ਗੁਰਬਾਣੀ ਦਾ ਹਿੱਸਾ ਨਹੀਂ : ਰਾਗਮਾਲਾ
ਸੱਚ ’ਤੇ ਪਹਿਰਾ ਦੇਣ ਵਾਲੀ ਸਿੱਖੀ
ਵਿਚ ਬਿਪਰਨ ਸੋਚ ਦਾ ਰਲਾਅ ਪਾਉਣ ਦੀ ਖ਼ਤਰਨਾਕ ਸਾਜਿਸ਼ਾਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਚਲੀ ਆ
ਰਹੀਆਂ ਹਨ, ਪਰ ਕਿਉਂ ਜੁ ਉਸ ਸਮੇਂ ਗੁਰੂ ਸਾਹਿਬਾਨ ਦੀ ਦੂਰ ਦ੍ਰਿਸ਼ਟੀ ਤੇ ਗੁਰੂ ਘਰ ਦੇ ਵਿਰੋਧੀਆਂ
ਦੀਆਂ ਕੋਝੀਆਂ ਚਾਲਾਂ ਤੋਂ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖ ਵਾਕਫ਼ ਸਨ, ਇਸੇ ਕਰਕੇ ਗੁਰੂ
ਸਾਹਿਬਾਨ ਦੇ ਸਮੇਂ ਸੰਗਲਾ ਦੀਪ ਦੀ ਸਾਖੀ ਅਤੇ ਭਾਈ ਬੰਨੋ ਵੱਲੋਂ ਪੋਥੀ ਸਾਹਿਬ ਦਾ ਉਤਾਰਾ ਕਰਨ
ਵੇਲੇ ਕਈ ਕੱਚੀਆਂ ਰਚਨਾਵਾਂ ਦਾ ਰਲਾਅ ਪਾਉਣ ਦੀ ਕੋਝੀ ਸਾਜਿਸ਼ਾਂ ਨੂੰ ਗੁਰੂ ਸਾਹਿਬ ਨੇ ਨਾਕਾਮ ਕਰ
ਦਿੱਤਾ ਤੇ ਉਸ ਬੀੜ ਨੂੰ ‘ਖਾਰਜ਼ ਬੀੜ’ ਕਹਿ ਕੇ ਰੱਦ ਕਰ ਦਿੱਤਾ।
ਗੁਰੂ ਸਾਹਿਬਾਨ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਕ ਵਿਸ਼ੇਸ਼ ਤਰਤੀਬ ਵਿਚ ਬੰਨ੍ਹਿਆ ਗਿਆ।
ਸਾਰੀ ਬਾਣੀ ਤਰਤੀਬਵਾਰ ਦਰਜ਼ ਕਰਨ ਤੋ ਬਾਅਦ ਗੁਰੂ ਅਰਜੁਨ ਸਾਹਿਬ ਨੇ “ਮੁੰਦਾਵਣੀ” ਲਿਖ ਕੇ ਬੀੜ ਨੂੰ
ਮੁੰਦਣ (ਸਮਾਪਤ) ਕਰਨ ਦਾ ਸਪਸ਼ਟ ਸੰਕੇਤ ਦਿੱਤਾ ਅਤੇ ਬੀੜ ਸੰਪੂਰਨ ਕਰਨ ਦਾ ਬਲ ਬਖਸ਼ਣ ਲਈ ਅਕਾਲ ਪੁਰਖ
ਅੱਗੇ ਸ਼ੁਕਰਾਨੇ ਵਜੋਂ “ਤੇਰਾ ਕੀਤਾ ਜਾਤੋ ਨਾਹੀ” ਵਾਲਾ ਸਲੋਕ ਲਿਖਿਆ। ਗੁਰੂ ਸਾਹਿਬ ਦਾ
“ਮੁੰਦਾਵਣੀ” ਲਿਖਣ ਦਾ ਮਕਸਦ ਵੀ ਹੋਰਨਾਂ ਧਰਮ ਗ੍ਰੰਥਾਂ ਦੇ ਮਾੜੇ ਹਾਸ਼ਰ ਅਤੇ ਰਲਾਅ ਦੀ ਸੰਭਾਵਨਾ
ਨੂੰ ਮੁੱਖ ਰੱਖਦਿਆਂ ਹੀ ਕੀਤਾ ਗਿਆ।
ਪੁਜਾਰੀ ਸ਼੍ਰੇਣੀ ਦੀਆਂ ਅੱਖਾਂ ਵਿਚ ਸੱਚ ’ਤੇ ਪਹਿਰਾ ਦੇਣ ਵਾਲੀ ਸਿੱਖੀ ਆਰੰਭ ਤੋਂ ਹੀ ਇਕ ਕੰਡੇ
ਵਾਂਗੂੰ ਚੁੱਭਦੀ ਆ ਰਹੀ ਹੈ। ਉਸਦਾ ਸਿੱਖੀ ਦਾ ਚੜ੍ਹਦੀ ਕਲਾ ਵੱਲ ਵੱਧਣਾ ਕਦੇ ਵੀ ਬਰਦਾਸ਼ਤ ਨਾ ਹੋ
ਸਕਿਆ। ਇਸ ਕਰਕੇ ਉਸ ਨੇ ਇਕ ਝੂਠੇ ਪ੍ਰਚਾਰ ਰਾਹੀਂ ਸਿੱਖ ਹਿੰਦੂ ਹਨ, ਲਵ ਕੁਸ਼ ਦੀ ਔਲਾਦ ਹਨ, ਗੁਰੂ
ਗ੍ਰੰਥ ਸਾਹਿਬ ਵੇਦਾਂ ਦਾ ਸਾਰ ਹੈ। ਇਸ ਤੋਂ ਇਲਾਵਾ ਦਸ਼ਮ ਗ੍ਰੰਥ ਵਰਗੀ ਅਸ਼ਲੀਲ ਰਚਨਾ ਨੂੰ ਗੁਰੂ
ਗੋਬਿੰਦ ਸਿੰਘ ਜੀ ਦਾ ਦੱਸ ਕੇ ਜਿਥੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਉਥੇ ਉਨ੍ਹਾਂ ਦੀ
ਮਾਨਸਿਕਤਾ ’ਤੇ ਸਿੱਖੀ ਦੇ ਵਿਰੁੱਧ ਪ੍ਰਭਾਵ ਪਾਉਣ ਦਾ ਵੀ ਕੋਝਾ ਜਤਨ ਕੀਤਾ ਗਿਆ। ਉਨ੍ਹਾਂ ਦੀ ਗੰਦੀ
ਸੋਚ ਦਾ ਪ੍ਰਭਾਵ ਇਥੇ ਹੀ ਖਤਮ ਨਹੀਂ ਹੁੰਦਾ ਬਲਕਿ ਉਹ ਤੇ ਸਿੱਖਾਂ ਦੇ ਪਵਿੱਤਰ ਧਰਮ ਗ੍ਰੰਥ ਤੇ ਵੀ
ਆਪਣੀਆਂ ਗੰਦੀਆਂ ਨਜ਼ਰਾਂ ਲਾਈ ਬੈਠੇ ਹਨ ਤੇ ‘ਰਾਗਮਾਲਾ’ ਵਰਗੀ ਰਚਨਾ ਨੂੰ ਗੁਰੂ ਕ੍ਰਿਤ ਤੇ ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਦਾ ਅੰਗ ਮੰਨਣ ’ਤੇ ਸਮੇਂ ਸਮੇਂ ਜ਼ੋਰ ਪਾਉਂਦੇ ਆਏ ਹਨ। ਪਰ ਉਹ ਇਹ ਭੁੱਲ
ਜਾਂਦੇ ਹਨ ਕਿ ਜਿਸ ਪੱਵਿਤਰ ਗ੍ਰੰਥ ਦੇ ਅੰਤ ਵਿਚ ਉਹ ਆਪਣੀ ਗੰਦੀ ਸੋਚ ਨੂੰ ਕਾਮਯਾਬ ਕਰਨਾ ਚਾਹੁੰਦੇ
ਹਨ, ਉਸੇ ਪੱਵਿਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕ ਗੁਰਸਿੱਖ ਨੂੰ ਕੱਚੀ ਤੇ ਸੱਚੀ ਬਾਣੀ ਵਿਚ
ਅੰਤਰ ਕਰਣ ਦੀ ਜਾਂਚ ਵੀ ਸਿਖਾਉਂਦੀ ਹੈ:
* ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
* ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ (ਪੰਨਾ-920)
* ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ (ਪੰਨਾ-304)
ਹੁਣ ‘ਰਾਗਮਾਲਾ’ ਜਿਸ ਬਾਰੇ ਇਹ ਪ੍ਰਚਲਤ ਹੈ ਕਿ ਇਹ ਰਾਗਾਂ ਦੀ ਮਾਲਾ ਹੈ
ਤੇ ਇਸ ਨਾਲੋਂ ਰਾਗਾਂ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ, ਸਰਾਸਰ ਇਕ ਗਲਤ ਧਾਰਨਾ ਹੈ। ਇਸ ਨੂੰ
ਪੜ੍ਹਨ ਨਾਲ ਕਿਸੇ ਤਰ੍ਹਾਂ ਦਾ ਕੋਈ ਗੁਰਮਤਿ ਉਪਦੇਸ਼, ਸਿਧਾਂਤ ਜਾਂ ਰਾਗ-ਗਿਆਨ ਹਾਸਲ ਨਹੀਂ ਹੁੰਦਾ।
ਇਕ ਸੂਝਵਾਨ ਤੇ ਬਿਬੇਕ ਬੁੱਧ ਰੱਖਣ ਵਾਲਾ ਗੁਰਸਿੱਖ ਜਦੋਂ ਕੱਚੀ ਬਾਣੀ ਤੇ ਸੱਚੀ ਬਾਣੀ ਵਿਚ ਅੰਤਰ
ਕਰਣ ਦੀ ਸੂਝ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ ਤਾਂ ਉਹ ਰਾਗਮਾਲਾ ਵਰਗੀ ਰਚਨਾ ਨੂੰ ਗੁਰਬਾਣੀ
ਨਾਲ ਤੁਲਨਾ ਕਰ ਕੇ ਇਹ ਸਿੱਟਾ ਕੱਢਦਾ ਹੈ ਕਿ “ਇਹ ਰਚਨਾ ਗੁਰੂ ਕ੍ਰਿਤ ਤੇ ਗੁਰਬਾਣੀ ਦਾ ਹਿੱਸਾ ਹੋ
ਹੀ ਨਹੀਂ ਸਕਦੀ”।
ਰਾਗਮਾਲਾ ਇਕ ਅਜਿਹੀ ਰਚਨਾ ਹੈ ਜਿਸ ਦੀ ਵਿਸ਼ਾ ਵਸਤੂ ਦਾ ਗੁਰਬਾਣੀ ਨਾਲੋਂ ਦੂਰ ਦਾ ਵੀ ਸਬੰਧ ਨਹੀਂ।
ਭਾਈ ਕਾਹਨ ਸਿੰਘ ਨਾਭਾ ਕ੍ਰਿਤ ਖੋਜ਼ ਭਰਪੂਰ ਪੁਸਤਕ ‘ਗੁਰਮਤਿ ਸੁਧਾਕਰ’ ਵੀ ਇਸ ਗੱਲ ਦੀ ਪੁਸ਼ਟੀ ਭਰਦੀ
ਹੈ :“ਰਾਗਮਾਲਾ ਗੁਰਬਾਣੀ ਨਹੀਂ ਏਹ ਆਲਮ ਕਵੀ ਨੇ ਬਾਦਸ਼ਾਹ ਅਕਬਰ ਦੇ ਵੇਲੇ 991 ਹਿਜ਼ਰੀ (ਬਿ:1641)
ਵਿਚ (ਗੁਰੂ ਗ੍ਰੰਥ ਦੀ ਬੀੜ ਬੱਝਣ ਤੋਂ ਵੀਹ ਵਰ੍ਹੇ ਪਹਿਲਾਂ) ਬਣਾਈ ਹੈ, ਜੇਹਾ ਕਿ ਆਲਮ ਦੇ ਸੰਗੀਤ
ਤੋਂ ਮਲੂਮ ਹੁੰਦਾ ਹੈ”.......ਗੁਰਬਾਣੀ ਨਾ ਹੋਣ ਤੋਂ ਭਿੰਨ, ਰਾਗਮਾਲਾ ਗੁਰਮਤ ਵਿਰੁੱਧ ਹੈ,
ਕਯੋਂਕਿ ਇਸ ਵਿਚ ਕਰਤਾਰ ਦਾ ਨਾਮ ਭਗਤਿ ਗਯਾਨ ਵੈਰਾਗ ਆਦਿਕ ਦਾ ਜ਼ਿਕਰ ਨਹੀਂ......।
ਕਈ ਹਿੰਦੀ ਤੇ ਅੰਗਰੇਜ਼ੀ ਦੇ ਵਿਦਵਾਨਾਂ ਨੇ ਵੀ ਰਾਗਮਾਲਾ ਨੂੰ ਗੁਰੂ ਕ੍ਰਿਤ ਨਹੀਂ ਮੰਨਿਆ ਹੈ ਉਹ
ਇਸਨੂੰ ਅਕਬਰ ਦੇ ਸਮਕਾਲੀ ਕਵੀ ਆਲਮ ਦੀ “ਮਾਧਵਾਨਲ ਕਾਮਕੰਦਲਾ” ਨਾਮੀ ਰਚਨਾ ਦਾ ਇਕ ਹਿੱਸਾ ਮੰਨਦੇ
ਹਨ। ਬੜੌਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਮਜ਼ੁਮਦਾਰ ਦੇ ਥੀਸਿਸ ਵਿਚੋਂ ਵੀ ਇਹ ਸਚਾਈ ਉੱਭਰ ਕੇ
ਸਾਹਮਣੇ ਆਉਂਦੀ ਹੈ : “ਮਾਧਵਾਨਲ ਕਾਮਕੰਦਲਾ ਨਾਮੀ ਰਚਨਾ ਅਕਬਰ ਦੇ
ਸਮਕਾਲੀ ਕਵੀ ਆਲਮ ਦੀ ਕ੍ਰਿਤ ਹੈ, ਜੋ 1584 ਈ: ਵਿਚ ਲਿਖੀ ਗਈ ਅਤੇ ਅਕਬਰ ਦੇ ਦਰਬਾਰ ’ਚੋਂ ਸਨਮਾਨ
ਪ੍ਰਾਪਤ ਕਰਕੇ ਜਗਤ ਪ੍ਰਸਿੱਧ ਹੋਈ। ਗੁਰੂ ਗ੍ਰੰਥ ਸਾਹਿਬ ਵਾਲੀ ਰਾਗਮਾਲਾ ਵੀ ਏਸੇ ਵਿਚੋਂ ਹੀ ਲਈ
ਗਈ।”
ਰਾਗਮਾਲਾ ਗੁਰੂ ਕ੍ਰਿਤ ਜਾਂ ਗੁਰਬਾਣੀ ਨਹੀਂ ਇਸ ਗੱਲ ਦੀ ਪੁਸ਼ਟੀ ਇਹ ਰਚਨਾ ਆਪ ਹੀ ਕਰ ਦੇਂਦੀ ਹੈ:
* ਸਭ ਤੋਂ ਪਹਿਲਾਂ ਤਾਂ ਇਸ ਰਚਨਾ ਦੇ ਰਚੈਤਾ ਦਾ ਨਾਂ ਹੀ ਗਾਇਬ ਹੈ। ਜਦਕਿ ਗੁਰੂ ਗ੍ਰੰਥ ਸਾਹਿਬ
ਵਿਚ ਜਿਸ ਮਹਾਂਪੁਰਖ ਦੀ ਬਾਣੀ ਦਰਜ਼ ਹੈ ਉਥੇ ਇਸ ਦਾ ਸੰਕੇਤ ਵੀ ਦਿੱਤਾ ਗਿਆ ਹੈ।
* ਰਾਗਮਾਲਾ ਵਿਚ ਵਰਤੇ ਗਏ ਰਾਗ ਤੇ ਗੁਰਬਾਣੀ ਵਿਚ ਵਰਤੇ ਗਏ ਰਾਗਾਂ ਵਿਚ ਕੋਈ ਮੇਲ ਨਹੀਂ ਜਾਪਦਾ।
ਕਿਉਂਕਿ ਰਾਗਮਾਲਾ ਵਿਚ ਪ੍ਰਥਮ ਰਾਗ ਭੈਰਉ ਮੰਨਿਆ ਗਿਆ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ
ਵਿਚ ਸਿਰੀਰਾਗ ਨੂੰ ਪ੍ਰਥਮ ਰਾਗ ਵਜੋਂ ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਰਚਨਾ ਮੁੱਖ ਰਾਗਾਂ
ਦੀ ਗਿਣਤੀ 6 ਦੱਸਦੀ ਹੈ ਜਦਕਿ ਉਸ ਵਿਚੋਂ ਤਿੰਨ ਰਾਗ ਮਾਲਕਉਸਕ, ਮੇਘ ਤੇ ਦੀਪਕ ਦਾ ਗੁਰਬਾਣੀ ਵਿਚ
ਕੋਈ ਸ਼ਬਦ ਨਹੀਂ ਮਿਲਦਾ।
* ਰਾਗਮਾਲਾ ਨੇ ਗੁਰੂ ਸਾਹਿਬਾਨ ਦੁਆਰਾ ਦੱਸੇ ਗਏ ਰਾਗਾਂ ਦੇ ਨਾਵਾਂ ਨੂੰ ਉਲਟਾ ਵਿਗਾੜ ਕੇ ਪੇਸ਼
ਕੀਤਾ ਹੈ, ਜਿਵੇ: ਕਲਿਆਨ ਨੂੰ ਕਲ੍ਹਾਨਾ, ਕਾਨੜਾ ਨੂੰ ਕਾਨਰਾ, ਗਉੜੀ ਨੂੰ ਗਵਰੀ ਆਦਿਕ।
* ਇਸ ਤੋਂ ਇਲਾਵਾ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਕਿਸੇ ਬੰਦ ਦੇ ਖਤਮ ਹੋਣ ’ਤੇ ਉਸ ਦੇ ਅਖੀਰ
ਉਤੇ ਅੰਕ ਦਿੱਤਾ ਹੁੰਦਾ ਹੈ ਜਿਸ ਦਾ ਭਾਵ ਆਪਣੇ ਆਪ ਵਿਚ ਹੀ ਸਪਸ਼ਟ ਹੁੰਦਾ ਹੈ, ਪਰ ਰਾਗਮਾਲਾ ਦੀ
ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾਂਦੀ ਹੈ ਕਿ ਇਸ ਦੀ ਅੱਠ ਤੁਕਾਂ ਦੇ ਅਖੀਰ ਤੇ “1” ਅੰਕ ਦਿੱਤਾ
ਹੋਇਆ ਹੈ ਹਰ ਥਾਂ “1” ਅੰਕ ਦੀ ਵਰਤੋਂ ਕੋਈ ਸਪਸ਼ਟ ਭਾਵ ਤੇ ਨਿਰਣਾ ਨਹੀਂ ਦੇਂਦੀ।
* ਰਾਗਮਾਲਾ ਵਿਚ ਸ਼ਬਦ ਪੁਨਿ (ਪੁਨਿ ਅਸਲੇਖੀ ਕੀ ਭਈ ਬਾਰੀ.....) ਦੀ ਵਰਤੋਂ ਕੀਤੀ ਗਈ ਹੈ।ਜਦਕਿ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੰਸਕ੍ਰਿਤ ਸ਼ਬਦ ਪੁਨਹ ਦਾ ਪੁਰਾਣਾ ਪੰਜਾਬੀ ਰੂਪ “ਫੁਨਿ” ਆਇਆ
ਹੈ, ਪੁਨਿ ਦਾ ਕਿਤੇ ਵੀ ਜ਼ਿਕਰ ਨਹੀਂ।
ਉਪਰੋਕਤ ਪ੍ਰਮਾਣਾਂ ਤੋਂ ਇਹ ਸ਼ੰਕੇ ਆਪੇ ਹੀ ਸਪਸ਼ਟ ਹੋ ਜਾਂਦੇ ਹਨ ਕਿ ਰਾਗਮਾਲਾ ਗੁਰਬਾਣੀ ਦਾ ਹਿੱਸਾ
ਨਹੀਂ, ਇਹ ਇਕ ਨਿਰਰਥਕ ਜਿਹੀ ਕੱਚੀ ਰਚਨਾ ਹੈ। ਜੋ ਕਦੇ ਵੀ ਸੱਚੀ ਬਾਣੀ ਦਾ ਹਿੱਸਾ ਨਹੀਂ ਬਣ ਸਕਦੀ।
ਇਸ ਲਈ ਇਕ ਸੁਚੇਤ ਗੁਰਸਿੱਖ ਹੋਣ ਦੇ ਨਾਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੱਵਿਤਰ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਾਗਮਾਲਾ ਵਰਗੀ ਨਿਰਰਥਕ ਰਚਨਾ ਤੋਂ ਕੋਹਾਂ ਦੂਰ ਰੱਖੀਏ।
ਨੋਟ: ਰਾਗਮਾਲਾ ਬਾਰੇ ਖੋਜ਼ ਭਰਪੂਰ ਜਾਣਕਾਰੀ ਹਾਸਲ ਕਰਣ ਲਈ ਆਪ ਜੀ ਗਿਆਨੀ ਗੁਰਦਿੱਤ ਸਿੰਘ ਰਚਿਤ
“ਮੁੰਦਾਵਣੀ” ਅਤੇ ਸ: ਮਹਿੰਦਰ ਸਿੰਘ ਜੋਸ਼ ਦੀ ਪੁਸਤਕ “ਖਸ਼ਟ ਰਾਗ ਕਿਨ ਗਾਏ ? ” ਤੋਂ ਵੀ ਕਾਫ਼ੀ
ਜਾਣਕਾਰੀ ਹਾਸਲ ਕਰ ਸਕਦੇ ਹੋ।
Harbans Kaur, Faridabad