.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘ਰਤਨ ਜਨਮ ਖੋਇਓ--’

ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਤੀਕ ਆਏ ਹਨ ਜਿੰਨ੍ਹਾਂ ਵਿੱਚ ਜੀਵਨ ਦਾ ਤੱਤ ਭਰਿਆ ਪਿਆ ਹੈ। ਗੁਰਬਾਣੀ ਜ਼ਿੰਦਗੀ ਜਿਉਣ ਦੇ ਅਦਰਸ਼ ਨੂੰ ਦੁਨੀਆਂ ਵਿੱਚ ਪ੍ਰਤੀਕਾਂ ਰਾਂਹੀ ਪ੍ਰਗਟ ਕਰਦੀ ਹੈ। ਇਹਨਾਂ ਪ੍ਰਤੀਕਾਂ ਨੂੰ ਵੱਖ ਵੱਖ ਰੂਪਾਂ ਵਿੱਚ ਪੇਸ਼ ਕੀਤਾ ਗਿਆ ਹੈ। ਕੋਈ ਵਾਕ ਲੈ ਲਓ ਹਰ ਵਾਕ ਵਿੱਚ ਜੀਵਨ ਦਾ ਮਨਰੋਥ ਡੁਲ੍ਹ ਡੁਲ੍ਹ ਪੈਂਦਾ ਹੈ, ਮਿਸਾਲ ਦੇ ਤੌਰ `ਤੇ ----

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ॥

ਨਾਨਕ ਨਾਮੁ ਨ ਵਿਸਰਉ ਇੱਕ ਘੜੀ, ਕਰਿ ਕਿਰਪਾ ਭਗਵੰਤ॥

ਸਲੋਕ ਮ: ੫ ਪੰਨਾ ੫੨੨

ਬੁਨਿਆਦੀ ਨੁਕਤਾ ਇਹ ਦੱਸਦਾ ਹੈ ਕਿ ਐ ਭਲੇ ਲੋਕ! ਜੇ ਤੂੰ ਆਪਣੀ ਚੇਤੰਤਾ ਵਿੱਚ ਸਭ ਤੋਂ ਪਹਿਲਾਂ ਸ਼ੁਭ ਸੋਚਣ ਦਾ ਯਤਨ ਕਰੇਂਗਾ ‘ਸੁਭ ਚਿੰਤਨ’ ਤਾਂ ਇਹ ਤੇਰੇ ਸੁਭਾਅ ਦਾ ਅੰਗ ਬਣ ਜਾਏਗਾ ਜਿਸ ਨੂੰ ‘ਗੋਬਿੰਦ ਰਮਣ’ ਹਰ ਵੇਲੇ ਦਾ ਸਿਮਰਣ ਕਿਹਾ ਗਿਆ ਹੈ। ਇਸ ਦੀ ਪ੍ਰਾਪਤੀ ਗੁਰੂ ਸੰਗਤ ਵਿਚੋਂ ਹੋਣੀ ਹੈ। ਭਾਵ ਗੁਰ ਉਪਦੇਸ਼ ਨੂੰ ਜਦੋਂ ਸਮਝਣ ਦਾ ਯਤਨ ਕੀਤਾ ਜਾਏਗਾ ਜੋ ‘ਨਿਰਮਲ ਸਾਧੂ ਸੰਗ’ ਹੀ ਹੋ ਸਕਦਾ ਹੈ। ਨਾਮ ਨੂੰ ਇੱਕ ਘੜੀ ਵੀ ਨਹੀਂ ਵਿਸਰਨ ਦੇਣਾ “ਨਾਮੁ ਨ ਵਿਸਰਉ ਇੱਕ ਘੜੀ”। ਨਾਮ ਦੀ ਵਿਆਖਿਆ ਸ਼ਬਦਾਰਥ ਦੇ ਪੰਨਾ ੪੬੩ `ਤੇ ਬਹੁਤ ਖੁਬਸੂਰਤ ਕੀਤੀ ਗਈ ਹੈ, ਜੇਹਾ ਕਿ, “ਮਨੁੱਖ ਵਿੱਚ ਖ਼ਾਸ ਤੌਰ `ਤੇ ਰੱਬ ਨੇ ਆਪਣੀ ਨਾਮ ਰੂਪ ਜੋਤਿ ਰੱਖੀ ਹੈ ਜੋ ਮੁਨਸਫ਼ ਹੋ ਕੇ ਕੰਮ ਕਰਦੀ ਹੈ ਅਤੇ ਨਾਲੋਂ ਨਾਲ ਨਖੇੜ ਕੇ ਦੱਸਦੀ ਰਹਿੰਦੀ ਹੈ ਕਿ ਇਹ ਸੱਚ ਹੈ, ਇਹ ਝੂਠ ਹੈ” ਹਰ ਵੇਲੇ ਸ਼ੁਭ ਸੋਚਣ ਦੇ ਯਤਨ ਵਿੱਚ ਰਹਿਣਾ ਹੀ ਪਰਮਾਤਮਾ ਦੀ ਕਿਰਪਾ ਹੈ। ਜੇ ਅਜੇਹਾ ਨਹੀਂ ਕਰ ਰਿਹਾ ਤਾਂ ਅਵੱਸ਼ ਜੀਵਨ ਨੂੰ ਗਵਾ ਕੇ ਜਾ ਰਿਹਾ ਹੈ। ਸ਼ੁਭ ਚਿੰਤਨ ਹੀ ਜੋ ‘ਸਿਮਰਨ ਦੇ ਰੂਪ ਵਿੱਚ ਬੈਠਾ ਹੈ’ ਸਾਨੂੰ ਨੀਵੇਂ ਤਲ਼ ਦੇ ਜੀਵਨ ਤੋਂ ਬਚਾਉਦਾ ਹੈ।

ਰਾਗ ਗੂਜਰੀ ਵਿੱਚ ਭਗਤ ਕਬੀਰ ਜੀ ਨੇ ਬਲਦ ਦਾ ਪ੍ਰਤੀਕ ਲੈ ਕੇ ਮਨੁੱਖੀ ਚੇਤੰਤਾ ਦੀ ਗੱਲ ਸਮਝਾਈ ਹੈ। ਸ਼ਬਦ ਦੇ ਅਖਰੀਂ ਅਰਥਾਂ ਤੋਂ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਮਰਣ ਤੋਂ ਬਾਅਦ ਦੀ ਕੋਈ ਗੱਲ ਕੀਤੀ ਗਈ ਹੋਵੇ। ਜਾਂ ਮਰ ਕੇ ਅਸੀਂ ਕੋਈ ਬਲਦ ਬਣਨਾ ਹੈ ਜੇ ਇਹ ਏਸੇ ਤਰ੍ਹਾਂ ਹੀ ਅਰਥ ਕੀਤੇ ਜਾਣ ਤਾਂ ਦੁਨੀਆਂ ਉੱਤੇ ਫਿਰ ਬਲਦਾਂ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ। ਪਰ ਸ਼ਬਦ ਦਾ ਅਦਰਸ਼— “ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ” ਰਖਿਆ ਦਿੱਸਦਾ ਹੈ—ਪੂਰਾ ਸ਼ਬਦ ਹੇਠਾਂ ਅੰਕਤ ਹੈ----

ਚਾਰਿ ਪਾਵ, ਦੁਇ ਸਿੰਗ, ਗੁੰਗ ਮੁਖ, ਤਬ ਕੈਸੇ ਗੁਨ ਗਈ ਹੈ॥

ਊਠਤ ਬੈਠਤ ਠੇਗਾ ਪਰਿ ਹੈ, ਤਬ ਕਤ ਮੂਡ ਲੁਕਈ ਹੈ॥ 1॥

ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥

ਫਾਟੇ ਨਾਕਨ, ਟੂਟੇ ਕਾਧਨ, ਕੋਦਉ ਕੋ ਭੁਸੁ ਖਈ ਹੈ॥ 1॥ ਰਹਾਉ॥

ਸਾਰੋ ਦਿਨੁ ਡੋਲਤ ਬਨ ਮਹੀਆ, ਅਜਹੁ ਨ ਪੇਟ ਅਘਈ ਹੈ॥

ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਅਪਨੋ ਪਈ ਹੈ॥ 2॥

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ, ਅਨਿਕ ਜੋਨਿ ਭਰਮਈ ਹੈ॥

ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ, ਇਹੁ ਅਉਸਰੁ ਕਤ ਪਈ ਹੈ॥ 3॥

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ, ਗਤਿ ਬਿਨੁ ਰੈਨਿ ਬਿਹਈ ਹੈ॥

ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ॥ 4॥

ਰਾਗ ਗੂਜਰੀ ਬਾਣੀ ਭਗਤ ਕਬੀਰ ਜੀ ਕੀ ਪੰਨਾ ੫੨੪

ਗੱਲ ਅਰੰਭ ਕੀਤੀ ਜਾਏਗੀ ਰਹਾਉ ਦੀਆਂ ਤੁਕਾਂ ਤੋਂ ਪਹਿਲੇ ਕੇਵਲ ਅੱਖਰੀਂ ਅਰਥ ਹੀ ਦੇਖੇ ਜਾਣਗੇ ਫਿਰ ਇਸ ਸ਼ਬਦ ਦੇ ਭਾਵ ਅਰਥ ਦੀ ਵਿਚਾਰ ਕੀਤੀ ਜਾਏਗੀ।

ਪਰਮਾਤਮਾ ਦੇ ਨਾਂ ਤੋਂ ਬਿਨਾਂ ਤੂੰ ਪਰਾਏ ਅਧੀਨ ਹੋ ਜਾਏਂਗਾ ਜਿਸ ਤਰ੍ਹਾਂ ਬਲਦ ਪਰਾਏ ਅਧੀਨ ਹੋ ਕੇ ਆਪਣੇ ਮਾਲਕ ਦਾ ਹਰ ਹੁਕਮ ਮੰਨਦਿਆਂ ਹੋਇਆਂ ਨੱਕ ਵਿਨ੍ਹਾ ਕੇ ਕੰਮ ਦਾ ਬੋਝ ਝੱਲਦਿਆਂ ਝੱਲਦਿਆਂ ਆਪਣਾ ਕੰਨ੍ਹਾਂ ਵੀ ਛਿੱਲਵਾ ਲੈਂਦਾ ਹੈ ਤੇ ਉਸ ਨੂੰ ਰੁੱਖਾ-ਸੁੱਕਾ ਜੇਹਾ ਚਾਰਾ ਖਾ ਕੇ ਸਬਰ ਕਰਨਾ ਪੈਂਦਾ ਹੈ।

ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਬੰਦੇ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਐ ਬੰਦਿਆ! ਦੇਖ ਜ਼ਰਾ ਬਲਦ ਵਲ ਉਸ ਦੀਆਂ ਚਾਰ ਲੱਤਾਂ, ਦੋ ਸਿੰਗ, ਮੂੰਹ ਤੋਂ ਗੂੰਗਾ ਹੈ ਤੇ ਉਸ ਨੂੰ ਹਰ ਵੇਲੇ ਸੋਟੇ ਦੀ ਬੋਲੀ ਪੜ੍ਹਾਈ ਜਾਂਦੀ ਐ। ਉਸ ਪਾਸ ਆਪਣੀ ਅਜ਼ਾਦ ਸੋਚ ਨਹੀਂ ਹੈ, ਕਿਉਂਕਿ ਉਹ ਕਿਰਸਾਨ ਦਾ ਗੁਲਾਮ ਹੈ।

ਅੱਜ ਦੀ ਜ਼ਿੰਦਗੀ ਵਿੱਚ ਗੁਰ-ਗਿਆਨ ਨੂੰ ਨਹੀਂ ਸਮਝਿਆ ਜਿਸ ਕਰਕੇ ਪੇਟ ਦੀ ਖਾਤਰ ਸਾਰਾ ਦਿਨ ਭਟਕਣਾ ਵਿੱਚ ਹੀ ਲੰਘ ਜਾਏਗਾ, ਤੇ ਸਮਾਂ ਲੰਘ ਜਾਣ ਦਾ ਪਛਤਾਵਾ ਹੀ ਰਹਿ ਜਾਏਗਾ।

ਕੁਰਾਹੇ ਪਿਆਂ ਭਾਵ ਵਿਕਾਰਾਂ ਦਾ ਜੀਵਨ ਜਿਉਂਦਿਆਂ, ਸੁਭਾਅ ਕਰਕੇ ਕਈ ਜੂਨਾਂ ਦਾ ਸਹਮਣਾ ਕਰਨਾ ਪਏਗਾ, ਇਸ ਬੇ-ਸਮਝੀ ਕਰਕੇ ਮਨੁੱਖਾ ਜਨਮ ਵਿਅਰਥ ਵਿੱਚ ਗਵਾ ਲਿਆ ਹੈ। ਲੰਘ ਗਿਆ ਸਮਾਂ ਤੈਨੂੰ ਮਿਲਣਾ ਸੰਭਵ ਨਹੀਂ ਹੈ।

ਤੇਲੀ ਦੇ ਬਲਦ ਤੇ ਬਾਂਦਰ ਵਾਂਗ ਤੇਰਾ ਜੀਵਨ ਭਟਕਦਿਆਂ ਹੀ ਲੰਘ ਜਾਏਗਾ, ਸੱਚ ਰੂਪੀ ਗੁਣਾਂ ਨੂੰ ਜੋ ਪਰਮਾਤਮਾ ਦੇ ਨਾਂ ਨਾਲ ਜਾਣੇ ਜਾਂਦੇ ਹਨ ਨੂੰ ਭੁਲਾਇਆਂ ਏਸੇ ਹਾਲ ਦੀ ਆਸ ਰੱਖੀ ਜਾ ਸਕਦੀ ਹੈ।

ਗੁਰਬਾਣੀ ਦੇ ਜਿੱਥੇ ਅੱਖਰੀਂ ਅਰਥ ਹਨ ਓੱਥੇ ਇਸ ਦਾ ਭਾਵ ਅਰਥ ਵੀ ਲਿਆ ਜਾਏਗਾ ਤਾਂ ਕਿ ਇਹ ਸਮਝ ਲੱਗ ਸਕੇ ਕਿ ਸਾਡੀ ਜ਼ਿੰਦਗੀ ਕਿੱਥੇ ਖਲੋਤੀ ਹੋਈ ਹੈ। ਗੁਰਬਾਣੀ ਦੀ ਵਿਚਾਰ ਇੱਕ ਥਰਮਾਮੀਟਰ ਹੈ ਜਿਸ ਦੁਆਰਾ ਇਹ ਦੇਖਿਆ ਜਾਂਦਾ ਹੈ ਕਿ ਸਮਾਜ, ਧਰਮ, ਪਰਵਾਰਕ ਪੱਖ, ਨਿਜੀ ਜੀਵਨ ਵਿੱਚ ਪਾਖੰਡ, ਕਰਮ-ਕਾਂਡ ਤੇ ਰੂੜੀਵਾਦੀ ਖ਼ਿਆਲਾਂ ਦਾ ਕਿੰਨਾ ਤਾਪ ਚੜ੍ਹਿਆ ਹੋਇਆ ਹੈ।

ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਬਲਦ ਦਾ ਪ੍ਰਤੀਕ ਲੈ ਕੇ ਜਿੱਥੇ ਆਤਮਕ ਸੋਚ ਨੂੰ ਖੋਹਲਿਆ ਹੋਇਆ ਹੈ ਓੱਥੇ ਸਮਾਜਕ, ਧਾਰਮਕ ਤੇ ਰਾਜਨੀਤਕ ਅਖੌਤੀ ਕਰਮ-ਕਾਂਡ ਦੇ ਬੰਧਨ ਤੇ ਅੰਨ੍ਹੀ ਸ਼ਰਧਾ ਤੋਂ ਮੁਕਤੀ ਵੀ ਦਰਸਾਈ ਹੈ। ਸ਼ਬਦ ਦੇ ਅਖਰੀਂ ਅਰਥ ਤਾਂ ਏਹੀ ਬਣਨਗੇ ਜੋ ਉੱਪਰ ਵਿਚਾਰੇ ਗਏ ਹਨ ਪਰ ਹੁਣ ਦੇਖਣਾ ਇਹ ਹੈ ਕਿ ਇਸ ਮਹਾਨ ਸ਼ਬਦ ਤੋਂ ਸਾਨੂੰ ਕੀ ਸੇਧ ਮਿਲਦੀ ਹੈ। ਰਹਾਉ ਦੀਆਂ ਤੁਕਾਂ ਵਿਚ—

ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥

ਫਾਟੇ ਨਾਕਨ, ਟੂਟੇ ਕਾਧਨ, ਕੋਦਉ ਕੋ ਭੁਸੁ ਖਈ ਹੈ॥ ਰਹਾਉ॥

‘ਹਰਿ ਬਿਨੁ’ ‘ਹਰਿ ਦਾ ਅਰਥ ਹੈ ਸ਼ੁਭ ਗੁਣਾਂ ਦੀ ਚੇਤੰਤਾ’ ਤੇ ‘ਹਰਿ ਬਿਨੁ’ ਪਰਮਾਤਮਾ ਭਾਵ ‘ਸ਼ੁਭ ਗੁਣਾਂ’ ਤੋਂ ਬਿਨਾ, ਮਨੁੱਖੀ ਮਨ ਪਰਾਏ ਔਗੁਣਾਂ ਦੇ ਅਧੀਨ ਹੋ ਜਾਏਗਾ ਭਾਵ ਵਿਕਾਰ ਜਨਮ ਲੈ ਲੈਣਗੇ। ਭਾਰਤ ਵਿੱਚ ਖੇਤੀ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਰਸਾਨ ਬਲਦ ਨੂੰ ਆਪਣੇ ਅਧੀਨ ਕਰਨ ਲਈ ਪਹਿਲਾਂ ਉਸ ਦੇ ਨੱਕ ਵਿੱਚ ਨੱਥ ਪਾਉਂਦਾ ਹੈ ਫਿਰ ਆਪਣੇ ਕਹੇ ਅਨੁਸਾਰ ਉਸ ਪਾਸੋਂ ਕੰਮ ਕਰਾਉਂਦਾ ਹੈ। ਜਦੋਂ ਕਣਕਾਂ ਬੀਜਣ ਦਾ ਮੌਸਮ ਹੁੰਦਾ ਹੈ ਤਾਂ ਕੰਮ ਕਰ ਕਰ ਕੇ ਵਿਚਾਰੇ ਦਾ ਕੰਧਾ ਵੀ ਟੁੱਟ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਹਰਾ ਪੱਠਾ ਵੀ ਘੱਟ ਹੁੰਦਾ ਹੈ ਤੇ ਸੁੱਕਾ ਪੱਠਾ ਹੀ ਖਾਹ ਕੇ ਗ਼ੁਜ਼ਾਰਾ ਕਰਦਾ ਹੈ। ਜ਼ਬਾਨ ਹੈ ਪਰ ਬੋਲ ਨਹੀਂ ਸਕਦਾ।

ਸਾਡਾ ਮਨ ਵੀ ਇੱਕ ਬਲਦ ਵਾਂਗ ਵਿਕਾਰਾਂ ਦੇ ਅਧੀਨ ਹੋ ਕੇ ਚੱਲ ਰਿਹਾ ਹੈ। ਜਦੋਂ ਮਨੁੱਖ ਪਰ-ਅਧੀਨ ਹੋ ਜਾਏ ਤਾਂ ਉਸ ਨੂੰ ਸੁਪਨੇ ਵਿੱਚ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਸਬੰਧੀ ਫ਼ਰੀਦ ਜੀ ਦਾ ਇੱਕ ਬੜਾ ਪਿਆਰਾ ਵਾਕ ਹੈ---

ਫਰੀਦਾ ਬਾਰਿ ਪਰਾਇਐ ਬੈਸਣਾ, ਸਾਂਈ ਮੁਝੈ ਨ ਦੇਹਿ॥

ਜੇ ਤੂ ਏਵੈ ਰਖਸੀ, ਜੀਉ ਸਰੀਰਹੁ ਲੇਹਿ॥

ਸਲੋਕ ਫ਼ਰੀਦ ਜੀ ਪੰਨਾ ੧੩੮੦

ਅਰਥ---ਹੇ ਫਰੀਦ! (ਆਖ—) ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ। ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ।

ਗੁਰਮਤ-ਗਿਆਨ ਦਾ ਰਸਤਾ ਛੱਡ ਕੇ ਅੰਨ੍ਹੀ ਸ਼ਰਧਾ ਦੇ ਅਧੀਨ ਸਮਾਜ ਦੇ ਰੀਤੀ ਰਿਵਾਜ ਨਿਬਾਹੁੰਦਿਆਂ ਨਿਬਾਹੁੰਦਿਆਂ ਸਾਡਾ ਮੋਢਾ ਟੁੱਟ ਜਾਂਦਾ ਹੈ ਪਰ ਨੱਕ-ਨਮੂਜ ਫਿਰ ਵੀ ਨਹੀਂ ਰਹਿੰਦਾ। ਆਖਰ ਨੂੰ ਸਿਰ ਵਿੱਚ ਸਵਾਹ ਹੀ ਪੈਂਦੀ ਹੈ। ਇੰਜ ਮਹਿਸੂਸ ਹੁੰਦਾ ਹੈ ਕਿ ਜਦੋਂ ਸਚਾਈ ਦੀਆਂ ਬੁਨਿਆਦਾਂ ਤੋਂ ਤਿਲਕ ਜਾਂਦੇ ਹਾਂ, ਜਿਸ ਨੂੰ ‘ਹਰਿ ਬਿਨੁ’ ਕਿਹਾ ਗਿਆ ਹੈ, ਓਦੋਂ ਪਰਾਏ ਅਧੀਨ ਹੋ ਜਾਂਦੇ ਹਾਂ। ‘ਹਰਿ’ ਸੱਚ ਦਾ ਗਿਆਨ ਹੈ ਤੇ ‘ਹਰਿ ਬਿਨੁ’ ਅਗਿਆਨਤਾ ਅਥਵਾ ਅੰਨ੍ਹੀ ਸ਼ਰਧਾ ਦੀ ਅਧੀਨਤਾ ਹੈ। ਪੁਰਾਣੇ ਜ਼ਮਾਨੇ ਵਿੱਚ ਜਿਸ ਮਨੁੱਖ ਨੂੰ ਗ਼ੁਲਾਮ ਬਣਾਇਆ ਜਾਂਦਾ ਸੀ ਤਾਂ ਕਿਹਾ ਜਾਂਦਾ ਹੈ ਕਿ ਉਸ ਦਾ ਨੱਕ ਵਿੰਨ੍ਹ ਦਿੱਤਾ ਜਾਂਦਾ ਸੀ, ਤਾਂ ਕਿ ਪਤਾ ਲੱਗ ਸਕੇ ਇਹ ਔਰਤ ਜਾਂ ਆਦਮੀ ਸਾਡਾ ਗ਼ੁਲਾਮ ਹੈ। ਅਸੀਂ ਵਿਕਾਰਾਂ ਅਤੇ ਸਮਾਜਕ ਕੁਰੀਤੀਆਂ ਨੱਕ ਰੱਖਣ ਦੀ ਖ਼ਾਤਰ ਤੇ ਧਾਰਮਕ ਕਰਮ-ਕਾਂਡ ਦੀ ਅੰਨ੍ਹੀ ਸ਼ਰਧਾ ਦੇ ਗ਼ੁਲਾਮ ਹਾਂ ਜਨੀ ਕਿ ‘ਫਾਟੇ ਨਾਕਨ’ ਹੋਇਆ ਹੈ। ਵਿਕਾਰਾਂ ਵਿਚੋਂ ਬਿਮਾਰੀਆਂ ਜਨਮ ਲੈਂਦੀਆਂ ਹਨ, ਅੰਨ੍ਹੀ ਸ਼ਰਧਾ ਵਿਚੋਂ ਹੰਕਾਰ ਤੇ ਕੁਰੀਤੀਆਂ ਵਿਚੋਂ ਅਰਥਕ ਉਜਾੜੇ ਦਾ ਜਨਮ ਹੁੰਦਾ ਹੈ ਤੇ ਅਜੇਹੇ ਬਿਰਤੀ ਦੇ ਆਦਮੀ ਦਾ ਆਤਮਕ ਬੱਲ ਟੁੱਟ ਜਾਂਦਾ ਹੈ ਜੋ ‘ਟੂਟੇ ਕਾਧਨ’ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਕਿਸੇ ਦੇ ਅਧੀਨ ਹੋਣ ਵਾਲੇ ਨੂੰ ਚੰਗੀ ਰੋਟੀ ਕਿੱਥੋਂ ਨਸੀਬ ਹੋ ਸਕਦੀ ਹੈ? ਪਰ-ਅਧੀਨ ਹੋਏ ਨੂੰ ਜੋ ਮਿਲਿਆ ‘ਕੋਦਉ ਕੋ ਭੁਸੁ ਖਈ ਹੈ’ ਤੇ ਹੀ ਗ਼ੁਜ਼ਾਰਾ ਕਰਨਾ ਪੈਂਦਾ ਹੈ। ਜੋ ਵਿਕਾਰਾਂ ਦੇ ਅਧੀਨ ਚਲਾ ਜਾਂਦਾ ਹੈ ਉਸ ਨੂੰ ਸਮਾਜ, ਭਾਈ ਚਾਰੇ ਵਲੋਂ ਝਿੜਕਾਂ ਤੇ ਨਫ਼ਰਤ ਹੀ ਖਾਣ ਨੂੰ ਮਿਲਦੀਆਂ ਰਹਿੰਦੀਆਂ ਹਨ। ਅੰਨ੍ਹੀ ਸ਼ਰਧਾ ਵਿੱਚ ਅਗਿਆਨਤਾ ਦਾ ਦੀਵਾ ਜਗਦਾ ਹੈ ਜਿਸ ਦੀ ਲੋਅ ਧਾਰਮਕ ਕਾਂਡ ਤੇ ਹੰਕਾਰ ਨੂੰ ਜਨਮ ਦੇਂਦੀ ਹੈ। ਗੁਰਬਾਣੀ ਦੀਆਂ ਇਹਨਾਂ ਤੁਕਾਂ ਦਾ ਭਾਵ ਅਰਥ ਜੇ ਸਮਝਿਆ ਜਾਏ ਤਾਂ ਸਾਡੇ ਵਰਤਮਾਨ ਜੀਵਨ ਵਿੱਚ ਵਿਕਾਰਾਂ ਦੀ ਅਧੀਨਗੀ ਖ਼ਤਮ ਹੋ ਸਕਦੀ ਹੈ। ਬਲਦ ਦਾ ਪ੍ਰਤੀਕ ਲੈ ਕੇ ਮਨੁੱਖੀ ਅਰਦਸ਼ ਦੀ ਸਿਰਜਣਾ ਕੀਤੀ ਗਈ ਹੈ।

ਸ਼ਬਦ ਦੀ ਪਹਿਲੀ ਤੁਕ ਵਿੱਚ ਚਾਰ ਪੈਰਾਂ, ਦੋ ਸਿੰਗਾਂ ਤੇ ਗੁੰਗੇ ਮੁੱਖ ਦੀ ਗੱਲ ਕੀਤੀ ਹੈ ਅਖਰੀਂ ਅਰਥ ਤਾਂ ਉਹੀ ਬਣਦੇ ਹਨ ਜੋ ਉੱਪਰ ਪਹਿਲਾਂ ਵਿਚਾਰ ਲਏ ਹਨ ਪਰ ਅਸਾਂ ਇਹ ਵੀ ਦੇਖਣਾ ਹੈ ਕਿ ਇਹਨਾਂ ਤੁਕਾਂ ਵਿੱਚ ਭਾਵ ਅਰਥ ਕੀ ਹੈ, ਕੀ ਅਸੀਂ ਜਿਉਂਦੇ ਜੀਅ ਤਾਂ ਨਹੀਂ ਕਿਤੇ ਬਲਦ ਬਣੇ ਹੋਏ? ਰਹਾਉ ਦੀਆਂ ਤੁਕਾਂ ਵਿੱਚ ਪਰਾਏ ਅਧੀਨ ਹੋਣ ਦੀ ਗੱਲ ਕੀਤੀ ਗਈ ਹੈ। ਹੁਣ ਪਹਿਲਾਂ ਚਾਰ ਪੈਰਾਂ ਦੀ ਗੱਲ ਕਰਦੇ ਹਾਂ, ਗੁਰਬਾਣੀ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ ਦਾ ਪ੍ਰਤੀਕ ਸੁਭ ਗੁਣਾਂ ਦੇ ਰੂਪ ਵਿੱਚ ਵੀ ਆਇਆ ਹੈ ਜੇਹਾ ਕਿ—

‘ਚਾਰਿ ਪਦਾਰਥ ਹਰਿ ਕੀ ਸੇਵਾ’ ਪੰਨਾ ੧੦੮

ਅਤੇ— `ਚਾਰਿ ਪਦਾਰਥ ਜੇ ਕੋ ਮਾਗੈ॥ ਸਾਧ ਜਨਾ ਕੀ ਸੇਵਾ ਲਾਗੈ’

ਪੰਨਾ ੨੬੬

ਤੇ ਚਾਰ ‘ਸ਼ਬਦ’ ਔਗੁਣਾਂ ਦੇ ਰੂਪ ਵਿੱਚ ਵੀ ਆਇਆ ਹੈ, ਜੇਹਾ ਕਿ—

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥

ਪਵਹਿ ਦਝਹਿ ਨਾਨਕਾ, ਤਰੀਐ ਕਰਮੀ ਲਗਿ॥

ਪੰਨਾ ੧੪੭

ਅਰਥ--ਨਿਰਦਇਤਾ, ਮੋਹ, ਲੋਭ ਤੇ ਕ੍ਰੋਧ—ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿੱਚ ਚੱਲ ਰਹੀਆਂ) ਹਨ, ਜੋ ਜੋ ਮਨੁੱਖ ਇਹਨਾਂ ਨਦੀਆਂ ਵਿੱਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ।

ਕਬੀਰ ਸਾਹਿਬ ਜੀ ਨੇ ਵੀ ਇੱਕ ਸਲੋਕ ਵਿੱਚ ਚਾਰ ਵਿਕਾਰਾਂ ਦੀ ਗੱਲ ਕੀਤੀ ਹੈ—

ਕਬੀਰ ਏਕ ਮਰੰਤੇ ਦੁਇ ਮੂਏ, ਦੋਇ ਮਰੰਤਹ ਚਾਰਿ॥

ਚਾਰਿ ਮਰੰਤਹ ਛਹ ਮੂਏ, ਚਾਰਿ ਪੁਰਖ ਦੁਇ ਨਾਰਿ॥

ਪੰਨਾ ੧੩੬੯

ਇਸ ਸਲੋਕ ਵਿੱਚ ਮਨ ਦਾ ਮਰਨਾ, ਜਾਤ ਅਭਿਮਾਨ ਦਾ ਮਰਨਾ, ਸਰੀਰਕ ਮੋਹ, ਤ੍ਰਿਸ਼ਨਾ, ਕੁਸੰਗ ਤੇ ਨਿੰਦਿਆ ਦਾ ਖਤਮ ਹੋਣਾ ਦੱਸਿਆ ਹੈ। ਇਸ ਵਿੱਚ ਚਾਰ ਪੁਰਸ਼ ਵਾਚਕ ਹਨ ਤੇ ਦੋ ਇਸਤ੍ਰੀ ਵਾਚਕ ਐਬ ਦਰਸਾਏ ਗਏ ਹਨ। ਜੇ ਇਸ ਸ਼ਬਦ ਦੇ ਭਾਵ ਅਰਥ ਨੂੰ ਸਮਝੀਏ ਤਾਂ ਸਾਨੂੰ ਬਹੁਤ ਕੀਮਤੀ ਉਪਦੇਸ਼ ਮਿਲਦਾ ਹੈ ਕਿ ਹੇ ਮਨੁੱਖ! ਜਦੋਂ ਤੂੰ ਆਪਣੇ ਅੰਦਰ ਬੈਠੇ ਸ਼ੁਭ ਗੁਣਾਂ ਨੂੰ ਛੱਡ ਕੇ ਪਰਾਏ ਔਗੁਣਾਂ ਦੇ ਅਧੀਨ ਹੋ ਗਿਉਂ ਤਾਂ ਚਾਰ ਵਿਕਾਰਾਂ— `ਚਾਰਿ ਪਾਵ’ ਤੇ ਸਮਝ ਤੂੰ ਤੁਰ ਰਿਹਾ ਏਂ। ਨਿਦਾਇਤਾ, ਮੋਹ, ਲੋਭ, ਕ੍ਰੋਧ ਚਾਰ ਔਗੁਣ ਰੂਪੀ ਵਿਕਾਰਾਂ ਦੇ ਅਧੀਨ ਹੋ ਗਿਆ ਤਾਂ ਕੁਦਰਤੀ ਤੇਰੇ ਸਿਰ ਵਿੱਚ ਦੁਬਿਧਾ ਰੂਪੀ ਸਿੰਗ ਨਿਕਲਣਗੇ। ਦੁਬਿਧਾ ਜੋ ਤੈਨੂੰ ਕਦੇ ਵੀ ਸੁੱਖ ਸ਼ਾਤੀ ਨਾਲ ਬੈਠਣ ਨਹੀਂ ਦੇਵੇਗੀ— “ਇਹੁ ਮਨੁ ਚੰਚਲੁ ਵਸਿ ਨ ਆਵੈ॥ ਦੁਬਿਧਾ ਲਾਗੈ ਦਹ ਦਿਸਿ ਧਾਵੈ” ਚਾਰ ਵਿਕਾਰਾਂ ਦੇ ਅਧੀਨ ਹੋਣ ਵਾਲਾ ਹਮੇਸ਼ਾਂ ਦੁਬਿਧਾ ਵਿੱਚ ਜਿਉਂਦਾ ਹੈ--- ‘ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ’ ਅਜੇਹੀ ਅਵਸਥਾ ਵਿੱਚ ਰੱਬ ਦੀ ਸੱਚੀ ਨਿਯਮਵਾਲੀ ਨੂੰ ਗਵਾ ਬੈਠਦਾ ਹੈ ਤੇ ਅੰਨ੍ਹੀ ਸ਼ਰਧਾ ਦੇ ਰੂਪ ਵਿੱਚ ਸੋਚ ਪ੍ਰਗਟ ਹੁੰਦੀ ਹੈ। ਜਨੀ ਕਿ ਅਜੇਹੀ ਵਿਕਾਰੀ ਅਧੀਨਤਾ ਨੂੰ ਕਬੂਲਣ ਵਾਲਾ ‘ਗੁੰਗ ਮੁਖ’ ਸੱਚੇ ਗਿਆਨ ਤੋਂ ਵਾਂਝਾ ਹੋ ਜਾਂਦਾ ਹੈ ਭਾਵ ਉਹ ਗੂੰਗਾ ਹੋ ਜਾਂਦਾ ਹੈ। ਕਿਸੇ ਦੀ ਅਧੀਨਤਾ ਪਰਵਾਨ ਕਰਨ ਵਾਲਾ— “ਸਚੁ ਸੁਣਾਇਸੀ ਸਚ ਕੀ ਬੇਲਾ” ਦਾ ਹੱਕ ਗਵਾ ਬੈਠਦਾ ਹੈ। ਕੀ ਵਿਕਾਰਾਂ ਦੀ ਅਧੀਨਤਾ ਕਬੂਲਣ ਵਾਲਾ ਤੇ ਦੁਬਿਧਾ ਵਿੱਚ ਰਹਿਣ ਵਾਲਾ— “ਤਬ ਕੈਸੇ ਗੁਨ ਗਈ ਹੈ” ਕਿਸੇ ਸੱਚ ਹੱਕ ਦੀ ਗੱਲ ਕਰ ਸਕਦਾ ਹੈ?

ਇਸ ਬੰਦ ਦੀ ਦੂਸਰੀ ਤੁਕ ਵਿਚ--- ‘ਊਠਤ ਬੈਠਤ ਠੇਗਾ ਪਰਿ ਹੈ’ ਉੱਠਦਿਆਂ ਬੈਠਦਿਆਂ ਭਾਵ ਹਰ ਵੇਲੇ ਸਿਰ ਵਿੱਚ ਸੋਟਾ ਵੱਜਦਾ ਰਹਿੰਦਾ ਹੈ। ਸਮਾਜ ਵਿੱਚ ਕਈ ਸੁਭਾਅ ਅਜੇਹੇ ਵੀ ਮਿਲ ਜਾਂਦੇ ਹਨ ਜੋ ਧਰਮ-ਕਰਮ ਨਿਬਾਹੁੰਦਿਆਂ ਹੋਇਆਂ ਵੀ ਹਰ ਵੇਲੇ ਕ੍ਰੋਧ ਦੇ ਘੋੜੇ `ਤੇ ਅਸਵਾਰ ਹੀ ਰਹਿੰਦੇ ਹਨ। ਜਦੋਂ ਮਨ ‘ਹਰਿ ਬਿਨ’ ਹੋ ਜਾਏ ਤਾਂ ਕੁਦਰਤੀ ਨਿਯਮ ਵਿਚੋਂ ਆਦਮੀ ਬਾਹਰ ਹੋ ਜਾਂਦਾ ਹੈ ਅਜੇਹੀ ਹਾਲਤ ਵਿੱਚ ਖ਼ੁਆਰੀ ਦੀ ਸ਼ੁਰੂਆਤ ਹੀ ਸਮਝਣੀ ਚਾਹੀਦੀ ਹੈ। ਪਰਾਏ ਅਧੀਨ ਹੋਇਆਂ ਭਾਵ ਹੰਸ, ਹੇਤ, ਲੋਭ, ਕੋਪ ਦੇ ਪੈਰਾਂ `ਤੇ ਤੁਰਨ ਵਾਲਾ ਤੇ ਦੁਬਿਧਾ ਵਿੱਚ ਵਿਚਰਨ ਵਾਲਾ ਉਠਦਿਆਂ ਬੈਠਦਿਆਂ ਅਗਿਆਨਤਾ `ਤੇ ਅੰਧ-ਵਿਸ਼ਵਾਸ ਦੇ ਸੋਟੇ ਹੀ ਖਾਂਦਾ ਹੈ। ਜ਼ਿਆਦਾਤਰ ਅੱਜ ਦੇ ਯੁੱਗ ਵਿੱਚ ਏਡਜ਼ ਦੇ ਰੋਗ ਜਿੱਥੋਂ ਪੈਦਾ ਹੁੰਦੇ ਹਨ ਉਹ ਅਵਸਥਾ ਸਮਾਜ ਪਰਵਾਨ ਕਰਨ ਲਈ ਤਿਆਰ ਨਹੀਂ ਹੈ। ਰੋਗ ਪ੍ਰਗਟ ਹੋਣ `ਤੇ ਸਮਾਜ ਵਿੱਚ ਮੂੰਹ ਦਿਖਾਲਣ ਦੇ ਕਾਬਲ ਨਹੀਂ ਰਹਿੰਦਾ--- “ਤਬ ਕਤ ਮੂਡ ਲੁਕਈ ਹੈ” ਰਹਾਉ ਦੀਆਂ ਤੁਕਾਂ ਅਨੁਸਾਰ ‘ਹਰਿ’ ਨੂੰ ਜਦੋਂ ਜ਼ਿੰਦਗੀ ਵਿਚੋਂ ਘਟਾਓ ਕਰ ਦੇਂਦੇ ਹਾਂ ਦੇ ਅਗਿਆਨਤਾ ਦੇ ਘੁੱਪ ਹਨੇਰੇ ਵਿੱਚ ਤੁਰਨ ਵਾਲਾ ਗਿਆਨ ਵਲੋਂ ਗੂੰਗਾ ਬਹਿਰਾ ਹੋ ਜਾਂਦਾ ਹੈ।

ਕੰਬਦਿਆਂ ਹੱਥਾਂ ਨਾਲ ਸੂਈ ਵਿੱਚ ਧਾਗਾ ਨਹੀਂ ਪਾਇਆ ਜਾ ਸਕਦਾ। ਪਾਣੀ ਦੀਆਂ ਛੱਲਾਂ ਵਿੱਚ ਸਮੁੰਦਰੀ ਜਾਹਾਜ਼ ਡੋਲਣ ਲੱਗ ਪਏ ਤਾਂ ਉਸ ਦੇ ਡੁੱਬਣ ਦੇ ਅਸਾਰ ਪੈਦਾ ਹੋ ਜਾਂਦੇ ਹਨ। ਇਮਤਿਹਾਨ ਵਿੱਚ ਬੈਠਾ ਹੋਏ ਵਿਦਿਆਰਥੀ ਦਾ ਚਿੱਤ ਡੋਲ ਜਾਏ ਤਾਂ ਉਸ ਨੂੰ ਆਉਂਦੇ ਸਵਾਲ ਵੀ ਭੁੱਲ ਜਾਂਦੇ ਹਨ। ਜ਼ਿੰਦਗੀ ਦੀਆਂ ਚੜ੍ਹਾਈਆਂ ਚੜਦਿਆਂ ਜੇ ਕਿਤੇ ਮਨੁੱਖ ਦਾ ਮਨ ਡੋਲ ਜਾਏ ਤਾਂ ਨਿਸਚੇ ਵਿਕਾਰ ਪੈਦਾ ਹੋਣਗੇ। ਅਗਿਆਨਤਾ ਦਾ ਅੰਧ੍ਹੇਰਾ ਛਾ ਜਾਏਗਾ। ਧਰਮ ਦੀ ਦੁਨੀਆਂ ਵਿੱਚ ਥਿੜਕਿਆ ਹੋਇਆ ਆਦਮੀ ਥਾਈਂ ਥਾਈਂ ਮੱਥੇ ਟੇਕੀ ਜਾਏਗਾ। ਰਾਜ ਨੀਤੀ ਵਿੱਚ ਥਿੜਕਿਆ ਹੋਇਆ ਸਮਾਜ ਦੇ ਭਲੇ ਦੀ ਕਦੇ ਵੀ ਗੱਲ ਨਹੀਂ ਕਰੇਗਾ। ਸ਼ਬਦ ਦੇ ਦੂਸਰੇ ਪਦੇ ਵਿੱਚ ਰਹਾਉ ਦੀ ਤੁਕ ਨੂੰ ਵਰਤਦਿਆਂ ‘ਹਰਿ ਬਿਨੁ’ ਭਾਵ ਪ੍ਰਮਾਤਮਾ, ਸੱਚਾ-ਗਿਆਨ ਸ਼ੁਭ ਗੁਣ ਤੋਂ ਬਿਨਾਂ ਬੰਦਾ ਜ਼ਿੰਦਗੀ ਦੀ ਲੀਹ ਤੋਂ ਉਤਰ ਕੇ ਭਟਕਣਾਂ ਦੇ ਰਾਹਾਂ ਦਾ ਭੁਲੱਕੜ ਪਾਂਧੀ ਬਣ ਜਾਂਦਾ ਹੈ।

ਮਨ ਵਿੱਚ ਭਟਕਣਾ ਓਦੋਂ ਪੈਦਾ ਹੁੰਦੀ ਹੈ, ਜਦੋਂ ਸੱਚ ਦੀ ਗੱਲ ਨੂੰ ਨਹੀਂ ਮੰਨਦਾ— “ਜਨ ਭਗਤਨ ਕੋ ਕਹੋ ਨ ਮਾਨੋ” ਰਾਹੋਂ ਖੁੰਝਿਆ ਹੋਇਆ ਸਾਰਾ ਦਿਨ ਭਟਕਣਾ ਵਿੱਚ ਰਹਿੰਦਾ ਹੈ, ਜਦੋਂ ਵਿਕਾਰਾਂ ਦੇ ਰਾਹ ਇਨਸਾਨ ਤੁਰ ਪਏ, ਜਦੋਂ ਅੰਧੀ ਸ਼ਰਧਾ ਨੂੰ ਮਨ ਵਿੱਚ ਵਸਾ ਲਏ ਤਾਂ ਇਹ ਸਾਰਾ ਸਮਾਂ ਬੇ-ਵਿਸ਼ਵਾਸੀ ਦੀ ਭਟਕਣਾ ਵਿੱਚ ਹੀ ਡੋਲਦਾ ਰਹਿੰਦਾ ਹੈ-- ‘ਸਾਰੋ ਦਿਨੁ ਡੋਲਤ ਬਨ ਮਹੀਆ” ‘ਹਰਿ’ ਦੇ ਸਦੀਵ ਕਾਲ ਗੁਣਾਂ ਵਿਚੋਂ ਇੱਕ ਗੁਣ ਸੰਤੋਖ ਦਾ ਵੀ ਹੈ ਤੇ ਸੰਤੋਖ ਤੋਂ ਬਿਨਾਂ ਬੰਦੇ ਨੂੰ ਕਦੇ ਵੀ ਰੱਜ ਨਹੀਂ ਆ ਸਕਦਾ— ‘ਅਜਹੁ ਨ ਪੇਟ ਅਘਈ ਹੈ’ ਗੱਲ ਤੇ ਮੁੜ ਆਪਣੇ ਕੀਤੇ ਕਰਮਾਂ ਦੀ ਹੀ ਆਉਂਦੀ ਹੈ। ਸਾਡੇ ਸੁਭਾਅ ਵਿੱਚ ਸ਼ੁਭ ਤੇ ਅਸ਼ੁਭ ਦੋ ਪਰਕਾਰ ਦੇ ਕਰਮ ਹਨ। ਰਹਾਉ ਦੀ ਤੁਕ ਵਿੱਚ ‘ਹਰਿ ਬਿਨੁ’ ਚਮਕਦਾ ਸੰਦੇਸ਼ ਹੈ ਭਾਵ ਰੱਬੀ ਸ਼ੁਭ ਗੁਣਾਂ ਨੂੰ ਸਮਝਣ ਤੋਂ ਬਿਨਾ ਚਾਰ ਵਿਕਾਰਾਂ ਦੀਆਂ ਲੱਤਾਂ ਉਤੇ ਖਲੋਤਾ ਤੇ ਦੁਬਿਧਾ ਦੇ ਸਿੰਗਾਂ ਵਿੱਚ ਬੱਧਾ ਹੋਇਆ ਨਜ਼ਰ ਆਉਂਦਾ ਹੈ—ਜੋ ਇਸ ਦਾ ਨਿਤ ਦਾ ਕਰਮ ਹੈ- “ਕੀਓ ਅਪਨੋ ਪਈ ਹੈ”

ਅਸੀਂ ਕਰਮ ਹੋਰ ਕਰਦੇ ਹਾਂ ਪਰ ਮੰਗਦੇ ਕੁੱਝ ਹੋਰ ਹਾਂ ਇਸ ਲਈ ਸਾਡੇ ਜੀਵਨ ਵਿੱਚ ਭਟਕਣਾ ਹਮੇਸ਼ਾਂ ਬਰ-ਕਰਾਰ ਰਹਿੰਦੀ ਹੈ— “ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ” ਇਸ ਲਈ ਗੁਰਬਾਣੀ ਨੇ ਬਹੁਤ ਹੀ ਸੁੰਦਰ ਸੇਧ ਦੇਂਦਿਆਂ ਕਿਹਾ ਹੈ ਕਿ ਸਾਨੂੰ ਕਿਸੇ ਨੂੰ ਕੋਈ ਦੋਸ਼ ਦੇਣ ਦੀ ਲੋੜ ਨਹੀਂ ਹੈ ਅਸੀਂ ਆਪਣਾ ਕੀਤਾ ਹੋਇਆ ਕਰਮ ਹੀ ਹੰਢਾਅ ਰਹੇ ਹਾਂ।

ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥

ਪੰਨਾ ੪੩੩

ਤੀਜੇ ਬੰਦ ਵਿੱਚ ਅੰਦਰੂਨੀ ਸੋਚਾਂ ਦੇ ਉਤਰਾ ਚੜ੍ਹਾਅ ਦੀ ਸਮੱਸਿਆ ਨੂੰ ਪ੍ਰਗਟ ਕੀਤਾ ਹੈ। ਆਮ ਆਦਮੀ ਸਾਹਮਣੇ ਦੋ ਸਵਾਲ ਹਨ ਇੱਕ ਤੇ ਸੁੱਖ ਦੀ ਪ੍ਰਾਪਤੀ ਦੂਜਾ ਮੇਰੇ ਜੀਵਨ ਦੇ ਵਿੱਚ ਕਦੇ ਵੀ ਦੁੱਖ ਦੇਖਣ ਨੂੰ ਨਾ ਮਿਲਣ। ਧਰਮ ਦੇ ਨਾਂ `ਤੇ ਜੋ ਕੁੱਝ ਵੀ ਕੀਤਾ ਜਾ ਰਿਹਾ ਉਸ ਦਾ ਮੁੱਖ ਮਕਸਦ ਇਕੋ ਹੀ ਹੈ ਨਰਕ ਦਾ ਬਚਾ ਤੇ ਸਵਰਗ ਦੀ ਪ੍ਰਾਪਤੀ। ਧਾਰਮਕ ਅਸਥਾਨਾਂ ਦੀਆਂ ਰੌਣਕਾਂ ਏਸੇ ਗੱਲ ਨਾਲ ਸਬੰਧ ਰੱਖਦੀਆਂ ਹਨ ਕਿ ਜੀ ਸਾਡੇ ਪਾਸ ਦੁੱਖ ਕਦੇ ਵੀ ਨਾ ਆਉਣ ਜਾਂ ਜੋ ਸੁੱਖ ਸਾਨੂੰ ਮਿਲ ਗਿਆ ਹੈ ਇਹ ਸਦਾ ਲਈ ਸਾਡੇ ਪਾਸ ਰਹਿਣੇ ਚਾਹੀਦੇ ਹਨ। ਗੁਰਬਾਣੀ ਦੀ ਫਿਲਾਸਫ਼ੀ ਦੁੱਖ ਤੇ ਸੁੱਖ ਨੂੰ ਦੋ ਕਪੜੇ ਦੱਸਦੀ ਹੈ ਜੋ ਹਰ ਮਨੁੱਖ ਨੇ ਪਹਿਨਣੇ ਹਨ—

ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗਿਅਹਿ ਸੁਖ॥

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥

ਪੰਨਾ ੧੪੯

ਆਤਮਕ ਸੂਝ ਆਉਣ ਨਾਲ ਦੁੱਖ ਤੇ ਸੁੱਖ ਨੂੰ ਇਕੋ ਜੇਹਾ ਜਾਣਦਾ ਹੈ ਜੇਹਾ ਕਿ— “ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ”

ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਬਹੁਤ ਪਿਆਰੀ ਪੁਸਤਕ ਸਿੱਖ ਸਭਿਆਚਾਰ ਹੈ ਜਿਸ ਵਿੱਚ ਇੱਕ ਪੜ੍ਹੇ ਲਿਖੇ ਤਬਕੇ ਦੀ ਗੱਲ ਕਰਦਿਆਂ ਪੰਨਾ ੬੫ `ਤੇ ਲਿਖਦੇ ਹਨ, “ਸਾਡੇ ਕਾਲਜਾਂ ਦੇ ਪੜ੍ਹੇ ਲਿਖੇ ਆਧਿਆਪਕ ਚੰਗੀ ਡਿਗਰੀ ਰੱਖਦਿਆ, ਚੰਗੇ ਪੈਸੇ ਕਮਾਉਂਦਿਆਂ ਹੋਇਆਂ ਸਾਰੀ ਜ਼ਿੰਦਗੀ ਉਹਨਾਂ ਦੀ ਰੋਂਦਿਆ ਕੁਰਲਾਉਂਦਿਆਂ ਹੀ ਲੰਘ ਜਾਂਦੀ ਹੈ। ਉਹ ਅੱਗੇ ਲਿਖਦੇ ਹਨ ਕਿ ਸਿੱਖ ਕਾਲਜਾਂ ਦੇ ਪ੍ਰੋਫੈਸਰਾਂ ਦਾ ਵਿਹਲਾ ਸਮਾਂ ਮਹੀਆਂ (ਮੱਝਾਂ) ਦਾ ਗਤਾਵਾ ਕਰਦਿਆਂ ਕਰਦਿਆਂ ਜਾਂ ਆਪਣੀ ਕਿਸਮਤ ਨੂੰ ਕੋਸਦਿਆਂ ਰੋਂਦਿਆਂ ਲੰਘ ਜਾਂਦਾ ਹੈ। ਐਸੀ ਹਾਲਤ ਵਿੱਚ ਜਿਹੜਾ ਰੱਬ ਦਾ ਬੰਦਾ ਵੀਹ ਸਾਲ ਕੱਟ ਲਵੇ, ਉਹਦੇ ਦਿਮਾਗ਼ ਦੀ ਕੀ ਹਾਲਤ ਹੋਣੀ ਹੈ? ਉਹਦੀ ਵਾਕਫ਼ੀ ਤੇ ਕਲਚਰ ਸੁਕੜ ਸੁਕੜ ਕੇ ਕਿਤਨੀ ਕੁ ਰਹਿ ਜਾਂਦੀ ਹੋਵੇਗੀ”। ਮੇਰੇ ਨਾਲ ਸਕੂਲ ਵਿੱਚ ਵੀ ਕਈ ਅਜੇਹੇ ਆਧਿਆਪਕ ਸਨ ਜਿਹੜੇ ਸਾਰੀ ਜ਼ਿੰਦਗੀ ਸੰਤੁਸ਼ਟ ਨਹੀਂ ਹੋ ਸਕੇ ਤੇ ਰੱਬ ਨੂੰ ਕੋਸਦੇ ਹੀ ਰਹੇ ਹਨ।

ਕਬੀਰ ਜੀ ਸੰਸਾਰ ਦੀ ਅੰਦਰੂਨੀ ਹਾਲਤ ਵਲ ਝਾਤ ਪਵਾਉਂਦਿਆਂ ਹੋਇਆਂ ਦੱਸ ਰਹੇ ਕਿ ਆਮ ਮਨੁੱਖ ਸਾਰੀ ਜ਼ਿੰਦਗੀ ਕਦੇ ਵੀ ਸੰਤੁਸ਼ਟ ਨਹੀਂ ਹੋਇਆ, ਕਿਉਂਕਿ ਮਨੁੱਖ ਨੂੰ ਇੱਕ ਬਹੁਤ ਵੱਡਾ ਭਰਮ ਹੈ ਕਿ ਜੋ ਮੈਂ ਹਾਂ ਉਹ ਬਹੁਤ ਵੱਡਾ ਹਾਂ ਪਰ ਮੈਨੂੰ ਵੱਡਾ ਸਮਝਿਆ ਨਹੀਂ ਜਾ ਰਿਹਾ। ਜਾਂ ਮੈਂ ਜੋ ਚਾਹੁੰਦਾ ਹਾਂ ਉਹ ਹੋ ਨਹੀਂ ਰਿਹਾ ਇਸ ਲਈ ਹਰ ਵੇਲੇ ਗਿਲੇ ਸ਼ਿਕਵੇ ਹੀ ਕਰਦਾ ਰਹਿੰਦਾ ਹੈ--- ‘ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ’ ਇਸ ਭਟਕਣਾਂ ਦਾ ਨਾਂ ਹੀ ਆਤਮਕ ਤਲ਼ ਦੀਆਂ ਜੂਨਾਂ ਹਨ— ‘ਅਨਿਕ ਜੋਨਿ ਭਰਮਈ ਹੈ’ ਇਹਨਾਂ ਤੁਕਾਂ ਵਿੱਚ ਵਰਤਮਾਨ ਜੀਵਨ ਦੀਆਂ ਘੜੀਆਂ ਨੂੰ ਦੁੱਖ-ਸੁੱਖ ਦੇ ਭਰਮ ਜਾਲ ਵਿੱਚ ਫਸੇ ਹੋਏ ਨੂੰ ਸਮਝਾਇਆ ਗਿਆ ਹੈ ਕਿ ਸਮੇਂ ਦੀ ਕਦਰ ਕਰਨ ਦੀ ਜਾਚ ਸਿੱਖ। ਅਸੀਂ ਬੀਤ ਚੁੱਕੀ ਉਮਰ ਦੇ ਝੋਰਿਆਂ ਵਿੱਚ ਜਾਂ ਆਉਣ ਵਾਲੀ ਜ਼ਿੰਦਗੀ ਦੀ ਚਿੰਤਾ ਵਿੱਚ ਬਿਤਾ ਰਹੇ ਹਾਂ ਪਰ ਜੋ ਸਾਡੇ ਪਾਸ ਵਰਤਮਾਨ ਘੜੀ ਹੈ ਉਸ ਵਿੱਚ ਨਾ ਤਾਂ ਅਨੰਦ ਭਰ ਰਹੇ ਹਾਂ ਤੇ ਨਾ ਹੀ ਅਨੰਦ ਲੈਣ ਦੇ ਯਤਨ ਵਿੱਚ ਹਾਂ। ਜਦੋਂ ਹੰਸ, ਹੇਤ, ਲੋਭ, ਕੋਪ ਦੇ ਬਿਗਾਨੇ ਪੈਰਾਂ, ਤੇ ਦੁਬਿਧਾ ਦੀ ਅੰਨ੍ਹੀ ਰੋਸ਼ਨੀ ਵਿੱਚ ਤੁਰਨ ਦਾ ਯਤਨ ਕਰਾਂਗੇ ਤਾਂ ਕੁਦਰਤੀ ਹੱਥਲੀ ਘੜੀ ਸਾਡੇ ਪਾਸੋਂ ਗਵਾਚ ਜਾਏਗੀ— ‘ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ’ ਹੱਥਲੀ ਕੀਮਤੀ ਘੜੀ ਨੂੰ ‘ਰਤਨ ਜਨਮੁ’ ਕਿਹਾ ਹੈ। ਇਸ ਵਾਕ ਦੀ ਗਹਿਰਾਈ ਵਿੱਚ ਤੱਤ ਦੀ ਗੱਲ ਹੈ “ਪ੍ਰਭੁ ਬਿਸਰਿਓ” ਹੁਣ ਇਹ ਗੱਲ ਸਮਝਣ ਵਾਲੀ ਹੈ, ਕਿ ਪਰਮਾਤਮਾ ਦੇ ਗੁਣਾਂ ਵਿਚੋਂ ਇੱਕ ਗੁਣ ਹੈ ‘ਕਰਤਾ ਪੁਰਖ’ ਦਾ, ਤੇ ਕਰਤਾ ਪੁਰਖ ਦਾ ਅਰਥ ਹੈ, ਕਿ ਪਰਮਾਤਮਾ ਨੇ ਦੁਨੀਆਂ ਨੂੰ ਸਾਜਿਆ ਜਾਂ ਬਣਾਇਆ ਹੈ। ਹੁਣ ਇਸ ਗੁਣ ਨੂੰ ਅਸਾਂ ਵਰਤੋਂ ਵਿੱਚ ਲੈ ਕੇ ਆਉਣਾ ਹੈ, ਕਿ ਅਸੀਂ ਵੀ ਆਪਣੇ ਜੀਵਨ ਵਿੱਚ ਕੁੱਝ ਕਰਨ ਦੀ ਸੋਚਣ ਦਾ ਯਤਨ ਕਰੀਏ। ਗਿਆਨੀ ਦਿੱਤ ਸਿੰਘ ਜੀ ਬਹੁਤ ਸੁੰਦਰ ਲਿਖਦੇ ਹਨ ਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁਤਿਆਂ ਦੇ ਕੱਟੇ। ਭਾਵ ਜੋ ਜਗਦੇ ਹਨ ਜਾਂ ਆਪਣੇ ਕੰਮ ਪ੍ਰਤੀ ਸੁਚੇਤ ਹਨ ਉਹਨਾਂ ਨੇ ਸਮੇਂ ਦੀ ਮਹੱਤਤਾ ਨੂੰ ਸਮਝਦਿਆ ਹੋਇਆਂ, ਜੀਵਨ ਵਿੱਚ ਤਰੱਕੀ ਦੇ ਰਾਹ ਖੋਹਲ ਲਏ। ਪਰ ਜੋ ਵਿਸ਼ੇ ਵਿਕਾਰਾਂ ਵਿੱਚ ਪੈ ਗਏ ਉਹਨਾਂ ਨੇ ਜੀਵਨ ਬਰਬਾਦ ਕਰ ਲਿਆ। ‘ਪ੍ਰਭੁ ਬਿਸਰਿਓ’ ਆਪਣੀ ਜ਼ਿੰਮਵਾਰੀ ਤੋਂ ਕਿਨਾਰਾ ਕਰ ਲਿਆ, ਰੱਬੀ ਗੁਣਾਂ ਦਾ ਦਿਲ ਖੋਹਲ ਕੇ ਤਿਆਗ ਕਰਨਾ, ਅਗਿਆਨਤਾ ਦਾ ਹਨੇਰਾ ਇਕੱਠਾ ਕਰਨਾ, ਅੰਧ_ਵਿਸ਼ਵਾਸ ਵਿੱਚ ਨਿਵਾਸ ਰੱਖਣਾ ਹੀ ਕੀਮਤੀ “ਰਤਨ ਜਨਮੁ ਖੋਇਓ” ਹੈ। ਜਿਸ ਨੂੰ ਗੁਰਬਾਣੀ ਇੰਝ ਨਿਰੂਪਣ ਕਰਦੀ ਹੈ— “ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ”

ਸਮੇਂ ਦੀ ਸੰਭਾਲ਼ ਨਾ ਕਰਨ ਕਰਕੇ ਪਛਤਾਵਾ ਹੀ ਰਹਿ ਜਾਂਦਾ ਹੈ— “ਇਹੁ ਅਉਸਰੁ ਕਤ ਪਈ ਹੈ” ਸਮੇਂ ਦੀ ਸੰਭਾਲ ਸਬੰਧੀ ਭਾਈ ਵੀਰ ਸਿੰਘ ਜੀ ਦੀ ਸੰਸਾਰ ਪ੍ਰਸਿੱਧ ਕੁੱਝ ਸਤਰਾਂ ਬਹੁਤ ਹੀ ਭਾਵ ਪੂਰਤ ਹਨ—

ਮੈਂ ਰਹੀ ਵਾਸਤੇ ਘਤ ਸਮੇਂ ਨੇ ਇੱਕ ਨਾ ਮੰਨੀ।

ਮੈਂ ਫੜ ਫੜ ਰਹੀ ਧਰੀਕ ਸਮੇਂ ਨੇ ਖਸਕਾਈ ਕੰਨੀ।

ਕਬੀਰ ਸਾਹਿਬ ਜੀ ਅਖੀਰਲੀਆਂ ਤੁਕਾਂ ਵਿੱਚ ਤੇਲੀ ਦੇ ਬਲਦ ਤੇ ਕਲੰਦਰ ਦੇ ਬਾਂਦਰ ਦੀਆਂ ਦੋ ਉਦਾਹਰਣਾਂ ਦੇ ਕੇ ਸਮਝਾਇਆ ਹੈ ਕਿ ਜਿਸ ਤਰ੍ਹਾਂ ਬਲਦ ਤੇਲੀ ਦੇ ਅਧੀਨ ਤੇ ਬਾਂਦਰ ਕਲੰਦਰ ਦੇ ਅਧੀਨ ਹੋ ਕੇ ਕੰਮ ਕਰ ਰਹੇ ਹਨ— ‘ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ’ ਇੰਜ ਹੀ ਸਾਡਾ ਮਨ ਅਗਿਆਨਤਾ ਵੱਸ ਹੋ ਕੇ ਵਿਕਾਰਾਂ ਦਾ ਸਫ਼ਰ ਕਰਨਾ ਸ਼ੁਰੂ ਕਰ ਦੇਂਦਾ ਹੈ ਤੇ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਭੁੱਲ ਹੀ ਜਾਂਦਾ ਹੈ। ਬੇ-ਸਮਝੀ ਵਿੱਚ ਤੁਰਿਆਂ ਕਦੇ ਵੀ ਨਿਸ਼ਾਨੇ `ਤੇ ਨਹੀਂ ਪਹੁੰਚਿਆ ਜਾ ਸਕਦਾ— ‘ਗਤਿ ਬਿਨੁ ਰੈਨਿ ਬਿਹਈ ਹੈ’ ਬਾਂਦਰ ਨੂੰ ਸਮਝ ਕੋਈ ਨਹੀਂ ਕਿ ਜਿਸ ਕੁੱਜੀ ਵਿੱਚ ਮੈਂ ਹੱਥ ਪਾਇਆ ਇਹ ਖਾਣ ਦੀ ਵਸਤੂ ਤਾਂ ਹੈ, ਪਰ ਪਕੜ ਨਹੀਂ ਸੀ ਚਾਹੀਦੀ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬਾਂਦਰ ਜੀ ਨੂੰ ਸਾਰੀ ਉੱਮਰ ਕਲੰਦਰ ਦੇ ਕਹੇ ਤੇ ਲੋਕਾਂ ਨੂੰ ਨੱਚ ਨੱਚ ਕੇ ਖੁਸ਼ ਕਰਨਾ ਪਿਆ। ਜਨੀ ਕਲੰਦਰ ਦੇ ਕਹੇ ਅਨੁਸਾਰ ਹੀ ਚੱਲਣਾ ਪਿਆ ਇੰਜ ਹੀ ਤੇਲੀ ਦੇ ਬਲਦ ਦੀ ਕਹਾਣੀ ਹੈ ਜਿਸ ਤਰ੍ਹਾਂ ਬਲਦ ਇੱਕ ਕੋਹਲੂ ਦੇ ਦੁਆਲੇ ਹੀ ਗੇੜੇ ਕੱਢੀ ਜਾਂਦਾ ਹੈ, ਏਸੇ ਤਰ੍ਹਾਂ ਹੀ ਇਹ ਮਨੁੱਖ ਅਗਿਆਨਤਾ ਦੇ ਵਸ ਵਿੱਚ ਪੈ ਕੇ ਵਿਕਾਰੀ ਹੋ ਜਾਂਦਾ ਹੈ। ਜਿਸ ਦਾ ਪਛਤਾਵਾ ਹੀ ਰਹਿ ਜਾਂਦਾ ਹੈ— “ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ” ਇਸ ਸ਼ਬਦ ਦੀ ਅਧਾਰ ਸ਼ਿਲਾ ਰਹਾਉ ਤੇ ਅਖੀਰਲੀ ਤੁਕ ਵਿੱਚ ਇਕੋ ਗੱਲ ਨੂੰ ਸੇਧਤਤ ਹੁੰਦਾ ਹੈ ‘ਹਰਿ ਬਿਨੁ’ ਤੇ ‘ਰਾਮ ਨਾਮ ਬਿਨੁ’

ਛੋਟੇ ਬੱਚਿਆਂ ਨੂੰ ਸਮਝਾਉਣ ਲਈ ਇੱਕ ਕਹਾਣੀ ਪੜ੍ਹਾਈ ਜਾਂਦੀ ਹੈ ਕਿ ਇੱਕ ਕਿਰਸਾਣ ਨੇ ਆਪਣੀ ਪੈਲ਼ੀ ਤਿਆਰ ਕਰਕੇ ਉਸ ਵਿੱਚ ਬੀਜ ਬੀਜਿਆ। ਪਰ ਕਿਸਾਣ ਆਲਸੀ ਸੀ, ਜਿਸ ਨੇ ਬੀਜ ਬੀਜ ਕੇ ਬੀਜ ਨੂੰ ਢੱਕਣ ਲਈ ਉੱਪਰ ਸੁਹਾਗਾ ਨਹੀਂ ਫੇਰਿਆ, ਆਲਸ ਨਾਲ ਸੌਦੇ ਬਾਜ਼ੀ ਕਰਦਿਆਂ ਆਪਣੇ ਮਨ ਵਿੱਚ ਹੀ ਕਹਿੰਦਾ ਹੈ, ਚਲੋ ਕੋਈ ਗੱਲ ਨਹੀਂ ਸੁਹਾਗਾ ਕਲ੍ਹ ਫੇਰ ਦਿੱਤਾ ਜਾਏਗਾ। ਹੋਇਆ ਕੀ ਕਿ ਕਿਰਸਾਣ ਦੇ ਆਲਸ ਦਾ ਲਾਭ ਉਠਾਉਂਦਿਆਂ ਹੋਇਆਂ ਚਿੜੀਆਂ ਨੇ ਮਹਿੰਗੇ ਭਾਅ ਦਾ ਬੀਜਿਆ ਹੋਇਆ ਬੀਜ ਦੇਖਦਿਆਂ ਦੇਖਦਿਆਂ ਚੁੱਗ ਲਿਆ। ਕਿਰਸਾਣ ਜਦੋਂ ਸੁਹਾਗਾ ਫੇਰਨ ਲਈ ਖੇਤ ਵਿੱਚ ਆਇਆ ਤਾਂ ਖੇਤ ਦੀ ਹਾਲਤ ਦੇਖ ਕੇ ਵਿਚਾਰਾ ਹੱਥ ਹੀ ਮਲ਼ਦਾ ਰਹਿ ਗਿਆ। ਜਿੱਥੋਂ ਇਹ ਮੁਹਾਵਰਾ ਹੋਂਦ ਵਿੱਚ ਆਇਆ ਕਿ “ਆਬ ਪਛਤਾਏ ਹੋਤ ਕਿਆ ਜਬ ਚਿੜੀਆਂ ਨੇ ਚੱਗ ਖੇਤ ਲਿਆ”।

ਜੇ ਗੁਰਬਾਣੀ ਨੂੰ ਵਰਤਮਾਨ ਜੀਵਨ ਵਿੱਚ ਲਿਆ ਕੇ ਦੇਖਣ ਦਾ ਯਤਨ ਕਰਾਂਗੇ ਤਾਂ ਅਵੱਸ਼ ਸਾਨੂੰ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣੀ ਪਏਗੀ ਪਰ ਅਸੀਂ ਆਪਣੇ ਆਪ ਨੂੰ ਤਬਦੀਲ ਨਹੀਂ ਕਰਨਾ ਚਾਹੁੰਦੇ ਇਸ ਲਈ ਗੁਰਬਾਣੀ ਦੇ ਅਦਰਸ਼ ਨੂੰ ਮਰਨ ਤੋਂ ਉਪਰੰਤ ਵਿੱਚ ਰੱਖ ਕੇ ਦੇਖ ਰਹੇ ਹਾਂ। ਇਸ ਸ਼ਬਦ ਵਿੱਚ ਕਬੀਰ ਸਾਹਿਬ ਜੀ ਨੇ ਰੱਬ ਨੂੰ ਵਿਸਾਰਣ ਨਾਲ ਜਿੱਥੇ ਭਟਕਣਾ ਦਾ ਅਰੰਭ ਦੱਸਿਆ ਹੈ ਓੱਥੇ ਸੁਭਾਅ ਦੀ ਗਿਰਾਵਟ ਨੂੰ ਬਲਦ ਦੀ ਪਰਾਈ ਅਧੀਨਤਾ ਵੀ ਦੱਸਿਆ ਹੈ। ਗੱਲ ਤੇ ਸਾਡੇ ਮਨ ਦੀ ਅਵਸਥਾ ਦੀ ਹੈ ਜਦੋਂ ਰੱਬੀ ਗੁਣਾਂ ਨੂੰ ਭੁੱਲ ਜਾਂਦੇ ਹਾਂ ਤਾਂ ਓਦੋਂ ਅਗਿਆਨਤਾ, ਅੰਧ-ਵਿਸ਼ਵਾਸ, ਬੇ-ਯਕੀਨੀ, ਵਿਕਾਰੀ ਜ਼ਿੰਦਗੀ ਦੀ ਜੂਨ ਭੋਗ ਰਹੇ ਹੁੰਦੇ ਹਾਂ। ਜਿਸ ਨੂੰ ਬਲਦ ਦੀ ਉਦਾਹਰਣ ਦੇ ਕੇ ਸਮਝਾਇਆ ਗਿਆ ਹੈ।

ਜੇ ਇਸ ਗੱਲ ਨੂੰ ਮੰਨ ਲਿਆ ਜਾਏ ਕਿ ਮਨੁੱਖ ਮਰਣ ਦੇ ਉਪਰੰਤ ਬਲਦ ਹੀ ਬਣਦਾ ਹੈ ਤਾਂ ਸਾਰੀ ਦੁਨੀਆਂ ਵਿੱਚ ਬਲਦਾਂ ਦੀ ਗਿਣਤੀ ਸਭ ਤੋਂ ਵੱਧ ਹੋਣੀ ਚਾਹੀਦੀ ਸੀ ਜਿੰਨੇ ਬੰਦੇ ਮਰ ਰਹੇ ਹਨ ਉਹ ਸਾਰੇ ਬਲਦ ਹੀ ਬਣਨੇ ਚਾਹੀਦੇ ਸੀ। ਮਨ ਦੀ ਸੋਚ ਵਿੱਚ ਜੋ ਸ਼ੁਭ ਗੁਣ ਹਨ ਉਹਨਾਂ ਦੀ ਵਰਤੋਂ ਨਹੀਂ ਕਰ ਰਿਹਾ ਸਗੋਂ ਵਿਕਾਰੀ ਸੋਚ ਨੂੰ ਜਨਮ ਦੇ ਰਿਹਾ ਹੈ ਜਿਸ ਦਾ ਮੂਲ ਕਾਰਨ ਅਗਿਆਨਤਾ, ਅੰਧ-ਵਿਸਵਾਸ਼, ਆਲਸ ਦੀ ਨੀਂਦ ਹੈ। ਸੋ ਇਸ ਸ਼ਬਦ ਰਾਂਹੀ ਕਬੀਰ ਜੀ ਨੇ ਬਲਦ ਦਾ ਪ੍ਰਤੀਕ ਲੈ ਸਮੁੱਚੀ ਮਨੁੱਖਤਾ ਨੂੰ ਵਰਤਮਾਨ ਜੀਵਨ ਵਿੱਚ ਜਾਗਣ ਲਈ ਕਿਹਾ ਹੈ।




.