ਖੇਰੂੰ–ਖੇਰੂੰ ਹੂੰਦੀ ਨਜ਼ਰ ਆ ਰਹੀ
ਤੱਤ ਗੁਰਮਤਿ ਲਹਿਰ ਨੂੰ ਕਿਵੇਂ ਸੰਭਾਲਿਆ ਜਾਵੇ?
ਤੱਤ ਗੁਰਮਤਿ ਲਹਿਰ ਕੀ ਹੈ?
ਪਹਿਲਾਂ ਇਹ ਸਮਝ ਲਈਏ ਕਿ ‘ਗੁਰਮਤਿ’ ਕੀ ਹੈ? ਸਾਦੇ ਅਤੇ ਸਪਸ਼ਟ ਲਫਜ਼ਾਂ ਵਿੱਚ
‘ਗੁਰਮਤਿ’ ਉਹ ਨਿਰੋਲ ਮਨੁੱਖਤਾਵਾਦੀ ਫਲਸਫਾ ਹੈ ਜਿਸ ਦਾ ਮੂਲ ਵਿਚਾਰਧਾਰਕ ਸੋਮਾ ‘ਗੁਰੂ ਗ੍ਰੰਥ
ਸਾਹਿਬ ਜੀ’ ਹਨ। ਦਸ ਨਾਨਕ ਜਾਮਿਆਂ ਨੇ ਇਸ ਫਲਸਫੇ ਨੂੰ ਪ੍ਰਕਟ ਕੀਤਾ ਅਤੇ ਸਮਾਜ ਨੂੰ ਗੁਰਮਤਿ
ਆਧਾਰਿਤ ਜੀਵਨ ਜਾਚ ਦ੍ਰਿੜ ਕਰਾਈ।
ਹੁਣ ਜਾਣਦੇ ਹਾਂ ਕਿ ‘ਤੱਤ ਗੁਰਮਤਿ’ ਕੀ ਹੈ? ਗੁਰਮਤਿ ਦੇ ਇਸ ਫਲਸਫੇ ਨੂੰ,
ਮਨੁੱਖਤਾ ਵਿੱਚ ਵਿਤਕਰੇ ਅਤੇ ਅੰਧਵਿਸ਼ਵਾਸ ਆਦਿ ਪੈਦਾ ਕਰਕੇ ਸਮਾਜ ਦੀ ਲੁਟ-ਖਸੁਟ ਕਰਨ ਵਾਲੀ
ਬ੍ਰਾਹਮਣਵਾਦੀ ਤਾਕਤਾਂ ਨੇ, ਅਪਣੇ ਲਈ ਚੁਣੌਤੀ ਵਾਂਗੂ ਲਿਆ। ਪੁਜਾਰੀ ਸ਼੍ਰੇਣੀ (ਬ੍ਰਾਹਮਣ, ਮੌਲਾਨੇ
ਆਦਿ) ਵੀ ਇਸ ਦੇ ਖਿਲਾਫ ਹੋ ਗਈ। ਸੋ ਪੁਜਾਰੀਵਾਦੀ, ਬ੍ਰਾਹਮਣਵਾਦੀ ਤਾਕਤਾਂ ਨੇ ਗੁਰਮੱਤਿ ਰੂਪੀ
ਸੂਰਜ ਦੇ ਪ੍ਰਕਾਸ਼ ਨੂੰ ਧੁੰਧਲਾ ਕਰਨ ਖਾਤਿਰ ਨਾਲੋਂ ਨਾਲੋਂ ਜਤਨ ਸ਼ੁਰੂ ਕਰ ਦਿਤੇ। ਸੰਨ 1708 ਤੱਕ
ਤਾਂ ਇਹਨਾਂ ਨੂੰ ਸਫਲਤਾ ਘੱਟ ਹੀ ਮਿਲੀ। ਪਰ ਉਸ ਤੋਂ ਬਾਅਦ ਅਨੇਕਾਂ ਕਾਰਨਾਂ ਕਰਕੇ ਇਹਨਾਂ ਤਾਕਤਾਂ
ਨੂੰ ਸਫਲਤਾ ਮਿਲਦੀ ਹੀ ਚਲੀ ਗਈ। ਪਿਛਲੇ 250-275 ਸਾਲਾਂ ਵਿੱਚ ਇਹਨਾਂ ਨੇ ਗੁਰਮਤਿ ਰੂਪੀ ਸੂਰਜ ਦੇ
ਪ੍ਰਕਾਸ਼ ਨੂੰ ਬੇਸ਼ਕ ਧੁੰਧਲਾ ਕਰ ਕੇ ਰੱਖ ਦਿਤਾ ਹੈ। ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬ੍ਰਾਹਮਣਵਾਦੀ
ਵਿਆਖਿਆ ਪ੍ਰਚਾਰ ਕੇ, ਇਸ ਦੇ ਮੁਕਾਬਲੇ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਗ੍ਰੰਥਾਂ (ਬਚਿਤ੍ਰ
ਨਾਟਕ, ਜਨਮਸਾਖੀਆਂ, ਗੁਰਬਿਲਾਸ, ਸੂਰਜ ਪ੍ਰਕਾਸ਼ ਆਦਿ) ਨੂੰ ਉਭਾਰ ਕੇ ਨਿਰੋਲ ਗੁਰਮਤਿ ਨੂੰ ਪਿੱਛੇ
ਧਕੇਲ ਦਿਤਾ ਗਿਆ। ਨਤੀਜਾ ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ਗੁਰਮਤਿ ਦੀ ਖੁਸ਼ਬੂ ਅਲੋਪ ਹੋ ਗਈ। ਪਰ
ਹਰ ਤਰਾਂ ਦਾ ਸਿੱਖ ਸਾਹਿਤ ਲਿਖਣ ਤੇ ਪ੍ਰਚਾਰਨ ਵਾਲੇ ਇਹੀ ਦਾਅਵਾ ਕਰਦੇ ਕਿ ਅਸੀਂ ‘ਗੁਰਮੱਤਿ’ ਦਾ
ਹੀ ਪ੍ਰਚਾਰ ਕਰ ਰਹੇ ਹਾਂ। ਭਾਵ ਅਸਲੀ ਗੁਰਮੱਤਿ ਲਗਭਗ ਅਲੋਪ ਹੋ ਗਈ ਸੀ। ਜੋ ਗੁਰਮਤਿ ਪੇਸ਼ ਕੀਤੀ ਜਾ
ਰਹੀ ਸੀ, ਉਹ ਪੁਜਾਰੀਵਾਦੀ, ਬ੍ਰਾਹਮਣਵਾਦੀ ਪੁੱਠ ਨਾਲ ਭਰਪੂਰ ਸੀ।
ਸੋ ‘ਗੁਰਮੱਤਿ’ ਨੂੰ ਇਸਦੇ ਅਸਲੀ ਅਤੇ ਖਰੇ ਰੂਪ ਵਿੱਚ ਸਾਹਮਣੇ ਲਿਆਉਣ ਲਈ
ਇਸ ਤੋਂ ਬ੍ਰਾਹਮਣਵਾਦੀ ਪੁੱਠ ਉਤਾਰਨੀ ਜ਼ਰੂਰੀ ਸੀ। ਸੋ ਇਸੀ ਕੋਸ਼ਿਸ਼ ਦੌਰਾਣ ‘ਤੱਤ (ਸਹੀ) ਗੁਰਮਤਿ’
ਲਫਜ਼ ਸਾਹਮਣੇ ਆਇਆ। ‘ਤੱਤ ਗੁਰਮਤਿ ਲਹਿਰ’ ਤੋਂ ਭਾਵ ਉਹਨਾਂ
ਸਾਂਝੇ ਜਤਨਾਂ ਤੋਂ ਹੈ, ਜੋ ਗੁਰਮਤਿ ਨੁੰ ਇਸਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ ਲਈ
ਸਮੇਂ ਸਮੇਂ ਤੇ ਕੀਤੇ ਗਏ। ਤੱਤ ਗੁਰਮਤਿ ਦੇ ਖੇਤਰ ਵਿੱਚ ਕੰਮ ਕਈਂ ਪੜਾਵਾਂ ਤੇ ਹੋਇਆ। ਆਉ ਪਹਿਲਾਂ
ਮੁੱਖ ਪੜਾਵਾਂ ਨੂੰ ਸੰਖੇਪ ਵਿੱਚ ਵਿਚਾਰ ਲੈਂਦੇ ਹਾਂ।
ਤੱਤ ਗੁਰਮਤਿ ਦੇ ਮੁੱਖ ਪੜਾਅ:
ਤੱਤ ਗੁਰਮਤਿ ਦੀ ਗੱਲ ਮੌਜੂਦਾ ਸਮੇਂ ਵਿੱਚ ਹੀ ਸ਼ੁਰੂ ਨਹੀਂ ਹੋਈ ਬਲਕਿ ਇਹ
ਸਮੇਂ ਦੇ ਨਾਲ ਨਾਲ ਤੁਰਦੀ ਰਹੀ ਹੈ। ਪਰ ਅਫਸੋਸ ਹਰ ਪੜਾਅ ਤੇ ਕਈਂ ਕਾਰਨਾਂ ਕਰਕੇ ਕੁੱਝ ਕੰਮ ਹੋਣ
ਤੋਂ ਬਾਅਦ ਹੀ ਇਹ ਰਾਹ ਤੋਂ ਭਟਕ ਗਈ। ਸੰਖੇਪ ਵਿੱਚ ਇਹ ਪੜਾਅ ਵਿਚਾਰ ਲੈਂਦੇ ਹਾਂ।
1. ਨਿਰੰਕਾਰੀ ਲਹਿਰ: ‘ਤੱਤ ਗੁਰਮਤਿ’ ਦੇ ਖੇਤਰ
ਵਿੱਚ ਪਹਿਲਾ ਵੱਡਾ ਜਤਨ ਬਾਬਾ ਦਿਆਲ ਜੀ ਨੇ ‘ਨਿਰੰਕਾਰੀ ਲਹਿਰ’ ਦੇ ਰੂਪ ਵਿੱਚ ਕੀਤਾ। ਪਰ ਅਫਸੋਸ
ਕੁੱਝ ਸਮਾਂ ਬਾਅਦ ਹੀ ਇਹ ਲਹਿਰ ਕਈਂ ਕਾਰਨਾਂ ਕੇ ਰਾਹ ਤੋਂ ਭਟਕ ਗਈ। ਇਸਦੇ ਬਾਅਦ ਦੇ ਆਗੂ ਬਾਬਾ
ਦਿਆਲ ਜੀ ਅਤੇ ਅਪਣੇ ਆਪ ਨੂੰ ‘ਸਤਿਗੁਰੂ’ ਪ੍ਰਚਾਰਨ ਰੂਪੀ ‘ਸਿਧਾਂਤਕ ਖੁਦਕੁਸ਼ੀ’ ਦੇ ਰਾਹ ਪੈ ਗਏ।
ਨਤੀਜਾ ਇਤਨੀ ਵਧੀਆ ਸ਼ੁਰੂ ਹੋਈ ਲਹਿਰ ਇਹ ‘ਦੇਹਧਾਰੀ ਗੁਰੂਡੰਮ’ ਦੇ ਨਾਲੇ ਦਾ ਰੂਪ ਧਾਰਨ ਕਰਕੇ
‘ਬ੍ਰਾਹਮਣਵਾਦ’ ਦੇ ਦਰਿਆ ਵਿੱਚ ਜ਼ਜ਼ਬ ਹੋ ਗਈ।
2. ਸਿੰਘ ਸਭਾ ਲਹਿਰ: ਤੱਤ ਗੁਰਮਤਿ ਦੇ ਖੇਤਰ ਵਿੱਚ ਦੁਜਾ
ਵੱਡਾ ਪੜਾਅ ‘ਸਿੰਘ ਸਭਾ ਲਹਿਰ’ ਦਾ ਹੈ। ਇਸ ਲਹਿਰ ਵੇਲੇ ਤੱਤ ਗੁਰਮਤਿ ਦੇ ਖੇਤਰ ਵਿੱਚ ਕਾਫੀ ਕੰਮ
ਹੋਇਆ ਤੇ ਕੌਮ ਵਿੱਚ ਜਾਗ੍ਰਿਤੀ ਵੀ ਬਹੁਤ ਆਈ। ਸਫਲਤਾ ਇਥੋਂ ਤੱਕ ਵੀ ਮਿਲੀ ਕਿ ਜ਼ਿਆਦਾਤਰ ਗੁਰਧਾਮ
ਭ੍ਰਿਸ਼ਟ ਮਹੰਤਾਂ ਤੋਂ ਆਜ਼ਾਦ ਕਰਵਾ ਲਏ ਗਏ। ਇਸ ਲਹਿਰ ਵਿੱਚ ਮੁੱਖ ਯੋਗਦਾਨ ਗਿਆਨੀ ਦਿੱਤ ਸਿੰਘ ਜੀ,
ਪ੍ਰੋ. ਗੁਰਮੁੱਖ ਸਿੰਘ ਜੀ, ਕਾਨ ਸਿੰਘ ਜੀ ਨਾਭਾ, ਕਰਮ ਸਿੰਘ ਹਿਸਟੋਰੀਅਨ ਤੇ ਹੋਰਾਂ ਦਾ ਰਿਹਾ। ਪਰ
1920 ਤੋਂ ਬਾਅਦ ਮੋਢੀਆਂ ਦੇ ਦੇਹਾਂਤ, ਅੰਗਰੇਜ਼ ਅਤੇ ਬ੍ਰਾਹਮਣਵਾਦੀਆਂ ਦੀ ਚਾਲਾਂ ਕਾਰਨ ਇਹ ਲਹਿਰ
ਚੌਣਾਂ ਰਾਹੀਂ ਚੁਣੀ ਕਮੇਟੀ
(SGPC)
ਦੇ ਰਾਹੀਂ ਪਤਨ ਵੱਲ ਜਾਣੀ ਸ਼ੁਰੂ ਹੋ ਗਈ ਅਤੇ ਅੰਤ ਵਿਲੁਪਤ
ਹੋ ਗਈ। ਇਸੇ ਦੌਰਾਨ ‘ਪੰਚ ਖਾਲਸਾ ਦੀਵਾਨ ਭਦੌੜ’ ਨੇ ਵੀ ਕੁੱਝ ਕੰਮ ਕੀਤਾ ਪਰ ਕਈ ਕਾਰਨਾਂ ਕਰਕੇ
ਉਹਨਾਂ ਦਾ ਪ੍ਰਭਾਵ ਘੱਟ ਹੀ ਪਿਆ।
3. ਮਿਸ਼ਨਰੀ ਲਹਿਰ: ਤੱਤ ਗੁਰਮਤਿ ਦਾ ਇੱਕ ਅਮੁਲਾ ਪੜਾਅ
ਮਿਸ਼ਨਰੀ ਲਹਿਰ ਵੀ ਹੈ। ਇਸ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪ੍ਰੋ. (ਡਾ.) ਸਾਹਿਬ ਸਿੰਘ ਜੀ ਦਾ
‘ਗੁਰੂ ਗ੍ਰੰਥ ਸਾਹਿਬ ਦਰਪਣ’ ਰਾਹੀਂ ਰਿਹਾ। ਇਸ ਦਰਪਣ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ
ਸੰਪਰਦਾਈ (ਬ੍ਰਾਹਮਣਵਾਦੀ) ਵਿਆਖਿਆ ਨੂੰ ਪਹਿਲੀ ਵਾਰ ਕੁੱਝ ਠੱਲ ਪਾਈ। ਇਸ ਲਹਿਰ ਦੀ ਸ਼ੁਰੂਆਤ 1955
ਦੇ ਆਸ ਪਾਸ ਦਿਲੀ ਤੋਂ ਹੋਈ। ਮਿਸ਼ਨਰੀ ਲਹਿਰ ਨੇ ਆਮ ਸਿੱਖ ਸਮਾਜ ਵਿੱਚ ਜਾਗ੍ਰਿਤੀ ਲਈ ਜ਼ਮੀਨ ਤਿਆਰ
ਕਰਨ ਲਈ, ਲਿਟਰੇਚਰ ਤੇ ਪ੍ਰਚਾਰ ਰਾਹੀਂ, ਵਧੀਆ ਕੰਮ ਕੀਤਾ। ਇਹਨਾਂ ਨੇ ਗੁਰਮਤਿ ਸਿਧਾਂਤਾਂ ਨੂੰ
ਨਿਖੇੜ ਕੇ ਪੇਸ਼ ਕਰਨ ਦਾ ਕੁੱਝ ਕੰਮ ਵੀ ਕੀਤਾ। ਪਰ ਦੋ-ਤਿੰਨ ਕਾਰਨਾਂ ਕਰਕੇ ਇਸ ਲਹਿਰ ਦਾ ਵਿਕਾਸ ਵੀ
ਰੁਕ ਗਿਆ। ਇਹ ਮੁੱਖ ਕਾਰਨ ਸਨ:
(a) ਪ੍ਰੋ. ਸਾਹਿਬ ਸਿੰਘ ਜੀ ਦੇ ਟੀਕੇ ਨੂੰ ਹੀ ਅੰਤਿਮ
ਮੰਨਣਾ।
(A) ਸਿੱਖ ਰਹਿਤ ਮਰਿਯਾਦਾ ਦੇ ਗੁਰਮਤਿ ਸਿਧਾਂਤ ਵਿਰੋਧੀ
ਨੁਕਤਿਆਂ ਦੇ ਵੀ ਅੱਖਰ-ਅੱਖਰ ਨੂੰ ਸਹੀ ਮੰਨ ਕੇ ਉਸ ਦੀ ਪਾਲਨਾ ਕਰਨ ਦੀ ਬੇਲੋੜੀ ਤੇ
ਸਿਧਾਂਤ ਵਿਰੋਧੀ ਜ਼ਿਦ।
(e) ਸਿੱਖ ਪੁਜਾਰੀਵਾਦੀ ਤਾਕਤਾਂ ਪ੍ਰਤੀ ਸਿਧਾਂਤਕ ਦੀ ਥਾਂ
ਸਮਝੌਤਾਵਾਦੀ ਪਹੁੰਚ।
ਬੇਸ਼ਕ ਮਿਸ਼ਨਰੀ ਲਹਿਰ (ਕਾਲਜ) ਹੁਣ ਵੀ ਚਲ ਰਹੀ ਹੈ ਪਰ ਉਪਰੋਕਤ ਕਾਰਨਾਂ
ਕਰਕੇ ਇਸਦਾ ‘ਸਿਧਾਂਤਕ ਵਿਕਾਸ’ ਰੁਕ ਗਿਆ। ਪਰ ਇਸ ਨੇ ਅਗਲੇ ਪੜਾਅ ਲਈ ਕੁੱਝ ਜ਼ਮੀਨ ਜ਼ਰੂਰ ਤਿਆਰ ਕਰ
ਦਿਤੀ।
4. ਚੌਥਾ ਪੜਾਅ (ਮੌਜੂਦਾ ਤੱਤ ਗੁਰਮਤਿ ਲਹਿਰ) :
ਤੱਤ ਗੁਰਮਤਿ ਦਾ ਸਿਖਰਲਾ ਪੜਾਅ ਮੌਜੂਦਾ ਸਮੇਂ ਵਿੱਚ ਚਲ ਰਹੀ ‘ਤੱਤ ਗੁਰਮਤਿ ਲਹਿਰ’ ਹੈ। ਇਸ ਦੀ
ਸ਼ੁਰੂਆਤ ਦੇ ਬੀਜ 1970 ਦੇ ਆਸਪਾਸ ਗਿਆਨੀ ਭਾਗ ਸਿੰਘ ਜੀ ਅੰਬਾਲਾ ਤੇ ਉਹਨਾਂ ਦੇ ਸਾਥੀਆਂ ਨੇ ਬੋਏ।
ਇਸ ਲਹਿਰ ਨਾਲ ਮਿਸ਼ਨਰੀ ਲਹਿਰ ਦੇ ਕੁੱਝ ਉਹ ਮੋਢੀ ਵੀ ਜੁੜ ਗਏ ਜਿਹੜੇ ਮਿਸ਼ਨਰੀ ਲਹਿਰ ਦੀ ‘ਸਿਧਾਂਤਕ
ਖੜੋਤ’ ਨੂੰ ਮਹਿਸੂਸ ਕਰਦੇ ਹੋਏ ਇਸ ਤੋਂ ਕਿਨਾਰਾ ਕਰ ਗਏ। ਤੱਤ ਗੁਰਮਤਿ ਦੇ ਇਸ ਪੜਾਅ ਨੇ ਜ਼ੋਰ ਉਦੋਂ
ਫੜਿਆ ਜਦੋਂ ਕੈਨੇਡਾ ਵਾਸੀ ਵਿਦਵਾਨ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਬਿਪਰਨ ਦੀ
ਰੀਤ ਤੋਂ ਸੱਚ ਦਾ ਮਾਰਗ’ ਮਾਰਕਿਟ ਵਿੱਚ ਆਈ। ਇਸ ਲਹਿਰ ਨੂੰ ਪੱਕੇ ਪੈਰੀਂ ਕਰਨ ਦੇ ਜਤਨਾਂ ਵਿੱਚ
ਕਾਫੀ ਯੋਗਦਾਨ ਚੰਡੀਗੜ ਤੋਂ ਛਪਦੇ ਮਾਸਿਕ ਪੰਥਕ ਪਰਚੇ ‘ਸਪੋਕਸਮੈਨ’ ਦਾ ਵੀ ਰਿਹਾ। ਇਸ ਲਹਿਰ ਦਾ
ਇੱਕ ਸਿਖਰ ਅਕਤੂਬਰ 2003 ਦੀ ‘ਵਿਸ਼ਵ ਸਿੱਖ ਕਨਵੈਨਸ਼ਨ’ ਸੀ। ਉਸ ਤੋਂ ਬਾਅਦ ਅਨੇਕਾਂ ਕਾਰਨਾਂ
(ਜਿਹਨਾਂ ਦੀ ਪੜਚੋਲ ਅੱਗੇ ਕੀਤੀ ਜਾਵੇਗੀ) ਇਹ ਲਹਿਰ ਖੇਰੂੰ-ਖੇਰੂੰ ਹੁੰਦੀ ਜਾ ਰਹੀ ਹੈ। ਇਸ ਤੋਂ
ਪਹਿਲਾਂ ਕੇ ਕੁੱਝ ਪ੍ਰਾਪਤ ਕਰਨ ਪਹਿਲਾਂ ਹੀ ਇਸ ਦਾ ਪਤਨ ਹੋ ਜਾਏ, ਆਉ ਸਵੈ-ਪੜਚੋਲ ਰਾਹੀਂ ਸੁਧਾਰ
ਦੀ ਕੋਸ਼ਿਸ਼ ਕਰੀਏ।
ਕਾਰਨ:
ਵੈਸੇ ਤਾਂ ਖੇਰੂੰ-ਖੇਰੂੰ ਹੁੰਦੀ ਲਗ ਰਹੀ ਇਸ ਲਹਿਰ ਦੇ ਕਾਰਨ ਬਹੁ-ਆਯਾਮੀ
ਹਨ। ਪਰ ਜਿਹੜੇ ਮੁੱਖ ਕਾਰਨ ਨੇ ਉਹ ਨੇ
(ੳ) ਨਿਜੀ ਹਉਮੈ
(ਅ) ਜਵਾਬਦੇਹੀ ਅਤੇ ਪਾਰਦਰਸ਼ਿਤਾ ਦੀ ਕਮੀ
ਆਉ ਇਹਨਾਂ ਕਾਰਨਾਂ ਦੀ ਥੋੜੀ ਵਿਸਤਾਰ ਨਾਲ ਪੜਚੋਲ ਕੁੱਝ ਸੱਚੀਆਂ ਉਦਾਹਰਨਾਂ
ਲੈ ਕੇ ਕਰਦੇ ਹਾਂ ਤਾਂ ਕਿ ਵਧੇਰੇ ਸਪਸ਼ਟਤਾ ਹੋ ਸਕੇ। ਜਿਹਨਾਂ ਸੰਸਥਾਵਾਂ ਜਾਂ ਵਿਅਕਤੀਆਂ ਦਾ ਨਾਂ
ਇਹਨਾਂ ਉਦਾਹਰਨਾਂ ਵਿੱਚ ਆਏਗਾ, ਉਹਨਾਂ ਤੋਂ ਅਸੀਂ ਪਹਿਲਾਂ ਹੀ ਖਿਮਾਂ ਮੰਗ ਲੈਂਦੇ ਹਾਂ, ਤਾਂ ਕਿ
ਉਹ ਗਲਤ ਪ੍ਰਭਾਵ ਨਾ ਲੈਣ। ਇਸ ਸਵੈ-ਪੜਚੋਲ ਦਾ ਮਕਸਦ ਕਿਸੇ ਦੀ ਲੱਤਾਂ ਖਿੱਚਣਾ ਨਹੀਂ, ਬਲਕਿ ‘ਆਪਨੜੇ
ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥’ (ਪੰਨਾ
1378) ਅਨੁਸਾਰ ਅਪਣੀਆਂ ਗਲਤੀਆਂ ਬਾਰੇ ਜਾਨਣਾ ਹੈ, ਤਾਂ ਕਿ ਭਵਿੱਖ ਵਿੱਚ ਉਹ ਗਲਤੀਆਂ ਨਾ
ਦੁਹਰਾਈਏ।
(ੳ) ਨਿੱਜੀ ਹਉਮੈ: ਇਸ ਵਿੱਚ ਕੋਈ ਦੋ ਰਾਇ
ਨਹੀ ਕਿ ਕੋਈ ਵੀ ਇੰਨਸਾਨ ਪੂਰਾ ਨਹੀਂ। ਇਸਦੇ ਅਧੂਰੇਪਨ ਦਾ ਵੱਡਾ ਕਾਰਨ ‘ਹੰਕਾਰ’ (ਕਿਸੇ ਵੀ ਰੂਪ
ਵਿੱਚ ਹੋ ਸਕਦਾ ਹੈ) ਹੀ ਹੈ। ਹਰ ਇੰਨਸਾਨ ਵਿੱਚ ਹੰਕਾਰ
(Ego)
ਦਾ ਅੰਸ਼ (ਥੋੜਾ ਜਾਂ ਬਹੁਤ) ਮਿਲਦਾ ਹੈ। ਤੱਤ ਗੁਰਮਤਿ ਨਾਲ
ਜੁੜੇ ਵਿਅਕਤੀ ਵੀ ਇਸ ਤੋਂ ਅਛੂਤੇ ਨਹੀਂ। ਬੇਸ਼ਕ ਉਹ ਨਿਸ਼ਕਾਮ ਹਨ ਪਰ
‘Ego’ ਕਾਰਨ ਲਹਿਰ ਨੂੰ ਨੁਕਸਾਨ ਪਹੁੰਚਾਨ ਵਿੱਚ
ਲਗਭਗ ਸਾਡੇ ਸਾਰਿਆਂ ਦਾ ਹੱਥ ਹੈ। ਜੇ ਹੰਕਾਰ ਨੂੰ ਖਤਮ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਸ ਨੂੰ
ਇੱਕ ਹੱਦ ਤੋਂ ਵੱਧ ਅੱਗੇ ਨਹੀਂ ਵੱਧਣ ਦਿਤਾ ਜਾਣਾ ਚਾਹੀਦਾ। 2003 ਦੀ ਵਿਸ਼ਵ ਸਿੱਖ ਕਨਵੇਨਸ਼ਨ ਦੇ ਆਸ
ਪਾਸ ਦਾ ਸਮਾਂ ਇਸਦਾ ਬਹੁਤ ਢੁਕਵਾਂ ਉਦਾਹਰਨ ਹੈ। ਇਸ ਸਮੇਂ ਤੱਕ ਲਗਭਗ ਮੌਜੂਦਾ ਤੱਤ ਗੁਰਮਤਿ ਲਹਿਰ
ਨਾਲ ਜੁੜੇ ਸਾਰੇ ਵਿਅਕਤੀ ਇਕੱਠੇ ਸਨ। ਪਰ ਇਸ ਕਨਵੈਨਸ਼ਨ ਤੋਂ ਇੱਕ ਸਾਲ ਦੇ ਅੰਦਰ-ਅੰਦਰ (ਦੂਜੀ
ਕਨਵੈਨਸ਼ਨ) ਤੱਕ ਉਹ ਪੂਰੀ ਤਰਾਂ ਖੇਰੂੰ-ਖੇਰੂੰ ਹੋ ਕੇ ਦੋ ਗੁਟਾਂ (ਜੋਗਿੰਦਰ ਸਿੰਘ ਜੀ ਸਪੋਕਸਮੈਨ
ਤੇ ਗੁਰਤੇਜ ਸਿੰਘ ਜੀ) ਵਿੱਚ ਵੰਡੇ ਗਏ। ਜਿਹੜੇ ਕੁੱਝ ਸਮਾਂ ਪਹਿਲਾਂ ਤੱਕ ਪੰਥਕ ਪ੍ਰੈਸ ਮਿਲਣੀਆਂ
ਵਿੱਚ ਇੱਕ ਦੁਜੇ ਦੇ ਰੋਟੀ ਬੇਟੀ ਦੀ ਸਾਂਝ ਕਰਨ ਦੀਆਂ ਗੱਲਾਂ ਕਰਦੇ ਸਨ, ਉਹ ਹੰਕਾਰ ਕਾਰਨ ਇੱਕ
ਦੁਜੇ ਖਿਲਾਫ ਲਿਖਤਾਂ ਵਿੱਚ ਵਧਾ ਚੜਾ ਕੇ ਚਿਕੜ ਉਛਾਲਨ ਲੱਗ ਪਏ। ਦੋਸ਼ ਕਿਸੇ ਦਾ ਵੱਧ, ਕਿਸੇ ਦਾ
ਘੱਟ ਹੋਵੇਗਾ ਪਰ ਮੁੱਖ ਕਾਰਨ ‘ਮੈਂ ਵੱਡਾ-ਮੈਂ ਵੱਡਾ’ ਦਾ ਹੰਕਾਰ ਹੀ ਸੀ। ਹੰਕਾਰ ਕਾਰਨ ਮਨੁੱਖ ਨੂੰ
ਲਗਦਾ ਹੈ ਸਿਰਫ ਮੈਂ ਹੀ ਸਹੀ ਹਾਂ, ਮੇਰੇ ਨਾਲ ਸਹਿਮਤ ਨਾ ਹੋਣ ਵਾਲੇ ਸਾਰੇ ਗਲਤ ਹਨ। ਇਸ ਤਰੇੜ ਨੇ
ਲਹਿਰ ਨੂੰ ਕਈ ਸਾਲ ਪਿੱਛੇ ਧੱਕ ਦਿਤਾ। ਇਸ ਤੋਂ ਕੁੱਝ ਸਮਾਂ ਬਾਅਦ ‘ਖਾਲਸਾ ਪੰਚਾਇਤ’ ਨਾਮੀ ਸੰਸਥਾ
ਦੇ ਦੋਫਾੜ ਹੋਣ (ਚੰਡੀਗੜ ਧੜੇ ਅਤੇ ਲੁਧਿਆਣਾ ਧੜੇ ਵਿਚ) ਰੂਪੀ ਝਟਕੇ ਨੇ ਵੀ ਲਹਿਰ ਨੂੰ ਕਾਫੀ
ਨੁਕਸਾਨ ਪਹੂੰਚਾਇਆ। ਇਸੇ ਕਾਰਨ ਉਸ ਤੋਂ ਬਾਅਦ ਲਹਿਰ ਖੇਰੂੰ-ਖੇਰੂੰ ਹੁੰਦੀ ਜਾ ਰਹੀ ਹੈ।
(ਅ) ਜਵਾਬਦੇਹੀ ਤੇ ਪਾਰਦਰਸ਼ਿਤਾ ਦੀ ਕਮੀ: ਜਿਹੜੀ ਵੀ
ਜਥੇਬੰਦੀ, ਸੰਸਥਾ ਨਿਸ਼ਕਾਮ ਹੋ ਕੇ ਪਰਉਪਕਾਰ ਦਾ ਕੰਮ ਕਰਦੀ ਹੈ ਉਸਦੇ ਦੋ ਵੱਡੇ ਗੁਣ ‘ਜਵਾਬਦੇਹੀ
ਅਤੇ ਪਾਰਦਰਸ਼ਿਤਾ’ ਹੁੰਦੇ ਹਨ। ਪਰ ਤੱਤ ਗੁਰਮਤਿ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀਆਂ ਜ਼ਿਆਦਾਤਰ
ਜਥੇਬੰਦੀਆਂ ਵਿੱਚ ਇਹਨਾਂ ਦੋਨਾਂ ਦੀ ਬਹੁਤ ਘਾਟ ਹੈ। ਜਵਾਬਦੇਹੀ ਲਈ ਉਹੀ ਤਿਆਰ ਹੋ ਸਕਦਾ ਹੈ ਜਿਸ
ਵਿੱਚ ਅਪਣੀ ਆਲੋਚਨਾ, ਨਿੰਦਾ ਠਰੰਮੇ ਨਾਲ ਬਰਦਾਸ਼ਤ ਕਰ ਕੇ ਉਸ ਦਾ ਸਪਸ਼ਟੀਕਰਨ ਨਿਮਰਤਾ ਨਾਲ ਦੇਣ ਦਾ
ਹੌਂਸਲਾ ਹੋਵੇ। ਜੇ ਉਸ ਦੀ ਆਲੋਚਨਾ ਸਹੀ ਹੋਵੇ ਤਾਂ ਆਲੋਚਕ ਦਾ ਧੰਨਵਾਦ ਕਰਕੇ ਗਲਤੀ ਦਾ ਸੁਧਾਰ ਕਰਨ
ਦਾ ਸੁਹਿਰਦ ਜਤਨ ਕਰੇ। ਪਰ ਤੱਤ ਗੁਰਮਤਿ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀਆਂ ਜ਼ਿਆਦਾਤਰ
ਸੰਸਥਾਵਾਂ ਤੇ ਸ਼ਖਸ ਜਵਾਬਦੇਹੀ ਦੇ ਇਸ ਸਿਧਾਂਤ ਤੋਂ ਥਿੜਕੇ ਪਏ ਹਨ। ਇਸ ਲਈ ਸਿੱਖ ਮਿਸ਼ਨਰੀ ਕਾਲਜ
ਲੁਧਿਆਣਾ ਤੇ ਸਪੋਕਸਮੈਨ ਦਾ ਉਦਾਹਰਨ ਲਿਆ ਜਾ ਸਕਦਾ ਹੈ। ਕੁੱਝ ਸਮਾਂ ਪਹਿਲਾਂ ਇੱਕ ਪੰਥਦਰਦੀ ਵੀਰ
ਨੇ ਸੁਧਾਰਮਈ ਆਲੋਚਣਾ ਦੇ ਨਜ਼ਰੀਏ ਤੋਂ ਇੱਕ ਲੇਖ ਲਿਖ ਕੇ ਕਾਲਜ ਸਾਹਮਣੇ ਕੁੱਝ ਸਵਾਲ ਰੱਖੇ। ਕਾਲਜ
ਨੇ ਉਸ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਅਪਣੇ ਪਰਚੇ ‘ਸਿੱਖ ਫੁਲਵਾੜੀ’ ਵਿੱਚ ਉਸ ਵੀਰ ਨੂੰ ਐਸੀ
ਬਾਜ਼ਾਰੂ ਭਾਸ਼ਾ ਵਿੱਚ ਸੰਬੋਧਨ ਕੀਤਾ ਕਿ ਕੋਈ ਵੀ ਸੁਹਿਰਦ ਮਨੁੱਖ ਪੜ ਕੇ ਸ਼ਰਮਾ ਜਾਵੇ। ਜਿਵੇਂ ‘ਉਹ
ਹੁੰਦਾ ਕੌਣ ਹੈ ਸਾਡੇ ਕੋਲੋਂ ਸਵਾਲ ਪੁਛਣ ਵਾਲਾ?’, ‘ਉਸ ਦੀ ਹੈਸੀਅਤ ਹੀ ਕੀ ਹੈ ਸਾਡੇ ਸਾਹਮਣੇ?’
ਆਦਿ ਆਦਿ। ਪਰ ਉਸਦੇ ਉਠਾਏ ਸਵਾਲਾਂ ਦੇ ਜਵਾਬ ਨਹੀਂ ਦਿਤੇ ਗਏ। ਉਸ ਨੂੰ ਕਾਨੂੰਨੀ ਕਾਰਵਾਈ ਦੀਆਂ
ਧਮਕੀਆਂ ਵੀ ਦਿਤੀਆਂ ਗਈਆਂ।
ਦੁਜੀ ਉਦਾਹਰਨ, ਸਪੋਕਸਮੈਨ ਵਿੱਚ ਜਦੋਂ ਵੀ ਕੁੱਝ ਗੁਰਮਤਿ ਤੋਂ ਉਲਟ
ਗੱਲਾਂ ਛੱਪ ਜਾਂਦੀਆਂ ਹਨ, ਜੇ ਉਹਨਾਂ ਵੱਲ ਧਿਆਨ ਦਿਵਾਇਆ ਜਾਂਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ
ਹੁੰਦੀ। ਉਦਾਹਰਨ ਵਾਸਤੇ ‘ਅੱਜ ਦਾ ਇਤਿਹਾਸ’ ਕਾਲਮ ਵਿੱਚ ਲੇਖਕ ਹਰਿਭਜਨ ਸਿੰਘ ਜਨਚੇਤਨਾ ਵਲੋਂ
‘ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਦਰੂਨੀ ਸਰੂਪ ਬਾਰੇ ਬਿਨਾ ਪੁਖਤਾ ਸਬੂਤਾਂ ਦੇ, ਬੇਹਦ ਲਾਪਰਵਾਹੀ
ਨਾਲ ‘ਮਾਰੂ ਟਿਪਣੀਆਂ’ ਕੀਤੀਆਂ ਗਈਆਂ ਪਰ ਨਾ ਤਾਂ ਕਾਰਵਾਈ ਹੋਈ ਨਾ ਹੀ ਸਪਸ਼ਟੀਕਰਨ ਦਿਤਾ ਗਿਆ। ਹੋਰ
ਸਪੋਕਸਮੈਨ ਵਿੱਚ ਕਾਫੀ ਸਮੇਂ ਤੋਂ ਨਾਨਕ ਜਾਮਿਆਂ ਦੀਆਂ ਸਿਧਾਂਤ ਵਿਰੋਧੀ ਕਾਲਪਨਿਕ ਪ੍ਰਚਲਿਤ
ਤਸਵੀਰਾਂ (ਜਿਵੇਂ ਉਹਨਾਂ ਨੂੰ ਮਾਲਾ ਜਪਦੇ ਵਿਖਾਉਣਾ ਆਦਿ) ਛਪਦੀਆਂ ਰਹੀਆਂ ਹਨ। ਅਨੇਕਾਂ ਵਾਰ ਧਿਆਨ
ਦਿਵਾਉਣ ਤੇ ਵੀ ਕੋਈ ਕਾਰਵਾਈ ਜਾਂ ਸਪਸ਼ਟੀਕਰਨ ਨਹੀਂ ਮਿਲਦਾ।
ਪਾਰਦਰਸ਼ਿਤਾ ਦੀ ਕਮੀ ਕਾਰਨ ਹੀ ਕਈ ਸੰਸਥਾਵਾਂ ਉਪਰ ਆਰਥਿਕ ਘੋਟਾਲਿਆਂ ਦੇ
ਅਤੇ ਹੋਰ ਇਲਜ਼ਾਮ ਲਗਦੇ ਰਹੇ ਹਨ।
ਹੁਣ ਕੀ ਵਾਪਰਿਆ ਜੋ ਲੇਖ ਲਿਖਣਾ ਪਿਆ? :
ਪ੍ਰਿੰਟ ਮੀਡੀਆ ਵਿੱਚ ਇਸ ਸਮੇਂ ਤੱਤ ਗੁਰਮਤਿ ਲਹਿਰ ਦੀ ਵੱਡੀ ਤਾਕਤ ਦੋ
ਪਰਚੇ ‘ਰੋਜ਼ਾਨਾ ਸਪੋਕਸਮੈਨ’ ਅਤੇ ‘ਇੰਡੀਆ ਅਵੇਅਰਨੈਸ’
ਹਨ। ਕੁੱਝ ਸਮੇਂ ਤੋਂ ਇੰਡੀਆ ਅਵੇਅਰਨੈਸ ਵਿੱਚ ਸਪੋਕਸਮੈਨ ਦੀਆਂ ਨੀਤੀਆਂ ਨਾਲ ਸਹਿਮਤ ਨ ਹੋਣ
ਕਾਰਨ ਉਸ ਬਾਰੇ ਨਿਯਮਿਤ ਟਿੱਪਣੀਆਂ ਛਪ ਰਹੀਆਂ ਹਨ। ਇਹ ਠੀਕ ਹਨ ਜਾਂ ਗਲਤ ਇਹ ਵੱਖਰਾ ਵਿਸ਼ਾ ਹੈ। ਪਰ
ਸੰਭਵ ਹੈ ਨਿਕਟ ਭਵਿੱਖ ਵਿੱਚ ‘ਸਪੋਕਸਮੈਨ’ ਵੀ ਇੰਡੀਆ ਅਵੈਅਰਨੈਸ ਖਿਲਾਫ ਮੋਰਚਾ ਖੋਲ ਦੇਵੇ। ਇਸ
ਤਰਾਂ ਇਹ ਭਰਾ ਮਾਰੂ ਜੰਗ ਦਾ ਰੂਪ ਧਾਰਨ ਕਰ ਲਵੇਗਾ, ਜੋ ਸਹਿਕਦੀ ਹੋਈ ਲਹਿਰ ਲਈ ‘ਮਾਰੂ’ ਸਾਬਿਤ ਹੋ
ਸਕਦਾ ਹੈ।
ਦੂਜੀ ਗੱਲ, ਇੰਟਰਨੈਟ ਮੀਡੀਆ ਵਿੱਚ ‘ਸਿੱਖ ਮਾਰਗ’ ਵੈਬਸਾਈਟ ਵੀ
ਤੱਤ ਗੁਰਮਤਿ ਲਹਿਰ ਵਿੱਚ ਕਾਫੀ ਯੋਗਦਾਨ ਪਾ ਰਹੀ ਹੈ। ਇਸ ਵੈਬਸਾਈਟ ਤੇ ਉਹਨਾਂ ਚਾਰ ਤੱਤ ਗੁਰਮਤਿ
ਵਿਦਵਾਨਾਂ (ਪ੍ਰੋ. ਗੁਰਮੁਖ ਸਿੰਘ ਜੀ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਕਾਲਾ ਅਫਗਾਨਾ ਜੀ,
ਜੋਗਿੰਦਰ ਸਿੰਘ ਜੀ ਸਪੋਕਸਮੈਨ) ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ, ਜਿਹਨਾਂ ਨਾਲ ਅਕਾਲ ਤਖਤ ਤੇ
ਕਾਬਜ਼ ਪੁਜਾਰੀਆਂ ਨੇ ਧੱਕਾ ਕੀਤਾ।
ਪਿਛਲੇ ਕੁੱਝ ਸਮੇਂ ਵਿੱਚ ਕਾਲਾ ਅਫਗਾਨਾ ਜੀ ਅਤੇ ਉਹਨਾਂ ਦੀਆਂ ਪੁਸਤਕਾਂ
ਪ੍ਰਕਾਸ਼ਿਤ ਕਰਨ ਵਾਲੀ ‘ਤੱਤ ਗੁਰਮਤਿ ਟਕਸਾਲ’ (ਜਾਂ ਅਕਾਲ ਸਹਾਇ ਚੈਰੀਟੇਬਲ ਟ੍ਰਸਟ) ਦੇ ਪ੍ਰਬੰਧਕਾਂ
(ਗੁਰਤੇਜ ਸਿੰਘ ਜੀ ਤੇ ਹੋਰ) ਵਿੱਚ ਮਤਭੇਦ ਪੈਦਾ ਹੋ ਗਏ। ਉਹਨਾਂ ਇੱਕ ਦੁਜੇ ਖਿਲਾਫ ਨਿਜੀ
ਕਮਜ਼ੋਰੀਆਂ ਵਾਲੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਤੇ। ਸ਼ਾਇਦ ਇੱਕ ਧੜੇ ਦਾ ਪ੍ਰਭਾਵ ਕਬੂਲਦਿਆਂ ‘ਸਿੱਖ
ਮਾਰਗ’ ਨੇ ਅਪਣੀ ਵੇਬਸਾਈਟ ਤੋਂ ਕਾਲਾ ਅਫਗਾਨਾ ਜੀ ਦੀ ਤਸਵੀਰ ਕੁੱਝ ਨਿਜੀ ਇਲਜ਼ਾਮ ਲਾਉਂਦੇ ਹੋਏ
ਉਤਾਰ ਲਈ। ਕਹਿਣ ਦਾ ਭਾਵ ਇੱਕ ਤਰੇੜ ਹੋਰ ਵੱਧ ਗਈ।
(ਨੋਟ:- ਇਸ ਬਾਰੇ ਸਾਡਾ ਅੱਜ ਦਾ ਲੇਖ,
‘ਸਿੱਖ ਵਿਦਵਾਨੋ ਹਉਮੈ ਤਿਆਗ ਕੇ ਗੁਰੂ ਅਰਜਨ ਪਾਤਸ਼ਾਹ ਤੋਂ ਸੇਧ ਲਵੋ’ ਪੜ੍ਹੋ-ਸੰਪਾਦਕ)
ਉਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਤੱਤ ਗੁਰਮਤਿ
ਲਹਿਰ ਖੇਰੂੰ-ਖੇਰੂੰ ਹੋਣ ਕੰਡੇ ਪਈ ਲਗਦੀ ਹੈ। ਆਉ ਅੱਗੇ ਉਹਨਾਂ ਸੰਭਾਵਨਾਵਾਂ ਦੀ ਖੁਲ ਕੇ ਗੰਭੀਰ
ਵਿਚਾਰ ਕਰੀਏ, ਜਿਸ ਰਾਹੀਂ ਇਸ ਲਹਿਰ ਨੂੰ ਫੇਰ ਇੱਕ ਵਾਰ ਫੇਰ ਪੱਕੇਂ ਪੈਰੀਂ ਖੜਾ ਕਰਨ ਲਈ ਉੱਦਮ
ਕੀਤਾ ਜਾ ਸਕੇ।
ਹੱਲ: ਹਾਲਾਤ ਵਿੱਚ ਸੁਧਾਰ ਕਿਵੇਂ ਹੋਏ? :
ਇਸ ਸਮੱਸਿਆ ਦਾ ਹੱਲ ਛੂ-ਮੰਤਰ ਕੀਤਿਆਂ ਹੋ ਜਾਵੇ, ਐਸਾ ਸੰਭਵ ਨਹੀਂ। ਇਸ
ਮਨੁੱਖਤਾਵਾਦੀ ਲਹਿਰ ਨਾਲ ਜੁੜਣ ਦੇ ਚਾਹਵਾਨ ਹਰ ਸ਼ਖਸ ਜਾਂ ਜਥੇਬੰਦੀ ਵਿੱਚ ਇਹ ਗੁਣ ਹੋਣੇ ਬਹੁਤ
ਜ਼ਰੂਰੀ ਹਨ।
(ੳ) ਸੁਹਿਰਦਤਾ (ਅ) ਨਿਸ਼ਕਾਮਤਾ (ੲ) ਹੰਕਾਰ ਦਾ ਤਿਆਗ (ਸ) ਸਹਿਣਸ਼ੀਲਤਾ (ਹ)
ਦਲੀਲ (ਕ) ਜਵਾਬਦੇਹੀ ਤੇ ਪਾਰਦਰਸ਼ਿਤਾ (ਖ) ਸਾਂਝੀ ਕਸਵੱਟੀ
(ੳ) ਇਸ ਲਹਿਰ ਨਾਲ ਜੁੜਨ ਦੇ ਚਾਹਵਾਨ ਹਰ ਸ਼ਖਸ ਅਤੇ ਜਥੇਬੰਦੀ
ਕੋਲ ਮਨੁੱਖਤਾ ਦੇ ਭਲੇ ਲਈ ਚਲਾਈ ਜਾ ਰਹੀ ਇਸ ਲਹਿਰ ਪ੍ਰਤੀ ਗੰਭੀਰਤਾ ਅਤੇ ਸੁਹਿਰਦਤਾ
ਹੋਵੇ।
(ਅ) ਨਿਸ਼ਕਾਮਤਾ ਅਤੇ ਇਮਾਨਦਾਰੀ ਹੋਣਾ ਵੀ
ਬੇਹਦ ਜ਼ਰੂਰੀ ਹੈ। ਇਸ ਲਹਿਰ ਨਾਲ ਜੁੜਣ ਦਾ ਮਕਸਦ ਫੋਕੀ ਸ਼ੋਹਰਤ ਜਾਂ ਹੋਰ ਕੋਈ ਦੁਨੀਆਵੀ ਪਦਾਰਥ
(ਧਨ, ਦੌਲਤ ਆਦਿ) ਇਕੱਠੀ ਕਰਨਾ ਨਾ ਹੋਵੇ। ਅਪਣਾ ਮਾਨ ਸਨਮਾਨ ਕਰਵਾਉਣ ਦੀ ਲਾਲਸਾ ਵੀ ਇਸ ਲਹਿਰ ਲਈ
ਮਾਰੂ ਸਾਬਿਤ ਹੋ ਰਹੀ ਹੈ। ਭਾਵ ਹਰ ਕੋਈ ਨਿਸੁਆਰਥ ਹੋ ਕੇ ਲਹਿਰ ਨਾਲ ਤੁਰੇ।
(ੲ) ਹੰਕਾਰ ਦਾ ਜਿਤਨਾ ਹੋ ਸਕੇ ਤਿਆਗ ਵੀ ਇੱਕ ਬਹੁਤ ਵੱਡੀ
ਲੋੜ ਹੈ। ਇਉਂ ਕਹੀਏ ਤਾਂ ਇਹੀ ਸਭ ਤੋਂ ਵੱਡੀ ਲੋੜ ਹੈ। ਇਸ ਭਾਵਨਾ ਨੂੰ ਮਨ ਤੋਂ ਜਿਤਨਾ ਦੂਰ ਰਖਿਆ
ਜਾਵੇ ਉਤਨਾ ਹੀ ਅੱਛਾ ਹੈ ਕਿ ਮੈਂ ਹੀ ਠੀਕ ਹਾਂ, ਮੇਰੇ ਤੋਂ ਉਲਟ ਸੋਚਨ ਵਾਲੇ ਸਾਰੇ ਗਲਤ ਹਨ। ਬਲਕਿ
ਗੁਰਬਾਣੀ ਤਾਂ ਸਾਨੂੰ ਸੇਧ ਦਿੰਦੀ ਹੈ
“ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭ
ਕੋਇ॥
ਜਿਨਿ ਐਸਾ ਕਰ ਬੁਝਿਆ ਮੀਤੁ ਹਮਾਰਾ
ਸੋਇ॥” (ਪੰਨਾ 1364)
ਭਾਵ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਮੈਂ ਵੀ ਗਲਤ ਹੋ ਸਕਦਾ ਹਾਂ। ਇਸੀ
ਭਾਵਨਾ ਦੀ ਕਮੀ ਕਾਰਨ ਲਹਿਰ ਖਿੰਡਦੀ ਜਾ ਰਹੀ ਹੈ।
(ਸ) ਸਹਿਣਸ਼ੀਲਤਾ ਵੀ ਇੱਕ ਬਹੁਤ ਵੱਡਾ ਗੁਣ ਹੈ, ਜਿਸ ਦੀ
ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ। ਅਪਣੀ ਆਲੋਚਣਾ ਸੁਣ ਕੇ ਵੀ ਗੁੱਸੇ ਤੇ ਕਾਬੂ ਰੱਖਣ ਲਈ
‘ਸਹਿਣਸ਼ੀਲਤਾ’ ਦੀ ਬਹੁਤ ਜ਼ਰੂਰਤ ਹੈ। ਇਸ ਪੱਖੋਂ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ:
“ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ, ਨਿੰਦਾ
ਜਨ ਕਉ ਖਰੀ ਪਿਆਰੀ
ਨਿੰਦਾ ਬਾਪ ਨਿੰਦਾ ਮਹਤਾਰੀ॥” (ਪੰਨਾ
339)
ਭਾਵ ਅਪਣੀ ਨਿੰਦਾ, ਆਲੋਚਣਾ ਨੂੰ ਖਿੜੇ ਮੱਥੇ ਸੁਣ ਸਕਣ ਦਾ ਹੀ ਗੁਣ
ਗੁਰਮੁਖਾਂ (ਜ਼ਨ) ਦੀ ਪਹਿਚਾਨ ਹੈ। ਹਰ ਨਿੰਦਾ, ਆਲੋਚਣਾ ਦਾ ਜਵਾਬ ਬਹੁਤ ਹੀ ਠਰੰਮੇ, ਨਿਮਰਤਾ ਅਤੇ
ਦਲੀਲ ਨਾਲ ਦੇਣਾ ਬਣਦਾ ਹੈ। ਪਰ ਸਾਡੇ ਸਾਰਿਆਂ ਵਿੱਚ ਇਸ ਗੁਣ ਦੀ ਵੀ ਵੱਡੀ ਘਾਟ ਹੈ। ਅਸੀਂ ਤਾਂ
ਅਪਣੇ ਨਾਲ ਅਸਹਿਮਤੀ ਜਤਾਉਣ ਨੂੰ ਵੀ ‘ਦੁਸ਼ਮਨ’ ਐਲਾਨਣ ਲਗ ਪੈਂਦੇ ਹਾਂ।
(ਹ) ਦਲੀਲ: ਕਿਸੇ ਵੀ ਵਿਚਾਰਧਾਰਕ ਮਤਭੇਦ ਨੂੰ ਦੂਰ ਕਰਨ ਲਈ ‘ਦਲੀਲ’
ਹੀ ਸਭ ਤੋਂ ਵੱਡਾ ਸਾਧਨ ਹੈ। ਸਿਧਾਂਤਕ ਫੈਸਲੇ ਲੈਂਦੇ ਸਮੇਂ ਦਲੀਲ ਨੂੰ ਹੀ ਸਭ ਤੋਂ ਵੱਧ ਮਾਨਤਾ
ਦੇਣੀ ਬਣਦੀ ਹੈ। ਪਰੰਪਰਾ, ਪੰਥ ਪ੍ਰਵਾਨਿਕਤਾ, ਰਹਿਤ ਮਰਿਯਾਦਾ ਆਦਿ ਦੇ ਨਾਂ ਤੇ ‘ਦਲੀਲ’ ਨੂੰ
ਠੁਕਰਾਨਾ ਬਿਲਕੁਲ ਗਲਤ ਹੈ। ‘ਸਿਧਾਂਤਕ ਦ੍ਰਿੜਤਾ’ ਬਹੁਤ ਜ਼ਰੂਰੀ ਹੈ। ਵਿਚਾਰ ਬਹੁਤ ਸ਼ਾਂਤਮਈ ਮਾਹੌਲ
ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਵੀ ਸ਼ਖਸ ਵਿਚਾਰ ਦੌਰਾਣ ‘ਗੁੱਸੇ’ ਵਿੱਚ ਉੱਚਾ ਉਚਾ ਬੋਲਦਾ ਹੈ,
ਸਮਝ ਲਵੋ ਉਸ ਕੋਲ ਦਲੀਲ ਦੀ ਘਾਟ ਹੈ ਇਸ ਲਈ ਰੌਅਬ ਪਾ ਕੇ ਅਪਣੀ ਗੱਲ ਮਨਵਾਉਣਾ ਚਾਹੁੰਦਾ ਹੈ। ਤੱਤ
ਗੁਰਮਤਿ ਲਹਿਰ ਨਾਲ ਜੁੜੀਆਂ ਵਿਚਾਰਾਂ ਵੇਲੇ ‘ਗੁੱਸਾ ਅਕਲ ਨੂੰ ਖਾ ਜਾਂਦਾ ਹੈ’ ਵਾਕ ਨੂੰ ਜ਼ਹਿਨ
ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।
(ਕ) ਜਵਾਬਦੇਹੀ ਅਤੇ ਪਾਰਦਰਸ਼ਿਤਾ: ਹਰ
ਇਮਾਨਦਾਰ ਸ਼ਖਸ ਅਤੇ ਜਥੇਬੰਦੀ ਪੂਰੀ ਤਰਾਂ ਜਵਾਬਦੇਹ ਅਤੇ ਪਾਰਦਰਸ਼ੀ ਹੁੰਦੀ ਹੈ। ਇਸ ਪੱਖੋਂ ਸੇਧ
ਦਿੰਦਾ ਗੁਰਵਾਕ ਹੈ
“ਰੋਸੁ ਨ ਕੀਜੈ
ਉਤਰੁ ਦੀਜੈ॥” (ਪੰਨਾ 938)
ਭਾਵ ਜੇ ਕੋਈ ਤੁਹਾਡੀ ਆਲੋਚਣਾ ਕਰਦਾ ਹੈ (ਠੀਕ ਭਾਂਵੇ ਗਲਤ) ਤਾਂ ਉਸਦਾ
ਬੁਰਾ ਨਾ ਮਨਾਉ ਬਲਕਿ ਨਿਮਰਤਾ, ਦਲੀਲ ਨਾਲ ਉਸ ਦਾ ਜਵਾਬ ਦੇਵੋ। ਅਪਣੇ ਵਿਰੁਧ ਲਗੇ ਹਰ ਛੋਟੇ ਤੋਂ
ਛੋਟੇ ਦੁਸ਼ਨ ਦਾ ਪੂਰਾ ਪੂਰਾ ਜਵਾਬ ਦੇਣਾ ਇੱਕ ਇਮਾਨਦਾਰ ਸ਼ਖਸ ਜਾਂ ਸੰਸਥਾ ਦਾ ਵੱਡਾ ਗੁਣ ਹੈ।
(ਖ) ਸਾਂਝੀ ਕਸਵੱਟੀ: ਹਰ ਲਹਿਰ ਨੂੰ ਚਲਾਉਣ ਲਈ ‘ਸਾਂਝੀ ਕਸਵੱਟੀ’
ਹੋਣੀ ਚਾਹੀਦੀ ਹੈ, ਜਿਸ ਨੂੰ ਆਧਾਰ ਬਣਾ ਕੇ ਅੱਗੇ ਵਧਿਆ ਜਾ ਸਕੇ। ਇਸ ਲਹਿਰ ਵਾਸਤੇ ਸਾਂਝੀ ਕਸਵੱਟੀ
ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ (ੴ ਤੋਂ ਲੈ ਕੇ ਮਨ ਤਨ ਥੀਵੇ ਹਰਿਆ ਤੱਕ) ਹੋਣੀ ਚਾਹੀਦੀ ਹੈ। ਜੇ
‘ਗੁਰੂ ਗ੍ਰੰਥ ਸਾਹਿਬ ਜੀ’ ਦੇ ਅੰਦਰੂਨੀ ਸਰੂਪ ਬਾਰੇ ਜੇ ਕੋਈ ਨਵੀਂ ਖੋਜ ਸਾਹਮਣੇ ਹੈ ਤਾਂ ਜ਼ਰੂਰੀ
ਹੈ ਕਿ ਆਮ ਸੰਗਤ ਸਾਹਮਣੇ ਲਿਆਉਣ ਤੋਂ ਪਹਿਲਾਂ ਉਸ ਨੂੰ ਵਿਦਵਾਨਾਂ ਦੇ ਪੈਨਲ ਵਿੱਚ ਚੰਗੀ ਤਰਾਂ
ਵਿਚਾਰ ਕੇ ਦਲੀਲ਼ ਆਧਾਰਿਤ ਰਾਇ ਤੇ ਪੁਜ ਲਿਆ ਜਾਵੇ। ਕੁੱਝ ਐਸੀ ਹੀ ਗੱਲ ਗੁਰਮਤਿ ਸਿਧਾਂਤਾਂ ਬਾਰੇ
ਵਿਚਾਰਕ ਮਤਭੇਦਾਂ ਤੇ ਵੀ ਪੂਰੀ ਢੁਕਦੀ ਹੈ।
ਫੌਰਨ ਕੀ ਕੀਤਾ ਜਾਵੇ?
ਫੌਰੀ ਲੋੜ ਹੈ ਕਿ ਇਸ ਏਕਤਾ ਨੂੰ ਬੇਹਦ ਜ਼ਰੂਰੀ ਸਮਝਣ ਵਾਲੇ ਕੁੱਝ ਤੱਤ
ਗੁਰਮਤਿ ਨਾਲ ਜੁੜੇ ਸ਼ਖਸ ਇੱਕ ਸ਼ੁਰੂਆਤੀ ‘ਤਾਲਮੇਲ ਕਮੇਟੀ’ ਬਣਾਉਣ। ਜੇ ਕੋਈ ਚਾਹੇ ਤਾਂ ਉਹ ਪਹਿਲ ਕਰ
ਸਕਦਾ ਹੈ। ਤੱਤ ਗੁਰਮਤਿ ਪਰਿਵਾਰ ਵੀ ਇਸ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਹੈ, ਜੇ ਸਭ ਠੀਕ ਸਮਝਣ।
ਇਹ ਤਾਲਮੇਲ ਕਮੇਟੀ ਨਿਕੱਟ ਭਵਿੱਖ ਵਿੱਚ ਵਿੱਚ ਦੋ-ਤਿੰਨ ਦਾ ਪ੍ਰੋਗਰਾਮ ਨਿਸ਼ਚਿਤ ਕਰਕੇ ਇੱਕ ਇਜਲਾਸ
(ਉਸਨੂੰ ਢੁਕਵਾਂ ਨਾਮ ਦਿਤਾ ਜਾ ਸਕਦਾ ਹੈ) ਬੁਲਾਵੇ। ਇਸ ਪ੍ਰੋਗਰਾਮ ਬਾਰੇ ਸਾਰਿਆਂ ਨੂੰ (ਜਿਹਨਾਂ
ਨੂੰ ਸੱਦਾ ਦੇਣਾ ਹੈ) ਕਾਫੀ ਸਮਾਂ ਪਹਿਲਾਂ ਹੀ ਦੱਸ ਦਿਤਾ ਜਾਵੇ ਤਾਂ ਕਿ ਸਾਰੇ ਅਪਨਾ ਸਮਾਂ ਐਡਜੈਸਟ
ਕਰ ਲੈਣ। ਇਸ ਵਿੱਚ ਖੁੱਲੇ ਦਿਲ ਨਾਲ ਤੱਤ ਗੁਰਮਤਿ ਲਹਿਰ ਨਾਲ ਜੁੜੀਆਂ ਰਹੀਆਂ ਸਾਰੀਆਂ ਜਥੇਬੰਦੀਆਂ
(ਸਮੇਤ ਮਿਸ਼ਨਰੀ ਕਾਲਜਾਂ ਦੇ) ਨੂੰ ਅਪਣੇ 2-3 ਪ੍ਰਤੀਨਿਧੀ ਭੇਜਣ ਲਈ ਬੇਨਤੀ ਕੀਤੀ ਜਾਵੇ। ਉਹਨਾਂ
ਨੂੰ ਅਪਣੇ ਸ਼ਾਮਿਲ ਹੋਣ ਦੀ ਪ੍ਰਵਾਨਗੀ (ਸਮੇਤ ਸੁਝਾਆਂ ਦੇ) ਲਿਖਤੀ ਰੂਪ ਵਿੱਚ ਅਗਾਉਂ ਭੇਜਣ ਲਈ
ਬੇਨਤੀ ਕੀਤੀ ਜਾਵੇ। ਜੋ ਵੀਰ/ਭੈਣ ਵਿਅਕਤੀਗਤ
(Individual)
ਤੌਰ ਤੇ ਇਸ ਲਹਿਰ ਜੁੜੇ ਰਹੇ ਹਨ, ਉਹਨਾਂ ਨੂੰ ਵੀ ਖੁੱਲਾ ਸੱਦਾ ਦਿਤਾ ਜਾਵੇ। ਹੋਰ ਕੋਈ ਜੋ ਅਪਣੇ
ਤੌਰ ਤੇ ਆਉਣਾ ਚਾਹੇ, ਉਹ ਆ ਸਕਦਾ ਹੈ। ਇਸ ਮਿਲਣੀ ਲਈ ਪੁਜਾਰੀ ਸ਼੍ਰੇਣੀ (ਅਖੌਤੀ ਜਥੇਦਾਰ, ਸਿੰਘ
ਸਾਹਿਬ ਆਦਿ), ਸੰਪਰਦਾਈ (ਅਖੌਤੀ ਸੰਤ ਬਾਬੇ, ਡੇਰੇਦਾਰ), ਗੁਰਦਵਾਰਾ ਕਮੇਟੀਆਂ (ਸ਼੍ਰੋਮਣੀ ਕਮੇਟੀ,
ਦਿਲੀ ਕਮੇਟੀ ਆਦਿ) ਅਤੇ ਰਾਜਨੀਤਕ ਦਲਾਂ ਨੂੰ ਬਿਲਕੁਲ ਸੱਦਾ ਨਾ ਦਿਤਾ ਜਾਵੇ। ਹਾਂ, ਜੇ ਇਹਨਾਂ
ਸੰਸਥਾਵਾਂ ਨਾਲ ਜੁੜਿਆ ਕੋਈ ਤੱਤ ਗੁਰਮਤਿ ਵਾਲੀ ਸੋਚ ਦਾ ਸ਼ਖਸ ਅਪਣੇ ਪੱਧਰ
(Individual) ਇਸ
ਵਿਚ ਸ਼ਾਮਿਲ ਹੋਣਾ ਚਾਹੇ ਤਾਂ ਕੋਈ ਹਰਜ ਨਹੀਂ।
ਹੋਰ ਲੌਂੜੀਂਦੀਆਂ ਸ਼ਰਤਾਂ ਵੀ ਵਿਚਾਰੀਆਂ ਜਾ ਸਕਦੀਆਂ ਹਨ। ਪਰ ਇਜਲਾਸ ਵਿੱਚ ਉਹੀ ਸ਼ਾਮਿਲ ਹੋਵੇ ਜੋ
ਅਪਣੇ ਆਪ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਮੰਨਦਾ ਹੋਵੇ (ਦਸਮ ਗ੍ਰੰਥ ਨੂੰ
ਨਹੀਂ)।
ਇਸ ਇਜਲਾਸ ਵਿੱਚ ਪਹੁੰਚਣ ਵਾਲਿਆਂ ਨੂੰ ਇਹ ਸੁਣੇਹਾ ਅਗਾਉਂ ਭੇਜ ਦਿਤਾ ਜਾਵੇ
ਕਿ “ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ
ਮੁਹਡੜਾ” (ਪੰਨਾ 1096) ਅਨੁਸਾਰ ਉਹ ਅਪਣੇ ਸਾਰੇ ਪਿਛਲੇ ਸਾਰੇ ਗਿਲੇ ਸ਼ਿਕਵੇ,
ਵੈਰ ਵਿਰੋਧ ਮਨ ਵਿਚੋਂ ਕੱਢ ਕੇ, ਸਾਫ ਮਨ ਨਾਲ ਇਜਲਾਸ ਵਿੱਚ ‘ਨਵੇ ਨਰੋਏ’ ਹੋ ਕੇ ‘ਗੁਰ ਭਾਈ’ ਦੇ
ਤੌਰ ਤੇ ਆਵਣ। ਇਜਲਾਸ ਵਿੱਚ ਵਿਚਾਰ ਚਰਚਾ ਦੌਰਾਣ ਇਹ ਖਾਸ ਹਿਦਾਇਤ ਜਾਰੀ ਕੀਤੀ ਜਾਵੇ ਕਿ ਕੋਈ ਵੀ
ਵਿਚਾਰ ਦੌਰਾਨ ਅਪਣੇ ਗਿਲੇ ਸ਼ਿਕਵੇ ਸਾਹਮਣੇ ਨਹੀਂ ਰੱਖੇਗਾ। ਨਾ ਹੀ ਅਪਣੀਆਂ ਆਪਬੀਤੀਆਂ ਸੁਣਾ ਕਿ
ਇਜਲਾਸ ਦਾ ਕੀਮਤੀ ਸਮਾਂ ਬਰਬਾਦ ਕਰੇਗਾ। ਜੋ ਵੀ ਬੋਲੇਗਾ, ਸਿਰਫ ਭਵਿੱਖਮੁਖੀ ਹੋ ਕੇ, ਵਿਚਾਰੇ ਜਾ
ਰਹੇ ਵਿਸ਼ਿਆਂ ਤੇ ਹੀ ਬੋਲੇਗਾ।
ਇਸ ਇਜਲਾਸ ਦਾ ਮੁਖ ਮਕਸਦ ਹੇਠ
ਲਿਖੇ ਫੈਸਲੇ ਲੈਣਾ ਹੋਵੇਗਾ:
(ੳ) ਛੱਤਰੀ
(Umbrella)
ਪੈਨਲ ਜਾਂ ਜਥੇਬੰਦੀ ਦਾ ਗਠਨ
(ਅ) ਵਿਦਵਾਨਾਂ ਦੇ ਪੈਨਲ ਦਾ ਗਠਨ
(ੲ) ਮਾਹਿਰਾਂ ਦਾ ਪੈਨਲ
(ਸ) ਨਿਯੁਕਤੀ ਪੈਨਲ
(ੳ) ਛੱਤਰੀ
(Umbrella)
ਪੈਨਲ ਜਾਂ ਜਥੇਬੰਦੀ ਦਾ
ਗਠਨ: ਇਸ ਇਜਲਾਸ ਵਿੱਚ ਤਿੰਨ ਤੋਂ
ਲੈ ਕੇ ਸੱਤ ਦੇ ਵਿੱਚ ਗਿਣਤੀ ਦੇ ਤੱਤ ਗੁਰਮਤਿ ਦੀ ਜਾਨਕਾਰੀ ਵਾਲੇ ਨਿਸ਼ਕਾਮ ਪੰਥਦਰਦੀਆਂ ਦਾ ਇੱਕ
ਛੱਤਰੀ (Umbrella)
ਪੈਨਲ ਬਣਾਇਆ ਜਾਵੇ। ਇਹ ਸਾਰੀਆਂ ਤੱਤ ਗੁਰਮਤਿ ਲਹਿਰ ਨਾਲ ਜੁੜੀਆਂ ਸੰਸਥਾਵਾਂ ਲਈ ਇੱਕ ਨਿਯੰਤਰਕ
(Controller) ਦਾ
ਕੰਮ ਕਰੇਗਾ। ਇਹ ਸਾਰੀਆਂ ਸੰਸਥਾਵਾਂ ਇਸ ਪੈਨਲ ਕੌਲ ਰਜਿਸਟਰੇਸ਼ਨ ਕਰਵਾਉਣ। ਇਹ ਪੈਨਲ ਉਹਨਾਂ ਸਾਰਿਆਂ
ਦੀ ਗਤੀਵਿਧੀਆਂ ਉਪਰ ਨਜ਼ਰ ਰਖੇਗਾ ਅਤੇ ਆਪਸੀ ਮਤਭੇਦ ਨਿਪਟਾਉਣ ਵਿੱਚ ਸਹਾਇਤਾ ਕਰੇਗਾ। ਵਿਅਕਤੀਗਤ
ਤੌਰ ਤੇ ਕੰਮ ਕਰਨ ਵਾਲੇ ਸ਼ਖਸ ਵੀ ਇਸ ਪੈਨਲ ਕੌਲ ਅਪਣੀ ਜਾਣਕਾਰੀ ਜਮਾਂ ਕਰਵਾਉਣ। ਇਸ ਜਾਣਕਾਰੀ
ਆਧਾਰਿਤ ਇੱਕ ਡਾਇਰੈਕਟਰੀ ਤਿਆਰ ਕੀਤੀ ਜਾਵੇ। ਇਸ ਪੈਨਲ ਨਾਲ ਜੁੜਨ ਵਾਲੀਆਂ ਸੰਸਥਾਵਾਂ ਅਤੇ
ਵਿਅਕਤੀਆਂ ਨੂੰ ਹੇਠ ਲਿਖੇ ਅਨੁਸਾਰ ਸੇਧਾਂ ਦਿਤੀਆਂ ਜਾਵਣ:
1. ਜੇ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਹੋਰ ਕਿਸੇ ਸ਼ਖਸ ਜਾਂ ਜਥੇਬੰਦੀ ਬਾਰੇ
ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸ਼ਿਕਾਇਤ ਜਾਂ ਆਲੋਚਣਾ ਨੂੰ ਲਿਖਤੀ ਰੂਪ ਵਿੱਚ ਉਸ ਵਿਅਕਤੀ ਜਾਂ ਸੰਸਥਾ
ਤੱਕ ਪਹੁੰਚਾਵੇ ਜਿਸ ਬਾਰੇ ਸ਼ਿਕਾਇਤ ਹੈ। ਇਸ ਸ਼ਿਕਾਇਤ ਦੀ ਇੱਕ ਪ੍ਰਤੀ
(Copy) ਛੱਤਰੀ ਪੈਨਲ ਦੇ ਦਫਤਰ ਨੂੰ ਵੀ ਭੇਜੀ
ਜਾਵੇ। ਹਰ ਸੰਸਥਾ ਜਾਂ ਵਿਅਕਤੀ ਵਲੋਂ ਇੱਕ ਨਿਸ਼ਚਿਤ ਸਮੇਂ (1 ਜਾਂ 2 ਮਹੀਨੇ) ਦੇ ਅੰਦਰ ਅੰਦਰ ਅਪਣੇ
ਪ੍ਰਤੀ ਕੀਤੀ ਸ਼ਿਕਾਇਤ ਦਾ ਜਵਾਬ ਜਾਂ ਸਪਸ਼ਟੀਕਰਨ ਸ਼ਿਕਾਇਤਕਰਤਾ ਨੂੰ ਭੇਜਿਆ ਜਾਵੇ। ਇਸ ਦੀ ਇੱਕ
ਪ੍ਰਤੀ ਪੈਨਲ ਨੂੰ ਵੀ ਭੇਜੀ ਜਾਵੇ। ਜੇ ਨਿਸ਼ਚਿਤ ਸਮੇਂ ਤੱਕ ਜਵਾਬ ਨਹੀਂ ਆਉਂਦਾ ਤਾਂ ਉਸ ਬਾਰੇ ਕੀ
ਕਾਰਵਾਈ ਕਰਨੀ ਹੈ, ਪੈਨਲ ਤੈਅ ਕਰੇਗਾ। ਕੋਈ ਵੀ ਆਲੋਚਣਾ ਜਾਂ ਸ਼ਿਕਾਇਤ ਸਿੱਧੀ ਮੀਡੀਆ ਵਿੱਚ ਨਾ
ਆਵੇ। ਤਾਂ ਕਿ ਭਰਾ ਮਾਰੂ ਜੰਗ ਤੋਂ ਬੱਚਿਆ ਜਾ ਸਕੇ।
2. ਕੁਝ ਸਿਧਾਂਤਕ ਮੁਦਿਆਂ ਬਾਰੇ ਤੱਤ ਗੁਰਮਤਿ ਵਿਦਵਾਨਾਂ ਵੀ ਆਪਸ ਵਿੱਚ
ਪੂਰੀ ਸਹਿਮਤੀ ਨਹੀਂ ਜਿਵੇਂ ‘ਆਵਾਗਵਨ’ ਦੀ ਵਿਆਖਿਆ ਬਾਰੇ। ਐਸੇ ਵਿਸ਼ਿਆਂ ਬਾਰੇ ਵਿਦਵਾਨਾਂ ਦੇ ਪੈਨਲ
ਵਲੋਂ ਜਲਦ ਤੋਂ ਜਲਦ ਫੈਸਲਾ ਕਰਵਾਇਆ ਜਾਵੇ ਤਾਂ ਹੀ ਸੰਗਤ ਵਿੱਚ ਪ੍ਰਚਾਰਿਆ ਜਾਵੇ।
3. ਹਰ ਜਥੇਬੰਦੀ ਸਾਲ ਵਿੱਚ ਇੱਕ ਵਾਰ ਅਪਣੇ ਆਰਥਿਕ ਲੇਖੇ ਜੋਖੇ ਦੀ ਪ੍ਰਤੀ
(Copy) ਪੈਨਲ ਕੌਲ
ਪੇਸ਼ ਕਰੇ ਤਾਂ ਕਿ ਪਾਰਦਰਸ਼ਿਤਾ ਬਣੀ ਰਹੇ।
4. ਪੈਨਲ ਨਾਲ ਸੰਬੰਧਿਤ ਆਰਥਿਕ ਖਰਚਿਆਂ ਲਈ ਇਸ ਹੇਠ ਆਉਣ ਵਾਲੀਆਂ ਸਾਰੀਆਂ
ਜਥੇਬੰਦੀਆਂ ਦੇ ਨਿਯਮਿਤ ਸਹਿਯੋਗ ਨਾਲ ਇੱਕ ‘ਕੋਸ਼’
(Fund)
ਕਾਇਮ ਕੀਤਾ ਜਾਵੇ।
5. ਇਸ ਪੈਨਲ ਦੇ ਮੈਂਬਰ ਨਿਸ਼ਕਾਮ ਸੇਵਾ ਕਰਨਗੇ। ਉਹਨਾਂ ਦੀ ਨਿਯੁਕਤੀ ਤੇ
ਅਧਿਕਾਰਾਂ ਆਦਿ ਬਾਰੇ ਨਿਯਮ ਅਤੇ ਸ਼ਰਤਾਂ ਇਜਲਾਸ ਵਿੱਚ ਹੀ ਤੈਅ ਕੀਤੀਆਂ ਜਾਵਨ।
6. ਇਸ ਪੈਨਲ ਵਿੱਚ ਸ਼ਾਮਿਲ ਕੋਈ ਵੀ ਵਿਅਕਤੀ, ਉਸ ਸਮੇਂ ਦੌਰਾਣ, ਕਿਸੇ ਹੋਰ
ਜਥੇਬੰਦੀ ਦਾ ਮੈਂਬਰ ਨਹੀਂ ਰਹਿ ਸਕੇਗਾ।
7. (ਅ) ਵਿਦਵਾਨਾਂ ਦਾ ਪੈਨਲ: ਇਸ ਪੈਨਲ ਦੀ
ਸਹਾਇਤਾ ਲਈ 3-7 ਤੱਤ ਗੁਰਮਤਿ ਵਿਦਵਾਨਾਂ ਦਾ ਇੱਕ ਪੈਨਲ ਬਣਾਇਆ ਜਾਵੇ। ਸਿਧਾਂਤਕ ਵਿਸ਼ਿਆ ਤੇ ਇਹ
ਛੱਤਰੀ ਪੈਂਨਲ ਦੀ ਸਹਾਇਤਾ ਕਰੇ। ਨਾਲ ਹੀ ਤੱਤ ਗੁਰਮਤਿ ਬਾਰੇ ਕਿਸੇ ਵੀ ਸੰਸਥਾ ਜਾਂ ਵਿਅਕਤੀ ਵਲੋਂ
ਕੋਈ ਵੀ ਪੁਸਤਕ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਖਰੜਾ ਇਸ ਪੈਨਲ ਨੂੰ ਭੇਜਿਆ ਜਾਵੇ ਤਾਂ ਕਿ ਕੋਈ ਵੀ
ਗਲਤ ਗੱਲ ਸੰਗਤਾਂ ਸਾਹਮਣੇ ਆਉਣ ਤੋਂ ਰੋਕੀ ਜਾ ਸਕੇ।
(ੲ) ਮਾਹਿਰਾਂ ਦਾ ਪੈਨਲ: ਛੱਤਰੀ ਪੈਨਲ ਦੀ
ਸਹਾਇਤਾ ਲਈ ਵੱਖ ਵੱਖ ਖੇਤਰਾਂ ਦੇ ਮਾਹਿਰ ਨਿਸ਼ਕਾਮ ਪੰਥਦਰਦੀਆਂ ਦਾ ਇੱਕ ਪੈਨਲ ਬਣਾਇਆ ਜਾਵੇ। ਇਸ
ਵਿੱਚ ਗਿਣਤੀ 10 ਤੋਂ 20 ਦੇ ਵਿੱਚ ਰੱਖੀ ਜਾਵੇ। ਉਹ ਵੱਖ-ਵੱਖ ਵਿਸ਼ਿਆਂ ਤੇ ਛੱਤਰੀ ਪੈਨਲ ਨੂੰ ਸਲਾਹ
ਦੇਵੇਗਾ।
(ਸ) ਨਿਯੁਕਤੀ ਪੈਨਲ: ਉਪਰ ਦਿਤੇ ਸਾਰੇ
ਪੈਨਲਾਂ ਦੇ ਗਠਨ ਵਾਸਤੇ ਇੱਕ ‘ਨਿਯੁਕਤੀ ਪੈਨਲ’ ਗਠਿਤ ਕੀਤਾ ਜਾਵੇ। ਇਸ ਪੈਨਲ ਵਿੱਚ ਨਾਲ ਜੁੜਣ
ਵਾਲੀ ਹਰਿ ਸੰਸਥਾ ਵਿਚੋਂ 2-2 ਮੈਂਬਰ ਲਏ ਜਾਣ। ਵਿਅਕਤੀਗਤ ਤੌਰ ਤੇ ਸਰਗਰਮ ਵਿਅਕਤੀ ਵੀ ਇਸ ਦੇ
ਮੈਂਬਰ ਬਣ ਸਕਦੇ ਹਨ। ਇਸ ਪੈਨਲ ਵਿੱਚ ਗਿਣਤੀ 30 ਤੋਂ 100 ਜਾਂ ਵੱਧ ਹੋ ਸਕਦੀ ਹੈ। ਇਸ ਪੈਨਲ ਨੂੰ
‘ਰਾਜਸਭਾ’ ਦੀ ਤਰਜ ਦਾ ਬਣਾਇਆ ਜਾਵੇ ਜਿਸਦਾ ਪੂਰਨ ਵਿਘਟਨ ਕਦੀ ਨਾ ਹੋਵੇ ਬਲਕਿ ਕੁੱਝ ਨਿਸ਼ਚਿਤ ਸਮੇਂ
ਬਾਅਦ ਮੈਂਬਰ ਬਦਲਦੇ ਰਹਿਣ। ਕੋਈ ਸੰਸਥਾ ਜਦੋਂ ਵੀ ਚਾਹੇ ਅਪਣੇ ਪ੍ਰਤੀਨਿਧੀ ਬਦਲ ਸਕਦੀ ਹੈ।
ਇਸ ਸੰਬੰਧੀ ਹੋਰ ਢੁਕਵੀਆਂ ਵਿਚਾਰਾਂ ਸਮੇਂ ਨਾਲ ਕੀਤੀਆਂ ਜਾ ਸਕਦੀਆਂ ਹਨ।
ਇਹ ਤਾਂ ਸਿਰਫ ਮੁਢਲੀ ਰੁਪਰੇਖਾ ਵਿਚਾਰ ਵਾਸਤੇ ਰੱਖੀ ਹੈ। ਪਰ ਫੌਰੀ ਲੋੜ ਹੈ ਕਿ ਇਸ ਪਾਸੇ ਵੱਲ ਇੱਕ
ਦਮ ਕਦਮ ਪੁਟਿਆ ਜਾਵੇ। ਤਾਂ ਹੀ ਇਸ ਖਿੰਡਦੀ-ਪੁੰਡਦੀ, ਬੇਮੁਹਾਰਾ ਹੁੰਦੀ ਜਾ ਰਹੀ ਤੱਤ ਗੁਰਮਤਿ
ਲਹਿਰ ਨੂੰ ਪੱਕੇ ਪੈਂਰੀ ਖੜਾ ਕਰਨ ਦਾ ਬਾਣਨੂੰ ਬੰਨ੍ਹਿਆ ਜਾ ਸਕੇਗਾ। ਆਸ ਹੈ ਤੱਤ ਗੁਰਮਤਿ ਲਹਿਰ
ਨਾਲ ਸੰਬੰਧਿਤ ਸਾਰੇ ਪੰਥਦਰਦੀ ਇਸ ਨਿਸ਼ਕਾਮ ਅਪੀਲ ਨੂੰ ਸੁਹਿਰਦ ਹੂੰਗਾਰਾ ਦੇ ਕੇ ਅਗਲੀ ਕਾਰਵਾਈ ਲਈ
ਅਪਣੇ ਕੀਮਤੀ ਸੁਝਾਵਾਂ ਸਮੇਤ ਜਲਦੀ ਹੇਠ ਲਿਖੇ ਪਤੇ ਤੇ ਸੰਪਰਕ ਕਰਨਗੇ।
ਤੱਤ ਗੁਰਮਤਿ ਪਰਿਵਾਰ
TATT GRUMAT PARIVAR
C/O FUTRUE PACK HIGHER SECONDARY SCHOOL
NEAR ARIPROT, UPPER GADIGARH,
JAMMU (J&K)
ਸੰਪਰਕ: 09419126791, 09417440779, 09815971601