ਆਉ ਅਰਦਾਸ ਨੂੰ ਗੁਰਮਤਿ ਅਨੁਸਾਰੀ ਬਣਾਉਣ ਲਈ ਜਤਨ ਕਈਏ
ਅਰਦਾਸ ਗੁਰਮਤਿ ਜੀਵਨ ਜਾਚ ਦਾ ਇੱਕ ਅਣਖਿੜਵਾਂ ਅੰਗ ਹੈ। ਇਸ ਦਾ ਅਖਰੀ ਅਰਥ
‘ਬੇਨਤੀ’ ਹੈ। ਗੁਰਬਾਣੀ ਵਿੱਚ ਅਰਦਾਸ ਦੀ ਮਹੱਤਤਾ ਦਰਸਾਉਂਦੇ ਅਨੇਕਾਂ ਗੁਰਵਾਕ ਹਨ, ਜਿਵੇਂ:-
੧. ਤੁਧ ਆਗੈ ਅਰਦਾਸਿ ਹਮਾਰੀ ਜੀਉ ਪਿੰਡ ਸਭ ਤੇਰਾ,
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ॥ (ਪੰਨਾ 383)
੨. ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥ (ਪੰਨਾ 737)
੩. ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ (ਪੰਨਾ
268)
ਐਸੇ ਹੋਰ ਅਨੇਕਾਂ ਗੁਰਵਾਕ ਹਨ। ਅਰਦਾਸ ਦਾ ਮੁੱਖ ਮਕਸਦ ਹੰਕਾਰ ਦਾ ਤਿਆਗ ਕਰ
ਪ੍ਰਭੂ ਸਾਹਮਣੇ ‘ਆਤਮ ਸਮਰਪਣ’ ਕਰਨਾ ਹੈ। ਹਰ ਇੱਕ ਮੱਤ ਵਿੱਚ ਅਰਦਾਸ (ਬੇਨਤੀ,
Prayar) ਕਿਸੇ
ਨਾ ਕਿਸੇ ਰੂਪ ਵਿੱਚ ਪ੍ਰਚਲਿਤ ਹੈ।
ਸਿੱਖ ਕੌਮ ਦੀ ਜੀਵਨ ਜਾਚ ਦਾ ਅਰਦਾਸ ਇੱਕ ਮਹੱਤਵ ਪੂਰਨ ਹਿੱਸਾ ਹੈ। ਸਿੱਖ
ਸਥਾਨਾਂ ਵਿੱਚ ਦਿਨ ਵਿੱਚ ਘੱਟੋ-ਘੱਟ 3-4 ਵਾਰ ਅਰਦਾਸ ਜ਼ਰੂਰ ਕੀਤੀ ਜਾਂਦੀ ਹੈ। ਸਾਡੀ ਕੌਮੀ ਅਰਦਾਸ
ਦੀ ਸ਼ਬਦਾਵਲੀ ਤੈਅ ਕੀਤੀ ਹੋਈ ਹੈ। ਇਸ ਦਾ ਕੌਮੀ ਪ੍ਰਵਾਨਿਤ ਰੂਪ, ਅਕਾਲ ਤਖ਼ਤ ਦੀ ਮੋਹਰ ਹੇਠ ਛੱਪ
ਰਹੀ ‘ਸਿੱਖ ਰਹਿਤ ਮਰਿਆਦਾ’ ਵਿੱਚ ਮਿਲਦਾ ਹੈ। ਪਰ ਇਹ ਇੱਕ ਅਫਸੋਸ ਜਨਕ ਸੱਚਾਈ ਹੈ ਕਿ 1708
(ਦਸਮੇਸ਼ ਜੀ ਦਾ ਜੋਤੀ ਜੋਤ ਸਮਾਉਣ ਦਾ ਸਾਲ) ਤੋਂ ਬਾਅਦ, ਅਨੇਕਾਂ ਕਾਰਨਾਂ ਕਰਕੇ, ਸਿੱਖ ਸਮਾਜ ਦੀ
ਜੀਵਨ ਜਾਚ ਸੱਚ ਤੋਂ ਭੱਟਕ ਕੇ, ਹੌਲੀ-ਹੌਲੀ, ਉਸ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆਉਣੀ
ਸ਼ੁਰੂ ਹੋ ਗਈ, ਜਿਸ ਵਿਚਾਰਧਾਰਾ ਤੋਂ ਮੁਕਤ ਕਰਨ ਲਈ ਨਾਨਕ ਜਾਮਿਆਂ ਨੇ ਲਗਭਗ 239 ਸਾਲ ਪ੍ਰਚਾਰ
ਕੀਤਾ ਸੀ। ਇਸ ਬ੍ਰਹਮਣੀ ਪ੍ਰਭਾਵ ਨੂੰ ਕਾਇਮ ਕਰਨ ਵਿੱਚ ਵੱਡਾ ਯੋਗਦਾਨ ਉਸ ‘ਸਾਹਿਤ’ ਨੇ ਪਾਇਆ, ਜਿਸ
ਨੂੰ ‘ਸਿੱਖ ਸਾਹਿਤ’ ਦੇ ਨਾਂ ਹੇਠ ਕੌਮ ਦੇ ਵਿਹੜੇ ਵਿੱਚ ਖਿਲਾਰ ਦਿਤਾ ਗਿਆ। ਜਿਵੇਂ: ਬਚਿੱਤ੍ਰ
ਨਾਟਕ (ਸਾਜਸ਼ੀ ਨਾਂ ਦਸਮ ਗ੍ਰੰਥ), ਜਨਮ ਸਾਖੀਆਂ, ਗੁਰਬਿਲਾਸ ਪਾ. ੬ ਆਦਿ। ਇਹਨਾਂ ਤਾਕਤਾਂ ਨੇ
‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਵੀ ਮਿਲਾਵਟ ਕਰਨ ਦੀ ਸਫਲ ਕੋਸ਼ਿਸ ਕੀਤੀ। ਇਹਨਾਂ ਤਾਕਤਾਂ ਦਾ ਇੱਕ
ਵੱਡਾ ਹਥਿਆਰ ਉਦਾਸੀ, ਨਿਰਮਲਿਆਂ ਆਦਿ ਦੇ ਨਾਂ ਹੇਠ ਪੈਦਾ ਜਾਂ (ਘੁਸਪੈਠ) ਹੋਈ ਪੁਜਾਰੀ ਸ਼੍ਰੇਣੀ
ਬਣੀ। ਸਿਧਾਂਤਕ ਤੌਰ ਤੇ ਗੁਰਮਤਿ ਜੀਵਨ ਜਾਚ ਵਿੱਚ ਪੁਜਾਰੀ ਸ਼੍ਰੇਣੀ ਦੀ ਹੋਂਦ ਹੀ ਨਹੀਂ ਹੈ। ਇਸ ਦਾ
ਨਤੀਜਾ ਇਹ ਹੋਇਆ ਕਿ ਹੋਲੀ-ਹੋਲੀ ਸਿੱਖ ਸਮਾਜ ਦੀ ਜੀਵਨ ਜਾਚ ‘ਨਿਰੋਲ ਗੁਰਮਤਿ’ ਤੋਂ ਭੱਟਕ ਕੇ
ਬ੍ਰਾਹਮਣਵਾਦੀ, ਪੁਜਾਰੀਵਾਦ ਦੀ ਤਰਜ਼ `ਤੇ ਹੀ ਹੋ ਗਈ।
ਗੱਲ ਚੱਲ ਰਹੀ ਸੀ ਅਰਦਾਸ ਦੀ, ਸਿੱਖ ਅਰਦਾਸ ਵੀ ਇਸ ਬ੍ਰਾਹਮਣੀ ਪ੍ਰਭਾਵ ਤੋਂ
ਵਾਂਝੀ ਨਾ ਰਹਿ ਸਕੀ। ਸਿੱਖ ਸਮਾਜ ਦੇ ਵੱਖ-ਵੱਖ ਜੱਥਿਆਂ, ਸੰਪਰਦਾਵਾਂ, ਨੇ ‘ਆਪਣੀ-ਆਪਣੀ ਡੱਫਲੀ,
ਆਪਣਾ-ਆਪਣਾ ਰਾਗ’ ਵਾਂਗੂ ਅਰਦਾਸ ਦੀ ਸ਼ਬਦਾਵਲੀ ਵੀ ਵੱਖਰੀ-ਵੱਖਰੀ ਪ੍ਰਚਲਿਤ ਕਰ ਲਈ। ਸਿੰਘ ਸਭਾ
ਲਹਿਰ ਦੇ ਪ੍ਰਭਾਵ ਕਾਰਨ ‘ਸ਼੍ਰੋਮਣੀ ਕਮੇਟੀ’ ਦੀ ਸਿਰਜਨਾ ਹੋਈ। ਇਸ ਨੇ ਕੌਮ ਵਿੱਚ ਇੱਕਸਾਰਤਾ ਲਿਆਉਣ
ਦੇ ਮਕਸਦ ਨਾਲ ‘ਸਿੱਖ ਰਹਿਤ ਮਰਿਆਦਾ’ ਤਿਆਰ ਕਰਵਾਈ। ਇਸ ਰਹਿਤ ਮਰਿਆਦਾ ਨੂੰ ਤਿਆਰ ਕਰਨ ਵੇਲੇ
ਵੱਖ-ਵੱਖ ਧੜਿਆਂ ਦੀ ਅੜੀ (ਜ਼ਿੱਦ) ਕਾਰਨ ਜਾਂ ਕੁੱਝ ਹੋਰ ਕਾਰਨਾਂ ਕਰਕੇ, ਸਿਧਾਂਤਕ ਦ੍ਰਿੜਤਾ ਦੀ
ਥਾਂ, ਸਮਝੌਤਾਵਾਦੀ ਰੁੱਖ ਅਪਨਾਇਆ ਗਿਆ। ਇਹਨਾਂ ਕਾਰਨਾਂ ਕਰਕੇ ਇਸ ਰਹਿਤ ਮਰਿਆਦਾ ਵਿੱਚ ਅਨੇਕਾਂ
ਕਮੀਆਂ (ਗੁਰਮਤਿ, ਮਨੁੱਖਤਾ ਵਿਰੋਧੀ ਨੁਕਤੇ) ਰਹਿ ਗਈਆਂ। ‘ਕੌਮੀ ਅਰਦਾਸ’ ਵੀ ਇਸ ਰਹਿਤ ਮਰਿਆਦਾ ਦਾ
ਹੀ ਹਿੱਸਾ ਹੈ। ਬੇਸ਼ਕ ਅੱਜ ਵੀ ਵੱਖ-ਵੱਖ ਜੱਥੇ, ਸੰਪਰਦਾਵਾਂ ਨੇ ਪੁਰੀ ਤਰ੍ਹਾਂ ਇਸ ਅਰਦਾਸ ਨੂੰ
ਅਪਨਾਉਣ ਦੀ ਥਾਂ, ਨਾ ਸਿਰਫ ਆਪਣੇ-ਆਪਣੇ ‘ਟੋਟਕੇ’ ਇਸ ਅਰਦਾਸ ਵਿੱਚ ਫਿਟ ਕੀਤੇ ਹੋਏ ਹਨ। ਬਲਕਿ ਇੱਕ
ਖਾਸ ਵਡੀ ਸੰਪ੍ਰਦਾ ਦੇ ਬਾਨੀ ਵਲੋਂ ਤਾਂ ਪੰਥਕ ਅਰਦਾਸ ਨੂੰ ਬਿਲਕੁਲ ਹੀ ਰੱਦ ਕਰਕੇ ਆਪਣੀ ਵੱਖਰੀ ਹੀ
ਅਰਦਾਸ ਬਣ੍ਹਾਂ ਲਈ ਗਈ। ਜਿਸ ਬਾਰੇ ਵੀਚਾਰ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਏਗੀ ਪਰ ਇੱਥੇ ਕੇਵਲ
‘ਪ੍ਰਮਾਣਿਕ’ (ਪੰਥ ਵਲੋਂ ਪ੍ਰਮਾਣਿਕ) ਸਿੱਖ ਰਹਿਤ ਮਰਿਆਦਾ ਵਿਚਲੀ ਅਰਦਾਸ ਬਾਰੇ ਹੀ ਆਪਣੀ ਵਿਚਾਰ
ਸੀਮਤ ਰਖਾਂਗੇ।
ਇਸ ਪ੍ਰਚਲਿਤ ਅਰਦਾਸ ਦੀ ਇੱਕ ਵੱਡੀ ਖਾਸੀਅਤ ਹੈ ਕਿ ਇਸ ਰਾਹੀਂ ਅਸੀਂ ਅਤਿ
ਸੰਖੇਪ ਰੂਪ ਵਿੱਚ ਆਪਣਾ ਇਤਹਾਸ ਯਾਦ ਕਰ ਲੈਂਦੇ ਹਾਂ। ਪਰ ਗੁਰਮਤਿ (ਗੁਰੁ ਗ੍ਰੰਥ ਸਾਹਿਬ ਜੀ)
ਸਿਧਾਂਤਾਂ ਪੱਖੋਂ ਇਸ ਅਰਦਾਸ ਵਿੱਚ ਕਈਂ ਕਮੀਆਂ ਹਨ। ਅੱਜ ਅਸੀਂ ਆਪਣੀ ‘ਸੁਹਿਰਦ’ ਵਿਚਾਰ ਰੂਪੀ
‘ਸਵੈ-ਪੜਚੋਲ’ ਕਰਕੇ, ਇਸ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ, ਇਸ ਬਾਰੇ ਵਿਚਾਰ ਕਰਾਂਗੇ।
1. ਪ੍ਰਚਲਿਤ ਅਰਦਾਸ ਦਾ ਮੰਗਲਾਚਰਣ ਵੀ ‘ੴ ਵਾਹਿਗੁਰੂ ਜੀ ਕੀ ਫਤਹਿ’
ਵਿਚਾਰਨਯੋਗ ਹੈ। ਜਦਕਿ ਗੁਰੁ ਗ੍ਰੰਥ ਸਾਹਿਬ ਵਿੱਚ ਮੰਗਲਾਚਰਣ ਇਸ ਪ੍ਰਕਾਰ ਹੈ:
ੴ ਸਤਿ ਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥
ਇਹੀ ਮੰਗਲਾਚਰਣ ਵੱਖ-ਵੱਖ ਰੂਪਾਂ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ
500 ਤੋਂ ਵੱਧ ਵਾਰ ਵਰਤਿਆ ਮਿਲਦਾ ਹੈ।
ਇਸ ਤੋਂ ਅੱਗੇ ਰਹਿਤ ਮਰਿਆਦਾ ਵਿੱਚ ਪ੍ਰਚਲਿਤ ਅਰਦਾਸ ਦਿੱਤੀ ਗਈ ਹੈ, ਜੋ
ਇੱਕ ਸਿਧਾਂਤਕ ਮਿਲਗੋਭੇ ਵਾਲੀ ਰਚਨਾ ਜਾਪਦੀ ਹੈ। ਇਸ ਦੇ ਕਈਂ ਅੰਸ਼ ਗੁਰਮੱਤਿ ਦੀ ਉਲੰਘਣਾ ਕਰਨ ਵੱਲ
ਸੰਕੇਤ ਕਰਦੇ ਹਨ। ਆਓ ਵਿਚਾਰੀਏ:
(a
)
ਪ੍ਰਚਲਿਤ ਸਿੱਖ ਮੱਤ ਦੀ ਅਰਦਾਸ ਦੀ ਸ਼ੁਰੂਆਤ ਹੀ ਦਸਮ
ਗ੍ਰੰਥ ਦੀ ਇੱਕ ਕੱਚੀ ਰਚਨਾ `ਚੰਡੀ ਚਰਿੱਤਰ’ ਦੇ ਇੱਕ ਬੰਦ ਤੋਂ ਹੁੰਦੀ ਹੈ, ਉਹ ਹੈ ‘ਪ੍ਰਿਥਮ
ਭਗੌਤੀ ਸਿਮਰ ਕੇ’ ਵਾਲਾ ਬੰਦ। ਸਿਤਮ ਦੀ ਗੱਲ ਹੈ ਕਿ ਜਿੱਥੇ ਗੁਰਬਾਣੀ ਸਾਨੂੰ ਅਕਾਲ ਪੁਰਖ ਨਾਲ
ਜੋੜਦੀ ਹੈ, ਉਥੇ ਇਸ ਅਰਦਾਸ ਰਾਹੀਂ ਪਹਿਲਾਂ ਬ੍ਰਾਹਮਣ ਮੱਤ ਦੀ ਇੱਕ ਦੇਵੀ (ਭਗੌਤੀ) ਨੂੰ ਸਿਮਰਦੇ
ਹਾਂ। ਕਿਤਨੀ ਅਜੀਬ ਗੱਲ ਹੈ ਕਿ ਜਿੱਥੇ ਇੱਕ ਪਾਸੇ ਸਿੱਖ ਸਮਾਜ ‘ਵਾਹਿਗੁਰੂ’ ਨਾਲ ਜੁੜਨ ਦੀ ਕੋਸ਼ਿਸ਼
ਵਿੱਚ ‘ਸਿਮਰਨ’ ਦੇ ਗਲਤ ਅਰਥਾਂ ਵਿੱਚ ਭੱਟਕਦਾ ਨਜ਼ਰ ਆਉਂਦਾ ਹੈ। ਦੂਜੇ ਪਾਸੇ ਦੇਵੀ ਪੂਜਾ ਹੀ ਦਿਨ
ਵਿੱਚ, ਕਈ ਵਾਰ ਕਰੀ ਜਾ ਰਿਹਾ ਹੈ। ਜ਼ਿਆਦਾਤਰ ਸਿੱਖ ਵਿਦਵਾਨ ਇਸ ਅਰਦਾਸ ਦੇ ਬਹੁਤ ਜ਼ਿਆਦਾ ਪ੍ਰਚੱਲਿਤ
ਹੋ ਜਾਣ ਕਾਰਨ ਇਸ ਵਿੱਚ ਰਹਿ ਗਈਆਂ ਸਿਧਾਂਤਕ ਕਮਜੋਰੀਆਂ ਦੀ ਵਿਰੋਧਤਾ ਕਰਨ ਦੀ ਹਿੰਮਤ ਨਹੀਂ ਜੁਟਾ
ਸਕੇ। ਉਲਟਾ ਲੋਕਾਂ ਨੂੰ ਗੁਮਰਾਹ ਕਰਨ ਲਈ ਖਿੱਚ ਧੂਹ ਕੇ ‘ਭਗੌਤੀ’ ਦੇ ਅਰਥ ਅਕਾਲ ਪੁਰਖ ਜਾਂ ਸ਼ਕਤੀ
ਕਰਨ ਲਗ ਪਏ ਹਨ।
ਜ਼ਿਆਦਾਤਰ ਵਿਦਵਾਨ ਵੀ ਰਹਿਤ ਮਰਿਆਦਾ ਦੇ ਇਸ ਅਸਰ ਹੇਠ ਗਲਤ ਰਾਹ ਤੁਰ ਪਏ
ਮਹਿਸੂਸ ਹੁੰਦੇ ਹਨ। ਗਿਆਨੀ ਭਾਗ ਸਿੰਘ ਜੀ ‘ਅੰਬਾਲਾ’ ਵਰਗੇ ਕੁੱਝ ਜਾਗਦੀਆਂ ਰੂਹਾਂ ਨੂੰ ਛੱਡ ਕੇ
ਬਾਕੀ ਸਭ ਸਮਝੋਤਾਵਾਦੀ ਹੋ ਗਏ। ਮਿਸ਼ਨਰੀ ਕਾਲਜਾਂ ਨਾਲ ਜੁੜੇ ਐਸੇ ਹੀ ਮੇਰੇ ਇੱਕ ਵੀਰ ਨੇ ‘ਅਰਦਾਸ’
ਦੀ ਵਿਆਖਿਆ ਸਮੇਂ ਇੱਕ ਗੱਲ ਕਹੀ ਕਿ ‘ਕੁੱਝ ਵਿਦਵਾਨ ਉੱਠ ਰਹੇ ਹਨ ਜੋ ਕਹਿੰਦੇ ਹਨ ਕਿ ਭਗੌਤੀ ਦੇ
ਅਰਥ ਦੇਵੀ ਹਨ’ ਅਕਾਲ ਪੁਰਖ ਨਹੀਂ। ਉਹ ਗਲਤ ਰਾਹ ਉੱਤੇ ਤੁਰ ਰਹੇ ਹਨ। ਉਸ ਤੋਂ ਬਾਅਦ ਅਸੀਂ ਉਸ ਨੂੰ
ਇਕੱਲੇ ਵਿੱਚ ਪੁਛਿੱਆ ਕਿ ਤੁਹਾਨੂੰ ਪਤਾ ਹੈ ਕਿ ਇਹ ਭਗੌਤੀ ਵਾਲਾ ਬੰਦ ਕਿੱਥੋਂ ਲਿਆ ਹੈ? ਉਸਦਾ
ਜਵਾਬ ਸੀ ਨਹੀਂ। ਜਦ ਅਸੀਂ ਉਸਨੂੰ ਪੂਰੀ ਗੱਲ ਵਿਸਥਾਰ ਵਿੱਚ ਦੱਸੀ ਤਾਂ ਕਹਿਣ ਲੱਗਾ, ਅੱਛਾ! ਇਤਨੇ
ਚਿਰ ਤੋਂ ਸਾਨੂੰ ਇਵੇਂ ਹੀ ਗੁਮਰਾਹ ਕੀਤਾ ਜਾ ਰਿਹਾ ਸੀ।
ਚੰਡੀ ਚਰਿੱਤਰ ਦੇ ਪ੍ਰਸੰਗ ਅਨੁਸਾਰ ਕਿਸੇ ਤਰ੍ਹਾਂ ਵੀ ਇਸ ਦੇ ਅਰਥ ‘ਅਕਾਲ
ਪੁਰਖ’ ਜਾਂ ਸ਼ਕਤੀ ਨਹੀਂ ਬਣਦੇ ਅਤੇ ਨਾ ਹੀ ਤਲਵਾਰ ਬਣਦੇ ਹਨ। ਚੰਡੀ ਦੀ ਇਹ ਵਾਰ ਤਾਂ ਹੈ ਹੀ ਦੁਰਗਾ
ਅਤੇ ਦੈਂਤਾਂ ਨਾਲ ਕਾਲਪਨਿਕ ਯੁੱਧ ਦੀ ਕਾਲਪਨਿਕ ਕਥਾ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਮਿਸ਼ਨਰੀ
ਕਾਲਜ ਦਸਮ ਗ੍ਰੰਥ ਦੀ ਗੱਲ ਕਰਦੇ ਸਮੇਂ ਚੰਡੀ ਚਰਿੱਤਰ ਨੂੰ ਰੱਦ ਕਰਦੇ ਹਨ ਉਹ ਅਰਦਾਸ ਦੇ ਇਸ ਬੰਦ
ਬਾਰੇ (ਰਹਿਤ ਮਰਿਆਦਾ ਦਾ ਬਹਾਨਾ ਬਣਾ ਕੇ) ਚੁੱਪੀ ਸਾਧ ਲੈਂਦੇ ਹਨ। ਇਹ ਦੋਹਰੀ ਨੀਤੀ ਉਹਨਾਂ ਨੂੰ
ਬਿਲਕੁਲ ਵੀ ਚੁਭਦੀ ਨਹੀਂ।
ਦਾਸਰਿਆਂ ਨੇ ਮਿਸ਼ਨਰੀ ਕਾਲਜਾਂ ਦੀ ਗੱਲ ਖ਼ਾਸ ਕਰਕੇ ਇਸ ਲਈ ਕੀਤੀ ਹੈ ਕਿਉਂ
ਕਿ ਉਹ ਜਾਗਰੂਕ ਮੰਨੇ ਜਾਂਦੇ ਹਨ। ਸੰਪ੍ਰਦਾਈਆਂ, ਅਖੌਤੀ ਸੰਤ ਬਾਬਿਆਂ, ਡੇਰੇਦਾਰਾਂ ਦੀ ਗੱਲ ਇਸ
ਕਰਕੇ ਨਹੀਂ ਕੀਤੀ ਕਿਉਂ ਕਿ ਉਨ੍ਹਾਂ ਦੇ ਜ਼ਮੀਰ ਉੱਤੇ ਬ੍ਰਾਹਮਣਵਾਦ ਦਾ ਐਸਾ ਗਲਬਾ ਚੜ੍ਹ ਚੁੱਕਾ ਹੈ
ਕਿ ਉਸ ਦਾ ਉਤਰਨਾ ਸੰਭਵ ਨਹੀਂ ਲਗਦਾ।
ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਸਬੰਧੀ ਪ੍ਰਕਾਸ਼ਿਤ ਪੁਸਤੱਕ ਵਿੱਚ ਭਗੌਤੀ
ਲਫਜ਼ ਦੇ ਨਾਲ ਕ੍ਰਿਪਾਨ (ਤਲਵਾਰ) ਦਾ ਚਿੱਤਰ ਸ਼ਕਤੀ ਦੇ ਪ੍ਰਤੀਕ ਵਜੋਂ ਦਿਖਾਇਆ ਗਿਆ ਹੈ। ਜੋ ਗੁਰਮਤਿ
ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਗੁਰਮਤਿ, ਸ਼ਸ਼ਤਰਾਂ ਦੀ ਪੂਜਾ ਨਹੀਂ ਸਿਖਾਉਂਦੀ। ਕ੍ਰਿਪਾਨ ਜਾਂ
ਤਲਵਾਰ ਦਾ ਆਪਣਾ ਕੋਈ ਦਿਮਾਗ ਨਹੀਂ ਹੁੰਦਾ। ਉਸਨੇ ਤਾਂ ਆਪਣੇ ਚਲਾਉਣ ਵਾਲੇ ਦੇ ਹਿਸਾਬ ਨਾਲ ਚੱਲਣਾ
ਹੈ। ਉਹੀ ਹਥਿਆਰ ਜੇ ਜ਼ਾਲਮ ਦੇ ਹੱਥ ਵਿੱਚ ਹੈ ਤਾਂ ਉਹ ਜ਼ੁਲਮ ਕਰੇਗਾ ਅਤੇ ਜੇ ਚੰਗੇ ਬੰਦੇ ਦੇ ਹੱਥ
ਵਿੱਚ ਹੈ ਤਾਂ ਜ਼ੁਲਮ ਦਾ ਵਿਰੋਧ ਕਰੇਗਾ। ‘ਕ੍ਰਿਪਾਨ’ ਪੂਜਾ ਤੋਂ ਉਤਸ਼ਾਹਿਤ ਹੋ ਕੇ ਕਈ ਰਾਗੀ ਬਿਨਾ
ਸੋਚੇ ਸਮਝੇ ਹੀ ‘ਜੈ ਤੇਗੰ-ਜੈ ਤੇਗੰ (ਬਚਿੱਤਰ ਨਾਟਕ) ਗਾਉਂਦੇ ਹੋਏ ਸ਼ਸ਼ਤਰ ਪੂਜਾ ਵਿੱਚ ਉਲਝੇ ਪਏ
ਨਜ਼ਰ ਆਉਂਦੇ ਹਨ ਅਤੇ ਸੰਗਤਾਂ ਨੂੰ ਵੀ ਉਲਝਾ ਰਹੇ ਹਨ।
ਜੇ ਧਿਆਨ ਨਾਲ ਅਰਥ ਕਰੀਏ ਤਾਂ ਚੰਡੀ ਚਰਿੱਤਰ ਦੇ ਇਸ ਬੰਦ ਦੇ ਅਰਥ ਬਣਦੇ ਹਨ
ਕਿ ਪਹਿਲਾਂ ਨਾਨਕ ਪਾਤਸ਼ਾਹ ਨੇ ਭਗੌਤੀ ਨੂੰ ਧਿਆਇਆ, ਫੇਰ ਅੰਗਦ ਪਾਤਸ਼ਾਹ ਨੇ ਤੇ ਫਿਰ ਹੋਰ ਪਾਤਸ਼ਾਹਾਂ
ਨੇ ਵੀ।
ਜੋ ਵੀ ਹੈ, ਇਨ੍ਹਾ ਤਾਂ ਬਿਲਕੁਲ ਸਪੱਸ਼ਟ ਹੈ ਕਿ ਨਾਨਕ ਜੋਤ ਦੇ ਆਖਰੀ ਜਾਮੇ
(ਗੋਬਿੰਦ ਸਿੰਘ) ਵੇਲੇ ਤੱਕ ਇਹ ਬੰਦ ਅਰਦਾਸ ਵਿੱਚ ਨਹੀਂ ਪੜਿਆ ਜਾਂਦਾ ਸੀ। ਕਿਉਂ ਕਿ ਤਦ ਤੱਕ
ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਹੋਂਦ ਹੀ ਨਹੀਂ ਸੀ। ਇਹ ਮਿਲਾਵਟ ਬਾਅਦ ਵਿੱਚ ਹੀ ਕੀਤੀ ਗਈ। ਕਈਂ
ਸੁਹਿਰਦ ਵੀਰ ਇਹ ਕਹਿਣਗੇ ਕਿ ਇਸ ਬੰਦ ਦੇ ਕਾਰਨ ਅਸੀਂ ਅਰਦਾਸ ਵਿੱਚ ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰ
ਲੈਂਦੇ ਹਾਂ। ਬੇਸ਼ੱਕ ਇਹ ਵਿਚਾਰ ਅੱਛਾ ਹੈ ਪਰ ਉਸ ਵਾਸਤੇ ਢੁੱਕਵੀਂ ਸ਼ਬਦਾਵਲੀ ਆਪਸੀ ਵਿਚਾਰ ਰਾਹੀਂ
ਤੈਅ ਕੀਤੀ ਜਾ ਸਕਦੀ ਹੈ। ਪਰ ਕਿਸੇ ਬ੍ਰਾਹਮਣਵਾਦੀ ਲੇਖਕ ਦੀ ਬ੍ਰਾਹਮਣਵਾਦੀ ਰਚਨਾ (ਚੰਡੀ ਚਰਿੱਤਰ)
ਦਾ ਬੰਦ ਇਸ ਲਈ ਵਰਤਣਾ ਬਿਲਕੁਲ ਵੀ ਜਾਇਜ਼ ਨਹੀਂ ਹੋ ਸਕਦਾ। ਖਾਸ ਤੌਰ ਤੇ ਜੋ ਦੇਵੀ ਦੀ ਪੂਜਾ ਆਦਿ
ਨਾਲ ਜੋੜਦਾ ਹੋਵੇ। ਬਲਕਿ ਇਹ ਤਾਂ ਉਸ ‘ਗੁਰੂ’ ਨਾਲ ਧ੍ਰੋਹ ਹੈ ਜੋ ਸਾਨੂੰ ਦੇਵੀ ਦੇਵਤਿਆਂ ਦੀ ਪੂਜਾ
ਆਦਿ ਮਨਮੱਤਾਂ ਤੋਂ ਵਰਜਦਾ ਹੈ।
ਪ੍ਰਚੱਲਤ ਅਰਦਾਸ ਦਾ ਦੂਜਾ ਬੰਦ ਪੰਜਾ ਪਿਆਰਿਆਂ, ਚੋਹਾਂ ਸਾਹਿਬਜ਼ਾਦਿਆਂ ਦੇ
ਜ਼ਿਕਰ ਨਾਲ ਸ਼ੁਰੂ ਹੁੰਦਾ ਹੈ। ਇਹ ਕਾਫੀ ਹੱਦ ਤੱਕ ਠੀਕ ਹੈ। ਬੱਸ, ‘ਜਿਨ੍ਹਾਂ ਨਾਮ ਜਪਿਆ’ ਸ਼ਬਦ
ਪ੍ਰਚਿਲਤ ਸਿਮਰਨ, ਨਾਮ ਜਪਣ ਦੇ ਭਾਵ ਵਿੱਚ ਕੀਤਾ ਗਿਆ ਹੈ। ਇਸ ਤੋਂ ਇੱਕ ਗੱਲ ਕਾਫੀ ਸਪੱਸ਼ਟ ਹੋ
ਜਾਂਦੀ ਹੈ ਕਿ 1708 ਤੱਕ ਸਿੱਖ ਪੰਥ ਵਿੱਚ ਨਾਮ ਜਪਣ ਅਤੇ ਸਿਮਰਨ ਦਾ (ਸਹੀ ਅਰਥਾਂ ਵਿੱਚ) ਕਾਫੀ
ਪ੍ਰਚਲਣ ਸੀ। ਪਰ ਸਮੇਂ ਦੇ ਨਾਲ ਬ੍ਰਾਹਮਣਵਾਦੀਆਂ ਨੇ ਇਨ੍ਹਾਂ ਦੇ ਅਰਥ ਬ੍ਰਾਹਮਣਵਾਦੀ ਕਰ ਕੇ
ਸਿੱਖਾਂ ਵਿੱਚ ਪ੍ਰਚੱਲਿਤ ਕਰ ਦਿੱਤੇ।
(ਅ)
ਪ੍ਰਚੱਲਿਤ ਅਰਦਾਸ ਦਾ
ਚੌਥਾ ਬੰਦ ‘ਪੰਜਾ ਤਖਤਾਂ’ ਦੇ ਜ਼ਿਕਰ ਨਾਲ ਸ਼ੁਰੂ ਹੁੰਦਾ ਹੈ। ਸਿੱਖ ਇਤਿਹਾਸ ਹੈ ਕਿ ਛੇਵੇਂ ਨਾਨਕ
ਪਾਤਸ਼ਾਹ ਨੇ ‘ਅਕਾਲ ਤਖ਼ਤ’ ਦਾ ਨਿਰਮਾਣ ਕਰਾਇਆ। ‘ਅਕਾਲ ਤਖ਼ਤ’ ਦੀ ਸਿੱਖ ਕੌਮ ਨੂੰ ਕੇਂਦਰੀ ਤੌਰ ਤੇ
ਸੇਧ ਦੇਣ ਵਾਲੀ ਵਿਚਾਰਧਾਰਾ ਦਾ ਪ੍ਰਬੰਧ ਸੀ ਨਾ ਕਿ ਸਿਰਫ ਵਿਸ਼ੇਸ਼ ਥਾਂ ਦੇ ਨਾਲ ਜੁੜਨਾ। ਬਾਕੀ ਸਾਰੇ
‘ਤਖ਼ਤ’ ਕੌਮ ਵਿੱਚ ਵੰਡੀਆਂ ਪਾਉਣ ਦੀ ਮਨਸ਼ਾ ਨਾਲ ਬ੍ਰਾਹਮਣਵਾਦੀ ਤਾਕਤਾਂ ਨੇ ਬਣਵਾ ਦਿੱਤੇ। ਹਰ ਰਾਜ
ਦਾ, ਕੌਮ ਦਾ, ਇੱਕ ਧੁਰਾ ਹੀ ਜਾਂ ਤਖ਼ਤ ਹੁੰਦਾ ਹੈ। ਨਹੀਂ ਤਾਂ ਏਕਤਾ ਨਹੀਂ ਰਹਿ ਸਕਦੀ। ਇਸ ਸਮੇਂ
ਪ੍ਰਚਲਿਤ ਤਖ਼ਤਾਂ ਦੇ ਪੁਜਾਰੀਆਂ ਵਿੱਚ ਚੱਲ ਰਿਹਾ ਵਿਵਾਦ ਇਸ ਦਾ ਸਪੱਸ਼ਟ ਉਦਾਹਰਣ ਹੈ। ਅੱਜ ਤੋਂ
ਕਰੀਬ 10-12 ਸਾਲ ਪਹਿਲਾਂ ਜਦ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਇੱਕ ਤੋਂ ਵੱਧ ਤਖਤਾਂ ਦੀ
ਹੋਂਦ ਉੱਤੇ ਕਿੰਤੂ ਕੀਤਾ ਸੀ ਤਾਂ ਸਿੱਖ ਸਮਾਜ ਦੇ ‘ਠੇਕੇਦਾਰਾਂ ਨੇ ਬੜਾ ਵਾਵੇਲਾ ਮਚਾਇਆ। ਪਰ ਅੱਜ
ਉਨ੍ਹਾਂ ਦੀਆਂ ਕਹੀਆਂ ਜ਼ਿਆਦਾਤਰ ਗੱਲਾਂ ਸੱਚ ਸਾਬਤ ਹੋ ਰਹੀਆਂ ਹਨ।
ਇਨ੍ਹਾਂ ਤਖ਼ਤਾਂ ਦੀ ਹੋਂਦ ਬਾਰੇ ਇੱਕ ਦਿਲਚਸਪ ਗੱਲ ਹੈ ਕਿ ‘ਅਕਾਲ ਤਖ਼ਤ’ ਤੋਂ
ਸਿਵਾ ਬਾਕੀ ਸਾਰੇ ਤਖ਼ਤ ਦਸ਼ਮੇਸ਼ ਪਾਤਸ਼ਾਹ ਜੀ ਨਾਲ ਹੀ ਸਬੰਧਤ ਹਨ ਕਿਤੇ ਇਹ, ਉਨ੍ਹਾਂ ਨੂੰ ਨਾਨਕ ਜੋਤ
ਤੋਂ ਅਲੱਗ ਵਿਖਾਉਣ ਦੀ ਮਨਸ਼ਾ ਨਾਲ ਤਾਂ ਨਹੀਂ ਸੀ ਕੀਤਾ ਗਿਆ? ਵੈਸੇ ਸਿਧਾਂਤਕ ਤੌਰ ਉੱਤੇ ਕੌਮ ਵਿੱਚ
ਏਕਤਾ ਲਈ ਇੱਕੋ ਹੀ ਤਖ਼ਤ ਹੋਣਾ ਚਾਹੀਦਾ ਹੈ ‘ਅਕਾਲ ਤਖ਼ਤ’। ਇਹੀ ਛੇਵੇਂ ਨਾਨਕ ਪਾਤਸ਼ਾਹ ਜੀ ਨੇ ਪ੍ਰਗਟ
ਕੀਤਾ ਸੀ। ਬਾਕੀ ਸਾਰੇ ਤਖ਼ਤ ਅਸੀਂ ਆਪ ਆਪਣੀਆਂ ਚੌਧਰਾਂ ਅਤੇ ਵੰਡੀਆਂ ਪੈਦਾ ਕਰਨ ਲਈ ਬਣਾ ਲਏ ਹਨ।
ਇਸ ਦਾ ਕੌਮ ਨੂੰ ਕਿਨ੍ਹਾਂ ਕੂ ਸਿਧਾਂਤਕ ਨੁਕਸਾਨ ਹੋਇਆ, ਪਟਨਾ ਅਤੇ ਹਜ਼ੂਰ ਸਾਹਿਬ ਇਸਦਾ ਸਪਸ਼ਟ
ਉਦਾਹਰਣ ਹਨ। ਇਸ ਕਰਕੇ ਜ਼ਰੂਰੀ ਹੈ ਕਿ ਪੰਜਾਂ ਤਖ਼ਤਾਂ ਦੇ ਇਸ ਗਲਤ ਪ੍ਰਚਲਣ ਨੂੰ ਬਦਲ ਕੇ ਸਿਰਫ ਇੱਕ
ਤਖ਼ਤ (ਏਕਤਾ) ਦੇ ਸਿਧਾਂਤ ਵੱਲ ਪਰਤੀਏ।
(ੲ)
ਪ੍ਰਚਲਿਤ ਅਰਦਾਸ ਦਾ
ਛੇਵਾਂ ਪਹਿਰਾ ‘ਸਿਖਾਂ ਨੂੰ ਸਿੱਖੀ ਦਾਨ’ ਨਾਲ ਸ਼ੁਰੂ ਹੁੰਦਾ ਹੈ, ਇਸ ਵਿੱਚ ਸਿੱਖਾਂ ਨੂੰ ਅਨੇਕਾਂ
ਦਾਨਾਂ ਦੀ ਸ਼ਬਦਾਵਲੀ ਵਿੱਚ ਉਲਝਾ ਦਿੱਤਾ ਗਿਆ ਜਾਪਦਾ ਹੈ। ਜੋ ਇਨ੍ਹੇ ਦਾਨਾਂ ਕਾਰਨ ਇੱਕ ਤੋਤਾ ਰਟਨੀ
ਬਣ ਗਈ ਹੈ। ਸਿਰਫ ਇਨ੍ਹੇ ਹੀ ਸ਼ਬਦ ਕਾਫੀ ਹੋ ਸਕਦੇ ਹਨ ਕਿ ‘ਹੇ ਅਕਾਲ ਪੁਰਖ ਜੀ, ਸਿੱਖਾਂ ਨੂੰ ਗੁਰੁ
ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਜੀਵਨ ਜਾਚ ਬਣਾਉਣ ਦੀ ਵਿਵੇਕ ਬੁੱਧੀ ਬਖਸ਼ੋ’। ਨਾਲ ਹੀ ਸ੍ਰੀ
ਅੰਮ੍ਰਿਤਸਰ ਦੇ ਇਸ਼ਨਾਨ ਦਾ ਸਹੀ ਭਾਵ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ।
(ਸ)
ਸਿੱਖਾਂ ਦਾ ਮਨ
ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਵੀ ਕੁੱਝ ਅਧੂਰਾ ਜਿਹਾ ਜਾਪਦਾ ਹੈ। ਕਿਉਂਕਿ ਆਮ
ਤੌਰ ਤੇ ਸਿੱਖਾਂ ਦਾ ਮਨ ਨੀਵਾਂ (ਭਾਵ ਨਿਮਰਤਾ) ਨਹੀਂ ਹੈ। ਇੱਥੇ ਸਪੱਸ਼ਟ ਲਿਖਿਆ ਜਾ ਸਕਦਾ ਹੈ ਕਿ
‘ਸਿੱਖਾਂ ਦਾ ਮਨ ਨੀਵਾਂ ਹੋਵੇ (ਭਾਵ ਨਿਮਰਤਾ) ਹੋਵੇ’ ਅਤੇ ਮੱਤ ਉੱਚੀ (ਗੁਰੁ ਦੀ ਮਤ) ਧਾਰਨ ਹੋਵੇ।
ਵੈਸੇ ਵੀ ਇਹ ਮੰਗ ਵਿਵੇਕ ਬੁੱਧੀ ਵਾਲੇ ਬੰਦ ਵਿੱਚ ਹੀ ਆ ਜਾਂਦੀ ਹੈ।
(ਹ)
ਇਸ ਤੋਂ ਅਗਲੇ ਬੰਦ
ਵਿੱਚ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ (ਪਾਕਿਸਤਾਨ ਵਾਲੇ) ਦੀ ਸੇਵਾ ਸੰਭਾਲ ਅਤੇ ਖੁੱਲੇ
ਦਰਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਪਰ ਅਸੀਂ ਇਸ ਮੰਗ ਦੇ ਹੱਕਦਾਰ ਨਹੀ ਜਾਪਦੇ ਕਿਉਂਕਿ ਜਿਹੜੇ
ਗੁਰਦੁਆਰੇ ਸਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਨੂੰ ਤਾਂ ਅਸੀਂ ‘ਕਰਮਕਾਂਡਾਂ ਦੇ ਅੱਡੇ’ ਬਣਾ ਕੇ ਰੱਖ
ਦਿੱਤੇ ਹਨ। ਪਹਿਲਾਂ ਇਨ੍ਹਾਂ ਨੂੰ ਸਹੀ ਮਾਇਨੇ ਵਿੱਚ ‘ਗੁਰਦੁਆਰੇ’ ਬਣਾ ਲੈਣਾ ਚਾਹੀਦਾ ਹੈ। ਇਸ ਤੋਂ
ਬਾਅਦ ਹੋਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਮੰਗ ਕਰਦੇ ਅਸੀਂ ਚੰਗੇ ਲੱਗਦੇ ਹਾਂ। ਜਗ੍ਹਾ ਨਾਲ
ਜੁੜਨ ਦੀ ਥਾਂ ਜੇ ਅਸੀਂ ਸਿਧਾਂਤ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਕੌਮ ਦਾ ਕੁੱਝ ਸੰਵਰ ਸਕਦਾ ਹੈ।
(ਕ) ਪ੍ਰਚੱਲਿਤ ਅਰਦਾਸ ਦੇ ਅੰਤ ਵਿੱਚ ਇੱਕ ਤੁੱਕਬੰਦੀ ਮਿਲਦੀ ਹੈ।
‘ਨਾਨਕ, ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’
ਇਹ ਤੁੱਕ ਗੁਰੁ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਮਿਲਦੀ। ਇਸ ਕਰਕੇ ਇਹ
ਨਾਨਕ ਪਾਤਸ਼ਾਹ ਜੀ ਦੀ ਰਚਨਾ ਨਹੀਂ ਜਾਪਦੀ। ਫਿਰ ਇਸ ਰਚਨਾ ਵਿੱਚ ‘ਨਾਨਕ’ ਛਾਪ ਵਰਤਣ ਦਾ ਹੱਕ ਕਿਸ
ਨੇ ਦਿੱਤਾ? ਜੇਕਰ ਇਸ ਦੇ ਅਰਥ ਇਹ ਕੀਤੇ ਜਾਣ ਕਿ, ਨਾਨਕ ਸਾਹਿਬ ਦਾ ਨਾਂ ਲੈਂਣ ਨਾਲ ਚੜ੍ਹਦੀ ਕਲਾ
ਹੁੰਦੀ ਹੈ, ਤਾਂ ਇਹ ਸਿਧਾਂਤਕ ਤੌਰ ਉੱਤੇ ਠੀਕ ਨਹੀਂ ਲਗਦਾ। ਇਸ ਦੇ ਗੁਰਮਤਿ ਅਨੁਸਾਰੀ ਇੱਕ ਹੀ ਅਰਥ
ਹੋ ਸਕਦੇ ਹਨ ਜੋ ਕਿ ਇਸ ਪ੍ਰਕਾਰ ਹਨ:-
“ਨਾਨਕ ਪਾਤਸ਼ਾਹ ਜੀ ਵਲੋਂ ਪ੍ਰਗਟ ਕੀਤੇ ਸੱਚ ਦੇ ਗਿਆਨ (ਨਾਮ) ਨਾਲ ਜੁੜਨ
ਨਾਲ ਹੀ ਮਨੁੱਖ ਵਿੱਚ ਚੜ੍ਹਦੀ ਕਲਾ ਪੈਦਾ ਹੁੰਦੀ ਹੈ। ਇਸੇ ਸੱਚ ਦੇ ਗਿਆਨ ਨੂੰ ਅਪਣਾ ਕੇ ਹੀ ਸਰਬੱਤ
ਦਾ ਭਲਾ ਹੋ ਸਕਦਾ ਹੈ।”
ਜੇ ਇਹ ਅਰਥ ਪ੍ਰਚਾਰੇ ਜਾਣ ਤਾਂ ਹੀ ਇਸ ਤੁੱਕ ਦੀ ਪ੍ਰਮਾਣਿਕਤਾ ਹੋ ਸਕਦੀ
ਹੈ। ਨਹੀਂ ਤਾਂ ਇਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
ਇਸ ਦੇ ਅਰਥ ਕਰਦੇ ਸਮੇਂ ਇਹ ਵਧੀਕ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਕੌਮ
ਅਰਦਾਸ ਵਿੱਚ ਹਰ ਰੋਜ਼ ਸਰਬੱਤ ਦਾ ਭਲਾ ਮੰਗਦੀ ਹੈ। ਪਰ ਇਹ ਪ੍ਰਚਾਰ ਸਿਧਾਂਤਕ ਨਹੀਂ ਜਾਪਦਾ। ਸਿਰਫ
ਮੰਗਣ ਨਾਲ ਜਾਂ ਅਖੰਡ ਪਾਠ ਵਰਗੇ ਕਰਮਕਾਂਡਾਂ ਨਾਲ ਸਰਬੱਤ ਦਾ ਭਲਾ ਨਹੀਂ ਹੋ ਸਕਦਾ। ਉਸ ਵਾਸਤੇ
ਜ਼ਰੂਰੀ ਹੈ ‘ਸੱਚ ਦੇ ਗਿਆਨ’ ਨੂੰ ਅਪਣਾਉਣਾ। ਇਸ ਕਰਕੇ ਪ੍ਰਚਾਰ ਇਹ ਕਰਨਾ ਚਾਹੀਦਾ ਹੈ ਕਿ ‘ਸਿੱਖ ਦੀ
ਅਰਦਾਸ ਸਰਬੱਤ ਦੇ ਭਲੇ ਦਾ ਤਰੀਕਾ ਦੱਸਦੀ ਹੈ।
ਅਰਦਾਸ ਦਾ ਅਸਲ ਭਾਵ ਬੇਨਤੀ ਹੈ, ਆਪਣੀ ਬੇਨਤੀ (ਅਰਦਾਸ) ਬੰਦਾ ਖ਼ੁਦ ਹੀ ਕਰ
ਸਕਦਾ ਹੈ। ਕਿਸੇ ਪੁਜਾਰੀ (ਗ੍ਰੰਥੀ ਆਦਿ) ਕੋਲੋਂ ਆਪਣੇ ਨਾਂ ਉੱਤੇ ਅਰਦਾਸ ਕਰਾਉਣਾ ਇੱਕ ਕਰਮਕਾਂਡ
ਤੋਂ ਵੱਧ ਕੁੱਝ ਵੀ ਨਹੀਂ। ਜੇ ਸਾਨੂੰ ਭੁੱਖ ਲੱਗੀ ਹੈ ਤਾਂ ਕਿਸੇ ਹੋਰ ਦੇ ਰੋਟੀ ਖਾਣ ਨਾਲ ਉਹ ਭੁੱਖ
ਨਹੀਂ ਮਿੱਟ ਸਕਦੀ। ਸੰਗਤ ਵਿੱਚ ਕੇਵਲ ਸਾਂਝੀ ਅਰਦਾਸ ਹੋ ਸਕਦੀ ਹੈ, ਵਿਅਕਤੀਗਤ ਅਰਦਾਸ ਬੰਦਾ ਖ਼ੁਦ
ਕਰ ਸਕਦਾ ਹੈ।
ਪਰ ਅਰਦਾਸ ਲੇਖ ਹੇਠ ਹੀ (ਗ) ਭਾਗ ਵਿੱਚ ਲਿਖਿਆ ਹੈ:- ‘ਜਦੋਂ ਕੋਈ ਖਾਸ
ਅਰਦਾਸ ਕਿਸੇ ਇੱਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ ਤਾਂ ਉਨ੍ਹਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ
ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ’
ਇੱਥੇ ਇਸ ਨੁਕਤੇ ਨਾਲ ‘ਪੁਜਾਰੀਵਾਦ’ ਨੂੰ ਬੱਲ ਮਿਲਦਾ ਹੈ। ਜੋ ਸਿਧਾਂਤਾਂ
ਦੇ ਖਿਲਾਫ ਹੈ। ਵਿਅਕਤੀਗਤ ਅਰਦਾਸ ਬੰਦਾ ਖ਼ੁਦ ਕਰੇ। ਪੈਸੇ ਦੇ ਕੇ ਜਾਂ ਕਿਸੇ ਹੋਰ ਕੋਲੋਂ ਆਪਣੇ ਲਈ
ਅਰਦਾਸ ਕਰਾਉਣਾ ਸਿਰਫ ਇੱਕ ਕਰਮਕਾਂਡ ਹੋ ਨਿਬੜਦਾ ਹੈ।
‘ਤੱਤ ਗੁਰਮਤਿ ਪਰਿਵਾਰ’ ਵਲੋਂ ਅਰਦਾਸ ਸਬੰਧੀ ਕੀਤੀ ਇਸ ਸਵੈ-ਪੜਚੋਲ ਰੂਪੀ
ਵਿਚਾਰ ਰਾਹੀਂ ਅਸੀਂ ਵੇਖਿਆ ਕਿ ਸਾਡੀ ਕੌਮੀ ਅਰਦਾਸ ਵਿੱਚ ‘ਗੁਰਮਤਿ ਸਿਧਾਂਤਾਂ’ ਪੱਖੋਂ ਅਨੇਕਾਂ
ਕਮਜ਼ੋਰੀਆਂ, ਕਮੀਆਂ ਹਨ। ਇਹ ਕਮੀਆਂ ‘ਜਾਗਰੂਕ ਤੇ ਜਾਗਦੀ ਜ਼ਮੀਰ’ ਵਾਲੇ ਸਿੱਖਾਂ ਨੂੰ ਬਹੁਤ ਪਰੇਸ਼ਾਨ
ਕਰਦੀਆਂ ਹਨ। ਉਹਨਾਂ ਦੀ ‘ਆਤਮਾ’ ਇਸ ਲਈ ਤਿਆਰ ਨਹੀਂ ਹੁੰਦੀ ਕਿ ਉਹ ਜਾਣਦੇ-ਬੁਝਦੇ ਇਸ ਸਿਧਾਂਤ
ਵਿਰੋਧੀ ਅਰਦਾਸ ਨਾਲ ਜੁੜੇ ਰਹਿਣ। ਉਹ ਇਸ ਪ੍ਰਚਲਿਤ ਅਰਦਾਸ ਨਾਲ ਜੁੜ ਕੇ ਇੱਕ ‘ਅਕਾਲ ਪੁਰਖ’ ਦੀ
ਥਾਂ ਕਿਸੇ ਦੇਵੀ ਜਾਂ ਸ਼ਸ਼ਤਰ ਦੀ (ਗੁਰਮਤਿ ਵਿਰੋਧੀ) ਅਰਾਧਨਾ ਰੂਪੀ ‘ਸਿਧਾਂਤਕ ਵਿਰੋਧੀ’ ਗਲ ਕਰਦੇ
ਰਹਿਣ।
ਇਹ ਸਮਾਂ ‘ਤੱਤ (ਸਹੀ) ਗੁਰਮਤਿ’ ਦੇ ਪ੍ਰਚਾਰ ਰਾਹੀਂ ਜਾਗ੍ਰਿਤੀ ਲਿਆਉਣ ਲਈ
ਬਹੁਤ ਹੀ ਢੁਕਵਾਂ ਹੈ। ‘ਤੱਤ ਗੁਰਮਤਿ ਪਰਿਵਾਰ’ ਜਾਗਰੂਕ ਅਤੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ
ਨਿਮਰਤਾ ਸਾਹਿਤ ਨਿਸ਼ਕਾਮ ਬੇਨਤੀ ਕਰਦਾ ਹੈ ਕਿ ਆਉ ਅਸੀਂ ਆਪਣੀ ਅਰਦਾਸ ਨੂੰ ਗੁਰਮਤਿ ਅਨੁਸਾਰੀ ਬਣਾਉਣ
ਲਈ ਸੁਹਿਰਦ ਜਤਨ ਕਰੀਏ। ਪਰਿਵਾਰ ਦੀ ਗੁਜ਼ਾਰਿਸ਼ ਹੈ ਕਿ ਸਾਰੇ ਜਾਗਰੂਕ ਸਿੱਖ ਅਤੇ ਵਿਦਵਾਨ (ਜੋ ਇਸ
ਕੰਮ ਨੂੰ ਜ਼ਰੂਰੀ ਸਮਝਦੇ ਹਨ) 31 ਜੁਲਾਈ 2009 ਤੱਕ ਆਪਣੇ ਵਿਚਾਰ ਅਨੁਸਾਰ ਗੁਰਮਤਿ ਅਨੁਸਾਰੀ
‘ਅਰਦਾਸ’ ਦੀ ਸ਼ਬਦਾਵਲੀ (ਜਾਂ ਇਸ ਸਬੰਧੀ ਸੁਝਾਅ) ਅੰਤ ਵਿੱਚ ਦਿੱਤੇ ਪਤੇ ਤੇ ਭੇਜਣ ਦੀ ਕ੍ਰਿਪਾਲਤਾ
ਕਰਨੀ ਜੀ। ਹਰ ਵਿਚਾਰ ਲਿਖਤੀ ਰੂਪ ਵਿੱਚ (ਖੱਤ ਜਾਂ ਈ-ਮੇਲ ਰਾਹੀਂ) ਹੀ ਭੇਜਣਾ ਜੀ। ਫੋਨ ਤੇ ਦਿੱਤੇ
ਸੁਝਾਅ ਜਾਂ ਵਿਚਾਰ ਸੰਭਾਲਣੇ ਮੁਸ਼ਕਿਲ ਹਨ, ਇਸ ਲਈ ਫੋਨ ਰਾਹੀਂ ਸੁਝਾਅ ਨਾ ਦਿੱਤੇ ਜਾਣ। ਮਿੱਥੇ
ਸਮੇਂ ਤੱਕ ਪ੍ਰਾਪਤ ਹੋਏ ਵਿਚਾਰਾਂ/ਸੁਝਾਵਾਂ ਨੂੰ ‘ਤੱਤ ਗੁਰਮਤਿ ਪਰਿਵਾਰ’ ਦੇ ਵਿਦਵਾਨ ਪੈਨਲ ਵਿੱਚ
ਵਿਚਾਰ ਕੇ ‘ਅਰਦਾਸ’ ਦੀ ਗੁਰਮਤਿ ਅਨੁਸਾਰੀ ਸ਼ਬਦਾਵਲੀ ਤਿਆਰ ਕੀਤੀ ਜਾਵੇਗੀ। ਫਿਰ ਉਸ ਖਰੜੇ ਨੂੰ
ਜਾਗਰੂਕ ਸਿੱਖਾਂ ਸਾਹਮਣੇ ਦੁਬਾਰਾ ਵਿਚਾਰ ਵਾਸਤੇ ਰੱਖਿਆ ਜਾਵੇਗਾ। ਅੰਤਿਮ ਸੋਧਾਂ ਕਰਨ ਤੋਂ ਬਾਅਦ
ਇਸ ਅਰਦਾਸ ਨੂੰ ‘ਤੱਤ ਗੁਰਮਤਿ ਪਰਿਵਾਰ’ ਵਲੋਂ ਸਿੱਖ ਸੰਗਤਾਂ ਵਿੱਚ ਪ੍ਰਚਾਰਿਆ ਜਾਵੇਗਾ। ਤਾਂਕਿ
ਸਮੂਚਾ ਸਿੱਖ ਜਗਤ ਇਸ ਅਰਦਾਸ ਨੂੰ ਅਪਣਾ ਸਕੇ। ਆਸ ਹੈ ਕਿ ਸੁਹਿਰਦ ਤੇ ਜਾਗਰੂਕ ਸਿੱਖ ‘ਤੱਤ ਗੁਰਮਤਿ
ਪਰਿਵਾਰ’ ਦੀ ਇਸ ਨਿਸ਼ਕਾਮ ਅਪੀਲ ਨੂੰ ਆਪਣੇ ਵਿਚਾਰਾਂ /ਸੁਝਾਵਾਂ ਦੇ ਰੂਪ ਵਿੱਚ ਹੁੰਗਾਰਾ ਜ਼ਰੂਰ
ਦੇਣਗੇ। ਆਪਣੇ ਕੀਮਤੀ ਵਿਚਾਰ ਕ੍ਰਿਪਾ ਕਰ ਕੇ 15 ਜੁਲਾਈ 2009 ਤੋਂ ਪਹਿਲਾਂ ਹੇਠ ਲਿਖੇ ਪਤੇ `ਤੇ
ਭੇਜਣ ਦੀ ਕ੍ਰਿਪਾਲਤਾ ਕੀਤੀ ਜਾਵੇ। ਯਾਦ ਰਹੇ ਕਿ ਵਿਚਾਰ /ਸੁਝਾਅ ਸਿਰਫ ਲਿਖਤੀ ਰੂਪ ਵਿੱਚ (ਖੱਤ
ਜਾਂ ਈ-ਮੇਲ) ਹੀ ਅਉਣੇ ਚਾਹੀਦੇ ਹਨ ਜੀ।
ਪਤਾ ਹੈ:
TATT GRUMAT PARIVAR,
C/O FUTRUE PACK HIGHER SECONDARY SCHOOL,
NEAR ARI PROT, UPPER GADIGARH,
JAMMU (J&K) PIN 181101.
E-MAIL : [email protected]
ਨਿਮਰਤਾ ਸਹਿਤ,
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ,
‘ਤੱਤ ਗੁਰਮਤਿ ਪਰਿਵਾਰ’