ਸਿੱਖ ਇਤਿਹਾਸ ਦੇ ਇਹ ਤਿੰਨ ਮਹਤਵ ਪੂਰਨ ਦਿਹਾੜੇ ਹਨ, ਜਿਨ੍ਹਾਂ `ਤੇ ਸਿੱਖ
ਧਰਮ ਦੀ ਬੁਨਿਆਦ ਖੜੀ ਹੈ। ਇਸ ਲਈ ਕੁੱਝ ਇਤਿਹਾਸਕ ਤੱਥ ਸਾਹਮਣੇ ਆਉਣੇ ਅਤਿ ਜ਼ਰੂਰੀ ਹਨ।
ਲੋੜ ਕਿਉਂ? -ਮੰਨਿਆ-ਪ੍ਰਮੰਨਿਆ ਸੱਚ ਹੈ, ਜਿਸ ਕੌਮ ਨੂੰ ਖਤਮ ਕਰਨਾ
ਹੋਵੇ ਉਸ ਦੇ ਇਤਿਹਾਸ, ਰਹਿਣੀ, ਸਾਹਿਤ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਖ਼ਤਮ ਜਾਵੇਗੀ। ਇਥੇ
ਤਾਂ ਹੋਰ ਵੀ ਵੱਡਾ ਅਨਰਥ ਹੈ ਕਿ ਇਥੇ ਵਿਸਾਖੀ 1469 ਤੋਂ ਵਿਸਾਖੀ 1699 ਤੀਕ
230 ਸਾਲਾਂ ਦਾ ਪੂਰਾ ਇਤਿਹਾਸ ਮਿਟਾ ਕੇ, ਪ੍ਰਚਾਰ ਹੀ ਇਹੀ ਹੋ ਰਿਹਾ ਹੈ ਜਿਵੇਂ ਪਹਿਲੇ
ਪਾਤਸ਼ਾਹ ਤੋਂ ਲੈ ਕੇ ਵਿਸਾਖੀ 1699 ਤੀਕ ਕੁੱਝ ਹੋਇਆ ਹੀ ਨਹੀਂ ਸੀ। ਮੰਨਿਆਂ ਜਾ ਰਿਹਾ
ਹੈ-ਸਿੱਖ ਕੇਸਾਧਾਰੀ ਹੋਏ ਤਾਂ, ਕਕਾਰ ਧਾਰੀ ਹੋਏ ਤਾਂ, ਖੰਡੇ ਦੀ ਪਾਹੁਲ ਵਾਲੀ ਮਰਿਆਦਾ ਚਲੀ ਤਾਂ,
ਨਿਤਨੇਮੀ ਹੋਏ ਤਾਂ- ਸਭ ਵਿਸਾਖੀ 1699 ਤੋਂ ਹੀ, ਉਪ੍ਰੰਤ ਗੁਰਬਾਣੀ ਗੁਰੂ ਵਾਲੀ ਗੱਲ ਵੀ
ਕੇਵਲ ਸੰਨ 1708 ਤੋਂ ਹੀ ਹੈ। ਹੋਰ ਤਾਂ ਹੋਰ! ਅਸਾਂ ਸੰਸਾਰ ਤੱਲ `ਤੇ ਸ਼ਤਾਬਦੀਆਂ ਮਨਾ ਕੇ
ਪ੍ਰਚਾਇਆ, ਕਿ ਇਹ “ਸਿੱਖਾਂ ਦਾ ਤਿੰਨ ਸੌ ਸਾਲਾ ‘ਜਨਮ ਦਿਨ’ ਹੈ”। ਇਸੇ ਗ਼ਲਤ ਪ੍ਰਚਾਰ ਦਾ ਸਿੱਟਾ,
ਅੱਜ ਸਿੱਖ ਆਪਣੀ ਜਨਮ-ਭੂਮੀ `ਚ ਹੀ ਆਪਣੀ ਹੋਂਦ ਗੁਆਈ ਬੈਠਾ ਹੈ। ਲਗਭਗ 98% ਸਿੱਖ
ਬੱਚੇ-ਬੱਚੀਆਂ ਤਾਂ ਆਪਣਾ ਸਰੂਪ ਤੀਕ ਤਿਆਗ ਚੁੱਕੇ ਹਨ। ਪੰਜਾਬ, ਜਿਸ ਨੇ ਸੰਸਾਰ ਤੱਲ `ਤੇ ਨਮੂਨਾ
ਬਣ ਕੇ ਉਭਰਣਾ ਸੀ ਉਥੇ ਸ਼ਰਾਬ, ਨਸ਼ੇ, ਲਿੰਗ ਭੇਦ, ਡੇਰੇ-ਗੁਰੂ ਡੰਮ, ਮੜ੍ਹੀ-ਕਬਰ ਪੂਜਾ ਆਦਿ ਦਾ ਹੜ
ਆਇਆ ਪਿਆ ਹੈ।
ਵਿਸਾਖੀ ਸੰਨ 1469- ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਇਹਾੜਾ ਹੈ। ਆਪ
ਜਮਾਂਦਰੂ ਗੁਰੂ ਹਨ। ਆਪ ਨੇ ਪ੍ਰਭੂ ਵਲੋਂ ਨਿਯਤ ਇਕੋ ਇੱਕ ਇਲਾਹੀ, ਰੱਬੀ, ਸਦੀਵੀ, ਸੱਚ ਧਰਮ ਨੂੰ;
ਮਨੁੱਖ ਮਾਤ੍ਰ ਦੇ ਭਲੇ ਲਈ ਗੁਰਬਾਣੀ ਦੇ ਰੂਪ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ। ਇਸ ਦੇ ਲਈ ਆਪ ਨੇ
ਦੇਸ਼-ਵਿਦੇਸ਼ (ਚੀਨ, ਬਰਮਾ, ਰੂਸ, ਬਗ਼ਦਾਦ, ਇਰਾਨ ਆਦਿ ਤੀਕ) ਪੁੱਜ ਕੇ ਸੰਸਾਰ ਤੱਲ `ਤੇ ਇਸ ਸੱਚ ਧਰਮ
ਲਈ ਸੇਧ ਦਿੱਤੀ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਪਾਖੰਡਾਂ-ਕਰਮਕਾਂਡਾ,
ਲੋਕਾਈ ਦੀ ਹੋ ਰਹੀ ਲੁੱਟ-ਖੋਹ ਤੇ ਸ਼ੋਸ਼ਣ ਤੋਂ ਸੁਚੇਤ ਕੀਤਾ। ਧਾਰਮਿਕ ਆਗੂਆਂ ਰਾਹੀਂ ਇਸ ‘ਉੱਤਮ’
ਕੰਮ ਲਈ ਵਰਤੇ ਜਾ ਰਹੇ ਜੋਗੀ, ਸਨਿਆਸੀ, ਬੈਰਾਗੀ, ਸੰਤ, ਸਾਧ, ਭਗਤ ਆਦਿ ਧਾਰਮਿਕ ਭੇਖਾਂ ਦੀ
ਸੂਰਮਤਾਈ ਨਾਲ ਕਲਈ ਖੋਲੀ। ਮਨੁੱਖ ਨੂੰ ਇਲਾਹੀ ‘ਕੇਸਾਧਾਰੀ’ ਸਰੂਪ `ਚ ਪ੍ਰਗਟ ਕੀਤਾ। ਇਸ
ਦੇ ਨਾਲ ਕੇਸਾਂ ਦੀ ਸੰਭਾਲ-ਸਫ਼ਾਈ ਲਈ ਨਿੱਤ ਕੰਘੇ (ਲਕੜੀ ਦਾ) ਵਾਲਾ ਨਿਯਮ ਦਿੱਤਾ। ਸਨਾਤਨੀ
ਪ੍ਰਵਾਰ `ਚ ਪ੍ਰਗਟ ਹੋਣ ਦੇ ਬਾਵਜੂਦ, ਬ੍ਰਾਹਮਣੀ ਕਰਮਕਾਂਡਾ ਚੋਂ ਕੱਢਣ ਲਈ ਜੰਜੂ ਪਾਉਣ ਤੋਂ ਵੀ
ਇਨਕਾਰ ਕੀਤਾ। ਚੂੰਕਿ ਬ੍ਰਾਹਮਣ ਦੇ ਸਾਰੇ ਸੰਸਕਾਰਾਂ, ਬਿਨਾ ਸਿਲਾਈ ਧੋਤੀ ਨਾਲ ਜ਼ਰੂਰੀ ਹਨ। ਇਸ
ਵਿਰੁਧ ਸਿਖਾਂ ਨੂੰ ਸਿਲਾਈਆਂ ਨਾਲ ਭਰਪੂਰ ਰੇਬਦਾਰ ਕਛਿਹਰੇ ਵਾਲਾ ਨਿਯਮ ਬਖਸ਼ਿਆ
ਤਾਕਿ ਸਿੱਖ ਬ੍ਰਾਹਮਣੀ ਕਰਮਕਾਂਡਾ ਦੇ ਜਾਲ `ਚ ਨਾਂ ਫਸੇ। ਸਿੱਟਾ ਇਹ, ਸੰਪੂਰਣ ਕੇਸਾਧਾਰੀ
ਸਰੂਪ, ਕੰਘੇ, ਕਛਿਹਰੇ, ਨਿਤਨੇਮ {ਬਾਣੀ ਜਪੁ, ਸ਼ਾਮਾਂ ਨੂੰ ਸੋਦਰ (ਇਕ ਸ਼ਬਦ), ਸੌਣ ਸਮੇਂ
ਸੋਹਿਲਾ (ਇਕ ਸ਼ਬਦ)} ਤੇ ਗੁਰਬਾਣੀ ਗੁਰੂ ਵਾਲੇ ਨਿਯਮ ਪਹਿਲੇ ਜਾਮੇ ਸਮੇਂ ਹੀ ਸਿੱਖੀ
ਜੀਵਨ ਦਾ ਅੰਗ ਬਣਾਏ। ਸਿੱਖੀ `ਚ ਪ੍ਰਵੇਸ਼ ਲਈ `ਚਰਣ ਪਾਹੁਲ’ ਵਾਲਾ ਨਿਯਮ ਨੂੰ ਵੀ
ਪਹਿਲੇ ਜਾਮੇ ਤੋਂ ਹੀ ਲਾਗੂ ਕੀਤਾ। ਇਸੇ ਨਿਯਮ ਨੂੰ ਵਿਸਾਖੀ 1699 ਦੇ ਦਿਨ ਦਸਮੇਸ਼ ਜੀ ਨੇ
‘ਖੰਡੇ ਦੀ ਪਾਹੁਲ’ ਅੰਮ੍ਰਿਤ ਛਕਣ) `ਚ ਬਦਲਿਆ
ਉਪ੍ਰੰਤ ਪੰਜਵੇਂ ਤੇ ਛੇਵੇਂ ਜਾਮੇ ਸਮੇਂ- ਪਾਤਸ਼ਾਹ ਦਾ ਤੱਤੀਆਂ ਤੱਵੀਆਂ
`ਤੇ ਬੈਠਣਾ, ਉਬਲਦੀਆਂ ਦੇਗ਼ਾ `ਚ ਉਬਲਨਾ; ਇਸ ਤਰਾਂ ਆਪ ਦੀ ਤਸੀਹੇ ਭਰਪੂਰ ਸ਼ਹੀਦੀ ਗੁਰਬਾਣੀ ਦੀ
ਵਿਸ਼ੁਧਤਾ (ਪੀਰੀ) ਨੂੰ ਕਾਇਮ ਰਖਣ ਲਈ ਹੀ ਸੀ। ਇਹ ਵਿਰੋਧੀਆਂ ਵਲੋਂ ਜ਼ੁਲਮ ਦਾ ਸ਼ਿਖਰ ਸੀ ਤੇ ਨਾਲ ਹੀ
ਗੁਰਦੇਵ ਵਲੋਂ ਕੌਮ ਨੂੰ ਚੇਤਾਵਨੀ ਸੀ ਕਿ ਕੌਮ ਨੇ ਗੁਰਬਾਣੀ-ਗੁਰੂ ਦੀ ਵਿਸ਼ੁਧਤਾ ਨੂੰ ਕਾਇਮ ਰਖਣ ਲਈ
ਵੱਡੀ ਤੋਂ ਵੱਡੀ ਕੁਰਬਾਨੀ ਲਈ ਵੀ ਸਦਾ ਤਿਆਰ ਰਹਿਣਾ ਹੈ। ਇਸੇ ਲੜੀ `ਚ ਛੇਵੇਂ ਜਾਮੇ ਸਮੇਂ ਹਕੂਮਤ
ਨਾਲ ਚਾਰ ਜੰਗਾਂ, ਆਪਣੇ ਬਚਾਅ ਲਈ ਜੰਗ ਤੇ ਇਲਾਹੀ ਨਿਸ਼ਾਨੇ ਵੱਲ ਵਧਣ ਤੇ ਸੱਚ ਧਰਮ ਦੀ ਰਾਖੀ ਲਈ
ਕੌਮ ਨੂੰ ਸ਼ਸਤ੍ਰਧਾਰੀ (ਕ੍ਰਿਪਾਨ ਧਾਰੀ) ਵੀ ਕਰਣਾ ਸੀ। ਇਹੀ ਸੀ ਕੌਮ ਦਾ ਪੀਰੀ ਦੀ ਰਾਖੀ ਲਈ ਮੀਰੀ
ਵੱਲ ਵਧਣਾ।
ਵਿਸਾਖੀ 1699- ਇਹ ਬਹੁਤ ਵੱਡਾ ਮੀਲ ਪੱਥਰ ਹੈ, ਸਿੱਖ ਇਤਿਹਾਸ ਦਾ।
“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ
ਦੀਜੈ ਕਾਣਿ ਨ ਕੀਜੈ” (ਪੰ: 1412) ਅਨੁਸਾਰ ਸਿੱਖਾਂ ਦੀ ਜੋ ਤਿਆਰੀ ਪਹਿਲੇ ਜਾਮੇ ਤੋਂ
ਕਰਵਾਈ ਜਾ ਰਹੀ ਸੀ, ਉਸੇ ਦਾ ਨਤੀਜਾ 1699 ਨੂੰ ਜਦੋਂ ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ
`ਤੇ ਪੰਥ ਦਾ ਇਮਤਿਹਾਨ ਲਿਆ ਤਾਂ ਪੰਥ ਵੀ ਗੁਰੂ ਦੇ ਯਕੀਨ `ਤੇ 100% ਪੂਰਾ ਉਤਰਿਆ।
“ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ” (ਪੰ: 966)
ਪਹਿਲੇ ਪਾਤਸ਼ਾਹ ਨੇ ਦੂਜੇ; ਦੂਜੇ ਨੇ ਤੀਜੇ ਤੇ ਦਰਜਾ ਬਦਰਜਾ-ਚਲਦੀ ਆ ਰਹੀ ਪ੍ਰੀਪਾਟੀ ਅਨੁਸਾਰ ਜਦੋਂ
ਦਸਮੇਸ਼ ਜੀ ਨੇ ਗੁਰਬਾਣੀ ‘ਜੁਗਤ’ ਵਰਤਾਉਣ’ ਵਾਲੀ ਜ਼ਿਮੇਵਾਰੀ ‘ਪੰਜਾਂ’ ਦੇ ਰੂਪ `ਚ
ਪੰਥ ਨੂੰ ਸੌਂਪ ਦਿੱਤੀ (ਪੰਥ ਸਾਜਿਆ) ਤਾਂ ਆਪ ਨੇ ਵੀ ਪੰਜਾਂ ਅੱਗੇ ਮੱਥਾ ਟੇਕ ਦਿੱਤਾ।
ਉਸ ਸਮੇਂ ਸੰਗਤਾਂ ਲਈ ਇਹ ਨਵੀਂ ਰੀਤ ਨਹੀਂ ਸੀ, ਜਿਵੇਂ ਕਿ ਅੱਜ ਪ੍ਰਚਾਰ ਹੋ ਰਿਹਾ ਹੈ।
“ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ” (ਭਾ: ਗੁ: )
ਇਹ ਵੀ ਗ਼ਲਤ ਹੈ ਕਿ ਦਸਮੇਸ਼ ਜੀ ਨੇ ਕਿਸੇ ਨਵੇਂ ਪੰਥ ਨੂੰ ਚਲਾਇਆ। ਪੰਥ ਤਾਂ ਪਹਿਲੇ ਜਾਮੇ ਤੋਂ ਹੀ
ਚਲਾਇਆ ਜਾ ਚੁੱਕਾ ਸੀ। ਇਸੇ ਕਰਕੇ ਪਹਿਲੇ ਪੰਜਾਂ ਲਈ ‘ਖੰਡੇ ਦੀ ਪਾਹੁਲ’ ਦਾ ਬਾਟਾ
ਕਿਸੇ ਪੰਜਾਂ ਨੇ ਨਹੀਂ, ਦਸਮੇਸ਼ ਜੀ ਨੇ ਇਕਲਿਆਂ ਤਿਆਰ ਕੀਤਾ ਤੇ ਛੱਕਾਇਆ ਵੀ
ਇਕਲਿਆਂ ਹੀ। ਉਸੋਂ ਤਾਂ ਕੇਵਲ `ਚਰਨ ਪਾਹੁਲ’ ਵਾਲੇ ਪਹਿਲੇ ਜਾਮੇਂ ਤੋਂ ਹੀ ਚਲਦੇ ਆ
ਰਹੇ ਢੰਗ ਨੂੰ ਬਦਲਿਆ ‘ਖੰਡੇ ਦੀ ਪਾਹੁਲ’ `ਚ ਬਦਲਿਆ। ਉਪ੍ਰੰਤ ਦਸਮੇਸ਼ ਜੀ ਨੇ ਪੰਜਾਂ
ਤੋਂ ਪਾਹੁਲ ਲਈ ਪਰ ਕਿਉਂ? ਕਿਉਂਕਿ ਜਦੋਂ ਪਾਤਸ਼ਾਹ ਨੇ `ਚਰਣ ਪਾਹੁਲ’ ਨੂੰ ‘ਖੰਡੇ
ਦੀ ਪਾਹੁਲ’ `ਚ ਬਦਲਿਆ ਤਾਂ ਕੌਮ ਨੂੰ ਨਵੇਂ ਸਿਰਿਓਂ ‘ਪਾਹੁਲ’ ਲਈ ਹੁਕਮ ਕੀਤਾ ਜਿਸਦਾ
ਆਰੰਭ ਵੀ ਆਪਣੇ, ਅਪਣੇ ਆਪ ਤੋਂ ਕੀਤਾ। ਵਿਸਾਖੀ 1699 ਨੂੰ ਹੀ ਨਾਵਾਂ ਨਾਲ ਸਿੰਘ-ਕੌਰ
ਜੋੜ ਕੇ ਪੰਥ ਨੂੰ ਪ੍ਰਵਾਰਕ ਰੂਪ ਬਖਸ਼ਿਆ। ਗੋਬਿੰਦ ਰਾਇ ਤੋਂ ਗੋਬਿੰਦ ਸਿੰਘ-ਭਾਵ
ਦਾ ਆਰੰਭ ਵੀ ਪਾਤਸ਼ਾਹ ਨੇ ਆਪਣੇ ਆਪ ਤੋਂ ਹੀ ਕੀਤਾ ਤੇ ਕੌਮ ਨੂੰ ਜਾਤਾਂ-ਗੋਤਾਂ ਵਾਲੇ ਕੋੜ੍ਹ `ਚੋਂ
ਕਢਿਆ ਪਰ ਅੱਜ ਅਸੀਂ ਕਿੱਥੇ ਖੜੇ ਹਾਂ?
ਚੂੰਕਿ ਵਿਸਾਖੀ 1699 ਤੀਕ ਪੰਥ ‘ਸੰਪੂਰਣ ਕੇਸਾਧਾਰੀ’ ‘ਕੰਘਾ-
‘ਕਛਿਹਾਰਧਾਰੀ’ ‘ਨਿੱਤਨੇਮੀ’ ਤਾਂ ਚਲਦਾ ਹੀ ਆ ਰਿਹਾ ਸੀ। ਇਹੀ ਕਾਰਨ ਸੀ ਕਿ ਕੇਵਲ ਢੰਗ ਬਦਲਣ `ਤੇ
ਹੀ ਪਹਿਲੀਆਂ ਪੰਕਤਾ `ਚ 80, 000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ। ਨਹੀਂ
ਤਾਂ, ਸੁੱਤੇ ਸਿੱਧ ਨਸ਼ਿਆਂ-ਵਿਭਚਾਰ ਦਾ ਤਿਆਗ ਤੇ ਅਚਾਨਕ ਕੇਸਾਧਾਰੀ, ਕਕਾਰਧਾਰੀ ਹੋ ਜਾਣਾ ਸੰਭਵ ਹੀ
ਨਹੀਂ ਸੀ। ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇੱਕਠ ਸੀ। ਇਸੇ
ਤੋਂ ਧਰਤੀ ਨੂੰ ‘ਕੇਸਗੜ੍ਹ’ ਦਾ ਨਾਮ ਮਿਲਿਆ। ਇਸੇ ਤਰ੍ਹਾਂ ਸਿਰਾਂ ਦੀ ਮੰਗ ਸਮੇਂ ਵੀ
ਨਿੱਤਨੇਮੀ ਜਾਂ ਕੇਸਾਧਾਰੀ ਹੋਣਾ ਉੱਕਾ ਸ਼ਰਤ ਨਹੀਂ ਸੀ। ਫਿਰ ਵੀ ਪਹਿਲੇ ਨਿੱਤਰਣ ਵਾਲੇ ਪੰਜੇ
ਕੇਸਾਧਾਰੀ ਤੇ ਨਿੱਤਨੇਮੀ ਵੀ ਸਨ। ਕੌਮ ਦਾ ਪਹਿਲਾਂ ਤੋਂ ਸ਼ਸਤ੍ਰਧਾਰੀ ਹੋਣ ਦਾ ਇੱਕ ਹੋਰ ਵੱਡਾ ਸਬੂਤ
ਹੈ ਛੇਵੇਂ ਜਾਮੇਂ ਸਮੇਂ ਹਕੂਮਤ ਨਾਲ ਚਾਰ ਜੰਗਾ ਤੇ ਵਿਸਾਖੀ 1699 ਤੀਕ ਦੱਸਵੇਂ ਪਾਤਸ਼ਾਹ
ਦੀ ਕਮਾਨ ਹੇਠ ਲਗਭਗ 12-13 ਜੰਗਾਂ ਤੇ ਸਾਰੀਆਂ `ਚ ਜਿੱਤ। ਇਸੇ ਤਰ੍ਹਾਂ ਸਿਰ ਮੰਗਣ ਸਮੇਂ
ਭੱਗਦੜ ਦੀਆਂ ਗੱਲਾਂ ਵੀ ਸਿੱਖੀ ਜੀਵਨ ਬਾਰੇ ਅਗਿਆਨਤਾ, ਕਪੋਲ ਕਲਪਣਾ ਤੇ ਨਿਰਮੂਲ ਹਨ।
6 ਅਕਤੂਬਰ ਸੰਨ 1708-ਉਹ ਮੁਬਾਰਕ ਦਿਨ ਜਦੋਂ ਗੁਰਦੇਵ ਨੇ
ਪੰਜਾਂ ਨੂੰ ਤਾਬਿਆ ਖੜਾ ਕਰਕੇ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੌਪੀ ਤੇ
ਸੰਪੂਰਣਤਾ ਦਾ ਐਲਾਨ ਕੀਤਾ। ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਤਾਂ ਪਹਿਲੇ ਜਾਮੇ ਤੋਂ ਹੀ
ਸੀ। ਪੰਜਾਂ ਨੂੰ ਤਾਬਿਆ ਖੜਾ ਕਰਣਾ, ਚੇਤਾਵਣੀ ਸੀ ਕਿ ਪੰਥ ਨੇ ਪੱਕੇ ਤੌਰ ਤੇ, ਗੁਰਬਾਣੀ ਦੀ ਤਾਬਿਆ
ਰਹਿ ਕੇ, ਪੰਜਾਂ ਦੇ ਰੂਪ `ਚ ਪੰਥ ਦੀ ਅਗਵਾਈ ਕਰਣੀ ਹੈ ਨਾ ਕਿ ਆਪਹੁਦਰੇਪਣ `ਚ। ਉਸ ਸਮੇਂ ਦਸਮੇਸ਼
ਜੀ ਦਾ ਉਹਨਾਂ ਪੰਜਾਂ ਲਈ ਇਤਿਹਾਸਕ ਆਦੇਸ਼ ਸੀ “ਪੂਜਾ ਅਕਾਲਪੁਰਖ ਕੀ” “ਪਰਚਾ ਸ਼ਬਦ ਕਾ” “ਦੀਦਾਰ
ਖਾਲਸੇ ਕਾ”। ਪੰਥ ਨੂੰ ਮੌਜੂਦਾ ਅਧੋਗਤੀ `ਚੋਂ ਕਢਣ ਲਈ ਸਾਨੂੰ ਕਲਗੀਧਰ ਜੀ ਦੇ ਇਸ ਆਦੇਸ਼ ਵਲ
ਵੀ ਧਿਆਣ ਦੇਣ ਦੀ ਲੋੜ ਹੈ।