ਪ੍ਰਸ਼ਨ: ਸਤਿਗੁਰ ਮੇਰਾ ਮਾਰਿ ਜੀਵਾਲੈ॥ ਪੰਗਤੀ ਦਾ ਕੀ ਇਹ ਅਰਥ ਹੈ ਕਿ
ਸਤਿਗੁਰੂ ਮਨੁੱਖ ਨੂੰ ਮਾਰ ਕੇ ਫਿਰ ਜਿਊਂਦਾ ਕਰ ਦੇਂਦਾ ਹੈ?
ਉੱਤਰ:
ਇਸ ਪੰਗਤੀ ਦਾ
ਆਮ ਤੌਰ ਤੇ ਇਹ ਹੀ ਅਰਥ ਕੀਤਾ/ਸਮਝਿਆ ਜਾਂਦਾ ਹੈ ਕਿ ਸਤਿਗੁਰੂ ਮਨੁੱਖ ਨੂੰ ਮੌਤ ਦੇ ਘਾਟ ਉਤਾਰ ਕੇ
ਫਿਰ ਜਿਵਾ ਦੇਂਦਾ ਹੈ। ਮੌਤ ਤੋਂ ਭਾਵ ਸਰੀਰਕ ਮੌਤ ਤੋਂ ਲਿਆ ਜਾਂਦਾ ਹੈ। ਇਹ ਭਾਵ ਲੈਣ ਨਾਲ ਅਰਥ ਇਹ
ਬਣਦਾ ਹੈ ਕਿ ਸਤਿਗੁਰੂ ਜੀ ਪਹਿਲਾਂ ਮਨੁੱਖ ਨੂੰ ਸਰੀਰਕ ਮੌਤੇ ਮਾਰਦੇ ਹਨ ਅਤੇ ਫਿਰ ਉਸ ਨੂੰ ਜਿਊਂਦਾ
ਕਰ ਦੇਂਦੇ ਹਨ। ਇਸ ਪੰਗਤੀ ਦਾ ਇਹ ਅਰਥ ਕਰਨ/ਸਮਝਣ ਵਾਲੇ ਸੱਜਣ ਜਦ ਦਸਮੇਸ਼ ਪਾਤਸ਼ਾਹ ਵਲੋਂ ਪੰਜ
ਪਿਆਰਿਆਂ ਤੋਂ ਸੀਸ ਮੰਗਣ ਵਾਲੀ ਅਲੌਕਕ ਘਟਨਾ ਦਾ ਵਰਣਨ ਕਰਦੇ ਹਨ ਤਾਂ ਇਸ ਪੰਗਤੀ ਦਾ ਜ਼ਰੂਰ ਹਵਾਲਾ
ਦੇਂਦੇ ਹਨ। ਪਰ ਜਦ ਅਸੀਂ ਧਿਆਨ ਨਾਲ ਗੁਰਬਾਣੀ ਨੂੰ ਪੜ੍ਹਦੇ/ਵਿਚਾਰਦੇ ਹਾਂ ਤਾਂ ਇਹ ਗੱਲ ਸਪਸ਼ਟ
ਹੁੰਦੀ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਸਤਿਗੁਰੂ ਜੀ ਨੇ ਇਸ ਪੰਗਤੀ ਵਿੱਚ ਹੀ ਨਹੀਂ ਬਲਕਿ ਕਿਧਰੇ
ਵੀ ਇਸ ਸ਼ਬਦ ਨੂੰ ਇਨ੍ਹਾਂ ਅਰਥਾਂ ਵਿੱਚ ਨਹੀਂ ਵਰਤਿਆ। ਗੁਰੂ ਗਰੰਥ ਸਾਹਿਬ ਵਿੱਚ ਇਹੋ ਜਿਹੇ ਸ਼ਬਦਾਂ
ਦਾ ਭਾਵ ਅਰਥ ਸਮਝਣ ਲਈ ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਫਰੋਲ਼ਨ ਦੀ ਜ਼ਰੂਰਤ ਨਹੀਂ, ਗੁਰਬਾਣੀ ਨੂੰ
ਹੀ ਧਿਆਨ ਨਾਲ ਪੜ੍ਹਨ/ਵਿਚਾਰਨ ਦੀ ਲੋੜ ਹੈ। ਇਸ ਲਈ ਇਸ ਪੰਗਤੀ ਦਾ ਅਰਥ/ਭਾਵ ਗੁਰਬਾਣੀ ਦੀ ਰੌਸ਼ਨੀ
ਵਿੱਚ ਹੀ ਦੇਖਣ/ਸਮਝਣ ਦੀ ਜ਼ਰੂਰਤ ਹੈ। ਇਸ ਪੰਗਤੀ ਦਾ ਭਾਵਾਰਥ ਦੇਖਣ ਤੋਂ ਪਹਿਲਾਂ ਇਹ ਦੇਖ ਲੈਣਾ
ਜ਼ਰੂਰੀ ਹੈ ਕਿ ਗੁਰਦੇਵ ਨੇ ਮਰੇ ਹੋਏ ਕਿਨ੍ਹਾਂ ਨੂੰ ਆਖਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਇਸ ਭਾਵ
ਨੂੰ ਦਰਸਾਉਣ ਵਾਲੀਆਂ ਕਈ ਪੰਗਤੀਆਂ ਵਿਚੋਂ ਕੇਵਲ ਦੋ ਕੁ ਹੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ:
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ
ਮਿਰਤਕੁ ਹੈ ਸੰਸਾਰਿ॥ (ਪੰਨਾ 88)
ਅਰਥ: (ਮਨੁੱਖਾ
ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ
ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ, (ਤੇ ਇਸ ਤਰ੍ਹਾਂ) ਹਿਰਦੇ ਵਿੱਚ ਸੱਚਾ ਚਾਨਣ ਨਹੀਂ
ਹੋਇਆ, ਉਹ ਜੀਵ ਸੰਸਾਰ ਵਿੱਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ
ਪ੍ਰੀਤਿ ਨਹੀਂ ਭਗਵੰਤ॥ (ਪੰਨਾ 253)
ਅਰਥ: ਜੇ
ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ!
ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ
ਵਿੱਚ ਮਰੀ ਹੋਈ ਆਤਮਾ ਵਾਲੇ)।
ਵਿਕਾਰਾਂ ਦੇ ਢਹੇ ਚੜ੍ਹ ਕੇ ਆਪਣੀ ਆਤਮਕ ਗੁਣਾਂ ਦੀ ਰਾਸ ਪੂੰਜੀ ਨੂੰ ਲੁਟਾ
ਕੇ ਆਤਮਕ ਮੌਤੇ ਮੋਏ ਹੋਇਆਂ ਨੂੰ ਹੀ ਗੁਰੂ ਗਰੰਥ ਸਾਹਿਬ ਵਿੱਚ ਮੁਰਦੇ ਆਖਿਆ ਹੈ। (ਨੋਟ: ਮਿਰਤਕ
ਸ਼ਬਦ ਲੋਥ/ਪ੍ਰਾਣ ਰਹਿਤ ਦੇਹ ਦੇ ਅਰਥ ਵਿੱਚ ਵੀ ਆਇਆ ਹੈ। ਜਿਵੇਂ ਕਵਨ ਅਰਥ ਮਿਰਤਕ ਸੀਗਾਰ॥ ਪੰਨਾ
282)
ਗੁਰੂ ਸਾਹਿਬ ਨੇ ਮਿਰਤਕ ਕਿਨ੍ਹਾਂ ਨੂੰ ਕਿਹਾ ਹੈ ਇਹ ਸਮਝਣ ਮਗਰੋਂ ਹੁਣ
ਸਤਿਗੁਰੂ ਇਹਨਾਂ ਮੁਰਦਿਆਂ ਨੂੰ ਜਿਵਾਉਂਦੇ ਕਿਵੇਂ ਹਨ, ਇਸ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਸਮਝ
ਲਈਏ। ਨਿਮਨ ਲਿਖਤ ਸ਼ਬਦਾਂ ਵਿੱਚ ਇਸ ਦਾ ਸਰੂਪ ਦੇਖਿਆ ਜਾ ਸਕਦਾ ਹੈ:
ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ
ਜੀਵਾਇਆ ਰਾਮ॥ (ਪੰਨਾ 539)
ਅਰਥ: ਹੇ ਮੇਰੀ
ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ ਵਿੱਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ – ਜਲ ਚੋਅ
ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ।
ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿ ਭਾ॥
(ਪੰਨਾ 1337)
ਅਰਥ: ਹੇ ਭਾਈ! ਅਸੀ ਜੀਵ ਆਤਮਕ
ਮੌਤੇ ਮਰੇ ਰਹਿੰਦੇ ਹਾਂ। ਸਤਿਗੁਰੂ ਨੇ ਜਦੋਂ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ
ਦਿੱਤਾ ਤਾਂ ਹਰਿ-ਨਾਮ ਜਪ ਕੇ ਅਸੀ ਆਤਮਕ ਜੀਵਨ ਹਾਸਲ ਕਰ ਲੈਂਦੇ ਹਾਂ।
ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ॥ (ਪੰਨਾ
447)
ਅਰਥ: ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ
ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ
ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ। (ਨੋਟ: ਆਤਮਕ ਜੀਵਨ ਵਾਲੇ ਨੂੰ
ਮੌਤ ਨਹੀਂ ਵਿਆਪਦੀ ਦਾ ਅਰਥ ਇਹ ਨਹੀਂ ਹੈ ਕਿ ਉਸ ਨੂੰ ਸਰੀਰਕ ਮੌਤ ਨਹੀਂ ਆਉਦੀ, ਇਸ ਮੌਤੇ ਤਾਂ
ਸਾਰਿਆਂ ਨੇ ਹੀ ਮਰਨਾ ਹੈ; ਪਰ ਇੱਥੇ ਆਤਮਕ ਜੀਵਨ ਮਾਣ ਰਹੇ ਨੂੰ ਆਤਮਿਕ ਮੌਤ ਨਾ ਵਿਆਪਣ ਤੋਂ ਭਾਵ
ਹੈ।)
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ॥ ਪਸੂ ਪਰੇਤ ਮੁਗਧ ਭਏ
ਸ੍ਰੋਤੇ ਹਰਿ ਨਾਮਾ ਮੁਖਿ ਗਾਇਆ॥ (ਪੰਨਾ 614) ਅਰਥ :
ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ
ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ
ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ
ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ
ਜਾਂਦੇ ਹਨ।
ਗੁਰਮੁਖਿ ਕਰਣੀ ਕਾਰ ਕਮਾਵੈ॥ ਤਾ ਇਸੁ ਮਨ ਕੀ ਸੋਝੀ ਪਾਵੈ॥ ਮਨੁ ਮੈ ਮਤੁ
ਮੈਗਲ ਮਿਕਦਾਰਾ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ॥ (ਪੰਨਾ 159) ਅਰਥ:
ਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ
ਆਚਰਨ ਬਣਾਣ ਦੀ ਕਾਰ ਕਰਦਾ ਹੈ, ਤਦੋਂ ਉਸ ਨੂੰ ਇਸ ਮਨ (ਦੇ ਸੁਭਾਵ) ਦੀ ਸਮਝ ਆ ਜਾਂਦੀ ਹੈ, (ਤਦੋਂ
ਉਹ ਸਮਝ ਲੈਂਦਾ ਹੈ ਕਿ) ਮਨ ਹਉਮੈ ਵਿੱਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿੱਚ ਮਸਤ
ਹੋਵੇ। ਗੁਰੂ ਹੀ (ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ) ਅੰਕੁਸ ਮਾਰ ਕੇ (ਮੁੜ) ਆਤਮਕ
ਜੀਵਨ ਦੇਣ ਦੇ ਸਮਰੱਥ ਹੈ।
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ॥ ਸਬਦੇ ਮਨੁ
ਤਨੁ ਨਿਰਮਲ ਹੋਆ ਹਰਿ ਵਸਿਆ ਮਨਿ ਆਈ॥ (ਪੰਨਾ 601)
ਅਰਥ: ਹੇ ਭਾਈ! ਅਸੀਂ (ਜੀਵ) ਗੁਰੂ ਦੇ
ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ
(ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹੁੰਦੀ
ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਅਤੇ ਪ੍ਰਮਾਤਮਾ ਮਨ ਵਿੱਚ ਆ ਵੱਸਦਾ ਹੈ।
ਤੇਰੀ ਭਗਤਿ ਸਚੀ ਜੇ ਸਚੇ ਭਾਵੈ॥ ਆਪੇ ਦੇਇ ਨ ਪਛੋਤਾਵੈ॥ ਸਭਨਾ ਜੀਆ ਕਾ ਏਕੋ
ਦਾਤਾ ਸਬਦੇ ਮਾਰਿ ਜੀਵਾਵਣਿਆ॥ (ਪੰਨਾ 112)
ਅਰਥ:
ਹੇ ਸਦਾ-ਥਿਰ ਪ੍ਰਭੂ! ਤੇਰੀ ਭਗਤੀ (ਦੀ ਦਾਤਿ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ।
(ਹੇ ਭਾਈ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ,
(ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ
ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ
ਹੈ।
ਗੁਰੂ ਗਰੰਥ ਸਾਹਿਬ ਵਿੱਚ ਸਪਸ਼ਟ ਸ਼ਬਦਾਂ ਵਿੱਚ ਇਸ ਗੱਲ ਦਾ ਵਰਣਨ ਹੈ ਕਿ
ਗੁਰੂ ਰਾਂਹੀਂ ਅਜਿਹੀ ਮੌਤ ਮਰਨ ਤੋਂ ਬਿਨਾਂ ਪ੍ਰਭੂ ਚਰਨਾਂ ਵਿੱਚ ਨਹੀਂ ਜੁੜਿਆ ਜਾ ਸਕਦਾ:
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ
ਹਮਾਰੈ ਪਾਸਿ॥ (ਪੰਨਾ 1102)
ਅਰਥ: (ਪਰਮਾਤਮਾ ਵਲੋਂ ਸੁਨੇਹਾ ਹੈ—ਹੇ ਬੰਦੇ!) ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ, ਜੇ
ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ
(ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ। 1.
ਗੁਰਦੇਵ ਦੇ ਇਹਨਾਂ ਬਚਨਾਂ ਤੋਂ ਸਪਸ਼ਟ ਹੈ ਕਿ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ
ਮੋਏ ਹੋਏ ਇਨਸਾਨ ਉਹ ਹਨ ਜੇਹੜੇ ਸੱਚ ਨਾਲੋਂ ਟੁੱਟੇ ਹੋਏ ਹਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗਿਆਨ
ਦਾ ਪ੍ਰਕਾਸ਼ ਨਾ ਹੋਣ ਕਾਰਨ ਵਿਕਾਰਾਂ ਦੇ ਢਹੇ ਚੜ੍ਹੇ ਹੋਏ ਹਨ। ਆਤਮਕ ਮੌਤ ਦਾ ਸ਼ਿਕਾਰ ਹੋਣ ਕਾਰਨ
ਉਹਨਾਂ ਦਾ ਆਪਣੇ ਗਿਆਨ ਅਤੇ ਕਰਮ ਇੰਦ੍ਰਿਆਂ `ਤੇ ਕਾਬੂ ਨਹੀਂ ਰਿਹਾ।
ਜਿਹਨਾਂ ਸੁਭਾਗਿਆਂ ਨੂੰ ਸਤਿਗੁਰੂ ਜੀ ਨੇ ਇਸ ਮੌਤੇ ਮਾਰਿਆ ਹੈ ਉਹਨਾਂ ਦੀ
ਜੀਵਨ – ਜੁਗਤ ਦਾ ਹੀ ਇਹਨਾਂ ਸ਼ਲੋਕਾਂ ਵਿੱਚ ਜ਼ਿਕਰ ਹੈ:
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ॥ ਪਾਵਹੁ ਤੇ ਪਿੰਗੁਲ ਭਇਆ ਮਾਰਿਆ
ਸਤਿਗੁਰ ਬਾਨ॥ 193॥ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ
ਕਰੇਜੇ ਛੇਕੁ॥ 194॥ (ਪੰਨਾ 1374)
ਅਰਥ: ਹੇ ਕਬੀਰ! ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ
ਮਾਰਦਾ ਹੈ, ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਤੇ ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ
ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ
ਨਿੰਦਾ ਨਹੀਂ ਸੁਣਦਾ, ਅਤੇ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ)। 193.
ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇੱਕ ਤੀਰ
ਮਾਰਦਾ ਹੈ, ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ
ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ। 194.
ਗੁਰੂ ਗਰੰਥ ਸਾਹਿਬ ਵਿੱਚ ਮੋਏ ਹੋਏ ਕੌਣ ਹਨ ਅਤੇ ਸਤਿਗੁਰੂ ਜੀ ਇਹਨਾਂ ਮਰੇ
ਹੋਇਆਂ ਨੂੰ ਕਿਸ ਤਰ੍ਹਾਂ ਜਿਵਾਉਂਦੇ ਹਨ, ਇਹ ਦੇਖਣ ਪਿੱਛੋਂ ਹੁਣ ਇਸ ਪੰਗਤੀ ਨੂੰ ਵਿਚਾਰਦੇ ਹਾਂ:
ਸਤਿਗੁਰੁ ਮੇਰਾ ਮਾਰਿ ਜੀਵਾਲੈ॥ ਇਹ ਪੰਗਤੀ ਗੁਰੂ ਅਰਜਨ ਸਾਹਿਬ ਜੀ ਦੇ ਰਾਗ ਭੈਰਉ ਵਿੱਚ ਉਚਾਰਣ
ਕੀਤੇ ਹੋਏ ਸ਼ਬਦ ਦੇ ਦੂਜੇ ਪਦੇ ਦੀ ਦੂਜੀ ਪੰਗਤੀ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ:
ਸਤਿਗੁਰ ਮੇਰਾ ਬੇਮੁਹਤਾਜੁ॥ ਸਤਿਗੁਰ ਮੇਰੇ ਸਚਾ ਸਾਜੁ॥ ਸਤਿਗੁਰੁ ਮੇਰਾ ਸਭਸ
ਕਾ ਦਾਤਾ॥ ਸਤਿਗੁਰੁ ਮੇਰਾ ਪੁਰਖੁ ਬਿਧਾਤਾ॥ 1॥ ਗੁਰ ਜੈਸਾ ਨਾਹੀ ਕੋ ਦੇਵ॥ ਜਿਸੁ ਮਸਤਕਿ ਭਾਗੁ ਸੁ
ਲਾਗਾ ਸੇਵ॥ 1॥ ਰਹਾਉ॥ ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰੁ ਮੇਰਾ ਮਾਰਿ ਜੀਵਾਲੈ॥ ਸਤਿਗੁਰ
ਮੇਰੇ ਕੀ ਵਡਿਆਈ॥ ਪ੍ਰਗਟੁ ਭਈ ਹੈ ਸਭਨੀ ਥਾਈ॥ 2॥ ਸਤਿਗੁਰੁ ਮੇਰਾ ਤਾਣੁ ਨਿਤਾਣੁ॥ ਸਤਿਗੁਰੁ ਮੇਰਾ
ਘਰਿ ਦੀਬਾਣੁ॥ ਸਤਿਗੁਰ ਕੈ ਹਉ ਸਦ ਬਲਿ ਜਾਇਆ॥ ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ॥ 3॥ ਜਿਨਿ ਗੁਰ
ਸੇਵਿਆ ਤਿਸੁ ਭਉ ਨ ਬਿਆਪੈ॥ ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ॥ ਨਾਨਕ ਸੋਧੇ ਸਿੰਮ੍ਰਿਤਿ
ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥ 4॥ (ਪੰਨਾ 1142)
ਅਰਥ:
ਹੇ ਭਾਈ! ਗੁਰੂ
ਵਰਗਾ ਹੋਰ ਕੋਈ ਦੇਵਤਾ ਨਹੀਂ ਹੈ। ਜਿਸ (ਮਨੁੱਖ) ਦੇ ਮੱਥੇ ਉਤੇ ਚੰਗੀ ਕਿਸਮਤ (ਜਾਗ ਪਏ) ਉਹ ਮਨੁੱਖ
ਗੁਰੂ ਦੀ ਸਰਨ ਪੈਂਦਾ ਹੈ। 1. ਰਹਾਉ।
ਹੇ ਭਾਈ! ਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ (ਗੁਰੂ ਦੀ ਕੋਈ ਆਪਣੀ
ਜ਼ਾਤੀ ਗ਼ਰਜ਼ ਨਹੀਂ) —ਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਯਾਦਾ ਹੈ (ਕਿ ਉਹ ਸਦਾ ਬੇ-ਗ਼ਰਜ਼ ਹੈ)।
ਹੇ ਭਾਈ! ਗੁਰੂ ਸਭ ਜੀਵਾਂ ਨੂੰ (ਦਾਤਾਂ) ਦੇਣ ਵਾਲਾ ਹੈ। ਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ
ਇੱਕ-ਰੂਪ ਹਨ। 1.
ਹੇ ਭਾਈ! ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ, (ਜਿਹੜਾ ਮਨੁੱਖ ਉਸ
ਦੇ ਦਰ ਤੇ ਆਉਂਦਾ ਹੈ, ਉਸ ਨੂੰ ਮਾਇਆ ਦੇ ਮੋਹ ਵੱਲੋਂ) ਮਾਰ ਕੇ ਆਤਮਕ ਜੀਵਨ ਦੇ ਦੇਂਦਾ ਹੈ। ਹੇ
ਭਾਈ! ਗੁਰੂ ਦੀ ਇਹ ਉੱਚੀ ਸੋਭਾ ਸਭਨੀਂ ਥਾਈਂ ਰੌਸ਼ਨ ਹੋ ਗਈ ਹੈ। 2.
ਹੇ ਭਾਈ! ਜਿਸ ਮਨੁੱਖ ਦਾ ਹੋਰ ਕੋਈ ਭੀ ਆਸਰਾ ਨਹੀਂ (ਜਦੋਂ ਉਹ ਗੁਰੂ ਦੀ
ਸਰਨ ਆ ਪੈਂਦਾ ਹੈ) ਗੁਰੂ (ਉਸ ਦਾ) ਆਸਰਾ ਬਣ ਜਾਂਦਾ ਹੈ, ਗੁਰੂ ਉਸ ਦੇ ਹਿਰਦੇ-ਘਰ ਵਿੱਚ ਸਹਾਰਾ
ਦੇਂਦਾ ਹੈ। ਹੇ ਭਾਈ! ਜਿਸ (ਗੁਰੂ) ਨੇ ਆਤਮਕ ਜੀਵਨ ਦਾ) ਸਿੱਧਾ ਰਾਹ ਵਿਖਾਲ ਦਿੱਤਾ ਹੈ, ਮੈਂ ਉਸ
ਤੋਂ ਸਦਾ ਕੁਰਬਾਨ ਜਾਂਦਾ ਹਾਂ। 3.
ਹੇ ਭਾਈ! ਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਡਰ ਉਸ ਉਤੇ ਆਪਣਾ
ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ। ਹੇ ਨਾਨਕ! (ਆਖ—ਹੇ ਭਾਈ!)
ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ) ਗੁਰੂ ਅਤੇ
ਪਰਮਾਤਮਾ ਵਿੱਚ ਕੋਈ ਭੀ ਫ਼ਰਕ ਨਹੀਂ ਹੈ। 4.
ਗੁਰੂ ਗਰੰਥ ਸਾਹਿਬ ਵਿੱਚ ਜਿੱਥੇ ਗੁਰੂ/ਪ੍ਰਭੂ ਵਲੋਂ ਕਿਸੇ ਪ੍ਰਾਣੀ ਨੂੰ
ਕੇਵਲ ਮਾਰਨ ਦਾ ਹੀ ਜ਼ਿਕਰ ਕੀਤਾ ਗਿਆ ਹੈ ਉੱਥੇ ਇਸ ਦਾ ਅਰਥ ਹੈ ਸਤਿਗੁਰੂ/ਵਾਹਿਗੁਰੂ ਵਲੋਂ
ਫਟਕਾਰੇ/ਦੁਰਕਾਰੇ ਹੋਏ ਵਿਅਕਤੀ। ਜਿਵੇਂ ਹਜ਼ੂਰ ਸੋਰਠਿ ਦੀ ਵਾਰ ਵਿਚਲੇ ਇਸ ਸ਼ਲੋਕ ਵਿੱਚ ਫ਼ਰਮਾਉਂਦੇ
ਹਨ:
ਸਤਿਗੁਰ ਪੁਰਖਿ ਜਿ
ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ॥ (ਪੰਨਾ 653)
ਅਰਥ: ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ
ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ
ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ। ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ
ਜਾਂਦਾ ਹੈ) ਮੁਕਾਲਖ ਖੱਟਦਾ ਹੈ।
ਸੋ, ਸਤਿਗੁਰ ਵਲੋਂ ਮਾਰ ਕੇ ਜਿਵਾਉਣ ਦਾ ਅਰਥ ਸਰੀਰਕ ਤੌਰ `ਤੇ ਮਨੁੱਖ ਨੂੰ
ਮਾਰ ਕੇ ਜਿਵਾਲਣ ਤੋਂ ਨਹੀਂ ਹੈ ਬਲਕਿ ਮਾਇਆ ਦੇ ਮੋਹ ਵਲੋਂ ਮਾਰ ਕੇ ਆਤਮਕ ਜੀਵਨ ਬਖ਼ਸ਼ਸ਼ ਕਰਨ ਤੋਂ
ਹੈ। ਵਿਕਾਰਾਂ ਵਿੱਚ ਪੈ ਕੇ ਆਤਮਕ ਮੌਤ ਦਾ ਸ਼ਿਕਾਰ ਹੋਏ ਇਨਸਾਨ ਨੂੰ ਨਾਮ ਦਾਨ (ਪ੍ਰਭੂ ਗੁਣਾਂ ਦਾ)
ਦੀ ਬਖਸ਼ਿਸ਼ ਕਰਕੇ ਆਤਮਕ ਤੌਰ `ਤੇ ਜਿਵਾਉਂਣ ਤੋਂ ਹੈ।
ਜਸਬੀਰ ਸਿੰਘ ਵੈਨਕੂਵਰ