ਮਨਮਤੀ ‘ਅਨੰਦ ਕਾਰਜ’ ਕੀ ਹਨ? - ਗੁਰਮਤਿ ਅਨੁਸਾਰ ‘ਅਨੰਦ ਕਾਰਜ’
ਦਾ ਅਰਥ ਹੀ ਸਦੀਵੀ ਅਨੰਦ ਹੈ ਜੋ ਗੁਰਬਾਣੀ ਜੀਵਨ-ਜਾਚ, ਸਿਖਿਆ ਅਨੁਸਾਰ ਚਲ ਕੇ ਹੀ ਮਿਲੇਗਾ, ਉਂਝ
ਨਹੀਂ। ਗੁਰਬਾਣੀ ਸੋਝੀ ਦੀ ਘਾਟ ਕਾਰਨ ਅੱਜ ਬਹੁਤੇ ਅਨੰਦਕਾਰਜ ਤਾਂ ਰੀਤ ਪੂਰੀ ਕਰਣ ਵਾਲੀ ਸੀਮਾਂ
`ਤੇ ਪੁੱਜ ਚੁੱਕੇ ਹਨ। ਸਿੱਖ ਪ੍ਰਵਾਰਾਂ ਵਿਚਾਲੇ ਪ੍ਰਭਾਤੇ ਦਾ ਜਾਗਣਾ ਤਾਂ ਮੁੱਕ ਹੀ ਚੁੱਕਾ ਹੈ,
ਸੂਰਜ ਨਿਕਲੇ ਨੀਂਦਾਂ ਖੁੱਲ੍ਹਦੀਆਂ ਹਨ। ਫ਼ਿਰ ਬਰਾਤੀ ਹੋਣ ਨਾਤੇ, ਬੱਚੇ ਵਾਲਿਆਂ ਦੇ ਘਰ `ਚ ਬਰਾਤਾਂ
ਦੇ ਇਕਤ੍ਰ ਹੋਣ ਤੇ ਚਲਣ `ਚ ਹੀ 11-12 ਬਲਕਿ ਦੋਪਿਹਰ ਦੇ ਦੋ ਵਜਦੇ ਵੀ ਦੇਖੇ ਹਨ। ਇਸ
ਤਰ੍ਹਾਂ ਸਮਾਂ ਜ਼ਿਆਦਾ ਹੋਣ ਕਾਰਣ ਬੱਚੇ ਵਾਲਿਆਂ ਵਲੋਂ ਵੀ ਆਪਣੇ ਗ੍ਰਿਹ `ਚ ਕੁੱਝ ਚਾਹ-ਪਾਣੀ ਦਾ
ਪ੍ਰਬੰਧ ਜ਼ਰੂਰੀ ਹੋ ਜਾਂਦਾ ਹੈ।
ਫਿਰ ਭਰਾ-ਮਾਰੂ, ਸਿੱਖ-ਦੁਸ਼ਮਣ ਸ਼ਰਾਬ- ਅੱਜ ਸਿੱਖਾਂ `ਚ ਹੀ ਇੰਨੀ
ਵਾਧੇ `ਤੇ ਹੈ ਜੋ ਖੁਸ਼ੀ ਦੇ ਕੰਮ ਦੇ ਨਾਂ `ਤੇ, ਜ਼ਰੂਰੀ ਬਣਾਈ ਜਾ ਚੁਕੀ ਹੈ। ਬੱਚੀ ਜਾਂ ਬੱਚੇ ਵਾਲੇ
ਕਿੰਨੇ ਵੀ ਗੁਰਮੁਖ ਪ੍ਰਵਾਰ ਹੋਣ ਤੇ ਮਨ੍ਹਾਂ ਵੀ ਕਰਣ; ਫ਼ਿਰ ਵੀ ਮਨਚਲੇ-ਆਪਹੁਦਰੇ ਆਪਣੇ ਘਰਾਂ `ਚੋਂ
ਹੀ ਪੀ ਕੇ ਚਲਦੇ ਤੇ ਕਾਰਾਂ, ਸਕੂਟਰਾਂ `ਚ ਰੱਖ ਲਿਆਂਉਂਦੇ ਹਨ। ਇਸ ਤੋਂ ਵੱਧ ਜੇਕਰ ਮੁੰਡੇ ਵਾਲਿਆਂ
ਦੇ ਪਹਿਲਾਂ ਤੋਂ ਹੀ ਛਬੀਲ ਵੀ ਚੱਲ ਰਹੀ ਹੋਵੇ ਤਾਂ ਰਹਿੰਦੀ ਕਸਰ ਵੀ ਪੂਰੀ ਹੋ ਜਾਂਦੀ ਹੈ। ਹੁਣ
ਜਿੰਨ੍ਹਾਂ ‘ਛਕੀ’ ਉਹਨਾਂ ਨੱਚਣਾ ਤੇ ਭੰਗੜੇ ਵੀ ਪਾਉਣੇ ਹਨ। ਆਪ ਤਾਂ ਆਪ, ਬੱਚੀਆਂ-ਬੀਬੀਆਂ ਨੂੰ ਵੀ
ਸੜਕਾਂ `ਤੇ “ਇਸ ਵਧੀਆਂ ਕੰਮ” ਲਈ ਮਜਬੂਰ ਕੀਤਾ ਤੇ ਖਿੱਚਿਆ-ਧੂਹਿਆ ਜਾਂਦਾ ਹੈ। ਇਸ ਖਿੱਚੋਤਾਣ `ਚ
ਕੁੱਝ ਮਨੋਂ-ਕੱਚੀਆਂ ਤਾਂ ਪਹਿਲਾਂ ਹੀ ਤਿਆਰ ਰਹਿੰਦੀਆਂ ਹਨ। ਇਸ ਤਰ੍ਹਾਂ ਉੱਚੇ-ਸੁੱਚੇ ਸਿੱਖ ਧਰਮ
ਦਾ ਅਜੇਹੇ ਨਾ-ਸਮਝ ਬਰਾਤੀ, ਭਰਵਾਂ ਮਜ਼ਾਕ ਬਨਾਉਣ ਦਾ ਕਾਰਨ ਬਣਦੇ ਹਨ। ਜਿਸ ਬਰਾਤ ਨੇ ਅੱਧੇ ਘੰਟੇ
`ਚ ਪਹੁੰਚਣਾ ਹੁੰਦਾ ਹੈ, ਤਿੰਨ-ਤਿੰਨ ਘੰਟੇ ਸੜਕਾਂ `ਤੇ ਹੀ ਲਗਾ ਦੇਂਦੇ ਹਨ। ਨਾਮ ਹੁੰਦਾ ਹੈ,
ਸਵੇਰ ਦੀ ਬਰਾਤ ਦਾ, ਪਰ ਬਰਾਤਾਂ ਸ਼ਾਮੀਂ ਤਿੰਨ-ਤਿੰਨ ਤੇ ਚਾਰ-ਚਾਰ ਵਜੇ ਕੇਵਲ ਢੁੱਕ ਹੀ ਰਹੀਆਂ
ਹੁੰਦੀਆਂ ਹਨ।
ਫਿਰ ਦੋਵੇਂ ਪਾਸੇ, ਭੁੱਖ ਵੀ ਅਤਿ ਦੀ ਹੁੰਦੀ ਹੈ-ਕਿਉਂਕਿ ਸਮਾਂ ਬਹੁਤ ਹੋ
ਚੁੱਕਾ ਹੁੰਦਾ ਹੈ। ਨਾਸ਼ਤਾ ਲੁੱਟ-ਖੋਹ `ਚ ਤਬਦੀਲ ਹੋ ਜਾਂਦਾ ਹੈ। ਨਾਸ਼ਤੇ ਲਈ ਹੱਦੋਂ ਵੱਧ ਤਿਆਰ
ਸਾਮਾਨ ਵੀ ਘਟ ਜਾਂਦਾ ਹੈ। ਇਸ ਤਰ੍ਹਾਂ ਬੱਚੀ ਵਾਲਿਆਂ ਦੀ ਹਾਲਤ ਤਾਂ ਹਾਸੋ-ਹੀਣੀ ਹੁੰਦੀ ਹੀ ਹੈ,
ਬਾਅਦ ਲਈ ਤਿਆਰ ਲੰਗਰ-ਲੰਚ ਵੀ ਬਹੁਤਾ ਕਰਕੇ ਜ਼ਾਇਆ ਹੀ ਹੁੰਦਾ ਹੈ। ਇਸੇ ਦਾ ਨਤੀਜਾ, ਕਈ ਸਿੱਖ
ਪ੍ਰਵਾਰ ਵੀ, ਮੁੜ ਸਵੇਰ ਦੀ ਬਜਾਏ ਰਾਤ ਦੀਆਂ ਬਰਾਤਾਂ ਮੰਗਣ ਲਗ ਪਏ ਹਨ। ਕਈ ਵਾਰੀ ਤਾਂ ਬੱਚੀ
ਵਾਲਿਆਂ ਨੂੰ ਇਤਨਾ ਮਜਬੂਰ ਕੀਤਾ ਜਾਂਦਾ ਹੈ ਜਦਕਿ ਉਹ ਇਸ ਲਈ ਤਿਆਰ ਨਹੀਂ ਹੁੰਦੇ ਤੇ ਮੰਨਣਾ ਵੀ
ਪੈਂਦਾ ਹੈ।
ਅਨਜਾਣੇ `ਚ ਸਿੱਖੀ ਦੇ ਦੁਸ਼ਮਣ? ਜਦੋਂ ਮੂਲ ਰੂਪ `ਚ ਸਾਡੇ
ਅਨੰਦਕਾਰਜਾਂ ਦਾ ਅਧਾਰ ਹੀ ਬ੍ਰਾਹਮਣੀ ਜਾਂ ਹਿੰਦੂ ਵਿਆਹ ਚੱਲ ਰਿਹਾ ਹੁੰਦਾ ਹੈ ਤਾਂ ਮਹਿੰਦੀ ਦੀ
ਰਾਤ, ਰੁੱਸਣਾ, ਗਾਨਾ, ਵਟਨਾ, ਮਾਈਏਂ ਪੈਣਾ, ਘੜੋਲੀ, ਖਾਰੇ ਬਿਠਾਉਣਾ, ਸੇਹਰਾਬੰਦੀ, ਘੋੜੀ
ਚੜ੍ਹਣਾ, ਸਰਬਾਲਾ, ਬਰਾਤ, ਢੁਕਾਅ, ਮਿਲਨੀ, ਜੈਮਾਲਾ, ਦਾਜ-ਦਹੇਜ, ਜੁੱਤੀਆਂ ਛੁਪਾਉਣੀਆਂ,
ਕਲੀਚੜੀਆਂ ਤੇ ਨਾਲ ਜੁੜੇ ਸਾਰੇ ਵਹਿਮ-ਭਰਮ, ਸਗਨ-ਅਪਸਗ਼ਨ-ਰੀਤਾਂ, ਜਾਤ-ਪਾਤ, ਚੰਗੇ-ਮੰਦੇ ਦਿਨਾਂ
ਵਾਲੀ ਸੋਚਣੀ, ਥਿੱਤ-ਵਾਰ, ਸਰਾਧ-ਨਰਾਤੇ, ਤਾਰਾ ਡੁੱਬਣਾ ਆਦਿ ਭਰਮ ਭਾਵ ਹਰੇਕ ਅਨਮਤੀ ਕਰਮਕਾਂਡ
ਆਪਣੇ ਆਪ ਅਨੰਦ ਕਾਰਜਾਂ ਦਾ ਹਿੱਸਾ ਬਣ ਜਾਂਦੇ ਹਨ। ਇਸ ਤਰ੍ਹਾਂ ਖੁਸ਼ੀ ਦੇ ਕੰਮ ਦੇ ਨਾਂ `ਤੇ ਸਮਾਜ
ਦੁਸ਼ਮਣ ਸ਼ਰਾਬ ਨੂੰ ਵੀ ਬਿਨਾ ਰੋਕ ਰਸਤਾ ਮਿਲ ਰਿਹਾ ਹੈ। ਇਸੇ ਰੁਝਾਣ ਦਾ ਸਿੱਟਾ, ਕੀ ਕਦੇ ਅਸੀਂ
ਦੁਨੀਆਂ ਨੂੰ ਦਸ ਵੀ ਸਕਾਂਗੇ ਕਿ ਸਿੱਖ ਦਾ ਨਿਆਰਾਪਣ ਕੀ ਹੈ? ਦੂਜੇ ਤਾਂ ਕੀਹ? ਸਿੱਖ ਬੱਚੇ ਵੀ ਅੱਜ
‘ਅਨੰਦਕਾਰਜਾਂ’ ਨੂੰ ਵਿਆਹ ਦਾ ਬਦਲ ਹੀ ਮੰਨ ਰਹੇ ਹਨ। ਫ਼ਿਰ, ਸਿੱਖ ਪਨੀਰੀ ਭਾਵੇਂ ਨਾਈਆਂ ਦੀਆਂ
ਦੁਕਾਨਾਂ `ਤੇ ਜਾਵੇ ਜਾਂ ਵਿੱਭਚਾਰ-ਸ਼ਰਾਬ ਦੇ ਅਡਿਆਂ `ਤੇ; ਜ਼ਿੰਮੇਂਵਾਰ ਹਨ ਉਹਨਾਂ ਦੇ ਆਪਣੇ ਮਾਪੇ,
ਜੋ ਉਹਨਾਂ ਨੂੰ ਵਿਰਾਸਤ `ਚ ਸਿੱਖੀ ਜੀਵਨ ਦੇਣ ਲਈ ਆਪ ਹੀ ਸਭ ਤੋਂ ਵੱਡੀ ਰੁਕਾਵਟ ਹਨ, ਪਰ ਦੋਸ਼ ਦੇ
ਰਹੇ ਹਨ ਬਚਿਆਂ ਨੂੰ।
ਯਾਦ ਰਹੇ! ਗੁਰਬਾਣੀ ਜੀਵਨ ਤੋਂ ਉਲਟ ਇਹਨਾ ਕਰਣੀਆਂ ਕਾਰਣ, ਸਾਡੀਆਂ
ਸ਼ਤਾਬਦੀਆਂ ਗੁਰਪੁਰਬ, ਕੀਰਤਨ-ਗੁਰਮਤਿ ਸਮਾਗਮ-ਔਲਾਦ ਨੂੰ ਪਤਿੱਤਪੁਣੇ ਤੋਂ ਨਹੀਂ ਬਚਾਅ ਸਕਣਗੇ।
ਆਖਿਰ ਜਿਹੜਾ ਕੰਮ ਤੁਸਾਂ ਆਪ ਨਹੀਂ ਕਰਣਾ, ਉਹ ਸੰਸਾਰ ਤੀਕ ਪੁੱਜੇਗਾ ਕਿਵੇਂ? ਸੱਚ ਇਹ ਹੈ ਕਿ ਆਪਣੀ
ਇਸ ਦੋਗਲੀ ਜ਼ਿੰਦਗੀ ਰਾਹੀਂ ‘ਅਨੰਦਕਾਰਜ’ ਤਾਂ ਕੀ, ਅਸਲ ਸਿੱਖੀ ਕਿਰਦਾਰ ਸੰਸਾਰ ਸਾਹਮਣੇ ਕਦੇ ਵੀ
ਪ੍ਰਗਟ ਨਹੀਂ ਹੋ ਸਕੇਗਾ। ਨਤੀਜਾ, ਦਰਦੀ ਕਲਪਦੇ ਰਹਿਣਗੇ ਜਾਂ ਦਿਲ ਹਾਰ ਕੇ ਘਰਾਂ `ਚ ਬੈਠਦੇ
ਜਾਣਗੇ, ਹੂੜਮੱਤੀਏ, ਦੁਰਮਤੀਏ, ਮਨਮਤੀਏ, ਕਰਮਕਾਂਡੀਏ ਉਹਨਾਂ ਦਾ ਮੂੰਹ ਚਿੜਾਉਣ ਲਈ ਸਭ ਤੋਂ ਅਗਲੀ
ਕਤਾਰ `ਚ ਰਹਿਣਗੇ। ਠੀਕ ਹੈ, ਸਿੱਖ ਪਨੀਰੀ ਤੇਜ਼ੀ ਨਾਲ ਪਤਿਤ ਹੋ ਰਹੀ ਹੈ … ਪਰ ਜ਼ਿਮੇਂਵਾਰ ਕੌਣ?
ਬਖ਼ਸ਼ਿਸ਼ ਤੇ ਸਾਡੇ ਪ੍ਰਵਾਰਕ ਸੁਖ- ਅਕੱਟ ਸਚਾਈ ਹੈ, ਜਦੋਂ ਸਾਡੀ ਕਰਨੀ
`ਚ ਹੀ ਗੁਰੂ-ਅਕਾਲਪੁਰਖੁ ਦਾ ਭੈਅ-ਸਤਿਕਾਰ ਹੈ ਹੀ ਨਹੀਂ। ਜੇਕਰ ਸਾਡੀ ਟੇਕ ਹੀ ਆਪਣੀ ਹੂੜਮੱਤ,
ਰੀਤਾਂ-ਰਸਮਾਂ, ਸਗਨਾਂ-ਵਹਿਮਾਂ, ਦਿਖਾਵੇ, ਅਨਮੱਤੀ ਕਰਮਕਾਂਡਾਂ, ਦੁਰਮਤਾਂ `ਤੇ ਟਿਕੀ ਹੈ। ਨਤੀਜਾ,
ਅਸੀਂ ਪਾਤਸ਼ਾਹ ਦੇ ਦੇਣਦਾਰ ਹੀ ਰਵਾਂਗੇ, ਬਖਸ਼ਿਸ਼ ਦੇ ਪਾਤਰ ਕਦੇ ਨਹੀਂ ਬਣ ਸਕਾਂਗੇ। ਇਸੇ ਬਖਸ਼ਿਸ਼ ਦੀ
ਅਣਹੋਂਦ ਕਾਰਣ ਸਾਡੇ ਘਰ-ਪ੍ਰਵਾਰਾਂ `ਚ ਖੁਸ਼ੀਆਂ ਆਉਣ ਦੀ ਬਜਾਏ ਕਲਿਹ-ਕਲੇਸ਼, ਮਨ-ਮੁਟਾਵ,
ਖਿੱਚੋਤਾਣ, ਤਲਾਕ ਆਦਿ ਸੁਖੱਲੀ ਜਗ੍ਹਾ ਬਣਾ ਰਹੇ ਹਨ। ਇਸਦੇ ਲਈ ਜ਼ਿੰਮੇਂਵਾਰ ਅਸੀਂ ਆਪ ਹਾਂ-ਗੁਰੂ
ਜਾਂ ਅਕਾਲਪੁਰਖ ਨਹੀਂ। ਕਿਉਂਕਿ ਆਪਣੀ ਰਹਿਣੀ ਕਾਰਣ-ਅਸੀਂ ‘ਗੁਰੂ ਕੇ ਸਿੱਖ’ ਹਾਂ ਹੀ ਨਹੀਂ ਬਲਕਿ
‘ਨਾਮ ਧਰੀਕ’, ਦਿਖਾਵੇ ਦੇ ਤੇ ਆਪ ਹੀ ਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਸਿੱਖ ਬਣੇ ਬੈਠੇ ਹਾਂ, ਹੁਕਮੀ
ਬੰਦੇ ਨਹੀਂ।
ਸ਼ਕਲ ਮੋਮਨਾ, ਕਰਤੂਤ ਕਾਫ਼ਿਰਾਂ- ਸ਼ਕਲ ਤੋਂ ਤਾਂ ਅਸੀਂ ਸਿੱਖ ਹਾਂ,
ਦੂਜੇ ਵੀ ਸਾਨੂੰ ‘ਸਰਦਾਰ ਜੀ’ ਕਹਿ ਕੇ ਬੁਲਾਉਂਦੇ ਹਨ। ਦੂਜੇ ਪਾਸੇ, ਅਸੀਂ ‘ਅਨੰਦ ਕਾਰਜ’ ਹੀ ਨਹੀਂ
ਆਪਣਾ ਕੋਈ ਵੀ ਕਾਰਜ, ਅਰਦਾਸ’ ਦੀ ‘ਟੇਕ’ `ਚ ਨਹੀਂ ਕਰ ਰਹੇ ਜਿਥੋਂ ਕਿ ਸਦੀਵੀ ਆਨੰਦ ਮਿਲ ਸਕੇ।
ਕੇਵਲ ਲੋਕਾਚਾਰੀ ਰੀਤਾਂ ਪੂਰੀਆਂ ਕੀਤੀਆਂ-ਨਿਭਾਈਆਂ ਹੁੰਦੀਆਂ ਹਨ। ਏਥੇ ਹੀ ਬੱਸ ਨਹੀਂ ਇਹ ਸਾਰਾ
ਕੁੱਝ ਕਰਕੇ ਵੀ, ਗੁਰੂ ਪਾਤਸ਼ਾਹ ਦੀ ਹਜ਼ੂਰੀ `ਚ ਹੀ ਇੰਨਾਂ ਵੱਡਾ ਝੂਠ ਬੋਲਣ ਦਾ ਗੁਣਾਹ ਕਰਦੇ ਹਾਂ
“ਹੇ ਸਚੇ ਪਾਤਸ਼ਾਹ! ਸਾਰਾ ਕਾਰਜ ਗੁਰਮਤਿ ਅਨੁਸਾਰ ਹੋਇਆ ਹੈ”। ਜਦਕਿ ਗੁਰੂ ਦੀ ਬਖਸ਼ਿਸ਼ ਤਾਂ ਬਾਣੀ
ਆਗਿਆ `ਚ ਚੱਲ ਕੇ ਹੀ ਮਿਲੇਗੀ। ਸਾਡੀਆਂ ਹੂੜਮੱਤਾਂ, ਮਨਮੱਤਾਂ, ਦੁਰਮੱਤਾਂ, ਬ੍ਰਾਹਮਣੀ
ਰਸਮਾਂ-ਰੀਤਾਂ-ਕਰਮਕਾਂਡਾਂ, ਦਿਖਾਵਿਆਂ ਸ਼ਰਾਬਾਂ, ਨਸ਼ਿਆਂ `ਚੋਂ ਤਾਂ ਇਹੀ
ਰੋਣੇ-ਪਿੱਟਣੇ-ਕਲੇਸ਼-ਮਾਨਸਕ ਤਨਾਵ-ਦਿਲ ਦੇ ਰੋਗ, ਚਿੰਤਾਂਵਾਂ-ਉਖਾੜ ਤੇ ਸਰੀਰਕ-ਮਾਨਸਕ ਉਥਲ-ਪੁਥਲ
ਹੀ ਮਿਲੇਗੀ, ਜਿਹੜੀ ਕਿ ਅੱਜ ਦਿਨ-ਰਾਤ ਭੋਗ ਵੀ ਰਹੇ ਹਾਂ। ਜਦੋਂ ਸਾਡੇ ਜੀਵਨ ਦੀ ਦੌੜ ਹੀ ਗੁਰਬਾਣੀ
ਦੀ ਸਿੱਖਿਆ ਪਿੱਛੇ ਨਹੀਂ ਬਲਕਿ ਭੁਲੇ-ਭਟਕੇ, ਕੁਰਾਹੇ ਪਏ ਅਗਿਅਨਤਾ `ਚ ਫ਼ਸੇ ਲੋਕਾਂ ਪਿੱਛੇ ਹੈ ਤਾਂ
ਉਲ੍ਹਾਮਾ ਕਿਸ ਨੂੰ? “ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ, ਸੋ ਮੈ
ਪਾਇਆ ਦੋਸੁ ਨ ਦੀਜੈ ਅਵਰ ਜਨਾ” (ਪੰ: 433)। ਜਿਨ੍ਹਾਂ ਲੋਕਾਂ ਦੀਆਂ ਲੀਹਾਂ `ਤੇ ਸਾਡਾ ਅਜੋਕਾ
ਸਿੱਖ ਜੀਵਨ ਚੱਲ ਰਿਹਾ ਹੈ, ਆਖਿਰ ਨਤੀਜਾ ਤੇ ਪ੍ਰਾਪਤੀ ਵੀ ਉਹੀ ਹੋਵੇਗੀ। ਇਹੀ ਕਾਰਨ ਹੈ, ਅੱਜ
ਸਿੱਖਾਂ ਦੀ ਜ਼ਿੰਦਗੀ ਵੀ ਦੂਜਿਆ ਵਾਂਙ ਹੀ ਬਣ ਕੇ ਰਹਿ ਚੁੱਕੀ ਹੈ, ਕਿਧਰੇ ਫ਼ਰਕ ਨਜ਼ਰ ਨਹੀਂ ਆ ਰਿਹਾ।
ਆਓ! ਗੁਰੂ ਭੈਅ `ਚ ਜੀਅ ਕੇ ਗੁਰੂ ਦੀ ਬਖ਼ਸ਼ਿਸ਼ ਦੇ ਪਾਤਰ ਬਣੀਏ। ਯਕੀਨਣ ਅੱਜ ਅਸੀਂ ਜੋ ਕੁੱਝ ਵੀ ਕਰ
ਰਹੇ ਪਾਤਸ਼ਾਹ ਦੀ 239 ਵਰ੍ਹਿਆਂ ਦੀ ਮੇਹਣਤ `ਤੇ ਦੇਣ `ਤੇ ਸਿਆਹੀ ਹੀ ਫ਼ੇਰ ਰਹੇ ਹਾਂ, ਹੋਰ
ਕੁੱਝ ਨਹੀਂ, ਅਜਿਹੀ ਹਾਲਤ `ਚ ਅਸੀਂ ਗੁਰੂ ਦੇ ਸਿੱਖ ਕਿਵੇਂ?