. |
|
ਸਪੋਕਸਮੈਨ ਦੀ ਸਟੇਜ ਬਨਾਮ ਸ਼੍ਰੋਮਣੀ ਕਮੇਟੀ ਦੀ ਸਟੇਜ
ਸ਼੍ਰੋਮਣੀ ਕਮੇਟੀ ਅਧਿਕਾਰਕ ਤੌਰ ਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਮੰਨੀ
ਜਾਦੀ ਹੈ। ਇਸ ਦੀ ਸਿਰਜਣਾ ਸਿੱਖ ਸਮਾਜ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ
ਤੱਦ ਹੋਈ ਜਦੋ ਇਹ ਗੁਰਧਾਮ ਭ੍ਰਿਸ਼ਟ ਮਹੰਤਾਂ ਦੇ ਕਬਜੇ ਤੋਂ ਆਜਾਦ ਕਰਵਾਏ ਗਏ ਸਨ। ਇਸ ਤੋਂ ਬਾਅਦ ਇਹ
ਇੱਕ ਤਰਾਂ ਨਾਲ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਹੀ ਬਣ ਗਈ। ਆਰਥਿੱਕ ਪੱਖੋਂ ਵੀ ਇਹ ਸਿੱਖ ਸਮਾਜ ਦੀ
ਸਭ ਤੋਂ ਮਜਬੂਤ ਸੰਸਥਾ ਹੈ। ਪਰ ਸਮੇਂ ਦੇ ਨਾਲ ਨਾਲ ਇਹ ਸੰਸਥਾ ਇਤਨੀ ਭ੍ਰਿੱਸ਼ਟ ਹੋ ਗਈ ਜਾਪਦੀ ਹੈ
ਕਿ ਜਿਵੇ ਪੂਰੀ ਤਰਾਂ ਇਹ ਆਪਣੇ ਮਕਸਦ ਤੋਂ ਸਿਧਾਂਤਹੀਣ ਹੋਕੇ ਥਿੱੜਕ ਗਈ ਹੋਵੇ। ਇਸ ਵਲੋਂ ਕੀਤੀਆਂ
ਜਾਂਦੀਆਂ ਕੌਮ ਵਿਰੋਧੀ ਕਾਰਵਾਈਆਂ ਤੋਂ ਇਵੇ ਲਗਦਾ ਹੈ ਜਿਵੇਂ ਇਹ ਸਿੱਖ ਵਿਰੋਧੀ ਤਾਕਤਾਂ ਦੇ ਹੱਥ
ਵਿੱਚ ਖੇਡ ਰਹੀ ਹੋਵੇ। “ਸਿੱਖ ਇਤਿਹਾਸ ਪੁਸਤਕ, ਸਹਿਜਧਾਰੀ ਦੀ ਪਰੀਭਾਸ਼ਾ ਆਦਿ ਇਸਦੀਆਂ ਸਪਸ਼ਟ
ਉਦਾਹਰਣਾਂ ਹਨ”। ਕੁੱਝ ਐਸੀ ਹੀ ਹਾਲਤ ਸ਼੍ਰੋਮਣੀ ਕਮੇਟੀ ਵਲੋਂ ਲਗਾਈ ਜਾਂਦੀ ਸਟੇਜ ਦੀ ਹੈ। ਸ਼੍ਰੋਮਣੀ
ਕਮੇਟੀ ਵਲੋਂ ਹਰ ਵੱਡੇ ਸਮਾਗਮ (ਸ਼ਤਾਬਦੀ ਸਮਾਰੋਹ ਆਦਿ) ਉੱਤੇ ਧਾਰਮਿਕ ਸਟੇਜ ਲਗਾਈ ਜਾਂਦੀ ਹੈ। ਪਰ
ਇਸ ਸਟੇਜ ਤੋਂ ਅਨਮਤੀਂ ਭਾਂਵੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਵੀ ਕਿਉ ਨਾਂ ਕਹਿ ਜਾਣ ਜਾਂ
ਗੁਰਬਾਣੀ ਨੂੰ ਵੇਦਾਂ ਦਾ ਸਾਰ ਕਹੀ ਜਾਣ, ਕੋਈ ਵਿਰੋਧ ਨਹੀਂ ਹੁੰਦਾ। ਭਾਵ ਇਸ ਦੀ ਸਟੇਜ ਤੋਂ ਸਿੱਖ
ਸਿਧਾਂਤ ਵਿਰੋਧੀ ਗਲਾਂ ਹੋਣਾਂ ਆਮ ਜੇਹੀ ਗਲ ਹੋ ਗਈ ਹੈ। ਕੋਈ ਰੋਕ ਟੋਕ ਨਹੀ ਹੈ। ਗੁਰਮਤਿ ਅਨੁਸਾਰੀ
(ਪਰ ਪ੍ਰਚਲਿਤ ਰਵਾਇਤਾਂ ਤੋਂ ਉਲਟ) ਗੱਲ ਕਰਣ ਵਾਲੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਬੋਲਣ ਤੋਂ ਕਈ
ਵਾਰ ਰੋਕਿਆ ਜਾਂਦਾ ਹੈ। ਦੂਜੀ ਤਰਫ “ਸਪੋਕਸਮੈਨ” ਸਿੱਖ ਸਮਾਜ ਵਿੱਚ ਚਲ ਰਹੀ ਉਸ ਜਾਗਰਤੀ ਲਹਿਰ ਦਾ
ਝੰਡਾ ਬਰਦਾਰ ਮੰਨਿਆਂ ਜਾਂਦਾ ਹੈ, ਜਿਸਦਾ ਮਕਸਦ ਨਾਨਕ ਫਲਸਫੇ ਨੂੰ ਇਸਦੇ ਸ਼ੁਧ ਅਤੇ ਖਰੇ ਰੂਪ ਵਿੱਚ
ਸਾਹਮਣੇ ਲਿਆ ਕੇ, ਦੁਨੀਆਂ ਵਿੱਚ ਪ੍ਰਚਾਰਣਾ ਹੈ। ਕੌਮ ਦੀਆਂ ਕਈ ਜਥੇਬੰਦੀਆਂ ਵੀ ਇਸ ਲਹਿਰ ਦਾ
ਹਿੱਸਾ ਹਨ, ਜੋੇ ਆਪਣੇ ਤਰੀਕੇ ਨਾਲ ਇਸ ਵਿੱਚ ਯੋਗਦਾਨ ਪਾ ਰਹੀਆਂ ਹਨ ਪਰ ਇਸ ਜਾਗਰਤੀ ਲਹਿਰ ਨੂੰ
ਅਗੇ ਵਧਾਉਣ ਵਿੱਚ ਸਪੋਕਸਮੈਨ ਦਾ ਯੋਗਦਾਨ ਬਹੁਤ ਜਿਆਦਾ ਹੈ ਅਤੇ ਇਹ ਇੱਕ ਹਕੀਕਤ ਵੀ ਹੈ।
ਪਿਛਲੇ ਦਿੱਨੀ ੨੧ ਦਸੰਬਰ ਨੂੰ ਸਪੋਕਸਮੈਨ ਟਰ੍ਰਸੱਟ ਵਲੌਂ ਰੋਜਾਨਾ
ਸਪੋਕਸਮੈਨ ਦੇ ਚੌਥੇ ਸਾਲ ਵਿੱਚ ਦਾਖਲ ਹੋਣ ਦੀ ਖੁਸ਼ੀ ਵਿੱਚ ਚੰਡੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਹੋਇਆ ਇਕੱਠ ਵੇਖਕੇ ਬੇਹੱਦ ਖੁਸ਼ੀ ਹੋਈ ਵੱਡੇ-ਵੱਡੇ ਇਕੱਠ ਤਾਂ ਸੰਤ ਬਾਬੇ ਜਾਂ ਨੇਤਾ
ਆਦਿ ਵੀ ਕਰ ਲੈਂਦੇ ਹਨ ਪਰ ਉੱਥੇ ਜਿਹੜਾ ਹਜੂਮ ਇੱਕਠਾ ਹੁੰਦਾ ਹੈ, ਉਹ ਜਾਂ ਤਾਂ ਅਨ੍ਹੀਂ ਸ਼ਰਧਾ ਦਾ
ਬੀਮਾਰ ਹੁੰਦਾ ਹੈ, (ਅਖੋਤੀ ਸੰਤ, ਬਾਬੇ, ਧਰਮ ਗੁਰੂਆਂ ਦੇ ਸਮਾਗਮ) ਜਾਂ ਫਿਰ ਲਾਲਚ ਜਾਂ ਦਵਾਬ
ਰਾਹੀਂ ਢੋ ਕੇ ਲਿਆਏ ਜਾਂਦੇ ਹਨ। (ਰਾਜਨੀਤਕ ਇੱਕਠ) ਸਭਿਆਚਾਰਕ ਮੇਲੇ ਦੇ ਨਾਂ ਤੇ ਕੀਤੇ ਜਾਂਦੇ
ਸਮਾਗਮ ਵੀ ਭਾਰੀ ਇੱਕਠ ਖਿੱਚਦੇ ਹਨ ਕਿਉਕਿ ਉੱਥੇ ਮੌਜ ਮਸਤੀ ਹੁੰਦੀ ਹੈ ਪਰ ਸਪੋਕਸਮੈਨ ਦੇ ਸਮਾਗਮ
ਦਾ ਇਹ ਇੱਕਠ ਇੱਸ ਕਰਕੇ ਨਵੇਕਲਾ ਸੀ ਕਿਉਕਿ ਇਹ ਕੌਮ ਦੇ ਜਾਗਰੂਕ ਹਿੱਸੇ ਦਾ ਇਕੱਠ ਸੀ ਇਸ ਵਿੱਚ
ਸ਼ਾਮਲ ਹਰ ਮਨੁੱਖ ਨਾਨਕ ਫਲਸਫੇ ਰਾਹੀਂ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਮੰਨਿਆਂ ਜਾ ਸਕਦਾ ਸੀ ਐਸੇ
ਸਮਾਗਮ ਦੀ ਸਟੇਜ ਤੋਂ ਇਹੀ ਉਮੀਦ ਸੀ ਕਿ ਇੱਸ ਤੋ ਗੁਰਮਤਿ, ਮਨੁੱਖਤਾ ਤੇ ਪੰਜਾਬੀਅਤ ਦੇ ਭਲੇ ਦੀ
ਵਿੱਚਾਰ ਹੋਵੇਗੀ। ਸਮਾਗਮ ਦੀ ਸ਼ੂਰੂਆਤ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਹੁਤ ਸੁਚੱਜੇ ਢੰਗ
ਨਾਲ ਹੋਈ। ਨਿਸ਼ਕਾਮ ਕੀਰਤਨੀਏ ਸ੍ਰ. ਮਨਜੀਤ ਸਿਘ ਜੀ ਖਾਲਸਾ, ਮੋਹਾਲੀ, ਜਿਨ੍ਹਾਂ ਬਾਰੇ ਬਾਅਦ ਵਿੱਚ
ਸਪੋਕਸਮੈਨ ਦੀ ਸੰਪਾਦਕੀ ਵਿੱਚ ਵੀ ਜਿੱਕਰ ਕੀਤਾ ਗਿਆ ਸੀ, ਨੇ ਕੀਰਤਨ ਦੀ ਵਿਆਖਿਆ ਕਰਦੇ ਸਮੇਂ
ਗੁਰਮਤਿ ਦਾ ਇਹ ਪੱਖ ਸੰਖੇਪ ਵਿੱਚ ਬਹੁਤ ਚੰਗੇ ਢੰਗ ਨਾਲ ਸਪਸ਼ਟ ਕੀਤਾ ਕਿ ਰੱਬ ਇੱਕ ਹੈ ਨਾਲ ਹੀ
ਉਨ੍ਹਾਂ ਇਹ ਜਿਕਰ ਵੀ ਕੀਤਾ ਕਿ ਬ੍ਰਾਹਮਣੀ ਮੱਤ ਭੁਲੇਖੇ ਅਧੀਨ ਰੱਬ ਦੀ ਹਸਤੀ ਨੂੰ ਤਿਨ ਹਿੱਸਿਆਂ
(ਬ੍ਰਹਮਾ, ਵਿਸ਼ਨੂੰ, ਮਹੇਸ਼) ਵਿੱਚ ਵੰਡਕੇ ਮੰਨਦਾ ਤੇ ਪ੍ਰਚਾਰਦਾ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਯੁਨੀਵਰਸੀਟੀ ਦੇ ਵਾਈਸ ਚਾਂਸਲਰ ਸ੍ਰੀ
ਸੋਬਤੀ ਜੀ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਹ ਵਿਚਾਰ ਦਿੱਤਾ ਕਿ ਕੁੱਝ ਲੋਕ (ਉਨ੍ਹਾਂ ਦਾ ਮਤਲਬ
ਸ੍ਰ. ਮਨਜੀਤ ਸਿਘ ਖਾਲਸਾ ਅਤੇ ਗੁਰਮਤਿ ਵਿਚਾਰ ਧਾਰਕਾਂ ਤੋ ਸੀ) ਬ੍ਰਹਮਾ, ਵਿਸ਼ਨੂੰ, ਮਹੇਸ਼ ਰੂਪੀ
ਤ੍ਰਿ-ਸ਼ਕਤੀਆਂ ਬਾਰੇ ਭੁਲੇਖੇ ਵਿੱਚ ਹਨ। ਉਨ੍ਹਾਂ ਸ਼ਾਇਦ ਇਹ ਵੀ ਕਿਹਾ ਕਿ ਇਨ੍ਹਾਂ ਤਿੰਨਾਂ ਦੇਵਤਿਆਂ
(ਭਗਵਾਨਾ) ਦੀ ਹੋਂਦ ਨੂੰ ਵਿਗਿਆਨ ਦੀ ਕਸਵੱਟੀ ਤੇ ਸਿੱਧ ਵੀ ਕੀਤਾ ਜਾ ਸਕਦਾ ਹੈ, ਅਤੇ ਉਨ੍ਹਾਂ
ਉਦਾਹਰਣ ਵਜੋਂ ਰੱਬ ਲਈ ਵਰਤੇ ਜਾਂਦੇ ਲਫਜ “ GOD”
ਦੇ ਤਿੰਨ ਅੱਖਰਾਂ G,O,D
ਦੇ ਤਿੰਨ ਅੱਰਥ ਵੀ ਦਸੇ। ਉਨ੍ਹਾਂ ਨੇ ਸੰਖੇਪ ਵਿੱਚ ਬ੍ਰਾਹਮਣੀ ਦੇਵਤਿਆਂ ਦੀ ਤ੍ਰਿ-ਸ਼ਕਤੀ ਨੂੰ ਸਹੀ
ਸਿੱਧ ਕਰਨ ਦੀ ਕੋਸ਼ਿਸ਼ ਕੀਤੀ।
ਸੋਬਤੀ ਜੀ ਨੂੰ ਸਟੇਜ ਤੋਂ ਬੋਲਣ ਦੀ ਜਦ ਇਜਾਜਤ ਦਿਤੀ ਗਈ (ਕਿਉਕਿ ਉਹ ਮੁੱਖ
ਮਹਿਮਾਨ ਸਨ) ਤਾਂ ਉਹ ਜੋ ਵੀ ਚਾਹੁਣ ਬੋਲ ਸਕਦੇ ਸਨ। ਇਹ ਉਨ੍ਹਾਂ ਦੀ ਮਰਜੀ ਸੀ। ਉਨ੍ਹਾਂ ਨੇ ਇਹ
ਨੁਕਤਾ ਮਨਜੀਤ ਸਿੰਘ ਜੀ ਖਾਲਸਾ (ਰਾਗੀ) ਵਲੋਂ ਦੱਸੇ ਗੁਰਮਤਿ ਵਿਚਾਰ ਨੂੰ ਰੱਦ ਕਰਨ ਦੇ ਨਜਰੀਏ ਤੋਂ
ਹੀ ਉਠਾਇਆ ਸੀ। ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਖੁੱਲ ਸੀ, ਕਿਉਕਿ ਉਹ ਬੁਲਾਏ ਗਏ ਸਨ,
ਜਬਰਦਸਤੀ ਨਹੀਂ ਸਨ ਆਏ। ਨਾਂ ਹੀ ਉਨ੍ਹਾਂ ਨੂੰ ਬੋਲਦੇ ਸਮੇਂ ਟੋਕਣਾਂ ਜਾਇਜ ਲਗਣਾਂ ਸੀ।
ਪਰ ਬੇਹੱਦ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਤੋਂ ਬਾਅਦ ਬੋਲਣ ਵਾਲੇ
ਕਿਸੇ ਵੀ ਬੁਲਾਰੇ ਨੇ ਇਸ ਨੁਕਤੇ ਬਾਰੇ ਟਿੱਪਣੀ ਕਰਨਾ ਵੀ ਜਰੂਰੀ ਨਾ ਸਮਝਿਆ। ਸਟੇਜ ਸਕਤੱਰ ਵਲੋਂ
ਵੀ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਬਾਰੇ ਸਪਸ਼ਟ ਕਰਨਾ ਬੇਹੱਦ ਜਰੂਰੀ ਸੀ। ਘੱਟੋ ਘੱਟ
ਇਤਨਾ ਤਾਂ ਕਿਹਾ ਹੀ ਜਾ ਸਕਦਾ ਸੀ ਕਿ ਇਹ ਸੋਬਤੀ ਜੀ ਦੇ ਨਿਜੀ ਵਿਚਾਰ ਹਨ। ਪਰ ਐਸਾ ਕੁੱਝ ਵੀ ਨਹੀਂ
ਕਿਹਾ ਗਿਆ। ਉਸ ਸਮੇਂ ਐਸਾ ਮਹਿਸੂਸ ਹੋਇਆ ਕਿ ਸ੍ਰੋਮਣੀ ਕਮੇਟੀ ਦੀ ਸਟੇਜ ਹੋਵੇ ਜਾਂ ਸਪੋਕਸਮੈਨ ਦੀ,
ਕੁੱਝ ਫਰਕ ਨਹੀਂ ਹੈ। ਇਸ ਸਟੇਜ ਤੋਂ ਭਾਵੇਂ ਕੋਈ ਕਿਤਨੀ ਵੀ ਗੁਰਮਤਿ ਵਿਰੋਧੀ ਗੱਲ ਕਰ ਜਾਏ, ਉਸਦਾ
ਕੋਈ ਉਤੱਰ ਨਹੀ ਦਿਤਾ ਜਾਂਦਾ। ਇਸ ਸਮਾਗਮ ਤੋਂ ਬਾਅਦ “ਰੋਜਾਨਾ ਸਪੋਕਸਮੈਨ” ਵਿੱਚ ਘਟੋ-ਘਟ ੧੫ ਦਿਨ
ਤੱਕ ਇਸ ਸਮਾਗਮ ਦੀ ਵੱਖ-ਵੱਖ ਤਰੀਕੇ ਨਾਲ (ਸੰਪਾਦਕੀ, ਖਬਰਾਂ, ਲੇਖਾਂ ਅਦਿ) ਕਵਰੇਜ ਕੀਤੀ ਗਈ। ਇਸ
ਕਵਰੇਜ ਵਿੱਚ ਇਸ ਸਮਾਗਮ ਦੀ ਤਾਰੀਫ ਦੇ ਬਹੁਤ ਸੋਹਲੇ ਗਾਏ ਗਏ, ਜੋ ਠੀਕ ਵੀ ਸੀ। ਪਰ ਇਸ ਨੁਕਤੇ ਤੇ
ਇੱਕ ਵੀ ਅਖੱਰ ਨਹੀਂ ਲਿਖਿਆ ਗਿਆ। ਘੱਟੋ-ਘੱਟ ਅਖਬਾਰ ਵਿੱਚ ਤਾਂ ਇਸ ਦਾ ਸਪਸ਼ਟੀਕਰਣ ਦਿੱਤਾ ਵੀ ਜਾ
ਸਕਦਾ ਸੀ।
ਇਸ ਤੋਂ ਜਿਆਦਾ ਅਫਸੋਸ ਦੀ ਗੱਲ ਕੀ ਹੋ ਸਕਦੀ ਹੈ? ਪਾਠਕਾਂ ਦੀਆਂ ਚਿੱਠੀਆਂ
ਵਿੱਚ ਵੀ ਇਸ ਸਮਾਗਮ ਦੀ ਤਾਰੀਫ ਕਰਦੇ ਕਈ ਖੱਤ ਛੱਪ ਚੁੱਕੇ ਹਨ। ਪਰ ਇਸ ਨੁਕਤੇ ਨੂੰ ਸਪਸ਼ਟ ਕਰਦਾ
ਕੋਈ ਵੀ ਖੱਤ ਨਹੀਂ ਛਪਿਆ। ਕੀ ਉੱਥੇ ਮੋਜੂਦ ਕਿਸੇ ਵੀ ਜਾਗਰੁਕ ਸਿੱਖ ਨੇ ਇਸ ਦਾ ਨੋਟਿਸ ਨਹੀਂ ਲਿਆ?
ਕੀ ਉਨ੍ਹਾਂ ਦੀ ਜਾਗਰੁਕਤਾ ਸਿਰਫ “ਦਸਮ ਗ੍ਰੰਥ” ਦੀ ਵਿਰੋਧਤਾ ਤੱਕ ਹੀ ਸੀਮਤ ਹੈ? ਜਾਂ ਐਸੇ ਆਏ
ਕਿਸੇ ਆਲੋਚਨਾਤਮਕ ਖੱਤ ਨੂੰ ਸੰਪਾਦਕ ਜੀ ਕੋਈ ਮਹੱਤਵ ਹੀ ਨਹੀਂ ਦਿੰਦੇਂ? ਜੇ ਐਸਾ ਹੈ ਤਾਂ ਇਹ ਬਹੁਤ
ਹੀ ਅਫਸੋਸਜਨਕ ਹੈ? ਹੁਣ ਆਉ ਕੁੱਝ ਵਿਚਾਰ ਸੋਬਤੀ ਜੀ ਵਲੋਂ ਉਠਾਏ ਨੁਕਤੇ ਬਾਰੇ ਵੀ ਕਰ ਲਈਏ। ਸੋਬਤੀ
ਜੀ ਨੇ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਤ੍ਰਿ-ਸ਼ਕਤੀ ਨੂੰ ਸਹੀ
ਸਿੱਧ ਕਰਨ ਦਾ ਜਤਨ ਕੀਤਾ ਹੈ। ਸਾਨੂੰ ਗੁਰਮਤਿ ਅਤੇ ਆਮ ਦਲੀਲ ਦੇ ਆਧਾਰ ਤੇ ਇਸਦੀ ਪਰਖ ਕਰਣੀ
ਚਾਹੀਦੀ ਹੈ।
ਗੁਰਮਤਿ ਦਾ ਇਸ ਬ੍ਰਾਹਮਣੀ ਤਿਕੜੀ ਵਾਲੇ ਦੇਵਤਿਆਂ ਬਾਰੇ ਵਿਚਾਰ ਇਹਨ੍ਹਾਂ
ਗੁਰਵਾਂਕਾਂ ਤੋਂ ਸਪਸ਼ਟ ਹੋ ਜਾਂਦਾ ਹੈ
1.
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ
ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ।। ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ
ਪਾਈ।।
2. ਕੋਟਿ ਬਿਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।।
ਕੋਟਿ ਮਹੇਸ ਉਪਾਇ ਸਮਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਏ।।
3. ਸੋਹਾਗਨਿ ਭਵਨ ਤ੍ਰੈ ਲੀਆ।। ਦਸ ਅਠ ਪੁਰਾਣ ਤੀਰਥ ਰਸ ਕੀਆ।।
ਬ੍ਰਹਮਾ ਬਿਸਨੁ ਮਹੇਸਰ ਬੇਧੇ।। ਬਡੇ ਭੂਪਤਿ ਰਾਜੇ ਹੈ ਛੇਧੇ।।
ਤੇ ਐਸੇ ਹੀ ਹੋਰ ਅਨੇਕਾਂ ਗੁਰਵਾਕ ਹਨ ਜਿਹੜੇ ਇਸ ਤਿਕੜੀ ਦੀ ਬ੍ਰਾਹਮਣੀ ਮੱਤ
ਵਲੋਂ ਪ੍ਰਚਲਿਤ ਹੋਂਦ ਨੂੰ ਨਕਾਰਦੇ ਹਨ। ਹੁਣ ਅਸੀਂ ਦਲੀਲ ਦਾ ਪੱਖ ਵੀ ਵੀਚਾਰ ਲੈਦੇਂ ਹਾਂ ਤੇ
ਬ੍ਰਹਮਾ, ਵਿਸ਼ਨੂੰ, ਮਹੇਸ਼ ਬਾਰੇ ਬ੍ਰਾਹਮਣੀ ਗ੍ਰੰਥਾਂ ਦੇ ਹਵਾਲੇ ਵੀ ਪੜ੍ਹ ਲੈਦੇ ਹਾਂ:-
ਬ੍ਰਹਮਾ:- ਇਸ ਬ੍ਰਹਮਾ ਜੀ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿੱਚ ਲਿਖਿਆ
ਹੈ, ਚਤਰਾਰਨ, ਪਿਤਾਮਾ, ਪੋਰਾਣਕ ਗ੍ਰੰਥਾਂ ਅਨੁਸਾਰ ਜਗਤ ਦੀ ਰਚਨਾ ਕਰਣ ਵਾਲਾ ਦੇਵਤਾ। ਇਸ ਦੀ ਤਿੰਨ
ਦੇਵਤਿਆਂ ਵਿੱਚ ਗਿੱਣਤੀ ਹੈ। ਹਿੰਦੂ ਤ੍ਰਿਮੂਰਤੀ ਦਾ ਪਹਿੱਲਾ ਦੇਵਤਾ। ਇਹ ਦੁਨਿਆਵੀ ਅੰਡੇ ਤੋਂ
ਪੈਦਾ ਹੋਇਆ। ਇਸ ਦਾ ਰੰਗ ਲਾਲ ਹੈ, ਚਾਰ ਸਿਰ ਹਨ। ਪੰਜਵਾਂ ਸਿਰ ਆਪਣੀ ਹੀ ਬੇਟੀ ਨਾਲ ਬਲਾਤਕਾਰ ਕਰਨ
ਕਾਰਣ ਸ਼ਿਵਜੀ ਨੇ ਕੱਟ ਦਿਤਾ ਸੀ। ਇਸ ਦੀਆਂ ਚਾਰ ਬਾਹਵਾਂ ਹਨ। ਹੱਥ ਵਿੱਚ ਸ਼ਾਹੀ ਝੰਡਾ ਹੈ। ਸਰਸਵਤੀ
ਪਤਨੀ ਹੈ, ਹੰਸ ਦੀ ਸਵਾਰੀ ਕਰਦਾ ਹੈ। ਇਹ ਵੱਡਾ ਵਿੱਭਚਾਰੀ ਬਣ ਗਿਆ ਸੀ, ਜਿਸ ਕਾਰਣ ਵਿਸ਼ਨੂੰ ਅਤੇ
ਸ਼ਿਵ ਨੇ ਇਸ ਦੀਆਂ ਸ਼ਕਤੀਆਂ ਖੋਹ ਲਈਆਂ। ਬ੍ਰਹਮਾ ਨੇ ਦਕਸ਼ ਨੂੰ ਆਪਣੇ ਅੰਗੂਠੇ ਵਿਚੋਂ ਪੈਦਾ ਕੀਤਾ
(ਹਿਦੂ ਮਿਥਿਹਾਸਕ ਕੋਸ਼ ਪੰਨਾ-੩੬੬)
ਵਿਚਾਰ:-ਬ੍ਰਹਮਾ ਦੀ ਸ਼ਖਸ਼ੀਅਤ ਬਾਰੇ ਬ੍ਰਾਹਮਣੀ ਗ੍ਰੰਥਾਂ ਦੇ ਆਧਾਰ ਤੇ
ਲਿਖੇ ਹਿੰਦੂ ਮਿਥਿਹਾਸ ਕੋਸ਼ ਦੇ ਇੰਦਰਾਜ ਅਸੀਂ ਪੜੇ। ਇਸ ਵਿੱਚ ਬ੍ਰਹਮਾ ਦੀ ਸਖਸ਼ੀਅਤ ਨੂੰ ਬਹੁਤ ਹੀ
ਹਾਸੋ ਹੀਣਾਂ (ਚਾਰ ਸਿਰ, ਚਾਰ ਬਾਹਵਾਂ), ਵਿੱਭਚਾਰੀ (ਬੇਟੀ ਨਾਲ ਬਲਾਤਕਾਰ), ਲਾਚਾਰ (ਜਿਸਦਾ ਸ਼ਿਵ
ਜੀ ਨੇ ਸਿਰ ਕਟ ਲਿਆ ਤੇ ਸ਼ਕਤੀਆਂ ਖੋਹ ਲਈਆਂ) ਪੇਸ਼ ਕੀਤਾ ਗਿਆ ਹੈ। ਕੀ ਐਸੀ ਸ਼ਖਸ਼ੀਅਤ ਵਾਲਾ ਪਾਤਰ
ਸ਼੍ਰਿਸ਼ਟੀ ਦਾ ਕਰਤਾ ਜਾਂ ਰੱਬ ਦਾ ਸਹਿਯੋਗੀ (ਸ਼ਰੀਕ) ਹੋ ਸਕਦਾ ਹੈ? ਕੁੱਝ ਵਿਚਾਰ ਹੁਣ ਵਿਸ਼ਨੂੰ ਬਾਰੇ
ਵੀ ਕਰ ਲੈਂਦੇਂ ਹਾਂ।
ਵਿਸ਼ਨੂੰ; -ਵਿਸ਼ਨੂੰ ਜੀ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿੱਚ ਲਿਖਿਆ ਹੈ,
ਇਹ ਸਰਬ ਵਿਆਪਕ ਹੈ ਪਾਣੀ ਤੇ ਸੁਤਾ ਹੋਇਆ ਨਾਰਾਇਣ ਹੈ, ਪਾਣੀ ਵਿੱਚ ਸ਼ੇਸ਼ ਨਾਗ ਦੀ ਸੇਜ ਤੇ ਸੋਂਦਾ
ਹੈ। ਇਸ ਦੀ ਧੁਨੀ ਵਿੱਚੋਂ ਕੰਵਲ ਫੁੱਲ ਪੈਦਾ ਹੋਇਆ, ਇਸ ਕੰਵਲ ਵਿੱਚੋਂ ਬ੍ਰਹਮਾ ਜਨਮਿਆ। ਵਿਸ਼ਨੂੰ
ਹੀ ਅਵਤਾਰ ਧਾਰਕੇ ਸੰਸਾਰ ਦਾ ਭਲਾ ਕਰਦਾ ਹੈ। ਵਿਸ਼ਨੂੰ ਦੇ ਮੱਥੇ ਚੋਂ ਹੀ ਰੁਦਰ (ਸ਼ਿਵ) ਪੈਦਾ ਹੋਇਆ
ਸੀ। ਗੰਗਾ ਨਦੀ ਵਿਸ਼ਨੂੰ ਦੇ ਪੈਰ ਦੇ ਅੰਗੂਠੇ ਵਿਚੋਂ ਨਿਕਲੀ ਹੈ, ਵਿਸ਼ਨੂੰ ਦੇ ਇੱਕ ਹਜਾਰ ਨਾਂ ਹਨ।
ਇਸ ਦੀ ਪਤਨੀ ਲਕਸ਼ਮੀ ਹੈ, ਜੋ ਕੰਵਲ ਦੇ ਫੁੱਲ ਤੇ ਨਿਵਾਸ ਕਰਦੀ ਹੈ, ਇਸਦੇ ਸਵਰਗ ਨੂੰ ਬੈਕੂੰਠ
ਕਹੀਦਾ ਹੈ, ਇਹ ਗਰੂੜ ਦੀ ਸਵਾਰੀ ਕਰਦਾ ਹੈ, ਗੂੜੇ ਨੀਲੇ ਰੰਗ ਦੇ ਕਪੜੇ ਪਹਿਨਦਾ ਹੈ, ਸਦਾ ਜਵਾਨ
ਰਹਿੰਦਾ ਹੈ, ਇਸ ਦੇ ਚਾਰ ਹੱਥ ਹਨ, ਇਸ ਕੋਲ ਹਥਿਆਰ ਧਨੁਸ਼, ਤਲਵਾਰ, ਅਤੇ ਐਰਾਵਤ ਹਾਥੀ ਹੈ, ਕੋਲ
ਸ਼ੰਖ, ਕੰਵਲ ਤੇ ਗਦਾ ਵੀ ਰਖਦਾ ਹੈ, ਇਸਦੀ ਛਾਤੀ ਤੇ ਵਿਸ਼ੇਸ਼ ਕਿਸਮ ਦਾ ਨਿਸ਼ਾਨ ਹੈ। ਭ੍ਰਿੰਗੂ ਨੇ
ਇਸਨੂੰ ਸਭ ਦੇਵਤਿਆਂ ਤੋਂ ਉੱਤਮ ਹੋਣ ਦਾ ਐਲਾਨ ਕੀਤਾ ਅਤੇ ਪੂਜਾ ਕਰਵਾਈ (ਹਿੰਦੂ ਮਿਥਿਹਾਸ ਕੋਸ਼
ਪੰਨਾ-੫੧੬) ਇੱਕ ਹੋਰ ਪੁਰਾਣਕ ਗ੍ਰੰਥ ਵਿੱਚ ਲਿਖਿਆ ਮਿਲਦਾ ਹੈ ਕਿ ਜੰਲਧਰ ਰਾਜੇ ਨੂੰ ਹਰਾਉਣ ਖਾਤਿਰ
ਵਿਸ਼ਨੂੰ ਨੇ ਇਸਦੀ ਪਤਨੀ ਇੰਦ੍ਰਾ ਦਾ ਸਤੀਤਵ ਭੰਗ ਕੀਤਾ, ਕਿਉਕਿ ਜੰਲਧਰ ਰਾਜੇ ਨੂੰ ਵਰ ਮਿਲਿਆ ਸੀ
ਕਿ ਜਦ ਤੱਕ ਉਸਦੀ ਪਤਨੀ ਪਤੀ ਵਰਤ ਧਰਮ ਵਿੱਚ ਕਾਇੰਮ ਰਹੇਗੀ, ਉਹ ਨਹੀਂ ਹਾਰੇਗਾ। ਇਸ ਕਾਰਣ ਇੰਦ੍ਰ
ਵਲੋਂ ਵਿਸ਼ਨੂੰ ਨੂੰ ਸ਼ਰਾਪ ਦੇਕੇ ਪੱਥਰ ਬਣ ਜਾਣ ਦਾ ਜਿਕਰ ਵੀ ਇਸ ਪੁਰਾਣਕ ਕਹਾਣੀ ਵਿੱਚ ਹੈ (ਹਵਾਲਾ
ਪੋਰਾਣਿਕ ਕਥਾਂਵਾਂ ਦਾ ਅੰਤ ਪੰਨਾ-੨੫੬)।
ਵਿਚਾਰ:- ਹਿੰਦੂ ਮਿਥਿਹਾਸ ਕੋਸ਼ ਤੇ ਹੋਰ ਬ੍ਰਾਹਮਣੀ ਪੋਰਾਣਿਕ ਕਥਾਂਵਾਂ
ਦੇ ਆਧਾਰ ਤੇ ਅਸੀਂ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਵਿਸ਼ਨੂੰ ਦੀ ਸ਼ਖਸ਼ੀਅਤ ਵੇਖੀਏ ਤਾਂ ਇਹ
ਬਹੁਤ ਹੀ ਗੈਰ ਕੁਦਰਤੀ, ਹਾਸੋ ਹੀਣੀ ਤੇ ਚਰਿਤਰਹੀਨ ਹੈ। ਕਿਸੇ ਨਾਗ ਜਾਂ ਸੱਪ (ਸ਼ੇਸ਼ਨਾਗ) ਨੂੰ ਆਸਣ
ਬਣਾ ਕੇ ਸੰਮੁਦਰ ਵਿੱਚ ਬੈਠਣ ਵਾਲੀ ਗੱਲ ਕਲੱਪਣਾ ਲਗਦੀ ਹੈ, ਸਚਾਈ ਨਹੀ। ਬ੍ਰਹਮਾ ਜੀ ਵਾਲੇ ਕਾਂਡ
ਵਿੱਚ ਬ੍ਰਹਮਾ ਦਾ ਜਨਮ ਅੰਡੇ ਤੋਂ ਹੋਣਾ ਲਿਖਿਆ ਹੈ। ਇਥੇ ਬ੍ਰਹਮਾ ਜੀ ਵਿਸ਼ਨੂੰ ਜੀ ਦੀ ਧੁੰਨੀ
ਵਿੱਚੋਂ ਪੈਦਾ ਹੋਏ, ਕਮਲ ਫੁੱਲ ਵਿੱਚੋਂ ਪੈਦਾ ਹੋਏ ਦਰਸਾਏ ਗਏ ਹਨ। ਵਿਸ਼ਨੂੰ ਜੀ ਦੇ ਪੈਰ ਦੇ
ਅੰਗੂਠੇ ਵਿੱਚੋਂ ਲੰਬੀ ਨਦੀ “ਗੰਗਾ” ਨਿਕਲਦੀ ਦਸੀ ਗਈ ਹੈ ਵਿਸ਼ਨੂੰ ਦੀ ਸਵਾਰੀ ਇੱਕ ਪੰਛੀ “ਗਰੁੜ”
ਨੂੰ ਦਸਿਆ ਗਿਆ ਹੈ। ਵਿਸ਼ਨੂੰ ਜੀ ਨੂੰ ਕਿਸੇ ਪਰ-ਇਸਤ੍ਰੀ ਦਾ ਸਤ ਭੰਗ ਕਰਦਾ ਵੀ ਦਸਿਆ ਗਿਆ ਹੈ।
ਵਿਸ਼ਨੂੰ ਦੇ ਮੱਥੇ ਵਿੱਚੋਂ ਸ਼ਿਵ ਜੀ ਦਾ ਪੈਦਾ ਹੋਣਾ ਦਸਿਆ ਗਿਆ ਹੈ। ਇਨ੍ਹਾਂ ਸਾਰੀਆ ਗਲਾਂ ਨੂੰ ਜੇ
ਕੋਈ ਅੰਨ੍ਹੀ ਸ਼ਰਧਾ ਦਾ ਤਿਅਗ ਕਰਕੇ ਨਿਰਪੱਖ ਹੋਕੇ ਵਿਚਾਰੇ ਤਾਂ ਇਹ ਸ਼ਖਸ਼ੀਅਤ ਕਲਪਣਾ ਤੋਂ ਵੱਧ ਕੁੱਝ
ਵੀ ਨਹੀਂ ਲਗਦੀ। ਐਸੀ ਸ਼ਖਸ਼ੀਅਤ ਨੂੰ “ਰੱਬ” ਜਾਂ ਉਸਦਾ ਸਹਿਯੋਗੀ ਮੰਨਣਾ ਜਾਂ ਪ੍ਰਚਾਰਣਾ ਕਿਥੋਂ ਤੱਕ
ਠੀਕ ਹੈ? ਹ੍ਹੁਣ ਕੁੱਝ ਵਿਚਾਰ ਇਸ ਤ੍ਰਿਮੂਰਤੀ ਦੇ ਤਿਜੇ ਦੇਵਤੇ ਮਹੇਸ਼ ਦੀ ਵੀ ਕਰ ਲਈਏ।
ਮਹੇਸ਼:-ਇਸਨੂੰ ਸ਼ਿਵਜੀ ਜਾਂ ਰੁਦਰ ਦੇ ਨਾਂ ਨਾਲ ਵੀ ਪ੍ਰਚਾਰਿਆ ਜਾਂਦਾ
ਹੈ। ਇਸ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿੱਚ ਦਰਜ ਹੈ, ਇਹ ਸ਼੍ਰਿਸ਼ਟੀ ਨੂੰ ਪਾਲਦਾ ਅਤੇ ਖੱਤਮ ਕਰਦਾ
ਹੈ, ਇਸ ਦੀਆਂ ਤਿੱਨ ਅੱਖਾਂ ਹਨ, ਗਲਾ ਨੀਲਾ ਹੈ ਇਹ ਖੁੱਦ ਹੀ ਬ੍ਰਹਮਾ ਖੁੱਦ ਹੀ ਇੰਦ੍ਰ ਹੈ। ਬਹੁਤੀ
ਵਾਰ ਇਹ ਮੜੀਆਂ ਵਿੱਚ ਵਾਸ ਕਰਦਾ ਹੈ, ਸ਼ਰਾਬ ਤੇ ਕਈ ਹੋਰ ਤਰ੍ਹਾਂ ਦੇ ਨਸ਼ੇ ਵਰਤਦਾ ਹੈ। ਮੱਨੁਖੀ
ਖੋਪੜੀਆਂ ਦੀ ਗੱਲ ਵਿੱਚ ਮਾਲਾ ਪਾ ਕੇ ਰਖਦਾ ਹੈ। ਜਦੋਂ ਕਰੋਧ ਵਿੱਚ ਅਉਂਦਾ ਹੈ ਤਾਂ ਪਾਰਵਤੀ ਨਾਲ
ਰੱਲਕੇ ਭਿਆਨਕ (ਤਾਂਡਵ) ਨਾਚ ਨੱਚਦਾ ਹੈ, ਉਦੋਂ ਪਰਲੋ ਆਉਂਦੀ ਹੈ। ਇਸਦੇ ਮੱਥੇ ਵਿੱਚ ਚੰਦ੍ਰਮਾ ਹੈ,
ਵਾਂਲਾਂ ਵਿਚੋਂ ਗੰਗਾ ਨਿਕਲਦੀ ਹੈ। ਗੱਲ ਵਿੱਚ ਨਾਗ ਹਨ। ਇਸਦੀ ਪੁਸ਼ਾਕ ਸ਼ੇਰ ਜਾਂ ਹਾਥੀ ਦੀ ਖੱਲ ਤੋਂ
ਬਣੀ ਹੂੰਦੀ ਹੈ। ਨੰਦੀ ਬੱਲਦ ਤੇ ਸਵਾਰੀ ਕਰਦਾ ਹੈ। ਹੱਥ ਵਿੱਚ ਧੱਨੁਸ਼ ਅਤੇ ਡਮਰੂ ਹੁੰਦਾ ਹੈ। ਇੱਕ
ਗੱਦਾ ਤੇ ਰੱਸਾ ਵੀ ਰਖਦਾ ਹੈ। ਇਸ ਦੀ ਸਹਾਇਤਾ ਕਰਣ ਲਈ ਭੂਤ ਪ੍ਰੇਤ ਹੂੰਦੇ ਹਨ। ਸ਼ਿਵ ਦਾ ਤੀਜਾ
ਨੇਤਰ ਬਹੁਤ ਮਾਰੂ ਹੈ। ਇਸ ਨੇਤਰ ਨਾਲ ਸ਼ਿਵ ਨੇ ਪ੍ਰੇਮ ਦੇ ਦੇਵਤੇ ਨੂੰ ਸੁਆਹ ਕਰ ਦਿਤਾ ਸੀ। ਇਸਦੀ
ਕਰੋਪ ਵਾਲੀ ਇਕੋਂ ਨਜਰ ਨਾਲ ਸਾਰੇ ਦੇਵਤੇ ਅਤੇ ਸਾਰਾ ਬ੍ਰਹਮੰਡ ਨਾਸ ਹੋ ਜਾਂਦਾ ਹੈ। ਇਸ ਦਾ ਸਵਰਗ
ਕੈਲਾਸ਼ ਪਰਬਤ ਹੈ। ਇਹ ਇੱਕ ਵਾਰ ਕਾਮੀ ਅਵਸਥਾ ਵਿੱਚ ਨੰਗਾ ਘੁੰਮਣ ਲਗਾ। ਦੇਵ ਪਤਨੀਆਂ ਨੇ ਇਸ ਤੇ
ਮੋਹਿਤ ਹੋਕੇ ਆਪਣਾ ਆਪ ਇਸ ਦੇ ਹਵਾਲੇ ਕਰ ਦਿਤਾ। ਦੇਵਤਿਆਂ ਨੇ ਲਿੰਗ ਸੜ ਜਾਣ ਦਾ ਸ਼ਰਾਪ ਦੇ ਦਿਤਾ।
ਲਿੰਗ ਅਗਨੀ ਇਨੀਂ ਭੜਕ ਗਈ ਕਿ ਸੰਸਾਰ ਸੜਣ ਲੱਗਾ। ਦੇਵਤਿਆਂ ਵਲੋਂ ਬੇਨਤੀ ਕਰਨ ਤੇ ਪਾਰਵਤੀ ਨੇ
ਲਿੰਗ ਧਾਰਨ ਕਰ ਲਿਆ ਤੇ ਸ਼ਾਂਤੀ ਵਰਤਾਈ। ਸ਼ਾਤੀ ਦੀ ਕਾਮਨਾ ਕਰਦਿਆਂ ਲੋਕ ਲਿੰਗ ਯੋਨੀ ਦੀ ਪੂਜਾ ਕਰਦੇ
ਹਨ। (ਹਿੰਦੂ ਮਿਥਿਹਾਸ ਕੋਸ਼ ਪੰਨਾ-੧੨੦) (ਹਵਾਲਾ ਪੋਰਾਂਣਿਕ ਕਹਾਣੀਆਂ ਦਾ ਅੰਤ ਪੰਨਾ-੨੪੬)
ਵਿਸ਼ਨੂੰ ਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਪ੍ਰਗਟ ਕੀਤੀ ਕਿ
ਮੇਰੇ ਪੁੱਤਰ ਹੋਵੇ, ਉਸੇ ਵਕਤ ਬ੍ਰਹਮਾ ਦੇ ਮੱਥੇ ਵਿਚੋ ਬਾਲਕ ਪੈਦਾ ਹੋ ਗਿਆ। ਜੋ ਜੰਮਦਿਆਂ ਹੀ ਰੋਣ
ਲੱਗ ਪਿਆ। ਬ੍ਰਹਮਾ ਨੇ ਉਸਦਾ ਨਾਂ ਹੀ ਰੋਂਦੂ (ਰੁੱਦਰ) ਰੱਖ ਦਿਤਾ। ਇਸ ਤੋਂ ਮਗਰੋਂ ਭੀ ਸ਼ਿਵ ਨੇ
ਸੱਤ ਵਾਰ ਰੋਕੇ ਆਖਿਆ ਕਿ ਮੇਰੇ ਹੋਰ ਨਾਮ ਰੱਖੋ। ਤੱਦ ਬ੍ਰਹਮਾ ਨੇ ਇਸਦੇ ਸੱਤ ਹੋਰ ਨਾਂ ਰੱਖੇ।
ਵਿਸ਼ਨੂੰ, ਬ੍ਰਹਮਾ, ਕ੍ਰਿਸ਼ਨ ਤੇ ਰਾਮ ਭੀ ਕਈ ਥਾਂਈ ਇਸਦੀ ਪੂਜਾ ਕਰਦੇ ਵਿਖਾਏ ਗਏ ਹਨ। (ਮਹਾਨ ਕੋਸ਼
ਪੰਨਾ-੧੦੪੨)
ਵਿਚਾਰ:- ਇਹਨ੍ਹਾਂ ਪੋਰਾਣਿਕ ਹਵਾਲਿਆਂ ਰਾਂਹੀ ਦੱਸੀ ਸ਼ਿਵਜੀ ਦੀ
ਸ਼ਖਸ਼ੀਅਤ ਵੀ ਬ੍ਰਹਮਾ ਤੇ ਵਿਸ਼ਨੂੰ ਵਾਂਗੂੰ ਗੈਰ ਕੁਦਰਤੀ, ਦਲੀਲ ਦੇ ਉਲਟ ਤੇ ਚਰਿਤਰਹੀਣ ਹੀ ਲਗਦੀ ਹੈ
ਐਸੀ ਸਖਸ਼ੀਅਤ ਨੂੰ ਰੱਬ ਜਾਂ ਉਸਦਾ ਸਹਿਯੋਗੀ ਮੰਨਣਾ ਜਾਂ ਪ੍ਰਚਾਰਣਾ ਕਿਸ ਤਰ੍ਹਾਂ ਜਾਇਜ ਹੈ?
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ
ਇਸ ਤ੍ਰਿ-ਮੂਰਤੀ ਦੀ ਹੋਂਦ ਦਲੀਲ ਦੀ ਕਸਵੱਟੀ ਤੇ ਵੀ ਸੱਚ ਸਾਬਿਤ ਨਹੀਂ ਹੁੰਦੀ, ਬਲਕਿ ਕਾਲਪਨਿਕ
ਲਗਦੀ ਹੈ। ਸੋਬਤੀ ਜੀ ਨੇ ਇਸ ਤ੍ਰਿ-ਮੂਰਤੀ ਦੇ ਇੱਕ ਇੱਕ ਗੁਣ (ਬ੍ਰਹਮਾ ਪੈਦਾ ਕਰਣ ਵਾਲਾ, ਵਿਸ਼ਨੂੰ
ਪਾਲਣ ਵਾਲਾ ਤੇ ਸ਼ਿਵ ਸੰਘਾਰ ਕਰਣ ਵਾਲਾ) ਦੇ ਆਧਾਰ ਤੇ ਹੀ ਇਸ ਬ੍ਰਾਹਮਣੀ ਮੱਤ ਨੂੰ ਸੱਚ ਤੇ ਸਹੀ
ਸਿੱਧ ਕਰਨ ਦਾ ਯਤਨ ਕੀਤਾ ਹੈ। ਪਰ ਇਨ੍ਹਾਂ ਬਾਰੇ ਬ੍ਰਾਹਮਣੀ ਗ੍ਰੰਥਾਂ ਵਿੱਚ ਆਏ ਹਵਾਲੇ (ਜੋ ਕਈ
ਥਾਂਵਾਂ ਤੇ ਆਪਾ ਵਿਰੋਧੀ ਵੀ ਹਨ) ਪੂਰੀ ਤਰ੍ਹਾਂ ਵਿਚਾਰੀਏ ਤਾਂ ਇਹ ਸਖਸ਼ੀਅਤਾਂ ਕਲਪਣਾ ਤੋਂ ਵੱਧ
ਕੁੱਝ ਵੀ ਨਹੀਂ ਜਾਪਦੀਆਂ। ਤਾਂ ਹੀੇ ਸੋਬਤੀ ਜੀ ਨੇ ਸ਼ਾਇਦ ਰੱਬ ਲਈ ਪ੍ਰਚਲਤ ਅੰਗਰੇਜੀ ਲਫਜ
GOD ਦੇ ਅਖਰਾਂ ਨੂੰ ਵੱਖ ਵੱਖ
ਕਰਕੇ ਇਸ ਬ੍ਰਾਹਮਣੀ ਤ੍ਰਿ ਮੂਰਤੀ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ
G-Generator (ਪੈਦਾ ਕਰਣ
ਵਾਲਾ), O-Oprator (ਪਾਲਣ
ਵਾਲਾ) ਤੇ D-Destroyer (ਨਾਸ਼
ਕਰਣ ਵਾਲਾ) ਅਰਥ ਕੀਤੇ। ਇਹ ਕੋਈ GOD
ਲਫਜ ਦੇ ਮੋਲਿਕ ਅਰਥ ਨਹੀ ਹਨ।
GOD ਇਕੋ ਲਫਜ ਹੈ ਕੋਈ ਸੰਧੀ ਵਿਛੇਦ ਸ਼ਬਦ ਨਹੀਂ।
ਇਹ ਤਾਂ ਕਿਸੇ ਨੇ ਆਪਣੇ ਦਿਮਾਗ ਨਾਲ ਕੀਤੇ ਲਗਦੇ ਹਨ। ਇਸਤੋਂ ਇੱਕ ਉਦਾਹਰਣ ਯਾਦ ਆ ਗਈ ਮੰਨ ਲਉ
ਕਿਸੇ ਦੀ ਪਤਨੀ ਦਾ ਨਾਂ ਸੀਮਾ ਹੈ। ਤੇ ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਲਈ
SIMA ਨੂੰ ਵੱਖ ਵੱਖ ਕਰਕੇ ਇਸ
ਦੇ ਅੱਰਥ S-Sweet, I-Intelligent, M-Moral, A-Able,
ਕਰ ਦੇਵੇ ਤਾਂ ਇਸਦਾ ਇਹ ਮਤਲਬ ਨਹੀਂ ਕਿ ਸੀਮਾਂ (SIMA)
ਨਾਂ ਦੇ ਮਾਇਨੇ ਇਹ ਹੋ ਜਾਣਗੇ। ਦੂਜੀ ਤਰਫ ਮੰਨ ਲਉ ਕੋਈ ਨਾਸਤਕ GOD
ਲਫਜ ਨੂੰ ਤੋੜਕੇ ਇਸਦੇ ਅਰਥ G-Ghost (ਭੂਤ-ਪ੍ਰੇਤ),
O-Orphan (ਅਨਾਥ),
D- Davil (ਸ਼ੈਤਾਨ)
ਕਰਣ ਲਗ ਪਏ ਤਾਂ ਇਸਦਾ ਇਹ ਮਤਲਬ ਨਹੀ ਨਿਕਲਦਾ ਕਿ ਇਸਤੋਂ ਰੱਬ “ਭੂਤ-ਪ੍ਰੇਤ” “ਅਨਾਥ” ਤੇ “ਸ਼ੈਤਾਨ”
ਸਾਬਿਤ ਹੋ ਜਾਂਦਾ ਹੈ।
ਜੇ ਕਿਸੇ ਤਰੀਕੇ ਇਹ ਮੰਨ ਵੀ ਲਈਏ ਕਿ GOD
ਦੇ ਅਰਥ ਉਹੀ ਹਨ, ਜੋ ਸੋਬਤੀ ਜੀ ਨੇ ਕੀਤੇ ਹਨ, ਤਾਂ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਬ੍ਰਾਹਮਣੀ
ਮੱਤ ਵਲੋਂ ਪ੍ਰਚਾਰੀ ਜਾਂਦੀ ਇਸ ਤ੍ਰਿ-ਮੂਰਤੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦੀ ਸਖਸ਼ੀਅਤ ਸੱਚ ਤੇ
ਦਲੀਲ ਆਧਾਰਿਤ ਹੈ।
ਖੈਰ ਇਸ ਘਟਨਾ ਕ੍ਰਮ ਵਿੱਚ ਸੋਬਤੀ ਜੀ ਬਿਲਕੁਲ ਦੋਸ਼ੀ ਨਹੀਂ ਹਨ। ਇਹ ਉਨ੍ਹਾਂ
ਦੇ ਨਿਜੀ ਵਿਚਾਰ ਸਨ, ਤੇ ਉਨ੍ਹਾਂ ਨੂੰ ਆਪਣੇ ਵਿਚਾਰ ਰਖਣ ਦਾ ਪੂਰਾ ਹੱਕ ਹੈ। ਸਾਡੀ ਤਾਂ ਇਹ
ਗੁਜਾਰਿਸ਼ ਹੈ ਕਿ ਜੇ ਉਹ ਚੰਗਾ ਸਮਝਣ ਤਾਂ ਇਸ ਵਿਸ਼ੇ ਵਿੱਚ ਖੁਲਕੇ ਆਪਣੇ ਵਿਚਾਰ ਲਿਖਕੇ ਸਪੋਕਸਮੈਨ
ਨੂੰ ਭੇਜਣ। ਸਪੋਕਸਮੈਨ ਨੂੰ ਵੀ ਇਹ ਵਿਚਾਰ ਬਿਨਾਂ ਕਾਂਟੇ ਛਾਂਟੇ (ਪਰ ਲੋੜੀਦੀ ਟਿੱਪਣੀ ਨਾਲ)
ਛਾਪਣੇ ਚਾਹੀਦੇ ਹਨ।
ਪਰ ਅਫਸੋਸ ਹੈ ਤਾਂ ਕੇਵਲ ਸਪੋਕਸਮੈਨ ਦੇ ਸੰਪਾਦਕ ਜੀ, ਸਟੇਜ ਸਕੱਤਰ ਤੇ ਹੋਰ ਸਿੱਖ ਬੁਲਾਰਿਆਂ
ਵਲੋਂ ਇਸ ਪ੍ਰਤੀ ਅਪਨਾਈ ਗਈ ਪਹੁੰਚ ਦਾ। ਉਨ੍ਹਾਂ ਦੀ ਭੇਦ ਭਰੀ “ਚੁੱਪ” ਨੇ ਇਹ ਸੋਚਣ ਤੇ ਮਜਬੂਰ ਕਰ
ਦਿਤਾ ਹੈ ਕਿ “ਸ਼੍ਰੋਮਣੀ ਕਮੇਟੀ” ਤੇ “ਸਪੋਕਸਮੈਨ” ਦੀ ਸਟੇਜ ਵਿੱਚ ਕੀ ਫਰਕ ਹੈ? ਸਪੋਕਸਮੈਨ ਦੀ
ਨਿਡਰਤਾ, ਨਿਰਪੱਖਤਾ ਤੇ ਨਿਧੜੱਕਤਾ ਕੀ ਸਿਰਫ ਬਾਦਲ ਦਲੀਆਂ ਵਾਸਤੇ ਹੀ ਹੈ? ਆਸ ਹੈ ਇਸ ਅਲੋਚਨਾ ਨੂੰ
“ਹਾਂ ਪੱਖੀ” ਲਿਆ ਜਾਵੇਗਾ।
E-mail: [email protected]
Phone Contact Nos.: 09957813600, 09419126791,
09815971601, 09417440779
|
. |