(ਪੰ: 597) ਗੁਰਦੇਵ ਤਾਂ
ਇਹ ਵੀ ਬਾਰ ਬਾਰ ਸਪਸ਼ਟ ਕਰਦੇ ਹਨ ਕਿ ਪ੍ਰਭੂ ਆਪਣੀ ਇਸ ਰਚਨਾ ਤੋਂ ਵੱਖ ਨਹੀਂ, ਪ੍ਰਭੂ ਰਚਨਾ ਦੇ ਜ਼ਰੇ
ਜ਼ਰੇ `ਚ ਵਿਆਪਕ ਹੈ। ਇਸੇ ਤਰ੍ਹਾਂ ਇਥੇ “ਨਿਰਭੈ ਤਾੜੀ ਲਾਈ” ਦੇ ਵੀ ਕੁੱਝ ਲੋਕ ‘ਸਮਾਧੀ’
ਵਾਲੇ ਅਰਥ ਹੀ ਲੈਂਦੇ ਹਨ, ਜਦਕਿ ਅਰਥ ਹਨ “ਗੁਰੂ ਦੀ ਮਤਿ ਤੇ ਤੁਰ ਕੇ ਜਿਸ ਮਨੁੱਖ ਅੰਦਰੋਂ
(ਵਿਕਾਰਾਂ ਤੇ ਮੋਹ ਮਾਇਆ ਆਦਿ ਵਾਲੇ) ਕਰੜੇ ਕਿਵਾੜ ਖੁਲ੍ਹ ਜਾਂਦੇ ਹਨ ਤਾਂ ਉਸ ਨੂੰ ਸਮਝ ਆ ਜਾਂਦੀ
ਹੈ ਕਿ ਹਰੇਕ ਜੀਵ `ਚ ਵਿਆਪਕ ਹੋ ਕੇ ਵੀ ਪ੍ਰਭੂ ਆਪ ਹੀ ਨਿਰਭਉ ਅਵਸਥਾ `ਚ ਟਿਕਿਆ ਹੋਇਆ ਹੈ”। ਇਥੇ
‘ਤਾੜੀ ਲਾਈ’ ਦੇ ਅਰਥ ਹਨ ‘ਟਿਕਿਆ ਹੋਇਆ’ ਨਾ ਕਿ ‘ਸਮਾਧੀ’।
“ਜਹ ਦੇਖਾ ਤਹ ਅਵਰੁ ਨ ਕੋਇ” - ਗੁਰਦੇਵ ਦ੍ਰਿੜ ਕਰਵਾਉਂਦੇ
ਹਨ, ਐ ਮਨੁੱਖ! ਇਹ ਜਾਨਣਾ ਤੇਰਾ ਕੰਮ ਨਹੀਂ ਕਿ ਰੱਬ ਜੀ ਕਦੋਂ ਹੋਏ? ਰਚਨਾ ਕਦੋਂ ਬਣੀ? ਕਿਵੇਂ ਬਣੀ
ਆਦਿ. . । ਅਜਿਹੇ ਸੁਆਲ ਕਰਨੇ ਕੇਵਲ ਤੇਰੀ ਮੂਰਖਤਾ ਦਾ ਹੀ ਪ੍ਰਗਟਾਵਾ ਹਨ। ਦਰਅਸਲ ਸਮੁਚੀ ਰਚਨਾ
ਪ੍ਰਭੂ ਦਾ ਆਪਣਾ ਹੀ ਵਿਸਤਾਰ ਤੇ ਨਾਸ਼ਵਾਨ ਹੈ, ਜਦਕਿ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ” ਕੇਵਲ ਇਕਲਾ ਪ੍ਰਭੂ ਹੀ ਸਦੀਵੀ ਹੈ। ਗੁਰਬਾਣੀ ਅਨੁਸਾਰ ਰਚਨਾ, ਪ੍ਰਭੂ ਦਾ
ਸਰਗੁਣ ਸਰੂਪ ਹੈ, ਉਸਤੋਂ ਭਿੰਨ ਨਹੀਂ। ਫ਼ੁਰਮਾਣ ਹੈ “ਤੂੰ ਪੇਡੁ ਸਾਖ ਤੇਰੀ ਫੂਲੀ॥ ਤੂੰ ਸੂਖਮੁ
ਹੋਆ ਅਸਥੂਲੀ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ” (ਪੰ: 102)
ਜਾਂ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ
ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: 294) ਨਿਰਗੁਣ ਪ੍ਰਭੂ ਤਾਂ ਰਚਨਾ ਦੇ ਜ਼ਰੇ ਜ਼ਰੇ `ਚ
ਵਿਚਰ ਰਿਹਾ ਤੇ ਰਚਨਾ `ਚ ਜੀਵਨ ਸਤਿਆ ਦੇ ਰੂਪ `ਚ ਹੈ। ਜਿਸ ਰਚਨਾ ਬਾਰੇ ਨਾਸਮਝ ਇਨਸਾਨ ਸੁਆਲ ਕਰਦਾ
ਹੈ ‘ਪਹਿਲਾਂ ਮੁਰਗੀ ਹੋਈ ਜਾਂ ਆਂਡਾ’ ਜੇਕਰ ਉਸ ਨੂੰ ਸਮਝ ਆ ਜਾਵੇ “ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ” (ਬਾਣੀ ਜਪੁ)) ਤਾਂ ਇਹ ਘੁੰਣਤਰਾਂ ਹੀ ਮੁੱਕ ਜਾਣ। ਰਚਨਾ ਤਾਂ ਕਰਤੇ
ਲਈ ਕੇਵਲ “ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ” (ਪੰ: 284)
ਹੀ ਹੈ। ਜਦੋਂ ਚਾਹੇ ਪ੍ਰਭੂ ਇਸ ਨੂੰ ਫੈਲਾਅ ਦੇਵੇ ਜਾਂ ਸਮੇਟ ਲਵੇ, ਤਾਂ ਉਥੇ ਅਜੇਹੇ
ਸੁਆਲਾਂ-ਜੁਆਬਾਂ ਦਾ ਕੀ ਮੁੱਲ? ਜਦੋਂ “ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ॥ ਸਗਲੇ ਸੈਲ ਉਪਾਇ
ਸਮਾਏ, ਅਲਖੁ ਨ ਲਖਣਾ ਜਾਈ ਹੇ” (ਪੰ: 1021) ਇਹੀ ਨਹੀਂ “ਸਹਜਿ ਮਿਲੈ ਮਿਲਿਆ ਪਰਵਾਣੁ॥ ਨਾ
ਤਿਸੁ ਮਰਣੁ ਨ ਆਵਣੁ ਜਾਣੁ॥ ਠਾਕੁਰ ਮਹਿ ਦਾਸੁ, ਦਾਸ ਮਹਿ ਸੋਇ॥ ਜਹ ਦੇਖਾ ਤਹ ਅਵਰੁ ਨ ਕੋਇ”
(ਪੰ: 686) ਭਾਵ ਰੂਪ ਰੰਗ, ਰੇਖ ਤੋਂ ਨਿਆਰਾ ਹੋਣ ਦੇ ਬਾਵਜੂਦ ਪ੍ਰਭੂ ਰਚਨਾ `ਚ ਵਿਆਪਕ ਹੈ ਤੇ
ਰਚਨਾ ਦੇ ਹਰੇਕ ਅੰਗ `ਚ ਪ੍ਰਭੂ ਦੀ ਆਪਣੀ ਹੀ ਜੀਵਨ ਸੱਤਾ ਕੰਮ ਕਰ ਰਹੀ ਹੈ। ਪ੍ਰਭੂ ਸਦੀਵੀ ਹੈ
ਜਦਕਿ ਰਚਨਾ ਦਾ ਆਪਣਾ ਕੋਈ ਵਜੂਦ ਨਹੀਂ। ਤਾਂ ਤੇ ਜਗਿਆਸੂ ਜਦੋਂ ਇਸ ਸ਼ਬਦ ਦੀ ਗਹਿਰਾਈ `ਚ ਜਾਵੇਗਾ
ਤਾਂ ਉਸ ਨੂੰ ਸ਼ਬਦ ਦੀ ਇੱਕ ਇੱਕ ਪੰਕਤੀ ਚੋਂ ਰਚਨਾ ਦੇ ਮੂਲ਼, ਪ੍ਰਭੂ ਤੇ ਉਸ ਦੀ ਖੇਡ ਦੇ ਹੀ ਦਰਸ਼ਨ
ਹੋਣਗੇ। ਬਲਕਿ ਪ੍ਰਭੂ ਨੂੰ ਭੁਲਾਅ ਕੇ ਮਨੁੱਖ ਰਾਹੀਂ ਫੈਲਾਏ ਪਾਖੰਡ ਜਾਲ ਦੀ ਵੀ ਸਮਝ ਆਉਂਦੀ
ਜਾਵੇਗੀ
“ਪਿਤਾ ਕਾ ਜਨਮੁ ਕਿ ਜਾਨੈ ਪੂਤੁ” -ਕਈ ਵਾਰੀ ਗੋਦ ਲਏ ਬੱਚੇ ਨੂੰ ਤਾਂ
ਜੀਵਨ ਭਰ ਪਤਾ ਨਹੀਂ ਹੁੰਦਾ ਕਿ ਉਸ ਦੇ ਮਾਤਾ-ਪਿਤਾ, ਅਸਲੀ ਨਹੀਂ ਹਨ। ਉਪ੍ਰੰਤ ਔਲਾਦ ਨੂੰ ਆਪਣੇ
ਮਾਤਾ ਪਿਤਾ ਤੋਂ ਹੀ ਗਿਆਨ ਹੁੰਦਾ ਹੈ ਕਿ ਅਮੁਕੇ ਮਾਤਾ ਪਿਤਾ ਹੀ ਉਸ ਨੂੰ ਜਨਮ ਦੇਣ ਵਾਲੇ ਹਨ। ਫ਼ਿਰ
ਬੱਚਾ, ਜਿਸ ਆਪਣਾ ਹੀ ਜਨਮ ‘ਧੁੰਧੂਕਾਰਾ’ ਭਾਵ ਹਨੇਰੇ `ਚ ਹੈ ਉਹ ਕਿਵੇਂ ਦੱਸ ਸਕਦਾ ਹੈ ਕਿ
ਉਸ ਦੇ ਮਾਤਾ ਜਾਂ ਪਿਤਾ ਕਦੋਂ ਪੈਦਾ ਹੋਏ। ਠੀਕ ਜਾਂ ਗ਼ਲਤ, ਉਸ ਨੂੰ ਉਤਨਾ ਹੀ ਪਤਾ ਹੁੰਦਾ ਹੈ
ਜਿਤਨਾ ਉਸ ਨੂੰ ਕਿਸੇ ਦਸਿਆ। ਖੂਬੀ ਇਹ ਕਿ ਉਹੀ ਮਨੁੱਖ ਜੋ ਆਪਣੇ ਮਾਤਾ-ਪਿਤਾ ਬਲਕਿ ਆਪੇ ਜਨਮ ਦੀ
ਅਸਲੀਅਤ ਬਾਰੇ ਬੁੱਝ ਸਕਦਾ, ਮਨ `ਚ ਅਜੇਹੇ ਸੁਆਲ ਲੈ ਕੇ ਬੈਠਾ ਹੁੰਦਾ ਹੈ ਜੋ ਉਸ ਦੀ ਸੀਮਾ ਦੇ ਵੀ
ਨਹੀਂ ਹੁੰਦੇ ਬਲਕਿ ਉਸ ਦੀ ਮੂਰਖਤਾ ਦੀ ਹੀ ਉਪਜ ਹੁੰਦੇ ਹਨ।
ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਲੋਕਾਈ `ਚ ਅਜੇਹੇ ਹੀ
ਅਨੇਕਾਂ ਸੁਆਲ ਪ੍ਰਚਲਤ ਸਨ। ਜਿਸਦਾ ਨਤੀਜਾ, ਧਰਮ ਦੇ ਬਨਾਵਟੀ ਠੇਕੇਦਾਰਾਂ-ਠੱਗਾਂ ਨੇ ਭੋਲੀ ਭਾਲੇ
ਲੋਕਾਂ ਨੂੰ ਅਗਿਆਣਤਾ ਚੋਂ ਕੱਢਣ ਦੀ ਬਜਾਏ, ਆਪਣੇ ਹਲਵੇ-ਮਾਂਡੇ ਤੇ ਫੋਕੀ ਵਾਹ! ਵਾਹ ਲਈ, ਇਨਸਾਨ
ਨੂੰ ਹੋਰ ਗੁੰਝਲਾਂ `ਚ ਪਾਇਆ ਤੇ ਉਲਝਾਇਆ। ਗੁਰਦੇਵ ਨੇ ਅਜਿਹੇ ਮੂਰਖਤਾ ਪੂਰਣ ਸੁਆਲਾਂ ਨੂੰ ਨਕਾਰਿਆ
ਤੇ ਫ਼ੁਰਮਾਇਆਂ “ਪਿਤਾ ਕਾ ਜਨਮੁ ਕਿ ਜਾਨੈ ਪੂਤੁ” (ਪੰ: 284)। ਇਸ ਤਰ੍ਹਾਂ ਲੋਕਾਈ ਨੂੰ
ਸੁਚੇਤ ਕੀਤਾ ਤੇ ਤੱਤ ਦੀ ਗੱਲ ਸਮਝਾਈ ਕਿ ਜਦੋਂ ਕੋਈ ਬੱਚਾ ਆਪਣਾ ਤੇ ਮਾਤਾ, ਪਿਤਾ ਬਾਰੇ
ਨਹੀਂ ਦਸ ਸਕਦਾ ਤਾਂ ਉਹ ਪ੍ਰਭੂ ਤੇ ਉਸਦੀ ਰਚਨਾ ਬਾਰੇ ਅਜਿਹੇ ਸੁਆਲ ਕਿਵੇਂ ਕਰਦਾ ਹੈ?
“ਕਵਣੁ ਸੁ ਵੇਲਾ ਵਖਤੁ ਕਵਣੁ” - ਮਨੁੱਖ ਦੇ ਅਜਿਹੇ ਮੂਰਖਤਾ ਪੂਰਨ
ਸੁਆਲ ਤੇ ਧਾਰਮਕ ਠੇਕੇਦਾਰਾਂ ਦੇ ਉੱਤਰਾਂ ਦੀਆਂ ਹੀ ਕੁੱਝ ਵੰਨਗੀਆਂ ਹਨ
ਸੀ ਤਾਂ ਵੀ ਪ੍ਰਭੂ ਦੀ ਹੋਂਦ ਹੈ ਸੀ, ਪ੍ਰਭੂ ਟਿਕਿਆ ਹੋਇਆ ਸੀ। ਚੂੰਕਿ ਪ੍ਰਭੂ ਦੀ ਹੋਂਦ ਤਾਂ ਸੀ
ਹੀ, ਫ਼ਿਰ ਜਦੋਂ ਉਸ ਦੀ ਇਛਾ ਹੋਈ ਉਸ ਨੇ “ਹੁਕਮੁ ਅਪਾਰਾ” ਭਾਵ ਆਪਣੇ ਹੁਕਮ ਦੀ ਖੇਡ ਨਾਲ (
“ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ” ) ਅਨੁਸਾਰ ਰਚਨਾ ਪ੍ਰਗਟ ਕਰ ਦਿੱਤੀ।
ਇਸਲਈ ਜਦੋਂ ਰਚਨਾ ਹੀ ਨਹੀਂ ਸੀ ਤਾਂ ਸਪਸ਼ਟ ਹੋਇਆ ਕਿ ਉਦੋਂ ਨਾ ਧਰਤੀ ਸੀ, ਨਾ ਆਕਾਸ਼; ਨਾ ਦਿਨ ਸੀ
ਨਾ ਰਾਤ; ਨਾ ਚੰਦ ਸੀ ਨਾ ਸੂਰਜ। ਤਦੋਂ ਪ੍ਰਮਾਤਮਾ ਆਪਣੇ ਆਪ `ਚ ਹੀ ਲੀਨ ਸੀ ਜਾਂ ਉਸਦੀ ਹੁਕਮ ਵਾਲੀ
ਸਤਿਆ ਸੀ। ਭਾਵ ਪ੍ਰਭੂ ਅਜਿਹੀ ਸਮਾਧੀ ਲਾਈ ਬੈਠਾ ਸੀ ਜਿਸ `ਚ ਕਿਸੇ ਤਰ੍ਹਾਂ ਦਾ ਫੁਰਨਾ ਹੈ ਹੀ
ਨਹੀਂ ਸੀ। ੧।
ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ ਖੰਡ ਪਤਾਲ ਸਪਤ
ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ॥ ੨॥
ਤਦੋਂ ਜਦੋਂ ਰਚਨਾ ਹੀ ਨਹੀਂ ਸੀ ਤਾਂ ਨਾ ਖਾਣੀਆਂ ਸਨ ਨਾ ਬਾਣੀਆਂ (ਨਾਦ)
ਸਨ; ਨਾ ਹਵਾ ਸੀ ਨਾ ਪਾਣੀ ਸੀ; ਨਾ ਉਤਪੱਤੀ ਸੀ ਨਾ ਪਰਲੋ (ਅੰਤ) ਸੀ; ਨਾ ਜਨਮ ਸੀ ਨਾ ਮਰਨ ਸੀ; ਨਾ
ਧਰਤੀ ਦੇ ਖੰਡ (ਟੁਕੜੇ) ਸਨ ਨਾ ਪਾਤਾਲ ਸੀ। ਨਾ ਨਦੀਆਂ `ਚ ਪਾਣੀ ਵਹਿ ਰਿਹਾ ਸੀ ਭਾਵ ਨਦੀਆਂ ਵਾਲਾ
ਸਿਲਸਿਲਾ ਵੀ ਨਹੀਂ ਸੀ ਇਸ ਲਈ ਨਾ ਸਤ ਸਮੁੰਦਰ ਸਨ। ੨।
ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀਂ ਖੈ ਕਾਲਾ॥ ਨਰਕੁ ਸੁਰਗੁ
ਨਹੀਂ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ ੩॥
ਤਦੋਂ ਨਾ (ਪ੍ਰਚਲਤ) ਸੁਰਗ, ਮਾਤ ਜਾਂ ਪਾਤਾਲ ਲੋਕ ਸਨ। ਨਾ ਦੋਜ਼ਖ਼-ਬਹਿਸ਼ਤ ਤੇ
ਨਾ ਮੌਤ ਲਿਆਉਣ ਵਾਲਾ (ਮੰਨਿਆਂ ਜਾਂਦਾ) ਕਾਲ (ਦੇਵਤਾ) ਸੀ। ਤਦੋਂ ਨਾ ਨਰਕ- ਸੁਰਗ, ਨਾ ਜਨਮ-ਮਰਨ;
ਨਾ ਸੰਸਾਰ `ਚ ਕੋਈ ਆਉਂਦਾ ਸੀ ਤੇ ਨਾ ਵਾਪਸ ਜਾਂਦਾ (ਮਰਦਾ) ਸੀ। ੩।
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ
ਨਹੀਂ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ ੪॥
ਤਦੋਂ ਨਾ (ਪ੍ਰਚਲਤ) ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਸਨ। ਤਦੋਂ ਪ੍ਰਭੂ ਆਪ ਹੀ
ਆਪ ਸੀ। ਤਦੋਂ ਨਾ ਕੋਈ ਇਸਤ੍ਰੀ ਸੀ ਨਾ ਮਰਦ, ਨਾ ਜਾਤ-ਜਨਮ ਦਾ ਸਿਲਸਿਲਾ ਸੀ ਇਸ ਲਈ ਦੁੱਖ-ਸੁਖ
ਭੋਗਣ ਵਾਲਾ ਵੀ ਕੋਈ ਨਹੀਂ ਸੀ। ੪।
ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥ ਜੋਗੀ ਜੰਗਮ
ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ ੫॥
ਤਦੋਂ ਨਾ ਕੋਈ ਜਤੀ ਸੀ ਨਾ ਸਤੀ ਤੇ ਨਾ ਕੋਈ ਪ੍ਰਵਾਰ ਤਿਆਗ ਕੇ ਜੰਗਲਾਂ `ਚ
ਜਾਣ ਵਾਲਾ ਤਿਆਗੀ ਸੀ। ਨਾ ਸਿੱਧ ਸਨ ਨਾ ਸਾਧਿਕ ਤੇ ਨਾ ਸੁਖਵਾਸੀ ਭਾਵ ਗ੍ਰਿਹਸਤੀ ਲੋਕ ਸਨ। ਤਦੋਂ
ਨਾ ਕੋਈ ਜੋਗੀ ਸੀ ਨਾ ਜੰਗਮ ਤੇ ਨਾ ਉਹਨਾਂ ਦੇ ਗੁਰੂ ਅਖਵਾਉਣ ਵਾਲੇ (ਨਾਥ) ਸਨ। ੫।
ਜਪ ਤਪ ਸੰਜਮ ਨਾ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ
ਵਿਗਸੈ ਆਪੇ ਕੀਮਤਿ ਪਾਇਦਾ॥ ੬॥
ਤਦੋਂ ਨਾ ਜਪ-ਤਪ-ਬ੍ਰਤ-ਪੂਜਾ-ਸੰਜਮ ਆਦਿ ਕਰਮਕਾਂਡ ਸਨ। ਤਦੋਂ ਕੋਈ ਵੀ ਨਹੀਂ
ਸੀ ਜੋ ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ। ਤਦੋਂ ਪ੍ਰਭੂ ਆਪ ਹੀ ਆਪਣੇ ਆਪ `ਚ ਪ੍ਰਗਟ
ਤੇ ਪ੍ਰਸੰਨ ਰਹਿ ਕੇ ਆਪਣੀ ਹੋਂਦ ਦੀ ਕੀਮਤ ਵੀ ਆਪ ਹੀ ਪਾ ਰਿਹਾ ਸੀ। ੬।
ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥ ਤੰਤੁ ਮੰਤੁ
ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ੭॥
ਤਦੋਂ ਨਾ ਕਿਤੇ ਸੁੱਚ-ਸੰਜਮ ਸੀ ਨਾ ਤੁਲਸੀ ਮਾਲਾ ਵਾਲੇ ਵਿਸ਼ਵਾਸ ਸਨ। ਤਦੋਂ
ਨਾ ਕਿਤੇ ਕਾਨ੍ਹ ਭਾਵ ਕ੍ਰਿਸ਼ਨ ਸੀ, ਨਾ ਗਊਆਂ ਸਨ, ਨਾ ਗਊਆਂ ਲਈ ਕੋਈ ਗੁਆਲਾ ਸੀ। ਤਦੋਂ ਨਾ ਕੋਈ
ਤੰਤ੍ਰਾਂ ਮੰਤਾਂ ਆਦਿ ਦੇ ਪਾਖੰਡ ਕਰਮ ਸਨ ਤੇ ਨਾ ਕੋਈ (ਕ੍ਰਿਸ਼ਨ) ਬੰਸਰੀ ਵਜਾ ਰਿਹਾ ਸੀ। ੭।
ਕਰਮ ਧਰਮ ਨਹੀਂ ਮਾਇਆ ਮਾਖੀ॥ ਜਾਤਿ ਜਨਮੁ ਨਹੀਂ ਦੀਸੈ ਆਖੀ॥ ਮਮਤਾ ਜਾਲੁ
ਕਾਲੁ ਨਹੀਂ ਮਾਥੈ ਨਾ ਕੋ ਕਿਸੈ ਧਿਆਇਦਾ॥ ੮॥
ਤਦੋਂ ਨਾ ਕੋਈ ਧਾਰਮਿਕ ਕਰਮ-ਕਾਂਡ ਸਨ ਨਾ ਮਾਇਆ ਵਾਲੀ ਮਿਠਾਸ (ਮਮਤਾ) ਸੀ।
ਤਦੋਂ ਨਾ ਕਿਤੇ ਕੋਈ (ਉੱਚੀ ਨੀਵੀਂ) ਜਾਤ (ਵਾਲਾ ਝਮੇਲਾ) ਸੀ ਤੇ ਨਾ ਕਿਸੇ ਜਾਤਿ `ਚ ਕੋਈ ਜਨਮ
ਲੈਂਦਾ (ਅਖੀਂ) ਦਿਸਦਾ ਸੀ। ਤਦੋਂ ਨਾ ਕਿਤੇ ਮੋਹ ਮਾਇਆ ਵਾਲਾ ਜਾਲ ਸੀ, ਨਾ ਕਿਸੇ ਦੇ ਸਿਰ ਤੇ ਕਾਲ
(ਕੂਕਦਾ ਸੀ) ਤੇ ਨਾ ਕੋਈ ਕਿਸੇ ਦਾ ਸਿਮਰਨ-ਧਿਆਨ ਹੀ ਧਰਦਾ ਸੀ। ੮।
ਨਿੰਦੁ ਬਿੰਦੁ ਨਹੀਂ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ॥ ਨਾ ਤਦਿ
ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥ ੯॥
ਤਦੋਂ ਨਾ ਕਿਤੇ ਨਿੰਦਿਆ ਸੀ ਨਾ ਖ਼ੁਸ਼ਾਮਦ, ਨਾ ਜੀਵਾਤਮਾ ਸੀ ਨਾ ਜਿੰਦ। ਤਦੋਂ
ਨਾ ਗੋਰਖ ਨਾਥ ਸੀ ਨਾ ਮਾਛਿੰਦ੍ਰ। ਨਾ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾ ਸਮਾਧੀਆਂ।
ਨਾ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾ ਕੋਈ (ਉਚੀ ਕੁਲ ਵਾਲਾ) ਹੰਕਾਰ ਹੀ ਕਰਦਾ ਸੀ। ੯।
ਵਰਨ ਭੇਖ ਨਹੀਂ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗ
ਨਹੀਂ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ ੧੦॥
ਤਦੋਂ ਨਾ ਬ੍ਰਾਹਮਣ ਖੱਤ੍ਰੀ ਆਦਿ ਵਰਣ ਸਨ; ਨਾ ਜੋਗੀਆਂ, ਸਨਿਆਸੀਆਂ,
ਬੈਰਾਗੀਆਂ ਆਦਿ ਵਾਲੇ ਭੇਖ ਸਨ। ਨਾ ਕੋਈ ਦੇਵਤਾ ਸੀ ਤੇ ਨਾ ਦੇਵਤਿਆਂ ਦੇ ਮੰਦਰ; ਨਾ ਗਊ ਸੀ, ਨਾ
ਗਾਇਤ੍ਰੀ ਆਦਿ ਦੇ ਮੰਤਰ ਸਨ। ਨਾ ਕਿਤੇ ਹਵਨ ਸਨ ਨਾ ਜੱਗ ਹੋ ਰਹੇ ਸਨ, ਨਾ ਤੀਰਥਾਂ ਦੇ ਸਨਾਨ ਸਨ ਤੇ
ਨਾ ਕੋਈ (ਦੇਵਤਿਆਂ-ਭਗਵਾਨਾ ਦੀ) ਪੂਜਾ ਕਰ ਰਿਹਾ ਸੀ। ੧੦।
ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ
ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ ੧੧॥
ਤਦੋਂ ਨਾ ਕੋਈ ਮੌਲਵੀ ਸੀ ਨਾ ਕਾਜ਼ੀ ਸੀ, ਨਾ ਸ਼ੇਖ਼ ਸੀ ਤੇ ਨਾ ਹਾਜੀ ਸੀ।
ਤਦੋਂ ਨਾ ਪਰਜਾ ਸੀ ਨਾ ਕੋਈ ਰਾਜਾ। ਨਾ ਕਿਧਰੇ ਹਉਮੈ ਸੀ, ਨਾ ਹੀ ਕੋਈ ਅਜਿਹੀ ਗੱਲ ਕਰਨ ਵਾਲਾ ਸੀ।
੧੧।
ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀਂ ਰਕਤੀ॥ ਆਪੇ ਸਾਹੁ
ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ ੧੨॥
ਤਦੋਂ ਨਾ ਕਿਤੇ ਪ੍ਰੇਮ ਸੀ ਨਾ ਕਿਸੇ ਲਈ ਭਗਤੀ ਸੀ; ਨਾ ਜੜ੍ਹ ਸੀ ਨਾ ਚੇਤਨ।
ਤਦੋਂ ਨਾ ਕੋਈ ਸੱਜਨ ਸੀ ਨਾ ਮਿੱਤਰ; ਨਾ ਪਿਤਾ ਦਾ ਵੀਰਜ ਸੀ ਨਾ ਮਾਂ ਦੀ ਰੱਤ; ਤਦੋਂ ਪ੍ਰਭੂ ਵੀ ਆਪ
ਸੀ ਤੇ ਵਣਜਾਰਾ ਵੀ ਆਪ ਹੀ ਸੀ, ਕਿੳਂਕਿ ਸਦਾ-ਥਿਰ ਪ੍ਰਭੂ ਨੂੰ ਉਦੋਂ ਇਹੀ ਚੰਗਾ ਲੱਗਦਾ ਸੀ। ੧੨।
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀਂ ਆਸਤ॥ ਕਹਤਾ ਬਕਤਾ
ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ ੧੩॥
ਤਦੋਂ ਨਾ ਵੇਦ ਸ਼ਾਸਤ੍ਰ ਸਿੰਮ੍ਰਿਤੀਆਂ ਸਨ, ਨਾ ਤੋਰਤੇ, ਅੰਜੀਲ, ਕੁਰਾਨ,
ਬਾਈਬਲ ਸ਼ਾਮੀ ਕਿਤਾਬਾਂ ਸਨ। ਨਾ ਪੁਰਾਣਾਂ ਦੇ ਪਾਠ ਸਨ ਤੇ ਨਾ ਸੂਰਜ ਚੜ੍ਹਦਾ-ਡੁੱਬਦਾ ਸੀ। ਤਦੋਂ
ਅਗੋਚਰ ਪ੍ਰਭੂ, ਆਪ ਹੀ ਬੋਲਣ ਚਾਲਣ ਵਾਲਾ ਸੀ, ਪ੍ਰਗਟ ਤੇ ਅਦ੍ਰਿਸ਼ਟ ਵੀ ਉਹ ਆਪ ਹੀ ਸੀ। ੧੩।
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ
ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥
ਜਦੋਂ ਪ੍ਰਭੂ ਨੂੰ ਚੰਗਾ ਲੱਗਾ, ਉਸ ਨੇ ਜਗਤ ਰਚਨਾ ਕਰ ਦਿੱਤੀ। ਇਸ
ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ।
ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ (ਭਾਵ ਉਤਪਤੀ ਸੰਭਾਲ ਤੇ ਦੀਬਾਣ ਵਾਲਾ
ਸਿਲਸਿਲਾ ਵੀ ਚਾਲੂ ਕਰ ਦਿੱਤਾ) ਤੇ ਇਹ ਮਾਇਆ ਮੋਹ ਵਾਲਾ ਨਿਯਮ ਵੀ ਘੜ ਦਿੱਤਾ। ੧੪।
ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ
ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫॥
ਵਿਰਲਿਆਂ ਨੂੰ ਗੁਰੂ ਨੇ ਉਪਦੇਸ਼ ਤੋਂ ਸੋਝੀ ਹੁੰਦੀ ਹੈ ਕਿ ਪ੍ਰਮਾਤਮਾ
ਜਗਤ ਪੈਦਾ ਕਰ ਕੇ ਸੰਭਾਲ ਵੀ ਆਪ ਹੀ ਕਰਦਾ ਅਤੇ ਹਰ ਥਾਂ ਉਸੇ ਪ੍ਰਭੂ ਦੇ ਹੁਕਮ ਦੀ ਖੇਡ ਵੀ ਚੱਲ
ਰਹੀ ਹੈ। ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਦੀਪਾਂ ਆਦਿ ਵਾਲੀ ਰਚਨਾ ਪ੍ਰਭੂ ਦੀ ਆਪਣੀ ਹੀ ਖੇਡ ਹੈ।
ਰਚਨਾ `ਚ ਹੀ ਉਹ ਆਪ (ਨਿਰਾਕਾਰ ਹੋ ਕੇ) ਗੁਪਤ ਵੀ ਹੈ ਤੇ (ਆਪਣੇ ਸਰਗੁਣ ਸਰੂਪ `ਚ) ਪ੍ਰਗਟ ਵੀ ਆਪ
ਹੀ ਹੈ ਭਾਵ ਸਾਰੀ ਰਚਨਾ ਉਸ ਦੀ ਪਹਿਚਾਣ ਵੀ ਹੈ। ੧੫।
ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ
ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬॥ ੩॥ ੧੫॥ {ਪੰਨਾ ੧੦੩੫-੧੦੩੬}
ਪੂਰੇ ਗੁਰੂ ਤੋਂ ਹੀ ਸਮਝ ਪੈਂਦੀ ਹੈ ਕਿ ਕੋਈ ਵੀ ਜੀਵ ਪ੍ਰਮਾਤਮਾ ਦਾ ਅੰਤ
ਨਹੀਂ ਪਾ ਸਕਦਾ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਜਿਹੜੇ ਬੰਦੇ ਉਸ ਸਦਾ-ਥਿਰ ਪ੍ਰਭੂ ਦੇ
ਰੰਗ `ਚ ਰੰਗੇ ਜਾਂਦੇ ਹਨ ਉਹ ਰਚਨਾ `ਚ ਪ੍ਰਭੂ ਦੇ ਬੇਅੰਤ ਕੌਤਕ ਵੇਖ ਵੇਖ ਕੇ ਵਿਸਮਾਦਤ ਹੁੰਦੇ ਤੇ
ਉਸ ਦੇ ਗੁਣ ਗਾਉਂਦੇ ਰਹਿੰਦੇ ਹਨ। ੧੬। ੩। ੧੫।
ਸ਼ਬਦ ਦਾ ਭਾਵ- ਜਿਸ ਮਨੁੱਖ ਨੂੰ ਗੁਰੂ-ਗੁਰਬਾਣੀ ਦੀ ਸਿੱਖਿਆ `ਤੇ ਚਲ
ਕੇ ਸਮਝ ਪੈ ਜਾਂਦੀ ਹੈ ਕਿ ਸਾਰੀ ਰਚਨਾ ਦਾ ਮੂਲ ਕੇਵਲ ਅਕਾਲਪੁਰਖ ਹੀ ਹੈ ਤਾਂ ਉਹ ਫ਼ਿਰ ਧਰਮ ਦੇ ਨਾਮ
ਹੇਠ ਪਾਏ ਗਏ ਭਰਮਾ-ਭੁਲੇਖਿਆਂ ਦਾ ਸ਼ਿਕਾਰ ਨਹੀਂ ਹੁੰਦਾ। ਉਸ ਅੰਦਰ ਵਿਤਕਰੇ-ਦਵੈਤ, ਮੇਰ-ਤੇਰ ਹਉਮੈ
ਮੁੱਕ ਜਾਂਦੀ ਹੈ, ਵਿਕਾਰ ਅਉਗੁਣ ਉਸ `ਤੇ ਭਾਰੂ ਨਹੀਂ ਹੁੰਦੇ। ਜੀਵਨ `ਚ ਨਿਖਾਰ ਆ ਜਾਂਦਾ ਹੈ।
ਜੀਵਨ `ਚ ਪ੍ਰਭੂ ਦਾ ਨਿਰਮਲ ਭਉ, ਦਇਆ, ਸੰਤੋਖ, ਪਰਉਪਕਾਰ ਆਦਿ ਇਲਾਹੀ ਗੁਣ ਪ੍ਰਗਟ ਹੋ ਜਾਂਦੇ ਹਨ।
ਹਿਰਦੇ `ਚ ਸਦੀਵੀ ਅਨੰਦ ਤੇ ਖੇੜਾ ੳੇੁਗਮ ਆਉਂਦਾ ਹੈ।
ਅਜਿਹੇ ਮਨੁੱਖ ਸੁੱਚਮਾ-ਸੰਜਮਾ ਵਾਲੇ ਲੰਮੇ ਚੌੜੇ ਕਰਮਕਾਂਡਾਂ ਦੇ ਜਾਲ `ਚ
ਨਹੀਂ ਫ਼ਸਦੇ। ਜੰਤ੍ਰਾਂ, ਮੰਤ੍ਰਾਂ, ਤੰਤ੍ਰਾਂ, ਰੂਹਾਂ-ਬਦਰੂਹਾਂ, ਭੁਤਾ-ਪ੍ਰੇਤਾਂ, ਜਨਮਪਤ੍ਰੀਆਂ
ਟੇਵਿਆਂ, ਮਹੂਰਤਾਂ, ਨਖਤ੍ਰਾਂ ਦੇ ਪਾਖੰਡ, ਦੇਵੀ-ਦੇਵਤਾ-ਅਵਤਾਰ ਵਾਦ, ਸਨਿੰਆਸੀਆਂ, ਜੋਗੀਆਂ,
ਬੈਰਾਗੀਆਂ, ਸਾਧਾਂ, ਸੰਤਾ, ਮਹਾਤਮਾਵਾਂ, ਮਹਾਪੁਰਸ਼ਾਂ, ਬਾਬਿਆਂ, ਦੰਭੀ ਪਾਖੰਡੀ ਗੁਰੂਆਂ ਵਾਲੇ
ਭੇਖਾਂ-ਪਾਖੰਡਾਂ ਦਾ ਸ਼ਿਕਾਰ ਨਹੀਂ ਹੁੰਦੇ। ਜੀਵਨ ਅੰਦਰ ਜਾਤਾਂ-ਪਾਤਾ, ਵਰਣਾ-ਗੋਤਾਂ,
ਦੇਸ਼ੀ-ਵਿਦੇਸ਼ੀ, ਬ੍ਰਾਹਮਣ-ਸ਼ੁਦਰ, ਇਸਤ੍ਰੀ-ਪੁਰਖ ਵਾਲੇ ਵਿਤਕਰੇ ਨਹੀਂ ਰਹਿ ਜਾਂਦੇ। ਕਾਰਣ ਹੁੰਦਾ
ਹੈ, ਉਸਨੂੰ ਹਰੇਕ ਅੰਦਰ ਪ੍ਰਭੂ ਦਾ ਨੂਰ ਤੇ ਉਸਦੇ ਬੇਅੰਤ ਰਚਨਾ ਵਿਚੋਂ ਪ੍ਰਭੂ ਦੀ ਹੋਂਦ ਤੇ ਉਸਦੇ
ਦਰਸ਼ਨ ਹੋ ਰਹੇ ਹੁੰਦੇ ਹਨ। ਧਾਰਮਿਕ ਵਖ੍ਰੇਵੇ ਮੁੱਕ ਜਾਂਦੇ ਤੇ ਇਕੋ ਇੱਕ ਰੱਬੀ ਧਰਮ ਦੇ ਰਾਹੀ ਹੋ
ਜਾਂਦੇ ਹਨ