ਮੈ ਅਤੇ ਮੇਰੀਆਂ ਬੀਮਾਰੀਆਂ
ਗਿਆਨੀ ਸੰਤੋਖ ਸਿੰਘ
ਭਾਈ ਮਤ ਕੋਈ ਜਾਣਹੁ ਕਿਸੀ ਕੈ
ਕਿਛੁ ਹਾਥਿ ਹੈ ਸਭ ਕਰੇ ਕਰਾਇਆ॥
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ॥
ਐਸਾ ਹਰਿ ਨਾਮੁ ਮਨਿ ਚਿਤਿ ਨਿਤ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ॥ ੪॥ ੭॥ ੧੩॥ ੫੧॥
(੧੬੮, ਸ੍ਰੀ ਗੁਰੂ ਰਾਮ ਦਾਸ ਜੀ)
ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ॥ ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ॥
ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ॥ ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ॥ ੨੧॥
(੧੩੬੩, ਸ੍ਰੀ ਗੁਰੂ ਅਰਜਨ ਦੇਵ ਜੀ)
ਵੈਦਾ ਸੰਦਾ ਸੰਗੁ ਇਕਠਾ ਹੋਇਆ॥ ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ॥
ਜੋ ਜੋ ਓਹਨਾਂ ਕਰਮ ਸੁਕਰਮ ਹੋਇਆ ਪਸਰਿਆ॥ ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ॥ ੨੩॥
(੧੩੬੩, ਸ੍ਰੀ ਗੁਰੂ ਅਰਜਨ ਦੇਵ ਜੀ)
ਉਪ੍ਰੋਕਤ ਫੁਰਮਾਨਾਂ ਦੀ ਰੋਸ਼ਨੀ ਵਿੱਚ ਜਦੋਂ ਮੈ ਆਪਣੀਆਂ ਬੀਮਾਰੀਆਂ ਦੇ ਇਤਿਹਾਸ ਵੱਲ ਵੇਖਦਾ ਹਾਂ
ਤਾਂ ਇਸ ਹੁਕਮ ਉਪਰ, ਨਾ ਚਾਹੁਣ ਦੇ ਬਾਵਜੂਦ ਵੀ, ਪੂਰੇ ਦਾ ਪੂਰਾ ਯਕੀਨ ਕਰਨ ਲਈ ਮੈ ਮਜਬੂਰ ਹਾਂ।
ਮੈਨੂੰ ਪਤਾ ਹੈ ਕਿ ਨਵੀ ਰੋਸ਼ਨੀ ਵਾਲੇ ਵਿਦਵਾਨ ਅਤੇ ਸਾਇੰਟਿਫਿਕ ਨਜ਼ਰੀਏ ਦੇ ਧਾਰਨੀ ਸੱਜਣ ਪੁਰਸ਼ ਇਸ
ਤਰ੍ਹਾਂ ਦੇ ਮੇਰੇ ਵਿਚਾਰਾਂ ਨੂੰ, ਨਾ ਕੇਵਲ ਮੇਰਾ ਵਹਿਮ ਜਾਂ ਅਣਜਾਣਤਾ ਹੀ ਆਖਣਗੇ ਪਰ “ਮੁੰਢੈ ਦੀ
ਖਸਲਤਿ ਨ ਗਈਆ ਅੰਧੈ” ਅਨੁਸਾਰ ਆਪਣੀ ਆਰੰਭਤਾ ਵਾਲੀ ਖਸਲਤਿ ਦੇ ਅਧੀਨ ਹੋਣ ਦੀ ਮਜਬੂਰੀ ਕਾਰਨ, ਮੈ
ਜੋ ਅਨਭਵ ਕਰਦਾ ਹਾਂ ਉਸਨੂੰ ਪਰਗਟ ਕਰਨ ਤੋਂ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਦੀ ਨੁਕਤਾਚੀਨੀ ਦੇ
ਡਰੋਂ ਦਬਾ ਨਹੀ ਸਕਦਾ। ਹਾਂ, ਇਹ ਤਾਂ ਹੋ ਸਕਦਾ ਹੈ ਕਿ ਕਿਸੇ ਖਾਸ ਸਥਿਤੀ ਨੂੰ ਵੇਖਦਿਆਂ ਆਪਣੀ
ਆਤਮਾ ਦੀ ਆਵਾਜ਼ ਦੇ ਵਿਰੁਧ, ਮਜਬੂਰੀ ਵਿੱਚ ਉਸ ਸਥਾਨ ਤੋਂ ਉਠ ਕੇ ਤੁਰ ਜਾਵਾਂ ਪਰ ਮੇਰੇ ਪਾਸ ਭੀਸ਼ਮ
ਪਿਤਾਮਾ ਜਿੰਨਾ ਧੀਰਜ ਨਹੀ ਹੈ ਕਿ ਸਾਹਮਣੇ ਅਨਰਥ ਹੁੰਦਾ ਵੇਖਦਾ ਵੀ ਰਹਾਂ, ਕੁੱਝ ਨਾ ਕਰ ਸਕਾਂ ਅਤੇ
ਰਾਜ ਦਰਬਾਰ ਵਿੱਚ ਆਪਣੀ ਕੁਰਸੀ ਤੇ ਵੀ ਸਜਿਆ ਰਹਾਂ।
ਉਂਜ ਤਾਂ, “ਜਦ ਦੇ ਜੰਮੇ। ਬੋਦੀਉਂ ਲੰਮੇ।” ਵਾਲੀ ਕਹਾਵਤ ਸ਼ਾਇਦ ਮੇਰੇ ਤੇ ਢੁਕ ਹੀ ਸਕਦੀ ਹੈ। ਦਾਦੀ
ਮਾਂ ਜੀ ਅਤੇ ਬੀਬੀ ਜੀ ਵੱਲੋਂ ਬਚਪਨ ਵਿੱਚ ਅਕਸਰ ਦੱਸਿਆ ਜਾਂਦਾ ਸੀ ਕਿ ਮੈ ਛੋਟਾ ਹੀ ਸੀ ਜਦੋਂ
ਬੀਮਾਰ ਹੋ ਗਿਆ। ਬਿਲਕੁਲ ਸੋਕੜੇ ਦੇ ਮਰੀਜ਼ ਬੱਚਿਆਂ ਵਾਂਗ ਸੁੱਕ ਗਿਆ ਸਾਂ। ਸ਼ਾਇਦ ਇਸਨੂੰ ਸੋਕੜੇ ਦੀ
ਬੀਮਾਰੀ ਆਖਿਆ ਜਾਂਦਾ ਹੋਵੇ! ਬਹੁਤ ਹੀ ਸਮਾ ਬੀਮਾਰ ਰਿਹਾ। ਉਹਨਾਂ ਦਿਨਾਂ ਵਿੱਚ ਸਾਡੇ ਗਵਾਂਢੀ
ਪਿੰਡ ਜਲਾਲ ਦਾ ਇੱਕ ਸੁਨਿਆਰਾ ਹੁੰਦਾ ਸੀ ਜਿਸਨੂੰ ਦਾਰੂ ਦਰਮਲ ਕਰਦਾ ਹੋਣ ਕਰਕੇ ਸਾਰੇ ‘ਸਿਆਣਾ’
ਆਖਦੇ ਸਨ ਤੇ ਏਹੀ ਸਾਡੇ ਪਿੰਡ ਬੀਮਾਰੀ ਠੀਮਾਰੀ ਵੇਲ਼ੇ ਆਇਆ ਕਰਦਾ ਸੀ। ਅੱਜ ਕਲ੍ਹ ਵਾਂਗ ਓਦੋਂ ਡੜੇ
ਡਾਕਟਰਾਂ ਦਾ ਨਾਂ ਕਦੀ ਕਿਸੇ ਨਹੀ ਸੀ ਸੁਣਿਆ ਹੋਇਆ। ਮਾੜੀ ਮੋਟੀ ਬੀਮਾਰੀ ਠੀਮਾਰੀ ਸਮੇ ਪਿੰਡ ਵਿੱਚ
ਇੱਕ ਮਜ਼ਹਬੀ ਪੂਰਨ ਸਿੰਘ ਹੁੰਦਾ ਸੀ; ਉਸ ਤੋਂ ਪੁੜੀ ਲੈ ਲੈਣੀ। ਬਾਅਦ ਵਿੱਚ ਉਹ ਸੂਆ ਲਾਉਣਾ ਵੀ
ਕਿਤੋਂ ਸ਼ਾਇਦ ਸਿੱਖ ਆਇਆ ਸੀ ਤੇ ਉਸਦਾ ਸ਼ਾਇਦ ਸਵਾ ਰੁਪਇਆ ਲੈਂਦਾ ਹੁੰਦਾ ਸੀ। ਪੁੜੀ ਦੇ ਕੁੱਝ ਆਨੇ
ਲੈਂਦਾ ਸੀ। ਮੇਰੀ ਸੰਭਾਲ਼ ਵਿੱਚ ਤਾਂ ਕਦੇ ਕਦਾਈਂ ਸਿਆਲ਼ਾਂ ਵਿੱਚ ਮੈਨੂੰ ਠੰਡ ਲੱਗਣ ਤੇ ਮਾਂ ਜੀ ਨੇ
ਜਾਂ ਚਾਹ ਵਿੱਚ ਕੱਚਾ ਆਂਡਾ ਘੋਲ਼ ਕੇ ਪੀਣ ਲਈ ਦੇਣਾ ਤੇ ਜਾਂ ਇੱਕ ਚਮਚਾ ਬਰਾਂਡੀ ਗਰਮ ਪਾਣੀ ਵਿੱਚ
ਪਾ ਕੇ ਪੀਣ ਲਈ ਦੇਣੀ। ਇਹ ਦੋਵੇਂ ਹੀ ਕਾਰਜ ਮੇਰੇ ਲਈ ਬੜੇ ਔਖੇ ਹੁੰਦੇ ਸਨ ਪਰ ਦਾਦੀ ਮਾਂ ਜੀ ਤੋਂ
ਡਰਦਿਆਂ ਇਹਨਾਂ ਨੂੰ ਛਕਣ ਦਾ ਔਖਾ ਕਾਰਜ ਕਰਨਾ ਹੀ ਪੈਣਾ।
ਬਹੁਤ ਸਾਲਾਂ ਪਿਛੋਂ ਇੱਕ ਦਿਨ ਬੀਬੀ ਜੀ ਤੇ ਛੋਟੇ ਭੈਣ ਭਰਾਵਾਂ ਦੀ ਹਾਜਰੀ ਵਿਚ, ਭਾਈਆ ਜੀ ਨੇ
ਦੱਸਿਆ ਕਿ ਉਹਨਾਂ ਨੇ ਮੈਨੂੰ ਨਿੱਕੇ ਹੁੰਦੇ ਨੂੰ ਨੰਗਲ਼ ਵਾਲ਼ੇ ਛੱਪੜ ਵਿੱਚ ਪੁਠਾ ਕਰਕੇ ਟੋਭਾ ਲਵਾਇਆ
ਸੀ ਤੇ ਫਿਰ ਮੈ ਰਾਜੀ ਹੋ ਗਿਆ ਸੀ। ਇਹ ਨੰਗਲ਼ ਪਿੰਡ ਸਾਡੇ ਪਿੰਡ ਸੂਰੋ ਪੱਡਿਉਂ ਤਕਰੀਬਨ ਇੱਕ ਮੀਲ
ਉਪਰ ਹੈ। ਆਮ ਤੌਰ ਤੇ ਦੋ ਲਾਗੋ ਲਾਗੀ ਪਿੰਡ ਹੋਣ ਕਰਕੇ ਮਹਿਤਾ ਨੰਗਲ਼ ਕਰਕੇ ਜਾਣੇ ਜਾਂਦੇ ਹਨ। ਇਹ
ਓਹੀ ਮਹਿਤਾ ਹੈ ਜਿਥੇ ਦਮਦਮੀ ਟਕਸਾਲ ਦਾ ਹੈਡ ਕੁਆਰਟਰ ਹੈ। ਨੰਗਲ਼ ਨਾਂ ਦੇ ਦੋਵੇਂ ਪਿੰਡ ਇੱਕ ਛੱਪੜ
ਦੇ ਦੋਹਾਂ ਪਾਸਿਆਂ ਤੇ ਮੌਜੂਦ ਹਨ। ਛੋਟਾ ਪਿੰਡ ਮਲਕ ਨੰਗਲ ਤੇ ਵੱਡਾ ਪਿੰਡ ਉਦੋ ਨੰਗਲ਼ ਕਰਕੇ ਜਾਣੇ
ਜਾਂਦੇ ਹਨ। ਮਲਕ ਨੰਗਲ਼ ਵਿੱਚ ਆਟਾ ਪੀਹਣ ਵਾਲ਼ੀ ਮਸ਼ੀਨ ਹੁੰਦੀ ਸੀ ਜਿਥੋਂ ਅਸੀਂ ਸਿਰਾਂ ਤੇ ਦਾਣੇ
ਚੁੱਕ ਕੇ ਆਟਾ ਪਿਹਾ ਕੇ ਲਿਆਉਂਦੇ ਹੁੰਦੇ ਸੀ। ਉਦੋ ਨੰਗਲ ਵਿੱਚ ਛੋਟਾ ਸਕੂਲ ਹੁੰਦਾ ਸੀ, ਜਿਥੇ
ਦਾਦੀ ਮਾਂ ਜੀ ਦਾ ਧੱਕਿਆ ਹੋਇਆ, ਕੁੱਝ ਦਿਨ ਮੈ ਵੀ ਪੜ੍ਹਨ ਗਿਆ ਸਾਂ। ਏਥੇ ਹੀ ਸੌਦੇ ਪੱਤੇ ਦੀਆਂ
ਮਾੜੀਆਂ ਮੋਟੀਆਂ ਦੁਕਾਨਾਂ ਵੀ ਹੁੰਦੀਆਂ ਸਨ। ਦੋਹਾਂ ਪਿੰਡਾਂ ਦੇ ਵਿਚਕਾਰ ਇੱਕ ਛੱਪੜ ਹੁੰਦਾ ਸੀ।
ਸ਼ਾਇਦ ਛੱਪੜ ਹੁਣ ਵੀ ਓਥੇ ਹੋਵੇ! ਇਸਦੇ ਕਿਨਾਰਿਆਂ ਉਪਰ ਜੇਹੜੇ ਦਰੱਖ਼ਤ ਸਨ ਉਹਨਾਂ ਨਾਲ਼ ਚਮਗਿੱਦੜ
ਲਟਕਦੇ ਹੁੰਦੇ ਸਨ। ਭਾਈਆ ਜੀ ਨੇ ਦੱਸਿਆ ਕਿ ਪੁਰਾਣੇ ਸਮੇ ਵਿੱਚ ਇਹ ਛੱਪੜ ਜਰੂਰ ਕੋਈ ਤੀਰਥ
ਹੋਵੇਗਾ। ਜਿਸ ਛੱਪੜ ਦੇ ਕਿਨਾਰੇ ਵਾਲੇ ਦਰੱਖਤਾਂ ਉਪਰ ਚਮਗਿੱਦੜ ਰਹਿਣ, ਉਹ ਜਰੂਰ ਕੋਈ ਤੀਰਥ ਰਿਹਾ
ਹੁੰਦਾ ਹੈ ਜੋ ਕਿ ਸਮੇ ਨਾਲ਼ ਲੋਕਾਂ ਦੀ ਯਾਦ ਤਖ਼ਤੀ ਤੋਂ ਮਿਟ ਗਿਆ ਹੁੰਦਾ ਹੈ। ਇਹ ਚਮਗਿੱਦੜ ਉਸ ਸਮੇ
ਰਹੇ ਉਹਨਾਂ ਪੁਜਾਰੀਆਂ ਦੀਆਂ ਰੂਹਾਂ ਹੁੰਦੀਆ ਹਨ, ਜੋ ਆਪਣੇ ਪੁਜਾਰੀ ਹੋਣ ਸਮੇ, ਪੁਜਾਰੀ ਦੇ ਫ਼ਰਜ਼
ਇਮਾਨਦਾਰੀ ਨਾਲ਼ ਨਹੀ ਸਨ ਨਿਭਾਉਂਦੇ ਅਤੇ ਪੂਜਾ ਦਾ ਧਾਨ ਹੀ ਖਾਣ ਵਿੱਚ ਉਹਨਾਂ ਦਾ ਧਿਆਨ ਰਿਹਾ ਕਰਦਾ
ਸੀ। ਮੇਰੀ ਸੋਚ ਅਨੁਸਾਰ ਇਹ ਵਿਚਾਰ ਉਹਨਾਂ ਨੇ ਜਰੂਰ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂਵਾਲ਼ਿਆਂ
ਦੀ ਸਿਖਿਆ ਤੋਂ ਪ੍ਰਾਪਤ ਕੀਤੇ ਹੋਣਗੇ ਕਿਉਂਕਿ ਭਾਈਆ ਜੀ ਸੰਤ ਜੀ ਤੋਂ ਬਿਨਾ ਕਿਸੇ ਵੀ ਹੋਰ ਵਿਅਕਤੀ
ਦੇ ਵਿਚਾਰਾਂ ਨੂੰ ਮਾਨਤਾ ਤੇ ਸਤਿਕਾਰ ਨਹੀ ਸਨ ਦਿਆ ਕਰਦੇ।
ਮਲਕ ਨੰਗਲ਼ ਵਾਲ਼ੇ ਪਾਸੇ ਛਪੱੜ ਦੇ ਕੰਢੇ ਕੰਢੇ ਸਾਡੇ ਪਿੰਡ ਨੂੰ ਰਾਹ ਆਉਂਦਾ ਹੁੰਦਾ ਸੀ। ਇਸ ਛੱਪੜ
ਦੇ ਕੰਢੇ ਉਤੇ ਇੱਕ ਢਠੀ ਜਿਹੀ ਪਰ ਵਾਹਵਾ ਸੱਬਰਕੱਤੀ ਇਮਾਰਤ ਦੇ ਰੂਪ ਵਿਚ, ਮਾਤਾ ਰਾਣੀ ਵਰਗਾ ਸਥਾਨ
ਹੁੰਦਾ ਸੀ। ਅਜਿਹੇ ਸਥਾਨ ਓਹਨੀਂ ਦਿਨੀਂ ਆਮ ਹੀ ਪਿੰਡਾਂ ਦੇ ਖੇਤਾਂ ਵਿੱਚ ਹੋਇਆ ਕਰਦੇ ਸਨ। ਉਸਦੇ
ਆਲ਼ੇ ਦੁਆਲ਼ੇ ਘਾਹ ਫੂਸ ਤੇ ਬੂਟੀਆਂ ਵਗੈਰਾ ਉਗੀਆਂ ਹੋਈਆਂ ਮੈ ਵੀ ਨਿੱਕੇ ਹੁੰਦੇ ਵੇਖਦਾ ਹੁੰਦਾ ਸੀ।
ਭਾਈਆ ਜੀ ਨੇ ਦੱਸਿਆ ਕਿ ਉਹਨਾਂ ਨੇ ਏਥੇ ਇੱਕ ਥੜ੍ਹੇ ਜਿਹੇ ਤੇ ਖਲੋ ਕੇ ਮੈਨੂੰ ਇੱਕ ਹੱਥ ਨਾਲ਼
ਦੋਹਾਂ ਗਿੱਟਿਆਂ ਤੋਂ ਫੜ ਕੇ ਸਿਰ ਪਰਨੇ ਛੱਪੜ ਵਿੱਚ ਟੁਭੀ ਲਵਾਈ ਸੀ ਤੇ ਫਿਰ ਮੈ ਠੀਕ ਹੋ ਗਿਆ ਸੀ।
ਗੱਲ ਹੁਣ ਮੈ ਆਪਣੇ ਹੋਸ਼ ਵਾਲ਼ੇ ਸਮੇ ਦੌਰਾਨ ਵਾਪਰਨ ਵਾਲ਼ੀਆਂ ਆਪਣੀਆਂ ਬੀਮਾਰੀਆਂ ਦੇ ਇਤਿਹਾਸ ਦੀ
ਕਰਾਂ। ਸਾਰੀਆਂ ਦਾ ਜ਼ਿਕਰ ਕਰਨਾ ਜਾਂ ਉਹਨਾਂ ਨੂੰ ਯਾਦ ਰੱਖਣਾ ਤਾਂ ਸੰਭਵ ਨਹੀ ਪਰ ਖਾਸ ਖਾਸ ਦਾ
ਜ਼ਿਕਰ ਕਰੂੰਗਾ ਜਿਹਨਾਂ ਦਾ ਉਪ੍ਰੋਕਤ ਬਾਣੀ ਦੇ ਉਪਦੇਸ਼ ਨਾਲ਼ ਸਬੰਧ ਜੁੜਦਾ ਹੈ।
ਵਾਕਿਆ ਇਹ ਸ਼ਾਇਦ ੧੯੫੦ ਦੇ ਆਲ਼ੇ ਦੁਆਲ਼ੇ ਦਾ ਹੋਵੇਗਾ। ‘ਸ਼ਾਇਦ’ ਇਸ ਲਈ ਕਿ ੧੯੫੨ ਤੋਂ ਪਹਿਲਾਂ ਮੈਨੂੰ
ਕਿਸੇ ਸੜੇ ਸੰਨ ਸੰਮਤ ਵਰਗੀ ਵਸਤੂ ਦੇ ਹੋਣ ਦਾ ਗਿਆਨ ਨਹੀ ਸੀ। ਇਹ ਗਿਆਨ ਵੀ ਇਉਂ ਹੋਇਆ ਕਿ ਇੱਕ
ਦਿਨ ਗਰਮੀਆਂ ਵਿੱਚ ਜਾਮਨੂੰ ਦੇ ਵਿਸ਼ਾਲ ਦਰੱਖ਼ਤ ਦੀ ਛਾਂ ਹੇਠ ਮੰਜੀ ਉਪਰ ਬੈਠੇ ਇੱਕ ਵਿਅਕਤੀ ਨੇ
ਤਿੰਨਾਂ ਪੈਸਿਆਂ ਵਾਲਾ, ਖਾਕੀ ਰੰਗ ਦਾ ਇੱਕ ਕਾਰਡ ਲਿਖਣਾ ਸ਼ੁਰੂ ਕੀਤਾ ਤੇ ਉਸਦੇ ਮੂਹੋਂ ਨਿਕਲ਼ਿਆ
ਬਵੰਜਵਾਂ ਸਾਲ ਹੋ ਗਿਆ। ਮੈ ਕੋਲ਼ ਖਲੋਤਾ ਸੁਣ ਰਿਹਾ ਸਾਂ ਤੇ ਫਿਰ ਮੈਨੂੰ ਹੁਣ ਤੱਕ ਯਾਦ ਰਿਹਾ ਕਿ
ਉਹ ੧੯੫੨ ਵਾਲ਼ਾ ਸਾਲ ਸੀ। ਏਸੇ ਸਾਲ ਵਾਲ਼ੀ ਦੀਵਾਲ਼ੀ ਸਮੇ ਮੈਨੂੰ ਭਾਈਆ ਜੀ ਪਹਿਲੀ ਵਾਰੀਂ ਪਿੰਡੋਂ
ਅੰਮ੍ਰਿਤਸਰ, ਕਰਾਏ ਦੇ ਸਾਈਕਲ ਉਪਰ ਲੈ ਕੇ ਗਏ ਸਨ। ਮੈਨੂੰ ਘੰਟਾ ਘਰ ਦੇ ਬਾਹਰ ਵਾਰ ਬਿਠਾ ਕੇ ਖ਼ੁਦ
ਦੁਕਾਨਦਾਰ ਨੂੰ ਸਾਈਕਲ ਵਾਪਸ ਕਰਨ ਚਲੇ ਗਏ। ਉਹਨਾਂ ਨੂੰ ਮੁੜਨ ਵਿੱਚ ਚਿਰ ਲੱਗ ਗਿਆ ਤਾਂ ਮੈ ਪਿਛੋਂ
ਰੋਣ ਲੱਗ ਪਿਆ, ਇਹ ਸੋਚ ਕੇ ਕਿ ਸ਼ਾਇਦ ਭਾਈਆ ਜੀ ਮੈਨੂੰ ਛੱਡ ਕੇ ਕਿਤੇ ਚਲੇ ਗਏ ਹਨ ਤੇ ਮੁੜ ਕੇ
ਉਹਨਾਂ ਨੇ ਨਹੀ ਆਉਣਾ। ਅਜਿਹਾ ਸ਼ੱਕ ਮੈਨੂੰ ਇੱਕ ਦੋ ਵਾਰੀ ਫੇਰ ਵੀ ਜੀਵਨ ਵਿੱਚ ਪਿਆ। ਇੱਕ ਵਾਰੀਂ
ਮੇਰੇ ਇਸ ਡਰ ਨੂੰ ਉਹਨਾਂ ਨੇ ਇਹ ਆਖ ਕੇ ਦੂਰ ਕੀਤਾ, “ਮੈ ਤੈਨੂੰ ਨਾਲ਼ ਨਾਲ਼ ਇਸ ਲਈ ਥੋਹੜਾ ਲਈ
ਫਿਰਦਾ ਹਾਂ ਕਿ ਤੈਨੂੰ ਕਿਤੇ ਛੱਡ ਦੇਣਾ ਹੈ!” ਫਿਰ ਨਹੀ ਮੈਨੂੰ ਯਾਦ ਕਿ ਕਦੀ ਅਜਿਹਾ ਸ਼ੱਕ ਪਿਆ
ਹੋਵੇ!
ਹਾਂ ਗੱਲ ਇਹ ੧੯੫੦ ਦੇ ਆਸ ਪਾਸ ਦੀ ਹੈ ਕਿ ਮੈਨੂੰ ਇੱਕ ਦਿਨ ਛੱਡ ਕੇ ਬੜਾ ਜੋਰ ਦੀ ਬੁਖ਼ਾਰ ਚੜ੍ਹਨ
ਲੱਗ ਪਿਆ। ਦੁਪਹਿਰ ਤੋਂ ਬਾਅਦ ਡੰਗਰ ਚਾਰ ਕੇ ਜਦੋਂ ਖੂਹ ਤੇ ਮੁੜਨਾ ਤਾਂ ਮੱਠੀ ਮੱਠੀ ਠੰਡ ਜਿਹੀ
ਲੱਗਣੀ ਸ਼ੁਰੂ ਹੋਣੀ। ਦੂਜੇ ਮੁੰਡਿਆਂ ਨੇ ਗੁੱਲੀ ਡੰਡਾ ਖੇਡਣ ਲੱਗ ਪੈਣਾ ਤੇ ਉਹਨਾਂ ਦੇ ਲਾਗੇ ਹੀ ਮੈ
ਲੰਮਾ ਪੈ ਜਾਣਾ। ਜਿਵੇਂ ਜਿਵੇਂ ਠੰਡ ਜਿਆਦਾ ਲੱਗਣੀ ਮੈ ਧੁੱਪ ਵੱਲ ਹੋਰ ਖਿਸਕੀ ਜਾਣਾ। ਫਿਰ ਪਤਾ ਨਾ
ਲੱਗਣਾ ਕਿ ਕਦੋਂ ਮੈਨੂੰ ਕਿਸੇ ਨੇ ਚੁੱਕ ਕੇ ਘਰ ਦਾਦੀ ਮਾਂ ਜੀ ਕੋਲ਼ ਲੈ ਆਉਣਾ। ਕਈ ਦਿਨ ਇਸ ਤਰ੍ਹਾਂ
ਰਿਹਾ। ਇੱਕ ਦਿਨ ਕੁੱਝ ਨਾ ਹੋਣਾ ਤੇ ਦੂਜੇ ਦਿਨ ਬੁਖ਼ਾਰ ਨਾਲ਼ ਮੈ ਬੇਹੋਸ਼ ਹੋ ਜਾਣਾ। ਉਹਨੀਂ ਦਿਨੀਂ
ਮੁਹਾਰਨੀ ਬੁਲਾਉਣ ਦਾ ਭਾਈਆ ਜੀ ਦੇ ਆਖਣ ਤੇ ਮੇਰੇ ਸਿਰ ਉਪਰ ਖ਼ਫ਼ਤ ਸਵਾਰ ਸੀ। ਦੱਸਦੇ ਨੇ ਕਿ ਮੈ
ਬੁਖ਼ਾਰ ਦੀ ਬੇਹੋਸ਼ੀ ਵਿੱਚ ਵੀ, “ਐੜਾ ਮੁਕਤਾ ਆ ਕੰਨਾ, ਇ ਸਿਹਾਰੀ ਈ ਬਿਹਾਰੀ” ਬੋਲੀ ਹੁੰਦਾ ਜਾਂਦਾ
ਸਾਂ। ਇਸ ਤਰ੍ਹਾਂ ਦੇ ਬੁਖ਼ਾਰ ਨੂੰ ਤੇਈਆ ਆਖਦੇ ਸਨ।
ਇਕ ਦਿਨ ਜਿਸ ਦਿਨ ਬੁਖਾਰ ਦੀ ਵਾਰੀ ਨਹੀ ਸੀ, ਮੇਰੇ ਬਾਬਾ ਜੀ ਦੇ ਸਭ ਤੋਂ ਵੱਡੇ ਭਰਾ ਅਤੇ ਮੇਰੇ
ਭਾਈਆ ਜੀ ਦੇ ਤਾਇਆ ਜੀ, ਸ. ਭਾਨ ਸਿੰਘ ਜੀ ਨੇ ਆਪਣੇ ਮੂੰਹ ਵਿੱਚ ਕੁੱਝ ਪੜ੍ਹ ਕੇ ਤੇ ਇੱਕ ਕੱਪੜੇ
ਦੀ ਲੀਰ ਉਪਰ ਫੂਕ ਮਾਰ ਕੇ, ਉਹ ਲੀਰ ਮੇਰੇ ਡੌਲ਼ੇ ਨਾਲ਼ ਬੰਨ੍ਹ ਦਿਤੀ। ਮੈਨੂੰ ਪੁਛਿਆ, “ਕਿਥੋਂ
ਚੜ੍ਹਦਾ ਹੁੰਦਾ ਏ?” ਮੇਰੇ, “ਸੜਕ ਵਾਲ਼ੇ ਖੂਹ ਤੋਂ।” ਆਖਣ ਤੇ ਉਹਨਾਂ ਨੇ ਆਖਿਆ, “ਭਲ਼ਕੇ ਓਧਰ ਨਾ
ਜਾਈਂ।” ਮੈ ਜਰੂਰ ਇਸ ਗੱਲ ਤੇ ਅਮਲ ਕੀਤਾ ਹੋਵੇਗਾ ਜੋ ਕਿ ਹੁਣ ਯਾਦ ਨਹੀ; ਪਰ ਉਸ ਤੋਂ ਬਾਅਦ, ੧੯੭੫
ਤੱਕ ਇਸ ਕਿਸਮ ਦਾ ਬੁਖ਼ਾਰ ਮੇਰੇ ਨੇੜੇ ਨਹੀ ਫਟਕਿਆ।
੧੯੭੫ ਦੇ ਜੁਲਾਈ ਮਹੀਨੇ ਵਿੱਚ ਕੁੱਝ ਅਫ਼੍ਰੀਕਨ ਤੇ ਯੂਰਪੀਅਨ ਦੇਸ਼ਾਂ ਵਿਚਦੀ ਘੁੰਮਦਾ ਘੁੰਮਾਉਂਦਾ ਮੈ
ਵਲੈਤ ਜਾ ਅੱਪੜਿਆ। ਅਫ਼੍ਰੀਕਾ ਦੇ ਮੁਲਕ ਮਲਾਵੀ ਵਿੱਚ ਮਲੇਰੀਏ ਤੋਂ ਬਚਣ ਲਈ ਅਸੀਂ ਹਰ ਰੋਜ ਇੱਕ
ਕੁਨੈਣ ਦੀ ਗੋਲ਼ੀ ਖਾਇਆ ਕਰਦੇ ਸਾਂ ਜੋ ਕਿ ਓਥੋਂ ਤੁਰਨ ਤੋਂ ਕੁੱਝ ਦਿਨ ਪਹਿਲਾਂ ਹੀ ਮੈ ਲਾਪਰਵਾਹੀ
ਕਰਕੇ ਖਾਣੀ ਛੱਡ ਦਿਤੀ ਸੀ। ਸ਼ਾਇਦ ਚਿਰਾਂ ਤੋਂ ਸੁਣੀਦੇ ਵਲੈਤ ਮੁਲ਼ਕ ਦੀ ਸੈਰ ਕਰਨ ਦੀ ਆਸ ਦੇ ਚਾ
ਵਿੱਚ ਹੀ ਖਾਣੀ ਛੱਡ ਦਿਤੀ ਹੋਵੇ! ਇਸ ਅਣਗਹਿਲੀ ਦਾ ਅਸਰ ਵਲੈਤ ਜਾ ਕੇ ਹੋਇਆ। ਓਥੇ ਇੱਕ ਦਿਨ ਮੈਨੂੰ
ਏਨਾ ਜੋਰ ਦੀ ਬੁਖ਼ਾਰ ਚੜ੍ਹਨਾ ਕਿ ਮੇਰੇ ਨਾਲ ਹੀ ਓਸੇ ਕਮਰੇ ਵਿੱਚ ਰਹਿਣ ਵਾਲ਼ੇ ਭਾਈ ਸਾਹਿਬ ਭਗਵੰਤ
ਸਿੰਘ ਜੀ ਹੋਰਾਂ ਨੇ ਬਾਅਦ ਵਿੱਚ ਦੱਸਿਆ ਕਿ ਮੇਰੀ ਹਾਲਤ ਵੇਖ ਕੇ ਉਹ ਦੋਵੇਂ ਸੱਜਣ ਕੰਬ ਜਾਇਆ ਕਰਦੇ
ਸਨ ਇਹ ਸੋਚ ਕੇ ਕਿ ਪਰਦੇਸ ਵਿੱਚ ਇਸ ਨਾਲ਼ ਕੀ ਵਾਪਰ ਰਿਹਾ ਹੈ। ਗੁ. ਸਿੰਘ ਸਭਾ ਸਾਊਥਾਲ ਦੇ ਨੇੜੇ
ਹੀ ਇੱਕ ਸਿੱਖ ਡਾਕਟਰ ਤੋਂ ਮੈ ਦਵਾਈ ਲੈਣ ਜਾਣਾ। ਇੱਕ ਦਿਨ ਠੀਕ ਰਹਿਣਾ ਅਗਲੇ ਦਿਨ ਫਿਰ ਓਹੀ ਹਾਲ!
ਡਾਕਟਰ ਦੀ ਦਵਾਈ ਦਾ ਕੋਈ ਅਸਰ ਨਹੀ। ਡਾਕਟਰ ਸਾਹਿਬ ਜੀ ਹਨੇਰੇ ਵਿੱਚ ਹੀ ਤਲਵਾਰਾਂ ਮਾਰੀ ਜਾ ਰਹੇ
ਸਨ। ਬਿਮਾਰੀ ਦੀ ਉਹਨਾਂ ਨੂੰ ਕੋਈ ਸਮਝ ਨਹੀ ਸੀ ਆਈ। ਇੱਕ ਦਿਨ ਮੈ ਕਿਹਾ, “ਡਾਕਟਰ ਜੀ, ਮੈਨੂੰ
ਕਿਤੇ ਮਲੇਰੀਆ ਨਾ ਹੋਵੇ!” ਓਦੋਂ ਮੈਨੂੰ ਨਹੀ ਸੀ ਪਤਾ ਕਿ ਮਲੇਰੀਆ ਤੇ ਤਈਆ ਇਕੋ ਹੀ ਕਿਸਮ ਹੈ
ਬੁਖ਼ਾਰ ਦੀ। ਉਸ ਨੇ ਆਖਿਆ, “ਸਰਦਾਰ ਜੀ, ਵਲੈਤ ਵਿੱਚ ਮਲੇਰੀਆ ਕਿਥੇ?” ਮੈ ਯਕੀਨ ਕਰ ਕੇ ਚੁੱਪ ਕਰ
ਗਿਆ ਪਰ ਅੰਦਰੋਂ ਸ਼ੱਕ ਜਿਹਾ ਬਣਿਆ ਹੀ ਰਿਹਾ। ਦੋ ਕੁ ਦਿਨ ਪਿਛੋਂ ਫਿਰ ਮੈ ਏਹੀ ਗੱਲ ਦੁਹਰਾਈ ਤਾਂ
ਡਾਕਟਰ ਜੀ ਨੇ ਕੁੱਝ ਗੁੱਸੇ ਜਿਹੇ ਵਿੱਚ ਮੇਰੀ ਗੱਲ ਠੁਕਰਾ ਦਿਤੀ। ਉਸਦੇ ਵਲੈਤ ਵਿੱਚ ਮਲੇਰੀਆ ਨਾ
ਹੋਣ ਉਪਰ ਲੋੜੋਂ ਵਧ ਵਿਸ਼ਵਾਸ਼ ਵਾਲ਼ਾ ਉਤਰ ਸੁਣ ਕੇ ਮੈ ਜਦੋਂ ਕਿਹਾ ਮੈ ਅਫ਼੍ਰੀਕਾ ਤੋਂ ਆਇਆ ਹਾਂ ਤਾਂ
ਫਿਰ ਉਸਨੇ ਮੈਨੂੰ ਮਲੇਰੀਏ ਦੀ ਦਵਾਈ ਦਿਤੀ ਤਾਂ ਮੈ ਠੀਕ ਹੋ ਗਿਆ। ਵਿਚਾਰ ਆਈ ਕਿ ਪਿੰਡ ਦੇ ਇੱਕ
ਅਨਪੜ੍ਹ ਬੰਦੇ ਨੂੰ ਚੌਥਾਈ ਸਦੀ ਪਹਿਲਾਂ ਪਤਾ ਸੀ ਕਿ ਮੈਨੂੰ ਕੀ ਬੀਮਾਰੀ ਤੇ ਉਸਦਾ ਇਲਾਜ ਕੀ ਹੈ ਪਰ
ਲੰਡਨ ਵਿੱਚ ਰਹਿੰਦੇ, ਹਰੇਕ ਸਾਧਨਾਂ ਦੀ ਮੌਜੂਦਗੀ ਵਿਚ, ਇੱਕ ਕੁਆਲੀਫ਼ਾਈਡ ਡਾਕਟਰ ਨੂੰ ਨਹੀ ਪਤਾ ਕਿ
ਉਸਦੇ ਮਰੀਜ਼ ਨੂੰ ਮਲੇਰੀਆ ਹੈ। ਮੇਰੇ ਦੱਸਣ ਤੇ ਵੀ ਨਹੀ ਉਸਨੇ ਪਤਾ ਕਰਨ ਦਾ ਯਤਨ ਕੀਤਾ। ਸਿਰਫ ਏਹੋ
ਹੀ ਸਮਝ ਰੱਖਿਆ ਕਿ ਵਲੈਤ ਵਿੱਚ ਮਲੇਰੀਆ ਨਹੀ ਹੁੰਦਾ ਤੇ ਇਸ ਲਈ ਕਿਸੇ ਨੂੰ ਹੋ ਵੀ ਨਹੀ ਸਕਦਾ।
ਗੁਰਬਾਣੀ ਤਾਂ ਸਾਨੂੰ ਇਹ ਦੱਸਦੀ ਹੈ:
ਰੋਗ ਦਾਰੂ ਦੋਵੈ ਬੁਝੈ ਤ ਵੈਦ ਸੁਜਾਣ॥
ਪਰ ਇਹ ਡਾਕਟਰ ਤਾਂ ਰੋਗ ਹੀ ਨਹੀ ਬੁਝ ਸਕਿਆ ਦਾਰੂ ਇਸਨੇ ਕੀ ਬੁਝਣਾ ਸੀ!
ਘਟਨਾ ਇਹ ੧੯੬੮ ਦੀ ਦੀਵਾਲੀ ਸਮੇ ਦੀ ਹੈ। ਸਿੱਖਾਂ ਦਾ ਸਭ ਤੋਂ ਵੱਡਾ ਸਾਲਾਨਾ ਦੀਵਾਨ ਗੁਰਦੁਆਰਾ
ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਲੱਗਿਆ ਕਰਦਾ ਸੀ। ਸ਼ਾਇਦ ਹੁਣ ਵੀ ਇਸ ਤਰ੍ਹਾਂ ਹੀ ਹੁੰਦਾ
ਹੋਵੇ ਪਰ ਓਥੋਂ ਦੇ ਸਪੀਕਰਾਂ ਦੀ ਮੰਦੀ ਹਾਲਤ ਕਰਕੇ ਸ਼ਾਇਦ ਹੁਣ ਅਜਿਹਾ ਨਾ ਹੁੰਦਾ ਹੋਵੇ! ਉਸ ਦੀਵਾਨ
ਵਿੱਚ ਦੀਵਾਲੀ ਦੀ ਅਧੀ ਰਾਤ ਤੋਂ ਬਾਅਦ, ਸਾਰੇ ਲੀਡਰਾਂ ਤੋਂ ਪਿਛੋਂ, ਮੇਰਾ ਭਾਸ਼ਨ ਸੀ। ਭਾਸ਼ਨ ਪਿਛੋਂ
ਮੈ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ। ਇਹ ਕਮਰਾ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ,
ਉਪਰਲੀ ਛੱਤ ਉਪਰ ਸੀ। ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਸਥਾਨ ਵਾਲ਼ੇ ਪਾਸਿਉਂ ਪ੍ਰਕਰਮਾਂ ਕਰੀਏ ਤਾਂ
ਸਾਹਮਣੀ ਨੁੱਕਰ ਵਿਚੋਂ ਇਹਨਾਂ ਘਰਾਂ ਵਾਸਤੇ ਪਉੜੀਆਂ ਚੜ੍ਹਦੀਆਂ ਸਨ। ਏਥੇ ਹੀ ਫੁੱਲਾਂ ਵਾਲੇ ਦੀ
ਦੁਕਾਨ ਹੁੰਦੀ ਸੀ ਜੋ ਕਿ ਹੁਣ ਚੁਕਵਾ ਦਿਤੀ ਗਈ ਹੈ ਤੇ ਪਉੜੀਆਂ ਵੀ ਬੰਦ ਕਰ ਦਿਤੀਆਂ ਗਈਆਂ ਹਨ।
ਬਾਹਰੋਂ ਛਬੀਲ ਵਾਲ਼ੀ ਗਲ਼ੀ ਵਿਚੋਂ ਵੀ ਰਾਹ ਇਹਨਾਂ ਘਰਾਂ ਨੂੰ ਜਾਂਦਾ ਹੁੰਦਾ ਸੀ ਜੋ ਕਿ ਹੁਣ ਵੀ
ਜਾਂਦਾ ਹੈ ਪਰ ੧੯੮੪ ਤੋਂ ਬਾਅਦ ਸਾਰਾ ਕੁੱਝ ਬਦਲ ਗਿਆ ਹੋਇਆ ਹੈ। ਏਥੇ ਮੇਰੇ ਨਾਲ਼ ਦੇ ਕਮਰਿਆਂ ਦੀ
ਲਾਈਨ ਵਿਚ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਦੀ ਰਿਹਾਇਸ਼ ਵੀ ਸੀ ਜੋ ਕਿ ਹੁਣ ਵੀ
ਹੈ। ਸਵੇਰੇ ਮੇਰੀ ਜਾਗ ਆਪਣੇ ਪੇਟ ਦੇ ਖੱਬੇ ਪਾਸੇ ਜੋਰ ਦੀ ਪੀੜ ਨਾਲ਼ ਖੁਲ੍ਹੀ। ਓਸੇ ਲਾਈਨ ਵਿੱਚ
ਰਹਿਣ ਵਲ਼ੇ ਗਿਆਨੀ ਦਰਸ਼ਨ ਸਿੰਘ ਸ਼ਹੀਦ ਜੀ ਨੇ ਮੈਨੂੰ ਚੁੱਕਿਆ ਤੇ ਬਾਬਾ ਸਾਹਿਬ ਬਾਜ਼ਾਰ ਵਿਚ, ਡਾ.
ਭੂਪਿੰਦਰ ਸਿੰਘ ਜੀ ਤੋਂ ਟੀਕਾ ਲਵਾ ਕੇ, ਗੁ. ਬਿਬੇਕਸਰ ਦੇ ਮਕਾਨਾਂ ਵਿਚ, ਸਾਡੇ ਘਰ ਮੇਰੇ ਬੀਬੀ ਜੀ
ਕੋਲ਼ ਛੱਡ ਗਏ। ਜਿੰਨਾ ਚਿਰ ਟੀਕੇ ਦਾ ਅਸਰ ਰਿਹਾ ਮੈ ਸੁੱਤਾ ਰਿਹਾ। ਫਿਰ ਓਹੀ ਹਾਲ! ਕਈ ਡਾਕਟਰਾਂ
ਕੋਲ਼ ਗਏ। ਹਰੇਕ ਡਾਕਟਰ ਹੀ ਟੀਕਾ ਲਾ ਦਿਆ ਕਰੇ। ਟੀਕੇ ਦਾ ਨਸ਼ਾ ਉਤਰਨ ਤੇ ਫੇਰ ਓਹੀ ਚਾਂਗਰਾਂ।
ਪਿਛੋਂ ਪਤਾ ਲੱਗਾ ਕਿ ਹਰੇਕ ਡਾਕਟਰ ਮਾਰਫੀਏ ਦਾ ਟੀਕਾ ਲਾ ਕੇ ਮੈਨੂੰ ਸਵਾਂ ਦਿੰਦਾ ਸੀ। ਇਲਾਜ ਕਿਸੇ
ਕੋਲ਼ ਕੋਈ ਨਹੀ ਸੀ। ਇੱਕ ਦਿਨ ਫਿਰ ਅਧੀ ਰਾਤ ਨੂੰ ਭਾਈਆ ਜੀ, ਮਰਜ਼ ਵਧਦਾ ਵੇਖ ਕੇ, ਮੈਨੂੰ ਵੱਡੇ
ਸਰਕਾਰੀ ਹਸਪਤਾਲ ਵਿੱਚ ਲੈ ਗਏ। ਡਿਊਟੀ ਵਾਲ਼ੇ ਪਤਲੇ ਤੇ ਨਿਕੂ ਜਿਹੇ ਮੋਨੇ ਡਾਕਟਰ ਨੇ ਹੌਲ਼ੀ ਹੌਲ਼ੀ
ਕਾਗਜ਼ੀ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ। ਪਤਾ ਨਹੀ ਕਦੋਂ ਮੇਰੀ ਅੱਖ ਲੱਗ ਗਈ। ਜਦੋਂ ਪੀੜ ਨਾਲ਼ ਮੁੜ
ਮੇਰੀ ਅੱਖ ਖੁਲ੍ਹੀ ਤਾਂ ਮੈ ਵੇਖਿਆ ਕਿ ਭਾਈਆ ਜੀ ਮੇਰੀ ਮੰਜੀ ਦੇ ਨਾਲ ਹੀ ਜ਼ਮੀਨ ਤੇ ਸੁੱਤੇ ਪਏ ਹਨ।
ਉਹਨਾਂ ਨੂੰ ਜਗਾਇਆ ਤਾਂ ਉਹਨਾਂ ਨੇ ਛੇਤੀ ਹੀ ਜਾ ਕੇ ਉਸ ਡਾਕਟਰ ਨੂੰ ਮੇਰੀ ਹਾਲਤ ਦੱਸੀ ਤਾਂ ਉਸਨੇ
ਕਿਹਾ, “ਮੈ ਤੁਹਾਨੂੰ ਦਵਾਈ ਲਿਖ ਕੇ ਦਿਤੀ ਸੀ; ਤੁਸੀਂ ਲਿਆਂਦੀ ਨਹੀ!” ਭਾਈਆ ਜੀ ਦੇ ਇਹ ਦੱਸਣ ਤੇ
ਕਿ ਤੁਸੀਂ ਕੁੱਝ ਨਹੀ ਦੱਸਿਆ, ਫਿਰ ਉਸਨੇ ਬਰਾਲਗਨ ਦੀਆਂ ਗੋਲ਼ੀਆਂ ਲਿਖ ਦਿਤੀਆਂ ਤੇ ਉਹ ਖਾਣ ਨਾਲ਼
ਮੇਰੀ ਪੀੜ ਹਟ ਗਈ।
ਹਸਪਤਾਲ ਵਿੱਚ ਕੁੱਝ ਦਿਨ ਮੇਰੇ ਵੱਲ ਕਿਸੇ ਡਾਕਟਰ ਨੇ ਕੋਈ ਧਿਆਨ ਨਾ ਦਿਤਾ। ਮੈ ਮੰਜੇ ਤੇ ਪਏ
ਰਹਿਣਾ। ਸੱਜਣਾਂ ਤੇ ਰਿਸ਼ਤੇਦਾਰਾਂ ਨੇ ਵੀ ਖ਼ਬਰ ਲੈਣ ਆ ਜਾਣਾ। ਸਿੱਖ ਸਿਆਸਤ ਦੀ ਕੇਂਦਰੀ ਹਸਤੀੳਤੇ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ ਵੀ ਮੇਰੇ ਬਾਰੇ,
ਮੈਡੀਸਨ ਦੇ ਹੈਡ ਤੇ ਪ੍ਰੋਫੈਸਰ ਡਾ. ਹਰਿਚਰਨ ਸਿੰਘ ਜੀ ਨੂੰ ਆਖਿਆ। ਡਾਕਟਰ ਜੀ ਨੇ ਆਪਣਾ ਹੋਣਹਾਰ
ਸ਼ਾਗਿਰਦ, ਡਾ. ਗੁਰਜੀਤ ਸਿੰਘ ਭੇਜ ਕੇ ਸਬੰਧਤ ਡਾਕਟਰ ਕੋਲ਼ ਮੇਰੀ ਸਿਫਾਰਸ਼ ਵੀ ਕੀਤੀ ਪਰ ਕਿਸੇ ਤੇ
ਕੋਈ ਅਸਰ ਨਾ ਹੋਇਆ। ਫਿਰ ਸ. ਬੰਤਾ ਸਿੰਘ ਰਾਇ ਆਰਗੇਨਾਈਜ਼ਿੰਗ ਸੈਕਟਰੀ ਬਲੱਡ ਬੈਂਕ ਨਾਲ਼, ਮੇਰੇ
ਮਿੱਤਰ ਗਿ. ਦਰਸ਼ਨ ਸਿੰਘ ਮਜਬੂਰ ਰਾਹੀਂ ਮੇਲ ਹੋਇਆ ਤਾਂ ਉਹਨਾਂ ਨੇ ਉਸ ਡਾਕਟਰ ਨੂੰ ਜਾ ਕੇ ਆਖਿਆ,
“ਇਹ ਮੇਰਾ ਭਰਾ ਹੈ।” ਇਹ ਸੁਣਕੇ ਉਹ ਡਾਕਟਰ ਚੁਸਤ ਹੋ ਗਿਆ ਤੇ ਮੇਰੇ ਬਾਰੇ ਉਸਨੇ ਆਮ ਨਾਲ਼ੋਂ ਤੇਜੀ
ਨਾਲ਼ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿਤੀ। ਮੇਰੀ ਬੀਮਾਰੀ ਬਾਰੇ ਕੋਈ ਕੁੱਝ ਅੰਦਾਜ਼ੇ ਲਾਵੇ ਤੇ ਕੋਈ ਕੁੱਝ
ਹੋਰ ਤਰ੍ਹਾਂ ਦੇ ਵਿਚਾਰ ਪਰਗਟ ਕਰੇ। ਐਕਸ ਰੇ ਵੀ ਕੀਤੇ ਗਏ ਪਰ ਕਿਸੇ ਦੇ ਕੁੱਝ ਵੀ ਪਿੜ ਪੱਲੇ ਨਾ
ਪਿਆ। ਵਾਹਵਾ ਦਿਨ ਮੈ ਹਸਪਤਾਲ ਦਾ ਮੰਜਾ ਢਿੱਲਾ ਕਰਦਾ ਰਿਹਾ। ਇੱਕ ਦਿਨ ਕਿਸੇ ਥਾਂ ਐਕਸੀਡੈਂਟ ਹੋ
ਜਾਣ ਕਰਕੇ ਬਹੁਤ ਸਾਰੇ ਜ਼ਖ਼ਮੀ ਆ ਜਾਣ ਕਰਕੇ ਮਰੀਜ਼ਾਂ ਲਈ ਮੰਜਿਆਂ ਦੀ ਥੋੜ ਹੋ ਗਈ। ਮੈ ਸੋਚਿਆ ਕਿ ਮੈ
ਚੰਗਾ ਭਲਾ ਮੰਜਾ ਮੱਲ ਕੇ ਬੈਠਾ ਹੋਇਆ ਹਾਂ। ਨਵੇਂ ਮਰੀਜ਼ਾਂ ਨੂੰ ਮੰਜਿਆਂ ਦੀ ਲੋੜ ਹੈ। ਡਾਕਦਾਰਾਂ
ਨੂੰ ਮੇਰੀ ਕਿਸੇ ਬੀਮਾਰੀ ਦੀ ਸਮਝ ਨਹੀ ਪੈ ਰਹੀ। ਮੈ ਕਿਸੇ ਨੂੰ ਦੱਸਿਆਂ ਬਿਨਾ ਹੀ ਹਸਪਤਾਲੋਂ ਉਠ
ਕੇ ਆ ਗਿਆ। ਫਿਰ ਕਦੀ ਕਦਾਈਂ ਜੇ ਕਿਤੇ ਇਹ ਪੀੜ ਹੋਣੀ ਤਾਂ ਮੈ ਕੈਮਿਸਟ ਤੋਂ ਬਰਾਲਗਨ ਦੀ ਗੋਲ਼ੀ ਲੈ
ਕੇ ਖਾ ਲੈਣੀ ਤੇ ਪਾਣੀ ਪੀਣ ਦਾ ਧਿਆਨ ਰਖਣਾ ਤਾਂ ਕਿ ਸਰੀਰ ਵਿੱਚ ਉਸਦੀ ਕਮੀ ਨਾ ਹੋ ਜਾਵੇ। ਰੱਬ ਦਾ
ਸ਼ੁਕਰ ਹੈ ਕਿ ਇਸ ਕਸਰ ਕਾਰਨ ਮੁੜ ਕਿਸੇ ਡਾਕਟਰ ਨੂੰ ਤਕਲੀਫ਼ ਦੇਣ ਦੀ ਲੋੜ ਨਹੀ ਪਈ।
ਇਹ ਗੱਲ ਬਹੁਤ ਸਾਰੇ ਪਾਠਕਾਂ ਦੇ ਸ਼ਾਇਦ ਸੰਘੋਂ ਨਾ ਉਤਰੇ ਪਰ ਮੇਰੇ ਨਾਲ਼ ਵਾਪਰੀ ਹੈ। ਜਦੋਂ ਮੈ
ਹਸਪਤਾਲ ਵਿੱਚ ਦਾਖਲ ਸਾਂ ਤਾਂ ਮੇਰੇ ਪਿੰਡ ਸੂਰੋ ਪੱਡਾ ਦੇ ਗਵਾਂਢੀ ਪਿੰਡ, ਚੰਨਣਕੇ ਦੇ ਇੱਕ ਪੰਡਿਤ
ਨੇ ਸਾਡੇ ਪਿੰਡ ਆ ਕੇ ਮੇਰੀ ਦਾਦੀ ਨੂੰ ਆਖਿਆ, “ਤੁਹਾਡੇ ਵੱਡੇ ਪੋਤੇ ਉਪਰ ਕਸ਼ਟ ਆਇਆ ਵਾ, ਪਰ ਠੀਕ
ਹੋ ਜਾਊਗਾ।” ਇਹ ਗੱਲ ਮੇਰੀ ਦਾਦੀ ਮਾਂ ਜੀ ਨੇ ਮੈਨੂੰ ਕੁੱਝ ਦਿਨ ਪਿਛੋਂ ਅੰਮ੍ਰਿਤਸਰ ਆ ਕੇ ਦੱਸੀ।
ਇਹ ਵੀ ਤਕਰੀਬਨ ਉਹਨਾਂ ਹੀ ਦਿਨਾਂ ਦੇ ਆਸ ਪਾਸ ਦੀ ਹੀ ਗੱਲ ਹੈ ਕਿ ਮੇਰੇ ਸੱਜੇ ਪੈਰ ਉਪਰ ਖੁਰਕ
ਹੋਣੀ ਸ਼ੁਰੂ ਹੋ ਗਈ। ਮੈ ਸਮਝਿਆ ਕਿ ਕਿਤੇ ਮੱਛਰ ‘ਮਸ਼ਕਰੀ’ ਕਰ ਗਿਆ ਹੋਵੇਗਾ ਪਰ ਹਰ ਰੋਜ ਇਹ ਮਰਜ਼
ਵਧਦਾ ਹੀ ਗਿਆ। ਆਪਣੇ ਰਸੂਖ਼ ਦੇ ਮਾਣ ਨਾਲ ਮੈ ਵੱਡੇ ਸਰਕਾਰੀ ਹਸਪਤਾਲ ਵਿੱਚ ਚਲਿਆ ਗਿਆ। ਚਮੜੀ
ਰੋਗਾਂ ਦੇ ਸਭ ਤੋਂ ਵੱਡੇ ਡਾਕਟਰ ਨੇ ਐਗ਼ਜ਼ੀਮਾ ਆਖ ਕੇ ਇੱਕ ਟਿਊਬ ਲਿਖ ਦਿਤੀ। ਉਹ ਦਸ ਰੁਪਏ ਦੀ
ਆਉਂਦੀ ਸੀ। ਚੁਭਦੇ ਤਾਂ ਸਨ ਦਸ ਰੁਪਏ ਪਰ ਖ਼੍ਰੀਦ ਕੇ ਲਾਉਣੀ ਸ਼ੁਰੂ ਕਰ ਦਿਤੀ। ਰੋਗ ਵਧਣੋ ਤਾਂ ਹਟ
ਗਿਆ ਪਰ ਘਟੇ ਨਾ। ਪੈਰ ਉਪਰ ਲੱਗੀ ਥੰਦੀ ਕਰੀਮ ਉਪਰ ਘਟਾ ਵੀ ਪਏ ਤੇ ਮੇਰਾ ਪੈਰ ਤੇ ਪਜਾਮੇ ਦਾ
ਪਹੁੰਚਾ ਵੀ ਗੰਦੇ ਤੇ ਥੰਦੇ ਹੋਏ ਰਹਿਣ। ਦੋ ਚਾਰ ਟਿਊਬਾਂ ਮੁਕਾਉਣ ਪਿਛੋਂ ਮੈ ਇਹਨਾਂ ਦਾ ਖਹਿੜਾ
ਛੱਡ ਕੇ, ਜਲ੍ਹਿਆਂ ਵਾਲੇ ਬਾਗ ਦੇ ਬਾਹਰਵਾਰ ਇੱਕ ਚਿੱਟੀ ਦਾਹੜੀ ਵਾਲੇ ਵੈਦ ਜੀ ਦੇ ਕੋਲ਼ ਚਲਿਆ ਗਿਆ।
ਉਸਨੇ ਮੈਨੂੰ ਗੋਲ਼ੀਆਂ ਖਾਣ ਲਈ ਦਿਤੀਆਂ। ਕੁੱਝ ਦਿਨਾਂ ਬਾਅਦ ਭੁੱਲ ਹੀ ਗਿਆ ਕਿ ਕੇਹੜੇ ਪੈਰ ਉਪਰ
ਕਸਰ ਸੀ। ਬਾਅਦ ਵਿੱਚ ਮੈਨੂੰ ਇਉਂ ਸਮਝ ਆਈ ਕਿ ਸ਼ਾਇਦ ਉਸ ਵੈਦ ਜੀ ਨੇ ਤਾਰੇ ਮੀਰੇ ਦੇ ਬੀਆਂ ਦੀਆਂ
ਗੋਲ਼ੀਆਂ ਵੱਟ ਕੇ ਮੈਨੂੰ ਦਵਾਈ ਵਜੋਂ ਦਿਤੀਆਂ ਸਨ। ਹੁਣ ਉਹ ਵੈਦ ਜੀ ਓਥੇ ਨਹੀ ਹਨ। ਚਾਰ ਕੁ ਦਹਾਕੇ
ਇਸ ਗੱਲ ਨੂੰ ਹੋ ਗਏ ਹਨ ਤੇ ਫਿਰ ੧੯੮੪ ਵਿਚਲੀਆਂ ਘਟਨਾਵਾਂ ਉਪ੍ਰੰਤ ਉਸ ਇਲਾਕੇ ਦੀ ਸਾਰੀ ਨੁਹਾਰ ਹੀ
ਬਦਲ ਚੁੱਕੀ ਹੈ।
੧੯੮੩ ਵਿੱਚ ਏਥੇ ਸਿਡਨੀ ਵਿੱਚ ਮੇਰੀ ਖੱਬੀ ਅੱਡੀ ਵਿੱਚ ਕੁੱਝ ਵਧ ਤੇ ਸੱਜੀ ਵਿੱਚ ਕੁੱਝ ਘੱਟ ਪੀੜ
ਹੋਣੀ ਸ਼ੁਰੂ ਹੋ ਗਈ। ਹੌਲ਼ੀ ਹੌਲ਼ੀ ਇਹ ਵਧਦੀ ਗਈ। ਡਾਕਟਰਾਂ ਆਖਿਆ ਕਿ ਅੱਡੀਆਂ ਦੀਆਂ ਹੱਡੀਆਂ ਵਧ
ਗਈਆਂ ਹਨ ਤੇ ਓਪ੍ਰੇਸ਼ਨ ਰਾਹੀਂ ਹੱਡੀਆਂ ਨੂੰ ਵਢ ਕੇ ਛੋਟਾ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀ।
ਟੈਂਪਰੇਰੀ ਇਲਾਜ ਵਾਸਤੇ ਅੱਡੀ ਵਿੱਚ ਥੱਲਿਉਂ ਸੂਆ ਖੋਭ ਕੇ ਦਵਾਈ ਪਾਉਣੀ। ਇਹ ਵਾਹਵਾ ਤਕਲੀਫ ਦੇਹ
ਕਾਰਜ ਸੀ। ਦੋ ਕੁ ਵਾਰ ਅਜਿਹਾ ਕੀਤਾ ਵੀ।
ਇਹਨਾਂ ਹੀ ਦਿਨਾਂ ਵਿੱਚ ਮੈਨੂੰ ਪਖਾਨੇ ਨਾਲ਼ ਖੂਨ ਆਉਣ ਲੱਗ ਪਿਆ। ਡਾਕਟਰ ਨੇ ਆਖਿਆ ਕਿ ਪਾਇਲ ਹੈ।
ਵਾਹਵਾ ਚਿਰ ਡਾਕਟਰਾਂ ਵੱਲੋਂ ਦਿਤੀਆਂ ਟਿਊਬਾਂ ਵਰਤਦਾ ਰਿਹਾ। ਬੜੇ ਚਿਰ ਬਾਅਦ ਪਤਾ ਲੱਗਾ ਕਿ
ਬਵਾਸੀਰ ਨੂੰ ਅੰਗ੍ਰੇਜ਼ੀ ਵਿੱਚ ਪਾਇਲ ਆਖਦੇ ਹਨ। ਫਿਰ ਇਹ ਸਮੱਸਿਆ ਬਰਦਾਸ਼ਤ ਤੋਂ ਬਾਹਰ ਹੋ ਜਾਣ
ਕਰਕੇ, ਆਪਣੇ ਮਿਤਰ ਡਾ. ਨਰਿੰਦਰਪਾਲ ਸਿੰਘ ਜੀ ਹੋਰਾਂ ਦੀ ਸਲਾਹ ਤੇ ਉਦਮ ਨਾਲ਼, ੧੯੮੩ ਦੀ ਦੀਵਾਲੀ
ਸਮੇ, ਮਾਊਂਟ ਡਰੂਟ ਹਸਪਤਾਲ ਵਿੱਚ ਦਾਖਲ ਹੋ ਗਿਆ। ਡਾਕਟਰਾਂ ਨੇ ਮੇਰਾ ਖਾਣਾ ਪੀਣਾ ਬੰਦ ਕਰਕੇ
ਗੁਲੂਕੋਜ਼ ਲਾਈ ਰੱਖਿਆ। ਫਿਰ ਅੰਦਰੋਂ ਕੁੱਝ ਮਾਸ ਦਾ ਟੁਕੜਾ ਲੈ ਕੇ ਪ੍ਰੀਖਿਆ ਕਰਕੇ ਮੈਨੂੰ ਦੱਸਿਆ
ਗਿਆ ਕਿ ਪਾਇਲ ਨਹੀ, ਇੱਕ ਖਾਸ ਕਿਸਮ ਦਾ ਅਲਸਰ ਹੈ। ਉਸ ਅਲਸਰ ਦੀ ਕਿਸਮ ਦਾ ਮੈਨੂੰ ਹੁਣ ਨਾਂ ਭੁੱਲ
ਗਿਆ ਹੋਇਆ ਹੈ। ਕੁੱਝ ਦਿਨ ਹਸਪਤਾਲ ਰੱਖਣ ਪਿਛੋਂ ਛੁੱਟੀ ਦੇ ਕੇ ਨਾਲ਼ ਗੋਲ਼ੀਆਂ ਰੋਜ ਦੀਆਂ ਛੇ ਖਾਣ
ਲਈ ਦੇ ਦਿਤੀਆਂ। ਇਹ ਵੱਡੇ ਆਕਾਰ ਦੀਆਂ ਬੇਸੁਆਦੀਆਂ ਗੋਲ਼ੀਆਂ, ਦੋ ਸਵੇਰੇ, ਦੋ ਦੁਪਹਿਰੇ ਤੇ ਦੋ
ਰਾਤੀਂ, ਰਹਿੰਦੇ ਜੀਵਨ ਭਰ ਖਾਣ ਦਾ ਹੁਕਮ ਹੋ ਗਿਆ। ਕੁੱਝ ਦਿਨ ਹੀ ਮੈ ਅਜਿਹਾ ਕਰ ਸਕਿਆ। ਫਿਰ ਅਖੀਰ
ਅੱਕ ਕੇ ਮੈ ਇਹ ਛੱਡ ਦਿਤੀਆਂ। ਜਦੋਂ ਵੀ ਡਾਕਟਰ ਕੋਲ਼ ਜਾਣਾ ਉਸਨੇ ਇਹ ਖਾਣ ਤੇ ਜੋਰ ਦੇਣਾ ਪਰ ਮੈ
ਮੁੜ ਨਾ ਹੀ ਇਹਨਾਂ ਨੂੰ ਖਾ ਸਕਿਆ। ਕੁੱਝ ਸਮਾ ਮੈ ਇਸ ਤਰ੍ਹਾਂ ਹੀ ਨਿੱਕੇ ਮੋਟੇ ਨੁਕਸਾਂ ਨਾਲ਼ ਦੋ
ਚਾਰ ਹੁੰਦਾ ਰਿਹਾ।
ਹੈਰਾਨ ਹੀ ਹੋਣਗੇ ਮੇਰੇ ਪਾਠਕ ਇਹ ਜਾਣ ਕੇ ਕਿ ਮੈ ਫਿਰ ਅੰਗ੍ਰੇਜ਼ੀ ਭਾਸ਼ਾ ਵਿੱਚ ‘ਕੂਐਕ’ ਕਰਕੇ ਜਾਣੇ
ਜਾਣ ਵਾਲ਼ੇ ‘ਹੀਲਰਾਂ’ ਵਿਚੋਂ ਇੱਕ ਲੇਡੀ ਕੋਲ਼ ਚਲਿਆ ਗਿਆ। ਇਹ ਸਿਡਨੀ ਦੇ ਇੱਕ ਸਬਅਰਬ ‘ਬੌਂਡਾਇ’
ਵਿੱਚ ਲੋਕਾਂ ਦਾ ਇਲਾਜ ਕਰਨ ਦਾ ਕਾਰਜ ਚਲਾਉਂਦੀ ਸੀ। ਬੌਂਡਾਇ ਜੰਕਸ਼ਨ ਦੇ ਰੇਲਵੇ ਸਟੇਸ਼ਨ ਤੋਂ ਉਤਰ
ਕੇ ਨੇੜੇ ਹੀ ਇਸ ਦਾ ਸਥਾਨ ਸੀ। ਮੈ ਆਪਣੇ ਨਾਲ਼, ਇਹਨਾਂ ਕੰਮਾਂ ਵਿੱਚ ਆਪਣੇ ਨਾਲ਼ੋਂ ਕਿਤੇ ਵਧ ਸਿਆਣੇ
ਆਪਣੇ ਮਿਤਰ, ਸ. ਜਗਰਾਜ ਸਿੰਘ ਜੀ ਨੂੰ ਲੈ ਗਿਆ। ਓਸੇ ਨੇ ਹੀ ਮੇਰੇ ਆਖਣ ਤੇ ਮੈਨੂੰ ਇੱਕ ਕਿਤਾਬ
ਲਿਆ ਕੇ ਦਿਤੀ ਸੀ ਜਿਸ ਵਿੱਚ ਅਜਿਹੇ ਵਿਅਕਤੀਆਂ ਦੇ ਨਾਂ/ ਪਤੇ ਦਰਜ ਸਨ। ਅਸੀਂ ਦੋਵੇਂ ਚਲੇ ਗਏ। ਉਹ
ਪੰਝੀ ਡਾਲਰ ਇਲਾਜ ਕਰਨ ਦੇ ਲੈਂਦੀ ਸੀ। ਮੈ ਸ. ਜਗਰਾਜ ਸਿੰਘ ਨੂੰ ਆਪਣੇ ਨਾਲ਼ ਹੀ ਅੰਦਰ ਲੈ ਗਿਆ ਤੇ
ਮੁੜ ਮੁੜ ਉਸਨੂੰ ਤਾਕੀਦ ਕੀਤੀ ਕਿ ਪੂਰੇ ਗਹੁ ਨਾਲ਼ ਵੇਖਣਾ ਹੈ ਕਿ ਇਹ ਬੀਬੀ ਕਿਵੇਂ ਇਲਾਜ ਕਰਦੀ ਹੈ।
ਆਪਣੇ ਅਸੂਲ ਤੋਂ ਉਲ਼ਟ ਉਸਨੇ ਮੇਰੇ ਨਾਲ਼ ਮੇਰੇ ਮਿੱਤਰ ਨੂੰ ਅੰਦਰ ਜਾਣ ਦੀ ਆਗਿਆ ਦੇ ਦਿਤੀ। ਮੈਨੂੰ
ਉਸਨੇ ਸਾਰੇ ਕੱਪੜੇ ਉਤਾਰ ਕੇ ਸਪੈਸ਼ਲ ਬਣੇ ਬਿਸਤਰੇ ਜਿਹੇ ਉਪਰ ਲੇਟ ਜਾਣ ਲਈ ਆਖਿਆ। ਮੈ ਕਛਹਿਰਾ
ਲਾਹੁਣ ਤੋਂ ਜਦੋਂ ਅਸਮਰੱਥਾ ਪਰਗਟ ਕੀਤੀ ਤਾਂ ਉਸਨੇ ਪਾਈ ਰੱਖਣ ਲਈ ਆਖ ਕੇ ਮੈਨੂੰ ਬਿਸਤਰੇ ਉਪਰ
ਲੇਟਣ ਲਈ ਆਖ ਦਿਤਾ। ਮੇਰੇ ਲੇਟਣ ਤੇ ਉਸਨੇ ਮੇਰੇ ਉਪਰ ਚਾਦਰ ਪਾ ਕੇ ਸਿਰ ਤੋਂ ਪੈਰਾਂ ਤੱਕ ਮੈਨੂੰ
ਢੱਕ ਦਿਤਾ। ਲਾਗੇ ਅੰਗ੍ਰੇਜ਼ੀ ਸਾਜ ਸੰਗੀਤ ਦੀ ਟੇਪ ਲਾ ਦਿਤੀ। ਮੈਨੂੰ ਹੌਲ਼ੀ ਹੌਲ਼ੀ ਕੁੱਝ ਸ਼ਾਂਤੀ
ਜਿਹੀ ਮਹਿਸੂਸ ਹੋਵੇ। ਫਿਰ ਕੁੱਝ ਸਮੇ ਪਿਛੋਂ ਉਸਨੇ ਮੇਰੇ ਪੇਟ ਤੋਂ ਚਾਦਰ ਲਾਹ ਕੇ ਆਪਣੇ ਹੱਥਾਂ
ਨਾਲ਼ ਮੇਰਾ ਪੇਟ ਪਾੜਨ ਦਾ ‘ਜਲਵਾ’ ਕੀਤਾ। ਸ਼ੀਸ਼ੇ ਰਾਹੀਂ ਮੈਨੂੰ ਮੇਰਾ ਪਾਟਾ ਹੋਇਆ ਪੇਟ ਵੀ ਵਿਖਾਇਆ।
ਮੈ ਫਿਰ ਜਗਰਾਜ ਸਿੰਘ ਨੂੰ ਧਿਆਨ ਨਾਲ਼ ਸਾਰਾ ਕੁੱਝ ਵੇਖਣ ਦੀ ਤਾਕੀਦ ਕੀਤੀ। ਫਿਰ ਉਹ ਕੁੱਝ ਖ਼ੂਨ ਤੇ
ਮਾਸ ਜਿਹਾ ਪੇਟ ਚੋਂ ਕਢੇ ਤੇ ਲਾਗੇ ਪਈ ਬਾਲਟੀ ਵਿੱਚ ਸੁੱਟੀ ਜਾਵੇ। ਇਸ ਕਾਰਵਾਈ ਪਿਛੋਂ ਜਦੋਂ ਉਸਨੇ
ਤੌਲੀਏ ਨਾਲ਼ ਮੇਰਾ ਢਿਡ ਸਾਫ ਕੀਤਾ ਤਾਂ ਓਥੇ ਕੁੱਝ ਵੀ ਨਹੀ ਸੀ ਸਿਵਾਏ ਮੇਰੇ ਕਛਹਿਰੇ ਦੇ ਨੇਂਘ ਉਪਰ
ਇੱਕ ਦੋ ਬੂੰਦਾਂ ਖ਼ੂਨ ਦੇ ਦਾਗਾਂ ਤੋਂ। ਅੰਤ ਵਿੱਚ ਮੈ ਆਖਿਆ ਕਿ ਮੇਰੀਆਂ ਅੱਡੀਆਂ ਵਿੱਚ ਵੀ ਕਸਰ ਹੈ
ਤਾਂ ਉਸਨੇ ਓਹੀ ਕੁੱਝ ਮੇਰੀਆਂ ਅੱਡੀਆਂ ਨਾਲ਼ ਵੀ ਕਰਕੇ ਆਖ ਦਿਤਾ ਕਿ ਹੁਣ ਇਹ ਵੀ ਠੀਕ ਹੋ ਗਈਆਂ ਹਨ।
ਵਿਦਾਇਗੀ ਸਮੇ ਉਸਨੇ ਹਰ ਪ੍ਰਕਾਰ ਦਾ ਡੇਅਰੀ ਪ੍ਰੋਡਕਟ ਤੇ ਮਿਠਾ ਖਾਣ ਤੋਂ ਮੈਨੂੰ ਮਨਾਹ ਕੀਤਾ ਪਰ
ਮੈ ਇਹਨਾਂ ਦੋਹਾਂ ਵਸਤੂਆਂ ਦਾ ਤਿਆਗ ਨਹੀ ਕਰ ਸਕਿਆ।
ਬਾਹਰ ਆ ਕੇ ਮੈ ਜਗਰਾਜ ਸਿੰਘ ਜੀ ਨੂੰ ਪੁਛਿਆ ਕਿ ਉਹਨਾਂ ਨੇ ਕੀ ਵੇਖਿਆ ਤਾਂ ਉਹਨਾਂ ਦਾ ਜਵਾਬ ਸੀ
ਕਿ ਜੋ ਉਹ ਵਿਖਾਲ਼ਦੀ ਸੀ ਤੇ ਦੱਸਦੀ ਸੀ ਉਸ ਤੋਂ ਇਲਾਵਾ ਉਹਨਾਂ ਦੀ ਸਮਝ ਵਿੱਚ ਵੀ ਹੋਰ ਕੁੱਝ ਨਹੀ
ਆਇਆ। ਫਿਰ ਮੇਰੇ ਇਹ ਪੁੱਛਣ ਤੇ ਕਿ ਜਦੋਂ ਉਸਨੇ ਚਾਦਰ ਨਾਲ ਮੈਨੂੰ ਸਾਰਾ ਢੱਕਿਆ ਹੋਇਆ ਸੀ ਓਦੋਂ ਕੀ
ਕਰਦੀ ਸੀ ਤਾਂ ਉਸਨੇ ਦੱਸਿਆ ਕਿ ਉਹ ਮੇਰੇ ਸਰੀਰ ਉਪਰ ਪੈਰਾਂ ਵੱਲੋਂ ਸਿਰ ਵਾਲ਼ੇ ਪਾਸੇ ਨੂੰ, ਸਰੀਰ
ਦੇ ਉਤੋਂ ਦੀ ਆਪਣੇ ਹੱਥ ਲਿਜਾਣ ਸਮੇ, ਮੂੰਹ ਵਿੱਚ ਕੁੱਝ ਪੜ੍ਹਦੀ ਸੀ ਤੇ ਸਿਰ ਵਾਲੇ ਪਾਸੇ ਨੂੰ ਹੱਥ
ਲਿਜਾ ਕੇ ਕੁੱਝ ਝਾੜਨ ਵਾਂਗ ਹੱਥ ਝਟਕਦੀ ਸੀ।
ਉਸ ਤੋਂ ਪਿਛੋਂ ਉਹਨਾਂ ਕਸਰਾਂ ਤੋਂ ਮੈ ਰੱਬ ਦੀ ਰਹਿਮਤ ਨਾਲ਼ ਬਚਿਆ ਆ ਰਿਹਾ ਹਾਂ। ਜੇ ਡਾਕਟਰਾਂ ਦੇ
ਭਰੋਸੇ ਤੇ ਰਹਿੰਦਾ ਤਾਂ ਹੁਣ ਤੱਕ ਛੇ ਗੋਲ਼ੀਆਂ ਰੋਜ ਦੀਆਂ ਖਾਈ ਜਾਂਦਾ। ਪਤਾ ਨਹੀ ਉਹਨਾਂ ਗੋਲ਼ੀਆਂ
ਨਾਲ਼ ਹੋਰ ਕਿੰਨੀਆਂ ਬੀਮਾਰੀਆਂ ਸਹੇੜ ਲੈਂਦਾ! ਪਤਾ ਫਿਰ ਵੀ ਕਿਸੇ ਨੂੰ ਕੋਈ ਨਹੀ ਸੀ ਕਿ ਮੈਨੂੰ
ਬਿਮਾਰੀ ਕੀ ਹੈ! ਫਿਰ ਮੈ ਆਪਣੀ ਘਰ ਵਾਲ਼ੀ ਨੂੰ ਵੀ ਉਸ ਕੋਲ਼ ਲੈ ਕੇ ਗਿਆ। ਉਸਨੇ ਪਹਿਲਾਂ ਵਾਂਗ ਹੀ
ਉਸਦਾ ਵੀ ਇਲਾਜ ਕੀਤਾ ਪਰ ਉਸ ਉਪਰ ਤਿੰਨ ਮਹੀਨੇ ਹੀ ਉਸ ਬੀਬੀ ਦੇ ਇਲਾਜ ਦਾ ਅਸਰ ਰਿਹਾ। ਓਦੋਂ
ਦੱਸਦੇ ਸੀ ਕਿ ਉਹ ‘ਸਪਿਰਚੂਅਲ ਹੀਲਿੰਗ’ ਵਾਲ਼ੀ ਨੌਜਵਾਨ ਗੋਰੀ ਬੀਬੀ ਨਿਊ ਜ਼ੀਲੈਂਡ ਤੋਂ ਆਈ ਸੀ। ਮੁੜ
ਉਸਦਾ ਕੋਈ ਪਤਾ ਨਹੀ ਕਿ ਕਿਥੇ ਆਪਣੀ ਪ੍ਰੈਕਟਿਸ ਕਰਦੀ ਹੈ। ਇਹ ਗੱਲ ੧੯੮੪ ਦੀ ਹੈ।
ਘਟਨਾ ਇਹ ੧੯੮੭ ਦੇ ਨਵੰਬਰ ਦੇ ਪਹਿਲੇ ਸ਼ੁੱਕਰਵਾਰ ਦੀ ਅਧੀ ਰਾਤ ਦੀ ਹੈ। ਗੁਰਦੁਆਰਾ ਪਾਰਕਲੀ ਦੀ
ਕਮੇਟੀ ਵਿਚ, ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮਨਾਉਣ ਦੀਆਂ, ਵਿਚਾਰਾਂ ਹੋ ਰਹੀਆਂ
ਸਨ। ਓਦੋਂ ਸੰਗਤ ਬਹੁਤ ਥੋਹੜੀ ਹੁੰਦੀ ਸੀ। ਇੱਕ ਦਰਮਿਆਨੇ ਜਿਹੇ ਮਕਾਨ ਵਿੱਚ ਹੀ ਗੁਰਦੁਆਰਾ ਹੁੰਦਾ
ਸੀ ਤੇ ਮਹੀਨੇ ਵਿੱਚ ਦੋ ਵਾਰੀਂ ਹੀ ਦੀਵਾਨ ਲੱਗਦਾ ਸੀ। ਗ੍ਰੰਥੀ ਵਿਚਾਰਾ ਆਪਣੇ ਗੁਜ਼ਾਰੇ ਲਈ ਪੰਜ
ਦਿਨ ਕਿਸੇ ਫੈਕਟਰੀ ਵਿੱਚ ਨੌਕਰੀ ਕਰਦਾ ਹੁੰਦਾ ਸੀ। ਅੱਜ ਸਤਿਗੁਰੂ ਦੀ ਕਿਰਪਾ ਤੇ ਸੰਗਤ ਦੇ ਉਦਮ
ਨਾਲ਼, ਸਦਰਨ ਹੈਮੇਸਫ਼ੀਅਰ ਵਿੱਚ ਇਹ ਗੁਰਦੁਆਰਾ, ਬਿਲਡਿੰਗ ਪੱਖੋਂ ਸਭ ਤੋਂ ਵਿਸ਼ਾਲ ਅਤੇ ਸੰਗਤ ਦੀ
ਗਹਿਮਾ ਗਹਿਮ ਵਾਲਾ ਹੈ। ਓਦੋਂ ਸਮੇਤ ਗ੍ਰੰਥੀ ਸਿੰਘ ਦੇ ਸਾਰੇ ਸੱਜਣ ਸ਼ੁੱਕਰਵਾਰ ਨੂੰ ਕੰਮਾਂ ਤੇ ਹੋਣ
ਕਰਕੇ ਉਸ ਰਾਤ ਜਾਗਣ ਲਈ ਕੋਈ ਤਿਆਰ ਨਹੀ ਸੀ ਹੋ ਰਿਹਾ। ਉਸ ਰਾਤ ਦੇ ਪਹਿਰੇ ਦੀ ਸੇਵਾ ਮੈ ਲੈ ਲਈ।
ਪਹਿਰਾ ਏਹੀ ਸੀ ਕਿ ਸਮੇ ਸਿਰ ਪਾਠੀ ਨੂੰ ਉਸਦੀ ਵਾਰੀ ਲਈ ਸਾਵਧਾਨ ਕਰਨਾ ਅਤੇ ਬੈਠਣ ਤੇ ਉਠਣ ਵਾਲ਼ੇ
ਪਾਠੀ ਨੂੰ ਚਾਹ ਪਾਣੀ ਛਕਾਉਣਾ। ਮੈ ਪਾਠੀ ਦੇ ਨੇੜੇ ਹੀ ਲੰਮਾ ਪੈ ਗਿਆ ਤਾਂ ਕਿ ਜੇ ਮੇਰੀ ਅੱਖ ਲੱਗ
ਜਾਵੇ ਤਾਂ ਉਹ ਮੈਨੂੰ ਹਿਲਾ ਦੇਵੇ। ਮੇਰੀ ਜਦੋਂ ਅਧੀ ਕੁ ਰਾਤ ਨੂੰ ਅੱਖ ਖੁਲ੍ਹੀ ਤਾਂ ਮੈ ਬੁਰੀ
ਤਰ੍ਹਾਂ ਪਾਲ਼ੇ ਨਾਲ਼ ਕੰਬ ਰਿਹਾ ਸਾਂ ਤੇ ਹੋਰ ਵੀ ਕੁੱਝ ਕਸਰਾਂ ਸਰੀਰ ਵਿੱਚ ਮਹਿਸੂਸ ਕਰ ਰਿਹਾ ਸਾਂ।
ਦੋ ਵਜੇ ਮੇਰੇ ਮਿੱਤਰ ਸ. ਅਜੀਤ ਸਿੰਘ ਸੈਣੀ ਜੀ ਪਾਠ ਦੀ ਵਾਰੀ ਤੋਂ ਉਠੇ ਤਾਂ ਮੇਰੇ ਆਖਣ ਤੇ, ਉਹ
ਆਪਣੇ ਘਰ ਨੂੰ ਜਾਂਦੇ ਹੋਏ, ਮੈਨੂੰ ਮੇਰੇ ਘਰ ਛੱਡ ਗਏ। ਸਵੇਰੇ ਉਠ ਕੇ ਘਰ ਵਾਲੀ ਤਾਂ ਕੰਮ ਤੇ ਚਲੀ
ਗਈ ਤੇ ਜਦੋਂ ਵਾਹਵਾ ਦਿਨ ਚੜ੍ਹੇ ਮੇਰੀ ਅੱਖ ਖੁਲ੍ਹੀ ਤਾਂ ਮੇਰਾ ਸਿਰ ਘੁੰਮੇ ਤੇ ਬੁਖ਼ਾਰ ਵੀ ਜੋਰਾਂ
ਤੇ। ਸਿਰ ਇਉਂ ਘੁੰਮੇ ਕਿ ਜਿਵੇਂ ਕਮਰੇ ਦੀ ਕੰਧ ਕਾਰਪੈਟ ਵਿੱਚ ਧਸੀ ਜਾਂਦੀ ਹੋਵੇ। ਸੱਜੇ ਕੰਨ ਵਿਚ,
“ਸੀਂ ਸੀਂ, ਟਾਂ ਟਾਂ” ਹੋ ਰਹੀ ਸੀ। ਇਹ ਆਵਾਜ਼ਾਂ ਕੁੱਝ ਇਉਂ ਸਨ ਤੇ ਹਨ ਜਿਵੇਂ ਕਿ ਪੰਜਾਬ ਦੇ ਸਾਉਣ
ਭਾਦੋਂ ਦੇ ਮੌਸਮ ਵਿੱਚ ਰਾਤ ਨੂੰ ਛੋਟੇ ਜੀਵਾਂ ਦੀਆਂ ਆਵਾਜ਼ਾਂ ਹੁੰਦੀਆਂ ਹਨ। ਓਦੋਂ ਤੋਂ ਲੈ ਕੇ ਹੁਣ
ਤੱਕ ਇਹ ਲਗਾਤਾਰ ਮੇਰੇ ਸੱਜੇ ਕੰਨ ਵਿਚੋਂ ਆ ਰਹੀਆਂ ਹਨ। ਕਿਸੇ ਡਾਕਟਰ ਨੂੰ ਕੁੱਝ ਸਮਝ ਨਹੀ ਆਈ ਕਿ
ਮੇਰੇ ਨਾਲ਼ ਕੀ ਭਾਣਾ ਵਰਤਿਆ ਹੈ। ਅਖੀਰ ਸਾਰੇ ਪਾਪੜ ਵੇਲਣ ਉਪ੍ਰੰਤ, ਮੇਰੇ ਪੁੱਛਣ ਤੇ, ਡਾ.
ਨਰਿੰਦਰਪਾਲ ਸਿੰਘ ਜੀ ਨੇ ਏਨਾ ਹੀ ਆਖਿਆ ਕਿ ਕੋਈ ਵਾਇਰਸ ਹਿੱਟ ਕਰ ਗਈ ਹੈ। ਮੇਰੇ ਕੇਹੜੀ ਵਾਇਰਸ
ਪੁੱਛਣ ਤੇ ਕਿਹਾ ਕਿ ਸੈਂਕੜੇ ਹੀ ਵਾਇਰਸਾਂ ਹੁੰਦੀਆਂ ਹਨ, ਕੋਈ ਪਤਾ ਨਹੀ ਲੱਗ ਸਕਦਾ।
ਉਸ ਦਿਨ ਦੀ ਗੱਲ ਕਰ ਲਈਏ: ਛੇਤੀ ਹੀ ਮੈ ਕਿਸੇ ਤਰ੍ਹਾਂ ਨੇੜੇ ਦੇ ਡਾਕਟਰ ਕੋਲ਼ ਗਿਆ। ਉਸਨੇ ਦੱਸਿਆ
ਕਿ ਮਮਜ਼ ਹਨ ਤੇ ਇਹਨਾਂ ਦਾ ਸਿਵਾਏ ਆਰਾਮ ਕਰਨ ਤੋਂ ਕੋਈ ਇਲਾਜ ਨਹੀ। ਘਰ ਆ ਕੇ ਡਾ. ਨਰਿੰਦਰਪਾਲ
ਸਿੰਘ ਜੀ ਨੂੰ ਫ਼ੋਨ ਰਾਹੀਂ ਆਪਣੀ ਹਾਲਤ ਬਿਆਨ ਕੀਤੀ ਤਾਂ ਉਹਨਾਂ ਨੇ ਕਿਹਾ ਫੌਰਨ ਹੀ ਵੈਸਟਮੀਡ
ਹਸਪਤਾਲ ਪਹੁੰਚਾਂ। ਇਸ ਉਮਰ ਵਿੱਚ ਮਮਜ਼ ਹੋਣੇ ਖ਼ਤਰਨਾਕ ਹਨ। ਇਹ ਸਰੀਰ ਦੇ ਖਾਸ ਸਿਸਟਮ ਨੂੰ ਨਸ਼ਟ ਕਰ
ਸਕਦੇ ਹਨ। ਮੈ ਹਿਦਾਇਤ ਅਨੁਸਾਰ ਹੀ ਕੀਤਾ। ਓਥੇ ਸਾਰੇ ਡਾਕਟਰ ਕਈ ਦਿਨਾਂ ਤੱਕ ਆਪਣੀਆਂ ਆਪਣੀਆਂ
‘ਡਾਕਦਾਰੀਆਂ’ ਕਰਦੇ ਰਹੇ। ਇਹਨਾਂ ਡਾਕਟਰਾਂ ਵਿੱਚ ਪੰਜਾਬੀ, ਹਿੰਦੁਸਤਾਨੀ, ਪਾਕਿਸਤਾਨੀ,
ਆਸਟ੍ਰੇਲੀਅਨ, ਅੰਗ੍ਰੇਜ਼ ਤੇ ਰੂਸੀ ਵੀ ਸ਼ਾਮਲ ਸਨ। ਕਿਸੇ ਦੇ ਕੁੱਝ ਪੱਲੇ ਨਹੀ ਪਿਆ। ਸਾਰੇ ਆਪਣੇ
ਆਪਣੇ ਅਟਕਲ ਪੱਚੂ ਹੀ ਲਾਉਂਦੇ ਰਹੇ। ਮੇਰੇ ਮਮਜ਼ ਬਾਰੇ ਆਖਣ ਤੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ
ਟੈਸਟਾਂ ਵਿੱਚ ਅਜਿਹੀ ਕੋਈ ਚੀਜ਼ ਨਹੀ ਆਈ। ਫਿਰ ਉਹਨਾਂ ਨੇ ਉਚੇਚਾ ਇਹਨਾਂ ਵਾਸਤੇ ਇੱਕ ਹੋਰ ਟੈਸਟ
ਕੀਤਾ ਪਰ ਫਿਰ ਵੀ ਮਮਜ਼ ਦੀ ਕੋਈ ਨਿਸ਼ਾਨੀ ਨਾ ਪਰਗਟ ਹੋਈ।
ਹਾਂ, ਇਹਨਾਂ ਸਾਰੇ ਟੈਸਟਾਂ ਨੇ ਮੇਰੇ ਵਿਚੋਂ ਸ਼ੂਗਰ ਦੀ ਬੀਮਾਰੀ ਲਭ ਲਈ। ਪਤਾ ਨਹੀ ਉਹ ਮੇਰੇ ਸਰੀਰ
ਵਿੱਚ ਪਹਿਲਾਂ ਹੀ ਮੌਜੂਦ ਸੀ ਜਾਂ ਕਿ ਇਹਨਾਂ ਦਵਾਈਆਂ ਤੇ ਟੈਸਟਾਂ ਦੀ ਕਿਰਪਾ ਸੀ। ਪਹਿਲਾਂ ਸ਼ੂਗਰ
ਦੀ ਦਵਾਈ ਨੇ ਉਲਟ ਅਸਰ ਕੀਤਾ। ਕੁੱਝ ਸਾਲਾਂ ਪਿਛੋਂ ਪੰਜ ਸੌ ਮਿਲੀ ਗਰਾਮ ਦੀ ਅਧੀ ਗੋਲ਼ੀ, ਫਿਰ
ਪੂਰੀ, ਫਿਰ ਦੋ, ਫਿਰ ਤਿੰਨ; ਤੇ ਹੁਣ ਮੈ ਹਰ ਰੋਜ, ਡਾਕਟਰ ਦੀ ਹਿਦਾਇਤ ਅਨੁਸਾਰ, ਚਾਰ ਗੋਲ਼ੀਆਂ
ਖਾਂਦਾ ਹਾਂ। ਪੰਜ ਪੰਜ ਸੌ ਮਿਲੀ ਗਰਾਮ ਦੀਆਂ ਦੋ ਗੋਲ਼ੀਆਂ ਸਵੇਰੇ ਛਾਹ ਵੇਲ਼ੇ ਪਿਛੋਂ ਤੇ ਦੋ ਹੀ ਰਾਤ
ਦੀ ਰੋਟੀ ਪਿਛੋਂ। ਇਹ ਕੰਮ ਮੈ ਮਜਬੂਰੀ ਵੱਸ ਡਾਕਟਰਾਂ ਦੀ ਹਿਦਾਇਤ ਅਨੁਸਾਰ ਕਰ ਰਿਹਾ ਹਾਂ।
ਹੁਣ ਵੀ ਕਦੀ ਜਦੋਂ ਕਿਤੇ ਦਿਮਾਗੀ ਥਕਾਵਟ ਜਾਂ ਕਿਸੇ ਕਾਰਨ ਢਹਿੰਦੀਕਲਾ ਦਾ ਅਸਰ ਹੋਵੇ ਤਾਂ ਰਾਤ
ਸਮੇ ਕਾਂਬਾ ਛਿੜ ਜਾਂਦਾ ਹੈ ਪਰ ਛੇਤੀ ਅੱਖ ਖੁਲ੍ਹ ਜਾਣ ਕਰਕੇ ਜਾਂ ਕਿਸੇ ਹੋਰ ਕਾਰਨ, ਓਨਾ ਗੰਭੀਰ
ਅਸਰ ਨਹੀ ਹੁੰਦਾ। ਮੈ ਓਸੇ ਸਮੇ ਉਠ ਕੇ ਅੱਗ ਸੇਕਣ ਲੱਗ ਜਾਂਦਾ ਹਾਂ। ਜੇ ਅੱਗ ਦਾ ਪ੍ਰਬੰਧ ਨਾ ਹੋ
ਸਕੇ ਤਾਂ ਸਰੀਰ ਵਿੱਚ ਗਰਮੀ ਲਿਆਉਣ ਲਈ ਉਂਜ ਹੀ ਭੁੜਕਣ ਲੱਗ ਪੈਂਦਾ ਹਾਂ। ਇੱਕ ਵਾਰੀ ਅੰਮ੍ਰਿਤਸਰ
ਭਰਾ ਦੇ ਘਰ ਤਿੰਨ ਹਫ਼ਤਿਆਂ ਵਿੱਚ ਦੋ ਵਾਰੀ, ਅਤੇ ੨੦੦੪ ਵਿਚ, ਬੈਂਕੌਕ ਦੇ ਗੁਰਦੁਆਰਾ ਸਿੰਘ ਸਭਾ
ਵਿਖੇ, ਤਿੰਨ ਰਾਤਾਂ ਵਿੱਚ ਦੋ ਵਾਰੀਂ ਇਸਦਾ ਹਮਲਾ ਹੋ ਚੁਕਿਆ ਹੈ। ਵਾਹਿਗੁਰੂ ਜੀ ਭਲੀ ਕਰਨ! ਕਿਸੇ
ਡਾਕਟਰ ਨੂੰ ਕੁੱਝ ਪਤਾ ਨਹੀ ਕਿ ਕੀ ਹੋਇਆ, ਕਿਉਂ ਹੁੰਦਾ ਹੈ ਤੇ ਇਸਦਾ ਕੀ ਇਲਾਜ ਹੈ।
੧੯੮੮ ਵਿੱਚ ਮੈ ਸੈਵਨ ਹਿੱਲਜ਼ ਵਿੱਚ ਇਹ ਡਰੱਮ ਰੀਕੰਡੀਸ਼ਨਿੰਗ ਫੈਕਟਰੀ ਵਿੱਚ ਕੰਮ ਕਰਦਾ ਸਾਂ। ਓਥੇ
ਇੱਕ ਦਿਨ ਮੇਰੇ ਗਿੱਟੇ ਤੇ ਕੈਮੀਕਲ ਪੈ ਗਿਆ। ਗੰਮ ਬੂਟ ਮੇਰੇ ਪਾਏ ਹੋਏ ਸਨ। ਮਾੜੀ ਜਿਹੀ ਪੀੜ ਹੋਈ।
ਮੈ ਕੋਈ ਗਹੁ ਨਾ ਕੀਤਾ। ਅਗਲੇ ਦਿਨ ਵੇਖਿਆ ਕਿ ਗਿੱਟੇ ਤੇ ਜ਼ਖ਼ਮ ਹੋ ਗਿਆ ਹੈ। ਫੈਕਟਰੀ ਦਾ ਮਾਲਕ
ਆਪਣੀ ਕਾਰ ਉਤੇ, ਫੈਕਟਰੀ ਦੇ ਡਾਕਟਰ ਕੋਲ਼ ਲੈ ਗਿਆ। ਉਸਨੇ ਦਵਾਈ ਲਾ ਕੇ ਪੱਟੀ ਬੰਨ੍ਹ ਦਿਤੀ। ਭਿਜਣ
ਨਾ ਦੇਣ ਦੀ ਤਾਕੀਦ ਕਰ ਦਿਤੀ। ਜਦੋਂ ਮੇਰੇ ਛੋਟੇ ਭਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਕਿਹਾ
ਕਿ ਜੇ ਕੈਮੀਕਲ ਪਿਆ ਹੈ ਤਾਂ ਭਿੱਜਣ ਤੋਂ ਰੋਕਣ ਦੀ ਬਜਾਇ ਸਗੋਂ ਪਾਣੀ ਨਾਲ਼ ਚੰਗੀ ਤਰ੍ਹਾਂ ਧੋਣਾ
ਚਾਹੀਦਾ ਹੈ ਤਾਂ ਕਿ ਕੈਮੀਕਲ ਨਿਕਲ਼ ਜਾਵੇ। ਮੈ ਆਖਿਆ ਕਿ ਗੱਲ ਤਾਂ ਤੇਰੀ ਠੀਕ ਲੱਗਦੀ ਹੈ ਪਰ
ਕਰਾਂਗਾ ਮੈ ਉਹੀ ਕੁੱਝ ਜੋ ਡਾਕਟਰ ਕਹਿੰਦੇ ਹਨ। ਇੱਕ ਡਾਕਟਰ ਗ਼ਲਤ ਹੋ ਸਕਦਾ ਹੈ, ਸਾਰੇ ਥੋਹੜਾ ਗ਼ਲਤ
ਹੋ ਸਕਦੇ ਨੇ! ਕੁੱਝ ਦਿਨ ਕੰਮ ਤੇ ਨਾ ਜਾ ਸਕਿਆ। ਜਦੋਂ ਹੀ ਪੱਟੀ ਖੁਲ੍ਹ ਜਾਣੀ ਮੈ ਨੇੜੇ ਦੇ ਡਾਕਟਰ
ਕੋਲ਼ ਜਾ ਕੇ ਕਰਵਾ ਲੈਣੀ ਤੇ ਨਾਲ਼ ਹੀ ਹਰੇਕ ਡਾਕਟਰ ਨੂੰ ਕਸਰ ਦਾ ਵੇਰਵਾ ਦੱਸ ਕੇ ਪੁੱਛਣਾ ਕਿ ਇਲਾਜ
ਠੀਕ ਹੋ ਰਿਹਾ ਹੈ! ਸਾਰੇ ਡਾਕਟਰਾਂ ਨੇ ਹੀ ਠੀਕ ਹੋਣ ਦੀ ਹਾਮੀ ਭਰਨੀ; ਕਿਉਂਕਿ ਭਰਾ ਦੇ ਆਖਣ ਤੇ
ਮੈਨੂੰ ਵੀ ਸ਼ੱਕ ਜਿਹਾ ਪੈਣ ਲੱਗ ਪਿਆ ਸੀ। ਹਾਰ ਕੇ ਇੱਕ ਦਿਨ ਮੈਨੂੰ ਡਾਕਟਰ ਨੇ ਸਪੈਸ਼ਲਿਸਟ ਵੱਲ਼ ਭੇਜ
ਦਿਤਾ। ਉਸਨੇ ਵੀ ਕੁੱਝ ਦਿਨ ਪਹਿਲੇ ਵਾਲਾ ਇਲਾਜ ਹੀ ਜਾਰੀ ਰੱਖਿਆ; ਨਾ ਜ਼ਖ਼ਮ ਵਧੇ ਤੇ ਨਾ ਹੀ ਘਟੇ।
ਇੱਕ ਦਿਨ ਆਖਣ ਲੱਗਾ ਕਿ ਓਪ੍ਰੇਸ਼ਨ ਰਾਹੀਂ ਤੇਰੇ ਪੱਟ ਤੋਂ ਚਮੜੀ ਉਧੇੜ ਕੇ ਇਸ ਜ਼ਖ਼ਮ ਤੇ ਲਾਈ
ਜਾਵੇਗੀ। ਮੈਨੂੰ ਹੁਣ ਤੱਕ ਡਾਕਟਰਾਂ ਤੇ ਰੱਬ ਤੋਂ ਦੂਜੇ ਦਰਜੇ ਵਾਲਾ ਮੇਰਾ ਯਕੀਨ ਕਾਫੀ ਘੱਟ ਹੋ
ਗਿਆ ਹੋਇਆ ਸੀ ਤੇ ਉਹਨਾਂ ਨੂੰ ਵੀ ਮੈ ਇਨਸਾਨ ਹੀ ਸਮਝਣ ਲੱਗ ਪਿਆ ਸਾਂ ਤੇ ਜਿਸ ਤਰ੍ਹਾਂ ਆਮ ਇਨਸਾਨ
ਗ਼ਲਤੀ ਕਰ ਸਕਦਾ ਹੈ ਓਸੇ ਤਰ੍ਹਾਂ ਡਾਕਟਰ ਵੀ ਕਰ ਸਕਦਾ ਹੈ; ਮੇਰੀ ਸਮਝ ਵਿੱਚ ਆ ਚੁੱਕਾ ਸੀ। ਮੈ
ਆਖਿਆ ਕਿ ਕੁੱਝ ਦਿਨ ਹੋਰ ਉਡੀਕ ਲਈਏ। ਅੰਦਰੋਂ ਮੈ ਸੋਚ ਰਿਹਾ ਸਾਂ ਇੱਕ ਜ਼ਖ਼ਮ ਤਾਂ ਠੀਕ ਹੋ ਨਹੀ
ਰਿਹਾ; ਦੂਜਾ ਖ਼ੁਦ ਕੀਤਾ ਜਾਣ ਵਾਲਾ ਠੀਕ ਹੋ ਜਾਵੇਗਾ, ਇਸਦੀ ਕੀ ਗਰੰਟੀ ਹੈ! ਸਪੈਲਿਸ਼ਟ ਮੇਰੀ ਗੱਲ
ਨਾਲ਼ ਸਹਿਮਤ ਹੋ ਗਿਆ ਤੇ ਨਾਲ਼ ਹੀ ਆਖਿਆ ਕਿ ਜਿੰਨੀ ਵਾਰੀਂ ਵੀ ਹੋ ਸਕੇ ਮੈ ਇਸ ਜ਼ਖ਼ਮ ਨੂੰ ਸਾਬਣ ਲਾ
ਕੇ ਪਾਣੀ ਨਾਲ਼ ਧੋਇਆ ਕਰਾਂ। ਮੇਰੇ ਇਹ ਆਖਣ ਤੇ ਕਿ ਪਹਿਲਾਂ ਤੇਰੇ ਸਮੇਤ ਸਮੇਤ ਸਾਰੇ ਡਾਕਟਰ ਹੀ
ਭਿੱਜਣ ਨਾ ਦੇਣ ਲਈ ਆਖਦੇ ਸਨ। ਉਸਨੇ ਕਿਹਾ ਕਿ ਸਿਰਫ਼ ਤਜੱਰਬੇ ਵਜੋਂ। ਮੈ ਤਾਂ ਪਹਿਲਾਂ ਹੀ ਅਜਿਹਾ
ਕੁੱਝ ਕਰਨਾ ਚਾਹੁੰਦਾ ਸਾਂ। ਸਿਰਫ਼ ਡਾਕਟਰਾਂ ਤੋਂ ਡਰਦਾ ਹੀ ਨਹੀ ਸਾਂ ਕਰਦਾ। ਘਰ ਆ ਕੇ ਜੋਰ ਸ਼ੋਰ
ਨਾਲ਼ ਇਸ ਹੁਕਮ ਤੇ ਅਮਲ ਸ਼ੁਰੂ ਕਰ ਦਿਤ। ਅਗਲੀ ਵਾਰੀਂ ਜਦੋਂ ਉਸ ਕੋਲ਼ ਗਿਆ ਤਾਂ ਉਹ ਵੇਖ ਕੇ ਹੈਰਾਨ
ਹੀ ਰਹਿ ਗਿਆ ਕਿ ਇਹ ਜ਼ਖ਼ਮ ਤਾਂ ਹੈਰਾਨੀ ਭਰੀ ਰਫ਼ਤਾਰ ਨਾਲ਼ ਠੀਕ ਹੋ ਰਿਹਾ ਹੈ! ਕੁੱਝ ਦਿਨਾਂ ਬਾਅਦ
ਸਿਰਫ਼ ਪਾਣੀ ਨਾਲ ਹੀ ਜ਼ਖ਼ਮ ਠੀਕ ਹੋ ਗਿਆ ਜੇਹੜਾ ਕਿ ਦਵਾਈਆਂ ਨਾਲ਼ ਏਨੇ ਚਿਰ ਦਾ ਨਹੀ ਸੀ ਹੋਇਆ।
੧੯੯੪ ਦੇ ਨਵੰਬਰ ਜਾਂ ਦਸੰਬਰ ਦੀ ਗੱਲ ਹੈ ਕਿ ਮੇਰੀ ਪਿਠ ਤੇ, ਰੀੜ੍ਹ ਦੀ ਹੱਡੀ ਦੇ ਅੰਤ ਉਤੇ ਹੌਲ਼ੀ
ਹੌਲ਼ੀ ਖੁਰਕ ਹੋਣੀ ਸ਼ੁਰੂ ਹੋ ਗਈ। ਇਹ ਵਧਦੀ ਹੀ ਗਈ। ਮੈਨੂੰ ਪਿਠ ਤੇ ਖੁਰਕ ਕਰਦੇ ਨੂੰ ਵੇਖ ਕੇ ਇੱਕ
ਬਜ਼ੁਰਗ ਸੱਜਣ ਨੇ ਦਸਿਆ ਕਿ ਇਸਨੂੰ ਸੀਣ ਵਾਲਾ ਫੋੜਾ ਆਖਦੇ ਨੇ ਤੇ ਇਸਦਾ ਇਲਾਜ ਕਰਵਾ। ਇਹ ਵੀ ਦੱਸਿਆ
ਕਿ ਇਸਨੂੰ ਮੁਗਲਈ ਫੋੜਾ ਵੀ ਆਖਦੇ ਹਨ। ਮੈ ਡਾਕਟਰ ਕੋਲ਼ ਗਿਆ ਤੇ ਉਸਨੇ ਮੈਨੂੰ ਬਲੈਕ ਟਾਊਨ ਹਸਪਤਾਲ
ਭੇਜ ਦਿਤਾ। ਉਹਨਾਂ ਨੇ ਉਪ੍ਰੇਸ਼ਨ ਕਰ ਦਿਤਾ ਤੇ ਮੈ ਦੋ ਕੁ ਦਿਨਾਂ ਵਿੱਚ ਠੀਕ ਹੋ ਕੇ ਵਾਪਸ ਆ ਗਿਆ।
ਇੱਕ ਗੱਲ ਏਥੇ ਸ਼ਾਦਿੲ ਦੱਸਣੀ ਕੁਥਾਂ ਨਾ ਹੋਵੇ। ਓਪ੍ਰੇਸ਼ਨ ਪਿਛੋਂ ਡਾਕਟਰ ਨੇ ਫੋੜੇ ਵਾਲ਼ੀ ਥਾਂ
ਲੀਰਾਂ ਦਾ ਖਿੱਦੋ ਜਿਹਾ ਫਿਕਸ ਕਰ ਦਿਤਾ ਸੀ। ਇਸਨੂੰ ਫਿਰ ਲੀਰ ਦਾ ਸਿਰਾ ਫੜ ਕੇ ਹੌਲ਼ੀ ਹੌਲ਼ੀ ਖਿੱਚ
ਕੇ ਬਾਹਰ ਕਢਣਾ ਸੀ। ਖਿੱਚਣ ਸਮੇ ਉਸ ਖਿੱਦੋ ਨੇ ਜ਼ਖ਼ਮ ਵਿੱਚ ਘੁੰਮ ਕੇ ਥਾਂ ਬਣਾਉਣੀ ਸੀ। ਨਰਸ ਨੇ
ਮੈਨੂੰ ਪੀੜ ਹਟਾਊ ਟੀਕਾ ਤਾਂ ਲਾਇਆ ਪਰ ਜਦੋਂ ਖਿੱਚਣ ਲੱਗੇ ਤਾਂ ਮੈਨੂੰ ਬਹੁਤ ਪੀੜ ਹੋਈ। ਉਸਨੇ ਇੱਕ
ਹੋਰ ਟੀਕਾ ਲਾ ਦਿਤਾ ਪਰ ਮੇਰੇ ਤੇ ਅਸਰ ਨਾ ਹੋਇਅ। ਉਸਨੇ ਕਿਹਾ ਕਿ ਹੋਰ ਟੀਕਾ ਨਹੀ ਲਾਇਆ ਜਾ ਸਕਦਾ।
ਉਸਨੇ ਇੱਕ ਤੱਕੜੇ ਮੇਲ ਨਰਸ ਨੂੰ ਸੱਦ ਲਿਆ। ਉਸਨੇ ਮੈਨੂੰ ਆਪਣੇ ਜੋਰ ਨਾਲ਼ ਦੱਬ ਰੱਖਿਆ ਤੇ ਨਰਸ ਨੇ
ਹੌਲੀ ਹੌਲ਼ੀ ਉਹ ਖਿੱਦੋ ਲੀਰਾਂ ਵਾਲ਼ਾ ਖਿੱਚ ਲਿਆ। ਅਧ ਕੁ ਜਹੇ ਵਿੱਚ ਜਾ ਕੇ ਮੈਨੂੰ ਪੀੜ ਹੋਣੋ ਵੀ
ਹਟ ਗਈ। ਅਜਿਹਾ ਕੁੱਝ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਵੀ ਇੱਕ ਮਰੀਜ਼ ਨਾਲ਼ ਡਾਕਟਰ ਵੱਲੋਂ ਹੁੰਦਾ ਮੈ
੧੯੭੨ ਵਿੱਚ ਵੇਖ ਚੁੱਕਾ ਸਾਂ ਜੋ ਵੇਖ ਸੱਕਣਾ ਮੇਰੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਸੀ। ਉਸ ਸਮੇ ਤਾਂ
ਮਰੀਜ਼ ਨੂੰ ਦਵਾਈ ਜਾਂ ਟੀਕਾ ਵੀ ਨਹੀ ਸੀ ਲਾਇਆ ਗਿਆ। ਮੇਰੇ ਇਹ ਆਖਣ ਤੇ ਕਿ ਜੇ ਓਪ੍ਰੇਸ਼ਨ ਸਮੇ
ਵਿਅਕਤੀ ਨੂੰ ਬੇਹੋਸ਼ ਕੀਤਾ ਜਾ ਸਕਦਾ ਹੈ ਤਾਂ ਇਸ ਸਮੇ ਵੀ ਕਿਸੇ ਦਵਾਈ ਜਾਂ ਟੀਕੇ ਦਾ ਪ੍ਰਯੋਗ ਕਰਨਾ
ਚਾਹੀਦਾ ਹੈ ਤਾਂ ਕਿ ਮਰੀਜ ਨੂੰ ਏਨੀ ਤਕਲੀਫ ਨਾ ਹੋਵੇ। ਡਾਕਟਰ ਨੇ ਮੇਰੀ ਇਸ ਗੱਲ ਨੂੰ ਆਪਣੀ
ਪ੍ਰੋਫ਼ੈਸ਼ਨਲ ਡਿਊਟੀ ਵਿੱਚ ਮੁਦਾਖ਼ਲਤ ਵਜੋਂ ਲੈ ਕੇ ਗੁੱਸਾ ਕੀਤਾ। ਬਲੈਕ ਟਾਊਨ ਹਸਪਤਾਲ ਵਿੱਚ ਮੇਰੇ
ਨਾਲ਼ ਹੋਈ ਅਜਿਹੀ ਕਿਰਿਆ ਸਮੇ, ਮੈ ਆਪਣੀ ਪੀੜ ਬਾਰੇ ਆਪਣੇ ਡਾਕਟਰ ਨੂੰ ਦੱਸਿਆ ਤਾਂ ਉਸਨੇ ਕਿਹਾ ਕਿ
ਟੀਕੇ ਦਾ ਅਸਰ ਪੰਦਰਾਂ ਮਿੰਟ ਪਿਛੋਂ ਹੁੰਦਾ ਹੈ। ਜੇ ਉਹ ਪੰਦਰਾਂ ਕੁ ਮਿੰਟ ਉਡੀਕ ਲੈਂਦੇ ਤਾਂ ਪੀੜ
ਨਹੀ ਸੀ ਹੋਣੀ। ਸੋਚ ਆਈ ਕਿ ਰੋਜ ਅਜਿਹਾ ਕੰਮ ਕਰਨ ਵਾਲ਼ੇ ਪ੍ਰੋਫੈਸ਼ਨਲ ਬੰਦੇ/ਬੰਦੀਆਂ ਨੂੰ ਵੀ ਇਸ
ਗੱਲ ਦੀ ਸਮਝ ਨਹੀ ਆਈ। ਬੇਲੋੜੀ ਤਕਲੀਫ ਮਰੀਜ ਨੂੰ ਦੇਣ ਤੋਂ ਰਤਾ ਵੀ ਝਿਜਕ ਨਹੀ ਇਹਨਾਂ ਲੋਕਾਂ
ਨੂੰ! ਠੀਕ ਹੈ, ਜੇ ਡਾਕਟਰ ਮਰੀਜ਼ ਦਾ ਲਿਹਾਜ ਕਰੂਗਾ ਤਾਂ ਕਮਾਈ ਕਿਸ ਕੋਲ਼ੋਂ ਕਰੂਗਾ! ਮਝ ਘਾਹ ਨਾਲ਼
ਦੋਸਤੀ ਕਰੂਗੀ ਤੇ ਖਾਊਗੀ ਕੀ!
ਕੁਝ ਦਿਨਾਂ ਪਿਛੋਂ ਮੈਨੂੰ ਫਿਰ ਓਹੀ ਕਸਰ ਹੋ ਗਈ। ਮੈ ਫਿਰ ਡਾਕਟਰ ਕੋਲ਼ ਗਿਆ। ਉਹ ਮੇਰੀ ਗੱਲ ਸੁਣ
ਕੇ ਕੁੱਝ ਗੰਭੀਰ ਜਿਹਾ ਹੋ ਗਿਆ ਤੇ ਮੇਰੇ ਹੱਥ ਵਿੱਚ ਇੱਕ ਪਰਚੀ ਫੜਾ ਕੇ ਮੈਨੂੰ ਫਿਰ ਓਸੇ ਹਸਪਤਾਲ
ਨੂੰ ਤੋਰ ਦਿਤਾ। ਹਸਪਤਾਲ ਦੇ ਪਹਿਲੇ ਡਾਕਟਰ ਨੇ ਦੱਸਿਆ ਕਿ ਓਪ੍ਰੇਸ਼ਨ ਸਮੇ ਫੋੜਾ ਪੂਰੀ ਤਰ੍ਹਾਂ ਨਹੀ
ਕਢਿਆ ਜਾ ਸਕਿਆ। ਹੁਣ ਹੋਰ ਡੂੰਘਾ ਓਪ੍ਰੇਸ਼ਨ ਕਰਨਾ ਪਵੇਗਾ ਤੇ ਇਸ ਲਈ ਮੈਨੂੰ ਜ਼ਿਆਦਾ ਦਿਨ ਹਸਪਤਲ
ਵਿੱਚ ਰਹਿਣਾ ਪਵੇਗਾ। “ਫਸੀ ਨੂੰ ਫਟਕਣ ਕੀ!” ਮੈ ਸਤਿ ਬਚਨ ਆਖ ਕੇ ਸਹਿਮਤ ਹੋ ਗਿਆ। ਰਾਤ ਨੂੰ
ਓਪ੍ਰੇਸ਼ਨ ਥੀਏਟਰ ਵਿੱਚ ਲਿਜਾਣ ਤੋਂ ਪਹਿਲਾਂ ਮੈਨੂੰ ਨਸ਼ੇ ਦਾ ਟੀਕਾ ਲਾ ਦਿਤਾ ਗਿਆ। ਅੰਦਰ ਜਾਣ ਸਮੇ
ਕਈ ਸਫਿਆਂ ਦਾ ਅੰਗ੍ਰੇਜ਼ੀ ਵਿੱਚ ਛਪਿਆ ਇੱਕ ਫਾਰਮ ਦਸਤਖ਼ਤ ਕਰਨ ਲਈ ਮੇਰੇ ਹੱਥ ਫੜਾ ਦਿਤਾ। ਇਹ ਬਹੁਤ
ਹੀ ਬਰੀਕ ਅੱਖਰਾਂ ਵਿੱਚ ਛਪਿਆ ਹੋਇਆ ਸੀ। ਓਧਰੋਂ ਮੈਨੂੰ ਨਸ਼ੇ ਕਾਰਨ ਨੀਂਦ ਆ ਰਹੀ ਸੀ ਤੇ ਨਾ ਹੀ
ਮੇਰੇ ਕੋਲ਼ ਐਨਕ ਸੀ। ਬਿਜਲੀ ਦੇ ਲਾਟੂ ਦਾ ਚਾਨਣ ਵੀ ਬੜਾ ਮਧਮ ਜਿਹਾ ਸੀ। ਇਸ ਲਈ ਉਸ ਸਮੇ ਉਸ ਸਾਰੇ
ਜੰਜਾਲ਼ ਨੂੰ ਪੜ੍ਹਨ ਦਾ ਤਾਂ ਸਵਾਲ ਹੀ ਪੈਦਾ ਨਹੀ ਸੀ ਹੁੰਦਾ ਤੇ ਫਿਰ ਅਜੇ ਡਾਕਟਰਾਂ ਤੋਂ ਮੇਰਾ
ਯਕੀਨ ਪੂਰੀ ਤਰ੍ਹਾਂ ਉਠਿਆ ਵੀ ਨਹੀ ਸੀ ਕਿ ਇਹਨਾਂ ਲੋਕਾਂ ਵਿੱਚ ਵੀ ਕੁੱਝ ਅਜਿਹੇ ਹੋ ਸਕਦੇ ਹਨ ਜੋ
ਜਾਣ ਬੁਝ ਕੇ ਕੁੱਝ ਗ਼ਲਤ ਕਰ ਸਕਦੇ ਹਨ। ਦਸਤਖ਼ਤਾਂ ਵਜੋਂ ਫਾਰਮ ਤੇ ਮੈ ਬਿਨਾ ਪੜ੍ਹਿਆਂ ਹੀ ਘੁੱਗੀ
ਮਾਰ ਦਿਤੀ। ਬੇਹੋਸ਼ੀ ਵਿੱਚ ਓਪ੍ਰੇਸ਼ਨ ਹੋ ਗਿਆ। ਮੰਜੇ ਉਪਰ ਕਿਸੇ ਸਮੇ ਰਾਤ ਨੂੰ ਲੈ ਆਏ ਹੋਣਗੇ!
ਸਵੇਰੇ ਨਰਸ ਨੇ ਆ ਕੇ ਦੱਸਿਆ ਕਿ ਅੱਜ ਦੁਪਹਿਰ ਨੂੰ ਮੈਨੂੰ ਘਰ ਜਾਣ ਦੀ ਛੁੱਟੀ ਦੇ ਦੇਣੀ ਹੈ।
ਮੈਨੂੰ ਸ਼ੱਕ ਹੋਇਆ ਕਿ ਡਾਕਟਰ ਤਾਂ ਆਖਦਾ ਸੀ ਕਿ ਪਹਿਲਾਂ ਨਾਲੋਂ ਵਧ ਦਿਨ ਹਸਪਤਾਲ ਵਿੱਚ ਰਹਿਣਾ
ਪਵੇਗਾ ਪਰ ਇਹ ਤਾਂ ਪਹਿਲੇ ਦਿਨ ਹੀ ਛੁੱਟੀ ਦੇਣ ਦੀ ਗੱਲ ਕਰ ਰਹੀ ਹੈ। ਸ਼ਾਇਦ ਕੋਈ ਭੁਲੇਖਾ ਨਾ ਲੱਗਾ
ਹੋਵੇ! ਮੇਰੇ ਆਖਣ ਤੇ ਉਸ ਨਰਸ ਨੇ ਦੱਸਿਆ ਕਿ ਦਸ ਵਜੇ ਡਾਕਟਰ ਆ ਰਿਹਾ ਹੈ; ਉਸ ਨਾਲ਼ ਗੱਲ ਕਰ ਲੈਣੀ।
ਜਦੋਂ ਡਾਕਟਰ ਨੇ ਆ ਕੇ ਮੈਨੂੰ ਦੱਸਿਆ ਕਿ ਓਸੇ ਦਿਨ ਹੀ ਮੈਨੂੰ ਘਰ ਨੂੰ ਤੋਰ ਦਿਤਾ ਜਾਵੇਗਾ ਤਾਂ ਮੈ
ਓਪ੍ਰੇਸ਼ਨ ਤੋਂ ਪਹਿਲਾਂ ਵਾਲ਼ੀ ਉਸਦੀ ਗੱਲ ਦੁਹਰਾ ਕੇ ਪੁੱਛਿਆ ਤਾਂ ਡਾਕਟਰ ਨੇ ਵਿਸਥਾਰ ਵਿੱਚ ਦੱਸਿਆ
ਕਿ ਅੰਤ ਸਮੇ ਅਸੀਂ ਤੇਰੇ ਤੇ ਇੱਕ ਨਵਾਂ ਤਜੱਰਬਾ ਕੀਤਾ ਹੈ। ਜੇਕਰ ਅਸੀਂ ਪੂਰਾ ਓਪ੍ਰੇਸ਼ਨ ਕਰਦੇ ਤਾਂ
ਤੇਰੇ ਮਲ ਮੂਤਰ ਤਿਅਗ ਦੇ ਦੋਹਾਂ ਸਾਧਨਾਂ ਉਪਰ ਤੇਰਾ ਕੰਟ੍ਰੋਲ ਸਮਾਪਤ ਹੋ ਸਕਦਾ ਸੀ। ਇਸ ਲਈ ਅਸੀ
ਉਸ ਫੋੜੇ ਨੂੰ ਲੋਹੇ ਦੀ ਇੱਕ ਤਾਰ ਨਾਲ ਕੱਸ ਦਿਤਾ ਹੈ ਤੇ ਉਮੀਦ ਹੈ ਕਿ ਉਸ ਲੋਹੇ ਦੀ ਤਾਰ ਦੀ ਕੱਸ
ਨਾਲ਼ ਉਹ ਫੋੜਾ ਹੌਲ਼ੀ ਹੌਲ਼ੀ ਸਮਾਪਤ ਹੋ ਜਾਵੇਗਾ। ਹਸਪਤਾਲੋਂ ਤਾਂ ਮੈ ਆ ਗਿਆ ਤੇ ਇਹ ਸਾਰਾ ਕੁੱਝ
ਆਪਣੇ ਡਾਕਟਰ ਨੂੰ ਦੱਸ ਦਿਤਾ। ਉਸਦਾ ਚੇਹਰਾ ਫਿਰ ਵੀ ਮੁਕਾਬਲਤਨ ਗੰਭੀਰ ਜਿਹਾ ਹੀ ਰਿਹਾ। ਉਸਦੀ
ਦੱਸੀ ਤਰੀਕ ਤੇ ਮੈ ਫਿਰ ਕੁੱਝ ਦਿਨ ਬਾਅਦ ਗਿਆ ਤਾਂ ਉਸਨੇ ਮੈਨੂੰ ਚੈਕ ਕਰਨ ਤੋਂ ਬਾਅਦ ਬੜੀ ਖ਼ੁਸ਼ੀ
ਨਾਲ਼ ਦੱਸਿਆ ਕਿ ਨਵੇਂ ਤਰੀਕੇ ਵਾਲ਼ਾ ਓਪ੍ਰੇਸ਼ਨ ਸਫ਼ਲ ਰਿਹਾ ਹੈ ਤੇ ਹੁਣ ਫਿਕਰ ਵਾਲੀ ਕੋਈ ਗੱਲ ਨਹੀ।
ਉਸਨੇ ਆਖਿਆ ਕਿ ਉਹ ਦੋਬਾਰਾ ਇਹ ਕਸਰ ਹੋ ਜਾਣ ਤੇ ਚਿੰਤਤ ਹੋ ਗਿਆ ਸੀ। ਫਿਰ ਹਾਸੇ ਨਾਲ ਕੁੱਝ ਮਖੌਲੀ
ਜਿਹੇ ਲਹਿਜ਼ੇ ਵਿੱਚ ਆਖਣ ਲੱਗਾ ਕਿ ਮੈ ਜ਼ਰੂਰ ਕੋਈ ਹਿੰਦੁਸਤਾਨੀ ਜਾਦੂ ਕੀਤਾ ਹੈ ਜਿਸ ਨਾਲ਼ ਮੈ ਠੀਕ
ਹੋ ਗਿਆ ਹਾਂ; ਨਹੀ ਤਾਂ ਇਹ ਠੀਕ ਹੋਣ ਵਾਲ਼ਾ ਕੰਮ ਸੌਖਾ ਨਹੀ ਸੀ। ਹੁਣ ਤੱਕ ਸਤਿਗੁਰਾਂ ਦੀ ਕਿਰਪਾ
ਹੈ ਇਸ ਪੱਖ ਤੋਂ।
ਪਿਛਲੇਰੀ ਵਾਰੀ ਜਦੋਂ ਮੈ ਦੁਨੀਆਂ ਦਾ ਚੱਕਰ ਲਾ ਕੇ ਆਇਆ ਤਾਂ ਸਦਾ ਦੀ ਤਰ੍ਹਾਂ ਇਸ ਵਾਰੀ ਵੀ ਸਰੀਰ
ਦੀਆਂ ਥੋਹੜੀਆਂ ਬਹੁਤੀਆਂ ਚੂਲ਼ਾਂ ਢਿਲੀਆਂ ਸਨ। ਇਹਨਾਂ ਚੋਂ ਇੱਕ ਲੂਜ਼ ਮੋਸ਼ਨ ਦੀ ਕਸਰ ਵੀ ਸੀ। ਬਹੁਤ
ਵਾਰੀਂ ਅਜਿਹੀ ਕੁੱਝ ਕਸਰ ਹੋ ਜਾਣ ਤੇ ਮੈ ਚੁਟਕੀ ਲੂਣ ਦੀ ਮਿਲਾ ਕੇ ਇੱਕ ਫੱਕਾ ਜਵਾਇਣ ਦਾ ਮਾਰ
ਲੈਂਦਾ ਹੁੰਦਾ ਹਾਂ ਤੇ ਠੀਕ ਹੋ ਜਾਂਦਾ ਹਾਂ ਪਰ ਇਸ ਵਾਰੀ ਇਸਨੇ ਜਿਦ ਹੀ ਫੜ ਲਈ ਤਾਂ ਮੈ ਇਸਨੂੰ
ਰੋਕਣ ਲਈ ਇੱਕ ਦਵਾਈ ਦੀ ਗੋਲ਼ੀ ਖਾ ਬੈਠਾ। ਉਸ ਨਾਲ਼ ਤਾਂ ਸਭ ਕੁੱਝ ਬੰਦ ਹੀ ਹੋ ਗਿਆ ਤੇ ਜੇ ਬਾਥਰੂਮ
ਜਾਣਾ ਵੀ ਤਾਂ ਹਰੇਕ ਸਮੇ ਖ਼ੂਨ ਤਾਂ ਵਾਹਵਾ ਆ ਜਾਣਾ ਪਰ ਜਿਸ ਕਾਰਜ ਲਈ ਜਾਣਾ ਉਹ ਅਧੂਰਾ ਹੀ ਰਹਿ
ਜਾਣਾ। ਆਖਰ ਕੁੱਝ ਦਿਨ ਉਡੀਕਣ ਪਿੱਛੋਂ ਡਾਕਟਰ ਨਾਲ਼ ਗੱਲ ਕੀਤੀ ਪਰ ਉਸਦੀ ਕੁੱਝ ਸਮਝ ਵਿੱਚ ਨਾ ਆਇਆ।
ਫਿਰ ਉਸਦੀ ਸਲਾਹ ਨਾਲ਼ ਮਾਊਂਟ ਡਰੂਟ ਹਸਪਤਾਲ ਚਲਿਆ ਗਿਆ। ਉਹਨਾਂ ਨੇ ਇੱਕ ਨਿੱਕੇ ਜਿਹੇ ਕਮਰੇ ਵਿੱਚ
ਮੈਨੂੰ ਲਿਟਾ ਦਿਤਾ। ਦੋ ਚਾਰ ਨਰਸਾਂ ਨੇ ਮੇਰੀ ਬਾਂਹ ਚੋਂ ਲਹੂ ਕਢਣ ਲਈ ਜੋਰ ਲਾਇਆ ਪਰ ਉਹਨਾਂ ਤੋਂ
ਨਾ ਨਿਕਲ਼ਿਆ। ਫਿਰ ਵਾਹਵਾ ਚਿਰ ਬਾਅਦ ਇੱਕ ਹਿੰਦੁਸਤਾਨੀ ਦਿੱਖ ਵਾਲ਼ਾ ਨੌਜਵਾਨ ਜਿਹਾ ਡਾਕਟਰ ਆਇਆ ਤੇ
ਉਸਨੇ ਮੇਰਾ ਲਹੂ ਕਢ ਲਿਆ। ਵਾਹਵਾ ਚਿਰ ਮੈਨੂੰ ਉਸ ਕਮਰੇ ਵਿੱਚ ਇਕੱਲੇ ਨੂੰ ਰਹਿਣਾ ਪਿਆ। ਚਾਨਣ ਵੀ
ਲਾਟੂ ਦਾ ਥੋਹੜਾ ਸੀ ਤੇ ਇਸ ਅਰਧ ਚਾਨਣੇ ਜਿਹੇ ਵਿੱਚ ਮੇਰੇ ਅੰਦਰ ਕੁੱਝ ਢਹਿੰਦੀਕਲਾ ਜਿਹੀ ਦਾ
ਅਹਿਸਾਸ ਵੀ ਹੋਣ ਲੱਗ ਪਿਆ। ਡਾਕਟਰ ਤੇ ਨਰਸਾਂ ਬਥੇਰਾ ਏਧਰ ਓਧਰ ਭੱਜੇ ਫਿਰਨ ਪਰ ਉਹਨਾਂ ਦੀ ਪਕੜ
ਵਿੱਚ ਕੁੱਝ ਨਾ ਆਵੇ। ਅਖੀਰ ਅਧੀ ਰਾਤ ਨੂੰ ਮੈਨੂੰ ਗੁਲੂਕੋਜ਼ ਲੱਗੇ ਹੀ, ਐਂਬੂਲੈਂਸ ਵਿੱਚ ਲੱਦ ਕੇ,
ਬਲੈਕਟਾਉਨ ਹਸਪਤਾਲ ਵਿੱਚ ਜਾ ਲਾਹਿਆ। ਦੋ ਕੁ ਦਿਨ ਏਧਰੋਂ ਓਧਰੋਂ ਓਹੜ ਪੋਹੜ ਕਰਦਿਆਂ ਦੇ ਜਦੋਂ
ਡਾਕਟਰਾਂ ਦੇ ਹੱਥ ਪੱਲੇ ਕੁੱਝ ਨਾ ਪਿਆ ਤਾਂ ਫਿਰ ਮੈਨੂੰ ਇੱਕ ਕਾਗਜ਼ ਦਸਤਖ਼ਤ ਕਰਨ ਲਈ ਦੇ ਦਿਤਾ। ਉਸ
ਵਿੱਚ ਲਿਖਿਆ ਸੀ ਕਿ ਮੇਰੀ ਪਿਠ ਵੱਲੋਂ ਕੈਮਰਾ ਅੰਦਰ ਪਾ ਕੇ ਅੰਦਰੋਂ ਫ਼ੋਟੋ ਲੈ ਕੇ ਵੇਖਿਆ ਜਾਵੇਗਾ
ਕਿ ਅੰਦਰ ਕੀ ਨੁਕਸ ਹੈ; ਫਿਰ ਹੀ ਕਿਸੇ ਦਵਾਈ ਬਾਰੇ ਵਿਚਾਰਿਆ ਜਾਵੇਗਾ। ਉਸ ਕਾਗਜ਼ ਉਪਰ ਬੜਾ ਕੁੱਝ
ਲਿਖਿਆ ਹੋਇਆ ਸੀ। ਅਜਿਹੀ ਕਾਰਵਾਈ ਕਰਦਿਆਂ ਇਹ ਵੀ ਹੋ ਸਕਦਾ ਹੈ, ਆਹ ਵੀ ਹੋ ਸਕਦਾ ਹੈ, ਉਹ ਵੀ ਹੋ
ਸਕਦਾ ਹੈ ਤੇ ਅਖੀਰ ਵਿੱਚ ਲਿਖਿਆ ਸੀ ਕਿ ਅਜਿਹਾ ਕੁੱਝ ਕਰਦਿਆਂ ਮੇਰੀ ਮੌਤ ਵੀ ਹੋ ਸਕਦੀ ਹੈ।
ਪਹਿਲਾਂ ਮਨ ਕੁੱਝ ਝਿਜਕਿਆ ਤਾਂ ਸਹੀ ਪਰ ਡਾਕਟਰਾਂ ਦੀ ਗੱਲ ਮੰਨਣੀ ਹੀ ਪੈਣੀ ਸੀ। ਝਿਜਕਣ ਦਾ ਮੁਖੀ
ਕਾਰਨ ਇਹ ਸੀ ਕਿ ਬਹੁਤ ਸਾਰੇ ਸੱਜਣਾਂ ਅਤੇ ਆਪਣੀ ਅਗਲੀ ਪੀਹੜੀ ਦੇ ਬੱਚੇ ਬੱਚੀਆਂ ਦੇ ਮੁੜ ਮੁੜ ਆਖਣ
ਤੇ, ਮੈ ਅਪਣੀਆਂ ਯਾਦਾਂ ਚੋਂ ਕੁੱਝ ਲਿਖਣਾ ਸ਼ੁਰੂ ਕੀਤਾ ਹੋਇਆ ਸੀ। ਉਸਦਾ ਫਿਕਰ ਸੀ ਕਿ ਉਹ ਕਿਤੇ
ਵਿਚੇ ਨਾ ਰਹਿ ਜਾਵੇ। ਬਾਕੀ ਦੁਨਿਆਵੀ ਕੰਮ ਤਾਂ ਮੈ ਨਿਬੇੜੇ ਹੋਏ ਹੀ ਹਨ। ਵੈਸੇ ਦੁਨੀਆਦਾਰ ਸੱਜਣਾਂ
ਬਹੁਤਿਆ ਤੇ ਸਾਇਦ ਇਹ ਲੋਕੋਕਤੀ ਢੁਕਦੀ ਹੋਵੇ, “ਧੰਦਾ ਕਿਸੈ ਨਾ ਸਾਧਿਓ ਸਭ ਧੰਦੈ ਸਾਧੇ।” ਪਰ ਮੈ
ਸ਼ਾਇਦ ਸੁਰਖਰੂ ਹੀ ਹਾਂ ਰੱਬ ਦੀ ਰਹਿਮਤ ਸਦਕਾ। ਘਰ ਵਾਲੀ ਨੂੰ ਸਾਰਾ ਕੁੱਝ ਸਮਝਾਇਆ ਕਿ ਜੇ ਮੈ ਇਸ
ਓਪ੍ਰੇਸ਼ਨ ਪਿੱਛੋਂ ਏਥੋਂ ਨਾ ਜਾ ਸਕਿਆ ਤਾਂ ਫਲਾਣੇ ਨੂੰ ਇਹ ਦੇਣਾ ਹੈ, ਫਲਾਣੇ ਤੋਂ ਇਹ ਲੈਣਾ ਹੈ,
ਫਲਾਣੇ ਥਾਂ ਆਹ ਜ਼ਰੂਰੀ ਕਾਗਜ਼ ਪਏ ਹਨ ਆਦਿ ਸਭ ਕੁੱਝ ਖ਼ੁਦ ਹੀ ਕਰ ਲੈਣਾ। ਇਸ ਪਿਛੋਂ ਮੈ ਦਸਤਖ਼ਤ ਕਰ
ਦਿਤੇ। ਰਾਤ ਸਮੇ ਉਹਨਾਂ ਨੇ ਓਪ੍ਰੇਸ਼ਨ ਵਾਲ਼ੇ ਥਾਂ ਲਿਜਾ ਕੇ ਮੈਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਆਪਣੀ
ਕਾਰਵਾਈ ਕਰ ਲਈ। ਇਹ ਸਾਰਾ ਕੁੱਝ ਕਰਨ ਵਾਲ਼ਿਆਂ ਦੀ ਇਨਚਾਰਜ ਡਾਕਟਰ ਬੀਬੀ ਵੀ ਫਿਲ਼ੌਰ ਦੇ ਨੇੜੇ ਦੇ
ਕਿਸੇ ਪਿੰਡ ਦੀ ਰਹਿਣ ਵਾਲ਼ੀ ਪੰਜਾਬਣ ਹੀ ਸੀ ਪਰ ਉਸਦੇ ਦੱਸਣ ਮੁਤਾਬਿਕ ਉਹ ਬਹੁਤ ਸਮੇ ਤੋਂ ਸਮੇਤ
ਪਰਵਾਰ ਏਥੇ ਹੀ ਰਹਿੰਦੇ ਹਨ।
ਮੈਨੂੰ ਨਹੀ ਪਤਾ ਉਹਨਾਂ ਨੇ ਕੀ ਕੀਤਾ ਪਰ ਇੱਕ ਦੋ ਦਿਨਾਂ ਪਿਛੋਂ ਦੱਸਿਆ ਕਿ ਇਸ ਵਾਰੀ ਕੁੱਝ ਨਹੀ
ਪਤਾ ਲੱਗਾ। ਹੋਰ ਉਚਾਈ ਤੱਕ ਜਾ ਕੇ ਫਿਰ ਪਤਾ ਕੀਤਾ ਜਾਵੇਗਾ ਕਿ ਕੀ ਨੁਕਸ ਹੈ। ਮੈਨੂੰ ਫਿਰ ਆਗਿਆ
ਦੇ ਦਿਤੀ। ਪਹਿਲਾਂ ਵਾਂਗ ਝਿਜਕ ਨਾ ਮਹਿਸੂਸ ਕੀਤੀ। ਸ਼ਾਇਦ ਇਸਦਾ ਇਹ ਕਾਰਨ ਹੋਵੇ ਕਿ ਜੇ ਮੈ ਪਹਿਲੀ
ਵਾਰੀ ਬਚ ਗਿਆ ਹਾਂ ਤਾਂ ਹੁਣ ਇਸ ਵਾਰੀ ਵੀ ਮੈਨੂੰ ਕੁੱਝ ਨਹੀ ਹੋਣ ਲੱਗਾ। ਦੋਬਾਰਾ ਸਾਰੀ ਕਾਰਵਾਈ
ਹੋਰ ਉਚਾਈ ਤੱਕ ਕਰਨ ਉਪ੍ਰੰਤ ਵੀ ਡਾਕਦਾਰਾਂ ਦੇ ਹੱਥ ਪੱਲੇ ਕੁੱਝ ਨਾ ਪਿਆ। ਸੱਤ ਅੱਠ ਦਿਨਾਂ ਬਾਅਦ
ਮੈਨੂੰ ਬਹੁਤ ਸਾਰੀਆਂ ਦਵਾਈਆਂ ਦੇ ਨਾਂ ਲਿਖ ਕੇ, ਉਹਨਾਂ ਨੂੰ ਖਾਣ ਦੀਆਂ ਹਿਦਾਇਤਾਂ ਦੱਸ ਕੇ, ਮੇਰੇ
ਹੱਥ ਕਾਗਜ਼ਾਂ ਦਾ ਥੱਬਾ ਫੜਾ ਕੇ ਘਰ ਨੂੰ ਤੋਰ ਦਿਤਾ। ਲਉ ਕਰ ਲਉ ਘਿਓ ਨੂੰ ਘੜਾ! ਨਾਲ਼ ਹੀ ਮੇਰੀ ਉਸ
ਸਪੈਸ਼ਲਿਸਟ ਬੀਬੀ ਨਾਲ਼ ਤਰੀਕ ਫਿਕਸ ਕਰ ਦਿਤੀ ਕਿ ਉਸਨੂੰ ਮਿਲ਼ਨਾ ਹੈ। ਮੈ ਘਰ ਆ ਕੇ ਇਹ ਸਾਰਾ ਲਟਾ
ਪਟਾ ਬਿਨ ਵਿੱਚ ਮਾਰਿਆ ਤੇ ਈਸਬਗੋਲ਼ ਦਾ ਛਿਲਕਾ ਖਾਧਾ। ਗੁਰੂ ਦੀ ਕਿਰਪਾ ਨਾਲ਼ ਕਾਰਜ ਰਾਸ ਆ ਗਿਆ।
ਹਾਂ, ਕੁੱਝ ਦਿਨ ਹਸਪਤਾਲ ਦੀ ਪ੍ਰਾਹੁਣਾਚਾਰੀ ਦਾ ਆਨੰਦ ਜਰੂਰ ਮਾਣ ਲਿਆ। ਮੇਰੇ ਜੈ ਪੁਰੋਂ ਆਏ ਹੋਏ
ਕੁੜਮ, ਸ. ਤਰਲੋਚਨ ਸਿੰਘ ਗਰੇਵਾਲ ਹੋਰਾਂ ਜਰੂਰ ਮੇਰਾ ਹਸਪਤਾਲ ਵੇਖ ਕੇ ਆਖਿਆ, “ਇਹ ਹਸਪਤਾਲ ਹੈ
ਜਾਂ ਕਿ ਫਾਈਵ ਸਟਾਰ ਹੋਟਲ!”
ਉਪ੍ਰੋਕਤ ਸਾਰਾ ਕੁੱਝ ਆਪਣੇ ਨਾਲ਼, ਆਪਣੀ ਹੋਸ਼ ਵਿੱਚ ਵਾਰੀਆਂ ਘਟਨਾਵਾਂ ਦਾ ਅਤੀ ਸੰਖੇਪ ਤੇ ਸੱਚਾ
ਵਰਨਣ ਹੈ। ਇਸ ਦਾ ਮਤਲਬ ਕਿਸੇ ਵੀ ਤਰ੍ਹਾਂ ਦੇ ਇਲਾਜ ਦੇ ਤਰੀਕੇ ਨੂੰ ਛੁਟਿਆਉਣਾ ਤੇ ਦੂਜੇ ਤਰੀਕੇ
ਵਡਿਆਉਣਾ ਨਹੀ। ਨਿਜੀ ਤਜੱਰਬੇ ਤੋਂ ਮੇਰਾ ਵਿਸ਼ਵਾਸ਼ਰ ਬਣ ਚੁੱਕਾ ਹੈ ਕਿ ਜਿੰਨੇ ਵੀ ਹੁਣ ਤੱਕ ਇਲਾਜ
ਦੇ ਤਰੀਕੇ ਮਨੁਖ ਦੀ ਸਮਝ ਵਿੱਚ ਆ ਚੁੱਕੇ ਹਨ ਉਹ ਸਾਰੇ ਸੰਪੂਰਨ ਤੌਰ ਤੇ ਨਾ ਮੁਕੰਮਲ ਹਨ ਤੇ ਨਾ ਹੀ
ਨਿਰਾ ਪਖੰਡ ਹਨ। ਗੁਰਬਾਣੀ ਅਨੁਸਾਰ ਜਦੋਂ ਮਨੁਖੀ ਸਰੀਰ ਦੇ ਦੁੱਖ ਦਾ ਸਮਾ ਸਮਾਪਤ ਹੋ ਜਾਂਦਾ ਹੈ
ਤਾਂ ਉਸਨੂੰ ਕਿਸੇ ਵੀ ਬਹਾਨੇ ਉਸ ਦੁਖ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ। ਜੇ ਦੁਖ ਦਾ ਸਮਾ ਅਜੇ
ਸਮਾਪਤ ਨਹੀ ਹੋਇਆ ਤਾਂ ਵਡੇ ਵੱਡੇ ਡਾਕਟਰਾਂ ਨੂੰ ਬੀਮਾਰੀ ਦੀ ਸਮਝ ਹੀ ਨਹੀ ਪੈਂਦੀ; ਤੇ ਜੇ ਸਮਾ
ਪੂਰਾ ਹੋ ਗਿਆ ਹੈ ਤਾਂ ਕਿਸੇ ਸਾਧ ਦੇ ਧੂੰਏ ਦੀ ਸਵਾਹ ਦੀ ਚੁਟਕੀ ਨਾਲ਼ ਵੀ ਆਰਾਮ ਆ ਸਕਦਾ ਹੈ ਤੇ
ਈਸਬਗੋਲ਼ ਦੇ ਛਿਲਕੇ ਖਾਣ ਨਾਲ਼ ਵੀ ਦੁਖ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹਾਂ, ਪੱਛਮੀ ਇਲਾਜ
ਪ੍ਰਣਾਲੀ, ਜਿਸਨੂੰ ਐਲੋਪੈਥੀ ਆਖਦੇ ਹਨ, ਇਹ ਸਰੀਰ ਦੀ ਚੀੜ ਫਾੜ ਕਰ ਦੇਣ ਵਿੱਚ ਜ਼ਿਆਦਾ ਕਾਮਯਾਬ ਹੈ।
ਜਿਵੇਂ ਦਰਜੀ ਕੱਪੜੇ ਦੀ ਕਟਾਈ ਵਢਾਈ ਜਾਣਦਾ ਹੈ ਤੇ ਜਿਵੇਂ ਇੱਕ ਤਰਖਾਣ ਲੱਕੜ ਨੂੰ ਕੱਟ, ਵਢ ਤੇ
ਛਾਂਗ ਕੇ ਮੰਜੀ ਠੋਕ ਦਿੰਦਾ ਹੈ; ਓਵੇਂ ਹੀ, ਮੇਰੀ ਜਾਚੇ, ਡਾਕਟਰ ਵੀ ਮਨੁਖੀ ਸਰੀਰ ਨਾਲ਼ ਕਰ ਦਿੰਦੇ
ਹਨ। ਅੱਗੇ ਬੰਦੇ ਦੀ ਕਿਸਮਤ ਕਿ ਮੰਜੀ ਠੀਕ ਠੁਕ ਜਾਵੇ ਜਾਂ ਕਾਣੋ ਰਹਿ ਜਾਵੇ। ਜੇ ਕਾਣੋ ਰਹਿ ਗਈ
ਤਾਂ ਫਿਰ ਸਰੀਰ ਨੂੰ ਉਧੇੜ ਕੇ ਮੁੜ ਠੀਕ ਕਰਨ ਦਾ ਯਤਨ ਕਰਦੇ ਹਨ।