(ਪੰਨਾ
1406) ਅਰਥ: - ਅਸਾਂ ਸਤਿਗੁਰੂ ਦੀ ਸੰਗਤਿ ਵਾਲਾ ਇੱਕ ਉੱਚਾ ਰਾਹ ਸੁਣਿਆ ਹੈ, ਉਸ ਵਿੱਚ ਮਿਲ ਕੇ
ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।
ਅਤੇ ਭਾਈ ਗੁਰਦਾਸ ਜੀ ਇਸ ਸਬੰਧ ਵਿੱਚ ਚਰਚਾ ਕਰਦਿਆਂ ਕਹਿੰਦੇ ਹਨ:
ਪੂਰੇ ਪੂਰਾ ਪਿਰਮਰਸ ਪੂਰੇ ਗੁਰਮੁਖ ਪੰਥ ਚਲਾਯਾ॥ ਵਾਰ 6 ਪਉੜੀ 1 (ਅਰਥ:
ਪੂਰੇ ਨੇ ਪੂਰਾ ਪ੍ਰੇਮ ਦਾ ਰਸ, ਅਤੇ ਪੂਰਾ ਗੁਰਮੁਖ ਪੰਥ ਚਲਾਇਆ ਹੈ। ॥)
ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥ ਵਾਰ 1 ਪਉੜੀ 31
(ਅਰਥ: ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲਈ ਅਤੇ ਆਪਣਾ ਪੰਥ ਵੱਖਰਾ
ਕੀਤਾ।)
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥ ਵਾਰ 1 ਪਉੜੀ 45
(ਅਰਥ: ਗੁਰੂ ਨਾਨਕ ਮਹਾਰਾਜ ਨੇ ਸਾਰੇ ਸੰਸਾਰ ਵਿੱਚ ਹੁਕਮ ਦਾ ਸਿੱਕਾ ਤੋਰਿਆ ਅਤੇ ਨਿਰਮਲ ਪੰਥ
ਚਲਾਇਆ।)
ਇਹਨਾਂ ਵਾਰਾਂ ਵਿੱਚ ਭਾਈ ਸਾਹਿਬ ਇਸ ਨਿਰਮਲ ਪੰਥ ਦਾ ਹੀ ਜ਼ਿਕਰ ਕਰ ਰਹੇ ਹਨ,
ਅਤੇ ਇਸ ਨਿਰਮਲ ਪੰਥ ਦੇ ਪੈਰੋਕਾਰਾਂ ਨੂੰ ਹੀ 1699 ਦੀ ਵੈਸਾਖੀ ਨੂੰ ਖੰਡੇ ਦੀ ਪਾਹੁਲ ਦੀ ਬਖ਼ਸ਼ਸ਼
ਕਰਕੇ ਇਸ ਦੀ ਸੰਗਿਆ ਖ਼ਾਲਸਾ ਪੰਥ ਐਲਾਨੀ ਗਈ ਸੀ।
ਪਹਿਲੇ ਅਤੇ ਦਸਮੇਂ ਗੁਰੂ ਦੀ ਵਿਚਾਰਧਾਰਾ ਵਿੱਚ ਅੰਤਰ ਸਮਝਣ ਦਾ ਇੱਕ ਇਹ ਵੀ
ਕਾਰਨ ਬਣਿਆ ਕਿ ਦਸਮੇਸ਼ ਪਾਤਸ਼ਾਹ ਨੇ ਖੰਡੇ ਦੀ ਪਾਹੁਲ ਬਖ਼ਸ਼ਸ਼ ਕਰਕੇ ਜੋ ਰਹਿਤ ਦ੍ਰਿੜ ਕਰਾਈ ਹੈ, ਅਸੀਂ
ਉਸ ਦੀ ਵਿਆਖਿਆ ਇਸ ਢੰਗ ਨਾਲ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਕੇ ਇਹ ਸਭ ਕੁੱਝ ਦਸਵੇਂ ਪਾਤਸ਼ਾਹ ਦੇ
ਸਮੇਂ ਹੀ ਸਿੱਖੀ ਦੀ ਰਹਿਤ ਦਾ ਅੰਗ ਬਣਿਆ ਹੋਵੇ। ਉਦਾਹਰਣ ਦੇ ਤੌਰ `ਤੇ ਜਦ ਅਸੀਂ ਇਹ ਕਹਿੰਦੇ ਹਾਂ
ਕਿ ਦਸਮੇਸ਼ ਪਾਤਸ਼ਾਹ ਜੀ ਨੇ ਖੰਡੇ ਦੀ ਪਾਹੁਲ ਦੀ ਬਖ਼ਸ਼ਸ਼ ਕਰਕੇ ਸਿਖਾਂ `ਚੋਂ ਜਾਤਾਂ, ਗੋਤਾਂ ਦੇ ਸਭ
ਵਿਤਕਰੇ ਖ਼ਤਮ ਕਰ ਦਿੱਤੇ, ਕੇਵਲ ਇੱਕ ਅਕਾਲ ਪੁਰਖ ਦੇ ਲੜ ਲਾਇਆ, ਪਿਛਲੇ ਕਰਮ, ਧਰਮ, ਕੁਲ ਸਭ ਨਾਸ਼
ਕਰ ਦਿੱਤੇ ਇਤਿਆਦਿਕ। ਅਸੀਂ ਇੰਜ ਆਖਣ ਲਗਿਆਂ ਇਹ ਨਹੀਂ ਵਿਚਾਰਦੇ ਕਿ ਗੁਰੂ ਨਾਨਕ ਸਾਹਿਬ ਦੇ ਚਰਨੀ
ਲੱਗਣ ਵਾਲੇ ਗੁਰ ਸਿੱਖਾਂ ਨੇ ਇਹਨਾਂ ਗੱਲਾਂ ਦਾ ਤਿਆਗ ਕਰਕੇ ਹੀ ਗੁਰਸਿੱਖੀ ਦੀ ਦਾਤ ਹਾਸਲ ਕੀਤੀ
ਸੀ। ਇਹਨਾਂ ਕਰਮਾਂ ਦਾ ਤਿਆਗ ਕਰਨ ਕਾਰਨ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਵਲੋਂ ਦਰਸਾਈ ਜੀਵਨ ਜਾਚ ਨੂੰ
ਅਪਣਾਉਣ ਵਾਲਿਆਂ ਦਾ ਅਨਮਤੀ ਵਿਰੋਧ ਕਰ ਰਹੇ ਸਨ। ਸਰਕਾਰੇ ਦਰਬਾਰੇ ਵੀ ਜੋ ਹਜ਼ੂਰ ਵਿਰੁੱਧ ਸ਼ਿਕਾਇਤਾਂ
ਹੋਈਆਂ ਉਹਨਾਂ ਵਿੱਚ ਵੀ ਤਾਂ ਇਹ ਗੱਲ ਆਖੀ ਗਈ ਸੀ ਕਿ ਇਹ ਲੋਕ ਜਾਤ ਪਾਤ, ਛੂਆ –ਛਾਤ `ਚ ਵਿਸਵਾਸ਼
ਨਹੀਂ ਕਰਦੇ, ਸਾਰੇ ਇੱਕ ਹੀ ਥਾਂ ਤੇ ਬੈਠ ਕੇ ਪਰਸ਼ਾਦਾ ਛਕਦੇ ਹਨ, ਆਦਿ।
ਜੇਹੜੇ ਸੱਜਣ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕੇਵਲ ਇੱਕ ਜੀਵਨ
ਜਾਚ ਹੀ ਮਨੁੱਖ ਦੇ ਸਾਹਮਣੇ ਰੱਖੀ ਸੀ ਕੋਈ ਧਰਮ ਨਹੀਂ ਸੀ ਚਲਾਇਆ, ਉਹ ਇਹ ਭੁੱਲ ਜਾਂਦੇ ਹਨ ਕਿ
ਗੁਰਦੇਵ ਨੇ ਆਪਣੇ ਜੀਵਨ ਦੇ ਅੰਤਮ ਪੜਾਅ ਵਿੱਚ ਕਰਤਾਰ ਪੁਰ ਵਿਖੇ ਇਸ ਜੀਵਨ ਜਾਚ ਨੂੰ ਸਥਾਈ ਰੂਪ
ਵਿੱਚ ਕਾਇਮ ਕਰਨ ਲਈ ਉਪਰਾਲੇ ਕੀਤੇ ਅਤੇ ਉਹਨਾਂ ਵਿਚੋਂ ਗੁਰੂ ਅੰਗਦ ਸਾਹਿਬ ਨੂੰ ਆਪਣੇ ਹੱਥੀਂ ਆਪਣੇ
ਸਿੰਘਾਸਨ `ਤੇ ਬਠਾਉਣਾ, ਪ੍ਰਮੁੱਖ ਸੀ। ਭਾਈ ਗੁਰਦਾਸ ਇਸ ਘਟਨਾ ਦਾ ਜ਼ਿਕਰ ਕਰਦਿਆਂ ਆਪਣੀ ਪਹਿਲੀ ਵਾਰ
ਦੀ ਪੰਚਤਾਲਵੀਂ ਪਉੜੀ ਵਿੱਚ ਲਿੱਖਦੇ ਹਨ: ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ। …
ਕਾਇਆ ਪਲਟਿ ਸਰੂਪ ਬਣਾਇਆ।
ਗੁਰਗੱਦੀ ਦਾ ਇਹ ਸਿਲਸਿਲਾ ਇਸ ਗੱਲ ਦਾ ਹੀ ਪ੍ਰਮਾਣ ਹੈ ਕਿ ਗੁਰੂ ਸਾਹਿਬ
ਬਕਾਇਦਾ ਦੁਨੀਆਂ ਦੇ ਪਲੇਟ ਫਾਰਮ `ਤੇ ਇੱਕ ਅਜੇਹੇ ਨਿਰਮਲ ਪੰਥੀਆਂ ਦਾ ਰੂਪ ਉਭਾਰਨਾ ਚਾਹੁੰਦੇ ਸਨ
ਜੇਹੜੇ ਕੇਵਲ ਨਾਮ ਧਰਮ ਵਿੱਚ ਹੀ ਵਿਸਵਾਸ਼ ਰੱਖਣ ਵਾਲੇ ਹੋਣ। ਜੇਹੜੇ ਹਰੇਕ ਤਰ੍ਹਾਂ ਦੇ ਵਿਤਕਰਿਆਂ
ਤੋਂ ਉਪਰ ਉੱਠ ਚੁਕੇ ਹੋਣ, ਜੋ ਜਾਤ –ਪਾਤ, ਇਲਾਕਾ, ਦੇਸ਼, ਧਰਮ, ਲਿੰਗ, ਰੰਗ – ਨਸਲ ਦੇ ਭੇਦ- ਭਾਵ
ਤੋਂ ਰਹਿਤ ਹੋ ਕੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਿੱਚ ਹੀ ਵਿਸਵਾਸ਼ ਰੱਖ ਕੇ ਸਮੁੱਚੀ ਮਨੁੱਖਤਾ
ਨੂੰ ਉਸ ਪ੍ਰਭੂ ਦੀ ਕਿਰਤ ਸਮਝ ਕੇ ਭਰਾਤ੍ਰੀਭਾਵ ਦੇ ਧਾਰਨੀ ਹੋਣ। ਗੁਰੂ ਨਾਨਕ ਸਾਹਿਬ ਦੇ ਇਸ ਆਸ਼ੇ
ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਛੋਹ ਪ੍ਰਦਾਨ ਕਰਦਿਆਂ ਹੋਇਆਂ ਨਿਰਮਲ ਪੰਥ ਨੂੰ ਖ਼ਾਲਸਾ
ਪੰਥ ਦੇ ਜਥੇਬੰਧਕ ਢਾਂਚੇ ਦੇ ਰੂਪ `ਚ ਕਾਇਮ ਕਰਕੇ ਇਸ ਨੂੰ ਤਨ ਦੀ ਰਹਿਤ ਪ੍ਰਦਾਨ ਕੀਤੀ ਸੀ। (ਨੋਟ:
ਇੱਥੇ ਅਸੀਂ ਕਥਿੱਤ ਨਾਮ - ਧਰੀਕ ਖ਼ਾਲਸੇ ਦੀ ਗੱਲ ਨਹੀਂ ਕਰ ਰਹੇ ਹਾਂ ਜਿਸ ਵਿੱਚ ਸਿਵਾਏ ਬਾਹਰਲੀ
ਰਹਿਤ ਦੇ ਉਪਰੋਕਤ ਕੋਈ ਵੀ ਗੁਣ ਨਜ਼ਰ ਨਹੀਂ ਆਉਂਦਾ।)
ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਸ਼ਖਸ਼ੀਅਤ ਦਾ ਕੇਵਲ ਸ਼ੂਰਬੀਰਤਾ ਵਾਲਾ
ਪੱਖ ਹੀ ਸਾਡੇ ਲੇਖਕਾਂ ਨੇ ਵਧੇਰੇ ਉਭਾਰਿਆ ਹੈ। ਜਿਸ ਕਾਰਨ ਆਮ ਵਿਅਕਤੀ ਇਹ ਹੀ ਸਮਝਦਾ ਹੈ ਕਿ ਗੁਰੂ
ਗੋਬਿੰਦ ਸਿੰਘ ਜੀ ਕੇਵਲ ਇੱਕ ਮਹਾਨ ਯੋਧੇ ਸਨ, ਜਿਹਨਾਂ ਨੇ ਕੇਵਲ ਯੁੱਧ ਹੀ ਕੀਤੇ ਸਨ। ਸਾਡੇ ਇਹ
ਲੇਖਕ ਦਸਮੇਸ਼ ਪਾਤਸ਼ਾਹ ਜੀ ਦੀ ਸ਼ਖਸ਼ੀਅਤ ਦਾ ਇਹ ਪੱਖ ਨਹੀਂ ਉਭਾਰ ਸਕੇ ਕਿ ਹਜ਼ੂਰ ਗੁਰੂ ਨਾਨਕ ਮਹਾਰਾਜ
ਦੀ ਵਿਚਾਰਧਾਰਾ ਨੂੰ ਹੀ ਪ੍ਰਚਾਰਨ ਵਾਲੇ ਸਨ। ਤਲਵਾਰ ਤਾਂ ਗੁਰਦੇਵ ਨੂੰ ਮਜਬੂਰਨ ਉਠਾਨੀ ਪਈ ਸੀ।
ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿਖਦੇ ਹਨ ਕਿ, “ਦੇਸ਼ ਤੇ ਅਨਯਾਯ ਹੁੰਦਾ ਵੇਖਕੇ ਅਤੇ
ਭ੍ਰਮਜਾਲਾਂ ਵਿੱਚ ਲੋਕਾਂ ਨੂੰ ਫਸੇ ਜਾਣਕੇ, ਆਪ (ਗੁਰੂ ਗੋਬਿੰਦ ਸਿੰਘ ਜੀ) ਨੇ ਸ਼੍ਰੀ ਗੁਰੂ ਨਾਨਕ
ਦੇਵ ਦੇ ਪ੍ਰਗਟ ਕੀਤੇ ਅਕਾਲੀ ਧਰਮ ਦਾ ਵਡੇ ਉਤਸ਼ਾਹ ਅਤੇ ਯਤਨ ਨਾਲ ਪ੍ਰਚਾਰ ਆਰੰਭਿਆ, ਜਿਸ ਤੋਂ
ਪਹਾੜੀ ਰਾਜੇ ਅਰ ਸਮੇਂ ਦੇ ਹਾਕਿਮ ਸਤਿਗੁਰੂ ਦਾ ਸਿਧਾਂਤ ਸਮਝੇ ਬਿਨਾ, ਅਕਾਰਣ ਹੀ ਵੈਰੀ ਹੋ ਗਏ ਅਤੇ
ਆਪ ਨੂੰ ਸਵੈ ਰਖਯਾ ਲਈ ਜੰਗ ਕਰਨੇ ਪਏ।” ਅਸੀਂ ਖ਼ਾਲਸਾ ਪੰਥ ਦੀ ਵਿਆਖਿਆ ਕੁੱਝ ਇਸ ਢੰਗ ਦੀ ਕਰਨ ਲੱਗ
ਪਏ ਹਾਂ, ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਜਿਵੇਂ ਖ਼ਾਲਸਾ ਪੰਥ ਨਿਰਮਲ ਪੰਥ ਤੋਂ ਇੱਕ ਦਮ ਅੱਲਗ ਹੈ।
ਅਸੀਂ ਇਹ ਦੱਸਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਾਂ ਕਿ ਨਿਰਮਲ ਪੰਥ ਹੀ ਖ਼ਾਲਸਾ ਪੰਥ ਹੈ, ਜਿਸ ਦੀ
ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ। ਪੰਜ ਕਕਾਰਾਂ ਦੀ ਰਹਿਤ, ਸਿੱਖ ਦੀ ਅੰਦਰਲੀ ਰਹਿਤ ਦਾ
ਲਖਾਇਕ ਹੈ। ਮਨ ਦੀ ਰਹਿਤ ਦੇ ਲਖਾਇਕ ਇਹਨਾਂ ਚਿੰਨ੍ਹਾਂ ਦੀ ਕਿਉਂ ਲੋੜ ਪਈ। ਇਸ ਦੇ ਉੱਤਰ `ਚ ਸੰਖੇਪ
ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ, “ਧਾਰਮਿਕ ਵਲਵਲੇ ਜਦੋਂ ਜ਼ਾਹਿਰਾ ਰੂਪ ਧਾਰਦੇ ਹਨ ਤਾਂ ਉਹ ਧਰਮ
ਦੇ ਚਿੰਨ ਰਸਮਾਂ ਤੇ ਰਿਵਾਜ ਬਣ ਜਾਂਦੇ ਹਨ। ਜਿਕੁਰ ਬੀਜ ਬੀਜ ਦੇਵੀਏ ਤਾਂ ਪਤ੍ਰ, ਫੁਲ ਟਾਹਣ ਆਪੇ
ਹੀ ਨਿਕਲ ਆਂਵਦੇ ਹਨ, ਇਕੁਰ ਹੀ ਧਾਰਮਿਕ ਜੀਵਨ ਦੇ ਵਲਵਲੇ ਆਪਣੇ ਆਪ ਚਿੰਨ੍ਹ ਤੇ ਰਸਮਾਂ ਦਾ ਰੂਪ
ਧਾਰ ਲੈਂਦੇ ਹਨ।” (ਭਾਈ ਜੋਧ ਸਿੰਘ – ਗੁਰਮਤਿ ਨਿਰਣਯ) ਸੋ ਗੱਲ ਕੀ, ਕਕਾਰ ਸਿੱਖੀ ਦੀ ਰਹਿਤ ਦਾ
ਇੱਕ ਅੰਗ ਹਨ ਨਾ ਕਿ ਪੂਰੀ ਰਹਿਤ। ਜੇਕਰ ਕਕਾਰਾਂ ਦਾ ਧਾਰਨੀ ਅੰਦਰਲੀ ਰਹਿਤ ਤੋਂ ਸੱਖਣਾ ਹੈ ਤਾਂ
ਐਸੇ ਸਿੱਖ ਦੇ ਤਨ `ਤੇ ਪਹਿਨੇ ਹੋਏ ਕਕਾਰ ਭੇਖ ਹਨ, ਅਤੇ ਭੇਖ ਦੀ ਗੁਰਮਤਿ ਰਹਿਣੀ ਵਿੱਚ ਸਖ਼ਤ ਸ਼ਬਦਾਂ
`ਚ ਨਿਖੇਧੀ ਕੀਤੀ ਗਈ ਹੈ।
ਹੇਠਾਂ ਰਹਿਤਨਾਮਿਆਂ ਵਿਚੋਂ ਖ਼ਾਲਸੇ ਦੀ ਰਹਿਤ ਨਾਲ ਸਬੰਧਤ ਕੁੱਝ ਕੁ ਰਹਿਤਾਂ
ਦਾ ਵਰਣਨ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਇਹ ਦੇਖ ਸਕੀਏ ਕਿ ਦਸਮੇਸ਼ ਪਾਤਸ਼ਾਹ ਜੀ ਨੇ ਜੀਵਨ ਮੁਕਤ
ਹੋਣ ਲਈ ਉਹੀ ਰਹਿਤ ਦ੍ਰਿੜ ਕਰਵਾਈ ਹੈ ਜੇਹੜੀ ਗੁਰੂ ਨਾਨਕ ਸਾਹਿਬ ਤੋਂ ਸਿੱਖਾਂ ਨੂੰ ਦ੍ਰਿੜ ਕਰਵਾਈ
ਜਾ ਰਹੀ ਸੀ।
ਅਰੁ ਸਭ ਤੇ ਵਡੀ ਰਹਿਤ ਏਹ ਹੈ ਜੋ ਮਿਥਿਆ ਨਾ ਬੋਲੇ। ਮਰਦੁ ਹੋਇਕੈ ਪਰਨਾਰੀ
ਕਾ ਸੰਗ ਨਾ ਕਰੇ, ਇਸਤ੍ਰੀ ਹੋਇਕੇ (ਪਰ) ਮਰਦਾਂ ਨੋ ਨਾ ਦੇਖੇ। ਲੋਭ ਨਾ ਕਰੈ, ਕ੍ਰੋਧ ਨਾ ਕਰੇ,
ਅੰਹਕਾਰ ਨਾ ਕਰੇ, ਬਹੁਤ ਮੋਹ ਨ ਕਰੈ, ਨਿੰਦਿਆ ਨਾ ਕਰੈ। …ਦੁਖਾਵੈ ਕਿਸੇ ਕੋ ਨਾਹੀ। ਮਿਠਾ ਬੋਲੇ।
ਜੇ ਕੋਈ ਬੁਰਾ ਭਲਾ ਕਹੈ; ਮਨ ਬਿਖੈ ਲਿਆਵੈ ਨਾਹੀ। …ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ
ਕਿਰਤਿ ਕਰਿ ਖਾਇ॥ (ਭਾਈ ਚਉਪਾ ਸਿੰਘ)
ਬਾਹਰਲੀ ਰਹਿਤ ਦੇ ਧਾਰਨੀ ਪਰੰਤੂ ਅੰਦਰਲੀ ਰਹਿਤ ਤੋਂ ਸੱਖਣੇ ਸਿੱਖ ਬਾਰੇ
ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ:
ਬੇਦ ਰਹਿਤ ਜਿਮ ਦਿਜ ਨ ਸੁਹਾਵਤ। ਸੀਲ ਰਹਿਤ ਕੁਲ ਨਾਰ ਨਾ ਭਾਵਤ॥
ਬੇਗ ਰਹਿਤ ਜਿਮ ਬਾਜੀ ਹੀਨ। ਰਹਤ ਬਿਨਾ ਤਿਮ ਕੇਸ ਮਲੀਨ॥
ਜਿਉ ਕਾਹੂੰ ਲੈ ਗਧਾ ਨਵ੍ਹਾਇਓ। ਫੂਲ ਮਾਲ ਤਿਹ ਮੂੰਡ ਧਰਾਇਓ॥
ਤਿਹਕਰ ਤਾਕੀ ਸੋਭਾ ਨਾਹੀ। ਹਾਸੀ ਜੋਗ ਹੋਇ ਜਗ ਮਾਹੀ॥
ਤਿਮ ਕੁਰਹਤੀਏ ਕੇਸ ਰਖਾਏ। ਕਹੋ ਸੋ ਕੈਸੇ ਸੋਭਾ ਪਾਏ॥
ਰਹਤ ਸੁ ਕੇਸਨ ਕੋ ਅਤਿ ਭੂਖਣ ਰਹਤ ਬਿਨਾ ਸਿਰ ਕੇਸ ਭੀ ਦੂਖਨ॥
ਰਹਤਵਾਨ ਜਗ ਸਿੰਘ ਜੇ ਕੋਈ। ਗੁਰ ਕੇ ਲੋਕ ਬਸੇਂਗੇ ਤੇਈ।
ਅੰਤ ਵਿੱਚ ਅਸਲ ਰਹਿਣੀ ਦਾ ਜ਼ਿਕਰ ਕਰਦਿਆਂ ਹੋਇਆਂ ਆਖਿਆ ਹੈ:
ਰਹਨੀ ਰਹੈ ਸੋਈ ਸਿਖ ਮੇਰਾ। ਓਹੁ ਠਾਕੁਰ ਮੈ ਉਸ ਕਾ ਚੇਰਾ॥ (ਭਾਈ ਦੇਸਾ
ਸਿੰਘ)
ਕੇਵਲ ਬਾਹਰਲੀ ਰਹਿਤ ਦਾ ਧਾਰਨੀ ਹੋਕੇ ਅਸਲ ਸਿੱਖ ਹੋਣ ਦਾ ਭਰਮ ਪਾਲਣ
ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਹੈ:
ਗੁਰੂ ਕਾ ਸਿਖ ਕੇਸਾਂ ਦੇ ਅਹੰਕਾਰ ਕਰ ਸਿਖੀ ਨ ਗਵਾਵੈ। ਕੇਸ ਬਾਹਰ ਦੀ ਸਿਖੀ
ਨਿਸ਼ਾਨੀ ਸਿਖੀ ਦੀ ਹੈ। (ਭਾਈ ਚੌਪਾ ਸਿੰਘ)
ਖ਼ਾਲਸੇ ਦੀ ਰਹਿਣੀ ਦਾ ਵਰਣਨ ਕਰਦਿਆਂ ਆਖਿਆ ਹੈ:
ਖਾਲਸਾ ਸੋਈ ਜੋ ਨਿੰਦਾ ਤਿਆਗੈ। … ਖਾਲਸਾ ਸੋਈ ਜੋ ਪੰਚ ਕਉ ਮਾਰੈ। ਖਾਲਸਾ
ਸੋਈ ਭਰਮ ਕੋ ਸਾੜੈ। ਖਾਲਸਾ ਸੋਈ ਮਾਨ ਜੋ ਤਿਆਗੈ। ਖਾਲਸਾ ਸੋਈ ਪਰਤ੍ਰਿਆ ਤੇ ਭਾਗੈ। ਖਾਲਸਾ ਸੋਈ
ਪਰਦ੍ਰਿਸਟਿ ਕਉ ਤਿਆਗੈ। (ਭਾਈ ਨੰਦ ਲਾਲ ਜੀ)
ਖੰਡੇ ਦੀ ਪਾਹੁਲ ਛਕਣ ਦਾ ਵਰਣਨ ਕਰਦਿਆਂ ਜਿੱਥੇ ਇਹ ਆਖਿਆ ਹੈ:
ਪ੍ਰਥਮ ਰਹਤ ਯਹ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨ
ਪਾਹੁਲ ਜੋ ਲਏ। ਪਾਂਚ ਸਿੰਘ ਅੰਮ੍ਰਿਤ ਦੇਵੈਂ। ਤਾਂ ਕੋ ਸਿਰ ਧਰਿ ਛਕਿ ਲੇਵੈਂ।
ਮਤਾਂ ਕੋਈ ਸਿੱਖ ਕੇਵਲ ਖੰਡੇ ਦੀ ਪਾਹੁਲ ਛੱਕ ਕੇ ਹੀ ਆਪਣੇ ਆਪ ਨੂੰ ਖ਼ਾਲਸਈ
ਰਹਿਤ ਦਾ ਧਾਰਨੀ ਨਾ ਸਮਝ ਲਏ, ਇਸ ਲਈ ਅਗਲੀਆਂ ਪੰਗਤੀਆਂ ਵਿੱਚ ਸਪਸ਼ਟ ਕਰ ਦਿੱਤਾ:
ਪੁਨ ਮਿਲਿ ਪਾਂਚਹੁ ਰਹਤ ਜੁ ਭਾਖਹਿਂ। ਤਾਂ ਕੋ ਮਨ ਮੈਂ ਦ੍ਰਿੜ ਕਰਿ ਰਾਖਹਿ।
ਕੁੜੀ ਮਾਰ ਆਦਿਕ ਹੈਂ ਜੇਤੇ। ਮਨ ਤੇ ਦੂਰ ਤਿਆਗੇ ਤੇਤੇ।
ਬਾਣੀ ਮਾਹਿ ਨੇਹੁ ਨਿਤ ਕਰਨੋ। ਚੁਗਲੀ ਨਿੰਦਾ ਅਰ ਪਰਹਰਨੋ।
ਪ੍ਰਥਮ ਰਹਤ ਏਹੀ ਹੈ ਕਹੀ। ਪਾਹੁਲ ਮੈਂ ਜੋ ਸਿੰਘਨ ਕਹੀ। (ਭਾਈ ਦੇਸਾ ਸਿੰਘ)
ਕੀ ਉਪਰੋਕਤ ਸੰਖੇਪ `ਚ ਵਰਣਨ ਕੀਤੀ ਰਹਿਤਨਾਮਿਆਂ ਦੇ ਅਧਾਰਤ ਰਹਿਤ ਦਾ ਸਿੱਖ
ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਧਾਰਨੀ ਨਹੀਂ ਰਿਹਾ ਹੈ?
ਗੁਰੂ ਨਾਨਕ ਸਾਹਿਬ ਨੇ ਜੇਕਰ ਇਹ ਆਖਿਆ ਹੈ ਕਿ,
ਭਾਈ ਗੁਰਦਾਸ ਜੀ ਆਪਣੀ 26 ਵਾਰ ਦੀ 31 ਪਉੜੀ ਵਿੱਚ ਇਸ ਸਿਧਾਂਤ ਨੂੰ ਇਸ
ਤਰ੍ਹਾਂ ਬਿਆਨ ਕਰਦੇ ਹਨ:
ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੁਤੈ ਪਾਤਿਸਾਹੀ॥
ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ॥
ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ॥
ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀ॥
ਮਾਲੁ ਮੁਲਕੁ ਅਪਣਾਇਦਾ ਤਖਤ ਬਖਤ ਚੜ੍ਹਿ ਬੇਪਰਵਾਹੀ॥
ਬਾਬਾਣੈ ਘਰਿ ਚਾਲ ਹੈ ਗੁਰਮੁਖਿ ਗਾਡੀ ਰਾਹੁ ਨਿਬਾਹੀ॥
ਇਕ ਦੋਹੀ ਟਕਸਾਲ ਇੱਕ ਕੁਤਬਾ ਤਖਤੁ ਸਚਾ ਦਰਗਾਹੀ॥
ਗੁਰਮੁਖਿ ਸੁਖ ਫਲੁ ਦਾਦਿ ਇਲਾਹੀ॥
ਅਤੇ ਭਾਈ ਨੰਦ ਲਾਲ ਜੀ ਇਸ ਹਕੀਕਤ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ: ਹਮੂ
ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦਿ ਊ ਜੌਹਰੋ ਮਾਨਕ ਅਸਤ॥ (ਅਰਥ: ਉਹੀ ਗੁਰੂ ਗੋਬਿੰਦ
ਸਿੰਘ ਹੈ ਅਤੇ ਉਹੀ ਗੁਰੂ ਨਾਨਕ ਗੁਰੂ ਹੈ, ਉਸ ਦੇ ਸ਼ਬਦ ਜਵਾਹਰਾਤ ਅਤੇ ਮਾਣਕ ਮੋਤੀ ਹਨ।) (ਜੋਤ
ਵਿਗਾਸ)
ਸੋ, ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਵਿੱਚ
ਕਿਸੇ ਤਰ੍ਹਾਂ ਦਾ ਕੋਈ ਭਿੰਨ – ਭੇਦ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੀ
ਵਿਚਾਰਧਾਰਾ ਨੂੰ ਹੀ ਪ੍ਰਚਾਰਿਆ ਹੈ ਅਥਵਾ ਉਸ ਦੇ ਹੀ ਪ੍ਰਚਾਰਕ ਸਨ।