ਗੁਰਬਾਣੀ ਮੁਤਾਬਕ ਬੈਕੁੰਠ ਕਿੱਥੇ ਹੈ?
ਇਸ ਤੋਂ ਪਹਿਲੇ ਲੇਖ ‘ਦਰਗਾਹ’ `ਚ
ਗੁਰਬਾਣੀ ਦੇ ਫੁਰਮਾਣਾਂ ਮੁਤਾਬਕ ਆਪਾਂ ਇਸ ਸਿੱਟੇ ਤੇ ਪਹੁੰਚੇ ਸੀ ਕਿ ਪ੍ਰਮਾਤਮਾ ਜਰੇ ਜਰੇ ਵਿੱਚ
ਹੈ, ਪ੍ਰਮਾਤਮਾ ਕਿਧਰੇ ਸੱਤਵੇਂ ਅਕਾਸ ਵਿੱਚ ਨਹੀਂ ਵੱਸਦਾ, ਜਦੋਂ ਪ੍ਰਮਾਤਮਾ ਲੋਕਾ ਦੇ ਦਿਲਾਂ `ਚ
ਵਸਦਾ ਹੈ ਜਿਵੇ: ਮਹਲਾ 5॥ ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ,
ਜਾਂ ਤਿਸੁ ਬਿਨੁ ਕੋਈ ਨਾਹਿ॥ 75॥ {ਪੰਨਾ 1381} ਤਾਂ ਪ੍ਰਮਾਤਮਾ ਦੀ ਦਰਗਹ ਵੀ ਇਸੇ ਸਰੀਰ ਵਿੱਚ
ਹੈ। ਤੇ ਜੇ ਦਰਗਹ ਇਸੇ ਸਰੀਰ ਵਿੱਚ ਹੈ ਤਾਂ ਬੈਕੁੰਠ/ਸਵਰਗ/ਨਰਕ ਵੀ ਇਸੇ ਸਰੀਰ ਵਿੱਚ ਹੈ।
ਅਸੀਂ ਆਪਣੀ ਆਪਣੀ ਮੱਤ ਮੁਾਬਕ ਕਿਸੇ ਸਿੱਟੇ ਤੇ ਪਹੁੰਚਣ ਦੀ ਕੋਸ਼ਿਸ ਨਹੀਂ ਕਰਨੀ ਸਗੋਂ ਹਰ ਮੋੜ ਤੇ
ਅਗਵਾਈ ਗੁਰੂ ਸ਼ਬਦ ਕੋਲੋਂ ਹੀ ਲੈਣੀ ਹੈ। ਅਗਲੇ ਸਲੋਕ ਵਿੱਚ ਗੁਰੂ ਜੀ 100% ਪ੍ਰਮਾਤਮਾ ਪ੍ਰਤੀ
ਸਮ੍ਰਪਤ ਹੋਣਾ ਜ਼ਾਹਰ ਕਰਦੇ ਹਨ ਤੇ ਇੱਛਾ ਵੀ ਇਹੀ ਜਾਹਰ ਕਰਦੇ ਹਨ ਕਿ ਜੋ ਕੁੱਝ ਵੀ ਪ੍ਰਾਪਤ ਹੋ
ਰਿਹਾ ਹੈ ਤੇ ਹੇ ਪ੍ਰਮਾਤਮਾ! ਜਿਵੇਂ ਵੀ ਤੂੰ ਰੱਖ ਰਿਹਾ ਹੈਂ ਉਸ ਮੁਤਾਬਕ ਮੈਂ ਬੈਕੁੰਠ ਵਿੱਚ ਹਾਂ
ਬਹਿਸਤ ਵਿੱਚ ਹਾਂ।
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ॥ ਜਿਥੈ ਰਖਹਿ ਬੈਕੁੰਠੁ
ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥ 3॥ {ਪੰਨਾ 106}
ਅਗਲੇ ਸਲੋਕ ਦੀਆਂ ਰਹਾਉ ਵਾਲੀਆਂ ਪੰਗਤੀਆਂ ਵੀ ਉਪਰਲੇ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਇਸ ਤੋਂ
ਅਗਲਾ ਵਿਚਾਰ ਇਹ ਹੈ ਕਿ ਜਿੱਥੇ ਸੱਚ ਦਾ ਵਾਸਾ ਹੈ ਉਥੇ ਹੀ ਬੈਕੁੰਠ ਹੈ। ਹੇ ਪ੍ਰਮਾਤਮਾ! ਕਿਸੇ
ਮਨੁੱਖ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਬਾਰੇ ਇੱਛਾ ਵੀ ਤੇਰੀ ਮਿਹਰ ਸਦਕਾ ਹੀ ਪੈਦਾ ਹੁੰਦੀ
ਹੈ।
ਮੇਰੇ ਰਾਮਰਾਇ ਜਿਉ ਰਾਖਹਿ ਤਿਉ ਰਹੀਐ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥ 1॥
ਰਹਾਉ॥ ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਤਹਾ ਬੈਕੁੰਠੁ ਜਹ ਕੀਰਤਨੁ
ਤੇਰਾ ਤੂੰ ਆਪੇ ਸਰਧਾ ਲਾਇਹਿ॥ 2॥ {ਪੰਨਾ 749}
ਅੱਜ ਤਕ ਕੋਈ ਐਸਾ ਨਹੀਂ ਹੋਇਆ ਜੋ ਕਿਸੇ ਅਖੌਤੀ ਸਵਰਗ/ਨਰਕ ਵਿੱਚ ਗੇੜਾ ਕੱਢ ਕੇ ਵਾਪਸ ਆਇਆ ਹੋਵੇ
ਤੇ ਫਿਰ ਦੱਸੇ ਕਿ ਉੱਥੇ ਕੀ ਹੈ? ਕਿਵੇਂ ਕਿਸੇ ਨੂੰ ਸਜਾ ਦਿੱਤੀ ਜਾਂਦੀ ਹੈ? ਕਿਵੇਂ ਕਿਸੇ ਨੂੰ ਨਰਕ
ਤੇ ਸਵਰਗ/ਬੈਕੂੰਠ ਵਿੱਚ ਭੇਜਿਆ ਜਾਂਦਾ ਹੈ? ਆਦਿ।
ਕਬੀਰ ਸਾਹਿਬ ਦਾ ਅਗਲਾ ਸਲੋਕ ਇਸੇ ਗੱਲ ਦੀ ਹੀ ਤਾ ਪੁਸ਼ਟੀ ਕਰਦਾ ਹੈ ਕਿ ਲੋਕ ਐਵੇਂ ਹੀ ਕਹੀ ਜਾਂਦੇ
ਹਨ ਕਿ ਬੈਕੁੰਠ/ਸਵਰਗ ਉਥੇ ਹੈ, ਬੈਕੁੰਠ ਉਥੇ ਹੈ।
ਸਭੁ ਕੋਈ ਚਲਨ ਕਹਤ ਹੈ ਊਹਾਂ॥ ਨਾ ਜਾਨਉ, ਬੈਕੁੰਠੁ ਹੈ ਕਹਾਂ॥ 1॥ ਰਹਾਉ॥ ਆਪ ਆਪ ਕਾ ਮਰਮੁ ਨ
ਜਾਨਾਂ॥ ਬਾਤਨ ਹੀ, ਬੈਕੁੰਠੁ ਬਖਾਨਾਂ॥ 1॥ ਜਬ ਲਗੁ ਮਨ ਬੈਕੁੰਠ ਕੀ ਆਸ॥ ਤਬ ਲਗੁ ਨਾਹੀ ਚਰਨ
ਨਿਵਾਸ॥ 2॥ ਖਾਈ ਕੋਟੁ ਨ ਪਰਲ ਪਗਾਰਾ॥ ਨਾ ਜਾਨਉ ਬੈਕੁੰਠ ਦੁਆਰਾ॥ 3॥ ਕਹਿ ਕਮੀਰ ਅਬ ਕਹੀਐ ਕਾਹਿ॥
ਸਾਧ ਸੰਗਤਿ ਬੈਕੁੰਠੈ ਆਹਿ॥ 4॥ 8॥ 16॥ {ਪੰਨਾ 1161}
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿੱਚ ਅੱਪੜਨਾ ਹੈ । ਪਰ ਮੈਨੂੰ ਤਾਂ ਸਮਝ ਨਹੀਂ ਆਈ,
(ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ । 1. ਰਹਾਉ।
(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ, ਨਿਰੀਆਂ ਗੱਲਾਂ ਨਾਲ ਹੀ ‘ਬੈਕੁੰਠ’ ਆਖ
ਰਹੇ ਹਨ । 1.
ਹੇ ਮਨ ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ, ਤਦ ਤਕ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ
ਨਹੀਂ ਹੋ ਸਕਦਾ । 2.
ਮੈਨੂੰ ਤਾਂ ਪਤਾ ਨਹੀਂ (ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ, ਕਿਹੋ ਜਿਹਾ ਸ਼ਹਿਰ
ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ, ਤੇ ਕਿਹੋ ਜਿਹੀ ਉਸ ਦੇ ਦੁਆਲੇ ਖਾਈ ਹੈ । 3.
ਕਬੀਰ ਆਖਦਾ ਹੈ— (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ
ਕਿ ਸਾਧ-ਸੰਗਤ ਹੀ ਬੈਕੁੰਠ ਹੈ ? (ਤੇ ਉਹ ਬੈਕੁੰਠ ਇੱਥੇ ਹੀ ਹੈ) । 4. 8. 16.
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਮਨੁੱਖ ਨੂੰ ਪੁਕਾਰ ਪੁਕਾਰ ਕੇ ਜਗਾਉਣ ਦਾ ਕੰਮ ਕਰ ਰਹੀ ਹੈ ਪਰ
ਅਸੀਂ ਜਾਗਣਾ ਨਹੀਂ ਚਾਹੁੰਦੇ ਕਿਉਂਕਿ ‘ਸੱਚ ਮਿਰਚਾਂ ਕੂੜ ਗੁੜ’ ਹੈ। ਸਾਨੂੰ ਝੂਠ ਹੀ ਪਸੰਦ ਹੈ
ਭਾਂਵੇ ਇਸ ਤਰ੍ਹਾਂ ਅਸੀਂ ਪਲ ਪਲ ਮਰਦੇ ਹੋਈਏ।
ਗਉੜੀ ਮਹਲਾ 5॥ ਡਰਿ ਡਰਿ ਮਰਤੇ ਜਬ ਜਾਨੀਐ ਦੂਰਿ॥ ਡਰੁ ਚੂਕਾ ਦੇਖਿਆ ਭਰਪੂਰਿ॥ 1॥ ਸਤਿਗੁਰ ਅਪੁਨੇ
ਕਉ ਬਲਿਹਾਰੈ॥ ਛੋਡਿ ਨ ਜਾਈ ਸਰਪਰ ਤਾਰੈ॥ 1॥ ਰਹਾਉ॥ {ਪੰਨਾ 186}
ਐ ਬੰਦੇ ਸੱਚ ਦਾ ਪੱਲਾ ਨਾ ਛੱਡੀਂ। ਸੱਚ ਤੈਨੂੰ ਜਰੂਰ ਤਾਰ ਦੇਵੇਗਾ।
ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥ ਸਰਬ ਅਨੰਦ ਜਬ ਦਰਸਨੁ ਪਾਈਐ॥ ਰਾਮ
ਗੁਣਾ ਨਿਤ ਨਿਤ ਹਰਿ ਗਾਈਐ॥ 3॥॥ {ਪੰਨਾ 890}
(ਹੇ ਭਾਈ !) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ,
(ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ । ਜਦੋਂ
ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ, (ਗੁਰਮੁਖਾਂ ਦੀ
ਸੰਗਤਿ ਵਿਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ
ਹੈ । 3.
ਗਉੜੀ ਕਬੀਰ ਜੀ॥
ਜੋ ਜਨ ਪਰਮਿਤਿ ਪਰਮਨੁ ਜਾਨਾ॥ ਬਾਤਨ ਹੀ ਬੈਕੁੰਠ ਸਮਾਨਾ॥ 1॥ ਨਾ ਜਾਨਾ, ਬੈਕੁੰਠੁ ਕਹਾ ਹੀ॥ ਜਾਨੁ
ਜਾਨੁ ਸਭਿ ਕਹਹਿ ਤਹਾ ਹੀ॥ 1॥ ਰਹਾਉ॥ ਕਹਨ ਕਹਾਵਨ ਨਹ ਪਤੀਅਈ ਹੈ॥ ਤਉ ਮਨੁ ਮਾਨੈ, ਜਾ ਤੇ ਹਉਮੈ ਜਈ
ਹੈ॥ 2॥ ਜਬ ਲਗੁ ਮਨਿ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ॥ 3॥ ਕਹੁ ਕਬੀਰ ਇਹ ਕਹੀਐ
ਕਾਹਿ॥ ਸਾਧ ਸੰਗਤਿ ਬੈਕੁੰਠੈ ਆਹਿ॥ 4॥ 10॥ {ਪੰਨਾ 325}
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ
ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ, ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ
ਵਿੱਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿੱਚ ਡਿੱਠਾ ਨਹੀਂ
ਹੈ)। 1.
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ, ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ,
ਚੱਲਣਾ ਹੈ। 1. ਰਾਹਉ।
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿੱਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ
ਸਕਦੀ; ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ। 2.
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿੱਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
ਤਦ ਤਕ ਪ੍ਰਭੂ ਦੇ ਚਰਨਾਂ ਵਿੱਚ ਮਨ ਜੁੜ ਨਹੀਂ ਸਕਦਾ। 3.
ਹੇ ਕਬੀਰ ! ਆਖ—ਇਹ ਗੱਲ ਕਿਵੇਂ ਸਮਝਾ ਕੇ ਦੱਸੀਏ (ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ
(ਅਸਲੀ) ਬੈਕੁੰਠ ਹੈ। 4. 10.
ਭਾਵ : —ਅਸਲ ਬੈਕੁੰਠ ਸਾਧ-ਸੰਗਤ ਹੈ, ਇੱਥੇ ਹੀ ਮਨ ਦੀ ਹਉਮੈ ਦੂਰ ਹੋ ਸਕਦੀ ਹੈ, ਇੱਥੇ ਹੀ ਮਨ
ਪ੍ਰਭੂ ਦੇ ਚਰਨਾਂ ਵਿੱਚ ਜੁੜ ਸਕਦਾ ਹੈ। 10.
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ
ਹਰਿ ਕਾ ਧਾਮ॥ 1॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ॥ ਗੋਬਿੰਦੁ ਦਮੋਦਰ ਸਿਮਰਉ ਦਿਨ
ਰੈਨਿ ਨਾਨਕ ਸਦ ਕੁਰਬਾਨ॥ 2॥ 17॥ 48॥ {ਪੰਨਾ 682}
ਹੇ ਭਾਈ ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ
ਢੁਕਦੀ। ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ
ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ। 1.
ਸੂਹੀ ਮਹਲਾ 5॥ ਬੈਕੁੰਠ ਨਗਰੁ ਜਹਾ ਸੰਤ ਵਾਸਾ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥ 1॥
ਜਦੋ ਕੋਈ ਮਨੁੱਖ ਪ੍ਰਭੁ ਦੇ ਹੁਕਮ ਨੂੰ ਸਮਝ ਕੇ ਆਪਣੇ ਹਿਰਦੇ `ਚ, ਸੋਚ ਵਿੱਚ ਟਕਾ ਲੈਂਦਾ ਹੈ ਤਾਂ
ਉਸ ਜੀਵ ਦਾ ਹਿਰਦਾ ਹੀ ਸਵਰਗ ਬਣ ਜਾਂਦਾ ਹੈ। ਇਸ ਤੋਂ ਪਹਿਲਾਂ ਆਪਾਂ ਦਰਗਾਹ ਵਾਲੇ ਲੇਖ ਵਿੱਚ
ਸਮਝਿਆ ਸੀ ਕਿ ਪ੍ਰਮਾਤਮਾ ਦੀ ਦਰਗਾਹ ਵੀ ਹਿਰਦੇ ਵਿੱਚ ਹੈ ਤੇ ਹੱਥਲੇ ਲੇਖ ਰਾਹੀਂ ਇਹ ਸਮਝ ਪਈ ਕਿ
ਬੈਕੁੰਠ ਵੀ ਹਿਰਦੇ ਵਿੱਚ ਹੈ ਤਾਂ ਫਿਰ ਆਤਮਾ ਕਿਹੜੇ ਰਸਤੇ ਕਿਧਰੇ ਕਿਸੇ ਹੋਰ ਰੱਬ ਕੋਲ ਭੱਜ ਕੇ
ਆਪਣਾ ਲੇਖਾ-ਜੋਖਾ ਕਰਵਾਉਣ ਜਾਂਦੀ ਹੈ?
ਪੁਰਾਣਿਆਂ ਜ਼ਮਾਨਿਆਂ ਵਿੱਚ ਪੰਡਿਤ ਜੀ ਆਪਣੇ ਮੰਤਰ ਪੜ੍ਹ ਕੇ ਲੋਕਾਂ ਨੂੰ ਧਰਮ ਰਾਜ ਦੀ ਕਚਿਹਰੀ
ਵਿਚੋਂ ਬਰੀ ਕਰਵਾ ਕੇ ਕਿਸੇ ਪੁੰਨ-ਦਾਨ ਦੀ ਮੱਦਦ ਨਾਲ ਪਾਰ ਲੰਘਾ ਦਿੰਦੇ ਸਨ। ਇੱਥੇ ਇੱਕ ਕਹਾਣੀ
ਯਾਦ ਆਈ। ਗਰਮੀਆਂ ਦੇ ਦਿਨਾਂ ਵਿੱਚ ਹਰੇ ਪੱਠਿਆਂ ਦੀ ਘਾਟ ਕਾਰਣ ਲਵੇਰਾ ਵੀ ਘੱਟ ਹੀ ਹੁੰਦਾ ਸੀ।
ਪੰਡਿਤਾਣੀ ਨੇ ਪੰਡਿਤ ਜੀ ਨੂੰ ਬਹੁਤ ਵਾਰ ਕਿਹਾ ਕਿ ਦੁੱਧ ਤੋਂ ਬਗੈਰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ
ਬਹੁਤ ਹੀ ਮੁਸਕਲ ਹੈ। ਪੰਡਿਤ ਜੀ ਇਹ ਕਹਿ ਕੇ ਗੱਲ ਟਾਲ ਦੇਣ ਕੇ ਹਾਲੇ ਵਕਤ ਨਹੀਂ ਆਇਆ। ਇਤਨੇ ਨੂੰ
ਕਿਸੇ ਜ਼ਿਮੀਦਾਰ ਦੀ ਗਊ ਸੂ ਪਾਈ। ਪੰਡਿਤ ਜੀ ਨੇ ਸਕੀਮ ਬਣਾ ਕੇ ਉਨ੍ਹਾਂ ਦੇ ਘਰ ਜਾ ਅਲਖ ਜਗਾਈ।
ਕਹਿਣ ਲੱਗੇ ਜ਼ਜ਼ਮਾਨਾ ਅੱਜ ਰਾਤੀਂ ਤੁਹਾਡੇ ਪਿਤਾ ਜੀ ਕਹਿ ਰਹੇ ਸੀ ਕਿ ਪੰਡਿਤ ਜੀ ਮੇਰਾ ਕੋਈ ਇਲਾਜ਼
ਕਰੋ ਮੈਂ ਵੈਤਰਣੀ ਨਦੀ ਦੇ ਇਧਰ ਰਹਿ ਗਿਆ ਹਾਂ ਆਪਣੇ ਮਾੜੇ ਕਰਮਾਂ ਕਰਕੇ। ਮੈਨੂੰ ਪਾਰ ਲੰਘਾਓ। ਇਸ
ਕਰਕੇ ਤੁਸੀਂ ਗਊ ਦਾਨ ਕਰੋ। ਜ਼ਿਮੀਦਾਰ ਬੜਾ ਭੋਲਾ ਸੀ ਉਸਨੇ ਉਸੇ ਵਕਤ ਗਊ ਦਾ ਰੱਸਾ ਪੰਡਿਤ ਜੀ ਦੇ
ਹੱਥ ਫੜਾਇਆ ਤੇ ਪਿਤਾ ਜੀ ਨੂੰ ਵੈਤਰਣੀ ਨਦੀ ਪਾਰ ਕਰਾਉਣ ਦਾ ਵਚਨ ਲੈ ਲਿਆ। ਬਸ ਗਊ ਦੇ ਜਾਣ ਦੀ ਦੇਰ
ਸੀ ਕਿ ਘਰ ਵਿੱਚ ਕਲੇਸ਼ ਪੈ ਗਿਆ। ਜ਼ਿਮੀਦਾਰ ਨੇ ਦੋ ਦਿਨ ਬਾਅਦ ਸਕੀਮ ਬਣਾਈ ਤੇ ਪੰਡਿਤ ਜੀ ਦੇ ਘਰ
ਚਲਾ ਗਿਆ। ਜਾ ਕੇ ਅਵਾਜ ਮਾਰੀ ਤੇ ਪੰਡਿਤ ਜੀ ਖਿੜੇ ਮੱਥੇ ਮਿਲਣ ਲਈ ਚਲੇ ਆਏ। ਜ਼ਿਮੀਦਾਰ ਪੁੱਛਦਾ ਹੈ
ਕਿ ਪੰਡਿਤ ਜੀ ਮੇਰੇ ਪਿਤਾ ਜੀ ਵੈਤਰਣੀ ਨਦੀ ਪਾਰ ਕਰ ਗਏ। ਮਿਸ਼ਰ ਜੀ ਬੋਲੇ ਉਹ ਤਾਂ ਉਸੇ ਦਿਨ
ਵੈਤਰਣੀ ਨਦੀ ਪਾਰ ਕਰ ਗਏ ਸੀ ਜਿਸ ਦਿਨ ਤੁਸੀਂ ਗਊ ਦਾਨ ਕੀਤੀ ਸੀ। ਜ਼ਿਮੀਦਾਰ ਨੇ ਆਪਣੇ ਬੱਚੇ ਨੂੰ
ਅਵਾਜ ਮਾਰੀ ਓਏ ਮੀਟਿਆ! ਖੋਲ੍ਹ ਗਊ ਦਾ ਰੱਸਾ। ਹੁਣ ਪੰਡਿਤ ਜੀ ਨੂੰ ਗਊ ਦੀ ਕੋਈ ਲੋੜ ਨਹੀਂ ਤੇ
ਪਿਤਾ ਜੀ ਦਾ ਵੀ ਕੰਮ ਹੋ ਗਿਆ ਹੈ।
ਸਿੱਖ ਭਰਾਵੋ ਅਸਲ ਵਿੱਚ ਸਿੱਖ ਧਰਮ ਕਿਸੇ ਨੂੰ ਕੋਈ ਲਾਰਾ ਨਹੀਂ ਲਾਉਂਦਾ ਕਿ ਇਸ ਧਰਮ ਵਿੱਚ ਪ੍ਰਵੇਸ਼
ਕਰਨ ਨਾਲ ਤੁਹਾਨੂੰ ਕੱਲ੍ਹ ਨੂੰ ਕੋਈ ਫਾਈਦਾ ਹੋਵੇਗਾ। ਇਹ ਧਰਮ ਤਾਂ ਅੱਜ ਦੀ ਗੱਲ ਕਰਦਾ ਹੈ। ਜੇ
ਅਸੀਂ ਅੱਜ ਚੰਗੇ ਹਾਂ ਤਾਂ ਸਾਡਾ ਕੱਲ੍ਹ ਆਪਣੇ ਆਪ ਚੰਗਾ ਹੋਵੇਗਾ। ਕੱਲ੍ਹ ਬਾਰੇ ਸੋਚਣ ਦੀ ਲੋੜ
ਨਹੀਂ। ਸਿਰਫ ਅੱਜ ਚੰਗਾ ਬਣਾਉਣ ਦੀ ਲੋੜ ਹੈ। ਜੇ ਅਸੀਂ ਅੱਜ ਬਾਰੇ ਸੋਚਣ ਲੱਗ ਪਈਏ ਤਾਂ ਇਹ ਵਿਹਲੜ
ਸਾਧਾਂ ਦੀਆਂ ਹੇੜਾਂ ਆਪਣੇ ਆਪ ਖਤਮ ਹੋ ਜਾਣਗੀਆਂ ਜਿਨ੍ਹਾਂ ਨੇ ਸਮਾਜ ਨੂੰ ਕੁੱਝ ਨਹੀਂ ਦਿੱਤਾ ਸਗੋਂ
ਸਾਡਾ ਧਨ, ਦੌਲਤ ਅਤੇ ਇੱਜਤ ਲੁੱਟੀ ਹੀ ਹੈ।
ਗੁਰੂ ਨਾਨਕ ਸਾਹਿਬ ਹੀ ਨਹੀਂ ਹਨ ਜੋ ਇਹ ਕਹਿੰਦੇ ਹਨ ਕਿ:
ਧਨਾਸਰੀ ਮਹਲਾ 1॥ ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ਨਾਨਕੁ ਬਿਨਵੈ ਤਿਸੈ ਸਰੇਵਹੁ
ਜਾ ਕੇ ਜੀਅ ਪਰਾਣਾ॥ 1॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ॥ 1॥ ਰਹਾਉ॥ {ਪੰਨਾ 660}
ਐ ਬੰਦੇ! ਵਰਤਮਾਨ ਕਾਲ ਵਿੱਚ ਜਿਉਣਾ ਸਿੱਖ ਸਗੋਂ ਬਾਬਾ ਫਰੀਦ ਜੀ ਵੀ ਇਹੀ ਹੋਕਾ ਦਿੰਦੇ ਹਨ ਕਿ ਜੇ
ਤੂੰ ਬੁਰਿਆਈਆਂ ਨੂੰ ਮਨ ਵਿਚੋਂ ਬਾਹਰ ਕੱਢ ਦੇਵੇਂ ਤਾਂ ਐ ਬੰਦੇ! ਤੈਨੂੰ ਖੁਦਾ ਅੱਜ ਹੀ ਮਿਲ ਸਕਦਾ
ਹੈ।
ਆਜੁ ਮਿਲਾਵਾ ਸੇਖ ਫਰੀਦ, ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ॥ 1॥ ਰਹਾਉ॥ ਪੰਨਾ 488॥
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।
www.singhsabhacanada.com