.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘ਜੋ ਮਾਗਹਿ ਠਾਕੁਰ ਆਪੁਨੇ--’

ਸਮਝਿਆ ਗਿਆ ਹੈ ਕਿ ਜੋ ਕੁੱਝ ਵੀ ਅਸੀਂ ਪਰਮਾਤਮਾ ਪਾਸੋਂ ਮੰਗਦੇ ਹਾਂ ਪਰਮਾਤਮਾ ਸਾਨੂੰ ਉਹ ਕੁੱਝ ਹੀ ਦੇ ਦੇਂਦਾ ਹੈ। ਹਰ ਬੰਦਾ ਰੱਬ ਕੋਲੋਂ ਮੰਗਣ ਸਬੰਧੀ ਆਪਣਾ ਆਪਣਾ ਤਜਰਬਾ ਲੋਕਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਜਿਸ ਦੀ ਮੰਗ ਪੂਰੀ ਨਹੀਂ ਹੋਈ ਤਾਂ ਕੀ ਫਿਰ ਪਰਮਾਤਮਾ ਉਸ ਨਾਲ ਕਿਤੇ ਨਰਾਜ਼ ਹੈ। ਬੱਸਾਂ ਰੇਲਾਂ ਵਿੱਚ ਮੰਗਣ ਵਾਲੇ, ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ, ਹਸਪਤਾਲਾਂ ਵਿੱਚ ਬੀਮਾਰੀ ਨਾਲ ਜੂਝ ਰਹੇ ਬੀਮਾਰ, ਗਰੀਬੀ ਨਾਲ ਘੁਲ਼ ਰਹੇ ਲੋਕ, ਸਾਰੇ ਹੀ ਰੱਬ ਕੋਲੋਂ ਆਪਣੀ ਆਪਣੀ ਵਿਤ ਅਨੁਸਾਰ ਮੰਗਾਂ ਮੰਗ ਰਹੇ ਹਨ। ਜ਼ਿਆਦਾਤਰ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਕੀ ਰੱਬ ਜੀ ਕੇਵਲ ਉੱਚਿਆਂ ਲੋਕਾਂ ਦੀਆਂ ਹੀ ਮੰਗਾਂ ਪੂਰੀਆਂ ਕਰਦਾ ਹੈ ਜਾਂ ਇਹਨਾਂ ਲੋਕਾਂ ਨੂੰ ਮੰਗਣ ਦੀ ਜਾਚ ਨਹੀਂ ਆਉਂਦੀ। ਅੰਗਰੇਜ਼ਾਂ ਦੇ ਮੁਲਕ ਵਿੱਚ ਮਾਂ ਦੇ ਪੇਟ ਵਿੱਚ ਹੀ ਬੱਚੇ ਨੂੰ ਲੱਗ-ਪੱਗ ਸੱਠ ਪੌਂਡ ਮਹੀਨਾ ਖ਼ੁਰਾਕ ਭੱਤਾ ਮਿਲ਼ਣ ਲੱਗ ਜਾਂਦਾ ਹੈ। ਪਰ ਗਰੀਬ ਮੁਲਕਾਂ ਵਿੱਚ ਬੱਚੇ ਇਲਾਜ ਹੱਥੋਂ ਹੀ ਮਰ ਜਾਂਦੇ ਹਨ। ਕੀ ਰੱਬ ਜੀ ਦੇ ਘਰ ਵਿੱਚ ਬੱਚੇ ਸਭ ਦੇ ਸਾਂਝੇ ਨਹੀਂ ਹਨ। ਮੰਨ ਲਓ ਜੇ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ, ਤਾਂ ਫਿਰ ਸਾਡੇ ਜੀਵਨ ਦਾ ਕੋਈ ਅਧਾਰ ਰਹਿ ਸਕਦਾ ਹੈ? ਮਿਸਾਲ ਦੇ ਤੌਰ `ਤੇ ਸੰਸਾਰ ਵਿੱਚ ਪਤੀ ਪਤਨੀ ਦਾ ਅਕਸਰ ਕਦੇ ਨਾ ਕਦੇ ਤਕਰਾਰ ਹੋ ਹੀ ਜਾਂਦਾ ਹੈ, ਤੇ ਗੁੱਸੇ ਵਿੱਚ ਆਇਆਂ ਇੱਕ ਦੂਜੇ ਨੂੰ ਕਹਿ ਦਿੱਤਾ ਜਾਂਦਾ ਹੈ, ਕਿ ਹੇ ਰੱਬਾ! ਜਾਂ ਮੈਨੂੰ ਚੁੱਕ ਲੈ ਜਾਂ ਫਿਰ ਇਹਨੂੰ ਚੁੱਕ ਲੈ। ਭਲਾ ਜੇ ਰੱਬ ਜੀ ਸਾਡੀ ਓਦੋਂ ਮੰਗ ਸੁਣ ਕੇ ਪੂਰੀ ਕਰ ਦੇਣ ਤਾਂ ਫਿਰ ਪਰਵਾਰਾਂ ਦੀ ਜ਼ਿੰਦਗੀ ਕਿੰਨਾ ਕੁ ਚਿਰ ਚੱਲ ਸਕਦੀ ਹੈ?

ਫਿਰ ਅਸਾਂ ਮੰਗਣਾ ਕੀ ਹੈ? ਇਸ ਵਿਚਾਰ ਨੂੰ ਸਮਝਣ ਲਈ ਵਿਚਾਰ ਚਰਚਾ ਲਈ ਸ਼ਬਦ ਦੀ ਅਗਵਾਈ ਲੈ ਰਹੇ ਹਾਂ ਧਨਾਸਰੀ ਰਾਗ ਦੇ ਇੱਕ ਸ਼ਬਦ ਵਿਚੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੬੮੧ ਉੱਤੇ ਅਕੰਤ ਹੈ---

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ॥

ਕ੍ਰਿਪਾ ਕਟਾਖ੍ਹ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ॥ 1॥

ਹਰਿ ਜਨ ਰਾਖੇ ਗੁਰ ਗੋਵਿੰਦ॥

ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥ ਰਹਾਉ॥

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥

ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ॥ 2॥

ਧਨਾਸਰੀ ਮਹਲਾ ੫ ਪੰਨਾ ੬੮੧

ਗੁਰਬਾਣੀ ਦੇ ਜਿੱਥੇ ਅੱਖਰੀਂ ਅਰਥ ਹਨ ਉੱਥੇ ਇਸ ਦਾ ਭਾਵ ਅਰਥ ਵੀ ਹੈ ਜਿਸ ਅਨੁਸਾਰ ਮਨੁੱਖ ਨੇ ਆਪਣਾ ਜੀਵਨ ਜਿਉਣਾ ਹੈ। ਹਾਂ ਭਾਵ ਅਰਥ ਕਰਨ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸੁਨਿਹਰੀ ਫਲਸਫ਼ੇ ਦੀ ਸਿਰਮੋਰਤਾ, ਪੰਥ ਦੀ ਨਿਰਮਲਤਾ, ਖਾਲਸੇ ਦੇ ਨਿਆਰੇਪਨ ਦੀ ਉੱਚਤਾ ਦਾ ਜ਼ਰੂਰ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਬ੍ਰਾਹਮਣੀ ਧਰਮ ਦੇ ਕਰਮ-ਕਾਂਡ ਦਾ ਲਿਬੜਿਆ ਹੋਇਆ ਗੁਰੂ ਨਾਨਕ ਸਾਹਿਬ ਦਾ ਸਿੱਖ ਫਲਸਫ਼ਾ ਨਹੀਂ ਹੈ। ਇਹ ਤੇ ਖਿੜੇ ਹੋਏ ਗੁਲਾਬ, ਸੱਜਰੀ ਤ੍ਰੇਲ, ਪੁੰਨਿਆਂ ਦੀ ਚਾਦਨੀ ਵਰਗਾ ਅੱਤ-ਅਧੁਨਿਕ, ਸਿਧਾਂਤਕ ਸਰਲਤਾ ਪਰਦਾਨ ਕਰਦਾ ਹੋਇਆ ਹਰੇਕ ਮਨੁੱਖ ਜਾਤੀ ਲਈ ਸਦਾ ਬਹਾਰ ਮਹਿਕਾਂ ਵੰਡਣ ਵਾਲਾ ਹੈ। ਸੁ ਉਪਰੋਕਤ ਸ਼ਬਦ ਦੇ ਅਖਰੀਂ ਅਰਥ ਇਸ ਤਰ੍ਹਾਂ ਹਨ –

ਅਰਥ : —ਹੇ ਭਾਈ ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ। ਰਹਾਉ।

ਹੇ ਭਾਈ ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ। 1.

ਹੇ ਭਾਈ ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁੱਝ ਮੰਗਦੇ ਹਨ ਉਹ ਉਹੀ ਕੁੱਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ ! (ਪ੍ਰਭੂ ਦਾ) ਸੇਵਕ ਜੋ ਕੁੱਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿੱਚ ਪਰਲੋਕ ਵਿੱਚ ਅਟੱਲ ਹੋ ਜਾਂਦਾ ਹੈ।

ਇਸ ਸ਼ਬਦ ਦੀ ਹੋਰ ਵਿਸਥਾਰ ਸਹਿਤ ਵਿਚਾਰ------

ਰਹਾਉ ਦੀਆਂ ਤੁਕਾਂ ਵਿੱਚ ਬੁਨਿਆਦੀ ਨੁਕਤੇ ਹਨ, ੧ ਪਰਮਾਤਮਾ ਆਪਣਿਆਂ ਸੇਵਕਾਂ ਦੀ ਰਾਖੀ ਆਪ ਕਰਦਾ ਹੈ। ੨ ਸੇਵਕਾਂ ਨੂੰ ਆਪਣੇ ਗਲ਼ ਨਾਲ ਲਾ ਕੇ ਰੱਖਦਾ ਹੈ। ੩ ਸਰਬ ਵਿਆਪਕ, ਬਖਸ਼ਣਹਾਰ, ਦਇਆ ਦਾ ਸੋਮਾ ਆਪਣਿਆਂ ਸੇਵਕਾਂ ਦੇ ਸਾਰੇ ਹੀ ਔਗੁਣ ਮਿਟਾ ਦੇਂਦਾ ਹੈ। ਇਹਨਾਂ ਤਿੰਨਾਂ ਨੁਕਤਿਆਂ ਵਿੱਚ ਇੱਕ ਤਕਨੀਕੀ ਨੁਕਤਾ ਹੈ, ਕੀ ਪਰਮਾਤਮਾ ਦਾ ਵਾਕਿਆ ਹੀ ਕੋਈ ਗਲ਼ਾ ਹੈ? ਕੀ ਪਰਮਾਤਮਾ ਆਪਣਿਆਂ ਸੇਵਕਾਂ ਦੀ ਰਾਖੀ ਸਰੀਰਕ ਤਲ਼ `ਤੇ ਕੋਈ ਸੁਰੱਖਿਆ ਗਾਰਡ ਵਾਂਗ ਖਲੋਤਾ ਹੋਇਆ ਕਰ ਰਿਹਾ ਹੈ? ਗੁਰਬਾਣੀ ਵਿੱਚ ਇਸ ਸਿਧਾਂਤ ਦੀ ਸਿਰਮੋਰਤਾ ਹੈ ਕਿ ਪਰਮਾਤਮਾ ਦਾ ਸਰੀਰਕ ਤਲ਼ ਤੇ ਕੋਈ ਵਜੂਦ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਰੰਗ ਰੂਪ ਹੈ। ਦੂਸਰੇ ਪਾਸੇ ਸਾਰੀ ਕਾਇਨਾਤ ਉਸ ਦਾ ਹੀ ਵਿਸਥਾਰ ਹੈ ਤੇ ਇਸ ਵਿੱਚ ਆਪ ਹੀ ਬੈਠਾ ਹੋਇਆ ਹੈ। ਇਹਨਾਂ ਹੀ ਰਹਾਉ ਦੀਆਂ ਤੁਕਾਂ ਵਿੱਚ ਦਇਆਲ ਤੇ ਬਖਸ਼ੰਦ ਪਰਮਾਤਮਾ ਦੇ ਦੋ ਗੁਣ ਹਨ ਜੋ ਸਾਰੇ ਹੀ ਥਾਂਈ ਵਿਆਪਕ (ਪੁਰਖ) ਹਨ। ਪਰਮਾਤਮਾ ਸੇਵਕ ਦੀ ਰਾਖੀ ਕਰਦਾ ਤੇ ਆਪਣੇ ਗਲ਼ੇ ਨਾਲ ਲਗਾ ਕੇ ਰੱਖਦਾ ਹੈ। ਸੇਵਕ ਉਹ ਹੈ ਜੋ ਰੱਬੀ ਹੁਕਮ ਵਿੱਚ ਚੱਲਦਾ ਹੈ। ਪਰਮਾਤਮਾ ਦੇ ਗਲ਼ੇ ਦਾ ਭਾਵ ਅਰਥ ਹੈ ਸਤਿਗੁਰ ਦਾ ਰੱਬੀ-ਗਿਆਨ, ਉਪਦੇਸ਼ ਜੋ ਗੁਰਬਾਣੀ ਵਿੱਚ ਅੰਕਤ ਹੈ।

ਮਨੁੱਖੀ ਮਨ ਦੇ ਵਿੱਚ ਭਲਾ ਤੇ ਬੁਰਾ ਦੋ ਬੀਜ ਹਰ ਵੇਲੇ ਤਤਪਰ ਰਹਿੰਦੇ ਹਨ। ਭਲਾ ਬੀਜ ਪ੍ਰਮਾਤਮਾ ਦਾ ਗੁਣ ਹੈ ਜਦੋਂ ਕਿ ਬੁਰਾ ਬੀਜ ਔਗੁਣ ਰੂਪੀ ਸ਼ੈਤਾਨ ਨੂੰ ਜਨਮ ਦੇਂਦਾ ਹੈ। ਜਿਹੜੀ ਸੰਗਤ ਇਹਨਾਂ ਬੀਜਾਂ ਨੂੰ ਮਿਲ ਗਈ ਉਸੇ ਹੀ ਬੀਜ ਨੇ ਤਰੱਕੀ ਕਰਕੇ ਸਾਡੇ ਸੁਭਾਅ ਦਾ ਅੰਗ ਬਣ ਜਾਣਾ ਹੈ। ਪਰਮਾਤਮਾ ਦਾ ਦਇਆਲਤਾ ਵਾਲਾ ਤੇ ਬਖਸ਼ਣ ਵਾਲਾ ਗੁਣ ਜੋ ਮਨੁੱਖੀ ਸੇਵਾ ਵਿੱਚ ਤਬਦੀਲ ਹੁੰਦਾ ਹੈ ਇਹਨਾਂ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾ ਲਿਆ ਜਾਏ ਤਾਂ ਕੁਦਰਤੀ ਔਗੁਣਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਸਮੁੱਚਾ ਭਾਵ ਅਰਥ ਇਹ ਹੋਇਆ ਕਿ ਪਰਮਾਤਮਾ ਦੇ ਦੈਵੀ-ਗੁਣਾਂ ਨੂੰ ਧਾਰਨ ਕਰਨ ਨਾਲ ਹੀ ਪਰਮਾਤਮਾ ਦੇ ਗਲ਼ੇ ਲੱਗਣਾ ਹੈ। ਜਦੋਂ ਦੈਵੀ ਗੁਣਾਂ ਨਾਲ ਦੋਸਤੀ ਪਾ ਲਈ ਹੋਵੇ ਤਾਂ ਔਗੁਣ ਆਪਣੇ ਆਪ ਕਿਨਾਰਾ ਕਰ ਜਾਂਦੇ ਹਨ। ਮਨੁੱਖ ਮਨੁੱਖਤਾ ਦੇ ਭਲੇ ਦੀ ਸੋਚਦਾ ਹੋਇਆ ਸੇਵਕ ਬਣਦਾ ਹੈ, ਤੇ ਏਸੇ ਨੂੰ ਕਿਹਾ ਗਿਆ ਹੈ ਪਰਮਾਤਮਾ ਆਪਣੇ ਸੇਵਕ ਦੀ ਆਪ ਰਾਖੀ ਕਰਦਾ ਹੈ।

ਰਹਾਉ ਦੀਆਂ ਤੁਕਾਂ ਦਾ ਭਾਵ ਅਰਥ ਪਰਮਾਤਮਾ ਪਾਸੋਂ ਅਸੀਂ ਇੱਕ ਮੰਗ ਮੰਗਣੀ ਹੈ ਕਿ ਪਰਮਾਤਮਾ ਜੀ ਸਾਨੂੰ ਗੁਣਾਂ ਨਾਲ ਭਰਪੂਰ ਕਰਕੇ, ਔਗੁਣਾਂ ਵਲੋਂ ਮੁਕਤ ਕਰ ਦਿਓ। ਇਸ ਦਾ ਅਰਥ ਹੈ ਕਿ ਅਸਾਂ ਹਰ ਵੇਲੇ ਗੁਣਾਂ ਦੀ ਮੰਗ ਮੰਗਣੀ ਹੈ, ਭਾਵ ਇਹਨਾਂ ਦਾ ਅਭਿਆਸ ਕਰਦੇ ਰਹਿਣਾ ਹੈ। ਔਗੁਣਾਂ ਵਲੋਂ ਸਦਾ ਸੁਚੇਤ ਹੋ ਕੇ ਤੁਰਨਾ ਹੈ। ਜਦੋਂ ਅਸੀਂ ਔਗੁਣ ਨਹੀਂ ਕਰਾਂਗੇ ਤਾਂ ਹਰ ਥਾਂ `ਤੇ ਪਰਮਾਤਮਾ ਸਾਡੀ ਰਾਖੀ ਕਰੇਗਾ। ਜਿਸ ਤਰ੍ਹਾਂ ਮਨੁੱਖ ਸੜਕ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਤੁਰ ਰਿਹਾ ਹੈ ਤਾਂ ਕਨੂੰਨ ਉਸ ਦੀ ਰਾਖੀ ਕਰਦਾ ਹੈ। ਏਸੇ ਤਰ੍ਹਾਂ ਹੀ ਕੁਦਰਤੀ ਗੁਣਾਂ ਨੂੰ ਹਰ ਵੇਲੇ ਆਪਣੇ ਜੀਵਨ ਦਾ ਅੰਗ ਬਣਾ ਲਵਾਂਗੇ ਤਾਂ ਪਰਮਾਤਮਾ ਸਾਡੀ ਰੱਖਿਆ ਕਰਦਾ ਰਹੇਗਾ। ਦੁਖਾਂਤ ਹੈ ਕਿ ਨਿਯਮ-ਮਰਯਾਦਾ ਵਿੱਚ ਅਸੀਂ ਚੱਲਣਾ ਖ਼ੁਦ ਨਹੀਂ ਚਾਹੁੰਦੇ ਪਰ ਦੋਸ਼ ਦੂਸਰਿਆਂ ਦੇ ਸਿਰ ਮੜ ਕੇ ਜਾਂ ਰੱਬ ਜੀ ਨੇ ਸਾਡਾ ਕਿਹਾ ਨਹੀਂ ਮੰਨਿਆ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਹਾਂ ----

ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥

ਪੰਨਾ ੪੩੩

ਮੁਕਦੀ ਗੱਲ ਰਹਾਉ ਦੀਆਂ ਤੁਕਾਂ ਵਿੱਚ ਔਗੁਣ ਕੱਟਣ ਦੀ ਮੰਗ ਮੰਗੀ ਗਈ ਹੈ ਤੇ ਗੁਣਾਂ ਦੀ ਪਰਾਪਤੀ ਦੇ ਅਭਿਆਸ ਦੀ ਮੰਗ ਸਾਕਾਰ ਹੁੰਦੀ ਦਿਸਦੀ ਹੈ। ਏਸੇ ਵਿਸ਼ੇ ਦਾ ਬਾਕੀ ਸ਼ਬਦ ਵਿੱਚ ਵਿਸਥਾਰ ਹੈ।

ਪਹਿਲੀ ਤੁਕ ਵਿੱਚ ੧. ਪਰਮਾਤਮਾ ਦੀ ਸਤਾ ਸਾਰੀ ਕਾਇਨਾਤ ਵਿੱਚ ਇਕਸਾਰ ਹੈ। ੨. ਸੇਵਕ ਦੇ ਸਿਰ `ਤੇ ਆਪਣਾ ਹੱਥ ਰੱਖਿਆ ਹੋਇਆ ਹੈ। ੩. ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ਤਾਂ ਸੇਵਕ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ।

ਪਰਮਾਤਮਾ ਦੀ ਸਤਾ ਦਾ ਭਾਵ ਉਸ ਦੀ ਬਣਾਈ ਹੋਈ ਸਦਾ ਰਹਿਣ ਵਾਲੀ ਨਿਯਮਾਵਲੀ ਜਿਸ ਵਿੱਚ ਸ਼ੁਭ ਗੁਣਾਂ ਦਾ ਪ੍ਰਗਟਾਅ ਹੁੰਦਾ ਹੈ। ਜਿਹੜਾ ਵੀ ਇਸ ਨਿਯਮਾਵਲੀ ਨੂੰ ਸਮਝਦਾ ਹੈ ਉਸ ਦੇ ਸਿਰ ਤੇ ਹੱਥ ਪਰਮਾਤਮਾ ਦਾ ਹੱਥ ਹੈ। ਹੱਥ ਦਾ ਭਾਵ ਅਰਥ ਹੈ ਇਸ਼ਾਰਾ ਟ੍ਰੈਫਿਕ ਦੇ ਨਿਯਮ ਇਸ਼ਾਰਿਆਂ ਨਾਲ ਹੀ ਚੱਲਦੇ ਹਨ ਭਾਵ ਟ੍ਰੈਫਿਕ ਦੇ ਕਾਇਦੇ ਕਨੂੰਨ ਦਾ ਹੱਥ। ਸਾਡੇ ਸਿਰ ਵਿੱਚ ਦਿਮਾਗ ਹੈ ਜਦੋਂ ਇਸ ਦਿਮਾਗ਼ ਵਿੱਚ ਆਤਮਕ ਸੂਝ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਕਿਹਾ ਜਾ ਸਕਦਾ ਹੈ ਪਰਮਾਤਮਾ ਦਾ ਇਹਦੇ ਸਿਰ ਉੱਤੇ ਹੱਥ ਹੈ। ‘ਕਟਾਖਯ’ ਟੇਡੀ ਨਿਗਾਹ ਨਾਲ ਦੇਖਣਾ। ਭਾਵ ਇੱਕ ਸਿੱਖਿਆ ਦੀ ਹੀ ਸਮਝ ਆ ਜਾਏ ਤਾਂ ਜੀਵਨ ਵਿੱਚ ਰੂਹਾਨੀਅਤ ਦਾ ਨਵੀਨਤਮ ਮੋੜ ਆ ਸਕਦਾ ਹੈ। ਜਿਸ ਨੂੰ ਜਪੁ ਦੀ ਇਸ ਤੁਕ ਰਾਂਹੀਂ ਇੰਜ ਸਮਝਾਇਆ ਗਿਆ ਹੈ---

ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿਖ ਸੁਣੀ॥

ਅਤੇ

“ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ” ਪੰਨਾ ੭੯੩

ਸਾਰੇ ਦੁਖਾਂ ਦੇ ਖਾਤਮੇ ਦੀ ਗੱਲ ਕੀਤੀ ਗਈ ਹੈ। ਸੱਜਣ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੀ ਗੱਲ ਕਹੀ ਸੀ ਕਿ ਸੱਜਣ! “ਤੂੰ ਸੱਜਣਾਂ ਵਾਲੇ ਕੰਮ ਕਰ”। ਸੱਜਣ ਗੁਰੂ ਨਾਨਕ ਸਾਹਿਬ ਦੀ ਟੇਢੀ ਨਜ਼ਰ ਭਾਵ ਇੱਕ ਗੁਰ ਉਪਦੇਸ਼ ਨੂੰ ਸਮਝ ਗਿਆ ਤੇ ਅਗਾਂਹ ਔਗੁਣਾਂ ਵਲੋਂ ਤੋਬਾ ਬੁਲਾਤੀ। ਪਰਮਾਤਮਾ ਦੇ ਸਦੀਵ ਕਾਲ ਗੁਣਾਂ ਦੀ ਵਿਆਖਿਆ ਸਾਰੀ ਗੁਰਬਾਣੀ ਵਿੱਚ ਵਿਸਥਾਰ ਸਹਿਤ ਕੀਤੀ ਗਈ ਹੈ ਤੇ ਇਹ ਸਾਰੇ ਗੁਣ ਪਰਮਾਤਮਾ ਦੇ ਹਨ। ਜਿਸ ਨੂੰ ਜੀਵਨ ਵਿੱਚ ਢਾਲਿਆਂ ਆਤਮਕ ਦੁੱਖਾਂ ਤੋਂ ਛੁੱਟਕਾਰਾ ਮਿਲ਼ ਸਕਦਾ ਹੈ। ਰਹਾਉ ਦੀਆਂ ਤੁਕਾਂ ਵਿੱਚ ਮੁੱਖ ਭਾਵ ਹੈ ਔਗੁਣਾਂ ਤੋਂ ਛੁੱਟਕਾਰੇ ਦੀ ਮੰਗ ਮੰਗਣੀ ਜਿਸ ਨਾਲ ਆਤਮਕ ਦੁਖਾਂ ਦਾ ਅੰਤ ਹੁੰਦਾ ਹੈ।

ਸਤ, ਸੰਤੋਖ, ਹਲੀਮੀ ਵਰਗੇ ਪਰਮਾਤਮਾ ਦੇ ਦੈਵੀ ਗੁਣ ਸਾਰੀ ਕਾਇਨਾਤ ਵਿੱਚ ਇਕਸਾਰ ਹਨ। ਜਿਹਨਾਂ ਨੇ ਇਸ ਨੂੰ ਸਮਝ ਲਿਆ ਉਹਨਾਂ `ਤੇ ਇਹ ਪਰਮਾਤਮਾ ਦਾ ਹੱਥ ਹੈ। ਜੇ ਅਸੀਂ ਆਪਣੇ ਜੀਵਨ ਵਿੱਚ ਭੂਮੀਏ ਵਾਂਗ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨ ਵਾਲਾ ਇੱਕ ਗੁਣ ਹੀ ਲੈ ਲਈਏ ਤਾਂ ਅੰਤਰ ਆਤਮੇ `ਤੇ ਦੁੱਖਾਂ ਵਲੋਂ ਛੁੱਟਕਾਰਾ ਹੋ ਸਕਦਾ ਹੈ।

ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਸ਼ਬਦ ਦਾ ਮੁੱਖ ਭਾਵ ਹੁੰਦਾ ਤੇ ਬਾਕੀ ਸ਼ਬਦ ਦੇ ਵਿੱਚ ਵਿਸਥਾਰ ਦੀ ਜੁੱਗਤੀ ਰੱਖੀ ਗਈ ਹੈ। ਸ਼ਬਦ ਵਿੱਚ ਔਗੁਣਾਂ ਨੂੰ ਖ਼ਤਮ ਕਰਨ ਦੀ ਤੇ ਗੁਣਾਂ ਦੇ ਅਭਿਆਸ ਦੀ ਮੰਗ ਰੱਖੀ ਗਈ ਹੈ। ਏਸੇ ਅਧਾਰ ਤੇ ਹੀ ਸ਼ਬਦ ਦੀਆਂ ਅਖ਼ੀਰਲੀਆਂ ਤੁਕਾਂ ਦੀ ਵਿਚਾਰ ਹੈ। ਇਹ ਨਹੀਂ ਹੋ ਸਕਦਾ ਕਿ ਵਿਸ਼ਾ ਕੋਈ ਹੋਰ ਹੈ ਤੇ ਸ਼ਬਦ ਦੀ ਵਿਚਾਰ ਕੋਈ ਹੋਰ ਹੈ। ਬਹੁਤ ਸਾਰੇ ਰਾਗੀਆਂ ਨੇ ਸ਼ਬਦ ਦਾ ਵਿਸ਼ਾ-ਵਸਤੂ ਛੱਡ ਕੇ ਆਪਣੀ ਮਰਜ਼ੀ ਨਾਲ ਉਹਨਾਂ ਤੁਕਾਂ ਨੂੰ ਅਧਾਰ ਬਣਾਇਆ ਹੈ ਜੋ ਸ਼ਬਦ ਦੇ ਵਿਸ਼ਾ ਵਸਤੂ ਨਾਲ ਮੇਲ਼ ਨਹੀਂ ਖਾਂਦੀਆਂ।

ਇਸ ਸ਼ਬਦ ਦੀਆਂ ਅਖ਼ੀਰਲੀਆਂ ਤੁਕਾਂ ਵਿੱਚ ਹਰੇਕ ਅਰਦਾਸੀਏ ਨੇ ਅਰਦਾਸ ਵਿੱਚ ਇਹ ਤੁਕਾਂ ਕਹਿ ਕਹਿ ਕੇ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਜਿਹੜਾ ਵੀ ਪਰਮਾਤਮਾ ਪਾਸੋਂ ਜੋ ਵੀ ਮੰਗਦਾ ਹੈ ਉਹ ਕੁੱਝ ਹੀ ਪਰਮਾਤਮਾ ਉਸ ਨੂੰ ਦੇ ਦੇਂਦਾ ਹੈ। ਮੰਨ ਲਓ ਦੋ ਗੁਰਸਿੱਖ ਪਰਵਾਰਾਂ ਦਾ ਆਪਸ ਵਿੱਚ ਕੁੜਮਾਚਾਰੀ ਦਾ ਸਬੰਧ ਬਣ ਜਾਂਦਾ ਹੈ। ਕਿਸੇ ਗੱਲ `ਤੇ ਦੋਹਾਂ ਦਾ ਕਲੇਸ਼ ਖੜਾ ਹੋ ਜਾਂਦਾ ਹੈ। ਕਲੇਸ਼ ਵੱਧਦਾ ਵੱਧਦਾ ਅਦਾਲਤ ਤੀਕ ਪਾਹੁੰਚ ਜਾਂਦਾ ਹੈ ਤੇ ਦੋਨੋਂ ਪਰਵਾਰ ਹੀ ਰੱਬ ਅੱਗੇ ਅਰਦਾਸਾਂ ਕਰਕੇ ਮੰਗਾਂ ਮੰਗ ਰਹੇ ਹਨ ਕਿ ਹੇ ਰੱਬ ਜੀ ਸਾਡਾ ਮੁਕੱਦਮਾ ਜਿੱਤਿਆ ਜਾਏ, ਰੱਬ ਜੀ ਸਾਡਾ ਮੁਕੱਦਮਾ ਜਿੱਤਿਆ ਜਾਏ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਮੁਕੱਦਮਾ ਕਿਸ ਦਾ ਜਿੱਤਿਆ ਜਏਗਾ? ਦੋਨੋ ਪਰਵਾਰ ਹੀ ਇਹ ਦਾਅਵਾ ਕਰਨ ਵਿੱਚ ਲੱਗੇ ਹੋਏ ਹਨ ਕਿ ਰੱਬ ਜੀ ਸਾਡੇ ਜ਼ਿਆਦਾ ਨਜ਼ਦੀਕ ਹੈ। ਜੇ ਦੋਨੋਂ ਪਰਵਾਰ ਗੁਣਾਂ ਦੇ ਧਾਰਨੀ ਹੋ ਕੇ ਭੈ-ਭਾਵਨੀ ਵਿੱਚ ਚੱਲਣ ਦਾ ਖ਼ਿਆਲ ਕਰਦਿਆਂ ਔਗੁਣਾਂ ਨੂੰ ਕੱਟਣ ਦਾ ਉਪਰਾਲਾ ਕਰਦੇ ਤਾਂ ਅਦਾਲਤ ਦਾ ਦਰਵਾਜ਼ਾ ਨਾ ਦੇਖਣਾ ਪੈਂਦਾ ਜੋ ਜੀਵਨ ਵਿੱਚ ਦੁੱਖਾਂ ਨਾਲ ਭਰਿਆ ਪਿਆ ਹੈ।

ਸ਼ਬਦ ਦੀਆਂ ਅਖ਼ੀਰਲੀਆਂ ਤੁਕਾਂ ਵਿਚ-- ੧. ਪ੍ਰਭੂ ਦੇ ਦਾਸ ਜੋ ਮੰਗਦੇ ਹਨ ਉਹ ਦੇਂਦਾ ਹੈ। ੨. ਪ੍ਰਭੂ ਦਾ ਸੇਵਕ ਜੋ ਮੂੰਹੋਂ ਬੋਲਦਾ ਹੈ ਉਹ ਲੋਕ ਪ੍ਰਲੋਕ ਵਿੱਚ ਸੱਚ ਹੋ ਜਾਂਦਾ ਹੈ। ਇਹਨਾਂ ਤੁਕਾਂ ਵਿੱਚ ਅਸੀਂ ਇਹ ਸਮਝ ਲਿਆ ਕਿ ਕਰਮ ਸਾਡਾ ਜਿਹੜਾ ਪਿਆ ਮਰਜ਼ੀ ਹੋਵੇ ਪਰ ਅਸੀਂ ਜੋ ਰੱਬ ਜੀ ਨੂੰ ਆਰਡਰ ਕਰਾਂਗੇ ਰੱਬ ਜੀ ਓਸੇ ਵੇਲੇ ਹੀ ਸਾਡੀ ਮੰਗ ਪੂਰੀ ਕਰ ਦੇਂਦੇ ਹਨ। ਦੂਸਰਾ ਪੱਖ ਇਹ ਲਿਆ ਹੈ ਕਿ ਕੁੱਝ ਚੋਲ਼ਿਆਂ ਵਾਲੇ ਬਾਬੇ ਰੱਬ ਜੀ ਦੇ ਨੇੜੇ ਹਨ ਉਹਨਾਂ ਦਾ ਬੋਲਿਆ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਸੱਚ ਹੋ ਜਾਂਦਾ ਹੈ। ਇਹ ਦੋਨੋਂ ਵਿਚਾਰ ਸ਼ਬਦ ਦੇ ਵਿਸ਼ਾ ਵਸਤੂ ਨਾਲ ਮੇਲ ਨਹੀਂ ਖਾਂਦੇ।

ਬ੍ਰਾਹਮਣ ਦੇਵਤਾ ਵੀ ਏਹੀ ਗੱਲ ਆਖਦਾ ਹੈ ਕਿ ਕਿਸੇ ਮੰਤ੍ਰ ਦਾ ਬਾਰ ਬਾਰ ਰਟਨ ਕਰਨ ਨਾਲ ਦੇਵਤਾ ਜੀ ਖੁਸ਼ ਹੋ ਜਾਂਦੇ ਹਨ, ਤੇ ਫਿਰ ਦੇਵਤਾ ਰੱਬ ਜੀ ਤੋਂ ਸਿਫਾਰਸ਼ ਕਰਕੇ ਸੇਵਕ ਦਾ ਕੰਮ ਕਰ ਦੇਂਦੇ ਹਨ। ਪਰ ਉਹ ਮੰਤ੍ਰ ਮਿਲਦਾ ਬ੍ਰਾਹਮਣ ਪਾਸੋਂ ਹੈ। ਫਿਰ ਕੰਮ ਦੇ ਹਿਸਾਬ ਨਾਲ ਦੇਵਤੇ ਦੀ ਹੈਸੀਅਤ ਵੀ ਦੇਖਣੀ ਪੈਂਦੀ ਹੈ ਕਿ ਕਿਹੜਾ ਦੇਵਤਾ ਕਿਹੜਾ ਕੰਮ ਰੱਬ ਜੀ ਤੋਂ ਜਲਦੀ ਕਰਵਾ ਸਕਦਾ ਹੈ। ਫਿਰ ਕੰਮ ਦੇ ਹਿਸਾਬ ਨਾਲ ਮੰਤ੍ਰ ਹੌਲ਼ਾ ਭਾਰਾ ਵੀ ਹੋ ਸਕਦਾ ਹੈ ਤੇ ਉਸ ਦੀ ਭੇਟਾ ਵੀ ਉਸੇ ਹਿਸਾਬ ਨਾਲ ਦੇਣੀ ਬਣਦੀ ਹੈ।

ਸਾਰਾ ਸਿੱਖ ਜਗਤ ਅਰਦਾਸ ਵਿੱਚ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਜਨੀ ਕੇ ਇਹ ਪੰਜ ਦਾਨ ਹਰ ਵੇਲੇ ਨਿਤਾ ਪ੍ਰਤੀ ਮੰਗ ਰਿਹਾ ਹੈ। ਪਰ ਬਹੁਤੀਆਂ ਥਾਵਾਂ `ਤੇ ਅਨੰਦ-ਕਾਰਜ ਵਾਲਾ ਬਰਖੁਦਾਰ ਕੈਂਚੀ ਤਾਜ਼ੀ ਫਰਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਾ ਹੁੰਦਾ ਹੈ। ਦੂਸਰਾ ਅਸੀਂ ਇੱਕ ਸਵਾਸ ਦੇ ਆਦਮੀ ਹਾਂ। ਜਦੋਂ ਸਵਾਸ ਬਾਹਰ ਨਿਕਲ ਗਿਆ ਤੇ ਵਾਪਸ ਸਾਡੇ ਸਰੀਰ ਵਿੱਚ ਨਾ ਆਏ ਤਾਂ ਅਸੀਂ ਮਿੱਟੀ ਦੀ ਢੇਰੀ ਹੁੰਦੇ ਹਾਂ। ਉਹ ਸਵਾਸ ਕਿਹੜੇ ਪਰਲੋਕ ਵਿੱਚ ਗਿਆ। ਸਰੀਰ ਤੇ ਅਸੀਂ ਅਗਨੀ ਦੇ ਹਵਾਲੇ ਕਰ ਦਿੱਤਾ ਜਾਂ ਉਸ ਨੂੰ ਮਿੱਟੀ ਵਿੱਚ ਦੱਬ ਦਿੱਤਾ ਜਾਂ ਰੋੜ੍ਹ ਦਿੱਤਾ। ਜ਼ਬਾਨ ਤਾਂ ਮਨੁੱਖ ਦੀ ਏੱਥੇ ਹੀ ਅਗਨੀ ਨੇ ਸਾੜ ਦਿੱਤੀ। ਕੀ ਫਿਰ ਪਰਲੋਕ ਵਿੱਚ ਕੋਈ ਹੋਰ ਜ਼ਬਾਨ ਮਿਲਦੀ ਹੈ, ਜਿਸ ਨਾਲ ਉਹ ਬੋਲੇ ਤੇ ਓੱਥੇ ਸੱਚ ਹੋਵੇ। ਸ਼ਬਦ ਦਾ ਵਿਸ਼ਾ ਹੈ ਔਗੁਣਾਂ ਨੂੰ ਮਿਟਾ ਕੇ ਗੁਣਾਂ ਦੀ ਪ੍ਰਪਤੀ ਵਲ ਨੂੰ ਕਦਮ ਰੱਖਣਾ।

ਸ਼ਬਦ ਦੀ ਤੁਕ ਹੈ— “ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ” – ਹੇ ਰੱਬ ਜੀ ਮੇਰੀ ਮੰਗ ਹੈ ਕਿ ਮੈਨੂੰ ਗੁਣਾਂ ਨਾਲ ਭਰਪੂਰ ਕਰੋ ਤੇ ਔਗੁਣਾਂ ਨੂੰ ਖਤਮ ਕਰੋ। ਭਾਵ ਜੋ ਵੀ ਆਪਣੇ ਔਗੁਣ ਛੱਡਣ ਦਾ ਪ੍ਰਣ ਕਰਦਾ ਹੈ, ਉਸ ਉਸ ਨੂੰ ਹੀ ਗੁਣਾਂ ਦੀ ਦਾਤ ਮਿਲਦੀ ਜਾਂਦੀ ਹੈ। ਗੱਲ ਸਮਝਣ ਵਾਲੀ ਹੈ--- “ਨਾਨਕ ਦਾਸੁ ਮੁਖ ਤੇ ਜੋ ਬੋਲੈ” ਇਸ ਜੀਵਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਔਗੁਣ ਕੱਟ ਦਿਓ ਤੇ ਹੁਣ ਜਦੋਂ ਔਗੁਣ ਕੱਟਣ ਦਾ ਯਤਨ ਕੀਤਾ ਜਾ ਰਿਹਾ ਤਾਂ ਕੁਦਰਤੀ ਗੁਣਾਂ ਦੀ ਪ੍ਰਾਪਤੀ ਵਲ ਨੂੰ ਮਨੁੱਖ ਕਦਮ ਵਧਾਏਗਾ। ਜਦੋਂ ਔਗੁਣ ਖਤਮ ਹੋ ਗਏ ਤਾਂ ਫਿਰ ਮਨੁੱਖ ਦੇ ਮਨ ਵਿੱਚ ਵੈਰ--ਭਾਵਨਾ ਦੀ ਬਿਰਤੀ ਵੀ ਚੱਲੀ ਜਾਏਗੀ। ਫਿਰ ਮੁੱਖ ਤੋਂ ਜੋ ਕੁੱਝ ਵੀ ਬੋਲਿਆ ਜਾਏਗਾ ਉਹ ਅੰਦਰੋਂ ਬਾਹਰੋਂ ਇਕੋ ਜੇਹਾ ਹੀ ਹੋਏਗਾ। ਭਾਈ ਸੱਜਣ ਦੀ ਬਾਹਰਲੀ ਦਿੱਖ ਧਰਮੀਆਂ ਵਾਲੀ ਸੀ ਪਰ ਅੰਦਰੋਂ ਸਰਾਂ ਵਿੱਚ ਠਹਿਰੇ ਰਾਂਹੀਆਂ ਨੂੰ ਲੁੱਟਣ ਦੀ ਸੀ। ਉਹ ਅੰਦਰ ਲੁਟਣ ਦੀ ਭਾਵਨਾ ਲੁਕਾਈ ਬੈਠਾ ਹੈ, ਭਾਵ ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਜੇ ਗੁਰਮਤ ਦੀ ਸਮਝ ਆ ਜਾਏ ਤਾਂ ਫਿਰ ਮਨ ਵਿੱਚ ਈਰਖਾ ਨਹੀਂ ਰੱਖੀ ਜਾਏਗੀ। -- “ਈਹਾ ਊਹਾ ਸਚੁ ਹੋਵੈ” ਜੋ ਹਿਰਦੇ ਵਿੱਚ ਹੋਏਗਾ ਉਹ ਹੀ ਜ਼ਬਾਨ ਉੱਤੇ ਹੋਏਗਾ। ਅੰਦਰੋਂ ਬਾਹਰੋਂ ਇਕੋ ਜੇਹਾ ਹੋਏਗਾ। ---ਤੇ ਆਉਣ ਵਾਲਾ ਸਮਾਂ ਵੀ ਸੱਚ ਤੇ ਹੀ ਗ਼ੁਜ਼ਰੇਗਾ। ---ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥ ਗੁਰੂ ਸਾਹਿਬ ਜੀ ਤਾਂ ਹੁਣ ਜਿਉਂਦੇ ਜੀ ਸਚਿਆਰ ਬਣਾ ਰਹੇ ਹਨ ਪਰ ਅਸੀਂ ਹੁਣ ਸਚਿਆਰ ਬਣਨ ਤੋਂ ਆਨਾ ਕਾਨੀ ਕਰ ਰਹੇ ਹਾਂ ਤੇ ਮਰਨ ਤੋਂ ਉਪਰੰਤ ਵਿੱਚ ‘ਸਚਿਆਰ’ ਬਣਨ ਲਈ ਕਹਿ ਕੇ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਕੇ ਬ੍ਰਾਹਮਣ ਦੀਆਂ ਪੁਰਾਣੀਆਂ ਰਜ਼ਾਈਆਂ ਵਿੱਚ ਊੰਘਣਾ ਪਸੰਦ ਕਰਦੇ ਹਾਂ।

ਸੁ ਮੁੱਕਦੀ ਗੱਲ ਇਸ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਇੱਕ ਸੁਨੇਹਾਂ ਦੇ ਰਹੇ ਹਨ ਕਿ ਆਪਣੇ ਔਗੁਣ ਕੱਟਣ ਦੀ ਮੰਗ ਮੰਗੀਏ ਭਾਵ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੀਏ ਜੋ ਅਸਲ ਮੰਗ ਸਾਡੇ ਜੀਵਨ ਦੀ ਹੈ। ਜੇ ਸ਼ੁਭ ਗੁਣ ਸਾਡੇ ਮਨ ਵਿੱਚ ਆ ਗਏ ਤਾਂ ਅਸੀਂ ਅੰਦਰੋਂ ਬਾਹਰੋਂ ਇਕੋ ਜੇਹੇ ਹੋਵਾਂਗੇ। ਸਾਡਾ ਦੋਹਰਾ ਚਿਹਰਾ ਨਹੀਂ ਹੋਏਗਾ। ਅਸੀਂ ਜੋ ਵੀ ਕਿਸੇ ਨਾਲ ਗੱਲ ਕਰਾਂਗੇ ਉਹ ਸੱਚ ਦੇ ਅਧਾਰਤ ਇਕੋ ਜੇਹੀ ਹੋਏਗੀ। ਔਗੁਣਾਂ ਦਾ ਛੌਰਾ ਹੋਣ ਕਰਕੇ ਅਸੀਂ ਗੁਣਾਂ ਵਿੱਚ ਨਹੀਂ ਜਿਉਂਦੇ। ਸਾਡੇ ਮਨ ਵਿੱਚ ਕੁੱਝ ਹੋਰ ਹੁੰਦਾ ਹੈ ਬਾਹਰੋਂ ਅਸੀਂ ਕੁੱਝ ਹੋਰ ਬੋਲਦੇ ਹਾਂ। ਅਜੇਹੇ ਆਦਮੀ ਨੂੰ ਬਾਬਾ ਫ਼ਰੀਦ ਜੀ ਕੀ ਸੁਨੇਹਾਂ ਦੇ ਰਹੇ ਹਨ—

ਦਿਲਹੁ ਮੁਹਬਤਿ ਜਿੰਨੑ, ਸੇਈ ਸਚਿਆ॥

ਜਿਨੑ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ॥

ਸ਼ੇਖ ਫ਼ਰੀਦ ਜੀ ਪੰਨਾ ੪੮੮

ਇਸ ਸ਼ਬਦ ਵਿੱਚ ਗੁਣਾਂ ਨੂੰ ਸੁਭਾਅ ਵਿੱਚ ਲੈ ਕੇ ਆਉਣਾ ਤੇ ਹਮੇਸ਼ਾਂ ਹੀ ਔਗੁਣਾਂ ਤਿਆਗਦੇ ਰਹਿਣਾ ਇਸ ਸ਼ਬਦ ਵਿੱਚ ਮੁੱਖ ਮੰਗ ਰੱਖੀ ਗਈ ਹੈ। ਗੁਣਾਂ ਦੀ ਲਦਾਈ ਕਰਕੇ ਮਨੁੱਖ ਜਦੋਂ ਜ਼ਿੰਦਗੀ ਦੇ ਸਫਰ ਉਤੇ ਨਿਕਲੇਗਾ ਤਾਂ ਉਹ ਸੱਚ ਦਾ ਵਪਾਰ ਹੀ ਕਰੇਗਾ।

ਗੁਰੂ ਦੇ ਇੱਕ ਉਪਦੇਸ਼ ਨਾਲ ਜੀਵਨ ਦੀ ਰੂਪ-ਰੇਖਾ ਬਦਲ ਜਾਂਦੀ ਹੈ ਤੇ ਆਤਮਕ ਦੁਖਾਂ ਦਾ ਅੰਤ ਹੋ ਨਿਬੜਦੀ ਹੈ।

ਜਦੋਂ ਹਿਰਦੇ ਵਿੱਚ ਸੱਚ ਆ ਗਿਆ ਤਾਂ ਮਨ, ਬਚ, ਕਰਮ ਵਿੱਚ ਇਕਸਾਰਤਾ ਦੂਰੋਂ ਲਿਸ਼ਕਾਂ ਮਾਰਦੀ ਨਜ਼ਰ ਆਏਗੀ। ਜੋ ਆਉਣ ਵਾਲੇ ਏਸੇ ਜੀਵਨ ਲਈ ਲਾਭਦਾਇਕ ਹੋਏਗੀ।




.