. |
|
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਧਰਮਰਾਜ-ਰੱਬੀ ਨਿਯਮਾਵਲੀ
ਭਾਗ ਚੌਥਾ
ਮ੍ਰਿਤਕ ਸੰਸਕਾਰਾਂ `ਤੇ ਮੌਕਿਆ `ਤੇ ਜੋ ਸ਼ਬਦ ਪੜ੍ਹੇ ਜਾਂਦੇ ਹਨ ਉਹਨਾਂ
ਵਿਚੋਂ ਇੱਕ ਸ਼ਬਦ ਮਾਰੂ ਰਾਗ ਵਿੱਚ ਕਬੀਰ ਸਾਹਿਬ ਜੀ ਦਾ ੳੇਚਾਰਣ ਕੀਤਾ ਹੋਇਆ ਹੈ ਜਿਸ ਵਿੱਚ ਵਰਤਮਾਨ
ਜੀਵਨ ਦੀ ਸਥਿੱਤੀ `ਤੇ ਵਿਚਾਰ ਕੀਤਾ ਗਿਆ ਹੈ ਪਰ ਅਸੀਂ ਇਸ ਸ਼ਬਦ ਨੂੰ ਮਰਣ ਦੇ ਉਪਰੰਤ ਦੀ ਭਾਵਨਾ
ਨੂੰ ਲੈ ਕੇ ਪਰਚਾਰ ਕਰ ਰਹੇ ਹਾਂ ਕਿ ਜਿਵੇਂ ਜ਼ਮੀਨ ਦੇ ਤਲ਼ `ਤੇ ਕੋਈ ਵੱਖਰਾ ਦੇਸ਼ ਹੈ ਜਿੱਥੇ ਰੱਬ ਜੀ
ਤੇ ਉਸ ਦੇ ਕਰਿੰਦੇ ਧਰਮਰਾਜ, ਚਿੱਤਰ-ਗੁਪਤ, ਜਮ ਆਦਿ ਦੀ ਕਹਿਚਰੀ ਹੁੰਦੀ ਹੈ। ਧਰਮਰਾਜ ਆਪਣੀ
ਕਹਿਚਰੀ ਲਾ ਕੇ ਬੈਠਾ ਹੋਇਆ ਹੈ ਤੇ ਵੱਖ ਵੱਖ ਮੁਲਕਾਂ ਦੇ ਲੋਕ ਧੜਾ ਧੜ ਜਾ ਰਹੇ ਹਨ। ਚਿੱਤਰ-ਗੁਪਤ
ਧਰਮਰਾਜ ਨੂੰ ਸਾਰੀ ਰਿਪੋਰਟ ਦੇਂਦੇ ਹਨ ਕਿ ਇਸ ਬੰਦੇ ਨੇ ਇਹ ਮਾੜਾ ਕਰਮ ਕੀਤਾ ਹੈ ਤੇ ਇਹ ਚੰਗਾ ਕਰਮ
ਕੀਤਾ ਹੋਇਆ ਹੈ। ਇਹਨਾਂ ਕਰਮਾਂ ਦੇ ਅਧਾਰਤ ਹੀ ਇਹ ਨਿਹਸਚਤ ਕੀਤਾ ਜਾਂਦਾ ਹੈ ਕਿ ਇਸ ਨੂੰ ਹੁਣ ਕੋਈ
ਨਵਾਂ ਮਨੁੱਖਾ ਜਨਮ ਦੇਣਾ ਹੈ ਜਾਂ ਕਿਸੇ ਹੋਰ ਜੂਨ ਵਿੱਚ ਭੇਜਣਾ ਹੈ। ਧਰਮ ਦੇ ਪੁਜਾਰੀਆਂ ਦੁਆਰਾ
ਅਜੇਹੇ ਡਰਾਉਣੇ ਸੀਨ ਖਿੱਚ ਕੇ ਜਨ-ਸਧਾਰਨ ਲੁਕਾਈ ਨੂੰ ਬਹੁਤ ਡਰਾਇਆ ਗਿਆ ਹੈ। ਗੁਰਮਤ ਦੀ ਵਿਲੱਖਣਤਾ
ਹੈ ਕਿ ਇਸ ਨੇ ਹੱਥਲੇ ਜੀਵਨ ਦੇ ਵਿੱਚ ਹੀ ਵਿਵਹਾਰਕ ਤੌਰ `ਤੇ ਜ਼ਿੰਦਗੀ ਜਿਉਣ ਨੂੰ ਤਰਜੀਹ ਦਿੱਤੀ
ਹੈ। ਪੂਰੇ ਸ਼ਬਦ ਦੀ ਵਿਚਾਰ ਹੇਠਾਂ ਅੰਕਤ ਹੈ----
ਰਾਮੁ ਸਿਮਰੁ, ਪਛੁਤਾਹਿਗਾ ਮਨ॥
ਪਾਪੀ ਜੀਅਰਾ ਲੋਭੁ ਕਰਤੁ ਹੈ, ਆਜੁ ਕਾਲਿ ਉਠਿ ਜਾਹਿਗਾ॥ 1॥ ਰਹਾਉ॥
ਲਾਲਚ ਲਾਗੇ ਜਨਮੁ ਗਵਾਇਆ, ਮਾਇਆ ਭਰਮ ਭੁਲਾਹਿਗਾ॥
ਧਨ ਜੋਬਨ ਕਾ ਗਰਬੁ ਨ ਕੀਜੈ, ਕਾਗਦ ਜਿਉ ਗਲਿ ਜਾਹਿਗਾ॥ 1॥
ਜਉ ਜਮੁ ਆਇ ਕੇਸ ਗਹਿ ਪਟਕੈ, ਤਾ ਦਿਨ ਕਿਛੁ ਨ ਬਸਾਹਿਗਾ॥
ਸਿਮਰਨੁ ਭਜਨੁ ਦਇਆ ਨਹੀ ਕੀਨੀ, ਤਉ ਮੁਖਿ ਚੋਟਾ ਖਾਹਿਗਾ॥ 2॥
ਧਰਮ ਰਾਇ ਜਬ ਲੇਖਾ ਮਾਗੈ, ਕਿਆ ਮੁਖੁ ਲੈ ਕੈ ਜਾਹਿਗਾ॥
ਕਹਤੁ ਕਬੀਰੁ ਸੁਨਹੁ ਰੇ ਸੰਤਹੁ, ਸਾਧ ਸੰਗਤਿ ਤਰਿ ਜਾਂਹਿਗਾ॥
ਰਾਗ ਮਾਰੂ ਬਾਣੀ ਕਬੀਰ ਜੀ ਕੀ ਪੰਨਾ ੧੧੦੬
ਹੇ ਮਨ !
(ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਭਾਵ ਰੱਬੀ ਗੁਣਾਂ ਦੇ ਸੰਭਾਲ਼ ਕਰਨ ਦਾ, (ਨਹੀਂ ਤਾਂ ਸਮਾ
ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ ।
ਵਿਕਾਰਾਂ ਵਿੱਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ
ਦਿਨਾਂ ਵਿੱਚ (ਇਹ ਸਭ ਕੁੱਝ ਛੱਡ ਕੇ ਇੱਥੋਂ) ਤੁਰ ਜਾਏਂਗਾ ।
1. ਰਹਾਉ
ਹੇ ਮਨ !
ਤੂੰ ਲਾਲਚ ਵਿੱਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿੱਚ ਖੁੰਝਿਆ ਫਿਰਦਾ ਹੈਂ ।
ਨਾ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਇਹ ਆਤਮਕ ਮੌਤ ਹੈ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ।
ਹੇ ਮਨ !
ਜਦੋਂ ਜਮ (ਵਿਕਾਰਾਂ) ਨੇ ਆ ਕੇ ਕੇਸਾਂ (ਤੇਰੀਆਂ ਮਾਨਸਕ ਕੰਮਜ਼ੋਰੀਆਂ) ਤੋਂ ਫੜ ਕੇ ਤੈਨੂੰ ਭੁੰਝੇ
ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ ।
ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ (ਗੁਰ-ਗਿਆਨ, ਆਤਮਕ ਉਪਦੇਸ਼ ਨਹੀਂ ਲਿਆ), ਤੂੰ ਦਇਆ ਨਹੀਂ ਪਾਲਦਾ,
ਇਹ ਤੇਰੀ ਆਤਮਕ ਮੌਤ ਹੈ ਜੋ ਹਰ ਵੇਲੇ ਦੁੱਖ ਦੇਂਦੀ ਹੈ।
2
ਹੇ ਮਨ !
ਜਦੋਂ ਧਰਮਰਾਜ ਨੇ (ਵਰਤਮਾਨ ਜੀਵਨ) ਵਿੱਚ ਹੀ (ਤੈਥੋਂ ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ
ਮੰਗਿਆ, ਤਾਂ ਸੱਚ ਦੇ ਸਾਹਮਣੇ ਕੀਹ ਮੂੰਹ ਲੈ ਕੇ ਦੇ ਖੜਾ ਹੋਵੇਂਗਾ ?
ਕਬੀਰ ਆਖਦਾ ਹੈ—ਹੇ ਸੰਤ ਜਨੋ !
ਸੁਣੋ, ਸਾਧ-ਸੰਗਤ ਵਿੱਚ ਰਹਿ ਕੇ ਭਾਵ ਗੁਰ ਉਪਦੇਸ਼ ਨੂੰ ਲੈ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ
ਲੰਘੀਦਾ ਹੈ।
ਵਿਚਾਰ ਤਥਾ ਭਾਵ ਅਰਥ--- ਐ ਮਨੁੱਖ! ਤੇਰੇ ਪਾਸ ਅੱਜ ਦਾ ਵਕਤ ਹੈ ਜੋ ਅਜਾਂਈ
ਗਵਾਚਦਾ ਜਾ ਰਿਹਾ ਹੈ – “ਆਜੁ
ਕਾਲਿ ਉਠਿ ਜਾਹਿਗਾ” ਕਿਉਂਕਿ ਦੋ ਸੋਚਾਂ ਪਾਪ ਤੇ
ਲੋਭ ਦੇ ਵਿੱਚ ਜ਼ਿੰਦਗੀ ਲੰਘ ਰਹੀ ਹੈ –
“ਪਾਪੀ ਜੀਅਰਾ
ਲੋਭੁ ਕਰਤੁ ਹੈ”, ਇਸ ਲਈ ਸਮਾਂ ਹੈ ਕੁੱਝ ਕਰਨ ਦਾ
ਜਾਂ ਆਪਣੀ ਜ਼ਿਮੇਵਾਰੀ ਨੂੰ ਸਮਝਣ ਦਾ ਜਿਸ ਦਾ ਨਿਸ਼ਾਨਾ—
“ਰਾਮੁ ਸਿਮਰੁ, ਪਛੁਤਾਹਿਗਾ ਮਨ” ਰੱਖਿਆ ਹੈ। ਇੱਕ
ਵਿਦਿਆਰਥੀ ਦਾ ਨਾਮ ਨਾ ਸਿਮਰਨਾ ਤੇ ਫਿਰ ਪਛਤਾਉਣਾ ਭਾਵ ਉਸ ਨੇ ਸਾਰਾ ਸਾਲ ਸਕੂਲ ਦੀ ਪੜ੍ਹਾਈ ਵਲ
ਧਿਆਨ ਨਹੀਂ ਦਿੱਤਾ, ਨਤੀਜਾ ਆਉਣ ਤੇ ਸਵਾਏ ਝੂਰਨ ਦੇ ਹੋਰ ਉਸ ਪਾਸ ਕੁੱਝ ਵੀ ਨਹੀਂ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਲਾਲਚ ਦੀ ਬਿਰਤੀ, ਵਿਕਾਰਾਂ ਰੂਪੀ ਮਾਇਆ ਦਾ ਭਰਮ
ਤੇ ਜਵਾਨੀ ਦਾ ਹੰਕਾਰ ਵਾਲੇ ਜੀਵਨ ਦੀ ਕੀਮਤ ਇੰਜ ਗਵਾਉਂਦਾ ਹੈ ਜਿਵੇਂ ਕਾਗਜ਼ ਪਾਣੀ ਵਿੱਚ ਡੁੱਬ ਕੇ
ਖਤਮ ਹੋ ਜਾਂਦਾ ਹੈ। ‘ਜਨਮੁ ਗਵਾਇਆ’ ਅੱਜ ਦੇ ਸਮੇਂ ਦੀ ਸੰਭਾਲ਼ ਨਹੀਂ ਕੀਤੀ। ਕਿਸੇ ਔਫਸ ਦੇ ਵਿੱਚ
ਵਧੀਆ ਨੌਕਰੀ ਕਰ ਰਿਹਾ ਅਫ਼ਸਰ ਜਦੋਂ ਲਾਲਚ ਦੀ ਭਾਵਨਾ ਅਧੀਨ ਵੱਢੀ ਦੇ ਪੈਸੇ ਲੈਂਦਿਆਂ ਪਕੜਿਆ ਜਾਂਦਾ
ਹੈ ਤਾਂ ਫਿਰ ਉਸ ਦੇ ਪਾਸ ਕੇਵਲ ਸ਼ਰਮਿੰਦਗੀ ਤੇ ਪਛਤਾਉਣਾ ਹੀ ਰਹਿ ਜਾਂਦਾ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਜਮਾਂ ਦਾ ਕੇਸਾਂ ਤੋਂ ਪਕੜਨਾ ਇੱਕ ਪ੍ਰਤੀਕ ਵਜੋਂ
ਆਇਆ ਹੈ— “ਜਉ ਜਮੁ ਆਇ ਕੇਸ
ਗਹਿ ਪਟਕੈ, ਤਾ ਦਿਨ ਕਿਛੁ ਨ ਬਸਾਹਿਗਾ” ਸਵਾਲ
ਪੈਦਾ ਹੁੰਦਾ ਹੈ ਕਈਆਂ ਲੋਕਾਂ ਦੇ ਕੇਸ ਹੁੰਦੇ ਹੀ ਨਹੀਂ ਹਨ ਪਰ ਗੁਰਬਾਣੀ ਸਦੀਵ ਕਾਲ ਸੱਚ ਹੈ ਤੇ
ਸਰੀਰਕ ਤਲ਼ `ਤੇ ਜਮ ਕੌਣ ਹਨ? ਫਿਰ ਇਹਨਾਂ ਦਾ ਭਾਵ ਅਰਥ ਹੀ ਲਿਆ ਜਾਏਗਾ ਕੇਸਾਂ ਦੇ ਥੱਲੇ ਜੋ
ਸਾਡੀਆਂ ਆਪਣੀਆਂ ਮਾਨਸਕ ਕੰਮਜ਼ੋਰੀਆਂ, ਦਿਮਾਗ਼ੀ ਚਲਾਕੀਆਂ ਹਨ ਉਹ ਪਕੜੀਆਂ ਜਾਣਗੀਆਂ। ਸੱਚ ਦੇ
ਸਾਹਮਣੇ ਸਾਡੀਆਂ ਚਲਾਕੀਆਂ ਨਹੀਂ ਚੱਲਣਗੀਆਂ ਤੇ ਖ਼ੁਆਰ ਹੋਣ ਲਈ ਮਜ਼ਬੂਰ ਹੋਣਾ ਪਏਗਾ—
“ਤਉ ਮੁਖਿ ਚੋਟਾ ਖਾਹਿਗਾ”
ਕਿਉਂਕਿ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸੰਭਾਲ਼ਿਆ ਵਕਤ ਦੀ
ਕਦਰ ਨਹੀਂ ਕੀਤੀ ਤੇ ਸ਼ਰਮਿੰਦਗੀ ਵੱਖਰੀ ਉਠਾਉਣੀ ਪਈ, ਜਿਸ ਨੂੰ---
“ਸਿਮਰਨੁ ਭਜਨੁ ਦਇਆ ਨਹੀ ਕੀਨੀ”,
ਕਿਹਾ ਗਿਆ ਹੈ। ਸਿਮਰਨ, ਭਜਨ ਬੰਦਗੀ, ਤੇ ਕਿਸੇ
ਲੋੜਵੰਦ ਦੀ ਲੋੜ ਨੂੰ ਦੇਖ ਕੇ ਤੇਰੇ ਮਨ ਵਿੱਚ ਉਸ ਪ੍ਰਤੀ ਕੁੱਝ ਕਰਨ ਦੀ ਚਾਹਤ ਹੀ ਪੈਦਾ ਨਹੀਂ ਹੋਈ
ਭਾਵ ਸ਼ੁਭ ਗੁਣਾਂ ਤੇ (ਰੱਬੀ ਨਿਯਮਾਵਲੀ ਜੋ ਸਰਬਤ ਦੇ ਭਲੇ ਵਿੱਚ ਦਿੱਸਦੀ ਹੈ) ਦੀ ਸੰਭਾਲ਼ ਹੀ ਨਹੀਂ
ਕੀਤੀ।
ਸਾਰੀ ਵਿਚਾਰ ਦਾ ਨਿਬੇੜਾ ਜਦੋਂ ਵਕਤ ਦੀ ਸੰਭਾਲ਼ ਨਾ ਕੀਤੀ ਤਾਂ ਫਿਰ ਪਿੱਛੋਂ
ਪਛਤਾਉਣਾ ਹੀ ਪਏਗਾ---- “ਧਰਮ
ਰਾਇ ਜਬ ਲੇਖਾ ਮਾਗੈ”, ਮੇਰਾ ਇੱਕ ਜਾਣਕਾਰ
ਅਮਰੀਕਾ ਆਇਆ ਸੀ ਪਰ ਉਹ ਮਾਈ ਦਾ ਲਾਲ ਜਿੰਨ੍ਹਾ ਚਿਰ ਅਮਰੀਕਾ ਰਿਹਾ ਦਾਰੂ ਦੇ ਹੀ ਫੱਟੇ ਚੱਕਦਾ
ਰਿਹਾ ਸੀ। ਦਸੀਂ ਕੁ ਸਾਲੀਂ ਵਾਪਸ ਪੰਜਾਬ ਪਰਤਿਆ ਤਾਂ ਵਿਚਾਰੇ ਬੁੱਢੇ ਬਾਪ ਨੇ ਕਰਜ਼ੇ ਦੀ ਪੰਡ
ਸਬੰਧੀ ਗੱਲ ਕੀਤੀ ਤਦ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਹੀ ਨਹੀਂ
ਸੀ। ਜਾਂ ਕਿਸੇ ਫਰਮ ਵਿੱਚ ਜਦੋਂ ਲੋਕ ਕੰਮ ਕਰਦੇ ਹਨ ਮਾਲਕ ਨੇ ਸ਼ਾਮ ਤੀਕ ਕੰਮ ਖਤਮ ਕਰਨ ਲਈ ਕਿਹਾ
ਪਰ ਲੋਕ ਕੰਮ ਖਤਮ ਕਰਨ ਦੀ ਬਜਾਏ ਤਾਸ਼ ਖੇਢਦੇ ਰਹੇ। ਸ਼ਾਮੀ ਜਦੋਂ ਮਾਲਕ ਆਇਆ ਤਾਂ ਨਿਮੋਸ਼ੀ ਵਾਲਾ ਹਸ਼ਰ
ਉਹਨਾਂ ਬੰਦਿਆਂ ਦਾ ਹੋਇਆ ਹੋਏਗਾ ਜਾਂ ਉਹਨਾਂ ਨੂੰ ਕੀ ਸ਼ਰਮਿੰਦਗੀ ਉਠਾਉਣੀ ਪਈ ਹੋਵੇਗੀ, ਇਹ ਤੇ ਹੁਣ
ਉਹ ਹੀ ਦਸ ਸਕਦੇ ਹਨ— “ਕਿਆ
ਮੁਖੁ ਲੈ ਕੈ ਜਾਹਿਗਾ”॥
ਇਹਨਾਂ ਤੁਕਾਂ ਨੂੰ ਅਸੀਂ ਮਰਣ ਤੋਂ ਉਪਰੰਤ ਦੇਖਣ ਦਾ ਯਤਨ ਕੀਤਾ ਹੈ ਪਰ ਇਹ
ਉਪਦੇਸ਼ ਜਿਉਂਦਿਆਂ ਸਾਡੇ `ਤੇ ਲਾਗੂ ਹੁੰਦਾ ਹੈ--
“ਧਰਮ ਰਾਇ ਜਬ ਲੇਖਾ ਮਾਗੈ”,
ਸਾਡੀ ਇਮਾਨਦਾਰੀ, ਸੱਚੀ ਕਿਰਤ, ਤੇ ਵਕਤ ਦੀ ਸੰਭਾਲ ਕਰਨ
ਦੀ ਜਾਚ ਦੱਸਦਾ ਹੈ। ਤੇ “ਕਿਆ
ਮੁਖੁ ਲੈ ਕੈ ਜਾਹਿਗਾ” ਕੰਮ ਨਾ ਕਰਨ ਦੀ
ਸ਼ਰਮਿੰਦਗੀ ਦਾ ਅਹਿਸਾਸ ਕਰਾਉਂਦਾ ਹੋਇਆ ਸੱਚੀ ਸੁੱਚੀ ਮਿਹਨਤ ਕਰਨ ਨੂੰ ਉਤਸ਼ਾਹਤ ਕਰਦਾ ਹੈ।
ਕਾਗਜ਼ ਗਲ਼ ਜਾਏ, ਲੋਹਾ ਸੜ ਜਾਏ ਜਾਂ ਕਪੜਾ ਛਿਜ ਜਾਏ ਤਾਂ ਉਹ ਕਿਸੇ ਕੰਮ
ਨਹੀਂ ਆਉਂਦਾ ਪਰ ਜੇ ਮਨੁੱਖੀ ਸੁਭਾਅ ਰੱਬੀ ਨਿਯਮਾਵਲੀ ਤੋਂ ਬਾਹਰ ਹੋ ਜਾਏ ਜਾਂ ਵਿਕਾਰਾਂ ਵਲ ਨੂੰ
ਚਲਿਆ ਜਾਏ ਤਾਂ ਉਸ ਦੇ ਸੁਧਰਨ ਦੇ ਅਸਾਰ ਹਨ ਜਦੋਂ ਸਹੀ ਵਿਚਾਰਾਂ ਨੂੰ ਪੱਲੇ ਬੰਨ੍ਹ ਲੈਂਦਾ ਹੈ।
ਸਿੱਖੀ ਵਿੱਚ ਆਤਮਕ ਗੁਣਾਂ ਦੀ ਪ੍ਰਾਪਤੀ ਗੁਰ-ਗਿਆਨ ਤਥਾ ਗੁਰੂ ਗ੍ਰੰਥ ਸਾਹਿਬ ਦੇ ਸਦੀਵ ਕਾਲ ਉਪਦੇਸ਼
ਵਿੱਚ ਰੱਖੀ ਹੋਈ ਹੈ— “ਸਾਧ
ਸੰਗਤਿ ਤਰਿ ਜਾਂਹਿਗਾ” ਪਰ ਇਸ ਵਿੱਚ ਇੱਕ ਵਿਵਸਥਾ
ਵੀ ਰੱਖੀ ਹੋਈ ਹੈ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਨ ਦੀ—
“ਕਹਤੁ ਕਬੀਰੁ ਸੁਨਹੁ ਰੇ ਸੰਤਹੁ”,
ਸ਼ਬਦ ਦਾ ਕੇਂਦਰੀ ਭਾਵ ਆਮ ਹਾਲਤਾਂ ਵਿੱਚ ਰਹਾਉ ਦੀਆਂ ਤੁਕਾਂ ਵਿੱਚ ਹੁੰਦਾ
ਹੈ ਪਰ ਕੀਰਤਨ ਵਿੱਚ ਰਾਗੀ ਸਾਹਿਬਾਨ ਆਪਣੀ ਸਹੂਲਤ ਨੂੰ ਮੁੱਖ ਰੱਖ ਕੇ ਜਾਂ ਜੋ ਪਰਵਾਰਾਂ ਦੇ ਸੂਤ
ਬੈਠਦਾ ਹੋਵੇ, ਉਸ ਦੀ ਧਾਰਨਾ ਬਣਾ ਕੇ ਕੀਰਤਨ ਕਰ ਦੇਂਦੇ ਹਨ। ਜਿਸ ਦਾ ਭਾਵ ਅਰਥ ਸਾਰਾ ਹੀ ਬਦਲ
ਜਾਂਦਾ ਹੈ। ਹੁਣ ਇਸ ਸ਼ਬਦ ਵਿੱਚ ਵੀ --
“ਧਰਮ ਰਾਇ ਜਬ ਲੇਖਾ ਮਾਗੈ, ਕਿਆ ਮੁਖੁ
ਲੈ ਕੈ ਜਾਹਿਗਾ”॥ ਦੀ ਟੇਕ ਬਣਾ ਕੇ ਕੀਰਤਨ ਕੀਤਾ
ਜਾਂਦਾ ਹੈ ਤਾਂ ਆਮ ਜਨ ਸਧਾਰਨ ਲੋਕ ਏਹੀ ਸਮਝਦੇ ਹਨ ਕਿ ਕਿਤੇ ਨਾ ਕਿਤੇ ਕੋਈ ਧਰਮਰਾਜ ਹੈ ਜੋ ਸਾਡੇ
ਮਰਣ ਉਪਰੰਤ ਸਾਡੇ ਕਰਮਾਂ ਦੇ ਹਿਸਾਬ ਨਾਲ ਫੈਸਲੇ ਕਰਦਾ ਹੈ ਤੇ ਜਮ ਕੇਸਾਂ ਤੋਂ ਪਕੜ ਪਕੜ ਕੇ ਧੂੰਦੇ
ਹਨ। ਗੁਰਮਤ ਨਿਰੋਲ਼ ਸੱਚ ਦੇ ਅਧਾਰਤ ਹੈ ਇਸ ਲਈ ਰੱਬ ਦਾ ਨਿਯਮ ਹੀ ਸਾਡੇ ਹਿਰਦੇ ਵਿੱਚ ਕੰਮ ਕਰ ਰਿਹਾ
ਹੈ। ਸਾਡੇ ਕੀਤੇ ਕਰਮਾਂ ਦੇ ਅਨੁਸਾਰ ਹੀ ਸਾਨੂੰ ਚੰਗਾ ਮੰਦਾ ਪਰਾਪਤ ਹੋਣਾ ਹੈ।
ਬੰਦੇ ਦੀਆਂ ਮਾਨਸਕ ਕੰਮਜ਼ੋਰੀਆਂ ਵਿਚੋਂ ਪ੍ਰਮੁੱਖ ਕੰਮਜ਼ੋਰੀ ਪਰਾਏ ਘਰ ਵਲ
ਝਾਤੀ ਮਾਰਨ ਦੀ ਹੈ ਜਾਂ ਆਪਣੀ ਗ੍ਰਹਿਸਤੀ ਜ਼ਿੰਦਗੀ ਨੂੰ ਛੱਡ ਕੇ ਪਰਾਏ ਗ੍ਰਹਿਸਤੀ ਜੀਵਨ ਵਲ ਨੂੰ
ਦੇਖਣ ਦੀ ਹੈ। ਕਾਮਕ ਬਿਰਤੀ ਦੀ ਵਰਤੋਂ ਕਰਨ ਵਾਲਾ ਸਮਾਜਕ ਤੇ ਭਾਈਚਾਰਕ ਜੀਵਨ ਵਿੱਚ ਸ਼ਰਮਿੰਦਗੀ
ਵਾਲੀ ਜ਼ਿੰਦਗੀ ਜਿਉਂਦਾ ਹੈ। ਅਸਲ ਇਹ ਸਮਾਜ ਵਿੱਚ ਸਾਹਮਣਾ ਕਰਨਾ ਹੀ ਧਰਮਰਾਜ ਹੈ। ਰੱਬੀ ਕਨੂੰਨ ਦੇ
ਸਾਹਮਣੇ ਖੜਾ ਹੋਣਾ ਮੁਸ਼ਕਲ ਹੁੰਦਾ ਹੈ---
ਰੇ ਨਰ ਕਾਇ ਪਰ ਗ੍ਰਿਹਿ ਜਾਇ॥
ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮਰਾਇ॥
ਮਾਰੂ ਮਹਲਾ ੫ ਪੰਨਾ ੧੦੦੧
ਅਰਥ--- ਹੇ
ਮਨੁੱਖ !
ਪਰਾਏ ਘਰ ਵਿੱਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)
? ਹੇ ਗੰਦੇ !
ਹੇ ਪੱਥਰ-ਦਿਲ !
ਹੇ ਵਿਸ਼ਈ !
ਹੇ ਖੋਤੇ ਮੂਰਖ !
ਕੀ ਤੂੰ ਧਰਮਰਾਜ, ਰੱਬੀ ਦੀ ਸੱਚੀ ਨਿਯਮਾਵਲੀ ਦਾ ਨਾਮ ਕਦੇ ਨਹੀਂ ਸੁਣਿਆ ?
।
ਏੱਥੇ ਧਰਮਰਾਜ ਤੋਂ ਭਾਵ ਸੱਚੇ ਕਨੂੰਨ ਦੀ ਸਥਿੱਤੀ
ਹੈ।
ਵਰਤਮਾਨ ਜੀਵਨ ਦੀ ਗੱਲ ਕਰਦਿਆਂ ਜਦੋਂ ਮਨੁੱਖ ਵਿਕਾਰਾਂ ਵਾਲੇ ਪਾਸੇ ਨੂੰ
ਚੱਲਦਾ ਹੈ ਤਾਂ ਸੱਚ (ਧਰਮਰਾਜ) ਦੇ ਸਾਹਮਣੇ ਉਸ ਦਾ ਮੂੰਹ ਕਾਲ਼ਾ ਹੈ—
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ॥
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ॥
ਸਾਰਗ ਮਹਲਾ ੫ ਪੰਨਾ ੧੨੦੭
ਅਰਥ-- ਹੇ
ਕਮਲੇ !
ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ
ਹੀ ਪਿਆਰ ਪਾਈ ਬੈਠਾ ਹੈਂ ।
ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ ਭਾਵ ਰੱਬੀ ਸੱਚ ਦੇ ਸਾਹਮਣੇ ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ
ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿˆਗਾ।
ਇਹਨਾਂ ਤੁਕਾਂ ਵਿਚ-
“ਮਿਥਿਆ ਸੰਗਿ ਕੂੜਿ ਲਪਟਾਇਓ” ਦਾ ਅਸਲੀ ਚਿਹਰਾ
ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਬਹੁਤੇ ਦਫ਼ਤਰਾਂ ਵਿੱਚ ਦਫ਼ਤਰੋਂ ਗੈਰ-ਹਾਜ਼ਰ ਰਹਿਣਾ ਜਾਂ ਫਰਲੋ ਮਾਰਨੀ
ਆਮ ਜੇਹੀ ਗੱਲ ਹੈ। ਜੇ ਉਹ ਮੌਕੇ `ਤੇ ਫੜੇ ਜਾਂਦੇ ਹਨ ਤਾਂ ਕਈ ਵਾਰੀ ਨੌਕਰੀ ਤੋਂ ਮੁਅਤਲ ਕੀਤਾ
ਜਾਂਦਾ ਹੈ। ਜਨੀ ਕੇ ਚੋਰੀ ਮੌਕੇ ਤੇ ਫੜੀ ਜਾਏ ਤਾਂ ਮਨੁੱਖ ਨੂੰ ਦੁਰ-ਲਾਹਨਤ ਤਾਂ ਫਿਰ ਸੁਣਨੀ ਹੀ
ਪੈਂਦੀ ਹੈ— “ਧਰਮ ਰਾਇ ਜਬ
ਪਕਰਸਿ ਬਵਰੇ” ਆਤਮਕ ਤਲ਼ `ਤੇ ਧਰਮ ਦੇ ਸਾਹਮਣੇ
ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਇਸ ਬਦਨਾਮੀ ਦਾ ਨਾਂ ਹੈ-
“ਤਉ ਕਾਲ ਮੁਖਾ ਉਠਿ ਜਾਹੀ” ਅਪਰਾਧ ਕਰਦਾ ਬੰਦਾ
ਫੜਿਆ ਜਾਏ ਤਾਂ ਸਮਾਜ, ਭਾਈਚਾਰੇ ਵਿੱਚ ਉਸ ਨੂੰ ਮਿਲੀ ਸਜਾ ਹੀ ਉਸ ਦਾ ਮੂੰਹ ਕਾਲ਼ਾ ਹੈ। ਹਕੀਕਤ ਤੌਰ
`ਤੇ ਗੁਨਾਹ ਦਾ ਫੜਿਆ ਜਾਣਾ ਹੀ ਧਰਮਰਾਜ ਦੇ ਪੇਸ਼ ਹੋਣਾ ਹੈ।
|
. |