰਕੇ ਕਰਾਂਗੇ ਤਾਂ ਇਸ ਸ਼ਬਦ ਦਾ ਜੋ
ਮੁੱਖ ਭਾਵ ਹੈ ਉਸ ਨੂੰ ਸਮਝਣੋਂ ਉਕਾਈ ਖਾ ਜਾਵਾਂਗੇ। ਇਸ ਪੰਗਤੀ ਦਾ ਅਰਥ ਕਰਨ ਤੋਂ ਪਹਿਲਾਂ ਜਿਸ
ਸ਼ਬਦ ਦੀ ਇਹ ਪੰਗਤੀ ਹੈ, ਉਸ ਦੀਆਂ ਰਹਾਉ ਦੀਆਂ ਪੰਗਤੀਆਂ ਨੂੰ ਸਮਝਣਾ ਜ਼ਰੂਰੀ ਹੈ; ਕਿਉਂਕਿ ਇਹਨਾਂ
ਰਹਾਉ ਦੀਆਂ ਪੰਗਤੀਆਂ ਨੂੰ ਸਮਝਿਆਂ ਹੀ ਇਸ ਪੰਗਤੀ ਨੂੰ ਠੀਕ ਤਰ੍ਹਾਂ ਨਾਲ ਸਮਝ ਸਕਾਂ ਗੇ। ਸ਼ਬਦ
ਦੀਆਂ ਰਹਾਉ ਦੀਆਂ ਪੰਗਤੀਆਂ ਹਨ:-
ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥
ਇਹਨਾਂ ਰਹਾਉ ਵਾਲੀਆਂ ਪੰਗਤੀਆਂ ਵਿੱਚ ਸਤਿਗੁਰੂ ਜੀ ਮਨ ਨੂੰ ਮੁਖ਼ਾਤਬ
ਕਰਦਿਆਂ ਕਹਿੰਦੇ ਹਨ ਕਿ, ਹੇ ਮਨ ਤੂੰ ਪ੍ਰਭੂ ਦਾ ਨਾਮ ਜਪਿਆ ਕਰ। ਦੂਜੀ ਤੁਕ ਵਿੱਚ ਆਖਦੇ ਹਨ ਕਿ
ਜਿਹਨਾਂ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਗੁਰੂ ਦੀ ਸ਼ਰਨ ਲਈ ਅਤੇ ਗੁਰੂ ਨੇ ਉਹਨਾਂ
ਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ੀ, ਜਿਸ ਦੀ ਬਰਕਤ ਨਾਲ ਸ਼ਰਨੀ ਪਏ ਮਨੁੱਖ ਦਾ ਮਨ ਨਾਮ ਜਪਣ ਦੀ ਕਦਰ
ਸਮਝ ਗਿਆ।
ਸ਼ਬਦ ਦੇ ਬਾਕੀ ਚਾਰ ਬੰਦਾ ਵਿੱਚ ਇਨ੍ਹਾਂ ਰਹਾਉ ਵਾਲੀਆਂ ਪੰਗਤੀਆਂ ਦਾ ਹੀ
ਵਿਸਥਾਰ ਕਰਦਿਆਂ ਪਹਿਲੇ ਬੰਦ ਵਿੱਚ ਇਹ ਆਖਿਆ ਹੈ ਕਿ ਜਿਸ ਪ੍ਰਾਣੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ
ਨਾਮ ਨਹੀਂ ਵੱਸਿਆ ਚੰਗਾ ਹੁੰਦਾ ਜੇਕਰ ਨਾਮ ਵਿਹੂਣਾ ਇਸ ਸੰਸਾਰ ਵਿੱਚ ਆਉਂਦਾ ਹੀ ਨਾ ਭਾਵ ਜਨਮਦਾ ਹੀ
ਨਾ; ਕਿਉਕਿ ਨਾਮ ਵਿਹੂਣਾ ਮਨੁੱਖ ਵਿਕਾਰਾਂ ਵਿੱਚ ਗ਼ਲਤਾਨ ਹੋਇਆ ਆਤਮਕ ਮੌਤ ਦਾ ਸ਼ਿਕਾਰ ਹੋਇਆ ਰਹਿੰਦਾ
ਹੈ। ਆਤਮਕ ਮੌਤੇ ਮੋਏ ਹੋਏ ਮਨੁੱਖ ਦੀ ਗਿਣਤੀ ਹਜ਼ੂਰ ਜਿਊਂਦੇ ਮਨੁੱਖਾਂ ਵਿੱਚ ਨਹੀਂ ਕਰਦੇ। :-
ਜਿਨ ਹਰਿ ਹਿਰਦੈ ਨਾਮੁ ਨ
ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ
ਕਰਾਂਝਾ ॥੧॥
ਦੂਜੇ ਬੰਦ ਵਿੱਚ ਪ੍ਰਭੂ ਦੇ ਨਾਮ ਦੀ ਮਹਿਮਾਂ ਦਾ ਵਰਣਨ ਕਰਦਿਆਂ ਫਿਰ ਦੱਸਿਆ
ਹੈ ਕਿ ਇਹ ਨਾਮ ਗੁਰੂ ਦੇ ਰਾਂਹੀ ਹੀ ਮਿਲਦਾ ਹੈ। ਨਾਮ ਦੀ ਦਾਤ ਬਖ਼ਸ਼ਸ਼ ਕਰਨ ਵਾਲੇ ਤੋਂ ਫਿਰ ਕੁਰਬਾਨ
ਹੋਣ ਦੀ ਗੱਲ ਕੀਤੀ ਹੈ:-
ਹਰਿ
ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ
ਨਾਮੁ ਪਰਗਾਝਾ ॥੨॥
ਸ਼ਬਦ ਦੇ ਤੀਜੇ ਬੰਦ ਵਿੱਚ ਦੱਸਿਆ ਹੈ ਕਿ ਨਾਮ ਦੀ ਦਾਤ ਦੇਣ ਵਾਲੇ ਗੁਰੂ ਦਾ
ਦਰਸ਼ਨ ਵੱਡੇ ਭਾਗਾਂ ਨਾਲ ਹੁੰਦਾ ਹੈ, ਅਤੇ ਨਾਮ ਦੀ ਬਖ਼ਸ਼ਿਸ਼ ਕਰਨ ਵਾਲਾ ਸਤਿਗੁਰੂ ਸ਼ਰਨ ਆਉਣ ਵਾਲੇ ਦੇ
ਮਨ `ਚ ਉੱਕਰੇ ਭੈੜੇ ਸੰਸਕਾਰਾਂ ਦਾ ਪ੍ਰਭਾਵ ਲਹਿ ਜਾਂਦਾ ਹੈ। ਮਨ ਵਿੱਚ ਇਕੱਠੇ ਹੋਏ ਇਹਨਾਂ ਭੈੜੇ
ਸੰਸਕਾਰਾਂ ਤੋਂ ਖ਼ਲਾਸੀ ਕਿਵੇਂ ਹੁੰਦੀ ਹੈ? ਇਸ ਦੇ ਉੱਤਰ ਵਿੱਚ ਆਖਦੇ ਹਨ ਕਿ ਗੁਰੂ ਉਸ ਮਨੁੱਖ ਦੀ
ਸਾਂਝ ਰੱਬੀ ਗੁਣਾਂ ਨਾਲ ਪਵਾ ਦੇਂਦਾ ਹੈ ਜਿਸ ਦੀ ਬਦੌਲਤ ਉਹ ਜੀਵਨ ਦੇ ਪਹਿਲੇ ਸੰਸਕਾਰਾਂ ਤੋਂ ਮੁਕਤ
ਹੋ ਜਾਂਦਾ ਹੈ:-
ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ
ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥
ਅਖ਼ੀਰਲੇ ਪਦੇ ਵਿੱਚ ਕਹਿੰਦੇ ਹਨ ਕਿ ਜਿਨ੍ਹਾਂ ਉੱਤੇ ਵਾਹਿਗੁਰੂ ਜੀ ਨੇ
ਕਿਰਪਾ ਕੀਤੀ ਉਹਨਾਂ ਨੇ ਆਪਣੇ ਮਨ ਵਿੱਚ ਪ੍ਰਭੂ ਦਾ ਨਾਮ ਵਸਾ ਲਿਆ। ਧਰਮਰਾਜ ਨੇ ਉਹਨਾਂ ਦੇ ਕੀਤੇ
ਕਰਮਾਂ ਦੇ ਸਾਰੇ ਕਾਗ਼ਜ਼ ਪਾੜ ਦਿੱਤੇ, ਉਹਨਾਂ ਦਾ ਲੇਖਾ ਨਿੱਬੜ ਗਿਆ ਭਾਵ ਆਤਮਕ ਜ਼ਿੰਦਗੀ ਮਾਣ ਰਹੇ
ਗੁਰਮੁਖ ਅਜੇਹਾ ਕੋਈ ਮੰਦ ਕਰਮ ਨਹੀਂ ਕਰਦੇ, ਜਿਸ ਦੇ ਕੀਤਿਆਂ ਉਹਨਾਂ ਨੂੰ ਸ਼ਰਮਿੰਦਗੀ ਉਠਾਉਣੀ
ਪਵੇ:-
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ
ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ {ਪੰਨਾ 697}
ਕਈ ਸੱਜਣ ਇੱਥੇ ‘ਮਾਤ’ ਦਾ ਅਰਥ ਮੱਤ ਕਰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ
ਕਿ ਗੁਰੂ ਗਰੰਥ ਸਾਹਿਬ ਵਿੱਚ
“ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥ ॥ (ਪੰਨਾ 1397) “ ਅਤੇ “ਮਤਿ ਮਾਤਾ ਮਤਿ ਜੀਉ ਨਾਮੁ
ਮੁਖਿ ਰਾਮਾ ॥ “ (ਪੰਨਾ 173)
ਆਦਿ ਤੁਕਾਂ ਵਿੱਚ ਮੱਤ ਨੂੰ ਮਾਤਾ
ਆਖਿਆ ਹੈ, ਪਰ ਇਸ ਸ਼ਬਦ ਵਿੱਚ ‘ਮਾਤ’ ਸ਼ਬਦ ਦੇ ਅਰਥ ਮੱਤ ਢੁਕਵੇਂ ਨਹੀਂ ਹਨ।
‘ਮਾਤ’ ਸ਼ਬਦ ਦੇ ਮੱਤ ਅਰਥ ਕਰਨ ਵਾਲੇ ਸੱਜਨਾਂ ਦਾ ਧਿਆਨ
ਕਬੀਰ ਸਾਹਿਬ ਦੇ ਨਿਮਨ ਲਿਖਤ ਸ਼ਬਦ ਵਲ ਦਿਵਾਇਆ ਜਾ ਰਿਹਾ ਹੈ, ਜਿਸ ਦੇ ਭਾਵਕ ਅਰਥ ਕਰਨੇ ਸ਼ਬਦਾਂ ਦੀ
ਖਿਚ ਧੁਹ ਹੀ ਸਮਝੀ ਜਾਵੇਗੀ। :
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
ਬਿਧਵਾ ਕਸ ਨ ਭਈ ਮਹਤਾਰੀ ॥੧॥ ਜਿਹ
ਨਰ ਰਾਮ ਭਗਤਿ ਨਹਿ ਸਾਧੀ ॥ ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ
॥ ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥ ਕਹੁ ਕਬੀਰ ਜੈਸੇ ਸੁੰਦਰ
ਸਰੂਪ ॥ ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥
ਅਰਥ:-
ਜਿਸ ਕੁਲ ਵਿੱਚ
ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ) ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ।
1.
ਜਿਸ ਮਨੁੱਖ ਨੇ ਪਰਮੇਸਰ ਦੀ ਭਗਤੀ ਨਹੀਂ ਕੀਤੀ (ਉਹ) ਪਾਪੀ ਜੰਮਦਿਆਂ ਹੀ
ਕਿਉਂ ਨਾ ਮਰ ਗਿਆ। 1. ਰਹਾਉ।
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ
ਰਿਹਾ? (ਬੰਦਗੀ ਤੋਂ ਸੱਖਣਾ ਇਹ) ਜਗਤ ਵਿੱਚ ਇਹ ਕੋੜ੍ਹੀ ਜੀਊ ਰਿਹਾ ਹੈ। 2.
ਹੇ ਕਬੀਰ! (ਬੇਸ਼ੱਕ) ਆਖ—ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ
ਨੂੰ) ਸੋਹਣੇ ਰੂਪ ਵਾਲੇ ਹਨ (ਪਰ ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ। 3.
ਇਸ ਸ਼ਬਦ ਦੇ ਭਾਵ ਅਰਥ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ, “ਜੋ
ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਬਾਹਰੋਂ ਵੇਖਣ ਨੂੰ ਭਾਵੇਂ ਸੋਹਣਾ ਹੋਵੇ, ਪਰ ਉਸ ਦਾ
ਆਤਮਾ ਮਲੀਨ ਹੋਣ ਕਰਕੇ ਜਗਤ ਵਿੱਚ ਉਸ ਦਾ ਆਉਣਾ ਵਿਅਰਥ ਹੈ”।
ਗੁਰੂ ਰਾਮਦਾਸ ਜੀ ਦਾ ਇੱਕ ਹੋਰ ਮਲਾਰ ਰਾਗ ਵਿੱਚ ਸ਼ਬਦ ਹੈ, ਜਿਸ ਵਿੱਚ ਹਜ਼ੂਰ
ਇਸ ਸਬੰਧ `ਚ ਹੀ ਚਰਚਾ ਕਰਦਿਆਂ ਕਹਿੰਦੇ ਹਨ:
ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥
ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥
ਅਰਥ: ਹੇ ਭਾਈ! ਜਿਸ ਮਨੁੱਖ ਨੇ ਇਹੋ ਜਿਹਾ ਹਰਿ-ਨਾਮ ਵਿਸਾਰ ਦਿੱਤਾ, ਜਿਸ ਨੇ ਹਰਿ-ਪ੍ਰਭੂ
ਦੀ ਯਾਦ ਭੁਲਾ ਦਿੱਤੀ, ਉਸ ਦੀ (ਸਾਰੀ) ਕੁਲ ਹੀ ਗਾਲੀ ਲੱਗਦੀ ਹੈ (ਉਸ ਦੀ ਸਾਰੀ ਕੁਲ ਹੀ ਕਲੰਕਿਤ
ਹੋ ਜਾਂਦੀ ਹੈ)। ਹੇ ਹਰੀ! ਉਸ (ਨਾਮ-ਹੀਣ ਬੰਦੇ) ਦੀ ਕੁਲ ਵਿੱਚ (ਕਿਸੇ ਨੂੰ) ਜਨਮ ਹੀ ਨਾਹ ਦੇਵੀਂ,
ਉਸ (ਨਾਮ-ਹੀਣ ਮਨੁੱਖ) ਦੀ ਮਾਂ ਨੂੰ ਹੀ ਵਿਧਵਾ ਕਰ ਦੇਵੇਂ (ਤਾਂ ਚੰਗਾ ਹੈ ਤਾਕਿ ਨਾਮ-ਹੀਣ ਘਰ
ਵਿੱਚ ਕਿਸੇ ਦਾ ਜਨਮ ਹੀ ਨਾਹ ਹੋਵੇ)। (ਪੰਨਾ 1262)
(ਨੋਟ: ਇੱਥੇ ਵੀ ਗੁਰੂ ਰਾਮਦਾਸ ਜੀ ਨਾਮ ਤੋਂ ਵਿਹੂਣੇ ਮਨੁੱਖ ਦੀ ਮਾਂ ਨੂੰ
ਦੋਸ਼ੀ ਨਹੀਂ ਮੰਨ ਰਹੇ, ਬਲਕਿ ਨਾਮ ਧਨ ਦੀ ਅਹਿਮੀਅਤ ਨੂੰ ਨਾ ਸਮਝਣ ਵਾਲੇ ਬਾਰੇ ਹੀ ਆਖ ਰਹੇ ਹਨ ਕਿ
ਤੇਰਾ ਸੰਸਾਰ ਵਿੱਚ ਆਉਣਾ ਵਿਅਰਥ ਹੈ।)
ਗੁਰੂ ਗਰੰਥ ਸਾਹਿਬ ਵਿੱਚ ਹੋਰ ਥਾਂਈ ਵੀ ਇਸ ਭਾਵ ਨੂੰ ਦਰਸਾਉਣ ਵਾਲੇ ਸ਼ਬਦ
ਦਰਜ ਹਨ। ਜਿਵੇਂ:-
( 1 )
ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ
ਕਾਹੇ ਜਗਿ ਆਏ ਰਾਮ ਰਾਜੇ ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥
ਅਰਥ:-
(ਹੇ ਭਾਈ! ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ
ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿੱਚ ਕਾਹਦੇ ਲਈ ਜੰਮੇ? (ਉਹਨਾਂ ਦਾ ਮਨੁੱਖਾ
ਜਨਮ ਕਿਸੇ ਕੰਮ ਨਾਹ ਆਇਆ)। ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ
ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।
( 2)
ਗਉੜੀ ਮਹਲਾ ੫ ॥ ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ ਮਰਿ ਨ ਜਾਹੀ ਜਿਨਾ
ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥ ਖਾਤ ਪੀਤ ਖੇਲਤ ਹਸਤ ਬਿਸਥਾਰ ॥ ਕਵਨ ਅਰਥ
ਮਿਰਤਕ ਸੀਗਾਰ ॥੨॥ ਜੋ ਨ ਸੁਨਹਿ ਜਸੁ ਪਰਮਾਨੰਦਾ ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥ ਕਹੁ
ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥ {ਪੰਨਾ 188}
ਅਰਥ:-
(ਹੇ ਭਾਈ!)
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ
ਹਨ, (ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ। 1.
ਰਹਾਉ।
ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। (ਪਰ) ਜੇਹੜੇ
ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ
ਹਨ। 1.
(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ
ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ)
ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ। 2.
ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ
ਨਹੀਂ ਸੁਣਦੇ, ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ
ਹਨ। 3.
ਹੇ ਨਾਨਕ! ਆਖ—ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਆਪਣਾ ਉਪਦੇਸ਼ ਪੱਕਾ
ਕਰ ਦਿੱਤਾ ਹੈ, ਉਸ ਦੇ ਹਿਰਦੇ ਵਿੱਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ। 4.
ਉਪਰੋਕਤ ਸੰਖੇਪ ਜੇਹੀ ਚਰਚਾ ਕਰਨ ਪਿੱਛੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ
ਸ਼ਬਦ ਦੇ ਪ੍ਰਕਰਣ ਨੂੰ ਸਮਝਕੇ ਅਰਥ ਕਰਨ ਨਾਲ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਇਸ ਸ਼ਬਦ ਵਿੱਚ ਨਾ ਤਾਂ
ਮਾਂ ਨੂੰ ਦੋਸ਼ ਦਿੱਤਾ ਗਿਆ ਹੈ ਅਤੇ ਨਾ ਹੀ ‘ਮਾਤ’ ਸ਼ਬਦ ਇੱਥੇ ਮੱਤ ਦੇ ਅਰਥ ਵਿੱਚ ਵਰਤਿਆ ਗਿਆ ਹੈ।
ਇਸ ਲਈ ਇਸ ਸ਼ਬਦ ਵਿੱਚ ਨਾ ਹੀ ਗੁਰੂ ਰਾਮਦਾਸ ਜੀ ਮਾਂ ਨੂੰ ਆਖ ਰਹੇ ਹਨ ਕਿ ਜੇਕਰ ਉਸ ਨੇ ਨਾਮ
ਵਿਹੂਣੇ ਮਨੁੱਖ ਨੂੰ ਜਨਮ ਦਿੱਤਾ ਹੈ ਤਾਂ ਚੰਗਾ ਸੀ ਕਿ ਉਹ ਬਾਂਝ ਹੀ ਰਹਿੰਦੀ ਅਤੇ ਨਾ ਹੀ ਨਾਮ ਤੋਂ
ਰਹਿਤ ਪ੍ਰਾਣੀ ਦੀ ਮੱਤ ਲਈ ‘ਮਾਤ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਸੋ, ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਨਾਮ ਵਿਹੂਣੇ ਮਨੱਖ ਦੀ ਮਾਂ ਨੂੰ
ਦੋਸ਼ੀ ਮੰਨਦਿਆਂ ਹੋਇਆਂ ਉਸ ਨੂੰ ਕੋਸ ਅਥਵਾ ਸਰਾਪ ਨਹੀਂ ਦੇ ਰਹੇ ਬਲਿਕ ਨਾਮ ਤੋਂ ਰਹਿਤ ਪ੍ਰਾਣੀ
ਬਾਰੇ ਆਖਦੇ ਹਨ ਕਿ ਜੇਕਰ ਤੂੰ ਮਨੁੱਖਾ ਜਨਮ `ਚ ਆਕੇ ਵੀ ਮਨੁੱਖਤਾ ਨੂੰ ਗ੍ਰਹਿਣ ਨਹੀਂ ਕੀਤਾ ਤਾਂ
ਚੰਗਾ ਹੁੰਦਾ ਤੂੰ ਇਸ ਸੰਸਾਰ ਵਿੱਚ ਆਉਂਦੋਂ ਹੀ ਨਾ। ਭਾਵ ਅਜੇਹੇ ਮਨੁੱਖ ਦਾ ਸੰਸਾਰ ਵਿੱਚ ਆਉਣਾ
ਵਿਅਰਥ ਹੈ।
ਜਸਬੀਰ ਸਿੰਘ ਵੈਨਕੂਵਰ