ਸ਼ਰਧਾ ਜਾਂ ਅਗਿਆਨਤਾ
ਗੁਰਸ਼ਰਨ ਸਿੰਘ ਕਸੇਲ
ਭਾਂਵੇ ਬਹੁਤ ਸਾਲ ਬੀਤ ਗਏ ਹਨ ਪਰ
ਅੱਜ ਵੀ ਇੰਜ ਲੱਗਦਾ ਹੈ ਜਿਵੇਂ ਕੁਝ ਹੀ ਚਿਰਾਂ ਦੀ ਗੱਲ ਹੋਵੇ। ਉਦੋਂ ਮੈਂ ਕੋਈ ੧੧-੧੨ ਸਾਲਾਂ ਦਾ
ਹੋਵਾਂਗਾ। ਮੈਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੀ ਭੂਆ ਜੀ ਦੀ ਧੀ ਭੈਣ ਦੇ ਪਿੰਡ ਸੋਹਲ ਜਿਸਨੂੰ
ਸੋਹਲ ਠੱਠੀ ਵੀ ਆਖਦੇ ਹਨ ਗਿਆ ਹੋਇਆ ਸੀ। ਇਹ ਪਿੰਡ ਸਾਡੇ ਪਿੰਡ ਕਸੇਲ (ਜਿਲ੍ਹਾ ਅੰਮ੍ਤਿਸਰ) ਤੋਂ
ਦੱਖਣ ਵੱਲ ਤਕਰੀਬਨ ੧੫ ਕੁ ਕਿਲੋਮੀਟਰ ਦੀ ਦੂਰੀ ਤੇ ਹੈ। ਉਥੇ ਉਦੋਂ ਅਸੀਂ ਘੋੜੀਆਂ ਉਤੇ ਜਾਂਦੇ
ਸਾਂ। ਉਸ ਸਮੇਂ ਉਸ ਪਿੰਡ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ ਸੀ।
ਇਕ ਵਾਰ ਜਦੋਂ ਮੈਂ ਗਰਮੀਆਂ ਦੀਆਂ ਛੁਟੀਆਂ ਵਿਚ ਉਥੇ ਗਿਆ ਤਾਂ ਮੈਂਨੂੰ ਵਾਪਸ ਲਿਉਣ ਵਾਸਤੇ ਮੇਰਾ
ਵੱਡਾ ਭਰਾ ਲੈਣ ਗਿਆ ਸੀ। ਸਾਡੀ ਭੈਣ ਦੇ ਸਹੁਰੇ ਪੀਰਾਂ ਫਕੀਰਾਂ ਦੀਆਂ ਜਗ੍ਹਾਂ ਤੇ ਜਾਦੂ ਟੂਣੀਆਂ
ਵਿੱਚ ਸ਼ਰਧਾ ਰੱਖਦੇ ਸਨ। ਮੇਰੀ ਛੋਟੇ ਹੁੰਦੇ ਤੋਂ ਹੀ ਸੇਹਤ ਕੁਝ ਕਮਜੋਰ ਸੀ। ਇਸ ਕਰਕੇ ਜਦੋਂ ਮੇਰਾ
ਵੱਡਾ ਭਰਾ ਮੈਂਨੂੰ ਉਹਨਾ ਦੇ ਪਿੰਡੋਂ ਲੈਣ ਗਿਆ ਤਾਂ ਸਾਡਾ ਜੀਜਾ ਕਹਿੰਦਾ, “ਸੁਖਦੇਵ ਸਿਆ, ਆਪਾਂ
ਬਾਬੇ ਨਿਆਣੇਵਾਲੇ ਕੋਲੋ ਇਹਨੂੰ ਵਿਖਾ ਦਈਏ”। ਬਾਬਾ ਨਿਆਣੇ ਵਾਲਾ ਸਹੋਲ ਪਿੰਡ ਤੋਂ ਤਕਰੀਬਨ ਡੇਢ ਕੁ
ਕਿਲੋਮੀਟਰ ਉਤਰ ਵੱਲ ਅਪਰਬਾਰੀ ਨਹਿਰ ਦੇ ਲਾਗੇ ਇਕ ਅਖੌਤੀ ਸਾਧ ਦਾ ਡੇਰਾ ਸੀ।
ਸਾਡੇ ਘਰਦੇ ਪਹਿਲਾਂ ਤੋਂ ਹੀ ਕਿਸੇ ਅਜਿਹੇ ਬਾਬੇ ਜਾਂ ਜਾਗ੍ਹਾ ਆਦਿਕ ਨੂੰ ਨਹੀਂ ਸਨ ਮੰਨਦੇ; ਸਿਰਫ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੇ ਸਨ/ ਹਨ। ਜਿਵੇਂ ਅੱਜ ਵੀ ਗਿਆਨ ਪੱਖੋਂ ਬਹੁਗਿਣਤੀ
ਬਿਨਾ ਗੁਰਬਾਣੀ ਪੜ੍ਹੇ-ਵਿਚਾਰੇ ਗੁਰਦੁਆਰੇ ਆਉਂਦੀ ਕੜਾਹ ਪ੍ਰਸ਼ਾਦਿ ਤੇ ਲੰਗਰ ਛੱਕ ਕੇ ਤੁਰ ਜਾਂਦੀ
ਹੈ। ਪਰ ਵੱਡੇ ਜੀਜੇ ਦੇ ਕਹਿਣ ਕਰਕੇ ਜਾਂ ਸ਼ਾਇਦ ਉਸ ਡੇਰੇ ਦੇ ਲਾਗੋਂ ਦੀ ਲੰਘਣ ਕਰਕੇ ਮੰਨ ਗਏ
ਹੋਣਗੇ। ਉਂਝ ਵੀ ਉਸ ਸਮੇਂ ਮੇਰੇ ਭਰਾ ਦੀ ਉਮਰ ਵੀ ਕੋਈ ਜਿਆਦਾ ਨਹੀਂ ਸੀ। ਖੈਰ, ਜਦੋਂ ਅਸੀਂ ਆਪਣੇ
ਘਰ ਨੂੰ ਆਉਣ ਲੱਗੇ ਤਾਂ ਸਾਡਾ ਜੀਜਾ ਵੀ ਨਾਲ ਹੀ ਬਾਬੇ ਨਿਆਣੇ ਵਾਲੇ ਦੇ ਡੇਰੇ ਤੀਕਰ ਆਇਆ। ਬਾਬਾ
ਉਸਦਾ ਚੰਗਾ ਵਾਕਫ ਸੀ। ਸਾਡੇ ਜੀਜੇ ਨੇ ਬਾਬੇ ਨੂੰ ਕਿਹਾ, “ਇਸਦੀ ਸਹੇਤ ਠੀਕ ਨਹੀਂ ਰਹਿੰਦੀ, ਵੇਖੋ
ਕਿਸੇ ਨੇ ਇਸਨੂੰ ਕੋਈ ਜਾਦੂ ਟੁਣਾ ਤਾ ਨਹੀਂ ਕੀਤਾ” ? ਬਾਬਾ ਆਪ ਮੱਜੀ ਤੇ ਬੈਠਾ ਸੀ। ਉਸਨੇ ਮੈਂਨੂੰ
ਕਿਹਾ, “ਏਥੇ ਮੇਰੇ ਲਾਗੇ ਜਮੀਨ ਤੇ ਬੈਠ ਜਾ”।।।। ਮੈਂ ਉਸਦੇ ਮੱਜੇ ਦੇ ਲਾਗੇ ਬੈਠ ਗਿਆ। ਬਾਬਾ
ਕਹਿੰਦਾ, “ਤੁਹਾਡੇ ਮੁੰਡੇ ਨੂੰ ਢਾਈ ਤਵੀਤ ਖਵਾਏ ਹਨ। ਹੁਣ ਮੇਰੇ ਕੋਲ ਅੱਖਾਂ ਵਿੱਚ ਸੁਰਮਾ ਪਾਉਣ
ਵਾਲਾ ਤਾਂ ਹੈਗਾ ਨਹੀਂ; ਫਿਰ ਮੈਂਨੂੰ ਆਖਦਾ ਪਰ ਤੂੰ ਅੱਖਾਂ ਮੀਟ ਲੈ ਤੇ ਸਿਰ ਨੂੰ ਘਮਾਈ ਜਾ”।
(ਬਹੁਤੇ ਪਾਠਕ ਤਾਂ ਜਾਣਦੇ ਹੋਣਗੇ ਕਿ ਅਜਿਹੇ ਜਾਦੂ-ਟੂਣਿਆਂ ਨੂੰ ਕੱਢਣ ਦਾ ਬਹਾਨਾ ਕਰਨ ਵਾਲੇ
ਅੱਖਾਂ ਵਿਚ ਲੱਗਣ ਵਾਲ ਕੋਈ ਸੁਰਮਾ ਪਾ ਦੇਂਦੇ ਹਨ ਜਾਂ ਧੂਣੀ ਧੁੱਖਾ ਕੇ ਵਿਚ ਕੋਈ ਅਜਿਹੀ ਚੀਜ
ਪਾਉਂਦੇ ਹਨ ਤਾਂ ਕੇ ਸਿਰ ਘਮਾਉਣ ਵਾਲਾ ਆਪਣੀਆਂ ਅੱਖਾਂ ਬੰਦ ਰੱਖੇ ਤੇ ਉਸਨੂੰ ਭੌ ਆਉਂਦੇ ਰਹਿਣ)
ਬਾਬੇ ਨੇ ਆਪਣਾ ਹੱਥ ਵੀ ਮੇਰੇ ਸਿਰ ‘ਤੇ ਰੱਖਕੇ ਮੇਰਾ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ। ਕੁਝ ਚਿਰ
ਉਹ ਮੇਰੇ ਸਿਰ ਨੂੰ ਘੁਮਾਈ ਗਿਆ। ਮੈਂ ਉਸ ਬਾਬੇ ਨੂੰ ਕਿਹਾ, ਤੂੰ ਆਪਣਾ ਹੱਥ ਮੇਰੇ ਸਿਰ ਤੋਂ ਚੁੱਕ
ਲੈ, ਤੂੰ ਤਾਂ ਆਪਣੇ ਹੱਥ ਨਾਲ ਮੇਰਾ ਸਿਰ ਘੁਮਾਈ ਜਾਂਦਾ ਹੈ। ਏਨੀ ਗੱਲ ਕਹਿਣ ਦੀ ਦੇਰ ਸੀ, ਬਾਬਾ
ਮੇਰੇ ਭਰਾ ਤੇ ਜੀਜੇ ਨੂੰ ਕਹਿੰਦਾ, “ਲੈ ਜਾਓ ਇਸਨੂੰ, ਕੁਝ ਨਹੀਂ ਤੁਹਾਡੇ ਮੁੰਡੇ ਨੂੰ ਹੈਗਾ”। ਤੇ
ਮੇਰੀ ਜਾਨ ਛੁੱਟ ਗਈ। ਮੇਰੀਆਂ ਅੱਖਾਂ ਸਾਹਮਣੇ ਅਜੇ ਵੀ ਉਹ ਦ੍ਰਿਸ਼ ਉਵੇਂ ਹੀ ਨਜਰ ਆਉਂਦਾ ਹੈ। ਪਰ
ਸਾਡੇ ਜੀਜਾ ਹੋਰਾਂ ਨੇ ਉਸ ਜਗ੍ਹਾ ਅਤੇ ਬਾਬੇ ‘ਤੇ ਫਿਰ ਵੀ ਸ਼ਰਧਾ ਬਣਾਈ ਰੱਖੀ।
ਇਵੇਂ ਦੀਆਂ ਜਗ੍ਹਾ ਜਾਂ ਮੱੜੀਆਂ ਕਬਰਾਂ ‘ਤੇ ਸ਼ਰਧਾ ਰੱਖਣ ਵਾਲਿਆ ਦਾ ਇਕ ਹੋਰ ਵਾਕਿਆ ਵੀ ਮੇਰੀਆਂ
ਅੱਖਾਂ ਸਾਹਮਣੇ ਰਹਿੰਦਾ ਹੈ। ਇਹ ਗੱਲ ੧੯੭੨ ਈ: ਕੁ ਦੀ ਹੈ। ਸਾਡੇ ਪਿੰਡ ਦਾ ਇਕ ਪ੍ਰੀਵਾਰ ਹੈ
ਜਿੰਨਾ ਨਾਲ ਸਾਡੀ ਚੰਗੀ ਸਾਂਝ ਸੀ। ਉਹਨਾਂ ਨੇ ਹੋਰ ਜਮੀਨ ਲੈਣ ਦਾ ਸੌਦਾ ਕੀਤਾ ਸੀ ਤੇ ਰਜਿਸਟਰੀ
ਕਰਵਾਉਣ ਦੇ ਦਿਨ ਲਾਗੇ ਸਨ ਇਸ ਕਰਕੇ ਸਾਨੂੰ ਆਖਦੇ ਤੁਸੀਂ ਆਪਣੇ ਟਰੈਕਟਰ ਨਾਲ ਮਸ਼ੀਨ ਲਾਕੇ ਸਾਡੀ
ਕਣਕ ਗਾਹ ਦੇਵੋ। ਅਸੀਂ ਉਥੇ ਟਰੈਕਟਰ ਨਾਲ ਮਸ਼ੀਨ ਲਾਈ ਹੋਈ ਸੀ। ਉਹਨਾ ਦੀ ਲਾਗਲੀ ਪੈਲੀ ਵਾਲਿਆਂ ਦੀ
ਬੀਬੀ ਨੇ ਕੁਝ ਕੁ ਚਿਰ ਤੋਂ ਆਪਣੇ ਘਰ ਦੇ ਬਾਹਰ ਹੀ ਨਿਕਾ ਜਿਹਾ ਕੱਚਾ ਥੱੜਾ ਬਣਾਇਆ ਹੋਇਆ ਸੀ। ਉਥੇ
ਹਰ ਵੀਰਵਾਰ ਲੋਕੀ ਆਉਂਦੇ ਸਨ ਤੇ ਉਹ ਬੀਬੀ ਆਪਣਾ ਸਿਰ ਜੋਰ-ਜੋਰ ਦੀ ਘੁਮਾਂ ਕੇ (ਖੇਡ ਕੇ) ਲੋਕਾਂ
ਦੀਆਂ ਪੁੱਛਾਂ ਦੇ ਜਵਾਬ ਦੇਂਦੀ ਸੀ। ਉਹਨੀ ਦਿਨੀ ਬੱਦਲ ਵੀ ਜੱਟਾਂ ਨੂੰ ਡਰਾ ਰਹੇ ਸਨ। ਉਸ ਬੀਬੀ ਦੇ
ਘਰ ਵਾਲੇ ਚਾਹੁੰਦੇ ਸਨ ਕਿ ਅਸੀਂ ਉਹਨਾ ਦੀ ਕਣਕ ਵੀ ਗਾਹ ਦਈਏ ਪਰ ਉਹ ਸਾਨੂੰ ਜਾਣਦੇ ਸਨ ਕਿ ਇਹਨਾ
ਸਾਡੇ ਆਖੇ ਨਹੀਂ ਲਗਣਾ। ਉਂਝ ਵੀ ਸਾਡੇ ਕੋਲ ਸਮੇਂ ਦੀ ਗੁਜਾਇਸ਼ ਨਹੀਂ ਸੀ ਅਸੀ ਤਾਂ ਆਪਣੀ ਕਣਕ ਵੀ
ਗਹਾਉਣੀ ਸੀ।
ਮੇਰੇ ਤਾਇਆ ਜੀ ਦਾ ਲੜਕਾ ਟਰੈਕਟਰ ਕੋਲ ਸੀ ਉਹ ਮੇਰੇ ਨਾਲੋਂ ਵੱਡੇ ਹਨ ਅੱਜ ਕੱਲ ਪਿੰਡ ਦੇ ਸਰਪੰਚ
ਹਨ। ਮੈਂ ਜਦੋਂ ਘਰੋਂ ਗਿਆ ਤਾਂ ਉਹ ਮੈਂਨੂੰ ਕਹਿੰਦੇ, (ਉਸ ਪ੍ਰੀਵਾਰ ਦਾ ਪਿੰਡ ਵਾਲਿਆਂ ਨੇ ਇਕ
ਨਿਕਾ ਜਿਹਾ ਨਾਅ ਰੱਖਿਆ ਸੀ। “ਓਹ।।।। ਦਾ ਮੁੰਡਾ ਸੁਨਾਹ ਲੈਕੇ ਆਇਆ ਸੀ”, ਮੈਂ ਪੁੱਛਿਆ ਕੀ,
ਕਹਿੰਦੇ , “ ਉਹ ਜਿਹੜੀ ਬਾਬਾ ਬਣੀ ਫਿਰਦੀ ਹੈ ਉਹ ਆਖਦੀ ਆ ਜਾਂ ਤਾਂ ਸਾਡੀ ਕਣਕ ਗਾਹੋ ਨਹੀਂ ਤਾਂ
ਮੈਂ ਤੁਹਾਡਾ ਟਰੈਕਟਰ ਖਰਾਬ ਕਰ ਦੂੰ; ਤੂੰ ਇੰਜ ਕਰ ਇਕ ਵਾਰ ਟਰੈਕਟਰ ਬੰਦ ਕਰਕੇ ਤੇਲ ਪਾਣੀ ਤੇ ਫੈਨ
ਬੈਲਟ ਚੈਕ ਕਰ ਲੈ, ਇਹ ਨਾ ਹੋਵੇ ਕਿ ਕਿਸੇ ਕਾਰਨ ਕਰਕੇ ਟਰੈਕਟਰ ਖਰਾਬ ਹੋ ਜਾਵੇ ਅਤੇ ਅੰਨੀ ਸ਼ਰਧਾ
ਵਾਲੇ ਲੋਕੀ ਇਸ ਪਾਖੰਡੀ ਸਾਧਨੀ ਦੀ ਕਰਾਮਾਤ ਸਮਝਣ ਲੱਗ ਜਾਣ”। ਮੈਂ ਟਰੈਕਟਰ ਬੰਦ ਕਰਕੇ ਸਾਰਾ ਵੇਖ
ਲਿਆ ਅਤੇ ਫਿਰ ਸਟਾਟ ਕਰ ਦਿਤਾ। ਅਸੀਂ ਉਸ ਪਾਖੰਡੀ ਬੀਬੀ ਨੂੰ ਸੁਨੇਹਾ ਘੱਲ ਦਿੱਤਾ ਕਿ ਅਸੀਂ
ਤੁਹਾਡੀ ਕਣਕ ਨਹੀਂ ਗਾਹਉਣੀ, ਤੂੰ ਜੋ ਟਰੈਕਟਰ ਦਾ ਵਿਗਾੜਨਾ ਹੈ ਵਿਗਾੜ ਲੈ ? ਜੇ ਹੋਰ ਚੂੰ-ਚਾਂਅ
ਕੀਤੀ ਤਾਂ ਤੇਰੇ ਵਿਚ ਜਿਹੜਾ ਬਾਬਾ ਬੋਲਦਾ ਉਸਨੂੰ ਵੇਖੀ ਤੇਰੇ ਵਿਚੋਂ ਕਿਵੇਂ ਕੱਢਦੇ ਆ। ਕਿਉਕਿ ਉਹ
ਪਾਖੰਡੀ ਬੀਬੀ ਆਪਣੀ ਬਣਾਈ ਥੜ੍ਹੀ (ਜਾਗ੍ਹਾ) ਦੇ ਘੇਰੇ-ਘੇਰੇ ਉੱਚੀ-ਉੱਚੀ ਕੁਝ ਬੋਲਦੀ ਅਤੇ
ਤੇਜ-ਤੇਜ ਤੁਰੀ ਫਿਰਦੀ ਸੀ ਪਰ ਟਰੈਕਟਰ ਤੇ ਮਸ਼ੀਨ ਦੇ ਚਲਣ ਕਰਕੇ ਸਾਨੂੰ ਕੁਝ ਸੁਣਾਈ ਨਹੀਂ ਸੀ
ਦੇਂਦਾ। ਉਸ ਵੇਲੇ ਸਾਡੇ ਲਾਗੇ ਜਿਹਨਾ ਲੋਕਾਂ ਨੂੰ ਇਸ ਗੱਲ ਬਾਤ ਦਾ ਪਤਾ ਲੱਗਾ ਉਹ ਕਹਿਣ, ਤੁਸੀਂ
ਬਾਬਾ ਜੀ ਨਾਲ ਮੱਥਾ ਨਾ ਲਾਵੋਂ। ਉਸ ਵਿਚ ਕਿਸੇ ਬਾਬੇ ਦੀ ਰੂਹ ਆਉਂਦੀ ਹੈ। ਅਸੀਂ ਭਾਂਵੇ ਉਸ ਵੇਲੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਖਜਾਨੇ ਤੋਂ ਤਾਂ ਅਨਜਾਣ ਸਾਂ ਪਰ ਇਹ ਯਕੀਨ ਸੀ ਕਿ ਅਜਿਹੇ
ਕਿਸੇ ਵੀ ਪਾਖੰਡੀ ਦੇ ਕਹਿਣ ਨਾਲ ਕੁਝ ਨਹੀਂ ਹੋ ਸਕਦਾ।
ਸਾਡਾ ਟਰੈਕਟਰ ਚਲਦਾ ਰਿਹਾ, ਪਾਖੰਡਣ ਬੀਬੀ ਉਸਦਾ ਕੁਝ ਵੀ ਵਿਗਾੜ ਨਾ ਸਕੀ।
ਕੁਝ ਚਿਰ ਪਿਛੋਂ ਉਹ ਲੋਕ ਉਥੋਂ ਜਮੀਨ ਵੇਚਕੇ ਚਲੇ ਗਏ। ਸਾਡੇ ਪਿੰਡ ਦੇ ਜਿਹਨਾਂ ਨੇ ਉਹ ਜਮੀਨ ਲਈ
ਹੈ ਉਹਨਾ ਨੇ ਉਸ ਸਾਰੇ ਥਾਂ ਨੂੰ ਕਰਾਹਿਆ ਫੇਰਕੇ ਵਾਹੀ ਵਾਲੀ ਜਮੀਨ ਬਣਾ ਦਿੱਤਾ।
ਹੈਰਾਨੀ ਹੁੰਦੀ ਹੈ ਜਦੋਂ ਅੱਜ ਵੀ ਆਪਣੇ ਆਪਨੂੰ ੨੧ਵੀਂ ਸਦੀ ਦੇ ਪੜ੍ਹੇ ਲਿਖੇ ਦੱਸਣ ਵਾਲੇ ਸਿੱਖ ਕਈ
ਅਜਿਹੀ ਬਾਬਿਆਂ ਦੀਆਂ ਸਮਾਧਾਂ, ਮੜੀਆਂ ‘ਤੇ ਸ਼ਰਧਾ ਬਣਾਈ ਫਿਰਦੇ ਹਨ। ਕੋਈ ਜਾਦੂ ਟੂਣੇ, ਹੱਥ ਰੇਖਾ
ਜਾਂ ਜਨਮ ਤਰੀਕ ਪੁੱਛਕੇ ਦੱਸਣ ਵਾਲੇ ਪੰਡਤ ਰੇਡੀਓ, ਟੀਵੀ, ਅਖਬਾਰਾਂ ਰਾਹੀਂ ਪ੍ਰਚਾਰ ਕਰਕੇ ਲੋਕਾਂ
ਨੂੰ ਠੱਗਦੇ ਹਨ ਤਾਂ ਮੈਂਨੂੰ ਆਪਣੇ ਨਾਲ ਬੀਤੇ ਇਹ ਵਾਕਿਆ ਯਾਦ ਆ ਜਾਂਦੇ ਹਨ। ਕਈ ਵਾਰ ਅਜਿਹੇ
ਸ਼ਰਧਾਧਾਰੀ ਲੋਕਾਂ ਬਾਰੇ ਸੋਚੀਦਾ ਹੈ ਕਿ ਇਹਨਾਂ ਦੀ ਮੱਤ ਵਿਚ ਵੀ ਕਦੇ ਅਕਾਲ ਪੁਰਖ ਸੋਝੀ ਪਾਵੇਗਾ,
ਤਾਂ ਜੋ ਇਹ ਵਿਚਾਰ ਸਕਣ, ਜਿਸ ਨੂੰ ਅਸੀਂ ਸ਼ਰਧਾ ਕਹੀ ਜਾਂਦੇ ਹਾਂ ਕੀ ਇਹ ਸ਼ਰਧਾ ਹੈ ਜਾਂ ਅਗਿਆਨਤਾ।