ਦੇਖਿਆ ਜਾਵੇ ਤਾਂ ਭਾਰਤੀ ਪਰੰਪਰਾ `ਚ ਲਫ਼ਜ਼ ‘ਗੁਰੂ’ ਨਵਾਂ ਨਹੀਂ। ਬਾਵਜੂਦ
ਇਸਦੇ ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ‘ਗੁਰੂ’ ਵਾਲੇ ਅਰਥ ਗੁਰੂਦਰ `ਤੇ ਲਾਗੂ ਨਹੀਂ ਹੁੰਦੇ।
ਗੁਰਬਾਣੀ ਨੇ ਮਨੁੱਖ ਨੂੰ ਜਿਸ ‘ਗੁਰੂ’, ‘ਸਤਿਗੁਰੂ’, ‘ਸ਼ਬਦ ਗੁਰੂ’ ‘ਗੁਰਬਾਣੀ’ ਦੇ ਲੜ
ਲਾਇਆ ਹੈ, ਉਥੇ ‘ਗੁਰੂ’ ਦੇ ਅਰਥ ਬਿਲਕੁਲ ਨਿਵੇਕਲੇ ਤੇ ਭਿੰਨ ਹਨ ਜਿਨ੍ਹਾਂ ਦੀ ਸਮਝ ਵੀ
ਗੁਰਬਾਣੀ `ਚੋਂ ਹੀ ਆਵੇਗੀ, ਬਾਹਿਰੋਂ ਨਹੀਂ।
ਕੀ ਕਾਰਨ ਹਨ? ਗੁਰੂ ਸਰੂਪਾਂ ਸਮੇਂ ਸ੍ਰੀ ਚੰਦ, ਦਾਤੂ ਜੀ, ਦਾਸੂ
ਜੀ, ਪ੍ਰਿਥੀ ਚੰਦ, ਮੇਹਰਬਾਨ, ਰਾਮ ਰਾਏ, ਧੀਰਮਲ, ੨੨ ਮੰਜੀਦਾਰਾਂ ਸਮੇਤ ਗੁਰੂ ਪ੍ਰਵਾਰਾਂ `ਚੋਂ ਹੀ
ਦੁਕਾਨਾਂ ਖੁੱਲੀਆਂ, ਪਰ ਇੱਕ ਵੀ ਸਫ਼ਲ ਨਾ ਹੋਈ। ਹੋਰ ਤਾਂ ਹੋਰ, ਸੰਗਤਾਂ ਕਿਧਰੇ ‘ਸਰੀਰ ਪੂਜਾ’ ਜਾਂ
‘ਸਰੀਰ ਗੁਰੂ’ ਦੇ ਭਰਮ ਦਾ ਸ਼ਿਕਾਰ ਨਾ ਹੋ ਜਾਣ, ਦਸੋਂ ਸਰੂਪਾਂ ਸਮੇਂ ਗੁਰਦੇਵ ਨੇ ਆਪਣੇ ਚਿੱਤਰ
(ਤਸਵੀਰ) ਵੀ ਨਹੀਂ ਬਨਣ ਦਿੱਤੇ। ਕਿਉਂਕਿ ਗੁਰਬਾਣੀ ਅਨੁਸਾਰ ‘ਗੂਰੂ’ ਪਦ, ਸਰੀਰ `ਤੇ ਲਾਗੂ ਹੀ
ਨਹੀਂ ਹੁੰਦਾ। ਧਿਆਨ ਰਹੇ! ਅੱਜ ਗੁਰੂ ਸਾਹਿਬਾਨ ਦੀਆਂ ਜਿੰਨੀਆਂ ਵੀ ਫੋਟੋਆਂ, ਤਸਵੀਰਾਂ, ਮੂਰਤੀਆਂ
ਮਾਰਕੀਟ `ਚ ਮਿਲ ਰਹੀਆਂ ਹਨ, ਸਭ ਫ਼ਰਜ਼ੀ ਤੇ ਬ੍ਰਾਹਮਣੀ ਲੀਹਾਂ `ਤੇ, ਵਿਉਪਾਰੀਆਂ-ਕਲਾਕਾਰਾਂ ਦੇ
ਦਿਮਾਗ਼ ਦੀ ਉਪਜ ਹਨ। ਇਹਨਾ ਚੋਂ ਇੱਕ ਵੀ ਫ਼ੋਟੋ ਗੁਰੂ ਸਾਹਿਬ ਦੀ ਅਸਲੀ ਫ਼ੋਟੋ ਨਹੀਂ। ਗੁਰੂ ਕੀਆਂ
ਸੰਗਤਾਂ ਨੇ ਇਸ ਠੱਗ-ਬੂਟੀ ਤੋਂ ਬਚਣਾ ਹੈ।
ਸਬਦੁ ਗੁਰੂ ਸੁਰਤਿ ਧੁਨਿ ਚੇਲਾ- ਚਲਦੀ ਆ ਰਹੀ ਪਰਿਪਾਟੀ ਅਨੁਸਾਰ
ਜਦੋਂ ਸਿਧਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਸੁਆਲ ਕੀਤਾ “ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ
ਕਵਣੁ ਗੁਰੂ ਜਿਸ ਕਾ ਤੂ ਚੇਲਾ” ਤਾਂ ਪਾਤਸ਼ਾਹ ਦਾ ਉਤਰ ਸੀ “ਪਵਨ ਅਰੰਭੁ ਸਤਿਗੁਰ ਮਤਿ
ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: 942) ਭਾਵ “ਐ ਜੋਗੀਓ! ਮੈ ਤਾਂ ਉਸ ‘ਸ਼ਬਦ
ਗਰੂ’ ਦਾ ਉਪਾਸ਼ਕ ਹਾਂ ਜੋ ਰਚਨਾ ਦੇ ਆਦਿ ਤੋਂ ਹੈ। ਦੂਜਾ-ਜਿਸ ਸਰੀਰ ਨੂੰ ਮੁੱਖ ਰਖ ਕੇ ਤੁਸੀਂ
ਅਜਿਹੇ ਸੁਆਲ ਕਰ ਰਹੇ ਹੋ; ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੋਈ ਸਰੀਰ, ਗੁਰੂ ਤਾਂ ਕੀ ਚੇਲਾ ਵੀ
ਨਹੀਂ ਹੁੰਦਾ। ਚੇਲਾ ਹੋਣ ਲਈ ਵੀ ‘ਸ਼ਬਦ’ `ਚ ਸੁਰਤ’ ਦੇ ਟਿਕਾਅ ਦੀ ਲੋੜ ਹੈ
ਕਿਉਂਕਿ ਜੇਕਰ ‘ਸ਼ਬਦ ਨਾਲ ਸੁਰਤ’ ਦਾ ਹੀ ਮਿਲਾਪ ਨਹੀਂ ਤਾਂ ਵੀ ਗੱਲ ਨਹੀਂ ਬਣੇਗੀ।
ਉਪ੍ਰੰਤ ਇਥੇ ਗੁਰੂ ਭਾਵ “ਸ਼ਬਦ” ਹੀ ਹੈ ਜੋ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ
ਭੇਦੁ ਨ ਭਾਈ” (ਪੰ: 442) ਰੂਪ, ਰੇਖ ਰੰਗ ਤੋਂ ਨਿਆਰੇ, ਅਕਾਲਪੁਰਖ ਤੋਂ ਵੱਖ ਨਹੀਂ।
‘ਗੁਰੂ ਕੀਆਂ ਸੰਗਤਾਂ’ ਵਿਚਾਲੇ ਗੁਰਬਾਣੀ ਪੱਖੋਂ ‘ਗੁਰੂ’ ਪਦ ਬਾਰੇ
ਅਗਿਆਨਤਾ ਦਾ ਹੀ ਸ਼ਿਖਰ ਹੈ ਜੋ ਅੱਜ ਸਾਰੇ ਪਾਸੇ ਭੰਨਿਆਰੇ, ਆਸ਼ੂਤੋਸ਼, ਸੌਦਾ ਸਾਧ, ਨਿਰੰਕਾਰੀਏ,
ਰਾਧਾਸੁਆਮੀਏ, ਨਾਮਧਾਰੀਏ ਤੇ ਸੰਤ ਬਾਬੇ ਆਦਿ ਤੇ ਪਖੰਡੀ-ਡੰਮੀ ਬਰਸਾਤੀ ਗੁਰੂਆਂ ਦੀਆਂ ਡਾਰਾਂ
ਲੱਗੀਆਂ ਹਨ। ਮੌਜੂਦਾ ਵੋਟਾਂ ਦੀ ਦੌੜ ਤੇ ਗੰਦੀ ਰਾਜਨੀਤੀ, ਇਸ ਦਲਦਲ ਨੂੰ ਹੋਰ ਵੀ ਹਵਾ ਦੇ ਰਹੀ
ਹੈ। ਉਸੇ ਦਾ ਨਤੀਜਾ, ਸਿੱਖ ਧਰਮ ਦੀ ਜਨਮ-ਭੂਮੀ ਪੰਜਾਬ ਵੀ ਸਿੱਖੀ ਤੋਂ ਖਾਲੀ ਹੋ ਰਿਹਾ ਹੈ। ਲੋੜ
ਹੈ ਤਾਂ ਜਿਸ ‘ਗੁਰੂ’ ‘ਸਤਿਗੁਰੂ’ ‘ਸ਼ਬਦ’ ‘ਸ਼ਬਦ ਗੁਰੂ’ ਦੇ ਲੜ ਲਗਣ ਲਈ ਗੁਰਬਾਣੀ
`ਚ ਸਿੱਖ ਨੂੰ ਤਾਕੀਦ ਕੀਤੀ ਗਈ ਹੈ ਉਸ ਦੀ ਪਛਾਣ ਦੁਨੀਆਂ ਪਿਛੇ ਲਗ ਕੇ ਨਹੀਂ ਬਲਕਿ ਕੇਵਲ ਤੇ ਕੇਵਲ
ਗੁਰਬਾਣੀ ਚੋਂ ਹੀ ਕੀਤੀ ਜਾਵੇ, ਸਾਰੀ ਗੱਲ ਸਮਝ `ਚ ਆ ਜਾਵੇਗੀ। ਇਥੇ ਸਰੀਰ ਗੁਰੂ ਦੀ ਗੱਲ ਤਾਂ
ਹੈ ਹੀ ਨਹੀਂ।
“ਸਬਦੁ ਦੀਪਕੁ ਵਰਤੈ ਤਿਹੁ ਲੋਇ” - (ਪੰ: ੬੬੪) ਗੁਰਬਾਣੀ ਰਾਹੀਂ
ਮਨੁੱਖ ਨੂੰ ਜਿਸ ‘ਗੁਰੂ’ ਨਾਲ ਜੁੜ ਕੇ ਅਕਾਲਪੁਰਖ `ਚ ਲੀਨ ਹੋਣ ਲਈ ਦ੍ਰਿੜ ਕੀਤਾ ਹੈ ਉਹ ਸਰੀਰ
ਨਹੀਂ। ਉਹ ਸਤਿਗੁਰੂ ਭਾਵ ਸਦਾ ਥਿਰ ਗੁਰੂ ਹੈ ਤੇ ਜਨਮ-ਮਰਣ `ਚ ਆਉਣ ਵਾਲਾ ਨਹੀਂ। ਉਸ ਗੁਰੂ ਬਾਰੇ
ਤਾਂ “ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ” (ਪੰ: ੩੫੧)। ਸ਼ਬਦ ਗੁਰੂ
ਨੂੰ ਅੱਖਰਾਂ ਦੀ ਵੀ ਲੋੜ ਨਹੀਂ ਫ਼ਿਰ ਵੀ ‘ਸ਼ਬਦਾ ਅਵਤਾਰ’ ਗੁਰੂ ਨਾਨਕ ਪਾਤਸ਼ਾਹ ਨੇ ਆਪ ‘ਸ਼ਬਦ
ਗੁਰੂ’ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਰੂਪ `ਚ ਪ੍ਰਗਟ ਕੀਤਾ। ਸੰਨ ੧੪੬੯
`ਚ ਉਸ ਦਾ ਆਦਿ ਤੇ ਸੰਨ ੧੭੦੮ ਸੰਪੂਰਣਤਾ ਵੀ ਆਪ ਬਖਸ਼ੀ। ਕਿਉਂਕਿ “ਗੁਰਬਾਣੀ ਇਸੁ ਜਗ ਮਹਿ
ਚਾਨਣੁ ਕਰਮਿ ਵਸੈ ਮਨਿ ਆਏ” (ਪੰ: ੬੩) ਕਾਰਨ ਮਨੁੱਖ ਮਾਤ੍ਰ ਦੀ ਸੰਭਾਲ ਇਸ ਬਿਨਾ ਸੰਭਵ ਨਹੀਂ
ਸੀ। ਗੁਰਬਾਣੀ ਪਿਆਰੇ ਇਸ ਇਲਾਹੀ ਸੱਚ ਦਾ ਅੰਦਾਜ਼ਾ ਬਾਣੀ ਚੋਂ ਹੀ ਲਗਾ ਸਕਦੇ ਹਨ।
“ਜੋਤਿ ਰੂਪਿ ਹਰਿ ਆਪਿ” -ਹੋ ਸਕਦਾ ਹੈ ਕੁੱਝ ਦੰਭੀ-ਪਾਖੰਡੀ ਜਾਂ
ਅਗਿਆਨੀ ਲੋਕ ਇਹ ਉਟੰਕਣ ਕਰਣ, ‘ਜਦੋਂ ਸਰੀਰ ਗੁਰੂ ਹੈ ਹੀ ਨਹੀਂ ਤਾਂ ਦਸ ਪਾਤਸ਼ਾਹੀਆਂ ਬਾਰੇ ਕੀ
ਕਿਹਾ ਜਾਵੇ?’ ਬੇਸ਼ਕ ਇਸ ਨੂੰ ਅਸੀਂ ਬਾਣੀ ‘ਸਿਧ ਗੋਸ਼ਟਿ’ ਚੋਂ ਦੇਖ ਵੀ ਚੁਕੇ ਹਾਂ। ਹੋਰ ਵੀ ਜਿਉਂ
ਜਿਊਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਾਪਤ ਸੋਝੀ ਵਲ ਵਧਾਂਗੇ, ਅਸਲੀਅਤ
ਉਘੜਦੀ ਆਵੇਗੀ ਫ਼ਿਰ ਵੀ:
(੧) ਮਨੁੱਖ ਮਾਤ੍ਰ ਦੀ ਸੰਭਾਲ-ਉਧਾਰ ਲਈ ਬੇਸ਼ਕ ਗੁਰੂ ਨਾਨਕ ਪਾਤਸ਼ਾਹ ਮਨੁੱਖ
ਰੂਪ `ਚ ਪ੍ਰਗਟ ਹੋਏ ਤਾਂ ਵੀ “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੮)
ਆਪ ਅਕਾਲਪੁਰਖ ਦੇ ਸਦੀਵੀ, ਸਰਬਕਾਲੀ, ਸਰਬ ਵਿਆਪਕ ਗੁਣ, ‘ਸ਼ਬਦ ਗੁਰੂ, ਸਤਿਗੁਰੂ, ਗੁਰੂ’
ਦਾ ਹੀ ਪ੍ਰਗਟਾਵਾ ਸਨ; ਇਸ ਲਈ ਜਮਾਂਦਰੂ ਗੁਰੂ ਸਨ।
(੨) ਹੈਰਾਣਕੁਣ ਸਚਾਈ-ਸੰਸਾਰ ਪੱਧਰ ਤੇ ਜਿੰਨੇ ਵੀ ਰਾਜੇ,
ਮਹਾਰਾਜੇ, ਬਾਦਸ਼ਾਹ, ਗੱਦੀਦਾਰ ਆਏ, ਕਦੇ ਨਹੀਂ ਹੋਇਆ ਜੋ ਇੱਕ ਦੀ ਲਿਆਕਤ, ਕਾਰਜ ਢੰਗ, ਸੋਚਣੀ ਆਪਣੇ
ਤੋਂ ਪਹਿਲੇ ਜਾਂ ਬਾਅਦ ਵਾਲੇ ਨਾਲ ਇਕੋ ਹੋਵੇ ਤੇ ਇੱਕ ਨੇ ਜਿੱਥੇ ਕੰਮ ਛੱਡਿਆ, ਆਉਣ ਵਾਲੇ ਨੇ ਉਸੇ
ਨੂੰ ਅਗੇ ਟੋਰਿਆ ਹੋਵੇ। ਇਹ ਵਿਲੱਖਣਤਾ ਵੀ ਕੇਵਲ ਗੁਰੂ ਨਾਨਕ ਦਰ ਤੇ ਹੀ ਮਿਲੇਗੀ
(੩) ਗੁਰੂ ਨਾਨਕ ਸਾਹਿਬ ਚੂੰਕਿ ‘ਸ਼ਬਦਾ ਅਵਤਾਰ’ ਸਨ, ਨਤੀਜਾ,
ਉਹਨਾਂ ਨੇ ਜਿਸ `ਤੇ ਵੀ ਆਪਣੀ ਬਖਸ਼ਿਸ਼ ਦਾ ਹੱਥ ਰਖਿਆ, ਮੇਹਰ ਦੀ ਨਜ਼ਰ ਕੀਤੀ। ਫ਼ਿਰ ਭਾਵੇਂ ਉਮਰ
72 ਸਾਲ ਸੀ ਜਾਂ ਸਵਾ ਪੰਜ ਸਾਲ; ਦੇਵੀ ਭਗਤਾਂ ਚੋਂ ਵੀ ਆਗੂ ਸੀ ਜਾਂ ਨਿਯਮ ਨਾਲ ਗੰਗਾ ਇਸ਼ਨਾਨ
ਜਾਣ ਵਾਲਾ ਕਰਮਕਾਂਡੀ: ਉਪ੍ਰੰਤ ਗੁਰੂ ਨਾਨਕ ਹੀ ਹੋ ਨਿਬੜਿਆ। ਬਾਕੀ ਨੌਂ ਜਾਮੇ ਇਸੇ ਰੱਬੀ ਸੱਚ ਦਾ
ਸਬੂਤ ਹਨ।
(੪) ਕਮਾਲ ਹੈ ਕਿ ਜਿਹੜਾ ਇਲਾਹੀ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ
ਜਾਮੇ `ਚ ਉਲੀਕਿਆ; ਦੱਸਵੇਂ ਜਾਮੇ `ਚ ਪੁਜ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ਉਸ
ਨੂੰ ਸੰਪੂਰਣਤਾ ਵੀ ਆਪ ਬਖਸ਼ੀ। ਸੰਸਾਰਕ-ਪ੍ਰਵਾਰਕ-ਰਾਜਸੀ ਉਤਾਰ ਚੜ੍ਹਾਵ ਰੁਕਾਵਟਾਂ ਨਿੱਤ ਆਈਆਂ, ਪਰ
ਇਲਾਹੀ ਪ੍ਰੋਗਰਾਮ ਦਾ ਰਸਤਾ ਨਾ ਰੋਕ ਸਕੀਆਂ।
(੫) ਹਦੋਂ ਵੱਧ ਹੈਰਾਣਕੁਣ, ਇੰਨੇ ਵੱਡੇ ਸੰਸਾਰ `ਚ ਵਿਚਰਦੇ ਗੁਰੂ ਨਾਨਕ
ਪਾਤਸ਼ਾਹ ਨੇ ਕੇਵਲ ਉਹਨਾਂ 15 ਭਗਤਾਂ ਦੀਆਂ ਵੀ ਤੇ ਉਹੀ ਰਚਨਾਵਾਂ ਚੁੱਕੀਆਂ, ਜੋ ਉਹਨਾਂ ਦੇ
ਸਫ਼ਲ ਜੀਵਨ ਦੀਆਂ ਤੇ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ
ਭਰੇ ਭੰਡਾਰ” (ਪੰ: 646) ਵਾਲੀ ਕਸਵੱਟੀ ਤੇ ਪੂਰੀਆਂ ਉਤਰਦੀਆਂ ਸਨ, ਹਾਲਾਂਕਿ
ਭਗਤਾਂ-ਮਹਾਪੁਰਖਾਂ ਦਾ ਘਾਟਾ ਨਹੀਂ ਸੀ। ਫ਼ਿਰ ਜਿਨ੍ਹਾਂ ਭਗਤਾਂ ਦੀਆਂ ਰਚਨਾਵਾਂ ਚੁਕੀਆਂ ਉਹਨਾਂ
ਦੀਆਂ ਜਾਤਾਂ, ਜਨਮ ਸਥਾਨ, ਪ੍ਰਾਂਤ ਤੇ ਜੰਮਾਂਦਰੂ ਧਰਮ ਵੀ ਇੱਕ ਨਹੀਂ ਸਨ।
(੫) ਅੱਜ ਵੀ ਸਾਇੰਸਦਾਨ ਬਹੁਤ ਮੇਹਨਤਾਂ ਤੋਂ ਬਾਅਦ ਜਿਥੇ ਪੁਜਦੇ ਹਨ
ਗੁਰਬਾਣੀ-ਗੁਰੂ ਉਸ ਤੋਂ ਵੀ ਬਹੁਤ ਅਗੇ ਮਿਲਦਾ ਹੈ ਕਿਉਂਕਿ ਇਹ ਸਚਮੁਚ ਸਤਿਗੁਰੂ ਤੇ ਅਕਾਲਪੁਰਖ
ਦਾ ਪ੍ਰਗਟਾਵਾ ਹੈ। ਉਪ੍ਰੰਤ ਗੁਰਬਾਣੀ `ਚ ਜਿੱਥੇ ਕਿਥੇ ਵੀ ਗੁਰੂ ਸਰੂਪਾਂ ਲਈ ‘ਸਰੀਰ ਗੁਰੂ’ ਦੀ ਗਲ
ਆਈ ਹੈ, ਉਥੇ ਹੀ ਉਹਨਾਂ ਅੰਦਰ ਕਲਾ ਅਕਾਲਪੁਰਖ ਦੀ ਹੀ ਦਰਸਾਈ ਹੈ, ਫ਼ਿਰ ਚਾਹੇ ‘ਭਟਾਂ ਦੇ ਸਵਈਏ’ ਹਨ
‘ਸਤੇ ਬਲਵੰਡ ਦੀ ਵਾਰ’ ਜਾਂ ਹੋਰ; ਇਤਿਆਦਿ।