ਦੀ ਸ਼ਕਲ ਮੌਜੂਦ ਨਹੀਂ
ਹੁੰਦੀ। ਦੁਧ `ਚ ਕਿੰਨੇ ਪ੍ਰਤੀਸ਼ਤ ਪਾਣੀ ਜਾਂ ਦੂਜੀ ਮਿਲਾਵਟ ਹੈ, ਹਾਈਡਰੋਮੀਟਰ ਤੇ ਦੂਜੇ ਯੰਤਰ ਦੱਸ
ਦੇਂਦੇ ਹਨ। ਇਸੇ ਤਰ੍ਹਾਂ ਹਜ਼ਾਰਹਾਂ ਕੁਦਰਤੀ ਵਸਤਾਂ ਤੇ ਉਹਨਾਂ `ਚ ਕੀਤੀਆਂ ਮਿਲਵਟਾਂ ਨੂੰ ਕੇਵਲ
ਪ੍ਰਭੂ ਦੇ ਇਸੇ ਸੁਭਾਅ ਵਾਲੇ ਨਿਯਮ ਕਾਰਨ ਹੀ ਪਕੜਣਾ ਸੰਭਵ ਹੁੰਦਾ ਹੈ। ਮੋਤੀਆ, ਗੁਲਾਬ, ਚਮੇਲੀ
ਆਦਿ ਦੇ ਫੁਲ ਤੇ ਪ੍ਰਭੂ ਰਚਨਾ ਦੀਆਂ ਬੇਅੰਤ-ਅਨੰਤ ਵਸਤਾਂ ਨੂੰ ਬਿਨਾ ਦੇਖੇ, ਉਹਨਾਂ ਦੀ ਹੋਂਦ ਦਾ
ਬੋਧ ਹੋ ਜਾਣਾ, ਪ੍ਰਭੂ ਬਖਸ਼ੀ ਸੁਭਾਵਾਂ ਵਾਲੀ ਦਾਤ ਦਾ ਹੀ ਵਰਦਾਨ ਹੈ।
“ਜੋ ਬ੍ਰਹਮੰਡੇ ਸੋਈ ਪਿੰਡੇ” -ਸਮੂਚੇ ਫਲਾਂ, ਸਬਜ਼ੀਆਂ, ਅਨਾਜ,
ਪਹਿਰਾਵਿਆਂ, ਰਹਿਣੀਆਂ, ਖਨਿਜਾ ਆਦਿ `ਚ ਵੀ ਪ੍ਰਭੂ ਦੀ ਇਹੀ ਦਾਤ ਮਨੁੱਖ ਦਾ ਸਾਥ ਦੇ ਰਹੀ ਹੈ।
ਖੂਬੀ ਇਹ ਕਿ “ਜੋ ਬ੍ਰਹਮੰਡੇ ਸੋਈ ਪਿੰਡੇ” (ਪੰ: ੬੯੫) ਅਨੁਸਾਰ ਪੰਜ ਤਤਾਂ ਤੋਂ ਹੀ ਪ੍ਰਭੂ
ਨੇ ਸਾਡੇ ਸਰੀਰਾਂ ਦੀ ਰਚਨਾ ਕੀਤੀ ਹੈ ਤੇ ਉਹਨਾਂ ਹੀ ਤੱਤਾਂ ਤੋਂ ਉਸ ਦੀ ਅਨੰਤ ਰਚਨਾ ਵੀ ਕਾਇਮ ਹੈ
ਤੇ ਜ਼ਰੇ ਜ਼ਰੇ `ਚ ਉਸਦੀ ਆਪਣੀ ਵੀ ਹੋਂਦ ਵੀ। ਫ਼ਿਰ ਵੀ ਪੰਜੇ ਤੱਤ ਆਪਣੇ-ਆਪਣੇ ਸੁਭਾਅ ਕਾਰਨ ਵੱਖ-ਵੱਖ
ਪਹਿਚਾਣੇ, ਦੇਖੇ ਜਾ ਸਕਦੇ ਹਨ। ਕਮਾਲ ਹੈ ਕਿ, ਪੱਥਰ-ਅੱਗ ਨਹੀਂ ਪਕੜਦਾ ਜਦਕਿ ਉਸੇ ਅੱਗ ਨਾਲ
ਲੱਕੜੀ, ਸੜ ਕੇ ਸੁਆਹ ਹੋ ਜਾਂਦੀ ਹੈ, ਫ਼ਿਰ ਵੀ ਅੱਗ ਦੋਨਾਂ `ਚ ਮੋਜੂਦ ਹੁੰਦੀ ਹੈ। ਹੋਰ ਤਾਂ ਹੋਰ,
ਅੱਜ ਮਨੁੱਖ ਦੀ ਸੰਪੂਰਨ ਡਾਕਟਰੀ, ਕਰਤੇ ਦੀ ਇਸੇ ਸੁਭਾਅ ਵਾਲੀ ਦੇਣ `ਤੇ ਖੜੀ ਹੈ। ਖੂਨ, ਪੇਸ਼ਾਬ,
ਥੁੱਕ ਆਦਿ ਦੇ ਟੈਸਟ, ਸਾਡੇ ਅੰਦਰ ਦੇ ਰੋਗਾਂ ਤੇ ਵਾਧੇ-ਘਾਟੇ ਦਾ ਪਤਾ ਦੇਂਦੇ ਹਨ। ਇਹ ਕੇਵਲ ਇਸ਼ਾਰੇ
ਹਨ, ਪ੍ਰਭੂ ਬਖ਼ਸ਼ੀ ਸੁਭਾਅ-ਸੀਰਤ ਤੇ ਇਸ ਨਾਲ ਸ਼ਕਲ-ਸੂਰਤ ਵਾਲੀ ਸਾਂਝ `ਚੋਂ ਪ੍ਰਭੂ ਦੇ ਹੁਕਮ ਵਾਲੀ
ਇਸ ਖੇਡ ਨੂੰ ਪਹਿਚਾਨਣ ਲਈ। ਪ੍ਰਭੂ ਰਚਨਾ `ਚ ਜੇਕਰ ਕਿਸੇ ਦੀ ਸੂਰਤ ਪੱਕੀ ਹੈ, ਉਸੇ ਤਰ੍ਹਾਂ ਉਸ ਦਾ
ਸੁਭਾਅ ਵੀ ਸਦੀਵੀ ਹੈ। ਜਿੱਥੇ ਸੂਰਤ `ਚ ਨਸਲ ਦਰ ਨਸਲ ਫਰਕ ਨਹੀਂ ਪੈਂਦਾ, ਉਸੇ ਤਰ੍ਹਾਂ ਸੁਭਾਅ `ਚ
ਵੀ ਨਸਲ ਦਰ ਨਸਲ ਚਲਦਾ ਹੈ।
“ਵੇਖਿ ਵਿਡਾਣੁ ਰਹਿਆ ਵਿਸਮਾਦੁ” - ਕਰਤਾਰ ਦੀਆਂ ਖੇਡਾਂ ਨੂੰ ਬੁਝਿਆ
ਨਹੀਂ ਜਾ ਸਕਦਾ। ਬੇਅੰਤ ਰਚਨਾ `ਚ ਗੱਲ ਕੇਵਲ ਸੂਰਤ-ਸੀਰਤ ਅਥਵਾ ਸ਼ਕਲ-ਸੁਭਾਅ ਦੀ ਸਾਂਝ ਵਾਲੀ ਹੀ
ਨਹੀਂ। ਪ੍ਰਭੂ ਰਚਨਾ ਦੇ ਕਿਸੇ ਮਾਮੂਲੀ ਤੋਂ ਮਾਮੂਲੀ ਅੰਗ ਦੀਆਂ ਗਹਿਰਾਈਆਂ `ਚ ਉਤਰਨਾ ਤਾਂ ਦੂਰ
ਕੇਵਲ ਛੂ ਕੇ ਹੀ ਜੀਵਨ ਦਾ ਅਨੂਠਾ ਰਸ ਮਾਣਿਆ ਜਾ ਸਕਦਾ ਹੈ। ਉਪ੍ਰੰਤ ਜੀਵਨ ਦਾ ਇਹੀ ਆਨੰਦ
“ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ” (ਪੰ: ੪੬੪) ਜੇਕਰ ਵਧਦਾ ਜਾਵੇ
ਤਾਂ ਮਨੁੱਖ ਨੂੰ ਵਿਸਮਾਦ ਦੀ ਅਵਸਥਾ `ਚ ਪਹੁੰਚਾ ਦੇਂਦਾ ਹੈ। ਪਰ ਜੀਵਨ ਦੀ ਇਹ ਅਵਸਥਾ ਮਿਲਦੀ ਕਦੋਂ
ਹੈ? ਗੁਰਦੇਵ ਇਸ ਨੂੰ ਸਮਝਾਉਣ ਲਈ ਸਲੋਕ `ਚ ਰਚਨਾ `ਚੋਂ ਹੀ ਕੁੱਝ ਵਣਗੀਆਂ ਬਖ਼ਸ਼ਦੇ ਹਨ। ਫ਼ੁਰਮਾਉਂਦੇ
ਹਨ, “ਐ ਕਾਦਿਰ! ਜੇਕਰ ਤੇਰੀ ਰਚਨਾ ਦੇ ਕਿਸੇ ਊਨੇ ਤੋਂ ਊਨੇ ਅੰਗ ਦੀ ਕੁੱਝ ਗਹਿਰਾਈ `ਚ ਉਤਰਣ ਦਾ
ਯਤਨ ਕੀਤਾ ਜਾਵੇ ਤਾਂ ਤੇਰੀ ਰਚਨਾ ਦਾ ਹਰੇਕ ਅੰਗ, ਹਿਰਦੇ `ਚ ਵਿਸਮਾਦ ਨੂੰ ਜਨਮ ਦੇਂਦਾ ਤੇ ਮਨ `ਚ
ਕਾਂਬਾ ਛੇੜ ਦੇਂਦਾ ਹੈ। ਉਪ੍ਰੰਤ ਵਿਸ਼ਾ ਭਾਵੇਂ ਜੀਵਾਂ ਦੀਆਂ ਬੋਲੀਆਂ ਤੇ ਉਹਨਾਂ `ਚ ਗਿਆਨਾ
(ਜਾਣਕਾਰੀਆਂ, ਸੋਝੀਆਂ) ਦੀ ਭਿੰਨਤਾ ਦਾ ਹੋਵੇ। ਅਨੰਤ ਤਰ੍ਹਾਂ ਦੇ ਜੀਵ, ਹਰੇਕ ਜੀਵ ਸ਼੍ਰੇਣੀ `ਚ
ਸ਼ਕਲਾਂ, ਨਸਲਾਂ, ਸੁਆਦਾਂ, ਰੁਝੇਵਿਆਂ, ਰਹਿਣੀਆਂ, ਲੋੜਾਂ ਦੀ ਭਿੰਨਤਾ ਤੇ ਉਹਨਾਂ ਸਾਰੀਆਂ ਲੋੜਾਂ
ਦਾ ਪੂਰੇ ਵੀ ਹੁੰਦੇ ਜਾਣਾ। ਪ੍ਰਭੂ ਰਚਨਾ `ਚ ਹਵਾ, ਪਾਣੀ, ਅਗਨੀ, ਧਰਤੀ ਵਾਲੇ ਨਿਯਮ-ਫ਼ਿਰ ਉਹਨਾਂ
ਚੋਂ ਇੱਕ ਇੱਕ ਦੀਆਂ ਅਨੰਤ ਕਿਸਮਾ ਤੇ ਉਹਨਾਂ ਤੋਂ ਮਨੁੱਖੀ ਲੋੜਾਂ ਦਾ ਵਿਸਤਾਰ ਤੇ ਪੂਰਤੀ। ਬੇਅੰਤ
ਤਰ੍ਹਾਂ ਦੀਆਂ ਧਰਤੀਆਂ ਤੇ ਬੇਅੰਤ ਹੀ ਖਾਣੀਆਂ, ਉਪ੍ਰੰਤ ਸੰਜੋਗ-ਵਿਜੋਗ ਵਾਲਾ ਸਿਲਸਿਲਾ। ਇਸ
ਤਰ੍ਹਾਂ ਕੁੱਝ ਹੋਰ ਵਣਗੀਆਂ ਦੇ ਇਸ਼ਾਰੇ ਦੇ ਕੇ ਗੁਰਦੇਵ ਸਾਬਤ ਕਰਦੇ ਹਨ ਕਿ ਜਦੋਂ ਪ੍ਰਭੂ ਰਚਨਾ ਦਾ
ਊਨੇ ਤੋਂ ਊਨਾ ਅੰਗ ਹੀ ਮਨੁੱਖ ਨੂੰ ਵਿਸਮਾਦ ਦੀਆਂ ਗਹਿਰਾਈਆਂ `ਚ ਉਤਾਰ ਸਕਦਾ ਹੈ। ਉਪ੍ਰੰਤ ਜੇਕਰ
ਮਨੁੱਖ ਦਾ ਸੁਭਾਅ ਵੀ, ਪ੍ਰਭੂ ਰਸ ਨੂੰ ਮਾਨਣ ਵਾਲਾ ਬਣ ਜਾਵੇ ਤਾਂ ਅਜਿਹਾ ਮਨੁੱਖਾ ਜੀਵਨ,
ਪਰਮ-ਆਨੰਦ ਤੇ ਪ੍ਰਭੂ ਰੰਗ `ਚ ਰੰਗਿਆ ਹੋਇਆ ਕਿਉਂ ਨਹੀਂ ਬਣ ਸਕਦਾ? ਫ਼ਿਰ ਵੀ ਹੱਥਲੇ ਗੁਰਮਤਿ ਪਾਠ
ਦਾ ਸੰਬੰਧ ਪ੍ਰਭੂ ਰਚਨਾ `ਚੋ ਕੇਵਲ ਸੁਭਾਅ ਵਾਲੀ ਦੇਣ ਤੀਕ ਹੀ ਸੀਮਿਤ ਹੈ।
ਕਊਆ ਕਹਾ ਕਪੂਰ ਚਰਾਏ- ਪ੍ਰਭੂ ਦੇ ਅਟੱਲ ਨਿਯਮਾਂ `ਚ ਰਚਨਾ ਦੇ
ਹਰੇਕ ਅੰਗ ਨੂੰ ਕਰਤਾਰ ਨੇ ਕਿਸੇ ਨੂੰ ਜੋ ਵੀ ਸੁਭਾਅ ਬਖਸ਼ਿਆ ਹੈ, ਨਿਰਜੀਵ, ਜੀਵਧਾਰੀ-ਫੁਲ-ਬਨਸਪਤੀ,
ਪਸ਼ੂ, ਪੌਦਾ ਹਰੇਕ ਆਪਣੇ ਸੁਭਾਅ `ਚ ਕੇਵਲ ਜੀਵਨ ਭਰ ਹੀ ਨਹੀਂ ਬਲਕਿ ਨਸਲ-ਦਰ-ਨਸਲ ਪੱਕੇ ਤੌਰ `ਤੇ
ਕਾਇਮ ਰਹਿੰਦਾ ਹੈ। ਫ਼ੁਰਮਾਨ ਹੈ, “ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ
ਗਾਏ॥ ੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀਂ ਕਹੀਐ॥ ੧॥ ਰਹਾਉ॥ ਕਊਆ ਕਹਾ ਕਪੂਰ
ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ॥ ੨॥ ਸਤ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ
ਕੰਚਨੁ ਸੋਈ॥ ੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ॥ ੪॥ ਅੰਮ੍ਰਿਤੁ
ਲੈ ਲੈ ਨੀਮੁ ਸਿੰਚਾਈ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ” (ਪੰ: ੪੮੧) ਭਾਵ ਕੁੱਤੇ ਨੂੰ
ਸਿੰਮ੍ਰਿਤੀਆਂ ਸੁਣਾਉਣ ਦਾ ਲਾਭ ਨਹੀਂ ਹੁੰਦਾ, ਸਾਕਤ (ਨਾਸਤਿਕ) ਕੋਲ ਪ੍ਰਭੂ ਦੇ ਗੁਣ ਗਾਵਿਆਂ ਸਾਕਤ
`ਤੇ ਅਸਰ ਨਹੀਂ ਪੈਂਦਾ। ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੀ ਲਾਭ? ਸੱਪ ਨੂੰ ਦੁੱਧ ਪਿਲਾਉਣ ਦਾ
ਕੋਈ ਫ਼ਾਇਦਾ ਨਹੀਂ। ਹੋਰ ਤਾਂ ਹੋਰ, ਜੇਕਰ ਦੁੱਧ ਜਾਂ ਕੋਈ ਮਿੱਠੀ ਵਸਤ ਲੈ ਕੇ ਨਿੰਮ ਨੂੰ ਸੀਂਚਿਆ
ਜਾਵੇ ਤਾਂ ਵੀ ਨਿੰਮ ਮਿੱਠੀ ਨਹੀਂ ਉੱਗ ਸਕਦੀ। ਪਿਛਲੇ ਸੰਸਕਾਰਾਂ-ਕਰਮਾਂ ਅਨੁਸਾਰ ਕਿਸੇ ਵੀ ਮਨੁੱਖ
ਨੂੰ ਪ੍ਰਭੂ ਨੇ ਜੋ ਵੀ ਜਨਮ ਜਾਂ ਜੀਵਨ ਬਖਸ਼ਿਆ ਹੈ, ਬੇਸ਼ਕ ਪੌਦਾ, ਪੰਛੀ ਹੈ ਜਾਂ ਕੋਈ ਤ੍ਰਿਗਦ ਜੂਨ,
ਕੁੱਝ ਵੀ ਹੋਵੇ, ਜੀਵ ਨੂੰ ਆਪਣੇ ਗੰਦੇ ਭਾਵੇਂ ਚੰਗੇ ਸੁਭਾਅ `ਚ ਹੀ ਜੂਨ ਨੂੰ ਭੁਗਤਾਉਣਾ ਪੈਂਦਾ
ਹੈ। ਨਾ ਕੋਈ ਜੀਵ ਆਪਣੀ ਮਰਜ਼ੀ ਨਾਲ ਜਨਮ ਜਾਂ ਜੂਨ ਲੈਂਦਾ ਹੈ ਤੇ ਉਸਦੀ ਆਪਣੀ ਮਰਜ਼ੀ ਨਾਲ ਮੌਤ ਹੀ
ਹੁੰਦੀ ਹੈ।
ਦਰਅਸਲ ਇਸ ਸ਼ਬਦ ਰਾਹੀਂ ਉਸ ਰੱਬੀ ਸਚਾਈ ਨੂੰ ਪ੍ਰਗਟ ਕੀਤਾ ਹੈ, ਜੇਕਰ ਅਸਾਂ
ਇਸ ਪ੍ਰਾਪਤ ਮਨੁੱਖਾ ਜੂਨ `ਚ ਆਪਣੀ ਸੰਭਾਲ ਕਰਣੀ ਹੈ ਤਾਂ ਜ਼ਰੂਰੀ ਹੈ ਕਿ ਸਾਨੂੰ ਸਮਝ ਹੋਵੇ (੧) “ਕਹਾ
ਸੁਆਨ ਕਉ ਸਿਮ੍ਰਿਤਿ ਸੁਨਾਏ” ਭਾਵ ਸਤਿਸੰਗ ਕਰਣ ਲਈ ਕੇਵਲ ਮਨੁੱਖਾ ਜੂਨ ਹੀ ਇਕੋ ਇੱਕ ਸਮਾਂ
ਹੈ, ਹੋਰ ਕਿਸੇ ਜੂਨੀ `ਚ ਅਜਿਹਾ ਸੰਭਵ ਨਹੀਂ (੨) “ਕਹਾ ਸਾਕਤ ਪਹਿ ਹਰਿ ਗੁਨ ਗਾਏ”
ਉਪ੍ਰੰਤ ਮਨੁੱਖਾ ਜੂਨੀ `ਚ ਵੀ ਜੇਕਰ ਪ੍ਰਭੂ ਗੁਣਾਂ ਦੇ ਗ੍ਰਿਹਣ ਕਰਣ ਲਈ ਸਤਿਸੰਗ ਵਾਲਾ ਸੁਭਾਅ
ਨਹੀਂ, ਤਾਂ ਵੀ ਜੀਵਨ ਰਹਿਣੀ ਦਾ ਬਦਲਣਾ ਸੰਭਵ ਨਹੀਂ। (੩) ਮਨੁੱਖਾ ਜੂਨੀ ਸਮੇਂ ਕੀਤੇ
ਕਰਮਾਂ-ਸੰਸਕਾਰਾਂ ਦੇ ਨਿਆਂ `ਚ, ਪ੍ਰਭੂ ਨੇ ਮਨੁੱਖ ਨੂੰ ਜਿਸ ਵੀ ਜੂਨੀ `ਚ ਪਾਇਆ ਹੈ। ਦੂਜੀਆਂ
ਜੂਨੀਆਂ `ਚ ਪੈ ਚੁੱਕੇ ਮਨੁੱਖ ਲਈ ਸੰਭਵ ਨਹੀਂ ਕਿ ਉਥੇ ਉਹ ਆਪਣੇ ਸੁਭਾਅ, ਜੀਵਨ ਜਾਂ ਰਹਿਣੀ ਨੂੰ
ਬਦਲ ਸਕੇ। ਫ਼ੁਰਮਾਉਂਦੇ ਹਨ ਮਨ ਲਉ, ਜੇਕਰ ਕਿਸੇ ਨੂੰ ਜੂਨੀ ਕਊਏ ਦੀ ਪ੍ਰਾਪਤ ਹੋਈ ਹੋਵੇ ਤਾਂ ਉਸ
ਸਾਹਮਣੇ ਮੁਸ਼ਕ-ਕਾਫ਼ੂਰ, ਨਿਰ-ਅਰਥਕ ਰਵੇਗਾ, ਜੂਨੀ ਅਨੁਸਾਰ ਉਸ ਨੂੰ ਤਾਂ ਵਿਸ਼ਟਾ `ਤੇ ਹੀ ਬੈਠਣਾ
ਪਵੇਗਾ। ਜੇ ਕਰ ਜੂਨੀ ਸੱਪ ਦੀ ਮਿਲੀ ਹੈ, ਤਾਂ ਸੱਪ ਨੂੰ ਚਾਹੇ ਕਿਤਨਾ ਵੀ ਦੁੱਧ ਪਿਲਾ ਦੇਵੋ ਭਾਵ
ਸੱਪ ਨਾਲ ਚਾਹੇ ਕੋਈ ਕਿਤਨੀ ਵੀ ਹਮਦਰਦੀ ਕਰ ਲਵੋ ਤਾਂ ਵੀ ਸੱਪ ਆਪਣਾ ਕੱਟਣ ਵਾਲਾ ਸੁਭਾਅ ਨਹੀਂ
ਤਿਆਗ ਸਕਦਾ, ਇਸੇ ਤਰ੍ਹਾਂ ਕੁੱਤਾ ਤੇ ਹਰੇਕ ਸ਼੍ਰੇਣੀ। ਉਪ੍ਰੰਤ ਬਨਸਪਤੀ `ਚੋਂ ਨਿੰਮ ਦੀ ਮਿਸਾਲ ਦੇ
ਕੇ, ਕਬੀਰ ਸਾਹਿਬ ਕਹਿੰਦੇ ਹਨ, ਉਸ ਜੂਨੀ `ਚ ਜੀਵ ਨੂੰ ਕੇਵਲ ਕੜਵਾਪਣ ਹੀ ਮਿਲਿਆ ਹੈ। ਤੁਸੀਂ ਉਸ
ਦੀਆਂ ਜੜ੍ਹਾਂ `ਚ ਜਿਤਨੀ ਚਾਹੋ ਮਿਠਾਸ ਸੀਂਚ ਦੇਵੋ, ਨਿੰਮ ਦਾ ਕੜਵਾ ਸੁਭਾਅ ਨਹੀਂ ਬਦਲ ਸਕਦਾ।
ਕਾਰਨ “ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” (ਪੰ: ੪੮੧)
ਮਨੁੱਖਾ ਜੂਨੀ ਸਮੇਂ ਕੀਤੇ ਸੰਸਕਾਰਾਂ-ਕਰਮਾ ਅਨੁਸਾਰ ਪ੍ਰਭੂ ਦੇ ਨਿਆਂ `ਚ ਹੀ ਜੀਵ ਭਿੰਨ ਭਿੰਨ
ਜੂਨੀਆਂ ਮਿਲੀਆਂ ਹੁੰਦੀਆਂ ਹਨ (੪) ਉਪ੍ਰੰਤ “ਰਾਮ ਰਾਮ ਰਾਮ ਰਮੇ ਰਮਿ ਰਹੀਐ” ਕੇਵਲ ਮਨੁੱਖ
ਜੂਨੀ ਹੀ ਹੈ ਕਿ ਸੁਭਾਅ `ਚ ਕਿਸੇ ਤਰ੍ਹਾਂ ਦਾ ਵਿਗਾੜ ਵੀ ਕਿਉਂ ਨਾ ਆ ਚੁੱਕਾ ਹੋਵੇ, ਮਨੁੱਖ ਪ੍ਰਭੂ
ਗੁਨਗਾਣ ਵੱਲ ਮੁੜ ਕੇ ਆਪਣੇ ਪ੍ਰਭੂ ਗੁਣਾਂ ਵਾਲੇ ਅਸਲੀ ਮਨੁੱਖੀ ਸੁਭਾਅ ਵੱਲ ਪਰਤ ਸਕਦਾ ਹੈ।
“ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ” - ਇਸ ਤਰ੍ਹਾਂ
ਹਰੇਕ ਜੂਨੀ ਆਪਣੇ ਮੂਲ ਸੁਭਾਅ ਅਥਵਾ ਜੀਵਨ ਤੱਤ ਨਾਲ ਜੁੜੀ ਰਹਿੰਦੀ ਹੈ ਸਿਵਾਇ ਮਨੁੱਖ ਦੇ। ਜਦਕਿ
ਮਨੁੱਖਾ ਜਨਮ ਦਾ ਮਕਸਦ ਵੀ, ਆਪਣੀ ਤੱਤ ਵਸਤੂ ਭਾਵ ਪ੍ਰਭੂ `ਚ ਅਭੇਦ ਹੋਣਾ ਤੇ ਸਦਾ ਲਈ ਜਨਮ-ਮਰਣ ਦੇ
ਗੇੜ ਚੋਂ ਨਿਕਲਣਾ ਹੁੰਦਾ ਹੈ। ਸ਼ੱਕ ਨਹੀਂ ਗੁਰਬਾਣੀ `ਚ ਜਿਤਣੀਆਂ ਵੀ ਪਸ਼ੂ-ਪੰਛੀਆਂ,
ਕੀੜੇ-ਮਕੌੜਿਆਂ, ਫੁੱਲ-ਬਨਸਪਤੀ ਆਦਿ ਦੀਆਂ ਮਿਸਾਲਾਂ ਆਈਆਂ ਹਨ; ਮੋਟੇ ਤੌਰ `ਤੇ ਵਿਸ਼ੇ ਮਿਲਣਗੇ (੧)
“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੮) ਮਨੁੱਖਾ ਜੂਨੀ ਤੋਂ ਛੁੱਟ, ਹਰੇਕ ਜੂਨੀ
ਜਿਹੜੀ ਪ੍ਰਭੂ ਦੇ ਨਿਆਂ `ਚ, ਆਪਣੇ ਮਨੁੱਖਾ ਜਨਮ ਸਮੇਂ ਕੀਤੇ ਕਰਮਾ ਅਨੁਸਾਰ ਮਿਲਦੀ ਹੈ; ਜੀਵ ਆਪਣੀ
ਮਰਜ਼ੀ ਨਾਲ ਜੀਵਨ ਰਹਿਣੀ ਤੇ ਸੁਭਾਅ ਨੂੰ ਨਹੀਂ ਬਦਲ ਸਕਦਾ। ਉਸ ਨੂੰ ਜੂਨੀ ਅਨੁਸਾਰ ਹੀ ਸੁਭਾਅ ਤੇ
ਰਹਿਣੀ `ਚ ਜੀਊਣਾ ਪੈਂਦਾ ਹੈ। (੨) ਅਜਿਹਾ ਇੱਕ ਵੀ ਸੁਭਾਅ ਜਾਂ ਜੂਨੀ ਜੀਵ ਨੇ ਆਪਣੀ ਮਰਜ਼ੀ ਨਾਲ
ਨਹੀਂ ਲਈ ਹੁੰਦੀ; ਬਲਕਿ ਪਿਛਲੇ ਮਨੁੱਖਾ ਜਨਮ ਨੂੰ ਵਿਅਰਥ ਕਰਣ ਬਾਅਦ, ਕਰਮਾਂ-ਸੰਸਕਾਰਾਂ ਮੁਤਾਬਿਕ
“ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” (ਪੰ: ੪੮੧) ਅਤੇ
ਕਰਤੇ ਦੇ ਨਿਆਂ `ਚ “ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ” (ਪੰ: ੪੬੬) ਹੀ
ਜੂਨੀ ਮਿਲੀ ਹੁੰਦੀ ਹੈ, ਜਿਹੜੀ ਕਿ ਭੁਗਤਾਉਣਾ ਜੀਵ ਦੀ ਮਜਬੂਰੀ ਹੁੰਦੀ ਹੈ।
(੩) ਹਰੇਕ ਜੂਨੀ `ਚ ਪਿਆ ਜੀਵ, ਆਪਣੀ ਕਰਣੀ ਤੋਂ ਮਾਨੋ ਸਿਖਿਆ ਦੇ ਰਿਹਾ ਤੇ
ਕਹਿ ਰਿਹਾ ਹੁੰਦਾ ਹੈ ‘ਐ ਮਨੁੱਖ! ਜਿਵੇਂ ਇਸ ਜੂਨ `ਚ ਪਿਆ ਮੈ ਇਸ ਲਈ ਸੁਭਾਅ ਨਾਲ ਬੱਝਾ ਹਾਂ
ਕਿਉਂਕਿ ਇਸ ਨੂੰ ਬਦਲਣ ਲਈ ਕਰਤਾਰ ਨੇ ਮੈਨੂੰ ਨਾ ਸਮ੍ਰਥਾ ਦਿੱਤੀ ਹੈ ਨਾ ਰਸਤਾ ਤੇ ਨਾ ਢੰਗ। ਦੂਜੇ
ਪਾਸੇ, ਤੂੰ ਤਾਂ ਮਨੁੱਖ ਜੂਨੀ `ਚ ਹੈਂ, ਇਸ ਲਈ ਤੇਰੇ ਕੋਲ ਅਜੇ ਰਸਤਾ ਵੀ ਹੈ ਤੇ ਢੰਗ ਵੀ। ਤੂੰ
ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆ `ਤੇ ਚਲ ਕੇ ਜੀਵਨ ਦੀ ਕਮਾਈ ਕਰ। ਇਲਾਹੀ ਸੱਚ ਵਾਲੇ ਅਸਲੀ ਸੁਭਾਅ
`ਚ ਆ ਜਾ। ਇਸੇ ਤੋਂ ਤੈਨੂੰ ਮਨੁੱਖਾ ਜੀਵਨ ਦਾ ਸੱਚਾ ਆਨੰਦ ਵੀ ਮਿਲ ਜਾਵੇਗਾ। ਤੂੰ ਮਨੁੱਖ ਜੂਨ `ਚ
ਹੋਣ ਕਰਕੇ ਜੀਵਨ ਦੇ ਪਰਮ-ਤੱਤ, ਪ੍ਰਭੂ ਨਾਲ ਇੱਕ ਮਿੱਕ ਹੋਣ ਦੇ ਸਮ੍ਰਥ ਹੈ। ਫ਼ਿਰ ਵੀ ਪਤਾ ਨਹੀਂ
ਕਿਉਂ ਤੂੰ ਬਦੋਬਦੀ ਆਪਣੇ ਜੀਵਨ ਦਾ ਅਸਲ ਰਸਤਾ ਛਡ ਕੇ, ਮਨੁੱਖ ਹੁੰਦਾ ਹੋਇਆ ਵੀ ਸਾਡੀਆਂ ਜੂਨੀਆਂ
`ਚ ਭਟਕ ਰਿਹਾਂ ਹੈਂ? ਜੇਕਰ ਮਨੁੱਖਾ ਜੂਨੀ ਦਾ ਲਾਭ ਲੈ ਕੇ, ਆਪਣੇ ਜੀਵਨ ਤੱਤ, ਪ੍ਰਭੂ ਨਾਲ ਜੁੜ
ਜਾਵੇਂਗਾ ਤਾਂ ਤੇਰੇ ਅੰਦਰੋਂ, ਦੂਜੀਆਂ ਜੂਨੀਆਂ ਵਾਲੇ ਸੁਭਾਅ-ਰਹਿਣੀਆਂ-ਪ੍ਰਭਾਵ ਆਪਣੇ ਆਪ ਮੁੱਕ
ਜਾਣਗੇ। ਤੈਨੂੰ ਸਾਡੇ ਵਾਂਗ ਮੁੜ-ਮੁੜ ਜਨਮਾਂ ਦੇ ਗੇੜ ਨਹੀਂ ਪੈਣਗੇ। ਦੇਖ! ਹਰੇਕ ਜੂਨੀ ਆਪਣੇ
ਸੁਭਾਅ ਨਾਲ ਬੱਝੀ ਹੈ ਤੂੰ ਵੀ ਮਨੁਖਾ ਜੂਨੀ ਵਾਲੇ ਸੁਭਾਅ ਵਾਲਾ ਬਣ ਤੇ ਜਨਮ-ਮਰਣ ਦੇ ਗੇੜ ਤੋਂ ਬੱਚ
ਜਾ।
“ਗੁੜੁ ਸਾ ਮਖੀ ਖਾਇਆ” (ਪੰ: ੫੮੨) -ਗੁੜ ਦੀ ਭੇਲੀ ਦੀ ਸ਼ਕਲ
ਤੇ ਗੋਬਰ ਦੇ ਉਪਲੇ ਦੀ ਸ਼ਕਲ ਇਕੋ ਹੁੰਦੀ ਹੈ। ਫ਼ਿਰ ਜਿਤਨੇ ਚਾਹੋ ਗੋਬਰ ਦੇ ਉਪਲੇ ਰਖ ਦੇਵੋ, ਮੱਖੀ
ਉਹਨਾਂ ਨੇੜੇ ਨਹੀਂ ਆਵੇਗੀ ਪਰ ਗੁੜ ਦੀ ਭੇਲੀ `ਤੇ ਇੱਕ ਦਮ ਪੁੱਜ ਜਾਵੇਗੀ। ਇਸੇ ਤਰ੍ਹਾਂ “ਮਾਖੀ
ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ” (ਪੰ: ੧੩੬੮) ਇੱਕ ਪਾਸੇ ਚੰਦਨ ਹੋਵੇ ਤੇ ਦੂਜੇ ਪਾਸੇ
ਵਿਸ਼ਟਾ, ਇਹਨਾ ਦੋਨਾਂ `ਚੋਂ ਮਖੀ ਜਾ ਕੇ ਬੈਠੇਗੀ ਤਾਂ ਵਿਸ਼ਟਾ `ਤੇ, ਚੰਦਨ `ਤੇ ਨਹੀਂ ਜਾਵੇਗੀ। “.
. ਜੈਸੇ ਮਧੁਪ ਮਖੀਰਾ (ਪੰ: ੪੮੭) ਸ਼ਹਿਦ ਦੀ ਮੱਖੀ ਨੂੰ ਵੀ ਸਮਝ ਹੈ, ਕਿਹੜੇ ਫੁਲ ਕਾਗਤ ਦੇ ਹਨ
ਤੇ ਕਿਹੜੇ ਅਸਲੀ ਹਨ। ਭੰਵਰੇ ਨੂੰ ਲਵੋ! ਕਮਲ ਦੇ ਫੁਲ `ਚ ਜ਼ਿੰਦਗੀ ਤਾਂ ਗੁਆ ਲਵੇਗਾ ਪਰ ਕਮਲ ਦੇ
ਨਕਲੀ ਫੁਲ `ਤੇ ਜਾ ਕੇ ਬੈਠਣ ਦਾ ਧੋਖਾ ਨਹੀਂ ਖਾਵੇਗਾ। ਚਾਤ੍ਰਿਕ ਨੇ ਸੁਆਂਤੀ ਬੂੰਦ ਹੀ ਲੈਣੀ
ਹੁੰਦੀ ਹੈ। ਪਿਆਸੇ ਰਹਿ ਕੇ ਬੇਸ਼ਕ ਉਸਦੀ ਮੌਤ ਹੋ ਜਾਵੇ ਪਰ ਸਾਹਮਣੇ ਵਗ਼ਦੀ ਨਦੀ `ਚੋਂ ਵੀ ਪਾਣੀ
ਨਹੀਂ ਪੀਵੇਗਾ। ਗਧੇ ਨੂੰ ਚੰਦਨ ਦੇ ਲੇਪ ਕਰ ਦੇਵੋ, ਜਾ ਕੇ ਲੋਟ-ਪੋਟ ਹੋਵੇਗਾ ਤਾਂ ਮਿੱਟੀ `ਚ ਹੀ।
ਭਾਵ ਹਰੇਕ ਜੂਨੀ, ਆਪਣੀ ਤੱਤ ਵਸਤੂ (ਸੁਭਾਅ) ਦੀ ਪਰਖ ਰਖਦੀ ਹੈ, ਸਿਵਾਏ ਮਨੁੱਖ ਦੇ। ਇਸੇ ਤਰ੍ਹਾਂ
ਮਨੁੱਖ, ਨੂੰ ਵੀ ਟਿਕਾਅ ਮਿਲਨਾ ਹੁੰਦਾ ਹੈ “ਸਤਸੰਗਤਿ ਮਿਲਿ ਰਹੀਐ ਮਾਧਉ. .” (ਪੰ: ੪੮੭)
ਹੋਰ ਕਿਧਰੋਂ ਨਹੀਂ, ਫ਼ਿਰ ਵੀ ਇਸ ਨੂੰ ਆਪਣੀ ਤੱਤ ਵਸਤੂ ਦੀ ਪਹਿਚਾਣ ਨਹੀਂ ਆਉਂਦੀ, ਮਨੁੱਖ ਆਪਣਾ
ਅਮੁਲਾ ਜਨਮ ਵਿਅਰਥ ਗੁਆ ਕੇ ਮੁੜ ਜੂਨਾਂ `ਚ ਪੈ ਜਾਂਦਾ ਹੈ।
“ਸਤਿਗੁਰ ਕੈ ਜਨਮੇ. .”-ਕਿਸੇ ਜੂਨੀ `ਚ ਕਿਸੇ ਵੀ ਜੀਵ ਨੇ ਆਪਣੀ
ਮਰਜ਼ੀ ਨਾਲ ਜਨਮ ਨਹੀਂ ਲਿਆ ਹੁੰਦਾ। ‘ਹੰਸ’ ਹੋਵੇ ਜਾਂ ‘ਬਗੁਲਾ’, ਮਨੁੱਖਾ ਜਨਮ ਦੇ
ਸੰਸਕਾਰਾਂ-ਕਰਮਾਂ ਅਨੁਸਾਰ ਸਾਰਿਆਂ ਦੇ ਜੂਨੀਆਂ ਤੇ ਸੁਭਾਅ ਵੀ ਪ੍ਰਭੂ ਵਲੋਂ ਹੀ ਨਿਸ਼ਚਤ ਹੁੰਦੇ ਹਨ।
ਗੰਦਗੀ ਦੇ ਕੀੜੇ ਨੂੰ ਗੰਦਗੀ `ਚ ਹੀ ਜ਼ਿੰਦਗੀ ਬਿਤਾਉਣੀ ਪਵੇਗੀ ਤੇ ਖੁੱਲੇ `ਚ ਰਹਿਣ ਵਾਲਾ ਗੰਦਗੀ
`ਚ ਜਾਵੇਗਾ ਹੀ ਨਹੀਂ। ਇਸੇ ਤਰ੍ਹਾਂ ਮਨੁੱਖਾ ਜੂਨੀ ਦੀ ਤੱਤ ਵਸਤੂ (ਸੁਭਾਅ) ਵੀ ਨਿਸ਼ਚਤ ਹੈ ਤੇ ਇਹ
ਹੈ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਭਾਵ ਪ੍ਰਭੂ ਮਿਲਾਪ ਲਈ ਅਵਸਰ। ਜਿਵੇਂ
ਬਾਕੀ ਜੂਨੀਆਂ `ਚ ਜੀਵ ਨੂੰ ਜਦੋਂ ਤੀਕ ਸੁਭਾਅ ਤੇ ਜੂਨੀ ਮੁਤਾਬਕ ਤੱਤ ਵਸਤੂ ਦੀ ਪ੍ਰਾਪਤੀ ਨਹੀਂ
ਹੁੰਦੀ, ਉਸਦੀ ਤ੍ਰਿਪਤੀ ਨਹੀਂ ਹੁੰਦੀ। ਉਸੇ ਤਰ੍ਹਾਂ ਮਨੁੱਖ ਨੂੰ ਵੀ ਜਦੋਂ ਤੀਕ ਆਪਣੀ ਤੱਤ ਵਸਤੂ,
ਪ੍ਰਭੂ ਨਾਲ ਸਾਂਝ ਨਹੀਂ ਬਣ ਆਉਂਦੀ, ਇਸਦਾ ਜੀਵਨ ਵੀ ਭਟਕਿਆ ਤੇ ਉਖਾੜ `ਚ ਹੀ ਰਹਿੰਦਾ ਹੈ। ਇਸ ਨੂੰ
ਨਾ ਟਿਕਾਅ ਮਿਲਦਾ ਹੈ ਨਾ ਤ੍ਰਿਪਤੀ ਤੇ ਨਾ ਸ਼ਾਂਤੀ।
“ਮਨਿ ਸਾਂਤਿ ਆਈ ਵਜੀ ਵਧਾਈ” -ਫ਼ਰਕ ਹੁੰਦਾ ਹੈ, ਮਨੁੱਖਾ ਜਨਮ ਸਮੇਂ
ਕੀਤੇ ਕਰਮਾਂ ਅਨੁਸਾਰ ਦੂਜੀਆਂ ਜੂਨੀਆਂ, ਕੇਵਲ ਕਰਮਾਂ-ਸੰਸਕਾਰਾਂ ਨੂੰ ਭੋਗਣ ਲਈ ਮਿਲਦੀਆਂ ਹਨ ਤੇ
ਉਥੇ ਸੁਭਾਅ ਵੀ ਬਣਿਆ ਬਨਾਇਆ ਮਿਲਦਾ ਹੈ। ਜਦਕਿ ਮਨੁੱਖਾ ਜੂਨ ਸੰਸਕਾਰਾਂ-ਕਰਮਾਂ ਨੂੰ ਮੁਕਾਉਣ ਲਈ
ਮਿਲਦੀ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਮਿਲਦਾ ਹੈ ‘ਮਨ’ ਜੋ ਦੂਜੀਆਂ ਜੂਨਾਂ `ਚ ਨਹੀਂ
ਮਿਲਦਾ। ਖੂਬੀ ਇਹ, ਇੱਕ ਪਾਸੇ ਤਾਂ ਹਰੇਕ ਜੂਨੀ ਪ੍ਰਭੂ ਵਲੋਂ ਨਿਯਤ ਸੀਮਾ `ਚ ਹੋਣ ਕਾਰਨ, ਆਪਣੀ
ਤੱਤ ਵਸਤੂ-ਸੁਭਾਅ ਦੀ ਪਹਿਚਾਣ ਰਖਦੀ ਹੈ। ਜਦਕਿ ਮਨੁੱਖ ਦਾ ਹੀ ਦੁਖਾਂਤ ਹੈ ਕਿ ਮਨੁੱਖ, “. .
ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ, ਤਾ ਹੋਆ ਪਰਵਾਣੁ॥
ਇਉ ਕਹੈ ਨਾਨਕੁ, ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ” ਭਾਵ ‘ਮਨ’, ਜਿਹੜਾ ਕਿ ਮਨੁੱਖ
ਨੂੰ ਮਿਲਿਆ ਹੀ ‘ਆਪਣੀ ਆਪਣੀ ਤੱਤ ਵਸਤੂ ਦੀ ਪਹਿਚਾਣ ਲਈ ਸੀ। ਉਸੇ ਮਨ ਦੀ ਕੁਵਰਤੋਂ ਕਾਰਨ, ਮਨੁੱਖ
ਆਪਣੀ ਤੱਤ ਵਸਤੂ ਪ੍ਰਭੂ ਨੂੰ ਸਾਰੀ ਉਮਰ ਨਹੀਂ ਪਹਿਚਾਣ ਸਕਦਾ ਹੈ। ਇਸੇ ਤੋਂ ਇਹ ਮਨੁੱਖਾ ਜਨਮ `ਚ
ਹੁੰਦਾ ਹੋਇਆ ਵੀ ਜੀਵਨ ਭਰ, ਦੂਜੀਆਂ ਜੂਨੀਆਂ `ਚ ਹੀ ਭਟਕਦਾ ਰਹਿੰਦਾ ਹੈ। ਉਪ੍ਰੰਤ ਸਰੀਰਕ ਮੌਤ ਤੋਂ
ਬਾਅਦ ਵੀ ਇਸ ਨੂੰ ਟਿਕਾਅ ਨਹੀਂ ਮਿਲਦਾ, ਬਾਰ ਬਾਰ ਦਾ ਜਨਮ-ਮਰਣ ਹੀ ਮਿਲਦਾ ਹੈ। ਇਹ ਟਿਕਾਅ ਉਦੋਂ
ਤੀਕ ਨਹੀਂ ਮਿਲਦਾ ਜਦ ਤੀਕ ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਭਾਵ
ਗੁਰੂ-ਗੁਰਬਾਣੀ ਨੂੰ “ਮਨੁ ਬੇਚੈ ਸਤਿਗੁਰ ਕੈ ਪਾਸਿ” (ਪੰ: ੨੮੬) ਵਾਲੀ ਗੱਲ ਨਹੀਂ ਬਣ
ਜਾਂਦੀ। ਇਸੇ ਤੋਂ “ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੬) ਇਸ ਦੀ ਪ੍ਰਭੂ ਭਾਵ ਆਪਣੀ
ਤੱਤ ਵਸਤੂ ਤੀਕ ਪਹੁੰਚ ਬਣ ਜਾਂਦੀ ਹੈ।
“ਕਰਤੂਤਿ ਪਸੂ ਕੀ ਮਾਨਸ ਜਾਤਿ” - (ਪ: ੨੬੭) ਦੇਖਣਾ ਹੈ ਕਿ ਗੁਰਬਾਣੀ
ਖਜ਼ਾਨੇ `ਚ ਦੂਜੀਆਂ ਜੂਨੀਆਂ ਨਾਲ ਸੰਬੰਧਤ ਲਗਭਗ ਸਾਰੇ ਸ਼ਬਦਾਂ `ਚ ਇਕੋ ਹੀ ਵਿਸ਼ਾ ਮੁੱਖ ਹੈ। ਵਿਸ਼ਾ
ਹੈ ਕਿ “ਐ ਭਾਈ! ਪ੍ਰਭੂ ਨੇ ਤੈਨੂੰ ਮਨੁੱਖਾ ਜਨਮ ਬਖਸ਼ਿਆ ਹੈ; ਜੋ ਤੇਰੇ ਲਈ ਖਾਸ ਅਵਸਰ ਹੈ, ਕਿ ਤੂੰ
ਆਪਣੇ ਅਸਲੇ, ਪ੍ਰਭੂ ਨਾਲ ਇਕ-ਮਿਕ ਹੋ ਕੇ ਉਸੇ `ਚ ਸਮਾ ਸਕੇਂ। ਇਸ ਤੋਂ ਪਹਿਲਾਂ ਤੇਰੇ ਸੁਭਾਅ ਤੇ
ਜੀਵਨ ਦੀ ਘਾੜਤ ਚਾਹੇ ਕੁੱਝ ਵੀ ਰਹੀ ਹੋਵੇ; ਜੇਕਰ ਇਸ ਜੂਨੀ ਦਾ ਲਾਭ ਲੈ ਕੇ, ਸਾਧਸੰਗਤ `ਚ ਆ ਕੇ
ਗੁਰਸ਼ਬਦ ਦੀ ਕਮਾਈ ਕਰੇਂਗਾ ਤਾਂ ਤੂੰ ਆਪਣੇ ਜੀਵਨ ਤੱਤ ਪ੍ਰਭੂ ਨੂੰ ਸਹਿਜੇ ਹੀ ਪਾ ਲਵੇਂਗਾ। ਪ੍ਰਭੂ
ਤੇਰੇ ਹਿਰਦੇ `ਚ ਵਸਦਾ ਹੈ, ਬਾਹਰੋਂ ਢੂੰਡਣ ਦੀ ਲੋੜ ਨਹੀਂ। ਇਸ ਮਕਸਦ ਦੀ ਪ੍ਰਾਪਤੀ ਲਈ ਕੇਵਲ
ਮਨੁੱਖਾ ਜਨਮ ਹੀ ਹੈ ਹੋਰ ਕੋਈ ਵੀ ਜੂਨੀ ਨਹੀਂ। ਇਸ ਦੀ ਸੰਭਾਲ ਕਰ ਤਾ ਕਿ ਤੈਨੂੰ ਮੁੜ ਜਨਮ ਮਰਣ ਦੇ
ਗੇੜ `ਚ ਨਾ ਪੈਣਾ ਪਵੇ। ਜਦ ਤੀਕ ਤੂੰ ਮਨੁੱਖਾ ਜੀਵਨ ਦੀ ਸਚਾਈ ਨੂੰ ਗ੍ਰਿਹਣ ਨਹੀਂ ਕਰ ਲੈਂਦਾ ਤਦ
ਤੀਕ ਤੇਰੇ ਕੋਲ ਜਨਮ ਭਾਵੇਂ ਮਨੁੱਖ ਦਾ ਹੀ ਕਿਉਂ ਨਾ ਹੋਵੇ ਪਰ ਤੇਰੇ ਜੀਵਨ `ਚ ਦੂਜੀਆਂ ਜੂਨੀਆਂ ਦੇ
ਪ੍ਰਭਾਵ-ਸੁਭਾਵ ਹੀ ਭਾਰੂ ਰਹਿਣਗੇ। ਸਾਧਸੰਗਤ ਤੇ ਗੁਰੂ-ਗੁਰਬਾਣੀ ਦੀ ਸਿੱਖਿਆ ਦੀ ਕਮਾਈ ਬਿਨਾ
ਦੂਜੀਆਂ ਜੂਨੀਆਂ ਵਾਲੇ ਸੁਭਾਵਾਂ ਤੇ ਜਨਮ-ਮਰਣ ਦੇ ਗੇੜ `ਚੋਂ ਨਿਕਲਣ ਲਈ ਦੂਜਾ ਕੋਈ ਰਸਤਾ ਨਹੀਂ।
ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ! - ਦੇਖਣਾ ਹੈ ਕਿ ਇਹ ਲਫ਼ਜ਼
ਕੇਵਲ ਮਨੁੱਖ ਲਈ ਹੀ ਵਰਤੇ ਜਾਂਦੇ ਹਨ, ਕਿਸੇ ਹੋਰ ਜੂਨੀ ਲਈ ਨਹੀਂ, ਤਾਂ ਕਿਉਂ? ਕਿਉਂਕਿ ਸਮਸਤ
ਰਚਨਾ `ਚ ਸਿਵਾਇ ਮਨੁੱਖ ਦੇ, ਹਰੇਕ ਸ਼੍ਰੇਣੀ ਪ੍ਰਭੂ ਬਖਸ਼ੀ ਆਪਣੀ ਸ਼ਕਲ ਤੇ ਸੁਭਾਅ, ਸੂਰਤ ਤੇ ਸੀਰਤ
`ਚ ਕਾਇਮ ਮਿਲੇਗੀ। ਫੁੱਲ-ਬਨਸਪਤੀ, ਪਸ਼ੂ-ਪੰਛੀ, ਨਦੀਆਂ-ਪਹਾੜ, ਕੀੜੇ-ਮਕੌੜੇ, ਸੱਪ-ਬਿੱਛੂ, ਖਨਿਜ,
ਕੈਮੀਕਲ ਜਿਧਰ ਨਜ਼ਰ ਮਾਰੋ, ਕੁਦਰਤੀ ਹੁਲਾਰਾ, ਟਿਕਾਅ ਤੇ ਮਸਤੀ ਮਿਲੇਗੀ। ਹੋਰ ਤਾਂ ਹੋਰ, ਇਨਸਾਨ ਵੀ
ਜਦੋਂ ਪ੍ਰੇਸ਼ਾਨੀਆਂ ਕਾਰਨ ਘਬਰਾ ਉਠਦਾ ਹੈ ਤਾਂ ਕੁਦਰਤ ਨੇੜੇ ਪੁੱਜ ਕੇ ਹੀ ਸ਼ਾਂਤੀ ਮਹਿਸੂਸ ਕਰਦਾ
ਹੈ। ਇਥੋਂ ਤੀਕ ਕਿ ਗੁਰਬਾਣੀ `ਚ ਗੁਰਦੇਵ ਨੇ ਮਨੁੱਖ ਨੂੰ ਵੀ ਕੁਦਰਤ ਦੀ ਪਉੜੀ ਚੜ੍ਹਾ ਕੇ ਹੀ
ਕਾਦਿਰ ਨਾਲ ਜੋੜਣ ਦਾ ਯਤਣ ਕੀਤਾ ਹੈ। ਪ੍ਰਭੂ ਭਗਤ ਤਾਂ ਜ਼ਿਆਦਾ ਤੋਂ ਜ਼ਿਆਦਾ ਕੁਦਰਤ ਨੇੜੇ ਰਹਿਣਾ ਹੀ
ਲੋਚਦੇ ਹਨ। ਕੇਵਲ ਮਨੁੱਖ ਲਈ ਹੀ ਲਾਗੂ ਹੁੰਦਾ ਹੈ ‘ਬੰਦਿਆ ਤੂੰ ਬੰਦਾ ਬਣ’, ਤੂੰ ਇਨਸਾਨ ਬਣ’! ਇਸੇ
ਲਈ ਕਿਹਾ ਹੈ “ਗਰਚੇ ਮੁਮਕਿਨ ਹੈ, ਹਰ ਬਾਤ ਕਾ ਆਸਾਂ ਹੋਣਾ। ਸਿਰਫ਼ ਆਦਮੀ ਕੋ ਹੀ ਮੁਯੱਸਰ ਨਹੀਂ,
ਇਨਸਾਂ ਹੋਣਾ”।
“ਸੀਰਤ ਕੇ ਹੈਂ ਹਮ ਗ਼ੁਲਾਮ, ਸੂਰਤ ਹੂਈ ਤੋ ਕਿਆ ਹੁਆ” -ਕੇਵਲ ਮਨੁੱਖ
ਹੀ ਹੈ ਜਿਸ ਨੂੰ ਪੜ੍ਹ੍ਹ੍ਹਾਣਾ, ਸਮਝਾਉਣਾ ਪੈਂਦਾ ਹੈ; ਧਰਮ ਉਪਦੇਸ਼ਾਂ ਰਾਹੀਂ ਜੀਵਨ ਦੇ ਠੀਕ ਰਾਹ
`ਤੇ ਰੱਖਣ ਲਈ ਯਤਨ ਕੀਤੇ ਜਾਂਦੇ ਹਨ। ਇਸ ਦੇ ਉਲਟ, ਕੁਦਰਤ ਦੀ ਕਿਸੇ ਵੀ ਸ਼੍ਰੇਣੀ ਲਈ ਇਹ ਸਮਸਿਆ
ਨਹੀਂ। ਕੇਵਲ ਬੰਦਾ ਹੀ ਬੰਦਾ ਨਹੀਂ ਹੁੰਦਾ। ਕੇਵਲ ਮਨੁੱਖ ਹੀ ਹੈ ਜਿਸ ਨੇ ਸ਼ਕਲ ਵੀ ਵਿਗਾੜੀ
ਹੁੰਦੀ ਹੈ ਤੇ ਸੁਭਾਅ ਵੀ। ਮਨੁੱਖ ਨੇ ਆਪਣੀ ਸ਼ਕਲ ਨੂੰ ਵਿਗਾੜਿਆ, (੧) ਆਪਣੇ
ਕੇਸਾਂ-ਦਾੜ੍ਹੀ-ਭਰਵੱਟੇ ਆਦਿ ਵਾਲੇ ਰੱਬੀ ਸਰੂਪ ਦੀ ਕੱਟ-ਵੱਢ ਕਰ ਕੇ। (੨) ਸਰੇਵੜਾ, ਜੋਗੀ,
ਬਿਭੂਤਧਾਰੀ, ਸੰਨਿਆਸੀ, ਜਟਾਧਾਰੀ, ਨਾਂਗਾ, ਰੋਂਡ-ਮੋਂਡ ਬਨ ਕੇ। (੩) ਟਿੱਕੇ, ਮਾਲਾ, ਕਮੰਡਲ,
ਖੜਾਵਾਂ, ਭਗਵਿਆਂ-ਚਿੱਟਿਆਂ-ਕਾਲਿਆਂ ਦਾ ਸਹਾਰਾ ਲੈ ਕੇ-ਸਾਧੂ, ਮਹਾਤਮਾ, ਮਹਾਰਾਜ ਜੀ, ਬਾਬਾ ਜੀ,
ਸੰਤ ਜੀ ਆਦਿ ਬਣਿਆ ਹੁੰਦਾ ਹੈ। ਧਰਮ ਦੇ ਨਾਮ `ਤੇ ਮਨੁੱਖ ਨੇ ਕਿੰਨੇਂ ਭੇਖ ਘੜ ਰੱਖੇ ਹਨ-ਨੇੜੇ
ਜਾਵੋ ਤਾਂ ਧਰਮੀ ਨਹੀਂ, ਬਲਕਿ ਜੀਵਨ `ਚੋਂ ਦੂਜੀਆਂ ਜੂਨੀਆਂ ਦੇ ਸੁਭਾਅ ਹੀ ਬਾਹਿਰ ਝਾਕ ਰਹੇ ਹੁੰਦੇ
ਹਨ।
ਬਾਹਰੋਂ ਸਾਧ-ਸੰਤ-ਭਗਤ-ਬੈਰਾਗੀ-ਵਿਰੱਕਤ-ਤਪਸਵੀ-ਤਿਆਗੀ-ਜੋਗੀ ਤੇ ਪਤਾ ਨਹੀਂ
ਕੀ ਕੀ? ਨੇੜੇ ਜਾਓ ਤਾਂ ਕੁਕਰਮੀ-ਕਾਮੀ-ਢੋਂਗੀ-ਦਗ਼ਾਬਾਜ਼, ਠੱਗ ਹੁੰਦਾ ਹੈ। ਕੇਵਲ ਮਨੁੱਖ ਹੈ ਜਿਸ ਦੀ
ਸੂਰਤ ਤੋਂ, ਸੁਭਾਅ ਦੀ ਪਛਾਣ ਨਹੀਂ ਆਉਂਦੀ। ਸਮਾਜ ਅੰਦਰ ਜਿੰਨੇਂ ਜ਼ੁਲਮ, ਧੱਕੇ, ਅਪਵਾਦ, ਅਪਰਾਧ,
ਨਸ਼ਿਆਂ ਦੀ ਹੋੜ, ਧਾਰਮਕ ਆਡੰਬਰ, ਲੁੱਟ-ਖੋਹ, ਧੋਖੇ-ਫ਼ਰੇਬ-ਠੱਗੀਆਂ, ਹਥਿਆਰਾਂ-ਜੁਰਮਾਂ ਦੀ ਦੌੜ,
ਵਿੱਭਚਾਰ ਦਾ ਬੋਲਬਾਲਾ, ਕਤਲੋ ਗ਼ਾਰਤ-ਕਿੱਡਨੈਪਿੰਗ ਦੀ ਬਹੁਲਤਾ; ਵੈਰ-ਵਿਰੋਧ, ਜਾਤ-ਪਾਤ,
ਇਸਤ੍ਰੀ-ਪੁਰਖ ਦੇ ਵਿਤਕਰੇ, ਚੋਰੀਆਂ-ਡਕੈਤੀਆਂ-ਠੱਗੀਆਂ-ਬੱਚੀਆਂ ਦੀ ਭਰੂਣ ਹੱਤਿਆ, ਜੜ੍ਹ ਇਕੋ
ਹੁੰਦੀ ਹੈ, ਬਾਹਰੋਂ ਮਨੁੱਖ ਤੇ ਅੰਦਰੋਂ ਮਨੁਖਤਾ ਦਾ ਵੈਰੀ। ਬਾਹਰੋਂ ਮਨੁੱਖ ਪਰ ਸੁਭਾਅ ਕਰਕੇ
ਭਿੰਨ, ਭਿੰਨ ਜੂਨੀਆਂ ਭੁਗਤਾਅ ਰਿਹਾ ਹੁੰਦਾ ਹੈ। ਕੁੱਝ ਪ੍ਰਭਾਵ ਜਨਮ ਦੇ ਨਾਲ ਲੈ ਕੇ ਆਇਆ ਸੀ ਤੇ
ਬਾਕੀ ਇਸ ਜਨਮ `ਚ ਇਕੱਠੇ ਕਰ ਰਿਹਾ ਹੁੰਦਾ ਹੈ। ਇਸ ਸਾਰੇ ਦਾ ਇਕੋ ਇੱਕ ਹੱਲ ਹੈ ਮਨੁੱਖਾ ਜਨਮ ਦੀ
ਗੁਰਬਾਣੀ-ਗੁਰੂ ਦੇ ਮਾਰਗ `ਤੇ ਚਲ ਕੇ ਸੰਭਾਲ।
“ਰਾਜਾ ਰਾਮ ਕਕਰੀਆ ਬਰੇ ਪਕਾਏ” -ਦਰਅਸਲ ਇਹੀ ਵਿਸ਼ਾ ਹੈ ਜੋ ਹੱਥਲੇ ਸ਼ਬਦ
`ਚ ਕਬੀਰ ਸਾਹਿਬ ਨ ਨਿਭਾਇਆ ਹੈ। ਇਸ ਸ਼ਬਦ `ਚ ਕਬੀਰ ਸਾਹਿਬ ਕਿਸੇ ਹਾਥੀ, ਬਲਦ, ਕਊਏ, ਗਦਹੇ,
ਭੈਂਸੇ, ਸ਼ੇਰ, ਘੀਸ, ਚੂਹੀਆਂ, ਕਛੂਏ, ਸਹੇ (ਖਰਗੋਸ਼), ਲੂਕੀ (ਹਨੇਰੇ `ਚ ਕੱਟ ਖਾਉਣ ਵਾਲੇ ਮੱਛਰਾਂ)
ਆਦਿ ਦੀ ਗੱਲ ਨਹੀਂ ਕਰ ਰਹੇ। ਦੱਸ ਰਹੇ ਹਨ ਜਦੋਂ ਤੀਕ ਮਨੁੱਖ ਆਪਣੇ ਸਵੈ-ਸਰੂਪ `ਚ ਆ ਕੇ, ਪ੍ਰਭੂ
ਪਿਆਰ ਤੇ ਇਲਾਹੀ ਗੁਣਾਂ ਵਾਲਾ ਜੀਵਨ ਹਾਸਿਲ ਨਹੀਂ ਕਰ ਲੈਂਦਾ, ਉਤਨੀ ਦੇਰ ਉਹ ਦੂਜੀਆਂ ਜੂਨੀਆਂ `ਚ
ਹੀ ਜੀਅ ਰਿਹਾ ਹੁੰਦਾ ਹੈ।
ਫ਼ੁਰਮਾਉਂਦੇ ਹਨ: ਰਾਜਾ ਰਾਮ ਕਕਰੀਆ ਬਰੇ ਪਕਾਏ॥ ਕਿਨੈ ਬੂਝਨਹਾਰੈ ਖਾਏ॥
੧॥ ਰਹਾਉ॥ ਭਾਵ ਕਰਤਾਰ ਨੇ ਇਹ ਜੋ ਵਿਸ਼ੇਸ਼ ਮਨੁੱਖਾ ਜੂਨੀ ਬਖਸ਼ੀ ਹੈ ਜੀਵਨ-ਰਹਿਣੀ ਕਰਕੇ ਜੇਕਰ
ਇਸ ਨੂੰ ‘ਰਾਜਾ ਰਾਮ’ ਭਾਵ ਪ੍ਰਭੂ ਗੁਣਾਂ ਨਾਲ ਭਰ ਦੇਵੋੇ। ਤਾਂ ਇਸਦਾ ਜੀਵਨ ਜੋ ਇਸ ਸਮੇਂ
ਅਉਗਣਾਂ ਨਾਲ ਭਰਿਆ ਅੱਕ (ਜ਼ਹਿਰ) ਦੀਆਂ ਖਖੜੀਆਂ ਬਣਿਆ ਪਿਆ ਹੈ, ਗੁਣਾਂ ਨਾਲ ਭਰ ਕੇ ਰਸੀਲੇ ਅੰਬਾ
ਵਾਂਗ ਹੋ ਜਾਵੇਗਾ। ਇਸ ਦਾ ਲਾਭ ਉਹੀ ਲੈ ਸਕਣਗੇ ਜਿਹੜੇ ਮਨੁੱਖਾ ਜੀਵਨ ਦੀ ਸਚਾਈ ਨੂੰ ਪਹਿਚਾਣ ਲੈਣ
ਗੇ। ਅਜਿਹੇ ਜੀਊੜੇ ਆਪਣੇ ਪਸ਼ੂਆਂ ਵਾਲੇ ਅਉਗਣਾ-ਸੁਭਾਵਾਂ ਨੂੰ ਖ਼ਤਮ ਕਰਕੇ “ਫੀਲੁ ਰਬਾਬੀ ਬਲਦੁ
ਪਖਾਵਜ, ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ॥ ੧॥” ਮਨੁੱਖ ਆਪਣਾ
ਹਾਥੀ ਵਾਲਾ ਸੁਭਾਅ ਤਿਆਗ ਕੇ ਰਬਾਬੀ ਬਣ ਜਾਵੇਗਾ। ਬਲਦ ਵਾਲਾ ਹੰਕਾਰੀ ਸੁਭਾਅ ਤਿਆਗ ਕੇ ‘ਪਖਾਵਜ’
ਭਾਵ ਜੋੜੀ ਵਜਾਵੇਗਾ। ਕਾਂ-ਕਾਂ ਕਰਣ ਵਾਲਾ ਸੁਭਾਅ ਤਿਆਗ ਕੇ ਤਾਲ ਵਜਾਵੇਗਾ ਅਤੇ ਆਪਣੀ ਗਦਹੇ
ਵਾਲੀ ਮੱਤ ਤਿਆਗ ਕੇ ਪ੍ਰਭੂ ਪਿਆਰ ਵਾਲਾ ਚੋਲਾ ਪਾ ਕੇ ਨਚੇਗਾ। ਮਨੁੱਖ ਦਾ ਭੈਂਸੇ ਵਾਲਾ ਬਣ ਚੁਕਾ
ਅਮੋੜ ਸੁਭਾਅ, ਪ੍ਰਭੂ ਭਗਤੀ ਵਾਲਾ ਹੋ ਜਾਵੇਗਾ। ੧।
ਫ਼ੁਰਮਾਉਂਦੇ ਹਨ, ਸਤਿਸੰਗ ਦੀ ਹੀ ਵਡਿਆਈ ਹੈ ਕਿ “ਬੈਠਿ ਸਿੰਘੁ ਘਰਿ ਪਾਨ
ਲਗਾਵੈ, ਘੀਸ ਗਲਉਰੇ ਲਿਆਵੈ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ, ਕਛੂਆ ਸੰਖੁ ਬਜਾਵੈ॥ ੨॥ ਮਨੁੱਖ
ਦਾ ਸ਼ੇਰ ਭਾਵ ਨਿਰਦਇਤਾ ਵਾਲਾ ਬਣ ਚੁੱਕਾ ਸੁਭਾਅ, ਪ੍ਰਭੂ ਦੇ ਨਾਮ ਰਸ `ਚ ਟਿੱਕ ਕੇ ਮਾਨਵਤਾ ਦੀ
ਸੇਵਾ ਕਰੇਗਾ। ਵੱਡੀਆਂ ਵੱਡੀਆਂ ਇਮਾਰਤਾਂ ਨੂੰ ਖੋਖਲਾ ਕਰਣ ਵਾਲਾ ਮਨੁੱਖ ਦਾ ਘੀਸ ਵਾਲਾ ਸੁਭਾਅ,
ਘੀਸ ਜਿਸਦੀ ਕਿ ਖੁਸ਼ੀ ਹੀ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ `ਚ ਹੁੰਦੀ ਹੈ। ਤ੍ਰਿਸ਼ਨਾ ਦਾ ਮਾਰਿਆ
ਦੂਜਿਆਂ ਦਾ ਵੱਡੇ ਤੋਂ ਵੱਡਾ ਨੁਕਸਾਨ ਕਰਣ ਤੋਂ ਵੀ ਨਹੀਂ ਸੰਗਦਾ। ‘ਪਾਨਾਂ ਦੇ ਬੀੜੇ ਵੰਡ ਰਿਹਾ
ਹੋਵੇਗਾ, ਭਾਵ ਲੋੜਵੰਦਾ ਕੋਲ ਪੁੱਜ ਕੇ ਉਹਨਾਂ ਦੀਆਂ ਜ਼ਰੂਰਤਾ ਪੂਰੀਆਂ ਕਰੇਗਾ। ‘ਮੁਸਰੀ ਮੰਗਲੁ
ਗਾਵਹਿ’ ਜਿਵੇਂ ਚੂਹੀਆਂ ਕੁੱਤਰ-ਕੁੱਤਰ ਕੇ ਕੀਮਤੀ ਵਸਤਾਂ ਦਾ ਵੀ ਨੁਕਸਾਨ ਕਰ ਦੇਂਦੀਆਂ ਹਨ।
ਇਸ ਤਰ੍ਹਾਂ ਚੂਹੀਆਂ ਵਾਂਗ ਮਨੁੱਖ ਦੇ ਕੁਰਾਹੇ ਪਏ ਗਿਆਨ ਤੇ ਕਰਮ ਇੰਦਰੇ ਜਿਹੜੇ ਪਹਿਲਾਂ ਅਮੁਲੇ
ਜਨਮ ਦੀ ਤਬਾਹੀ ਦਾ ਕਾਰਨ ਬਣੇ ਹੋਏ ਸਨ, ਕਰਤੇ ਦੇ ਨਾਮ ਰੰਗ `ਚ ਰੰਗੇ ਜਾਣਗੇ। ਜਨਮ ਨੂੰ ਪ੍ਰਭੂ
ਗੁਣਾਂ ਨਾਲ ਭਰਪੂਰ ਕਰਕੇ, ਸਫ਼ਲ ਕਰਣ ਦਾ ਕਾਰਣ ਬਣ ਜਾਣਗੇ। ਕਛੂਏ ਵਾਲਾ ਡਰਪੋਕ ਸੁਭਾਅ ਹੋਣ ਕਰਕੇ
ਜੋ ਮਨੁੱਖ ਸਤਿਸੰਗ ਤੋਂ ਭਜਦਾ ਸੀ। ਸੁਭਾਅ ਬਦਲਣ `ਤੇ ‘ਸੰਖੁ ਬਜਾਵੈ’ ਭਾਵ ਦੂਜਿਆਂ ਨੂੰ
ਵੀ ਸਾਧਸੰਗਤ `ਚ ਆਉਣ ਲਈ ਸਦੇ ਦੇਵੇਗਾ। ੨।
ਇਸੇ ਤਰ੍ਹਾਂ “ਬੰਸ ਕੋ ਪੂਤੁ ਬੀਆਹਨ ਚਲਿਆ, ਸੁਇਨੇ ਮੰਡਪ ਛਾਏ॥ ਰੂਪ
ਕੰਨਿਆ ਸੁੰਦਰਿ ਬੇਧੀ, ਸਸੈ ਸਿੰਘ ਗੁਨ ਗਾਏ॥ ੩॥ ਪਹਿਲਾਂ ਜਿਹੜੇ ਗਿਆਨ ਤੇ ਕਰਮ ਇੰਦਰੇ (ਬੰਸ)
ਮੋਹ ਮਾਇਆ, ਵਿਕਾਰਾਂ `ਚ ਡੁਬਿਆ ਸੀ, ਹੁਣ ਉਹਨਾਂ ਹੀ ਇੰਦਰਿਆਂ ਤੋਂ ਪੈਦਾ ਹੋਇਆ ਮਨ ਦਾ ਸੁਭਾਅ
(ਪੂਤ) ਸੁਅੱਛ ਵਿਕਾਰ ਰਹਿਤ (ਕੁਆਰੀ) ਬ੍ਰਿਤੀ (ਰੂਪ ਕੰਨਿਆ) ਵਿਆਹੁਣ ਟੁਰ ਪਿਆ ਹੈ। (ਜੀਵ ਆਤਮਾ
ਦੇ) ਇਸ ਵਿਆਹ ਲਈ ਜੋ ਮੰਡਪ-ਸ਼ਾਮਿਆਣੇ (ਦਿਮਾਗ਼ੀ ਤਿਆਰੀ) ਹੋਣਗੇ, ਉਹ ਸੁਇਨੇ (ਅੰਮ੍ਰਿਤ ਨਾਮ) ਨਾਲ
ਤਿਆਰ ਹੋਏ ਹੋਣਗੇ। ਮਨ ਜੋ ਪਹਿਲਾਂ ਵਿਕਾਰਾਂ `ਚ ਡੁੱਬਾ ਹੋਣ ਕਰਕੇ ਖਰਗੋਸ਼ (ਸਸੈ) ਵਾਂਗ ਸਹਮਿਆ
ਰਹਿੰਦਾ ਸੀ। ਹੁਣ ਪ੍ਰਭੂ ਦੇ ਗੁਣ ਗਾਉਣ ਕਰਕੇ ਨਿਰਭਉ (ਸਿੰਘ) ਬਣ ਗਿਆ ਹੈ ਤੇ ਜੀਵਨ ਸਦੀਵੀ ਖੇੜੇ
ਖੁਸ਼ੀਆਂ ਨਾਲ ਭਰਪੂਰ ਹੈ। ੩।
ਕਹਤ ਕਬੀਰ ਸੁਨਹੁ ਰੇ ਸੰਤਹੁ, ਕੀਟੀ ਪਰਬਤੁ ਖਾਇਆ॥ ਕਛੂਆ ਕਹੈ ਅੰਗਾਰ ਭਿ
ਲੋਰਉ, ਲੂਕੀ ਸਬਦੁ ਸੁਨਾਇਆ॥ ੪॥ ੬॥ ਕਬੀਰ ਜੀ ਕਹਿੰਦੇ ਹਨ, ਐ ਸਤਸੰਗੀਉ! ਸੁਣਹੁ ਹੁਣ
ਨਿੰਮ੍ਰਤਾ (ਕੀਟੀ) ਨੇ ਮਨ ਦੇ ਅਹੰਕਾਰ (ਪਰਬਤੁ) ਨੂੰ ਮੁਕਾ ਦਿੱਤਾ ਹੈ। ਕਛੂਏ ਵਾਲਾ ਡਰਪੋਕ
ਸੁਭਾਅ, ਜਿਸਨੂੰ ਜੀਵਨ ਦੀਆਂ ਸਚਾਈਆਂ ਤੋਂ ਡਰ ਲਗਦਾ ਸੀ ਹੁਣ ਰੱਬੀ ਗਿਆਨ ਦਾ ਨਿੱਘ (ਅੰਗਾਰ)
ਢੂੰਡਦਾ ਹੈ। ਜਿਵੇਂ ਲੂਕੀ ਇਨਸਾਨ ਨੂੰ ਹਨੇਰੇ `ਚ ਕੱਟਦੀ ਤੇ ਦੁਖੀ ਕਰਦੀ ਹੈ। ਇਸੇ ਤਰ੍ਹਾਂ ਜੀਵਨ
`ਚ ਅਗਿਆਣਤਾ ਵੀ ਮਨੁੱਖ ਨੂੰ ਸਿਵਾਇ ਦੁਖਾਂ, ਕਲੇਸ਼ਾਂ, ਭਟਕਣਾ, ਤ੍ਰਿਸ਼ਨਾ ਦੇ ਹੋਰ ਕੁੱਝ ਨਹੀਂ
ਦੇਂਦੀ। ਭਾਵ ਜਿਹੜੀ ਅਗਿਆਣਤਾ ਮੇਰੇ ਜੀਵਨ ਨੂੰ ਗੰਦਾ ਤੇ ਖ਼ਰਾਬ ਕਰ ਰਹੀ ਸੀ। ਹੁਣ ਮੇਰਾ ਉਹੀ ਮਨ
ਉਲਟ ਕੇ ਪ੍ਰਭੂ ਗਿਆਨ ਦੇ ਰੰਗ `ਚ ਕੇਵਲ ਰੰਗਿਆ ਹੀ ਨਹੀਂ ਗਿਆ ਬਲਕਿ ਦੂਜਿਆਂ ਦੇ ਜੀਵਨ `ਚ ਵੀ
ਰੱਬੀ ਗਿਆਨ ਦੀ ਰੋਸ਼ਨੀ (ਸਬਦੁ ਸੁਨਾਇਆ) ਕਰ ਰਿਹਾ ਹੈ। ੪। ੬।
ਇਸ ਤਰ੍ਹਾਂ ਇਸ ਸ਼ਬਦ ਰਾਹੀਂ ਕਬੀਰ ਸਾਹਿਬ ਦੱਸ ਰਹੇ ਹਨ ਜੋ ਮਨੁੱਖ, ਮਨੁੱਖਾ
ਜੂਨ `ਚ ਹੁੰਦਾ ਹੋਇਆ ਵੀ ਮਾਨੋ ਦੂਜੀਆਂ ਜੂਨੀਆਂ `ਚ ਹੀ ਵਿਚਰ ਰਿਹਾ ਹੁੰਦਾ ਹੈ, ਸਾਧਸੰਗਤ `ਚ ਆਕੇ
ਉਸਦਾ ਜੀਵਨ ਵੀ ਪ੍ਰਭੂ ਰੰਗ ਰੰਗਿਆ `ਚ ਜਾਂਦਾ ਤੇ ਇਲਾਹੀ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ।