“ਹੁਕਮਨਾਮਾ”
ਵਿਵਾਦ ਵਿਨਾਸ਼ ਦਾ ਕਾਰਣ
ਬਣਦੇ ਹਨ। ਇਹ ਕੌੜਾ ਸੱਚ ਹੈ ਕਿ ਸਿੱਖ ਧਰਮ-ਖੇਤ੍ਰ ਅਜ ਕਲ੍ਹ ਵਿਵਾਦਾਂ ਦਾ ਅਖਾੜਾ ਬਣਿਆ ਹੋਇਆ ਹੈ।
ਵਿਵਾਦਾਂ ਦੇ ਇਸ ਘਣੇ ਜੰਗਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਭੌਂਦਲੇ ਫਿਰਦੇ ਹਨ। ਤਕਰਾਰਾਂ ਦੇ
ਭੰਭਲਭੂਸੇ ਕਾਰਣ ਚਕਰਾਏ ਹੋਏ ਲੋਕ ਗੁਰਮੱਤ ਤੋਂ ਬੇਮੁੱਖ ਹੋ ਕੇ ਡੇਰਿਆਂ ਵੱਲ ਮੂੰਹ ਕਰੀ ਜਾ ਰਹੇ
ਹਨ। ਇਹ ਇੱਕ ਘੋਰ ਦੁਖਾਂਤ ਹੈ।
ਅਜੋਕੇ ਵਿਵਾਦਾਂ ਵਿਚੋਂ ਇੱਕ ਭਖ਼ਦਾ ਵਿਵਾਦ ਹੁਕਮਨਾਮਿਆਂ ਬਾਰੇ ਹੈ। ਗੁਰੁ
ਗ੍ਰੰਥ ਸਾਹਿਬ ਦੀ ਫ਼ਿਲਾਸਫੀ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਵਾਲੇ ਸੁਹਿਰਦ ਵਿਦਵਾਨਾਂ ਦਾ ਇਹ ਦਅਵਾ ਹੈ
ਕਿ ਗੁਰਮੱਤ ਦੇ ਪਵਿੱਤ੍ਰ ਸਿਧਾਂਤ ‘ਹੁਕਮ’ ਦੀ ਕੁਵਰਤੋਂ ਕੀਤੀ ਜਾ ਰਹੀ ਹੈ। ਤਰਕ ਦੇ ਤਰਾਜ਼ੂ ਵਿੱਚ
ਤੋਲਿਆਂ ਅਤੇ ਗੁਰਬਾਣੀ ਦੀ ਕਸਉਟੀ ਤੇ ਪਰਖਿਆਂ ਇਹ ਦਅਵਾ ਸਹੀ ਲਗਦਾ ਹੈ।
ਹੁਕਮ ਦੇ ਸਰਲ ਅਰਥ ਹਨ-ਆਦੇਸ਼ ਜਾਂ ਆਗਿਆ। ਹੁਕਮਨਾਮਾ ਉਸ ਪੱਤ੍ਰ ਜਾਂ ਲਿਖਤ
ਨੂੰ ਕਹਿੰਦੇ ਹਨ ਜਿਸ ਰਾਹੀਂ ਕੋਈ ਹਾਕਿਮ, ਸਾਹਿਬ, ਮਾਲਿਕ ਜਾਂ ਉਹਦੇਦਾਰ, ਰੁਤਬੇ ਵਿੱਚ ਆਪ ਤੋਂ
ਨੀਵੇਂ ਦਾਸਾਂ/ਲੋਕਾਂ ਨੂੰ ਹੁਕਮ ਦੇਂਦਾ ਹੈ। ਅਜਿਹੇ ਹੁਕਮ ਦੀ ਪਾਲਣਾ ਕਰਨਾ ਅਧੀਨ ਲੋਕਾਂ ਲਈ
ਲਾਜ਼ਮੀ ਹੁੰਦਾ ਹੈ। ਇਹ ਹੁਕਮਨਾਮੇ ਸੰਸਾਰਕ ਕਾਰ ਵਿਹਾਰ ਚਲਾਉਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ
ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ।
ਧਰਮ ਦੇ ਖੇਤ੍ਰ ਵਿੱਚ ਹੁਕਮ/ਹੁਕਮਨਾਮੇ ਦੇ ਅਰਥ ਭਿੰਨ ਹਨ। ਪ੍ਰਭੂ ਦੀ
ਕ੍ਰਿਪਾ ਸਦਕਾ ਪ੍ਰਾਪਤ ਹੋਈ ਦਿਬਦ੍ਰਿਸ਼ਟੀ ਵਾਲੇ ਮਹਾਂ ਪੁਰਖ ਆਪਣੀ ਹੋਂਦ ਨੂੰ ਰੱਬੀ ਗੁਣਾਂ ਨਾਲ
ਸੰਪੰਨ ਕਰਕੇ ਸੱਚਾ ਸੁੱਚਾ ਆਨੰਦਮਈ ਅਤੇ ਪਰਮਾਰਥੀ ਜੀਵਨ ਬਿਤਾਉਂਦੇ ਹੋਏ ਅਕਾਲਪੁਰਖ ਦੀ ਨੇੜਤਾ ਦੇ
ਭਾਗੀ ਬਣਦੇ ਹਨ। ਪਰਮ-ਪਦ ਪ੍ਰਾਪਤ ਕਰ ਚੁੱਕੇ ਇਹ ਈਸ਼ਵਰੀ ਪੁਰਖ ਖ਼ਲਕ ਵਿੱਚ ਖ਼ਾਲਿਕ ਦੇ ਸੱਚ ਨੂੰ ਮੁਖ
ਰਖਦਿਆਂ, ਖ਼ਲਕਤ ਦੇ ਸੁਖੀ ਸੁਹੇਲੇ ਜੀਵਨ ਲਈ, ਨਿੱਜੀ ਤਜਰਬੇ ਦੇ ਆਧਾਰ ਤੇ, ਕੁੱਝ ਨਿਯਮ ਨਿਰਧਾਰਿਤ
ਕਰਦੇ ਹਨ। ਮਹਾਂਪੁਰਖਾਂ ਦੇ ਦਰਸਾਏ ਅਧਿਆਤਮਿਕ/ਸਦਾਚਾਰਕ/ਸਾਮਾਜਿਕ ਨਿਯਮਾ ਵਿੱਚ ਦ੍ਰਿੜ ਵਿਸ਼ਵਾਸ
ਰੱਖਣ ਵਾਲੇ ਸ਼ਰਧਾਲੂ ਇਨ੍ਹਾਂ ਨਿਯਮਾਂ ਨੂੰ ਹੁਕਮ ਜਾਣ ਕੇ ਸਤਿਕਾਰਦੇ ਹਨ ਅਤੇ ਉਨ੍ਹਾਂ ਦਾ ਪਾਲਣ
ਕਰਨਾ ਆਪਣਾ ਧਰਮ ਸਮਝਦੇ ਹਨ।
ਗੁਰਮਤ ਅਨੁਸਾਰ ਹੁਕਮ/ਹੁਕਮਨਾਮਾ ਇੱਕ ਮਹੱਤਵਪੂਰਣ ਸਿਧਾਂਤ ਹੈ। ਇਸ ਸਿਧਾਂਤ
ਦਾ ਸੰਬੰਧ ਪਰਮਗੁਰੂ ਪਰਮਾਤਮਾ, ਗੁਰੁ (ਗੁ: ਗ੍ਰੰਥ ਸਾਹਿਬ), ਅਤੇ ਸਿਖ/ਸੇਵਕ ਨਾਲ ਹੈ।
ਸਾਰੀ ਸ੍ਰਿਸ਼ਟੀ ਕਰਤਾਪੁਰਖ ਹਾਕਿਮ ਦੀ ਹੁਕਮ ਸੱਤਾ ਦੇ ਬੰਧਨ ਵਿੱਚ ਹੈ।
ਬ੍ਰਹਮੰਡ ਦੀਆਂ ਸਾਰੀਆਂ ਹੋਂਦਾਂ ਦੀ ਹਰ ਹਰਕਤ ਪਿੱਛੇ ਕਾਦਰ ਦੀ ਕੁਦਰਤ ਦਾ ਹੀ ਹੱਥ ਹੈ।
“ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥” ਜਪੁ
ਵਿਸ਼ਵ ਦੇ ਸਾਰੇ ਜੀਵਾਂ ਦਾ ਜੀਵਨ ਵੀ ਪਰਮ ਪੁਰਖ ਪਰਮਾਤਮਾ ਦੇ ਹੁਕਮ ਦਾ
ਮੁਹਤਾਜ ਹੈ। ਇਸ ਲਈ ਹਰ ਵਿਅਕਤੀ ਦਾ ਇਹ ਪਰਮ ਧਰਮ ਹੈ ਕਿ ਉਹ ਜੀਵਨ-ਦਾਤੇ, ਪਾਲਣਹਾਰ ਪ੍ਰਭੂ ਦੇ
ਭਾਣੇ ਨੂੰ ਉਸ ਦਾ ਹੁਕਮ ਜਾਣਕੇ ਸਵੀਕਾਰ ਕਰੇ ਅਤੇ ਉਸ ਅੱਗੇ ਸਿਰ ਝੁਕਾਏ। ਜੀਵਨ-ਮਨੋਰਥ ਦੀ ਪੂਰਤੀ
ਲਈ ਸੁਝਾਏ ਮੂਲ ਸਿਧਾਂਤਾਂ ਤੋਂ ਵੀ ਇਹੋ ਸੇਧ ਮਿਲਦੀ ਹੈ:
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ॥ ਹੁਕਮਿ ਰਜਾਈ ਚਲਣਾ ਨਾਨਕ
ਲਿਖਿਆ ਨਾਲ”॥ ਜਪੁ
“ਫੁਰਮਾਨ ਤੇਰਾ ਸਿਰੈ ਊਪਰਿ, ਫਿਰਿ ਨ ਕਰਤ ਬੀਚਾਰਿ॥
ਤੁਹੀ ਦਰੀਆ, ਤੁਹੀ ਕਰੀਆ, ਤੁਝੈ ਤੇ ਨਿਸਤਾਰ॥” ਕਬੀਰ ਜੀ
“ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਨਹਾਰਾ॥” ਧਨਾਰਸੀ ਮ: ੧
“ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ॥
ਸ਼ਚੁ ਸਾਹਿਬੁ ਸਾਚਾ ਖੇਲੁ ਸਭ ਹਰਿ ਧਨੀ॥” ਤਿਲੰਗ ਮ: ੪
“ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥” ਸੁਖਮਨੀ
ਗੁਰੁ ਗ੍ਰੰਥ ਸਾਹਿਬ ਰੱਬੀ ਹੁਕਮਨਾਮਿਆਂ ਦਾ ਹੀ ਖ਼ੁਲਾਸਾ ਹੈ।
ਪਰਮਗੁਰੂ ਪਰਮਾਤਮਾ ਤੋਂ ਬਾਅਦ ਜੀਵ ਨੇ ਜਿਸ ਈਸ਼ਵਰੀ ਹਸਤੀ ਦੀ ਆਗਿਆ ਦਾ
ਪਾਲਣ ਕਰਨਾ ਹੈ, ਉਹ ਹੈ ਗੁਰੁ (ਗੁਰੁ ਗ੍ਰੰਥ ਸਾਹਿਬ ਜੀ)। ਗੁਰਬਾਣੀ ਦੀ ਹਰ ਤੁਕ ਅਤੇ ਹਰ ਸ਼ਬਦ
ਸੇਵਕ ਲਈ ਆਦੇਸ਼ ਹੈ। ਹਰ ਰੋਜ਼ ਹਰ ਗੁਰਧਾਮ ਤੇ ਸਿਰ ਝੁਕਾ ਕੇ ਬੇਨਤੀ ਕੀਤੀ ਜਾਂਦੀ ਹੈ:
“ਕ੍ਰਿਪਾ ਕਰੋ, ਆਪਣਾ ਸ਼ਾਹੀ ਫ਼ਰਮਾਨ/ ਇਲਾਹੀ ਹੁਕਮਨਾਮਾ ਬਖ਼ਸ਼ ਕੇ ਕ੍ਰਿਤਾਰਥ
ਕਰੋ ਜੀ”। ਇਨ੍ਹਾਂ ਹੁਕਮਨਾਮਿਆਂ ਨੂੰ ਮਨੋਂ ਮੰਨ ਕੇ, ਇਨ੍ਹਾਂ ਅਨੁਸਾਰ ਜੀਵਨ ਢਾਲਣਾ ਹੀ ਗੁਰਸੇਵਾ
ਹੈ। ਪਾਠਕਾਂ ਦੀ ਵਿਚਾਰ ਲਈ, ਗੁਰਬਾਣੀ ਵਿੱਚੋਂ ਕੁੱਝ ਤੁਕਾਂ:
“ਬੋਲੀਐ ਸਚੁ ਧਰਮੁ ਝੂਠ ਨ ਬੋਲੀਐ॥ ਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ॥”
ਫਰੀਦ ਜੀ
“ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁੲ ਭਾਏ॥
ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮਨਿ ਵਸਾਏ॥” ਸੂਹੀ ਮ: ੩
“ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ॥” ਟੋਡੀ ਮ: ੫
“ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥
ਤਿਆਗੈ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥
ਇਉ ਪਾਵਹਿ ਰਹਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ॥
…ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥” ਸੂਹੀ ਮ: ੫
ਗੁਰਬਾਣੀ ਗੁਰ-ਹੁਕਮਾ ਦਾ ਹੀ ਸਾਰ ਹੈ।
ਗੁਰੁ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇਹ ਸੰਕੇਤ ਨਹੀਂ ਮਿਲਦਾ ਕਿ ਅਕਾਲਪੁਰਖ
ਦੇ ਇਲਾਹੀ ਹੁਕਮ, ਅਤੇ ਰੱਬੀ ਰਮਜ਼ਾਂ ਦੇ ਗਿਆਤਾ, ਆਤਮਿਕ ਗੁਣਾਂ ਦੇ ਪੁੰਜ ਅਤੇ ਗਿਆਨ ਦੇ ਭੰਡਾਰੇ
ਗੁਰੁ ਤੋਂ ਬਿਨਾਂ ਕਿਸੇ ਹੋਰ ਨੂੰ ਧਰਮ ਦੇ ਮੈਦਾਨ ਵਿੱਚ ਹੁਕਮ ਕਰਨ ਦਾ ਅਧਿਕਾਰ ਹੋ ਸਕਦਾ ਹੈ! !
ਪਰ ਜੇ ਕੋਈ ਮਨਮੁਖ ਇਹ ਅਧਿਕਾਰ ਲੈਣਾ ਚਾਹੁੰਦਾ ਹੈ, ਉਸ ਲਈ ਗੁਰ-ਹੁਕਮ ਹੈ:
“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨਾ ਅੰਦਰਿ ਹੋਰ ਮੁਖਿ ਹੋਰ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ ਗਉੜੀ ਕੀ
ਵਾਰ ਮ: ੪
ਆਓ ਹੁਣ ਵਿਵਾਦ ਦਾ ਕਾਰਣ ਬਣੇ ਹੁਕਮਨਾਮਿਆਂ ਅਤੇ ਇਨ੍ਹਾਂ ਨੂੰ ਜਾਰੀ ਕਰਨ
ਵਾਲਿਆਂ ਪ੍ਰਤਿ ਵਿਚਾਰ ਕਰੀਏ:-
ਇਨ੍ਹਾਂ ਹੁਕਮਨਾਮਿਆਂ ਦੀ ਪੁਸ਼ਟੀ ਗੁਰਬਾਣੀ ਨਾਲ ਨਹੀਂ ਕੀਤੀ ਜਾਂਦੀ ਸਗੋਂ
ਇਨ੍ਹਾਂ ਦਾ ਆਧਾਰ ਆਮਤੌਰ ਤੇ ਆਪੂੰ ਚਾਲੂ ਕੀਤੀ ਕੋਈ ਮਰਯਾਦਾ ਹੀ ਹੁੰਦਾ ਹੈ। ਮਰਯਾਦਾ ਉਹ ਨਿਖੇਧ
ਸ਼ਕਤੀ ਹੈ ਜੋ ਮਨੁਖਤਾ ਵਿੱਚ ਵੰਡੀਆਂ ਪਾਉਣ ਦੀ ਜ਼ਿਮੇਦਾਰ ਹੈ। ਮਰਯਾਦਾ ਇੱਕ ਸ਼ਿਕੰਜਾ ਹੈ ਜਿਸ ਵਿੱਚ
ਜਕੜ ਕੇ, ਧਰਮ ਸਥਾਨਾਂ ਦੀ ਮਾਲਿਕ ਬਣੀ ਬੈਠੀ ਪੁਜਾਰੀ ਸ਼੍ਰੇਣੀ ਭੋਲੀ ਭਾਲੀ ਮਨੁਖਤਾ ਨੂੰ ਹਮੇਸ਼ਾ
ਤੋਂ ਲੁੱਟ ਰਹੀ ਹੈ। ਗੁਰਬਾਣੀ ਦਾ ਇੱਕ ਮੁਖ ਵਿਸ਼ਾ ਪਰੰਪਰਾਵਾਦ ਦੀਆਂ ਜ਼ੰਜੀਰਾਂ ਵਿੱਚੋਂ ਅਗਿਆਨ
ਜੰਤਾ ਨੂੰ ਮੁਕਤ ਕਰਵਾਉਣਾ ਹੈ। ਗੁਰੁ ਗ੍ਰੰਥ ਸਾਹਿਬ ਵਿੱਚ ਧਰਮ ਨਾਲ ਸੰਬੰਧਿਤ ਮਰਯਾਦਾਵਾਂ ਦਾ
ਪੁਰਜ਼ੋਰ ਖੰਡਣ ਹੈ। ਗੁਰਬਾਣੀ ਵਿੱਚ ਕਿਸੇ ਵੀ ਸੰਸਾਰਕ ਮਰਯਾਦਾ ਦਾ ਸੰਕੇਤ ਤਕ ਵੀ ਨਹੀਂ ਮਿਲਦਾ। ਇਹ
ਗਲ ਕਿਸੇ ਵੀ ਤਰਕ ਦੀ ਤੱਕੜੀ ਤੇ ਤੋਲਿਆਂ ਪੂਰੀ ਨਹੀਂ ਉਤਰਦੀ ਕਿ ਮਰਯਾਦਾ ਤੋਂ ਮੁਕਤ ਕਰਵਾਉਣ ਵਾਲੀ
ਗੁਰਬਾਣੀ ਦੇ ਮੁਕਾਬਲੇ ਤੇ ਮਰਯਾਦਾ ਨੂੰ ਹੀ ਤਰਜੀਹ ਦਿੱਤੀ ਜਾਵੇ! ! ! !
ਕਈ ਹੁਕਮਨਾਮਿਆਂ ਦਾ ਆਧਾਰ ਇਨ੍ਹਾਂ ਨੂੰ ਜਾਰੀ ਕਰਨ ਵਾਲਿਆਂ ਦੇ ਮਨ ਦੀ
ਮੌਜ, ਸੁਆਰਥ, ਸਿਆਸਤਦਾਨਾ ਦਾ ਦਬਾਉ, ਅਤੇ ਹੋਰ ਕਈ ਪ੍ਰਕਾਰ ਦੇ ਬਾਹਰੀ ਪ੍ਰਭਾਵ ਹੁੰਦੇ ਹਨ। ਇਹ
ਸਾਰੇ ਲੱਛਣ ਮਨਮਤ ਦੇ ਹਨ। ਅਤੇ, ਗੁਰਮਤ ਦੇ ਮੁਆਮਲਿਆਂ ਵਿੱਚ ਮਨਮਤ ਦੀ ਵਰਤੋਂ ਅਧਰਮ ਹੈ।
ਗੁਰਬਾਣੀ ਦਾ ਇੱਕ ਹੋਰ ਨਿਯਮ ਹੈ ਕਿ ਅਕਾਲਪੁਰਖ ਵਿੱਚ ਦ੍ਰਿੜ ਨਿਸ਼ਚਾ ਰੱਖਣ
ਵਾਲਾ ਗੁਰਸਿਖ/ਸੇਵਕ ਭੇਡਚਾਲੀਆ ਨਹੀਂ ਹੁੰਦਾ:
“ਮੰਨੈ, ਮਗੁ ਨ ਚਲੈ ਪੰਥ। ਮੰਨੈ ਧਰਮ ਸੇਤੀ ਸਨਬੰਧ॥” ਜਪੁ
ਸੇਵਕ ਦਾ ਸਰੋਕਾਰ ਕੇਵਲ ਧਰਮ ਨਾਲ ਹੁੰਦਾ ਹੈ। ਕਿਹੜੇ ਧਰਮ ਨਾਲ:
“ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ਸੁਖਮਨੀ.
ਸੋ, ਸਾਡਾ ਇਹ ਕਰਤੱਵ ਹੈ ਕਿ ਅਸੀਂ ਸੁਆਰਥੀਆਂ ਦੀਆਂ ਦਰਸਾਈਆਂ ਔਝੜਾਂ
(ਸੰਸਾਰਕ ਪਰੰਪਰਾਵਾਂ) ਤੋਂ ਪੱਲਾ ਬਚਾ ਕੇ ਗੁਰੂਆਂ ਦੁਆਰਾ ਦਿਖਾਏ ਰੌਸ਼ਨ ਰਾਹ ਉਤੇ ਤੁਰੀਏ।
ਇੱਥੇ, ਗੁਰਮਤ ਦਾ ਇੱਕ ਨੁਕਤਾ ਵਿਚਾਰਣਯੋਗ ਹੈ: ਜਿਵੇਂ ਪਾਰਸ ਆਪਣੀ ਛੁਹ
ਨਾਲ ਹੀ ਜੰਗਾਲੇ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਤਿਵੇਂ ਰੂਹਾਨੀ ਰਾਹਨੁਮਾ ਆਪਣੀ ਅਨੁਕਰਣਯੋਗ
ਚੁੰਬਕੀ ਸ਼ਖ਼ਸੀਅਤ ਨਾਲ ਆਪਣੇ ਸ਼੍ਰੱਧਾਲੂਆਂ ਨੂੰ ਪ੍ਰੇਰਦਾ ਹੋਇਆ ਆਪਣੇ ਪਿੱਛੇ ਤੋਰਦਾ ਹੈ। ਜਥੇਦਾਰ
ਇਸ ਪੱਖੋਂ ਊਰੇ ਹਨ, ਇਸੇ ਲਈ ਉਹ ਹੁਕਮਨਾਮਿਆਂ ਦਾ ਸਹਾਰਾ ਭਾਲਦੇ ਹਨ।
ਹੁਕਮਨਾਮੇ ਜਾਰੀ ਕਰਨ ਵਾਲੇ ਜਥੇਦਾਰਾਂ ਦੀ ਨਿਯੁਕਤੀ ਸਿਆਸੀ ਸੱਤਾਧਾਰੀਆਂ
ਦੁਆਰਾ ਕੀਤੀ ਜਾਂਦੀ ਹੈ। ਉਹ ਜਥੇਦਾਰਾਂ ਨੂੰ ਦੁਨਿਆਵੀ ਮੌਜਮੇਲੇ ਲਈ, ਕ੍ਰਿਤੀਆਂ ਦੀ ਘਾਲਿ ਕਮਾਈ
ਵਿੱਚੋਂ ਗੁਰੁ ਦੇ ਨਾਂ ਤੇ ਇਕੱਠੀ ਕੀਤੀ ਦੌਲਤ ਵਿੱਚੋਂ ਖੁੱਲ੍ਹਾ ਵੇਤਨ ਅਤੇ ਸੰਸਾਰਕ ਸਹੂਲਤਾਂ
ਬਖ਼ਸ਼ਦੇ ਹਨ। ਵੇਤਨ ਲੈਣ ਵਾਲਾ ਸੇਵਕ ਨਹੀਂ ਰਹਿੰਦਾ ਸਗੋਂ ਕਰਮਚਾਰੀ ਬਣ ਜਾਂਦਾ ਹੈ। ਅਤੇ, ਉਹ ਓਹੀ
ਕੁੱਝ ਕਰੇਗਾ/ਕਹੇਗਾ ਜੋ ਉਸ ਨੂੰ ਵੇਤਨ ਦੇਣ ਵਾਲਾ ਅਧਿਕਾਰੀ ਕਹੇਗਾ। ਉਹ ਆਪਣੇ ਮਾਲਕ ਦੀ ਆਵਾਜ਼ ਬਣ
ਕੇ ਰਹਿ ਜਾਂਦਾ ਹੈ। ਇਸ ਸੱਚ ਨੂੰ ਮੁਖ ਰੱਖਦਿਆਂ ਲੋਕ ਇਨ੍ਹਾਂ ਨਾਮਧਰੀਕ ਜਥੇਦਾਰਾਂ ਨੂੰ
ਕਠਪੁਤਲੀਆਂ ਤੋਂ ਵੀ ਬਦਤਰ ਕਹਿ ਰਹੇ ਹਨ। ਉਨ੍ਹਾਂ ਦੇ ਕਹਿਣ ਅਨੁਸਾਰ ਕਠਪੁਤਲੀਆਂ ਤਾਂ ਡੋਰੀ ਨਾਲ
ਨਚਾਈਆਂ ਜਾਂਦੀਆਂ ਹਨ; ਪਰ ਇਹ ਸੱਤਾਧਾਰੀਆਂ ਦੇ ਹੱਥ ਵਿੱਚ ਫੜੇ ਦੂਰਵਰਤੀ ਨਿਯੰਤ੍ਰਣ (ਰਿਮੋਟ
ਕੰਟ੍ਰੋਲ) ਨਾਲ ਹੀ ਹਰਕਤ ਵਿੱਚ ਆ ਜਾਂਦੇ ਹਨ।
ਜਥੇਦਾਰਾਂ ਬਾਰੇ ਇੱਕ ਹੋਰ ਕੌੜਾ ਸੱਚ, ਜਿਸ ਦੀ ਚਰਚਾ ਅਖ਼ਬਾਰਾਂ ਵਿੱਚ ਆਮ
ਹੋ ਰਹੀ ਹੈ, ਇਹ ਹੈ ਕਿ ਉਨ੍ਹਾਂ ਵਿੱਚ ਖਿਮਾ, ਸਹਿਨਸ਼ੀਲਤਾ ਅਤੇ ਜ਼ਬਤ ਆਦਿ ਆਤਮਿਕ ਗੁਣਾਂ ਦੀ
ਅਣਹੋਂਦ ਹੈ। ਉਹ ਕੁੱਕੜਾਂ ਵਾਂਗ ਲੜਦੇ, ਗਾਲੀ ਗਲੋਚ ਹੁੰਦੇ, ਇੱਕ ਦੂਸਰੇ ਦੀਆਂ ਪੱਗਾਂ ਉਛਾਲਦੇ,
ਅਤੇ ਇੱਕ ਦੂਜੇ ਉਤੇ ਚਿੱਕੜ ਸਿੱਟਦੇ ਆਮ ਵੇਖੇ ਜਾਂਦੇ ਹਨ। ਹੋਰ ਵਿਸਥਾਰ ਵਿੱਚ ਜਾਣਾ ਯੋਗ ਨਹੀਂ
ਕਿਉਂਕਿ ਜੇ ਝੱਗਾ ਚੁੱਕਾਂਗੇ ਤਾਂ ਆਪਣਾ ਹੀ ਢਿੱਡ ਨੰਗਾ ਹਊ। ਅਜਿਹੇ ਅਨੁਸ਼ਾਸਨਹੀਣ, ਅਗਿਆਨ
ਬਿਉਹਾਰੀਆਂ ਕੋਲੋਂ ਧਾਰਮਿਕ ਸੇਧ ਦੀ ਆਸ ਕਰਨੀ, ਪੁਲਾੜ ਵਿੱਚੋਂ ਮੱਛੀਆਂ ਫ਼ੜਣ ਦੀ ਉਮੀਦ ਰੱਖਣ ਦੇ
ਬਰਾਬਰ ਹੈ।
ਹੁਕਮਨਾਮਿਆਂ ਕਾਰਣ ਪੈਦਾ ਹੋਏ ਵਿਵਾਦਾਂ ਦੀ ਦਲਦਲ ਵਿੱਚੋਂ ਨਿਕਲਣ ਲਈ
ਉਪਰਾਲਾ ਕਰਨਾ ਅਤਿ ਜ਼ਰੂਰੀ ਹੈ। ਜੋ ਮਾੜੀ ਮੋਟੀ ਸੋਝੀ ਗੁਰੁ ਗ੍ਰੰਥ ਸਾਹਿਬ ਤੋਂ ਦਾਸ ਨੂੰ ਪ੍ਰਾਪਤ
ਹੋਈ ਹੈ, ਉਸ ਦੇ ਆਧਾਰ ਤੇ ਕੁੱਝ ਸੁਝਾਉ ਪਾਠਕਾਂ ਦੀ ਸੇਵਾ ਵਿੱਚ ਰੱਖਣ ਦੀ ਆਗਿਆ ਲੈਂਦਾ ਹਾਂ।
੧. ਅਸੀਂ ਅਕਾਲਪੁਰਖ ਦੇ ਭਾਣੇ ਨੂੰ ਹੁਕਮ ਕਰਕੇ ਮੰਨੀਏ, ਅਤੇ ਉਸ ਦੀ ਰਜ਼ਾ
ਵਿੱਚ ਹੀ ਰਾਜ਼ੀ ਰਹਿਣ ਦਾ ਸੁਭਾਉ ਬਣਾਈਏ। ਇਹ ਮੱਤ ਗੁਰੁ ਗ੍ਰੰਥ ਸਾਹਿਬ ਦੇ ਅਧਯਨ (ਸਮਝ ਵਿਚਾਰ ਕੇ
ਪੜ੍ਹਨ) ਨਾਲ ਹੀ ਆ ਸਕਦੀ ਹੈ।
੨. ਗੁਰੂ ਗ੍ਰੰਥ ਸਾਹਿਬ ਦੇ ਸੇਵਕ ਬਣੀਏ। ਧਰਮ ਨਾਲ ਸੰਬੰਧਿਤ ਹਰ ਸਵਾਲ ਦਾ
ਜਵਾਬ, ਅਤੇ ਹਰ ਸਮੱਸਿਆ ਦਾ ਸਮਾਧਾਨ ਗ੍ਰੰਥ ਸਾਹਿਬ ਵਿੱਚ ਹੈ; ਸਿਰਫ ਖੋਜਣ ਦੀ ਲੋੜ ਹੈ। ਮਨੁਖਤਾ
ਦੇ ਗੁਰੁ, ਜਗਤ-ਜਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਵੱਲ ਪਿੱਠ ਕਰਕੇ ਜੇ ਅਸੀਂ ਅਖਾਉਤੀ
ਸੰਤਾਂ, ਸਾਧਾਂ, ਬਾਬਿਆਂ, ਅਤੇ ਅਗਿਆਨ ਸੁਆਰਥੀ ਆਗੂਆਂ ਦੇ ਮਗਰ ਲੱਗਾਂਗੇ ਤਾਂ ਫਿਰ ਗੁਰੂ ਦਾ
ਸਿਖ/ਸੇਵਕ ਗ਼ਰਕਿਆ ਸਮਝੋ! ! !
੩. ਗੁਰਮਤ ਨਿਮਰਤਾ, ਹਲੀਮੀ, ਮਿੱਠਤ, ਪ੍ਰੇਰਣਾ ਅਤੇ ਸੇਵਾ ਦਾ ਮਾਰਗ ਹੈ;
ਹਉਮੈ/ਹੁਕਮ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਮਹਾਂ ਪੁਰਖ ਨੇ ਆਪਣਾ ਹੁਕਮ ਨਹੀਂ
ਜਤਾਇਆ ਸਗੋਂ, ਨੀਚਾਂ ਅੰਦਰਿ ਨੀਚ, ਦਾਸਨ ਦਾਸ, ਗੋਲੇ, ਚੇਲੇ, ਖ਼ਾਕ ਆਦਿ ਬਣਕੇ ਬੇਨਤੀ ਕੀਤੀ ਹੈ,
ਪ੍ਰੇਰਣਾ ਦਿੱਤੀ ਹੈ। ਗੁਰੂ ਘਰ ਵਿੱਚ ਬੈਠ, ਗੁਰ-ਸਿਧਾਂਤਾਂ ਤੋਂ ਬੇਮੁਖ ਹੋ ਕੇ ਆਪਣਾ ਹੁਕਮ
ਛਾਂਟਣਾਂ ਘੋਰ ਮਨਮੁਖਤਾ ਹੈ। ਇਸ ਲਈ ਗੁਰੂ ਘਰ ਦੇ ਅਖਾਉਤੀ ਸੇਵਕਾਂ ਨੂੰ ਬੇਨਤੀ ਹੈ ਕਿ ਉਹ ਜੋ
ਕੁੱਝ ਵੀ ਕਹਿਣਾ ਚਾਹੁੰਦੇ ਹਨ, ਹੁਕਮਨਾਮੇ ਰਾਂਹੀਂ ਨਹੀਂ ਸਗੋਂ “ਬੇਨਤੀਨਾਮੇ” ਰਾਹੀਂ ਕਹਿਣ। ਜਿਸ
ਬੇਨਤੀਨਾਮੇ ਨੂੰ ਗੁਰਬਾਣੀ ਦੀ ਕਿਸੇ ਤੁਕ ਜਾਂ ਸ਼ਬਦ ਨਾਲ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ, ਉਹ
ਬੇਨਤੀਨਾਮਾ ਪ੍ਰਵਾਣ ਨਹੀਂ ਹੋਣਾ ਚਾਹੀਦਾ। ਅਖਾਉਤੀ ਗ੍ਰੰਥਾਂ, ਆਪ ਚਲਾਈਆਂ ਪ੍ਰੰਪਰਾਵਾਂ, ਸਾਖੀਆਂ,
ਨਸੀਹਤਨਾਮੇ, ਰਹਿਤਨਾਮੇ, ਅਤੇ ਮਨ- ਘੜਤ ਮਿਥਿਹਾਸਕ ਕਹਾਣੀਆਂ ਆਦਿ ਦਾ ਹਵਾਲਾ ਦੇ ਕੇ ਲਿਖਿਆ ਗਿਆ
ਬੇਨਤੀਨਾਮਾ ਮੰਨਣਯੋਗ ਨਹੀਂ ਸਮਝਿਆ ਜਾਣਾ ਚਾਹੀਦਾ।
ਧਰਮ ਦੇ ਖੇਤ੍ਰ ਵਿੱਚ ਕੋਈ ਹਾਕਿਮ ਨਹੀਂ ਹੁੰਦਾ ਅਤੇ ਨਾ ਹੀ ਕੋਈ ਅਧੀਨ। ਇਸ
ਲਈ ਗੁਰਬਾਣੀ ਦਾ ਗਿਆਨ ਰੱਖਣ ਵਾਲਾ ਕੋਈ ਵੀ ਸੁਹਿਰਦ ਸ਼੍ਰੱਧਾਲੂ ਬੇਨਤੀਨਾਮਾ ਲਿਖਣ ਦਾ ਹੱਕਦਾਰ
ਹੋਣਾ ਚਾਹੀਦਾ ਹੈ। ਇਹ ਬੇਨਤੀਨਾਮੇ ਗੁਰੁ ਘਰ ਦੇ ਸੇਵਕਾਂ (ਕਰਮਚਾਰੀਆਂ) ਨੂੰ ਵੀ ਲਿਖੇ ਜਾ ਸਕਦੇ
ਹੋਣੇ ਚਾਹੀਦੇ ਹਨ।
੪. ਗੁਰੁ ਦੇ ਨਾਂ ਤੇ ਕਰੋੜਾਂ ਅਰਬਾਂ ਰੁਪਇਆ ਇਕੱਠਾ/ਖ਼ਰਚ ਕਰਨ ਵਾਲੀਆਂ
ਗੋਲਕ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਕੁੱਝ ਰਕਮ ਖ਼ਰਚ ਕਰਕੇ ਗੁਰਬਾਣੀ ਦੇ ਸ਼ੁੱਧ ਗਿਆਨ
ਵਾਲੇ ਸੱਚੇ ਸੁੱਚੇ ਵਿਦਵਾਨ ਤਿਆਰ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਤੋਂ ਲਾਭ ਲੈਣ। ਉਹ ਵਿਦਵਾਨ ਦੇਸ
ਵਿਦੇਸ ਵਿੱਚ ਵਸਦੀ ਮਨੁਖਤਾ ਨੂੰ ਗੁਰੁ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣ। ਇਹ
ਪ੍ਰਚਾਰ ਨਿਰੋਲ ਤੌਰ ਤੇ ਗੁਰਬਾਣੀ ਉਤੇ ਆਧਾਰਿਤ ਹੋਣਾ ਚਾਹੀਦਾ ਹੈ; ਮਿਥਿਹਾਸਕ ਕਹਾਣੀਆਂ ਉੱਤੇ
ਨਹੀਂ। ਪ੍ਰਚਾਰਕਾਂ ਨੂੰ ਗੁਰੂ ਦਾ ਵਾਸਤਾ ਪਾ ਕੇ ਇਹ ਹਦਾਇਤ ਹੋਵੇ ਕਿ ਉਹ ਪ੍ਰਚਾਰ-ਭੇਟਾ ਦੇ ਨਾਂ
ਤੇ ਸ਼੍ਰੱਧਾਲੂਆਂ ਤੋਂ ਮਾਇਆ ਨਹੀਂ ਬਟੋਰਨਗੇ। ਕੇਵਲ ਨਿਸ਼ਕਾਮ ਸੇਵਾ ਹੀ ਕਰਨ ਗੇ।
ਅੰਤ ਵਿੱਚ, ਜਥੇਦਾਰਾਂ ਦੀ ਸੇਵਾ ਵਿੱਚ ਦਾਸ ਦੀ ਬੇਨਤੀ:
ਜਥੇਦਾਰ ਉਹ ਵਿਅਕਤੀ ਹੁੰਦਾ ਹੈ ਜੋ ਜਨਤਾ ਨੂੰ ਜੋੜਦਾ/ਜਥੇਬੰਦ ਕਰਦਾ ਹੈ।
ਕੌਮ ਦਾ ਏਕੀਕਰਣ ਹੀ ਉਸ ਦਾ ਅਹਮ ਫ਼ਰਜ਼ ਹੈ। ਹੁਕਮਨਾਮਿਆਂ ਦੇ ਚਾਬੁਕਾਂ ਨਾਲ ਖਦੇੜ ਕੇ,
ਸਿੱਖਾਂ/ਸੇਵਕਾਂ ਨੂੰ ਖਿੰਡ ਪੁੰਡ ਕਰਨਾ ਜਾਂ ਡੇਰਿਆਂ ਵੱਲ ਹੱਕਣਾ, ਧਰਮ ਨਾਲ ਧੋਖਾ ਅਤੇ ਫ਼ਰਜ਼ ਨਾਲ
ਬੇਵਫ਼ਾਈ ਹੈ। ਇਸ ਪਾਪ ਤੋਂ ਬਚਣਾ ਲੋੜੀਏ।
ਦੂਸਰਾ, ਜਥੇਦਾਰ ਹਾਕਿਮ ਨਹੀਂ ਸਗੋਂ ਸਾਹਿਬ ਸ੍ਰੀ ਗੁਰੁ ਗ੍ਰੰਥ ਜੀ ਦਾ
ਹੁਕਮ-ਬਰਦਾਰ ਹੁੰਦਾ ਹੈ, ਜੋ ਗੁਰੁ ਦੇ ਫ਼ੁਰਮਾਨ ਨੂੰ ਸੇਵਕਾਂ ਤਕ ਪਹੁਚਾਉਂਦਾ ਹੈ। ਸੋ, ਉਸ ਦਾ
ਮੁੱਖ ਕਰਤੱਵ ਇਹ ਹੈ ਕਿ ਉਹ ਗੁਰੁ ਦੇ ਹੁਕਮ ਨੂੰ ਪਹਿਲਾਂ ਆਪ ਪਛਾਣੇ ਅਤੇ ਉਸ ਅਨੁਸਾਰ ਆਪਣਾ ਨਿੱਜੀ
ਜੀਵਨ ਢਾਲੇ। ਅਤੇ ਫੇਰ, ਹਲੀਮੀ, ਨਮ੍ਰਤਾ, ਸੁਹਿਰਦਤਾ, ਅਤੇ ਨਿਸ਼ਕਾਮਤਾ ਨਾਲ ਰਬ ਦੇ ਭੋਲੇ ਭਾਲੇ
ਬੰਦਿਆਂ ਵਿੱਚ ਉਸ ਹੁਕਮ ਦਾ ਪ੍ਰਚਾਰ ਕਰੇ।
“ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥
ਮੈ ਗੁਰਬਾਣੀ ਅਧਾਰੁ ਹੈ ਗੁਰਬਾਣੀ ਲਾਗਿ ਰਹਾਉ॥ ਰਾਗ ਸੂਹੀ ਮ: ੪
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਿੰਦਰ ਸਿੰਘ ਪਾਲ
ਯੂ. ਐਸ. ਏ.