‘ਤਿੰਨ ਸੌ ਸਾਲਾ ਗੁਰਤਾ ਦਿਵਸ`
ਅਕਤੂਬਰ, 2008 – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨ ਸੌ ਸਾਲਾ ਗੁਰਤਾ
ਦਿਵਸ – ਮਹਾਨ ਦਿਹਾੜਾ। ਗੁਰ – ਦਰਸ਼ਨ - ਅਭਿਲਾਸ਼ੀਆਂ ਦੇ ਮਨਾ ਵਿੱਚ ਬੜਾ ਚਾ ਉਮਾਹ ਤੇ ਉਤਸਾਹ ਸੀ
ਕਿ ਇਸ ਪਰਮ – ਪਵਿੱਤ੍ਰ ਪੁਰਬ ਸਮੇ ਮਨੁਖਤਾ ਦੇ ਗੁਰੂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰਸ਼ਨ
(ਗੁਰ ਸਿਧਾਂਤਾਂ ਦੇ ਨਾਲ ਜਾਣ ਪਹਿਚਾਣ) ਕਰਾਏ ਜਾਣਗੇ; ਗੁਰੂ ਦੁਆਰਾ ਨਿਰਧਾਰਤ ਅਦੁੱਤੀ ਤੇ
ਸਰਵ-ਸ੍ਰੇਸ਼ਠ ਮੁਕਤੀ ਮਾਰਗ ਉਤੇ ਰੋਸ਼ਨੀ ਪਾਈ ਜਾਵੇਗੀ, ਅਤੇ, ਮਾਇਆ ਦੇ ਘੁਪ ਅਨ੍ਹੇਰੇ ਵਿੱਚ ਗਵਾਚੀ
ਮਨੁਖਤਾ ਨੂੰ ਇਸ ਰਾਹ ਤੇ ਚੱਲਣ ਦੀ ਪ੍ਰੇਰਣਾ ਮਿਲੇਗੀ। ਗੁਰੂ – ਗਿਆਨ – ਪ੍ਰਕਾਸ਼ ਦੇ ਕਈ ਜਾਚਕ
ਝੋਲੀਆਂ ਫੈਲਾ ਕੇ ਬੜੀ ਉਤਸੁਕਤਾ ਨਾਲ ਇਸ ਉਤਸਵ ਦੀ ਉਡੀਕ ਕਰਦੇ ਰਹੇ। ਉਤਸਵ ਆਇਆ ਤੇ ਲੰਘ ਗਿਆ। ਪਰ
ਜਾਚਕਾਂ ਦੀਆਂ ਝੋਲੀਆਂ ਸੱਖਣੀਆਂ ਦੀਆਂ ਸੱਖਣੀਆਂ ਹੀ ਰਹਿ ਗਈਆਂ। ਕੂੜ ਦੇ ਘੋਰ ਕਾਲੇ ਬਦਲਾਂ ਨੇ
ਸੱਚ – ਸੂਰਜ ਦੇ ਦਰਸ਼ਨ ਨਹੀਂ ਹੋਣ ਦਿੱਤੇ।
ਗੁਰੁ ਗ੍ਰੰਥ ਸਾਹਿਬ ਜੀ ਦੇ ਪੁਰਬ ਦਾ ਮੁੱਖ ਮੰਤਵ ਹੋਣਾ ਚਾਹੀਦਾ ਸੀ --
ਗੁਰ–ਸ਼ਬਦ ਦੀ ਪਹਿਚਾਣ, ਤੇ ਮੋਹ ਮਇਆ ਦੀ ਧੂੜ ਨਾਲ ਧੁੰਧਰਾਈਆਂ ਅੱਖਾਂ ਲਈ ਗਿਆਨ ਅੰਜਨ ਦੀ ਉਪਲਬਧਿ।
ਪਰ, ਇਹ ਨਹੀਂ ਹੋਇਆ। ਮਾਇਆ ਮੂਠੇ ਪ੍ਰਬੰਧਕ ਅਪਣੀ ਕਾਰਯ-ਸੂਚੀ ਤੇ ਇਹ ਮੁੱਦੇ ਰਖਣੇ ਹੀ ਭੁਲ ਗਏ!
ਤਿੰਨ ਸੌ ਸਾਲਾ ਗੁਰਤਾ ਦਿਵਸ ਮਨਾਉਣ ਦੇ ਨਾਂ ਤੇ ਜੋ ਕੁੱਝ ਵੀ ਕੀਤਾ ਗਿਆ
ਉਸਦੀ ਹਾਮੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਭਰਦੇ। ਸੰਖੇਪ ਵਿਚਾਰ ਵੇਰਵਾ ਨਿਮਨ ਲਿਖਿਤ ਹੈ:-
ਗੁਰੂ ਜੀ ਦਾ ਹੁਕਮ ਹੈ:
“ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕ”।।
“ਮੋਤੀ ਤ ਮੰਦਰ ਊਸਰਹਿ, ਰਤਨੀ ਤ ਹੋਇ ਜੜਾਉ।।
ਕਸਤੂਰਿ ਕੁੰਗੂ ਅਗਰਿ ਚੰਦਨਿ, ਲੀਪਿ ਆਵੈ ਚਾਉ।।
ਮਤੁ ਦੇਖਿ ਭੂਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ”।।
ਸੋਨੇ ਚਾਂਦੀ ਦੀ ਛਣਕਾਰ, ਪੋਂਡਾਂ, ਡਾਲਰਾਂ ਤੇ ਰੁਪਇਆਂ ਦੀ ਭਰਮਾਰ ਨੇ
ਲੋਕਾਈ ਨੂੰ ਅਜੇਹਾ ਚਕਾਚੌਂਧ ਕਰ ਦਿੱਤਾ ਕੇ ਅਭਿਲਾਸ਼ੀਆਂ ਦੀਆਂ ਤਰਸਾਈਆਂ ਅੱਖਾਂ ਤੇ ਲੋਚਦੇ ਮਨ ਗੁਰ
– ਗਿਆਨ – ਦਰਸ਼ਨਾਂ ਤੋਂ ਵਾਂਝੇ ਹੀ ਰਹੇ। ਦੌਲਤ ਦਾ ਦਾਨ ਕਰਨ ਤੇ ਲੈਣ ਵਾਲੇਆਂ ਦਾ ਹਰ-ਤਰਫ
ਬੋਲਬਾਲਾ ਸੀ। ਪਰ ਦਾਨਾਂ ਸਿਰ ਦਾਨ ਨਾਮਦਾਨ ਦੇ ਦਾਨੀ ਕਿਧਰੇ ਨਜਰ ਨਹੀਂ ਆਏ। ਸਭ ਪਾਸੇ ‘ਮਾਇਆ ਕਾ
ਵਪਾਰ` ਹੀ ਨਜਰ ਆ ਰਿਹਾ ਸੀ:-
ਕਈ ਅਧਿਕਾਰੀ ਜਨਤਾ ਦੀ ਕ੍ਰਿਤ ਕਮਾਈ ਗੁਰੂ ਦੇ ਨਾਮ ਤੇ ਦੇ ਕੇ ਨਾਮਨਾ ਖੱਟ
ਰਹੇ ਸਨ, ਕਈ ਅਪਨੇ ਮੂਹੋਂ ਮੀਆਂ ਮਿਠੂ ਹੰਸੋੜ (
self-cngratulatory
bafoons) ਬਨਕੇ ਸਿੱਧੇ ਅਸਿਧੇ ਸ਼ਬਦਾਂ ਨਾਲ
ਵੋਟਾਂ ਮੰਗ ਰਹੇ ਸਨ; ਕਈ ਕਰੋੜਾਂ ਦਾ ਖਰਚ ਕਰਕੇ ਮੈਚਾਂ ਦਾ ਉਦਘਾਟਨ ਕਰਨ ਵਿੱਚ ਮਸਤ ਸਨ; ਕਈ ਅਪਣੀ
ਫੋਟੋ ਛਪਾ ਕੇ ਅਪਨੇ ਵਪਾਰ ਦੀ ਇਸ਼ਤੇਹਾਰਬਾਜ਼ੀ ਕਰਕੇ ਅਪਣੀ ਝੂਠੀ ਹੋਂਦ ਜਤਾਉਣ ਵਿੱਚ ਸ਼ੰਤੁਸ਼ਟੀ ਤੇ
ਫਖਰ ਹਹਿਸੂਸ ਕਰ ਰਹੇ ਸਨ; ਅਤੇ ਕਈ ਗੁਰੂ ਦੇ ਦਰ ਤੇ ਜੀਵ ਹੱਤਿਆ ਕਰਕੇ ਮੁਕਤੀ ਪਏ ਲਭਦੇ ਸਨ …. .
। ਹਉਮੈ ਨਾਲ ਬਉਰੇ ਹੋਏ ਮਨਮੁਖ ਮਾਇਆ ਧਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ-ਮਾਰਗ
ਨੂੰ ਮਇਆ-ਮਾਰਗ ਬਨਾਕੇ ਰਖ ਦਿਤਾ। ਗੁਰਾਂ ਦੇ ਨਾਂ ਤੇ ਕੀਤਾ ਗਇਆ ਸਾਰਾ ਕਾਰਯ ਕ੍ਰਮ, ਗੁਰਮੱਤ ਦੇ
ਦਰਿਸ਼ਟੀਕੋਨ ਤੋਂ, ਹਉਮੇ ਦੀ ਨੰਗੀ ਤੇ ਨਿੰਦਿਤ ਨੁਮਾਇਸ਼ ਕਹੀ ਜਾ ਸਕਦੀ ਹੈ।
ਜਿਤਨਾ ਪੈਸਾ ਗੁਰਾਂ ਦੇ ਨਾਮ ਤੇ ਖਰਚ ਕੀਤਾ ਗਿਆ ਉਤਨੇ ਨਾਲ ਅਗਿਆਨ
ਅਨ੍ਹੇਰੇ ਵਿੱਚ ਭਟਕਦੇ ਅਨੇਕਾਂ ਲੋਕਾਂ ਨੂੰ ਗਿਆਨ ਡੰਗੋਰੀ ਪ੍ਰਦਾਨ ਕੀਤੀ ਜਾ ਸਕਦੀ ਸੀ; ਅਨਗਿਣਤ
ਭੁਖਿਆਂ ਨੂੰ ਰੋਜ਼ੀ-ਰੋਟੀ; ਦਰਦ-ਮੰਦ ਰੋਗੀਆਂ ਦਾ ਇਲਾਜ ਹੋ ਸਕਦਾ ਸੀ ਤੇ ਨਿਘਰਿਆਂ ਨੂੰ ਘਰ ਮਿਲ
ਸਕਦੇ ਸਨ। ਪਰ ਇਹ ਸੱਭ ਕੁੱਝ ਨਹੀਂ ਹੋਇਆ, ਕਿਉਂਕਿ ਪਰਮਾਰਥ ਦੇ ਕਰਮ ਕਰਨ ਲਈ ਜਿਨ੍ਹਾਂ ਆਤਮੀ
ਗੁਣਾਂ (ਸਤੁ, ਸੰਤੋਖ, ਦਯਾ, ਧਰਮ, ਧੀਰਜ ਆਦਿ) ਦੀ ਲੋੜ ਹੁਮਦਿ ਹੈ, ਉਨ੍ਹਾਂ ਤੋਂ ਮਾਇਆਮੂਠੇ,
ਅਪਸੁਆਰਥੀ, ਆਤਮਾਭਿਮਾਨੀ ਅਤੇ ‘ਸਿਮਲ-ਰੁਖ` ਆਗੂ ਤੇ ਪ੍ਰਬੰਧਕ ਕੋਰੇ ਹਨ।
ਗੁਰੂ ਜੀ ਦਾ ਫੁਰਮਾਨ ਹੈ:
“ਬੇਦ ਪਾਠ ਸੰਸਾਰ ਕੀ ਕਾਰ।। ਬਿਨ ਬੂਝੇ ਸਭ ਹੋਏ ਖਵਾਰ”।। ਅਤੇ
“ਧ੍ਰਿਗ ਤਿਨਾ ਦਾ ਜੀਵਿਆ ਜਿ ਲਿਖ ਲਿਖ ਵੇਚੈ ਨਾਉ”।।
ਅਖਬਾਰਾਂ ਵਿੱਚ ਵਿਗਿਆਪਨ ਦੇ ਕੇ ਗ੍ਰੰਥ ਸਾਹਿਬ ਤੇ ਚੋਣਵੀਆਂ ਬਾਣੀਆਂ ਦੇ
ਅਨਗਿਣਤ ਪਾਠ ਕੀਤੇ ਤੇ ਕਰਵਾਏ ਗਏ। ਕੀਤੇ ਕਰਾਏ ਪਾਠਾਂ ਦੀ ਖਰੀਦੋ-ਫਰੋਖਤ ਕਰਕੇ ਖੁਲੇਆਮ ਗੁਰੂ ਤੇ
ਉਨ੍ਹਾਂ ਦੇ ਹੁਕਮਾਂ ਦੀ ਬੇਅਦਬੀ ਕੀਤੀ ਗਈ।
ਇਸ ਮਹਾਨ ਪੁਰਬ ਦੇ ਦੌਰਾਨ ਛੱਤੀ ਪ੍ਰਕਾਰ ਦੇ ਭੋਜਨਾਂ ਵਾਲੇ ਲੰਗਰ ਵੇਖੇ,
ਸੁਣੇ, ਖਾਧੇ ਤੇ ਮਾਣੇ ਗਏ। ਪਰ, ‘ਭੁਗਤਿ ਗਿਆਨ ਦਇਆ ਭੰਡਾਰਣਿ` ਕਿਧਰੇ ਨਜ਼ਰ ਨਹੀਂ ਆਏ।
ਧਰਮ ਅਖਾੜੇ ਦੇ ਅਜੋਕੇ ਪਹਿਲਵਾਨਾਂ ਦੀ ਸ਼ਕਤੀ ਮਾਇਆ ਹੈ, ਅਧਿਆਤਮ ਗਿਆਨ
ਨਹੀਂ। ਉਨ੍ਹਾਂ ਨੇ ‘ਪੰਥ-ਮਾਰਗ` ਨੂੰ ਤਿਆਗ ਕੇ ‘ਮਾਇਆ-ਪੰਥ` ਅਪਨਾ ਲਿਆ ਹੈ। ਮਾਇਆ ਸ਼ਕਤੀ ਦੇ ਨਸ਼ੇ
ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਝਾਏ ਧਰਮ – ਜਿਸਨੂੰ – ਗੁਰਮੱਤ ਮਾਰਗ ਜਾਂ ਸਿੱਖ ਧਰਮ ਵੀ
ਕਿਹਾ ਜਾਂਦਾ ਹੈ, ਦਾ ਬਿਨਾ ਸੰਗ ਸੰਕੋਚ ਦੇ ਵਪਾਰੀ –ਕਰਣ (
commercialization)
ਕਰ ਰਹੇ ਹਨ।
ਇਹ ਹਿਰਦੇ-ਵੇਧਕ ਸਚਾਈ ਹੈ ਕੇ ‘ਮਲਕ ਭਾਗੋਆਂ` ਦੀ ਭੀੜ ਵਿੱਚ ਬਾਬਾ ਬੁੱਢਾ
ਜੀ ਅਤੇ ਭਾਈ ਲਾਲੋ ਜੀ ਵਰਗੇ ਗੁਰੂ ਨਿਵਾਜੇ ਕਿਧਰੇ ਨਜ਼ਰ ਨਹੀਂ ਆਏ।
“ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ।।
ਹਮ ਅੰਧੁਲੇ ਕਉ ਗੁਰ ਅੰਚੁਲ ਦੀਜੈ ਜਨ ਨਾਨਕ ਚਲਹ ਮਿਲੰਥਾ”।। ਜੈਤਸਰੀ – ਮ:
4.
ਗੁਰਇੰਦਰ ਸਿੰਘ ਪਾਲ –
(U.S.A.)