ਦਸਮ ਗ੍ਰੰਥ ਦਾ ਲਿਖਾਰੀ ਇਤਿਹਾਸ ਤੋਂ ਕੋਰਾ…?
ਸਰਵਜੀਤ ਸਿੰਘ
ਹਰ ਨਵੇਂ ਦਿਨ, ਆਖੇ ਜਾਂਦੇ ਦਸਮ
ਗ੍ਰੰਥ ਬਾਰੇ ਨਵੀਂ ਹੀ ਚਰਚਾ ਸੁਣਨ ਨੂੰ ਮਿਲਦੀ ਹੈ। ਇਸ ਦੇ ਹਮਾਇਤੀ ਅਸਲੀਅਤ ਵਲੋਂ ਅੱਖਾਂ ਮੀਟ
ਕੇ, ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਨ ਲਈ ਨਵੇਂ ਤੋਂ ਨਵਾਂ ਝੂਠ ਬੋਲ
ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ `ਚ ਚੁਣ-ਚੁਣ ਕੇ ਪੰਗਤੀਆਂ ਨੂੰ ਪੇਸ਼ ਕਰਕੇ, ਚ੍ਰਤਿਰੋਪਾਖਿਆਨ
ਵਿਚ ਦਰਜ ਗੰਦ ਨੂੰ ਸਹੀ ਸਾਬਤ ਕਰਨ ਦਾ ਕੋਝਾਂ ਅਤੇ ਅਸਫ਼ਲ ਯਤਨ ਕਰਦੇ ਹਨ। ਪਰ! ਉਹ ਭੁੱਲ ਜਾਂਦੇ
ਹਨ ਕੇ ਝੂਠ ਤਾਂ ਝੂਠ ਹੀ ਹੁੰਦਾ ਹੈ।
ਅਖੌਤੀ ਦਸਮ ਗ੍ਰੰਥ ਵਿਚ ਦਰਜ ਚਰਿਤ੍ਰ ਨੂੰ: 217 (ਪੰਨਾ 1124) ਵਿਚ ਦੁਨੀਆਂ ਦੀ ਇਕ ਬੁਹਤ ਹੀ
ਪ੍ਰਸਿੱਧ ਇਤਿਹਾਸਕ ਘਟਨਾ ਦਰਜ ਹੈ। ਉਹ ਹੈ ਮਹਾਨ ਸਿਕੰਦਰ ਦਾ ਇਤਿਹਾਸ। ਇਸ ਕਥਾ (ਜਿਸ ਦੇ ਕੁਲ 52
ਛੰਦ ਹਨ ਅਤੇ ਡਾ: ਜੋਧ ਸਿੰਘ ਵਲੋ ਕੀਤੇ ਗਏ ਟੀਕੇ (ਹਿੰਦੀ) ਦੀ ਸੈਂਚੀ ਚੌਥੀ ਵਿਚ ਪੰਨਾ 89 ਤੇ
ਦਰਜ ਹੈ) ਦੀ ਸੰਖੇਪ ਵਾਰਤਾ ਇਓ ਹੈ।
ਬਾਦਸ਼ਾਹ ਫੈਲਕੂਸ ਦੇ ਪੁਤੱਰ ਨੇ ਜਦੋਂ ਰਾਜ-ਭਾਗ ਸੰਭਾਲਿਆ ਤਾਂ ਜੰਗਿਰ ਨਾਮ ਦੇ ਰਾਜੇ ਨਾਲ ਯੁਧ
ਕਰਕੇ ਉਸ ਦੇ ਇਲਾਕੇ ਤੇ ਕਬਜਾ ਕਰ ਲਿਆ ਤਾਂ ਆਪਣਾ ਨਾਮ ਸਿਕੰਦਰ ਸ਼ਾਹ ਰੱਖਿਆ। ਫਿਰ ਉਸ ਨੇ ਦਾਰਾ
ਸ਼ਾਹ ਨੂੰ ਮਾਰਕੇ ਹਿੰਦੁਸਤਾਨ ਵੱਲ ਚੜਾਈ ਕਰ ਦਿੱਤੀ। ਪਹਿਲਾਂ ਕਨਕਬਜਾ (ਕਨੌਜ) ਦੇ ਰਾਜੇ ਨੂੰ
ਹਰਾਇਆ। ਉਸ ਨੇ ਪਹਿਲੀ ਸ਼ਾਦੀ ਰੁਮ ਦੇਸ ਦੀ ਰਾਜਕੁਮਾਰੀ ਨਾਲ ਕੀਤੀ ਅਤੇ ਦੂਜੀ ਕਨੌਜ ਦੇ ਰਾਜੇ ਦੀ
ਧੀ ਨਾਲ। ਫਿਰ ਉਹ ਨਿਪਾਲ ਵੱਲ ਦੀ ਹੁੰਦਾ ਹੋਇਆ ਬੰਗਾਲ ਜਾ ਪੁੱਜਾ। ਬੰਗਾਲ ਨੂੰ ਜਿੱਤ ਕੇ ਛਾਜਕਰਣ,
ਨਾਗਰ (ਨਾਗ) ਦੇਸ ਅਤੇ ਏਕਪਾਦ (ਕੇਰਲ) ਭਾਵ ਸਾਰਾ ਪੂਰਬ ਹੀ ਜਿੱਤ ਲਿਆ। ਹੁਣ ਉਸ ਨੇ ਦੱਖਣ ਵੱਲ
ਨੂੰ ਕੂਚ ਕੀਤਾ ਅਤੇ ਝਾੜ ਖੰਡ ਨੂੰ ਝਾੜਦਾ ਹੋਇਆ ਬਿਦ੍ਰਭ ਰਾਹੀ ਬੁਦੇਲ ਖੰਡ ਜਾ ਫੁੰਡਿਆ। ਫਿਰ
ਮਹਾਰਾਸ਼ਟਰ, ਤਿਲੰਗ, ਦ੍ਰੜਾਵੜ ਅਤੇ ਪਟਨ ਨਗਰ ਨੂੰ ਲਿਤਾੜਦਾ ਹੋਇਆ ਪੱਛਮ ਵੱਲ ਵੱਧ ਗਿਆ। ਬਰਬਰੀਨ
ਨੂੰ ਜਿਤ ਕੇ ਸ਼ਾਲੀਵਾਹਨ ਦਾ ਵਿਨਾਸ਼ ਕਰਦਾ ਹੋਇਆ ਅਰਬ ਦੇਸ਼ ਦੇ ਧਨਵਾਨਾਂ ਨੂੰ ਲਿਤਾੜਦਾ ਹੋਇਆ
ਹਿਮਗਲਾਜ, ਹਬਸ਼, ਹਰੇਵ ਅਤੇ ਹਲਬ ਦੇਸ਼ ਵਾਸੀਆਂ ਨੂੰ ਮਾਰ ਮੁਕਾਇਆ। ਅੱਗੋ ਗਜ਼ਨੀ , ਮਾਲਰੇਨ,
ਮੁਲਤਾਨ ਅਤੇ ਮਾਲਵਾ ਦੇਸ਼ ਨੂੰ ਵੀ ਆਪਣੇ ਅਧੀਨ ਕਰ ਲਿਆ।
ਤਿੰਨਾਂ ਦਿਸ਼ਾਵਾਂ ਨੂੰ ਜਿੱਤ ਕੇ ਉੱਤਰ ਵੱਲ ਨੂੰ ਪ੍ਰਸਥਾਨ ਕੀਤਾ। ਉੱਤਰੀ ਰਾਜਿਆਂ ਨੇ ਇਕੱਠੇ ਹੋ
ਕੇ ਸਿਕੰਦਰ ਦਾ ਬੁਹਤ ਹੀ ਸਖਤ ਮੁਕਾਬਲਾ ਕੀਤਾ। ਇੰਨਾ ਭਿਆਨਕ ਯੁਧ ਹੋਇਆ ਕੇ ਸ਼ਿਵਜੀ ਦੀ ਸਮਾਧੀ
ਖੁਲ ਗਈ। (ਭਯੋ ਸੋਰ ਭਾਰੋ ਮਹਾ ਰੁਦ੍ਰ ਜਾਗੇ।) ਬਲਖ, ਬੁਖਾਰਾ, ਤਿਬੱਤ, ਕਸ਼ਮੀਰ ਕੰਬੋਜ ਅਤੇ ਕਾਬਲ
ਨੂੰ ਲਤਾੜਦਾ ਹੋਇਆ ਚੀਨ ਵੱਲ ਵੱਧ ਗਿਆ। ਇਸ ਦਾ ਭਾਵ ਹੈ ਕੇ ਸ਼ਿਵਜੀ ਅੱਜ ਤੋਂ ਲੱਗ ਭੱਗ 2340 ਸਾਲ
ਪਹਿਲਾ ਉਪ੍ਰੋਕਤ ਇਲਾਕੇ ਵਿਚ ਹੀ ਰਹਿੰਦੇ ਸਨ। ਜਦੋ ਕੇ ‘ਬਚਿਤ੍ਰ ਨਾਟਕ ਦਾ ਲਿਖਾਰੀ ਇਸੇ ਗ੍ਰੰਥ
ਵਿਚ ਲਿਖਦਾ ਹੈ।
ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸਟਿ ਉਪਾਰਾ।
ਕਾਲਸੈਨ ਪ੍ਰਥਮੇ ਭਇਓ ਭੂਪਾ। ਅਧਿਕ ਅਤੁਲ ਬਲਿ ਰੂਪ ਅਨੂਪਾ। 10।
ਕਾਲਕੇਤੁ ਦੂਸਰ ਭੂਪ ਭਇਓ। ਕ੍ਰੂਰ ਬਸਰ ਤੀਸਰ ਜਗਿ ਠਯੋ।
ਕਾਲਧੁਜ ਚਤੁਰਥ ਨ੍ਰਿਪ ਸੋਹੈ। ਜਿਹ ਤੇ ਭਯੋ ਜਗਤ ਸਭ ਕੋ ਹੈ। 11। (ਪੰਨਾ 47)
ਚੀਨ ਦਾ ਰਾਜਾ ਆਪਣੀ ਲੜਕੀ ਨੂੰ ਲੈਕੇ ਸਿਕੰਦਰ ਨੂੰ ਮਿਲਿਆ। ਚੀਨ ਮਚੀਨ ਨੂੰ ਆਪਣੇ ਵਸ ਵਿਚ ਕਰਕੇ
ਸਮੁੰਦਰ ਨੂੰ ਵੀ ਆਪਣੇ ਅਧੀਨ ਕਰਨ ਦੇ ਖਿਆਲ ਨਾਲ ਵਲੰਦੇਜੀਆਂ (ਡੰਚਾਂ) ਨੂੰ ਜਿੱਤ ਕੇ ਅੰਗ੍ਰੇਜ਼ਾਂ
ਨੂੰ ਜਾ ਮਾਰਿਆ। ਮੱਛਲੀ, ਹੁਗਲੀ, ਕੋਕ, ਅਤੇ ਗੁਆ ਬੰਦਰ ਨੂੰ ਅਧੀਨ ਕਰਨ ਪਿਛੋ ਹਿਜਲੀ ਬੰਦਰ ਤੇ ਵੀ
ਜਿੱਤ ਦਾ ਧੌਂਸਾ ਜਾ ਬਜਾਇਆ।
ਸੱਤ ਸਮੁੰਦਰਾਂ ਤੋਂ ਪਿਛੋ ਸੱਤ ਪਤਾਲਾਂ ਨੂੰ ਜਿਤ ਕੇ ਸਵਰਗ ਵੱਲ ਨੂੰ ਵੱਧਿਆ ਜਿਥੇ ਉਸ ਦਾ ਇੰਦਰ
ਨਾਲ ਬੁਹਤ ਹੀ ਭਿਆਨਕ ਯੁੱਧ ਹੋਇਆ। (ਇਸ ਤੋਂ ਸਪੱਸ਼ਟ ਹੈ ਕਿ ਇੰਦਰ 323 ਬੀ ਸੀ ਵਿਚ ਜਿਉਂਦਾ
ਜਾਗਦਾ ਸੀ।) ਉਸ ਨੇ ਚੌਦਾਂ ਲੋਕਾਂ ਨੂੰ ਜਿੱਤ ਕੇ ਸਾਰੀ ਪ੍ਰਿਥਵੀ ਨੂੰ ਆਪਣੇ ਵੱਸ ਵਿਚ ਕਰ ਲਿਆ।
ਹੁਣ ਸਿਕੰਦਰ ਨੇ ਰੂਸ ਤੇ ਚੜਾਈ ਕੀਤੀ। (ਕੀ ਰੂਸ ਇਸੇ ਧਰਤੀ ਤੇ ਨਹੀ ਹੈ?) ਰੂਸ ਦਾ ਰਾਜਾ ਬੀਰਜ
ਸੈਨ ਜਿਸ ਦਾ ਸਾਹਮਣਾ ਸ਼ਿਵਜੀ ਵੀ ਨਹੀ ਸੀ ਕਰ ਸਕਿਆ, ਨੇ ਬੁਹਤ ਹੀ ਦਲੇਰੀ ਨਾਲ ਮੁਕਾਬਲਾ ਕੀਤਾ।
ਪਰ ਸਭ ਵਿਅਰਥ। ਅਖੀਰ ਬੀਰਜ ਸੈਨ ਨੇ ਇਕ ਦੈਤ ਨੂੰ ਸੱਦ ਲਿਆ। ਉਸ ਨੇ ਅਜੇਹੀ ਤਬਾਹੀ ਮਚਾਈ ਜਿਸ ਦਾ
ਵਰਨਣ ਕਰਨਾ ਸੰਭਵ ਨਹੀ। ਇਸ ਤਬਾਹੀ ਨੂੰ ਦੇਖ ਕੇ ਸਿਕੰਦਰ ਸੋਚੀ ਪੈ ਗਿਆ। ਦਿਨਨਾਥਮਤੀ ਨਾਂ ਦੀ
ਇਸਤਰੀ ਜੋ ਚੀਨ ਦੇ ਰਾਜੇ ਨੇ ਉਸ ਨੂੰ ਭੇਟ ਕੀਤੀ ਸੀ ਨੇ ਮਰਦ ਦਾ ਰੂਪ ਧਾਰ ਕੇ ਮੈਦਾਨ ਵਿਚ ਆ ਹਾਜਰ
ਹੋਈ ਪਰ ਦੈਤ ਨੇ ਔਰਤ ਨੂੰ ਫੜ ਕੇ ਰੂਸੀਆਂ ਦੇ ਹਵਾਲੇ ਕਰ ਦਿੱਤਾ ਅਤੇ ਆਪ ਮੈਦਾਨ ਵਿਚ ਡੱਟ ਕੇ ਫੇਰ
ਤਬਾਹੀ ਮਚਾਈ। ਤਦ ਸਿਕੰਦਰ ਨੇ ਅਰਸਤੂ ਮੰਤ੍ਰ ਦਾ ਉਚਾਰਣ ਕੀਤਾ ਤੇ ਬਲੀ ਨਾਸ ਨਾਂ ਦੇ ਦੈਤ ਨੂੰ
ਆਪਣੀ ਮਦੱਤ ਲਈ ਬੁਲਾ ਲਿਆ। ਬਲੀਨਾਸ ਦੀ ਸਹਾਇਤਾ ਨਾਲ ਸਿਕੰਦਰ ਨੈ ਉਸ ਦੈਤ ਨੂੰ ਆਪਣੇ ਅਧੀਨ ਕਰ
ਲਿਆ। ਬਾਦਸ਼ਾਹ ਨੇ ਉਸ ਦੀ ਚੰਗੀ ਸੇਵਾ ਕੀਤੀ ਅਤੇ ਫੇਰ ਉਸ ਨੂੰ ਅਜ਼ਾਦ ਕਰ ਦਿੱਤਾ। ਅਜ਼ਾਦ ਹੋਣ
ਪਿਛੋ ਦੈਤ ਨੇ ਇਕ ਇਸਤਰੀ ਲਿਆ ਕੇ ਸ਼ਾਹ ਸਿਕੰਦਰ ਨੂੰ ਦਿੱਤੀ। ਉਸ ਦੀ ਸੁੰਦਰਤਾ ਦੇਖ ਕੇ ਸਿਕੰਦਰ
ਨੇ ਉਸ ਨਾਲ ਵਿਆਹ ਕਰ ਲਿਆ ਅਤੇ ਪਹਿਲੀਆਂ ਬੇਗਮਾ ਨੂੰ ਛੱਡ ਦਿਤਾ। ਜੋ ਇਸਤਰੀ ਰਾਤ ਨੂੰ ਸੇਜ ਦੀ
ਸੋਭਾ ਵਧਾਵੇ ਅਤੇ ਦਿਨੇ ਵੈਰੀਆਂ ਨਾਲ ਮੁਕਾਬਲਾ ਕਰੇ, ਅਜੇਹੀ ਔਰਤ ਨੂੰ ਛੱਡ ਕੇ ਕਿਸੇ ਹੋਰ ਨੂੰ
ਕੋਈ ਕਿਓ ਚਾਹੇਗਾ। (ਕਿੰਨੀ ਵਧੀਆ ਸਿੱਖਿਆ ਦਿੱਤੀ ਗਈ ਹੈ, ਜੇ ਕੋਈ ਸੁੰਦਰ ਇਸਤਰੀ ਮਿਲ ਜਾਵੇ ਤਾਂ
ਆਪਣੀ ਪਤਨੀ ਨੂੰ ਘਰੋਂ ਕੱਢ ਦੇਣਾ ਚਾਹੀਦਾ ਹੈ।– (ਕਰਿ ਇਸਤ੍ਰੀ ਚੇਰੀ ਲਈ ਔਰ ਬੇਗਮਨ ਛੋਰਿ।) ਉਸ
ਔਰਤ ਨੂੰ ਲੈਕੇ ਸਿਕੰਦਰ ਉਸ ਥਾਂ ਤੇ ਗਿਆ ਜਿਥੇ ਅੰਮ੍ਰਿਤ ਦਾ ਚਸ਼ਮਾ ਸੀ। ਦੇਵਤਿਆਂ ਨੇ ਇੰਦਰ ਨੂੰ
ਜਾ ਸੁਚਨਾ ਦਿੱਤੀ ਕੇ ਸਿਕੰਦਰ ਨੇ ਅੰਮ੍ਰਿਤ ਨੂੰ ਲੱਭ ਲਿਆ ਹੈ ਜੇ ਉਹ ਅਮਰ ਹੋ ਗਿਆ ਤਾਂ ਉਹ ਚੌਂਦਾ
ਲੋਕਾ ਨੂੰ ਜਿੱਤ ਲਵੇਗਾ। ਪਾਠਕਾਂ ਨੂੰ ਯਾਦ ਹੋਵੇਗਾ ਕੇ ਸਿਕੰਦਰ ਚੌਦਾਂ ਲੋਕ ਤਾਂ ਪਹਿਲਾ ਹੀ ਜਿੱਤ
ਚੁਕਾ ਹੈ।
ਲੋਕ ਚੌਦਹੁੰ ਬਸਿ ਕੀਏ ਜੀਤਿ ਪ੍ਰਿਥੀ ਸਭ ਲੀਨ ।
ਬਹੁਰਿ ਰੂਸ ਕੇ ਦੇਸ ਕੀ ਓਰ ਪਯਾਨੋ ਕੀਨ। 16।
ਇੰਦਰ ਨੇ ਰੰਭਾ ਨਾ ਦੀ ਅਪੱਛਰਾ ਨੂੰ ਭੇਜਿਆ। ਜੋ ਇਕ ਬੁੱਢੇ ਪੰਛੀ ਦਾ ਰੂਪ ਧਾਰ ਕੇ ਉਥੇ ਜਾ ਬੈਠੀ।
(ਇੰਦਰ ਜੋ ਯੁਧ ਦੇ ਮੈਦਾਨ ਵਿਚ ਤਾਂ ਸਿਕੰਦਰ ਤੋਂ ਹਾਰ ਗਿਆ ਸੀ ਹੁਣ ਛਲ ਕਰਕੇ ਆਪਣੀ ਹਾਰ ਦਾ ਬਦਲਾ
ਲੈ ਰਿਹਾ ਹੈ।) ਜਦ ਸਿਕੰਦਰ ਅੰਮ੍ਰਿਤ ਪੀਣ ਲੱਗਾ ਤਾਂ ਉਹ ਪੰਛੀ ਉਸ ਨੂੰ ਦੇਖ ਕੇ ਹੱਸ ਪਿਆ। ਜਦੋ
ਸਿਕੰਦਰ ਨੇ ਉਸ ਪੰਛੀ ਨੂੰ ਹੱਸਣ ਦਾ ਕਾਰਨ ਪੁਛਿਆ ਤਾਂ ਪੰਛੀ ਨੇ ਦੱਸਿਆ ਕੇ ਜਦੋ ਤੋਂ ਮੈ ਇਹ ਭੈੜਾ
ਜਲ ਪੀਤਾ ਹੈ ਤਾਂ ਮੇਰੀ ਇਹ ਹਾਲਤ ਹੋਈ ਹੈ ਹੁਣ ਮੈ ਪ੍ਰਾਣ ਵੀ ਨਹੀ ਤਿਆਗ ਸਕਦਾ। ਚੰਗਾ ਹੋਵੇ ਜੇ
ਤੂੰ ਇਸ ਨੂੰ ਨਾ ਪੀਵੇ, ਇਹ ਸੁਣ ਕੇ ਸਿਕੰਦਰ ਡਰ ਗਿਆ ਅਤੇ ਅੰਮਿਤ੍ਰ ਨਾ ਪੀ ਸਕਿਆ। ਨਾ ਛਲੇ ਜਾ
ਸਕਣ ਵਾਲੇ ਛੈਲ ਨੂੰ ਇਸਤਰੀ ਨੇ ਛਲ ਕਰਕੇ ਛਲ ਲਿਆ। ਕਵੀ ਕਾਲ ਕਹਿੰਦਾ ਹੈ ਕਿ ਤਦ ਇਹ ਪ੍ਰਸੰਗ
ਸਮਾਪਤ ਹੋਇਆ।
ਅਛਲ ਛੇਲ ਛੈਲੀ ਛਲੑਯੋ ਇਹ ਚਰਿਤ੍ਰ ਕੇ ਸੰਗ।
ਸੁ ਕਬਿ ਕਾਲ ਹੀ ਭਯੋ ਪੂਰਨ ਕਥਾ ਪ੍ਰਸੰਗ। 52। ਇਤਿ ਸ੍ਰੀ ਚਰਿਤ੍ਰ ਪਖੑਯਾਨੇ ਤ੍ਰਿਯਾ ਚਰਿਤ੍ਰੇ
ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਰਹ ਚਰਿਤ੍ਰ ਸਮਾਪਤ । ਸਤੁ ਸੁਭਮ ਸਤੁ। 217। 4189। ਅਫਜੂੰ।
ਸਿਕੰਦਰ ਮਹਾਨ, ਜਿਸ ਦਾ ਜਨਮ ਜੁਲਾਈ 356 ਬੀ ਸੀ ਨੂੰ ਮੈਕਦੂਨ ਦੇ ਰਾਜੇ ਫਿਲਪ ਦੀ ਛੌਥੀ ਰਾਣੀ
ਦੀ ਕੁਖੋਂ ਹੋਇਆ ਸੀ, 18 ਸਾਲ ਦੀ ਉਮਰ ਵਿਚ ਉਸ ਨੇ ਪਹਿਲੀ ਲੜਾਈ ਲੜੀ ਸੀ, 20 ਸਾਲ ਦੀ ਉਮਰ ਵਿਚ
ਉਹ ਰਾਜਾ ਬਣਿਆ। 334 ਬੀ ਸੀ ਵਿਚ ਲੱਗਭੱਗ 35000 ਫੌਜ ਨਾਲ ਉਹ ਦੁਨੀਆਂ ਜਿੱਤਣ ਲਈ ਤੁਰਿਆ ਸੀ।
326 ਬੀ ਸੀ ਵਿਚ ਉਸ ਦਾ ਪੋਰਸ ਨਾਲ ਮੁਕਾਬਲਾ ਹੋਇਆ, ਉਹ 33 ਸਾਲ ਦੀ ਉਮਰ ਵਿਚ ਹੀ ਜੂਨ 323 ਬੀ ਸੀ
ਨੂੰ ਖਾਲੀ ਹੱਥੀ ਇਸ ਸੰਸਰ ਤੋ ਕੂਚ ਕਰ ਗਿਆ ਸੀ। ਇਹ ਇਤਿਹਾਸ ਅੱਜ ਵੀ ਸਾਰੀ ਦੁਨੀਆ ਵਿਚ ਪੜਾਇਆ
ਜਾਂਦਾ ਹੈ। ਦੁਨੀਆਵੀਂ ਡਿਗਰੀਆਂ ਨਾਲ ਸਿੰਗਾਰੇ ਹੋਏ ਵਿਦਵਾਨੋ ਅਤੇ ਅਖੌਤੀ ਪ੍ਰਚਾਰਕੋ, ਤੁਸੀ ਵੀ
ਇਸ ਇਤਿਹਾਸ ਨੂੰ ਕਿਤੇ ਨਾ ਕਿਤੇ ਜਰੂਰ ਪੜ੍ਹਿਆ ਹੋਵੇਗਾ। ਫਿਰ ਸੰਸਾਰ ਦੇ ਇਤਿਹਾਸ ਵਿਚ ਵਾਪਰੀ ਇਸ
ਪ੍ਰਸਿਧ ਘਟਨਾ ਤੋਂ ਅਣਜਾਣ ਅਤੇ ਉਸ ਨੂੰ ਵਿਗਾੜ ਕੇ ਲਿਖਣ ਵਾਲੇ ਕਵੀ ‘ਕਾਲ’ ਦੀ ਰਚਨਾ ਨੂੰ ਗੁਰੂ
ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਨ ਪਿਛੇ ਤੁਹਾਡਾਂ ਕੀ ਮੰਤਵ ਹੈ? ਕੀ ਇਸ ਕੂੜ-ਕਬਾੜ ਨੂੰ ਭਾਈ
ਮਨੀ ਸਿੰਘ ਜੀ ਨੇ ਇਕੱਤਰ ਕੀਤਾ ਹੋਵੇਗਾ?