.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਜਿਉਂਦਿਆਂ ਜੂਨਾਂ ਵਿਚ

ਭਾਗ ਪਹਿਲਾ

ਜਨ-ਸਧਾਰਨ ਹੀ ਨਹੀਂ ਸਗੋਂ ਆਮ ਦੁਨੀਆਂ ਵਿੱਚ ਵੀ ਇਹ ਖਿਆਲ ਪਾਇਆ ਜਾਂਦਾ ਹੈ ਕਿ ਮਨੁੱਖ ਜਦੋਂ ਮਾੜੇ ਕਰਮ ਕਰਦਾ ਹੈ ਤਾਂ ਉਸ ਨੂੰ ਮਾੜੀ ਜੂਨ ਭੋਗਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਚੰਗੇ ਦਾਨ ਪੁੰਨ ਕਰਨ ਨਾਲ ਉਸ ਨੂੰ ਚੰਗਿਆ ਘਰਾਂ ਵਿੱਚ ਜਨਮ ਮਿਲ ਜਾਂਦਾ ਹੈ। ਪੁਰਾਣੇ ਖ਼ਿਆਲਾਂ ਅਨੁਸਾਰ ਸ਼ੂਦਰ ਵਿਚਾਰੇ ਦਾ ਜਨਮ ਹੀ ਬ੍ਰਹਾਮਣ ਦੇਵਤੇ ਦੀ ਸੇਵਾ ਕਰਨ ਲਈ ਬਣਿਆ ਹੋਇਆ ਹੈ। ਕਬੀਰ ਸਾਹਿਬ ਜੀ ਨੇ ਗਿਆਨ ਦੀ ਖੜਗ ਲੈ ਕੇ ਸਮਾਜਿਕ ਕੁਰੀਤੀਆਂ ਤੇ ਧਾਰਮਿਕ ਕਰਮ-ਕਾਂਡਾਂ ਦੀਆਂ ਮਿੱਥਾਂ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕਰਦਿਆਂ ਬ੍ਰਹਾਮਣ ਦੀ ਵਿਚਾਰਧਾਰਾ ਨੂੰ ਇਕ-ਵੱਢਿਉਂ ਵਢ੍ਹਾਂਗਾ ਕਰਦਿਆਂ ਕਿਹਾ, ਕਿ “ਐ ਮਿੱਤਰਾ! ਇੱਕ ਗੱਲ ਦੱਸਦੇ, ਜੇ ਕਰ ਵਾਕਿਆ ਹੀ ਤੂੰ ਬ੍ਰਹਮਣ ਦੇਵਤਾ ਹੈਂ, ਤਾਂ ਤੈਨੂੰ ਕਿਸੇ ਹੋਰ ਰਸਤੇ ਦੀ ਸੰਸਾਰ ਵਿੱਚ ਆਉਣਾ ਚਾਹੀਦਾ ਸੀ ਪਰ ਅਸਲੀਅਤ ਇਹ ਹੈ ਕਿ ਤੂੰ ਵੀ ਉਸੇ ਰਸਤੇ ਦੀ ਆਇਆ ਏਂ, ਜਿਸ ਰਸਤੇ ਦੀ ਸਾਰੀ ਦੁਨੀਆਂ ਆਉਂਦੀ ਹੈ” ---

ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ॥

ਤਉ ਆਨ ਬਾਟ ਕਾਹੇ ਨਹੀ ਆਇਆ॥ 2॥

ਤੁਮ ਕਤ ਬ੍ਰਾਹਮਣ, ਹਮ ਕਤ ਸੂਦ॥

ਹਮ ਕਤ ਲੋਹੂ, ਤੁਮ ਕਤ ਦੂਧ॥

ਰਾਗ ਗਉੜੀ ਬਾਣੀ ਕਬੀਰ ਜੀ ਕੀ ਪੰਨਾ ੩੨੪—

ਹਰ ਧਰਮ ਦੇ ਪੁਜਾਰੀ ਦੀ ਆਮਦਨ ਦਾ ਮੁੱਖ ਸਾਧਨ ਮਰਨ ਤੋਂ ਬਆਦ ਵਾਲੇ ਜੀਵਨ ਕਰਕੇ ਹੈ, ਤੇ ਹਰ ਮਨੁੱਖ ਸਵਰਗ ਦੀ ਲਾਲਸਾ ਤੇ ਨਰਕ ਦੇ ਸੰਭ੍ਹਾਵੀ ਖ਼ਤਰੇ ਤੋਂ ਬਚਣ ਲਈ ਧਰਮ ਦੇ ਪੁਜਾਰੀਆਂ ਤੋਂ ਆਪਣੇ ਬਚਾ ਦੇ ਸਾਧਨ ਢੂੰਢਦਿਆਂ ਢੂੰਢਦਿਆਂ ਸਾਰੀ ਜ਼ਿੰਦਗੀ ਇਹਨਾਂ ਸੰਸਿਆਂ ਵਿੱਚ ਗ਼ੁਜ਼ਾਰ ਦੇਂਦਾ ਹੈ। ਗੁਰਬਾਣੀ ਨੇ ਦੋ ਟੁੱਕ ਫੈਸਲਾ ਦੇਂਦਿਆਂ ਸਿੱਧਾ ਹੀ ਸਮਝਾ ਦਿੱਤਾ ਹੈ ----

ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ॥

ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੧੨੯੨—

ਭਗਤ ਨਾਮਦੇਵ ਜੀ ਨੇ ਕਹਿ ਦਿੱਤਾ ਐ ਖ਼ੁਦਾਇਆ ਮੈਨੂੰ ਹੁਣ ਮਾੜੇ ਸੁਭਾਅ ਵਲੋਂ ਮੁਕਤ ਕਰ। ਜੇ ਮੈਂ ਹੁਣ ਪਸ਼ੂ ਬਿਰਤੀ ਵਿੱਚ ਜੀਊ ਰਿਹਾ ਹਾਂ ਤਾਂ ਮੈਂ ਮਰਨ ਤੋਂ ਬਾਅਦ ਵਾਲੇ ਸਵਰਗ ਨੂੰ ਸਿਰ ਵਿੱਚ ਮਾਰਨਾ ਆਂ ਜਾਂ ਫੇਹ ਕੇ ਫੋੜੇ `ਤੇ ਲਾਉਣਾ ਏਂ।

ਗੁਰੂ ਨਾਨਕ ਸਾਹਿਬ ਜੀ ਨੇ ਜਿਸ ਸਮਾਜ, ਪਰਵਾਰ, ਤਥਾ ਦੇਸ਼ ਦੀ ਸਿਰਜਣਾ ਕੀਤੀ ਹੈ, ਉਸ ਦੀ ਮੰਜ਼ਿਲ ‘ਸਚਿਆਰ ਮਨੁੱਖ’ ਹੋਣ ਦੀ ਮਿੱਥੀ ਹੈ। ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਲੰਬੀ ਨਦਰ ਨਾਲ ਸੰਸਾਰ ਨੂੰ ਨਿਹਾਰਿਆ, ਕਿ ਦੇਖਣ ਨੂੰ ਤਾਂ ਜ਼ਰੂਰ ਇਹ ਮਨੁੱਖ ਲੱਗਦਾ ਹੈ ਪਰ ਭਾਈਚਾਰਕ ਸਾਂਝ ਦੀਆਂ ਤੰਦਾਂ ਕੱਚੀਆਂ ਹਨ ਤੇ ਮਨੁੱਖੀ ਸੁਭਾਅ ਵਿੱਚ ਆਈਆਂ ਗਿਰਾਵਟਾਂ ਦਾ ਥਾਂ `ਤੇ ਬੋਲਬਾਲਾ ਹੈ।

ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥

--ਭਾਈ ਗੁਰਦਾਸ ਜੀ

ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਵਿੱਚ ਲੋਕ ਦਿਖਾਵਿਆਂ ਦੀ ਭਰਪੂਰ ਸ਼ਬਦਾਂ ਵਿੱਚ ਨਖੇਧੀ ਕਰਦਿਆਂ ਕਿਹਾ ਕਿ--ਤੀਰਥਾਂ `ਤੇ ਇਸ਼ਨਾਨ, ਲੋਕ ਦਿਖਾਵਿਆਂ ਦੀ ਬਗਲ ਸਮਾਧੀ, ਧਾਰਮਿਕ ਲਿਬਾਸ, ਹਿਰਦੇ ਵਿੱਚ ਕੁੱਤੇ ਵਰਗਾ ਲਾਲਚ ਇਹ ਸਾਰਾ ਕੁੱਝ ਇੰਜ ਹੈ ਜਿਵੇਂ ਇਸ ਨੇ ਗਲ਼ ਨਾਲ ਪੱਥਰ ਬੰਨ੍ਹਿਆ ਹੋਇਆ ਹੋਵੇ। ਜੇ ਮਨੁੱਖ ਨੇ ਦਰਿਆ ਪਾਰ ਕਰਨਾ ਹੈ ਤਾਂ ਉਸ ਨੂੰ ਭਾਰ ਤੋਂ ਮੁਕਤ ਹੋਣਾ ਪੈਣਾ ਹੈ। ਦੇਖਣ ਨੂੰ ਤਾਂ ਇਹ ਇਨਸਾਨ ਲੱਗਦਾ ਹੈ ਪਰ ਇਸ ਦੀਆਂ ਕਾਲ਼ੀਆਂ ਕਰਤੂਤਾਂ ਦੀ ਸੂਚੀ ਏੰਨੀ ਲੰਬੀ ਹੈ ਜਿਸ ਕਰਕੇ ਇਹ ਪਸ਼ੂ ਲੱਗਦਾ ਹੈ ----

ਕਰਤੂਤਿ ਪਸੂ ਕੀ ਮਾਨਸ ਜਾਤਿ॥

ਲੋਕ ਪਚਾਰਾ ਕਰੈ ਦਿਨੁ ਰਾਤਿ॥

ਬਾਹਰਿ ਭੇਖ ਅੰਤਰਿ ਮਲੁ ਮਾਇਆ॥

ਛਪਸਿ ਨਾਹਿ ਕਛੁ ਕਰੈ ਛਪਾਇਆ॥

ਬਾਹਰਿ ਗਿਆਨ ਧਿਆਨ ਇਸਨਾਨ॥

ਅੰਤਰਿ ਬਿਆਪੈ ਲੋਭੁ ਸੁਆਨੁ॥

ਅੰਤਰਿ ਅਗਨਿ ਬਾਹਰਿ ਤਨੁ ਸੁਆਹ॥

ਗਲਿ ਪਾਥਰ ਕੈਸੇ ਤਰੈ ਅਥਾਹ॥

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ॥

ਨਾਨਕ ਤੇ ਜਨ ਸਹਜਿ ਸਮਾਤਿ॥ 5

ਰਾਗ ਗਉੜੀ ਸੁਖਮਨੀ ਮਹਲਾ ੫ ਪੰਨਾ ੨੬੭—

ਹਰ ਧਰਮ ਦੇ ਪੁਜਾਰੀ ਨੇ ਆਮ ਮਨੁੱਖ ਨੂੰ ਲੁੱਟਿਆ, ਕੁੱਟਿਆ ਤੇ ਮਾਰਿਆ ਹੈ ਤੇ ਮਨੁੱਖ ਆਪਣੀ ਹੋਣੀ ਨੂੰ ਇਹਨਾਂ ਦੇ ਆਸਰੇ ਛੱਡ ਕੇ ਦਿਨ ਦੀਵੀਂ ਠੱਗਿਆ ਗਿਆ ਹੈ। ਏਸੇ ਠੱਗੀ ਨੂੰ ਹੀ ਇਹ ਅਸਲੀ ਧਰਮ-ਕਰਮ ਸਮਝੀ ਬੈਠਾ ਹੈ। ਛੋਟੇ ਹੁੰਦਿਆਂ ਇੱਕ ਠੱਗਾਂ ਦੀ ਕਹਾਣੀ ਸੁਣਦੇ ਹੁੰਦੇ ਸੀ ਕਿ ਇੱਕ ਬੱਚਾ ਆਪਣੇ ਨਾਨਕਿਆਂ ਤੋਂ ਛੱਟਾ ਜੇਹਾ ਲੇਲਾ (ਮੇਮਣਾ) ਲੈ ਕੇ ਆ ਰਿਹਾ ਸੀ। ਰਾਹ ਵਿੱਚ ਉਸ ਨੂੰ ਤਿੰਨ ਠੱਗ ਮਿਲ ਗਏ ਤੇ ਵਾਰੋ ਵਾਰੀ ਆਖਣ ਲੱਗੇ, “ਸੁਣਾ ਭਈ ਕਤੂਰਾ ਕਿੱਥੋਂ ਲੈ ਕੇ ਆਇਆ ਏਂ”। ਅੱਗੋਂ ਬੱਚਾ ਕਹਿਣ ਲੱਗਾ ਕਿ “ਬਾਈ-ਜਾਨ ਏ ਕਤੂਰਾ ਨਹੀਂ ਏਂ ਇਹ ਲੇਲਾ ਹੈ ਜੋ ਮੈਨੂੰ ਮੇਰੇ ਮਾਮਿਆ ਨੇ ਦਿੱਤਾ ਹੈ”। ਠੱਗ ਸ਼ੈਤਾਨੀ ਜੇਹੇ ਲਹਿਜ਼ੇ ਵਿੱਚ ਹੱਸਦਿਆਂ, “ਕਹਿਣ ਲੱਗਾ ਚੱਲ ਕੋਈ ਨਹੀਂ ਤੇਰੇ ਮਾਮਿਆਂ ਤੇਰੇ ਨਾਲ ਮਜਾਕ ਕੀਤਾ ਹੋਏਗਾ, ਪਰ ਹੈ ਤੇ ਇਹ ਕਤੂਰਾ (ਪਿੱਲਾ) ਈ ਏ”। ਬੱਚਾ ਥੋੜਾ ਜੇਹਾ ਸੋਚਣ ਲਈ ਮਜ਼ਬੂਰ ਹੋਇਆ ਕਿ ਸ਼ਾਇਦ ਮੇਰੇ ਮਾਮਿਆਂ ਲੇਲੇ ਦੀ ਜਗ੍ਹਾ `ਤੇ ਕਤੂਰਾ ਹੀ ਹਾਸੇ ਨਾਲ ਦੇ ਦਿੱਤਾ ਹੋਵੇ। ਵਾਰੀ ਵਾਰੀ ਦੋ ਹੋਰ ਠੱਗ ਆਏ ਤੇ ਉਹਨਾਂ ਵੀ ਏਹੀ ਗੱਲ ਦੁਹਰਾਈ। ਅਖ਼ੀਰ ਬੱਚੇ ਸੋਚਿਆ ਹੋ ਸਕਦਾ ਏ ਮਾਮਿਆਂ ਮੇਰੇ ਨਾਲ ਹਾਸਾ ਮਜ਼ਾਕ ਹੀ ਕੀਤਾ ਹੋਵੇ। ਵਿਚਾਰਾ ਬੱਚਾ ਠੱਗਾਂ ਦੇ ਬਹਿਕਲਾਵੇ ਵਿੱਚ ਆ ਗਿਆ ਤੇ ਮੇਮਣਾ ਠੱਗਾਂ ਦੇ ਹੱਥ ਦੇ ਬੈਠਾ। ਦਿਨ ਦੀਵੀਂ ਵਿਚਾਰਾ ਬੱਚਾ ਠੱਗਾਂ ਦੇ ਢੲ੍ਹੇ ਚੜ ਠੱਗਿਆ ਗਿਆ। ਧਿਆਨ ਨਾਲ ਦੇਖਿਆ ਜਾਵੇ ਤਾਂ ਅਸੀਂ ਵੀ ਧਰਮ ਦੀ ਦੁਨੀਆਂ ਵਿੱਚ ਠੱਗੇ ਗਏ ਹੀ ਨਜ਼ਰ ਆਵਾਂਗੇ। ਗੁਰੂ ਸਾਹਿਬ ਜੀ ਨੇ ਸਾਨੂੰ ਇਸ ਜੀਵਨ ਵਿਚਲੀਆਂ ਸੁਭਾਅ ਕਰਕੇ ਜੂਨਾਂ ਤੋਂ ਬੱਚਣ ਦੀ ਤਾਗ਼ੀਦ ਕੀਤੀ ਸੀ ਪਰ ਅਸੀਂ ਸਾਰੀਆਂ ਜੂਨਾਂ ਮਰਣ ਦੇ ਉਪਰੰਤ ਦੀਆਂ ਮਿੱਥ ਬੈਠੇ ਹਾਂ।

ਗੁਰੂ ਅਰਜਨ ਸਾਹਿਬ ਜੀ ਇਸ ਸਬੰਧੀ ਸਲੋਕ ਸਹਿਸਕ੍ਰਿਤੀ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਸਾਨੂੰ ਸਮਝਾਉਂਦੇ ਹਨ ਕਿ ਜੇ ਆਦਮੀ ਦੇ ਪਾਸ ਨੈਤਿਕ ਵਿਦਿਆ ਜਾਂ ਸਦਾਚਾਰਕ ਗੁਣ ਨਹੀਂ ਹਨ ਤਾਂ ਉਹ ਮਨੁੱਖੀ ਸਰੀਰ ਰੱਖਦਾ ਹੋਇਆ ਵੀ ਸੁਭਾਅ ਕਰਕੇ ਵੱਖ ਵੱਖ ਜੂਨਾਂ ਭੋਗ ਰਿਹਾ ਹੈ, ਗੁਰਵਾਕ ਹੈ ---

ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥

ਕੂਕਰਹ ਸੂਕਰਹ ਗਰਧਭਹ, ਕਾਕਹ ਸਰਪਨਹ ਤੁਲਿ ਖਲਹ॥ 33॥

ਪੰਨਾ ੧੩੫੬—

ਅਖ਼ਰੀਂ ਅਰਥ ਤਾਂ ਏਹੀ ਬਣਗੇ -----

ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ। ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ)।

ਮੰਤ੍ਰ ਦਾ ਅਰਥ ਹੈ ਸਲਾਹ ਜਾਂ ਉਪਦੇਸ਼ ਭਾਵ ਜਿਹੜਾ ਮਨੁੱਖ ਵੀ ਸਦਾਚਾਰਕ ਕਦਰਾਂ ਕੀਮਤਾਂ ਤੋਂ ਸੱਖਣਾ ਹੈ ਉਹ ਮੱਨੁਖੀ ਤਨ ਰੱਖਦਾ ਹੋਇਆ ਸੁਭਾਅ ਕਰਕੇ ਕੁੱਤੇ ਵਾਂਗ ਲਾਲਚੀ ਤੇ ਹਰ ਵੇਲੇ ਭੌਂਕਣ ਦੀ ਆਦਤ ਤੋਂ ਮਜ਼ਬੂਰ ਹੈ।

ਧਰਮ ਦੀ ਦੁਨੀਆਂ ਵਿੱਚ ਵਿਚਰਦਿਆਂ ਅੱਖੀਂ ਦੇਖੀ ਤੇ ਇੱਕ ਵਾਪਰੀ ਘਟਨਾ ਦਾ ਜ਼ਿਕਰ ਕਰਨਾ ਚਹਾਂਗਾ, ਯੂ. ਐਸ. ਏ. ਦੇ ਇੱਕ ਗੁਰਦੁਆਰੇ ਦੇ ਖ਼ਜ਼ਾਨਚੀ ਦੇ ਜਵਾਨ ਬੇਟੇ ਪਾਸੋਂ ਕਿਸੇ ਨੇ ਲਿਫਟ ਮੰਗੀ ਪਰ ਉਹ ਲੋਕ ਅੰਦਰੋਂ ਬੇਈਮਾਨ ਸਨ। ਜਵਾਨ ਬੇਟੇ ਨੇ ਸਿੱਖੀ ਸੁਭਾਅ ਅਨੁਸਾਰ ਉਹਨਾਂ ਨੂੰ ਲੋੜਵੰਦ ਸਮਝਦਿਆਂ ਹੋਇਆਂ ਲਿਫਟ ਦੇ ਦਿੱਤੀ। ਬੱਚੇ ਨੇ ਡਿਗਰੀ ਕੀਤੀ ਸੀ, ਜੋ ਆਪਣੀ ਮਾਂ ਨੂੰ ਕਹਿ ਕੇ ਗਿਆ ਸੀ, ਮਾਂ “ਮੈਂ ਤੈਨੂੰ ਹੁਣ ਕੰਮ ਨਹੀਂ ਕਰਨ ਦਿਆਂਗਾ ਤੂੰ ਅਪਣੀ ਜ਼ਿੰਦਗੀ ਵਿੱਚ ਬਹੁਤ ਕੰਮ ਕੀਤਾ ਹੈ। ਹੁਣ ਕੰਮ ਮੈਂ ਕਰਾਂਗਾ ਤੂੰ ਅਰਾਮ ਨਾਲ ਜ਼ਿੰਦਗੀ ਗ਼ੁਜ਼ਾਰੀਂ”। ਪਰ ਸੇਵਾ ਭਾਵਨਾ ਨਾਲ ਜਿਨ੍ਹਾਂ ਨੂੰ ਲਿਫਟ ਦਿੱਤੀ ਸੀ ਲਾਲਚ ਵੱਸ ਲਿਫਟ ਲੈਣ ਵਾਲਿਆਂ ਨੇ ਬੱਚੇ ਦਾ ਦਿਨ-ਦੀਂਵੀਂ ਕਤਲ ਕਰ ਦਿੱਤਾ। ਘਰ ਵਿੱਚ ਸੱਥਰ ਵਿੱਛ ਗਏ ਹਰ ਆ ਗਏ ਦੀ ਅੱਖ ਵਿੱਚ ਆਪਣੇ ਆਪ ਹੀ ਅੱਥਰੂ ਵਹਿ ਰਹੇ ਸਨ ਤੇ ਇਹ ਇੱਕ ਰੋਂਗਟੇ ਖੜੇ ਕਰਨ ਵਾਲੀ ਘਟਨਾ ਸੀ। ਪਰ ਦੂਜੇ ਪਾਸੇ ਗੁਰਦੁਆਰੇ ਵਿੱਚ ਇੱਕ ਰਾਗੀ ਜੱਥੇ ਨੇ ਬਰਾਦਰੀ ਦਾ ਵਾਸਤਾ ਪਾ, ਸਕੀਮ ਫਿੱਟ ਕਰਕੇ ਇੱਕ ਰਾਗੀ ਦੇ ਕੀਰਤਨ ਦਾ ਸਮਾਂ ਕਟਾ ਕੇ ਆਪ ਮ੍ਰਿਤਕ ਬੱਚੇ ਦੇ ਘਰ ਕੀਰਤਨ ਕਰਨ ਲਈ ਚਲਾ ਗਿਆ। ਬੱਸ ਫਿਰ ਕੀ ਸੀ, ਜਿਹੜਾ ਇਹ ਕਹਿ ਰਿਹਾ ਸੀ ਕੇ ਮੇਰਾ ਹੱਕ ਬਣਦਾ ਹੈ ਕਿਉਂਕਿ ਮੇਰੀ ਇਸ ਗੁਰਦੁਆਰੇ ਵਿੱਚ ਬੁਕਿੰਗ ਹੈ, ਉਸ ਬਾਣੀ ਪੜ੍ਹਣ ਵਾਲੇ ਰਾਗੀ ਨੇ ਦੂਸਰੇ ਰਾਗੀ ਦੀ ਨੰਗੀ ਭਾਸ਼ਾ ਵਿੱਚ ਸ਼ਰੇਆਮ ਮਾਂ ਭੈਣ ਦੀ ਇੱਕ ਕਰ ਦਿੱਤੀ। ਜਿਹੜੀਆਂ ਗਾਲ਼ਾਂ ਕੱਢੀਆਂ ਗਈਆਂ ਉਹਨਾਂ ਨੂੰ, ਸ਼ਾਇਦ ਸੁਣ ਕੇ ਕੰਧਾਂ ਵੀ ਸ਼ਰਮਾਉਂਦੀਆਂ ਹੋਣਗੀਆਂ। ਪਰ ਮੇਰੇ ਦਿਮਾਗ਼ ਵਿੱਚ ਉਹ ਨੰਗੀਆਂ ਗਾਲ਼ਾਂ ਅਜੇ ਵੀ ਉਂਜ ਹੀ ਘੁੰਮ ਰਹੀਆਂ ਹਨ। ਪਾਠਕ ਜਨ ਆਪ ਅੰਦਾਜ਼ਾ ਲਗਾ ਸਕਦੇ ਹਨ ਕਿ ਇੱਕ ਰਾਗੀ ਜੱਥੇ ਨੇ ਦੂਸਰੇ ਦਾ ਸਮਾਂ ਕਟਾ ਕੇ ਆਪ ਕੀਰਤਨ ਕਰਨ ਚੱਲਾ ਗਿਆ ਦੂਸਰੇ ਰਾਗੀ ਜੱਥੇ ਨੇ ਗਾਲ਼ਾਂ ਦਾ ਮੀਂਹ ਵਰ੍ਹਾਇਆ ਇਹਨਾਂ ਦੋਨਾਂ ਦੀ ਕਿਹੜੀ ਜੂਨ ਹੈ। ਜਵਾਨ ਪੁੱਤਰ ਦੀ ਮੌਤ ਕਾਰਨ ਪਰਵਾਰ ਵਿੱਚ ਕੁਰਲਾਹਟ ਮੱਚਿਆ ਪਿਆ ਹੋਇਆ ਸੀ ਤੇ ਭਾਈਚਾਰੇ ਲਈ ਸੋਚ ਦਾ ਕਾਰਨ ਸੀ ਕਿ ਅੱਗੋਂ ਤੋਂ ਅਜੇਹੀਆਂ ਘਟਨਾਵਾਂ ਦਾ ਕਿਵੇਂ ਮੁਕਾਬਲਾ ਕੀਤਾ ਜਾਏ ਪਰ ਜਿਹਨਾਂ ਧਾਰਮਿਕ ਲੋਕਾਂ ਨੇ ਪਰਵਾਰ ਨੂੰ ਧਰਵਾਸ ਦੇਣਾ ਸੀ ਉਹ ਵਿਛੇ ਹੋਏ ਸੱਥਰ ਤੇ ਮਾਂ ਦੇ ਦਿੱਲ ਚੀਰਵੇਂ ਵੈਣਾਂ ਵਿਚੋਂ ਆਪਣੀ ਰੋਜ਼ੀ ਦੀ ਭਾਲ ਕਰ ਰਹੇ ਸਨ। ਕੀ ਇਹ ਕੁੱਤੇ ਵਾਂਗ ਭੌਂਕਣਾ ਤੇ ਕੁੱਤੇ ਵਾਂਗ ਲਾਲਚ ਕਰਨਾ ਜਾਂ ਸੱਪ ਵਾਂਗ ਜ਼ਹਿਰ ਉਘਲ਼ਣਾ ਇਹ ਇਨਸਾਨੀ ਸੋਚ ਦਾ ਕੰਮ ਹੈ? ਉਹਨਾਂ ਦੋਹਾਂ ਰਾਗੀ ਜੱਥਿਆਂ ਦੀ ਇੱਕ ਦੂਜੇ ਨੂੰ ਖਾ ਜਾਣ ਵਾਂਗ ਨਫ਼ਰਤ ਦੀ ਜ਼ਹਿਰੀਲੀ ਝੱਗ ਵੱਗ ਰਹੀ ਸੀ। ਸੱਪ ਲੱਭਣ ਦੀ ਕੀ ਜ਼ਰੂਰਤ ਹੈ ਇਹ ਤੇ ਖ਼ੁਦ ਹੀ ਸੱਪ ਬਣੇ ਪਏ ਨੇ ਧਰਮ ਦੇ ਖ਼ੈਰ-ਖ਼ੂਆ।




.