ਸ਼ੱਕ ਨਹੀਂ ‘ਸਿੱਖੀ ਤਾਂ ਮਨ ਦੀ’ ਹੀ ਹੋਣੀ ਹੈ। ਬਹੁਤ ਪਿਆਰਾ, ਵਜ਼ਨਦਾਰ,
ਵਧੀਆ ਸ਼ਬਦ ਹੈ। ਫ਼ਿਰ ਵੀ ਦੁਖਾਂਤ ਹੈ ਕਿ ਅੱਜ ਇਹ ਸ਼ਬਦ ਉਹਨਾਂ ਵੱਲੋਂ ਆ ਰਿਹਾ ਹੈ ਜਿਨ੍ਹਾਂ ਨੂੰ
ਪਤਾ ਹੀ ਨਹੀਂ ਕਿ ਸਿੱਖੀ ਹੈ ਕੀ? ਅੱਜ ਇਹ ਲਫ਼ਜ਼ ਆ ਰਿਹਾ ਹੈ ਉਹਨਾਂ ਵੱਲੋ ਜਿਹੜੇ ਇਸ ਉਤਮ ਲਫ਼ਜ਼ ਨੂੰ
ਕੇਵਲ ਪਤਿਤਪੁਣੇ ਦੇ ਬਹਾਨੇ ਲਈ ਹੀ ਵਰਤ ਰਹੇ ਹਨ। ਇਸ ਲਈ ਹੱਥਲਾ ਵਿਸ਼ਾ ਹੋਰ ਵੀ ਵਧ ਜ਼ਰੂਰੀ ਹੈ।
ਮਨ ਦੀ ਸਿੱਖੀ ਕੀ ਹੈ? - ਆਓ! ਇੱਕ ਵਾਰੀ ਅੰਦਾਜ਼ਾ ਲਈਏ ਕਿ ਮਨ ਦੀ
ਸਿੱਖੀ ਹੈ ਕੀ? ਦਰਅਸਲ ਜਦੋਂ ਤੀਕ ਮਨੁੱਖ ਆਪਣੀ ਮੱਤ ਨੂੰ ਪੱਠੇ ਪਾ ਰਿਹਾ ਜਾਂ ਆਪਣੀ ਅਕਲ ਨੂੰ ਹੀ
ਵੱਡਾ ਮੰਨ ਰਿਹਾ ਹੈ, ਉਤਨੀ ਦੇਰ ਉਸ ਨੂੰ ਮਨ ਦੀ ਸਿੱਖੀ ਦਾ ਪਤਾ ਵੀ ਨਹੀਂ ਲਗ ਸਕਦਾ। ਉਦੋਂ ਤੀਕ
ਗੁਰੂ ਦੀ ਮੱਤ ਤੋਂ ਦੂਰ ਅਨਮੱਤ, ਮਨਮੱਤ, ਹੂੜਮੱਤ, ਦੁਰਮੱਤ, ਕਰਮਕਾਂਡ, ਅੰਧਵਿਸ਼ਵਾਸ, ਵਿਪਰਣ
ਰੀਤਾਂ ਨੇ ਹੀ ਮਨੁੱਖ ਨੂੰ ਘੇਰਿਆ ਹੁੰਦਾ ਹੈ। ਕਾਰਨ, ਮਨੁੱਖ ਆਪਣੇ ਆਪ ਨੂੰ ਅਤਿ ਸਿਆਣਾ ਸਮਝ ਰਿਹਾ
ਹੁੰਦਾ ਹੈ। ਇਸ ਦੇ ਉਲਟ ‘ਮਨ ਦੀ ਸਿੱਖੀ’ ਲਈ ਤਾਂ ਗੁਰੂ ਤੋਂ ਮੰਗ ਕਰਣੀ ਹੁੰਦੀ ਹੈ। ਆਪਣੀ ਮੱਤ
ਗੁਰੂ ਚਰਨਾਂ `ਚ ਅਰਪਣ ਕਰ ਕੇ ਅਰਜ਼ੋਈ ਕਰਣੀ ਹੈ “ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ
ਬਿਧਿ ਰਹਨਿ ਰਹਉ ਰੇ” (ਪੰ: ੪੮੨)। ਇਹ ਹੈ ਅਵਸਥਾ ਜਦੋਂ ਮਨੁੱਖ ਆਪਣਾ ਚੰਚਲ ਮਨ ਗੁਰੂ
ਨੂੰ ਸਉਂਪ ਦੇਂਦਾ ਤੇ ਮੰਗ ਕਰਦਾ ਹੈ ‘ਸੱਚੇ ਪਾਤਸ਼ਾਹ! ਮੈਨੂੰ ਮਨ ਨੀਵਾਂ ਤੇ ਮੱਤ ਉਚੀ ਬਖਸ਼ੋ’ ਇਸ
ਤਰ੍ਹਾਂ ਜਦੋਂ ਹੰਕਾਰੀ ਮਨ ਨੂੰ ਗੁਰੂ ਚਰਣਾਂ `ਚ ਅਰਪਣ ਕਰਦਾ ਹੈ ਤਾਂ ਜਾ ਕੇ ਗੁਰੂ ਦੀ ਉਚੀ ਮੱਤ
ਅੰਦਰ ਟਿਕਦੀ ਹੈ, ਪਹਿਲਾਂ ਨਹੀਂ। ਫ਼ੁਰਮਾਨ ਹੈ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ
ਕਾਰਜ ਰਾਸਿ” (ਪੰ: ੨੮੬)। ਜਦੋਂ ਤੀਕ ਮਨੁੱਖ ਨੇ ਗੁਰਬਾਣੀ ਗੁਰੂ ਦੀ ਸਿੱਖਿਆ ਨੂੰ
ਆਪਣਾ ਜੀਵਨ ਅਰਪਣ ਨਹੀਂ ਕੀਤਾ, ਉਦੋਂ ਤੀਕ ਉਹ ਸਿੱਖ ਕਾਹਦਾ ਤੇ ਕਿਹੜੀ ‘ਮਨ ਦੀ ਸਿੱਖੀ’
ਦੀ ਗੱਲ ਕਰ ਰਿਹਾ ਹੈ?
ਗੁਰੂ ਦੀ ਮੱਤ (ਰੱਬੀ ਜੀਵਨ ਜਾਚ) ਦਾ ਤੁਅਲਕ ਸਾਡੇ ਪੂਰੇ ਜੀਵਨ ਨਾਲ ਹੈ।
ਗੁਰਬਾਣੀ-ਗੁਰੂ ਦੀ ਗੋਦ `ਚ ਬੈਠਣ ਨਾਲ ਹੀ ਸੰਸਾਰਕ ਗਿਆਨਾਂ ਦਾ ਲਾਭ ਮਿਲੇਗਾ ਤੇ ਜੀਵਨ `ਚ ਹਰਿਆਵਲ
ਆਵੇਗੀ। ਚੇਤੇ ਰਹੇ, ਸੰਸਾਰਕ ਗਿਆਨ ਸੁਭਾਅ ਨੂੰ ਨਹੀਂ ਬਦਲ ਸਕਦੇ ਇਸੇ ਕਰਕੇ ਗੁਰੂ-ਗੁਰਬਾਣੀ ਤੋਂ
ਬਿਨਾ ਦੁਨਿਆਵੀ ਗਿਆਨ ਸਾਡੇ ਜੀਵਨ ਜਾਂ ਮਨ `ਚ ਠੰਢ ਨਹੀਂ ਵਰਤਾ ਸਕਦੇ। ਗੁਰੂ-ਗੁਰਬਾਣੀ ਦਾ ਸਿੱਧਾ
ਤੁਅਲਕ ਹੀ ਸੁਭਾਅ ਦੀ ਤਬਦੀਲੀ, ਜੀਵਨ ਦੀ ਸਫ਼ਲਤਾ ਤੇ ਸੰਭਾਲ ਨਾਲ ਹੈ। ਦੂਜੇ ਲਫ਼ਜ਼ਾਂ `ਚ ‘ਮਨ ਦੀ
ਸਿੱਖੀ’ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਆਪਣੇ ਮਨ-ਦਿਮਾਗ ਨੂੰ ਨੀਵਾਂ ਕਰਕੇ, ਬਾਣੀ ਗੁਰੂ
ਦੀ ਸਿਖਿਆ ਵਲ ਵੱਧਦਾ ਹੈ। ਜੀਵਨ ਦੇ ਸੱਚ-ਝੂਠ ਦੀ ਪਛਾਣ ਆਉਣ ਲਗਦੀ ਹੈ। ਅਗਿਆਨਤਾ ਤੇ ਗਿਆਨ
ਵਿਚਾਲੇ ਫਰਕ ਦਾ ਪਤਾ ਲੱਗਣ ਲਗ ਜਾਂਦਾ ਹੈ। ਅਜਿਹਾ ਜੀਵਨ ਗੁਣਵਾਨ ਹੁੰਦਾ ਜਾਂਦਾ ਹੈ ਤੇ ਅਉਗਣਾਂ
ਤੋਂ ਛੁਟਕਾਰਾ ਮਿਲਦਾ ਜਾਂਦਾ ਹੈ। ਕਣ-ਕਣ `ਚੋਂ ਰੱਬ ਦੇ ਦਰਸ਼ਨਾਂ ਦੀ ਜਾਚ ਆਉਣ ਲਗਦੀ ਹੈ। ਜੀਵਨ
ਅੰਦਰੋਂ ਜਾਤ-ਪਾਤ-ਵਿਤਕਰੇ, ਸੁੱਚਾਂ-ਭਿੱਟਾਂ, ਛੂਤ-ਛਾਤ, ਸਗਨ-ਰੀਤਾਂ, ਟੂਣੇ-ਤਵੀਤ, ਵਹਿਮ-ਭਰਮ,
ਥਿੱਤ-ਵਾਰ ਮੁੱਕਦੇ ਹਨ। ਪਰ-ਉਪਕਾਰ, ਸੰਤੋਖ, ਸਦਾਚਾਰ, ਉੱਚਾ-ਆਚਰਣ ਆਦਿ ਰੱਬੀ ਗੁਣ ਜੀਵਨ `ਚ
ਆਉਂਦੇ ਹਨ। ਰੱਬ ਦੇ ਭਾਣੇ ਰਜ਼ਾ `ਚ ਪ੍ਰਾਪਤ ਹੋਇਆ ਕੇਸਾਂ ਵਾਲਾ ਸੋਹਣਾ ਮਨੁੱਖੀ ਸਰੂਪ ਆਪਣੇ ਆਪੇ
ਚੰਗਾ ਲਗਦਾ ਹੈ। ਇਹ ਤਾਂ ਕਹਿਣਾ ਹੀ ਨਹੀਂ ਪੈਂਦਾ ਕਿ ਕੋਈ ਸਰੂਪ ਦੀ ਕੱਟ-ਵੱਡ ਨਾ ਕਰੇ ਜਾਂ
ਸੰਤਾਂ, ਸਾਧਾਂ, ਜੋਗੀਆਂ, ਬੈਰਾਗੀਆਂ ਆਦਿ ਭੇਖਾਂ `ਚ ਨਾ ਉਲਝੇ।
ਇਹੀ ਹੈ ਕੱਤਲਗਾਹ-ਦਰਅਸਲ ਜਦੋਂ ਤੀਕ ਬਾਣੀ ਸੋਝੀ ਨਹੀਂ, ਤਾਂ ਸਿੱਖੀ
ਕਿਰਦਾਰ ਆਵੇਗਾ ਕਿਸ ਰਸਤੇ? ਬਾਣੀ ਸੋਝੀ ਦੀ ਘਾਟ `ਚ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ, ਅਨਮੱਤਾਂ,
ਬ੍ਰਾਹਮਣੀ ਕਰਮਕਾਂਡ ਤਾਂ ਜਕੜ ਸਕਦੇ ਹਨ। ਜਿਨ੍ਹਾਂ ਚੋਂ ਮਨੁੱਖ ਨੂੰ ਕਢਣ ਲਈ ਗੁਰਦੇਵ ਨੇ ਦਸ ਜਾਮੇ
ਧਾਰਣ ਕੀਤੇ, ੨੩੯ ਵਰੇ ਲਗਾਏ, ਘਾਲਣਾ ਘਾਲੀਆਂ ਪਰ ਅੱਜ ਦਾ ਸਿੱਖ ਉਸੇ ਦਲ-ਦਲ `ਚ ਫਸਿਆ ਪਿਆ ਹੈ।
ਜਿਨ੍ਹਾਂ ਮਾਪਿਆਂ ਦੇ ਆਪਣੀ ਕੋਲ ਸਿੱਖੀ ਰਹਿਣੀ (ਜੀਵਨ-ਜਾਚ) ਨਹੀਂ ਉਹ ਬੱਚਿਆਂ ਨੂੰ ਸਿੱਖੀ ਜੀਵਨ
ਦੇਣਗੇ ਕਿਥੋਂ? ਫ਼ਿਰ ਜਦੋਂ ਉਹੀ ਬੱਚੇ, ਆਸ ਪਾਸ ਦੂਜਿਆਂ ਨੂੰ ਦੇਖਦੇ ਤੇ ਪੁਛਦੇ ਹਨ “ਡੈਡੀ! ਦੂਜੇ
ਲੋਕ ਤਾਂ ਵਾਲ ਨਹੀਂ ਰੱਖਦੇ, ਅਸਾਂ ਕਿਉਂ ਰੱਖੇ ਹਨ” ਵਗੈਰਾ ਵਗੈਰਾ। ਫ਼ਿਰ ਵੀ ਬਹੁਤ ਵਾਰੀ ਦੇਖਣ
ਨੂੰ ਮਿਲਿਆ ਹੈ ਜਦੋਂ ਉਹਨਾਂ ਬੱਚਿਆਂ ਨੂੰ ਮਾਤਾ-ਪਿਤਾ ਜਾਂ ਵਾਤਾਵਰਣ ਤੋਂ ਤਸੱਲੀ ਬਖਸ਼ ਉੱਤਰ ਨਹੀਂ
ਮਿਲਦਾ ਤਾਂ ਘੋਖੀ ਮਨ ਇਸ ਸੱਚ ਨੂੰ ਜਾਨਣ ਲਈ ਹੋਰ ਰਸਤੇ ਢੂੰਡਦਾ ਹੈ। ਇਸ ਤਰ੍ਹਾਂ ਅੱਜ ਉਹ ਵੀ
ਮਿਲਦੇ ਹਨ ਜਿਨ੍ਹਾਂ ਦੇ ਜੀਵਨ ਦੀ ਸੰਭਾਲ ਦਾ ਕਾਰਣ ਹੀ ਉਹਨਾਂ ਦੀ ਘੋਖ ਬਿਰਤੀ ਬਣੀ।
ਦੂਜੇ ਪਾਸੇ ਉਹ ਮਾਪੇ, ਜਿਹੜੇ ਆਪ ਪਤਿਤ ਹਨ, ਕਿਉਂਕਿ ਸਿੱਖੀ ਉਹਨਾਂ ਅੰਦਰ
ਨਹੀਂ ਸੀ ਪਰ ਢੁੱਚਰ ਹੈ ਸੀ ‘ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ-ਸਰੂਪ `ਚ ਕੀ ਪਿਆ ਹੈ’
ਨਿਕਲਦੀਆਂ ਸਿੱਖੀ ਦੀਆਂ ਕਰੂਮਲਾਂ, ਮਾਸੂਮ ਬੱਚੇ ਜਿਨ੍ਹਾਂ ਨੂੰ ਸਿੱਖੀ ਦਾ ੳ, ਅ ਵੀ ਅਜੇ ਨਹੀਂ
ਮਿਲਿਆ ਹੁੰਦਾ, ਸ਼ੁਰੂ ਤੋਂ ਹੀ ਉਹਨਾਂ ਦੇ ਵੀ ਸਿਰ ਮੁਨਵਾ ਦੇਂਦੇ ਹਨ। ਇਸੇ ਤਰ੍ਹਾਂ ਬੀਬੀਆਂ
ਜਿਨ੍ਹਾਂ ਲਈ ਬੱਚਿਆਂ ਦਾ ਕੰਘੀ-ਜੂੜਾ ਵੀ ਭਾਰਾ ਹੁੰਦਾ ਹੈ-ਅਜਿਹੇ ਬੱਚਿਆਂ ਅੰਦਰੋਂ ਮੁਢਲਾ ਸੁਆਲ
‘ਸਿੱਖ ਕੇਸ ਕਿਉਂ ਰਖਦੇ ਹਨ’ ਜਨਮ ਤੋਂ ਹੀ ਖਤਮ ਕਰਣ ਦਾ ਕਾਰਣ ਬਣ ਜਾਂਦੀਆਂ ਹਨ। ਇਸ ਤਰ੍ਹਾਂ ‘ਆਪ
ਤਾਂ ਗਲਿਓਂ ਬਾਹਮਣਾ, ਜਜਮਾਨ ਵੀ ਗਾਲੇ’ ਦੇ ਅਖਾਣ ਅਨੁਸਾਰ ਜੰਮਦੇ ਬੱਚਿਆਂ ਨੂੰ ਹੀ ਅਨਮੱਤੀ
ਸਮੁੰਦ੍ਰ `ਚ ਗ਼ਰਕ ਕਰਣ ਦੇ ਜ਼ਿੰਮੇਂਵਾਰ, ਅਜਿਹੇ ਮਾਪੇ ਹੀ ਹੁੰਦੇ ਹਨ। ਆਪਣਾ ਸਿਰ ਮੂੰਹ ਤਾਂ
ਮੁੰਡਵਾਇਆ, ਕਲ੍ਹ ਦੇ ਜੰਮੇ ਬੱਚਿਆਂ ਨੂੰ ਵੀ ਉਸੇ ਖੂਹ `ਚ ਧੱਕ ਦਿੱਤਾ, ਜਿਸ ਚੋਂ ਵਾਪਸ ਨਿਕਲਣ ਦਾ
ਹੀ ਸੁਆਲ ਨਹੀਂ। ਆਖਿਰ ਕਿਹੜੀਆਂ ਤੇ ਕਿਹੋ ਜਿਹੀਆਂ ਜੂਨਾਂ ਭੋਗ-ਭੋਗ ਕੇ ਅਸੀਂ ਪਾਤਸ਼ਾਹ ਦੇ ਇਸ ਕਰਜ਼
ਨੂੰ ਉਤਾਰ ਸਕਾਂਗੇ? ਭੈਅ ਖਾਈਏ ਕਰਤਾਰ ਤੋਂ, ਜਿਸ ਨੇ ਸਾਨੂੰ ਸੋਹਣਾ ਮਨੁੱਖੀ ਸਰੂਪ ਤੇ
ਸਾਫ਼-ਸੁਥੱਰਾ ਸਿੱਖੀ ਜੀਵਨ ਬਖਸ਼ਿਆ। ਆਖਿਰ ਕੀ ਹੱਕ ਹੈ ਸਾਨੂੰ ਇਸ ਦੀ ਕੱਟ ਵੱਢ ਲਈ?
“ਵੇਮੁਖ ਹੋਏ ਰਾਮ ਤੇ. .”-ਜੂਨਾਂ ਤਾਂ ਜਿਹੜੀਆਂ ਭੋਗਾਂਗੇ ਉਹ ਤਾਂ
ਬਾਅਦ `ਚ, ਪਹਿਲਾਂ ਆਪਣੇ ਪ੍ਰਵਾਰਕ ਜੀਵਨ `ਚ ਹੀ ਝਾਤੀ ਮਾਰ ਦੇਖੀਏ ਕਿੰਨੀਂ ਅਸ਼ਾਂਤੀ, ਸਰੀਰਕ ਤੇ
ਮਾਨਸਕ ਰੋਗ, ਵਿਕਾਰ, ਵਿੱਭਚਾਰ, ਖਿੱਚ-ਧੂਹ, ਝੁਰੱਟ-ਸਮੈਕ, ਸ਼ਰਾਬ ਦੇ ਦੌਰ ਤੇ ਹੋਰ ਭਿਅੰਕਰ
ਵਿਗਾੜ, ਅੱਜ ਅਖੌਤੀ ਸਿੱਖ ਪ੍ਰਵਾਰਾਂ `ਚ ਅਚਣਚੇਤ ਨਹੀਂ ਆ ਰਹੇ। ਮੁੱਖ ਕਾਰਨ ਹੈ ਕਿ ਅਕਾਲਪੁਰਖੁ
ਦੀ ਉਸ ਗ਼ੈਬੀ-ਅਣਡਿੱਠੀ ਅਮੁੱਲੀ ਦਾਤ ‘ਬਖਸ਼ਿਸ਼’ ਤੋਂ ਹੀ ਸੱਖਣੇ ਹੋਏ ਪਏ ਹਾਂ। ਇਸੇ ਦਾ
ਨਤੀਜਾ ਹੈ ਕਿ ਸਾਡਾ ਜੀਵਨ ਵੀ ਉਸੇ ਤ੍ਰਿਸ਼ਨਾਂ-ਭਟਕਣਾ ਦੀ ਦਲ-ਦਲ `ਚ ਫਸਿਆ ਪਿਆ ਹੈ, ਜਿਵੇਂ
ਦੂਜਿਆਂ ਦਾ ਤਾਂ ਹੈ ਹੀ। ਇਮਾਨਦਾਰੀ ਨਾਲ ਘੋਖਣ ਦਾ ਯਤਨ ਕਰੀਏ, ਇਸਦਾ ਅਸਲ ਕਾਰਣ ਇਕੋ ਹੈ ਤੇ ਉਹ
ਹੈ “ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥ ਵਿੱਚ
ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ…” (ਪੰ: ੧੩੫) ਇਸੇ ਤਰ੍ਹਾਂ “ਕਬੀਰ ਮਨੁ
ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥” (ਪੰ:
੧੩੭੬) ਸਿੱਖ ਲਈ ਚੇਤਾਵਨੀ ਹੈ “ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀੳ” (ਪੰ: ੭੩੬)
ਇਹੀ ਇੱਕ ਤਰੀਕਾ ਕਿ ਹੂੜਮੱਤ ਤਿਆਗ ਕੇ ਅਤੇ ਗੁਰੂ ਦੇ ਹੋ ਕੇ ਜੀਵੀਏ, ‘ਮਨ ਦੀ ਸਿੱਖੀ
ਵਾਲਾ ਸੱਚ ਵੀ’ ਆਪਣੇ ਆਪ ਸਾਡੇ ਜੀਵਨ `ਚ ਉਘੜ ਆਵੇਗਾ।