ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਪਿਆਰੇ ਸ. ਮੱਖਣ ਸਿੰਘ ਜੀ
ਕੁਝ ਸਾਲ ਪਹਿਲਾਂ, ਉਸ ਸਮੇ ਦੇ ਰੱਖਿਆ ਮੰਤਰੀ, ਜਾਰਜ ਫ਼ਰਨੈਂਡਜ਼ ਦਾ ਬਿਆਨ ਪੜ੍ਹ ਕੇ, ਮੈ
ਇਹ ਲੇਖ ਲਿਖਿਆ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਭੇਜਿਆ ਸੀ। ਰਾਤੀਂ ਹੀ ਮੈਨੂੰ ਕਿਸੇ
ਨੇ ਦੱਸਿਆ ਹੈ ਕਿ ਇਹ ਲੇਖ, ਸ਼੍ਰੋਮਣੀ ਕਮੇਟੀ ਵੱਲੋ ਪ੍ਰਕਾਸਤ ਮਾਸਕ ਪੱਤਰ ‘ਗੁਰਮਤਿ
ਪ੍ਰਕਾਸ’ ਦੇ ਜੂਨ ੦੯ ਦੇ ਅੰਕ ਵਿੱਚ ਪ੍ਰਕਾਸ਼ਤ ਵੀ ਹੋਇਆ ਹੈ।
ਹੁਣੇ ਹੀ ‘ਸਿੱਖ ਮਾਰਗ’ ਤੇ ਸ. ਗੁਰਤੇਜ ਸਿੰਘ ਜੀ ਦਾ ਪੱਤਰ ਪੜ੍ਹ ਕੇ, ਸਮਝੋ ਕਿ ਮੇਰੀ
ਬਹੀ ਕੜ੍ਹੀ ਵਿੱਚ ਉਬਾਲ਼ ਆ ਗਿਆ ਤੇ ਇਹ ਲੇਖ ਮੈ ਆਪ ਜੀ ਨੂੰ ਭੇਜ ਰਿਹਾ ਹਾਂ।
ਹੈਰਾਨੀ ਇਸ ਗੱਲ ਦੀ ਵੀ ਹੈ ਕਿ ‘ਸਿੱਖ ਮਾਰਗ’ ਵਿੱਚ ਇਹ ਲੇਖ ਸਮੇ ਸਿਰ ਨਹੀ ਛਪ ਸਕਿਆ। |
ਸੋਲ੍ਹਾਂ ਸਾਲਾਂ ਪਿਛੋਂ ਸਰਕਾਰ ਨੇ ਸਚਾਈ ਦਾ ਇਕਬਾਲ ਕੀਤਾ। ਜੂਨ ੧੯੮੪ ਵਿੱਚ ਸਿੱਖਾਂ ਨਾਲ,
‘ਜੱਗੋਂ ਤ੍ਹੇਰਵੀਂ’ ਹਿੰਦ ਸਰਕਾਰ ਨੇ ਕੀਤੀ; ਜਦੋਂ ਕਿ ਵਿਸ਼ਾਲ ਹਿੰਦੂ ਸਮਾਜ ਨੂੰ ਆਪਣੇ
ਪ੍ਰਾਪੇਗੰਡੇ ਦੇ ਜਾਲ ਨਾਲ ਗੁਮਰਾਹ ਕਰਕੇ, ਸਿਰਫ ਤੇ ਸਿਰਫ ਉਹਨਾਂ ਦੇ ਵੋਟ ਬੈਂਕ ਉਪਰ ਦਿਨ ਦੀਵੀਂ
ਡਾਕਾ ਮਾਰਨ ਵਾਸਤੇ, ਸਮੁਚੀ ਸਿੱਖ ਕੌਮ ਉਪਰ ਫੌਜਾਂ ਇਉਂ ਚਾਹੜ ਦਿਤੀਆਂ ਜਿਵੇਂ ਕਿਤੇ ਉਹ ਆਪਣੇ ਦੇਸ਼
ਦੇ ਗੁਰਧਾਮਾਂ ਅੰਦਰ, ਪਰਵਾਰਾਂ ਸਣੇ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਨਾ ਮਨਾ ਰਹੇ
ਹੋਣ ਸਗੋਂ ਦੁਸ਼ਮਣਾਂ ਦੀ ਹਮਲਾਵਰ ਫੌਜ ਹੋਵੇ। ਖ਼ੈਰ, ਇਸ ਬਾਰੇ ਦੁਨੀਆਂ ਦੇ ਨਿਰਪੱਖ ਸੂਝਵਾਨਾਂ
ਵੱਲੋਂ, ਪਿਛਲੇ ਸੋਲ੍ਹਾਂ ਸਾਲਾਂ ਦੇ ਸਮੇ ਦੌਰਾਨ, ਬਹੁਤ ਕੁੱਝ ਕਿਹਾ-ਸੁਣਿਆ ਗਿਆ ਹੈ ਅਤੇ ਹਿੰਦ
ਸਰਕਾਰ ਅਤੇ ਉਸਦੇ ਨੌਕਰਾਂ ਤੇ ਚਿਮਚਿਆਂ ਵਲੋਂ ਵੀ ਬਥੇਰੇ ਝੂਠ ਦੇ ਤੁਫਾਨ ਉਠਾਏ ਗਏ ਹਨ।
ਅੱਜ ਅਸੀਂ ਸਿਰਫ ਇੱਕ ਗੱਲ ਹੀ ਪਾਠਕਾਂ ਨਾਲ ਸਾਂਝੀ ਕਰਨੀ ਹੈ ਜੋ ਕਿ ਪਿਛਲੇ ਹਫਤੇ, ਹਿੰਦ ਦੇ ਰਖਿਆ
ਮੰਤਰੀ, ਸ਼੍ਰੀ ਜਾਰਜ ਫਰਨੈਡਜ਼ ਨੇ ਆਖ ਕੇ, ਪਿਛਲੇ ਸੋਲ੍ਹਾਂ ਸਾਲਾਂ ਤੋਂ ਲਗਾਤਾਰ ਹਿੰਦ ਸਰਕਾਰ ਵਲੋਂ
ਵਾਰ ਵਾਰ ਬੋਲੇ ਜਾ ਰਹੇ ਝੂਠ ਦਾ ਭਾਂਡਾ ਵਿੱਚ ਚੌਰਾਹੇ ਦੇ ਭੰਨਿਆ ਹੈ। ਸਰਕਾਰ ਕਹਿੰਦੀ, ਲਿਖਦੀ ਤੇ
ਬੋਲਦੀ ਆ ਰਹੀ ਸੀ ਕਿ ਸ੍ਰੀ ਦਰਬਾਰ ਸਾਹਿਬ ਉਪਰ, ਜੂਨ ੧੯੮੪ ਵਿੱਚ ਕੀਤੇ ਗਏ ਫੌਜੀ ਹਮਲੇ ਦੌਰਾਨ,
ਸੱਤ ਜੂਨ ਵਾਲੇ ਦਿਨ ‘ਅੱਤਵਾਦੀਆਂ’ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ, ਸਿੱਖ ਰੈਫ਼ਰੈਂਸ
ਲਾਇਬ੍ਰੇਰੀ, ਨੂੰ ਅੱਗ ਲਾਕੇ ਸਾੜ ਦਿਤਾ ਹੈ। ਉਸ ਸਮੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ, ਸਰਦਾਰ ਗੁਰਚਰਨ ਸਿੰਘ ਟੌਹੜਾ, ਨੇ ਆਪਣੇ ਵਸੀਲਿਆਂ ਰਾਹੀਂ ਇਸ ਸਚਾਈ ਦਾ ਪਤਾ ਲਾ ਲਿਆ ਸੀ
ਕਿ ਲਾਇਬ੍ਰੇਰੀ ਸਾੜੀ ਨਹੀ ਗਈ ਬਲਕਿ ਉਸ ਵਿਚਲਾ ਸਾਹਿਤ ਕਢਕੇ ਬਾਕੀ ਘਟ ਜ਼ਰੂਰੀ ਸਮਝੇ ਗਏ ਕਾਗਜਾਂ
ਨੂੰ ਅੱਗ ਲਾਕੇ, ‘ਆਤਵਾਦੀਆਂ’ ਦੇ ਲਾਇਬ੍ਰੇਰੀ ਸਾੜਨ ਦਾ ਡਰਾਮਾ ਰਚਿਆ ਗਿਆ ਸੀ, ਤਾਂ ਕਿ ਸਿੱਖ
ਸੰਗਤਾਂ ਦੀ ਅੱਖੀਂ ਘੱਟਾ ਪਾਇਆ ਜਾ ਸਕੇ।
ਮੁੜ ਮੁੜ ਸ਼੍ਰੋਮਣੀ ਕਮੇਟੀ ਵਲੋਂ ਹਿੰਦ ਸਰਕਾਰ ਨੂੰ ਚਿਠੀਆਂ ਲਿਖ ਕੇ ਲਾਇਬ੍ਰੇਰੀ ਦੀ ਮੰਗ ਕੀਤੀ
ਜਾਂਦੀ ਰਹੀ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋਈ। ਕਿਸੇ ਚਿੱਠੀ ਦਾ ਜਵਾਬ ਤਕ ਨਹੀ ਦਿਤਾ। ਮੰਨਿਆ
ਹੀ ਨਹੀ ਕਿ ਕੋਈ ਚਿੱਠੀ ਮਿਲੀ ਵੀ ਹੈ। ਇੱਕ ਕਾਂਗਰਸੀ ਐਮ. ਪੀ. ਸਰਦਾਰ ਜਗਮੀਤ ਸਿੰਘ ਬਰਾੜ ਨੇ ਲੋਕ
ਸਭਾ ਵਿੱਚ ਕੀਤੀ ਗਈ ਆਪਣੀ ਤਕਰੀਰ ਦੌਰਾਨ ਇਹ ਭੇਦ ਵੀ ਖੋਹਲਿਆ ਕਿ ਮੇਰਠ ਦੇ ਮਿਲਟਰੀ ਹੈਡ ਕੁਆਰਟਰਜ਼
ਵਿੱਚ ਫੌਜੀ ਹਿਫ਼ਾਜ਼ਤ ਅੰਦਰ ਰੱਖੀ ਗਈ ਲਾਇਬ੍ਰੇਰੀ ਸਿੱਖ ਕੌਮ ਨੂੰ ਵਾਪਸ ਕੀਤੀ ਜਾਵੇ ਤੇ ਨਾਲ ਹੀ ਇਸ
ਭਿਆਨਕ ਗੁਨਾਹ ਦੀ ਸਿੱਖ ਕੌਮ ਪਾਸੋਂ ਸਰਕਾਰ ਮੁਆਫੀ ਮੰਗੇ। ਸਰਕਾਰ ਨੇ ਸਪੀਚ ਸੁਣ ਲਈ ਪਰ ਹਾਂ ਜਾਂ
ਨਾਹ ਵਿੱਚ ਕੋਈ ਉਤਾ ਨਹੀ ਸੀ ਵਾਚਿਆ।
ਇਸ ਉਪ੍ਰੰਤ ਸ਼੍ਰੋਮਣੀ ਕਮੇਟੀ ਸਿਧੀ ਰਖਿਆ ਮੰਤ੍ਰਾਲੇ ਨੂੰ ਚਿਠੀਆਂ ਲਿਖਣ ਲੱਗ ਪਈ। ਹੁਣ ਅਖੀਰ ਵਿੱਚ
ਭਾਰਤ ਦੇ ਰਖਿਆ ਮੰਤਰੀ, ਸ਼੍ਰੀ ਜਾਰਜ ਫ਼ਰਨੈਡਜ਼ ਨੇ, ਸ਼੍ਰੋਮਣੀ ਕਮੇਟੀ ਨੂੰ ਦਸਿਆ ਹੈ ਕਿ ਲਾਇਬ੍ਰੇਰੀ
ਹੈ; ਪਰ ਉਸਦੇ ਮੰਤ੍ਰਾਲੇ ਪਾਸ ਨਹੀ ਸਗੋਂ ਸੀ. ਬੀ. ਆਈ. ਪਾਸ ਹੈ ਤੇ ਇਸਦੀ ਪ੍ਰਾਪਤੀ ਵਾਸਤੇ
ਸ਼੍ਰੋਮਣੀ ਕਮੇਟੀ ਨੂੰ ਸਿਧੀ ਸਬੰਧਤ ਮੰਤ੍ਰਾਲੇ ਨਾਲ ਲਿਖਾ-ਪੜ੍ਹੀ ਕਰਨੀ ਚਾਹੀਦੀ ਹੈ।
ਸਵਾਲ ਉਠਦਾ ਹੈ ਕਿ ਸੋਲ੍ਹਾਂ ਸਾਲਾਂ ਪਿਛੋਂ ਇੱਕ ਸਰਕਾਰੀ ਵਜ਼ੀਰ ਨੇ ਇਸ ਸੱਚਾਈ ਨੂੰ ਹੁਣ ਕਿਉਂ
ਕਬੂਲ ਕੀਤਾ ਜਦੋਂ ਕਿ ਪਿਛਲੀਆਂ ਸਰਕਾਰਾਂ, ਸਮੇਤ ਪਾਰਲੀਮੈਂਟ ਦੇ, ਸਾਰੀ ਦੁਨੀਆਂ ਨੂੰ ਇਸ ਬਾਰੇ
ਝੂਠ ਬੋਲ ਤੇ ਝੂਠ ਲਿਖ ਕੇ ਗੁਮਰਾਹ ਕਰਦੀਆਂ ਆ ਰਹੀਆਂ ਸਨ! ਕੀ ਇਸ ਸੱਚਾਈ ਨੂੰ ਕਬੂਲਣ ਦੇ ਪਿਛੇ
ਕਿਤੇ ਸ਼੍ਰੀ ਫ਼ਰਨੈਡਜ਼ ਜੀ ਦੀ ਆਪਣੀ ਨਿਜੀ ਸ਼ਖਸ਼ੀਅਤ ਹੀ ਤਾਂ ਕਾਰਨ ਨਹੀ! ਸੁਣਦੇ ਸਾਂ ਕਿ ੧੯੭੫ ਵਿੱਚ
ਨਰਕਵਾਸੀ ਇੰਦਰਾ ਗਾਂਧੀ ਵਲੋਂ ਲੱਗਾਈ ਗਈ ਐਮਰਜੈਂਸੀ ਦੌਰਾਨ, ਆਪਣੀ ਗ੍ਰਿਫਤਾਰੀ ਤੋਂ ਬਚਣ ਲਈ,
ਸ੍ਰੀ ਫ਼ਰਨੈਡਜ਼ ਜੀ ਇੱਕ ਸਿੱਖ ਦੇ ਭੇਸ ਵਿੱਚ ਵਿਚਰਦੇ ਰਹੇ ਸਨ ਤੇ ਕੁਦਰਤੀ ਹੈ ਕਿ ਇਸ ਦੌਰਾਨ ਸਿੱਖ
ਵਿਅਕਤੀਆਂ ਅਤੇ ਸਿੱਖ ਸੰਸਥਾਵਾਂ ਦੇ ਸੰਪਰਕ ਵਿੱਚ ਆਉਣ ਸਦਕਾ, ਸ਼੍ਰੀ ਚੰਦਰ ਸ਼ੇਖਰ ਵਾਂਗ, ਇਹਨਾਂ ਦੇ
ਦਿਲ ਵਿੱਚ ਵੀ ਸਿੱਖਾਂ ਦੀਆਂ ਸਿਫਤਾਂ ਦਾ ਕੋਈ ਥੋਹੜਾ-ਬਹੁਤਾ ਪ੍ਰਭਾਵ ਰਹਿ ਗਿਆ ਹੋਵੇ ਤੇ ਉਸ ਕਰਕੇ
ਹੀ ਉਹਨਾਂ ਨੇ ਲਾਇਬ੍ਰੇਰੀ ਸਬੰਧੀ ਸਚਾਈ ਨੂੰ ਮੰਨ ਲਿਆ ਹੋਵੇ! ਜਾਂ ਫੇਰ ਇਹ ਵੀ ਹੋ ਸਕਦਾ ਹੈ ਕਿ
ਇਹਨਾਂ ਦਿਨਾਂ ਦੌਰਾਨ ਕੁੱਝ ਗੁੰਡਿਆਂ ਵਲੋਂ ਈਸਾਈ ਸੰਸਥਾਵਾਂ ਅਤੇ ਅਬਲਾਵਾਂ ਉਪਰ ਹਮਲੇ ਹੋ ਰਹੇ
ਹੋਣ ਕਰਕੇ, ਸ਼੍ਰੀ ਜਾਰਜ ਫ਼ਰਨੈਡਜ਼ ਜੀ ਨੂੰ ਸਿੱਖਾਂ ਦੇ ਸਾਥ ਦੀ ਜਰੂਰਤ ਮਹਿਸੂਸ ਹੋਈ ਹੋਵੇ; ਕਿਉਂਕਿ
ਦੋ ਵਿਅਕਤੀ ਜਾਂ ਦੋ ਕਮਿਊਨਿਟੀਆਂ ਜੋ ਕਿ ਇੱਕ ਜ਼ਾਲਮ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਹਨ, ਉਹਨਾਂ ਦਾ
ਇਕ-ਦੂਜੇ ਦੇ ਨੇੜੇ ਆਉਣਾ ਕੁਦਰਤੀ ਹੈ। ਸਾਂਝੇ ਜ਼ਾਲਮ ਦੁਸ਼ਮਣ ਤੋਂ ਬਚਾ ਕਰਨ ਦੀ ਭਾਵਨਾ ਦੋ ਮਜਲੂਮਾਂ
ਨੂੰ ਮਿੱਤਰ ਬਣਨ ਵਿੱਚ ਸਹਾਈ ਹੋ ਜਾਂਦੀ ਹੈ; ਅਤੇ ਇਸਦੇ ਸਬੂਤ ਵਜੋਂ ਇੱਕ ਤੋਂ ਵਧ ਥਾਂਵਾਂ ਤੇ
ਕੁੱਝ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਕੇ, ਇਸਾਈ ਸੰਤਣੀਆਂ ਦੀ ਬੇਪਤੀ ਕਰਨ ਤੋਂ
ਗੁੰਡਿਆਂ ਨੂੰ ਰੋਕ ਕੇ ਭਜਾਇਆ ਵੀ ਹੈ।
ਉਪ੍ਰੋਕਤ ਦੋਵੇਂ ਕਾਰਨਾਂ ਵਿਚੋਂ ਕੋਈ ਇੱਕ ਜਾਂ ਦੋਵੇਂ ਵੀ ਹੋਣ ਤਾਂ ਧੰਨ ਭਾਗ! ਪਰ ਇੱਕ ਤੀਜਾ
ਕਾਰਨ ਵੀ ਹੋ ਸਕਦਾ ਹੈ ਜਿਸ ਤੋਂ ਸਿੱਖ ਜ਼ਿਮੇਵਾਰ ਵਿਅਕਤੀਆਂ, ਸੰਸਥਾਵਾਂ ਅਤੇ ਵਿਦਵਾਨਾਂ ਨੂੰ ਬੜੀ
ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇੱਕ ਸਾਹਮਣੇ ਵਾਪਰੀ ਘਟਨਾ ਦਾ ਜ਼ਿਕਰ ਕਰਦਾ ਹਾਂ। ੧੯੮੫ ਦੇ ਤਕਰੀਬਨ
ਅਧ ਜਿਹੇ ਦਾ ਵਾਕਿਆ ਹੈ। ਆਸਟ੍ਰੇਲੀਆ ਦੀ ਸਟੇਟ ਕਵੀਨਜ਼ਲੈਂਡ ਦੀ ਰਾਜਧਾਨੀ, ਬ੍ਰਿਸਬਿਨ ਦੇ ਇੱਕ
ਸਬਅਰਬ ਵਿਚ, ਕਿਸੇ ਸੱਜਣ ਦੇ ਘਰ ਕੁੱਝ ਸਿੱਖ ਸਰਦਾਰ ਰਾਤ ਦੇ ਭੋਜਨ ਉਪਰ ਇਕੱਤਰ ਸਨ। ਘਰ ਵਾਲੇ
ਸੱਜਣ ਦਾ ਨਾਂ ਹੁਣ ਮੈਨੂੰ ਯਾਦ ਨਹੀ ਰਿਹਾ। ਓਥੇ ਹੀ, ਉਸ ਸਮੇ ਮੁਰਵਿਲੰਭਾ ਅਤੇ ਹੁਣ ਨਾਰਥ
ਕਵੀਨਜ਼ੈਂਡ ਵਾਸੀ, ਸਰਦਾਰ ਸ਼ਿੰਗਾਰਾ ਸਿੰਘ ਧੋਤੜ, ਮੈਨੂੰ ਵੀ ਲੈ ਗਏ। ਗੱਲ-ਬਾਤ ਦੌਰਾਨ, ਨਾਰਥ
ਕਵੀਨਜ਼ੈਂਡ ਦੇ ਵਸਨੀਕ ਸਰਦਾਰ ਸਤਿਨਾਮ ਸਿੰਘ ਸੈਣੀ, ਨੇ ਬਹੁਤ ਹੀ ਭੇਤ ਵਾਲੀ ਅਤੇ ਮਹੱਤਵਪੂਰਨ ਗੱਲ
ਓਥੇ ਆਖੀ। ਉਹਨਾਂ ਦੱਸਿਆ ਕਿ ਲਾਇਬ੍ਰੇਰੀ ਸਾੜੀ ਨਹੀ ਗਈ ਬਲਕਿ ਓਥੋਂ ਕਢ ਕੇ ਲੈ ਜਾਈ ਗਈ ਹੈ। ਮੇਰੇ
ਇਸ ਸਵਾਲ ਤੇ ਕਿ ਲੈ ਜਾਣ ਦਾ ਕੀ ਫਾਇਦਾ ਸਰਕਾਰ ਨੂੰ! ਤਾਂ ਉਤਰ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ
ਉਸ ਵਿੱਚ ਮਨ ਮਾਨੀਆਂ ਤਬਦੀਲੀਆਂ ਕਰਕੇ ਫੇਰ ਵਾਪਸ ਲੋਕਾਂ ਵਿੱਚ ਪੁਚਾਵੇਗੀ ਤਾਂ ਕਿ ਸਿੱਖ ਸਿਧਾਂਤ,
ਸਿੱਖ ਇਤਿਹਾਸ, ਸਿੱਖ ਧਰਮ, ਸਿਖ ਫਲਸਫੇ ਵਿੱਚ ਰੋਲ਼-ਘਚੋਲ਼ਾ ਪਾਇਆ ਜਾਵੇ। ਇਹਨਾਂ ਦੇ ਸ਼ਬਦ-ਗੁਰੂ,
ਗੁਰੂ-ਪੰਥ ਵਾਲੀ ਸੋਚ ਨੂੰ ਕੁਰਾਹੇ ਪਾਇਆ ਜਾ ਸਕੇ। ਮੈਨੂੰ ਇਸ ਸੁਨਸਨੀਖੇਜ਼ ਇਨਕਸ਼ਾਫ ਤੇ ਇਤਬਾਰ ਨਾ
ਆਇਆ ਤੇ ਸਵਾਲ ਕੀਤਾ, “ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਹੈ?” ਤਾਂ ਉਤਰ ਮਿਲਿਆ ਕਿ ਉਹਨਾਂ ਨੂੰ
ਕਿਸੇ ਰਿਸ਼ਤੇਦਾਰ ਤੋਂ ਇਸ ਗੱਲ ਦੀ ਸੁੰਧਕ ਮਿਲੀ ਹੈ ਜੋ ਕਿ ਖੁਦ ਸਿੱਖੀ ਦੀ ਮੁਖ ਧਾਰਾ ਨੂੰ ਛੱਡਕੇ
ਕਿਸੇ ਹੋਰ ਸੰਸਥਾ ਦਾ ਪੈਰੋਕਾਰ ਬਣ ਚੁੱਕਾ ਹੈ।
ਹਾਲਾਂ ਕਿ ਮੈ ਆਪਣੇ ਸੁਭਾ ਅਨੁਸਾਰ ਹਰੇਕ ਦੀ ਗੱਲ ਨੂੰ ਸੱਤ ਕਰਕੇ ਹੀ ਮੰਨ ਲੈਂਦਾ ਹਾਂ ਪਰ ਇਹ ਗੱਲ
ਮੈਨੂੰ ਅਸੱਤ ਜਿਹੀ ਲੱਗੀ ਤੇ ਮੈ ਇਸਨੂੰ ਸਰਦਾਰਾਂ ਦੇ ਰਾਤਰੀ ਭੋਜਨ ਦੌਰਾਨ ਮਾਰੀ ਗਈ ਇੱਕ ਗੱਪ ਹੀ
ਸਮਝਿਆ। ਹੁਣ ਉਹ ਸੱਚਾਈ ਬਣ ਕੇ ਸਾਹਮਣੇ ਆਈ ਜਿਸਨੂੰ ਏਨਾ ਚਿਰ ਪਹਿਲਾਂ ਮੈ ਹਨੇਰੇ ਵਿੱਚ ਮਾਰੀ ਗਈ
ਤਲਵਾਰ ਹੀ ਸਮਝਦਾ ਰਿਹਾ ਸਾਂ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ
ਬਾਅਦ ਵਿੱਚ ਪਤਾ ਦਿੰਦੇ ਹਨ। "ਜਾਦੂ ਉਹ ਜੋ ਸਿਰ ਚੜ੍ਹ ਬੋਲੇ। "
ਇਕ ਅਹਿਮ ਸਵਾਲ ਇਹ ਵੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਲਾਇਬ੍ਰੇਰੀ ਦੇ ਗ੍ਰੰਥਾਂ ਨੂੰ
ਫੌਜ ਚੁੱਕ ਕੇ, ਅੰਮ੍ਰਿਤਸਰ ਸਥਿਤ, ਆਪਣੇ ਹੈਡਕੁਆਰਟਰਜ਼ ਵਿੱਚ ਲੈ ਕੇ ਗਈ ਤੇ ਸ਼੍ਰੋਮਣੀ ਕਮੇਟੀ ਦੀ
ਜਾਣਕਾਰੀ ਅਨੁਸਾਰ, ਓਥੇ ਉਹਨਾਂ ਗ੍ਰੰਥਾਂ ਦੀ ਲਿਸਟ ਤਿਆਰ ਕਰਕੇ, ਟਰੰਕਾਂ ਵਿੱਚ ਲੱਦ ਕੇ, ਕਿਸੇ
ਅਣਜਾਣੀ ਥਾਂ ਤੇ ਲਿਜਾਇਆ ਗਿਆ ਅਤੇ ਸਰਦਾਰ ਜਗਮੀਤ ਸਿੰਘ ਬਰਾੜ ਦੀ ਲੋਕ ਸਭਾ ਵਿੱਚ ਦਿਤੀ ਗਈ ਸਪੀਚ
ਅਨੁਸਾਰ, ਉਹ ਗ੍ਰੰਥ ਅਤੇ ਸਾਡਾ ਪੰਜ ਸਦੀਆਂ ਦਾ ਧਾਰਮਿਕ ਤੇ ਇਤਿਹਾਸਕ ਸਾਹਿਤ, ਮੇਰਠ ਵਿਖੇ ਫੌਜੀ
ਕੰਟ੍ਰੋਲ ਵਿੱਚ ਰੱਖਿਆ ਗਿਆ; ਪਰ ਹੁਣ ਰਖਿਆ ਮੰਤਰੀ ਜੀ ਆਖ ਰਹੇ ਹਨ ਕਿ ਉਹ ਸਾਰਾ ਕੁੱਝ ਸੀ. ਬੀ.
ਆਈ. ਪਾਸ ਹੈ। ਕੀ ਇਹਨਾਂ ਵਾਕਿਆਤ ਤੋਂ ਇਹ ਸਾਬਤ ਨਹੀ ਹੁੰਦਾ ਕਿ ਉਹਨਾਂ ਸਾਰੇ ਗ੍ਰੰਥਾਂ ਦੀ, ਸੀ.
ਬੀ. ਆਈ. ਦੇ ਅਦਾਰੇ ਅੰਦਰ ਕੰਮ ਕਰਦੇ, ਸਰਕਾਰੀ ਖ੍ਰੀਦੇ ਹੋਏ ਵਿਦਵਾਨਾਂ ਪਾਸੋਂ ਛਾਣ ਬੀਣ ਕਰਵਾ ਕੇ
ਤੇ ਉਹਨਾਂ ਵਿੱਚ ਲੋੜੀਂਦੀ ਅਦਲਾ-ਬਦਲੀ ਕਰਕੇ ਹੁਣ ਪੰਥ ਨੂੰ ਵਾਪਸ ਕਰਨ ਲਈ ਮੈਦਾਨ ਤਿਆਰ ਕੀਤਾ ਜਾ
ਰਿਹਾ ਹੈ!
ਹੁਣ ਪੰਥ ਨੂੰ ਇਸ ਗੱਲੋਂ ਵੀ ਸਾਵਧਾਨ ਹੋਣ ਦੀ ਲੋੜ ਹੈ ਕਿ ਕਿਤੇ ਸ਼੍ਰੀ ਫ਼ਰਨੈਡਜ਼ ਜੀ ਤੋਂ ਵੀ ੧੯੪੭
ਤੋਂ ਚਲੀ ਆ ਰਹੀ ਸਰਕਾਰੀ ਨੀਤੀ ਅਨੁਸਾਰ ਹੀ ਤਾਂ ਨਹੀ ਇਸ ਸੱਚਾਈ ਨੂੰ ਇਸ ਸਮੇ ਜ਼ਾਹਰ ਕਰਵਾਇਆ ਗਿਆ;
ਜਦੋਂ ਕਿ ਇਸ ਸਮੇ ਪੰਜਾਬ ਅੰਦਰ ਰ. ਸ. ਸ ਵਰਗੀਆਂ ਜਥੇਬੰਦੀਆਂ ਵਲੋਂ ਧੂੰਆਂ ਧਾਰ ਪ੍ਰਾਪੇਗੰਡਾ,
ਸਿੱਖਾਂ ਨੂੰ ਹਿੰਦੂ ਵਿਸ਼ਾਲ ਸਮੁੰਦਰ ਵਿੱਚ ਡੋਬ ਕੇ ਮਾਰਨ ਲਈ ਕੀਤਾ ਜਾ ਰਿਹਾ ਹੈ; ਕਿਤੇ ਇਹ ਵੀ
ਤਾਂ ਓਸੇ ਸਾਜਸ਼ ਦੀ ਇੱਕ ਅਹਿਮ ਕੜੀ ਤਾਂ ਨਹੀ ਕਿ ਐਨ ਇਸ ਸਮੇ ਹੀ ਮਿਲਾਵਟ ਪਾਈ ਹੋਈ ਲਾਇਬ੍ਰੇਰੀ
ਸਿੱਖਾਂ ਦੇ ਹਵਾਲੇ ਕਰ ਦਿਓ। ਇਸ ਨਾਲ ਇੱਕ ਤਾਂ ਹਿੰਦ ਸਰਕਾਰ ਵਿੱਚ ਬੈਠੇ ਹੋਏ ਘਟ ਗਿਣਤੀਆਂ ਦੇ
ਖਾਤਮੇ ਲਈ ‘ਪ੍ਰਤੀਬਧ ਸੱਜਣਾਂ’ ਦੀ ਸਾਜਸ਼ ਸਿਰੇ ਚੜ੍ਹ ਜਾਵੇਗੀ ਤੇ ਨਾਲ ਦੀ ਨਾਲ ਹੀ, ਖੁਦ ਨੂੰ
ਚਲਾਕ ਸਮਝਣ ਵਾਲੇ ਪਰ ਅੰਦਰੋਂ ਸਵਾਰਥ ਦੇ ਪੜਦੇ ਨਾਲ ਕੱਜੀ ਹੋਈ ਅਕਲ ਦੇ ਮਾਲਕ, ਖੁਸ਼ੀਆਂ ਦੇ
ਜੈਕਾਰੇ ਗਜਾ ਕੇ, ਨਗਾਰੇ ਖੜਕਾ ਕੇ, ਦੀਵੇ ਜਗਾ ਕੇ ਮੌਜੂਦਾ ਸਰਕਾਰ ਦਾ ਧੰਨਵਾਦ ਕਰਨ ਹਿਤ ਉਚੇਚੇ
ਜਸ਼ਨ ਮਨਾਉਣ ਵਾਸਤੇ ਇੱਕ ਦੂਜੇ ਤੋਂ ਅਗੇ ਲੰਘਣ ਦੀ ਖੇਡ ਖੇਡਣਗੇ!
ਅਜੇ ਹਿੰਦਾਲੀਆਂ ਦੀ ਵਿਗਾੜੀ ਹੋਈ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮਸਾਖੀ ਤੋਂ ਸਾਡਾ ਛੁਟਕਾਰਾ
ਨਹੀ ਹੋਇਆ ਤੇ ਉਤੋਂ ਇਹ ਹੋਰ, ਉਸ ਤੋਂ ਕਿਤੇ ਵਧ ਚਲਾਕੀ ਤੇ ਮਕਾਰੀ ਭਰੀ ਯੋਗਤਾ ਨਾਲ ਵਿਗਾੜੇ ਗਏ,
ਪੰਜ ਸਦੀਆਂ ਦੇ ਸਾਡੇ ਧਾਰਮਿਕ, ਸਾਹਿਤਕ, ਸਭਿਆਚਾਰਕ ਤੇ ਇਤਿਹਾਸਕ ਵਿਰਸੇ ਨਾਲ ਸਾਡਾ ਵਾਹ ਪੈ
ਜਾਵੇ!
ਸਾਵਧਾਨ! ਹੋਸ਼ਿਆਰ! ! ਖ਼ਬਰਦਾਰ! ! !
ਉਠੋ, ਕੌਮ ਕੀ ਫਿਲਕਰ ਕਰੋ ਐ ਨਾਦਾਨੋ
ਤੁਮ੍ਹਾਰੀ ਬਰਬਾਦੀਓਂ ਕੇ ਚਰਚੇ ਹੈਂ ਆਸਮਾਨੋ ਮੇ।
ਨਾ ਸਮਝੋਗੇ ਤੋ ਮਿਟ ਜਾਓਗੇ ਐ ਸਿੱਖੋ,
ਤੁਮ੍ਹਾਰੀ ਦਾਸਤਾਨ ਭੀ ਨਾ ਹੋਗੀ ਦਾਸਤਾਨੋ ਮੇਂ।
ਹਾਏ! ਕਿਸ ਵਕਤ ਕੰਬਖ਼ਤ ਕੋ ਖ਼ੁਦਾ ਯਾਦ ਆਇਆ! !