ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?
ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ।
ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ
ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ
ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ।
ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ ਨਹੀਂ ਹੈ। ਪ੍ਰਮਾਤਮਾ ਦਾ ਨਾਮ (ਸੱਚ ਦਾ
ਗਿਆਨ) ਹੀ ਗੁਰਮੰਤ੍ਰ ਹੈ, ਜਿਸ ਨੂੰ ਸਮਝ ਵਿਚਾਰ ਕੇ, ਉਸ ਦੁਆਰਾ ਜੀਵਨ ਜਿਉਣਾ ਹੀ ਨਾਮ ਜੱਪਣਾ ਹੈ,
ਨਾ ਕਿ ਇੱਕ ਅੱਖਰ ਨੂੰ ਵਾਰ ਵਾਰ ਰਟਨਾ ਨਾਮ ਜਪਣਾ ਹੈ। ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ ਹੈ,
ਨਾ ਕਿ ਗੁਰਮਤਿ।
ਪਰ ਸਿੱਖ ਕੌਮ ਵਿੱਚ ਇੱਕ ਤੁੱਕ ਦੇ ਅਖਰੀ ਅਰਥ ਕਰ ਕੇ ਬ੍ਰਾਹਮਣੀ ਪ੍ਰਚਾਰ
ਕੀਤਾ ਜਾ ਰਿਹਾ ਹੈ ਕਿ ਵਾਹਿਗੁਰੂ ਹੀ ਗੁਰੂ ਦਾ ਮੰਤ੍ਰ ਹੈ ਜਿਸ ਨੂੰ ਵਾਰ ਵਾਰ ਰਸਨਾ ਨਾਲ ਜਪਿ ਕੇ
ਹੀ ਹਉਮੈ ਦੂਰ ਹੂੰਦੀ ਹੈ।
ਇਹ ਤੁੱਕ ਹੈ:- “ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ॥”
ਇਹ ‘ਤੁੱਕ’ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ ਦੁਸਰੀ ਪਉੜੀ ਵਿੱਚੋਂ ਹੈ।
ਇਸ ‘ਤੁੱਕ’ ਦੇ “ਭਾਵ ਅਰਥ ਇਸ ਪ੍ਰਕਾਰ ਬਣਦੇ ਹਨ ਕਿ:-
ਪ੍ਰਮਾਤਮਾ (ਵਾਹਿਗੁਰੂ) ਦੇ ‘ਸੱਚ ਦੇ ਗਿਆਨ’
(ਗੁਰਮੰਤ੍ਰ) ਨਾਲ ਜੁੜ (ਜਪੁ) ਕੇ ਹਉਮੈ ਦੂਰ ਹੁੰਦੀ ਹੈ।”
ਰੱਬ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਪਵਿੱਤਰ ਅਤੇ ਨਿਰਮਲ ਭਉ
(ਪਵਿੱਤਰ ਡਰ) ਵਿੱਚ ਹੀ ਭਾਓ (ਪਿਆਰ) ਪੈਦਾ ਹੁੰਦਾ ਹੈ, ਉਸ ਨਿਰਮਲ ਭਉ ਵਿੱਚ ਰਹਿ ਕੇ ਨਿਰਮਲ ਗੁਣ
ਧਾਰਨ ਕਰਨੇ ਹੀ ‘ਅਸਲ ਭਗਤੀ’ ਕਹਿਲਾਉਂਦੀ ਹੈ। ਬਾਬਾ ਨਾਨਕ ਨੇ ਮਨੁੱਖ ਨੂੰ ਦੁਨੀਆਂ ਤੋਂ ਨਹੀਂ
ਬਲਕਿ ਮਾਇਆ (ਕੂੜ) ਤੋਂ ਦਿਲਗੀਰ (ਨਿਰਲੇਪ) ਹੋਣ ਦੀ ਜਾਚ ਦੱਸੀ ਹੈ। ‘ਨਾਮ’ ਬਾਰੇ ਗੁਰਬਾਣੀ ਵਿੱਚ
ਸਪੱਸ਼ਟ ਲਿਖਿਆ ਹੈ ਕਿ
“ਏਕੋ
ਨਾਮ ਹੁਕਮ ਹੈ, ਨਾਨਕ ਸਤਿਗੁਰੁ ਦਿਆ ਬੁਝਾਇ ਜੀਉ”
ਭਾਵ ਪ੍ਰਮਾਤਮਾ ਦਾ ਹੁਕਮ (ਨਿਯਮ, ਕਾੰਨੂਨ) ਹੀ ਉਸ ਦਾ ਨਾਮ ਹੈ, ਹੇ ਨਾਨਕ, ਮੈਨੂੰ ਇਹ ਸਮਝ
ਸਤਿਗੁਰੂ (ਸੱਚ ਦੇ ਗਿਆਨ) ਨੇ ਬਖਸ਼ੀ ਹੈ। ਉਸ ਸੱਚ ਦੇ ਗਿਆਨ, ਭਾਵ ਗੁਰਬਾਣੀ ਨੂੰ ਸਮਝ ਵਿਚਾਰ ਕੇ
ਪ੍ਰਮਾਤਮਾ ਦੇ ਬਣਾਏ ਨਿਯਮ, ਕਾੰਨੂਨ ਵਿੱਚ ਵਿੱਚਰਣ ਨੂੰ ਹੀ ਨਾਮ ਜੱਪਣਾ ਕਹਿੰਦੇ ਹਨ।
ਵੈਸੇ ਗੁਰਬਾਣੀ ਵਿੱਚ ਪ੍ਰਮਾਤਮਾ ਦੇ ਅਖਰੀ ਨਾਵਾਂ ਦੀ ਬਹੁਤ ਵਰਤੋਂ ਕੀਤੀ
ਗਈ ਹੈ ਜਿਵੇਂ ਕਿ: ਰਾਮ, ਰਹੀਮ, ਅੱਲ੍ਹਾ, ਖ਼ੁਦਾ, ਹਰੀ, ਬੀਠਲ, ਭਗਵਾਨ, ਭਗਵੰਤ ਮਾਧੋ ਆਦਿ: ਹੋਰ
ਬਹੁਤ ਨਾਮ ਹਨ, ਫਿਰ ਕਿਹੜਾ ਨਾਮ ਜੱਪਿਆ ਜਾਵੇ। ਇਸ ਬਾਬਤ ਗੁਰਬਾਣੀ ਵਿੱਚ ਬਹੁਤ ਪ੍ਰਮਾਣ ਹਨ।
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ॥ (ਪੰਨਾ 565)
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ (ਪੰਨਾ 555)
ਇਸ ਲਈ ਕੋਈ ਖ਼ਾਸ ਲਫ਼ਜ਼ ਜਾਂ ਸ਼ਬਦ ਪ੍ਰਮਾਤਮਾ ਦਾ ਨਾਮ ਨਹੀਂ ਹੈ। ਸਗੋਂ ਉਸ ਦੀ
ਭਗਤੀ ਨੂੰ ਗੁਣਾਂ ਨਾਲ ਜੋੜਿਆ ਗਿਆ ਹੈ।
ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥ (ਪੰਨਾ 286)
ਊਠਤ ਬੈਠਤ ਸਪਵਤ ਧਿਆਇਐ॥ ਮਾਰਗਿ ਚਲਤ ਹਰੇ ਹਰਿ ਗਾਇਐ॥ (ਪੰਨਾ 386)
ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮ ਭਾਗਾ॥ (ਪੰਨਾ 614)
ਆਦਿ ਕਿਨ੍ਹੇ ਹੀ ਗੁਰੂ ਪ੍ਰਮਾਣ ਹਨ, ਜਿਨ੍ਹਾਂ ਵਿੱਚ ਨਾਮ ਜੱਪਣ ਦਾ ਇਸ ਢੰਗ
ਨਾਲ ਜ਼ਿਕਰ ਕੀਤਾ ਗਿਆ ਹੈ। ਇਹ ਨਾਮ ਜੋ ਕਦੇ ਵੀ ਨਾ ਵੀਸਰੇ, ਕਿਵੇਂ ਜਪਿਆ ਜਾ ਸਕਦਾ ਹੈ, ਸੱਪਸ਼ਟ ਹੈ
ਕਿ
“ਵਿਣ ਗੁਣ ਕੀਤੇ ਭਗਤਿ ਨ
ਹੋਇ”। ਗੁਣਾਂ ਵਾਲਾ ਸਚਿਆਰ ਜੀਵਨ ਜੀਣਾ ਹੀ ਅਸਲ
ਭਗਤੀ ਹੈ ਅਤੇ ਅਜਿਹਾ ਜੀਵਨ ਬਣਾਉਣ ਹਿੱਤ ਮੁਸ਼ੱਕਤ ਕਰਨੀ ਹੀ ਸਿਮਰਨ ਹੈ, ਤੱਪ ਹੈ। ਰੱਬ ਦਾ ਸਰੂਪ,
ਭਗਤੀ, ਨਾਮ, ਸਿਮਰਨ, ਜਪ, ਤਪ ਆਦਿ ਵਿਸ਼ੇ ਇੱਕਠੇ ਹੀ ਹਨ, ਜਿਨ੍ਹਾਂ ਦਾ ਸੱਪਸ਼ਟ ਹੋਣਾ ਬਹੁਤ ਜ਼ਰੂਰੀ
ਹੈ। ਗੁਰੁ ਸਾਹਿਬ ਜੀ ਨੇ ਭਗਤੀ ਅਤੇ ਨਾਮ ਨੂੰ ਮਨੁੱਖ ਦੇ ਸਚਿਆਰ ਵਾਲੇ ਵਿਵਹਾਰ ਪੱਖ ਨਾਲ ਜੋੜ ਕੇ
ਬਿਆਨ ਕੀਤਾ ਹੈ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਜਪੁ ਜੀ)
ਇਸ ਤਰ੍ਹਾਂ ਗੁਣ ਸੰਗ੍ਰਹਿ ਕਰਨ ਵਾਲੀ ਭਗਤੀ ਹੀ ਸਚਿਆਰਾਪਨ ਪੈਦਾ ਕਰਦੀ ਹੈ।
ਇਸ ਸਚਿਆਰੇਪਨ ਵਿੱਚ ਹੀ ਧਰਮੀ ਹੋਣ ਦਾ ਆਨੰਦ ਹੈ। ਜਿਸ ਨੂੰ ਗੁਰਬਾਣੀ ਵਿੱਚ ਵਾਰ-ਵਾਰ ਬਿਆਨ ਕੀਤਾ
ਗਿਆ ਹੈ।
ਅਸਲ ਵਿੱਚ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਨਾਲ ਜੁੱੜ (ਸਮਝ) ਕੇ ਜੋ ਭਰਮ
ਭੁਲੇਖੇ ਦੂਰ ਹੋਣ ਤੋਂ ਬਾਅਦ ਜੋ ਆਨੰਦ ਮਿਲਦਾ ਹੈ ਉਹ ਅਖੌਤੀ ਸਿਮਰਨ ਨਾਲ ਨਹੀਂ ਮਿਲ ਸਕਦਾ। ਅਸੀਂ
ਤਾਂ ਆਪਣਾ ਮਨੂੱਖਾ ਜੀਵਨ ਭਰਮ ਭੁਲੇਖਿਆਂ ਵਿੱਚ ਅਜਾਈਂ ਗਵਾ ਰਹੇ ਹਾਂ।
ਗਿਆਨੁ ਅੰਜਨੁ ਗੁਰ ਦੀਆ, ਅਗਿਆਨ ਅੰਧੇਰ ਬਿਨਾਸ॥ (ਪੰਨਾ 293)
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ॥
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ॥ (ਪੰਨਾ 696)
ਵਾਕਿਆ ਹੀ ਗੁਰਬਾਣੀ ਸੱਚ ਹੈ। ਆਪਾਂ ਰੋਜ਼ ਸ਼ਾਮ ਨੂੰ ਰਹਿਰਾਸ ਪਾਠ ਕਰਦੇ
ਹਾਂ। ਇਸ ਵਿੱਚ ਆਉਂਦਾ ਹੈ ਕਿ:
ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ (ਪੰਨਾ 9)
ਸੱਚ ਹੈ ਕਿ ਇੱਕ ਦੂਜੇ ਤੋਂ ਸਿਰਫ ਸੁਣਨ ਮਾਤਰ ਨਾਲ ਹੀ ਪ੍ਰਮਾਤਮਾ ਦੇ ਵੱਡੇ
ਹੋਣ ਦਾ ਪਤਾ ਨਹੀਂ ਲੱਗ ਸਕਦਾ। ਵੱਡਾ ਤਾਂ ਵੇਖਣ (ਮਹਿਸੂਸ ਕਰਨ) ਨਾਲ ਹੀ ਪਤਾ ਚਲਦਾ ਹੈ। ਖ਼ੈਰ ਮੈਂ
ਜ਼ਿਆਦਾ ਕੁੱਝ ਨਾ ਕਹਾਂ।
ਕੁੱਝ ਅਜਿਹਾ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਮੈਂ ਖਿਮਾ ਦੀ ਜਾਚਕ ਹਾਂ।
ਮੇਰਾ ਮਕਸੱਦ ਕੇਵਲ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਦੀਆਂ ਵਿਚਾਰਾਂ ਕਰਨ ਤੋਂ ਹੈ, ਜਿਨ੍ਹਾਂ ਤੋਂ
ਅਸੀਂ ਭਟਕੇ ਹੋਏ ਹਾਂ। ਬਾਬਾ ਨਾਨਕ ਦਾ ਫੁਰਮਾਨ ਹੈ ਕਿ:
“ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290)
ਭਾਵ: ਆਪ ਸੱਚ ਦੇ ਗਿਆਨ (ਨਾਮ) ਨਾਲ ਜੁੜੋ (ਜਪਹੁ) ਅਤੇ ਹੋਰਾਂ ਨੂੰ ਵੀ
ਜੋੜੋ (ਜਪਾਵਹੁ)।
ਜਤਿੰਦਰ ਕੌਰ
ਸੈਕਟਰ 37 ਡੀ
ਚੰਡੀਗੜ੍ਹ।