.

ਕੀ ਪੀਰ ਬੁਧੂਸ਼ਾਹ ਜੀ ਦੀ ਮੁਕਤੀ ਨਹੀਂ ਹੋਈ ਸੀ?

ਪੀਰ ਬੁਧੂਸ਼ਾਹ ਜੀ ਦਾ ਜ਼ਿਕਰ ਇਤਿਹਾਸ ਵਿੱਚ ਦਸਮ ਪਾਤਸ਼ਾਹ ਜੀ ਦੇ ਸ਼ਰਧਾਲੂ ਵਜੋਂ ਆਉਂਦਾ ਹੈ। ਪੀਰ ਬੁਧੂਸ਼ਾਹ ਜੀ ਹਰਿਆਣੇ ਦੇ ਇੱਕ ਕਸਬੇ ‘ਸਢੋਰੇ’ ਦੇ ਵਸਨੀਕ ਸਨ। ਉਨ੍ਹਾਂ ਨੇ ਦਸ਼ਮੇਸ਼ ਜੀ ਵਲੋਂ ਜ਼ਬਰ-ਜ਼ੁਲਮ ਦੇ ਵਿਰੁੱਧ ਆਰੰਭੀ ਜੰਗ ਵਿੱਚ ਉੱਘਾ ਯੋਗਦਾਨ ਪਾਇਆ। ਉਨ੍ਹਾਂ ਦੇ ਪਰਿਵਾਰ ਦੇ ਕਈਂ ਮੈਂਬਰ ਅਤੇ ਮੁਰੀਦ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਦਸ਼ਮੇਸ਼ ਜੀ ਨਾਲ ਨਜ਼ਦੀਕੀ ਕਾਰਨ ਉਨ੍ਹਾਂ ਨੂੰ ਮੁਗਲ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਉਹ ਸਿਦਕ ਅਤੇ ਸੱਚ (ਦਾ ਸਾਥ ਦੇਣ) ਤੋਂ ਨਹੀਂ ਡੋਲੇ। ਤਾਂ ਹੀ ਉਨ੍ਹਾਂ ਦਾ ਨਾਂ ਸਿੱਖ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।
ਇਹ ਤਾਂ ਗੱਲ ਹੋਈ ਇਤਿਹਾਸ ਦੀ। ਆਉ ਹੁਣ ਕੁੱਝ ਵਿਚਾਰ ‘ਮੁਕਤੀ’ ਦੇ ਸਿਧਾਂਤ ਦੀ ਕਰ ਲੈਂਦੇ ਹਾਂ। ਪਹਿਲਾਂ ਇਸ ਬਾਰੇ ਬ੍ਰਾਹਮਣੀ ਮੱਤ ਦੀ ਵਿਚਾਰਧਾਰਾ ਦੀ ਸੰਖੇਪ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਇਹੀ ਵਿਚਾਰਧਾਰਾ ਭਾਰਤੀ ਸਮਾਜ ਵਿੱਚ ਵਸਣ ਵਾਲੇ ਜ਼ਿਆਦਾਤਰ ਲੋਕਾਂ ਦੇ ਜ਼ਹਿਨ ਵਿੱਚ ਵਸੀ ਹੋਈ ਹੈ। ਬ੍ਰਾਹਮਣੀ ਮੱਤ ਅਨੁਸਾਰ ਸ਼ਰੀਰਕ ਮੌਤ ਤੋਂ ਬਾਅਦ ‘ਆਤਮਾ’ ਨਹੀਂ ਮਰਦੀ। ਬਲਕਿ ਕਰਮਾਂ ਅਨੁਸਾਰ ‘ਆਤਮਾ’ ਨੂੰ ਸਵਰਗ ਜਾਂ ਨਰਕ ਵਿੱਚ ਵਾਸਾ ਮਿਲਦਾ ਹੈ। ਸਵਰਗ ਨੂੰ ਚੰਗੇ ਕਰਮਾਂ (ਪੁੰਨ) ਦਾ ਫਲ ਮੰਨਿਆ ਜਾਂਦਾ ਹੈ। ਸਵਰਗ ਵਿੱਚ ਹਰ ਤਰ੍ਹਾਂ ਦੇ ਸੁੱਖ ਦਰਸਾਏ ਜਾਂਦੇ ਹਨ। ਦੂਜੇ ਪਾਸੇ ਨਰਕ ਨੂੰ ਮੰਦੇ ਕਰਮਾਂ (ਪਾਪਾਂ) ਦਾ ਫੱਲ ਮੰਨਿਆ ਜਾਂਦਾ ਹੈ। ਨਰਕ ਦੇ ਜੀਵਨ ਨੂੰ ਬਹੁਤ ਕਸ਼ਟਦਾਈ ਅਤੇ ਤਸੀਹਿਆਂ ਭਰਪੂਰ ਪ੍ਰਚਾਰਿਆ ਜਾਂਦਾ ਹੈ।
ਅਸਲ ਵਿੱਚ ਬ੍ਰਾਹਮਣੀ ਮੱਤ ਦੀ ਕੋਈ ਇੱਕ ਮੱਤ ਵਿਚਾਰਧਾਰਾ ਨਹੀਂ ਹੈ। ਇਹ ਆਪਾਵਿਰੋਧੀ ਵਿਚਾਰਧਾਰਾ ਦਾ ਮਿਲਗੋਭਾ ਹੈ। ਇਸ ਕਰਕੇ ਇੱਥੇ ਸ਼ਰੀਰਕ ਮੌਤ ਸਬੰਧੀ ਇੱਕ ਸਿਧਾਂਤ ਇਹ ਵੀ ਮਿਲਦਾ ਹੈ ਕਿ ਮੌਤ ਤੋਂ ਬਾਅਦ ਕੁੱਝ ਲੋਕਾਂ ਦੀ ‘ਆਤਮਾ’ ਨੂੰ ਹੋਰ ਮਨੁੱਖਾਂ ਲਈ ਖਤਰਨਾਕ ਅਤੇ ਨੁਕਸਾਨਦਾਇਕ ਮੰਨਿਆ ਅਤੇ ਪ੍ਰਚਾਰਿਆ ਜਾਂਦਾ ਹੈ। ਬ੍ਰਾਹਮਣੀ ਮੱਤ ਅਨੁਸਾਰ ਮੌਤ ਤੋਂ ਬਾਅਦ ਕੁੱਝ ਕਰਮਕਾਂਡ (ਜਿਵੇਂ: ਹਰਿਦੁਆਰ ਵਿਖੇ ਅਸਥੀਆਂ ਦਾ ਵਿਸਰਜਨ, ਪਿੰਡ ਦਾਨ ਆਦਿ) ਕੀਤੇ ਬਿਨਾਂ ‘ਆਤਮਾ’ ਦੀ ਮੁਕਤੀ ਨਹੀਂ ਹੋ ਸਕਦੀ। ਬ੍ਰਾਹਮਣੀ ਮੱਤ ਅਨੁਸਾਰ ਮੰਦੇ ਕਰਮਾਂ (ਪਾਪਾਂ) ਨੂੰ ਵੀ ਕੁੱਝ ਕਰਮਕਾਂਡ (ਤੀਰਥ ਇਸ਼ਨਾਨ, ਦਾਨ ਆਦਿ) ਕਰਕੇ ਬਖਸ਼ਾਇਆ ਜਾ ਸਕਦਾ ਹੈ।
ਇਸਲਾਮ ਅਤੇ ਈਸਾਈ ਮੱਤ ਵਿੱਚ ਸਵਰਗ, ਨਰਕ ਅਤੇ ਮੁਕਤੀ ਆਦਿ ਬਾਰੇ ਕੁੱਝ ਐਸੇ ਹੀ ਸਿਧਾਂਤ ਥੋੜੇ ਬਦਲਵੇਂ ਰੂਪ ਵਿੱਚ ਮਿਲਦੇ ਹਨ। ਪਰ ਹਰ ‘ਜਾਗਰੂਕ ਮਨੁੱਖ’ ਸਮਝਦਾ ਹੈ ਕਿ ਇਹ ਸੱਭ ਪੁਜਾਰੀ ਸ਼੍ਰੇਣੀ (ਪੰਡਿਤ, ਮੁੱਲਾ, ਪੋਪ ਆਦਿ) ਵਲੋਂ ਆਪਣਾ ਹਲਵਾ-ਮਾਂਡਾ ਚਲਾਉਣ ਲਈ ਹੀ ਸਮਾਜ ਉੱਤੇ ਥੋਪੇ ਗਏ ਰਸਮੋ ਰਿਵਾਜ ਅਤੇ ਕਰਮਕਾਂਡ ਹਨ। ਆਉ ਹੁਣ ਇਸ ਬਾਰੇ ਗੁਰਮਤਿ ਦਾ ਪੱਖ ਵੀ ਵਿਚਾਰ ਲੈਂਦੇ ਹਾਂ।
ਗੁਰਮਤਿ ਬ੍ਰਾਹਮਣਵਾਦ ਵਲੋਂ ਪ੍ਰਚਲਿਤ ਆਤਮਾ, ਸਵਰਗ-ਨਰਕ, ਮੁਕਤੀ ਆਦਿਕ ‘ਸੱਚ ਅਤੇ ਮਨੁੱਖਤਾ’ ਵਿਰੋਧੀ ਗਲਤ ਪ੍ਰਚਲਿਤ ਵਿਚਾਰਾਂ ਨੂੰ ਪੂਰਨ ਤੌਰ ਤੇ ਰੱਦ ਕਰਦੀ ਹੈ। ਐਸੇ ਬ੍ਰਾਹਮਣੀ ਸਿਧਾਂਤਾਂ ਨੂੰ ਰੱਦ ਕਰਦੇ ਕੁੱਝ ਗੁਰਵਾਕ ਹਨ।
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨ ਧੀਜੈ॥ (ਪੰਨਾ 1324)
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤ ਚਰਨ ਕਮਲਾਰੇ॥ (ਪੰਨਾ 534)
ਕਈ ਬੈਕੁੰਠ ਨਾਹੀ ਲਵੈ ਲਾਗੇ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥ (ਪੰਨਾ 1078)
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥ (ਪੰਨਾ 337)
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥ (ਪੰਨਾ 969)
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ (ਪੰਨਾ 1292)

ਗੁਰਮਤਿ ਮ੍ਰਿਤਕ ਪ੍ਰਾਣੀ ਨਮਿਤ (ਆਤਮਿਕ ਸ਼ਾਂਤੀ ਜਾਂ ਮੁਕਤੀ ਆਦਿ ਲਈ) ਕੀਤੇ ਕਿਸੇ ਵੀ ਕਰਮ (ਪਾਠ, ਦਾਨ ਆਦਿ) ਨੂੰ ਕਰਮਕਾਂਡ ਅਤੇ ਅੰਧਵਿਸ਼ਵਾਸ਼ ਹੀ ਮੰਨਦੀ ਹੈ। ਇਸੇ ਭਾਵ ਨੂੰ ਸਮਝਾਉਂਦਾ ਗੁਰਵਾਕ ਹੈ:
ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ (ਪੰਨਾ 1160)

ਗੁਰਮਤਿ ਸਿਧਾਂਤ ਸਿੱਖ ਸਮਾਜ (ਸਮੇਤ ਸਾਰੀ ਮਨੁੱਖਤਾ) ਦਾ ਧੁਰਾ ਜਾਂ ਜੜ੍ਹ
(BASE) ਹਨ। ਜੋ (ਦਰਖਤ) ਜੜ੍ਹਾਂ ਜਾਂ ਧੁਰੇ ਤੋਂ ਟੁੱਟ ਜਾਵੇ, ਵਿਛੱੜ ਜਾਵੇ, ਉਹ ਕਦੀ ਫਲ-ਫੁੱਲ ਨਹੀਂ ਸਕਦਾ। ਸਿੱਖ ਕੌਮ ਦਾ ਵੀ ਕੁੱਝ ਐਸਾ ਹੀ ਹਸ਼ਰ ਹੋਇਆ ਹੈ। ਉਹ ਗੁਰਮਤਿ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਥਿੱੜਕ ਚੁੱਕੀ ਹੈ। ਜੇ ਸਿੱਖ ਕੌਮ ਗੁਰਮਤਿ ਸਿਧਾਂਤਾਂ ਰੂਪੀ ‘ਜੜ੍ਹ’ ਨਾਲ ਜੁੜੀ ਰਹਿੰਦੀ ਤਾਂ ਐਸੇ ਬ੍ਰਾਹਮਣੀ ਸਿਧਾਂਤਾਂ (ਮੁਕਤੀ, ਸਵਰਗ, ਨਰਕ ਆਦਿ) ਦੇ ਜਾਲ ਵਿੱਚ ਨਾ ਉਲਝਦੀ। ਬਲਕਿ ਗੁਰਮਤਿ ਦੇ ‘ਜੀਵਨ-ਮੁਕਤ’ (ਆਦਰਸ਼ ਜੀਵਨ ਜਾਚ) ਦੇ ਸਿਧਾਂਤ ਉੱਤੇ ਪਹਿਰਾ ਦਿੰਦੀ। ਪਰ ਗੁਰਮਤਿ ਸਿਧਾਂਤਾਂ ਨੂੰ ਤਾਂ ਕੌਮ ਨੇ ਰਸਮੀ ਪਾਠਾਂ (ਅਖੰਡ ਪਾਠ, ਸਪਤਾਹ ਪਾਠ, ਪਾਠਾਂ ਦੀਆਂ ਲੜੀਆਂ ਆਦਿ) ਦੀ ‘ਤੋਤਾ ਰਟਨੀ’ ਦੀ ਧੂੜ ਵਿੱਚ ਕਿਧਰੇ ਉਡਾ-ਪੁਡਾ ਦਿੱਤਾ ਹੈ। ਇਸ ਕਰਕੇ ਆਮ ਸਿੱਖ ਦੇ ਜੀਵਨ ਵਿੱਚ ਐਸੇ ਬ੍ਰਾਹਮਣੀ ਕਰਮਕਾਂਡ ਅਤੇ ਅੰਧਵਿਸ਼ਵਾਸ਼ ਆਮ ਮਿਲ ਜਾਂਦੇ ਹਨ। ‘ਮੁਕਤੀ’ ਵਾਲਾ ਗੁਰਮਤਿ ਵਿਰੋਧੀ, ਬ੍ਰਾਹਮਣੀ ਸਿਧਾਂਤ ਵੀ ਆਮ ਸਿੱਖ ਦੇ ਜ਼ਹਿਨ ਵਿੱਚ ਘਰ ਕਰ ਗਿਆ ਹੈ। ਹੋਰ ਤਾਂ ਹੋਰ, ਨਿਰੋਲ ਗੁਰਮਤਿ ਅਨੁਸਾਰੀ ਅਤੇ ਪੰਥ ਪ੍ਰਵਾਨਿਤ ਪ੍ਰਚਾਰੀ ਜਾਂਦੀ ‘ਸਿੱਖ ਰਹਿਤ ਮਰਿਆਦਾ’ ਵਿੱਚ ਵੀ ਮ੍ਰਿਤਕ ਪ੍ਰਾਣੀ ਨਮਿੱਤ ਪਾਠ ਰਖਵਾਉਣ ਦੀ ਮੱਦ ਨੇ ਇਸ ਬ੍ਰਾਹਮਣੀ ਸਿਧਾਂਤ ਦੀ ਪ੍ਰੋਢਤਾ ਹੀ ਕੀਤੀ ਹੈ। ਗੁਰਮਤਿ ਸਿਧਾਂਤਾਂ ਤੋਂ ਥਿੱੜਕਨ ਕਾਰਨ ਹੀ ਅਜੋਕੇ ‘ਗੁਰਦੁਆਰੇ’, ਗੁਰਮਤਿ ਦੇ ਸਿੱਖਿਆ ਕੇਂਦਰ ਘੱਟ, ਮਨਮੱਤਾਂ ਅਤੇ ਕਰਮਕਾਂਡਾਂ ਦੇ ਅੱਡੇ ਜ਼ਿਆਦਾ ਲਗਦੇ ਹਨ।
ਸਿਧਾਂਤਕ ਵਿਚਾਰ ਉਪਰੰਤ ਅਸੀਂ ਤਾਜ਼ਾ ਵਾਪਰੀ ਇੱਕ ਐਸੀ ਹੀ ਘੋਰ ਮਨਮੱਤ ਵਾਲੀ ਘਟਨਾ ਬਾਰੇ ਵਿਚਾਰ ਕਰਦੇ ਹਾਂ।
ਕੁੱਝ ਦਿਨ ਪਹਿਲਾਂ ਦਿਲੀ ਦੀ ਇੱਕ ‘ਅਨਜਾਣ ਜੱਥੇਬੰਦੀ’ (ਇਸ਼ਤਿਹਾਰ ਵਿੱਚ ਜੱਥੇਬੰਦੀ ਦਾ ਕੋਈ ਨਾਂ ਨਹੀਂ ਦਿੱਤਾ ਗਿਆ) ਦੀ ਸਰਪ੍ਰਸਤ ਮਾਤਾ ਪ੍ਰੀਤਮ ਕੌਰ ਵਲੋਂ ਪੀਰ ਬੁਧੂਸ਼ਾਹ ਜੀ ਨਾਲ ਸਬੰਧਿਤ ਇੱਕ ‘ਗੁਰਦੁਆਰੇ’ ਵਿੱਚ ਐਸਾ ਮਨਮੱਤੀ ਸਮਾਗਮ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਤਾ ਪ੍ਰੀਤਮ ਕੌਰ ਜੀ ਨੇ ਗੁਦੁਆਰਾ ਕਮੇਟੀ ਨੂੰ ਦਸਿਆ ਕਿ ਉਨ੍ਹਾਂ ਦੇ ਸੁਪਨੇ ਵਿੱਚ ਪੀਰ ਬੁਧੂਸ਼ਾਹ ਜੀ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਮੇਰੀ (ਪੀਰ ਜੀ ਦੀ) ਮੁਕਤੀ ਨਹੀਂ ਹੋਈ ਹੈ। ਇਸ ਕਰਕੇ ਤੁਸੀਂ ਮੇਰੀ ਮੁਕਤੀ ਲਈ ਮੇਰੇ ਨਾਲ ਸਬੰਧਿਤ ਗੁਰਦੁਆਰੇ ਵਿੱਚ ‘ਅਖੰਡ ਪਾਠ’ ਕਰਵਾਉ। ਜੈਸੀ ਮਨਮੱਤੀ ਮਾਤਾ ਪ੍ਰੀਤਮ ਕੌਰ, ਵੈਸੇ ਹੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ। ਪ੍ਰਬੰਧਕਾਂ ਨੇ ਵੀ ਮਾਤਾ ਜੀ ਨੂੰ ਸਮਝਾਉਣ ਦੀ ਥਾਂ ਇਸ ਮਨਮੱਤ ਵਿੱਚ ਉਨ੍ਹਾਂ ਦਾ ਹੀ ਸਾਥ ਦਿੱਤਾ। ਸੋ ਪੀਰ ਬੁਧੂਸ਼ਾਹ ਜੀ ਨਮਿੱਤ ਦਸ ਕੇ 11 ਜੂਨ 09 ਨੂੰ ਅਖੰਡ (ਅਸਲ ਵਿੱਚ ਪਾਖੰਡ) ਪਾਠ ਰਖਵਾਇਆ ਗਿਆ। 13 ਜੂਨ 09 ਨੂੰ ਇਸ ਪਾਠ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਅਰਦਾਸ ਵਿੱਚ ਵੀ ਗ੍ਰੰਥੀ (ਪੁਜਾਰੀ) ਨੇ ਇਹ ਮਨਮੱਤੀ ਸ਼ਬਦਾਵਲੀ ਦੁਹਰਾਈ ਕਿ ਪੀਰ ਬੁਧੂਸ਼ਾਹ ਜੀ ਦੀ ‘ਆਤਮਾ’ ਨੂੰ ਮੁਕਤੀ ਅਤੇ ਸ਼ਾਂਤੀ ਪ੍ਰਾਪਤ ਹੋਵੇ।
ਇਸ ਮਨਮੱਤੀ ਸਮਾਗਮ ਦੀ ਪੜਚੋਲ ਕਰਨ ਉਪਰੰਤ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਸਮਾਗਮ ਲਈ ਸੱਭ ਤੋਂ ਵੱਧ ਦੋਸ਼ੀ ਗੁਰਦੁਆਰਾ ਕਮੇਟੀ ਹੈ। ਮਾਤਾ ਜੀ ਅਤੇ ਉਨ੍ਹਾਂ ਦੀ ਜੱਥੇਬੰਦੀ ਨਾਲ ਸਬੰਧਿਤ ਵਿਅਕਤੀ ਵੀ ਜ਼ਿੰਮੇਵਾਰ ਹਨ। ਗ੍ਰੰਥੀ (ਪੁਜਾਰੀ) ਵੀ ਬਰਾਬਰ ਦਾ ਦੋਸ਼ੀ ਹੈ। ਕੁੱਝ ਹੱਦ ਤੱਕ ‘ਸੰਗਤ’ ਵੀ ਇਸ ਲਈ ਜ਼ਿੰਮੇਵਾਰ ਹੈ। ਆਉ ਹੁਣ ਵਾਰੀ-ਵਾਰੀ ਇਨ੍ਹਾਂ ਦੇ ਦੋਸ਼ਾਂ ਦੀ ਪੜਚੋਲ ਕਰਦੇ ਹਾਂ। ਸੱਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਤਾ ਪ੍ਰੀਤਮ ਕੌਰ ਅਤੇ ਉਨ੍ਹਾਂ ਦੀ ‘ਗੁਮਨਾਮ ਜੱਥੇਬੰਦੀ’ ਨਾਲ ਸਬੰਧਿਤ ਵਿਅਕਤਿਆਂ ਦੀ। ਇਨ੍ਹਾਂ ਨੂੰ ਕੁੱਝ ਸਵਾਲ ਪੁਛਣੇ ਬਣਦੇ ਹਨ।
1. ਤੁਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹੋ। ਕੀ ਤੁਸੀਂ ਇਸ ਗੁਰਮਤਿ ਸਿਧਾਂਤ ਤੋਂ ਵਾਕਿਫ ਨਹੀਂ ਹੋ ਕਿ ਗੁਰਮਤਿ ਬ੍ਰਾਹਮਣਵਾਦੀ ਮੁਕਤੀ ਨੂੰ ਰੱਦ ਕਰਦੀ ਹੈ? ਜੇ ਨਹੀਂ ਤਾਂ ਤੁਸੀਂ ਸਿੱਖੀ ਦੇ ਪ੍ਰਚਾਰਕ ਕਿਵੇਂ ਅਖਵਾ ਸਕਦੇ ਹੋ?
2. ਕੀ ਦਸ਼ਮੇਸ਼ ਪਾਤਸ਼ਾਹ ਜੀ ਨਾਲ ਜੁੜ ਕੇ ਪੀਰ ਬੁਧੂਸ਼ਾਹ ਜੀ ਵਲੋਂ ਕੀਤੀ ਮਹਾਨ ਅਤੇ ਲਾਸਾਨੀ ਕੁਰਬਾਨੀ ਸਦਕਾ ੳਨ੍ਹਾਂ ਨੂੰ ‘ਮੁਕਤੀ’ (ਤੁਹਡੀ ਸੋਚ ਅਨੁਸਾਰ) ਪ੍ਰਾਪਤ ਨਹੀਂ ਹੋਈ? ਜੇ ਇੰਨਾ ਮਹਾਨ ਕਾਰਨਾਮਾ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ‘ਮੁਕਤੀ’ ਪ੍ਰਾਪਤ ਨਹੀਂ ਹੋਈ ਤਾਂ ਕੀ ਤੁਹਾਡੇ ਅਖੰਡ ਪਾਠ ਨਾਲ ਉਨ੍ਹਾਂ ਨੂੰ ਮੁਕਤੀ ਮਿਲ ਜਾਵੇਗੀ?
3. ਕੀ ਪੀਰ ਬੁਧੂਸ਼ਾਹ ਜੀ ਲਗਭਗ 300 ਸਾਲ ਬਾਅਦ ਆਪਣੀ ਅਖੌਤੀ ‘ਮੁਕਤੀ’ ਦੀ ਯਾਦ ਆਈ? 300 ਸਾਲ ਦੌਰਾਨ ਉਨ੍ਹਾਂ ਨੇ ਕਿਸੇ ਨੂੰ ਸੁਪਨੇ ਵਿੱਚ ਆ ਕੇ ਆਪਣੀ ਮੁਕਤੀ ਕਰਵਾਉਣ ਲਈ ਬੇਨਤੀ ਨਹੀਂ ਕੀਤੀ?
ਪਰ ਇਹੋ ਜਿਹੇ ਮਨਮੱਤੀ ਲੋਕਾਂ ਕੋਲ ਦਲੀਲ ਜਾਂ ਜਵਾਬ ਤਾਂ ਹੁੰਦਾ ਨਹੀਂ, ਬਸ ‘ਅੰਨੀ ਸ਼ਰਧਾ’ ਜਾਂ ਲੋਕਾਂ ਨੂੰ ਮੂਰਖ ਬਣਾਉਣ ਦੇ ਟੋਟਕੇ ਹੁੰਦੇ ਹਨ। ਇਸ ਸਮਾਗਮ ਸਬੰਧੀ ਛਪੇ ਇਸ਼ਤਿਹਾਰ ਨੂੰ ਧਿਆਨ ਨਾਲ ਵਿਚਾਰਿਆਂ ਇਸ ਗੁਮਨਾਮ ਜੱਥੇਬੰਦੀ ਦੇ ਉਦੇਸ਼ ਕਾਫੀ ਸਪਸ਼ਟ ਹੋ ਜਾਂਦੇ ਹਨ। ਇਸ ਇਸ਼ਤਿਹਾਰ ਵਿੱਚ ਇਹ ਮਨਮੱਤੀ ਆਪਣੀ ਮਨਮੱਤ ਨੂੰ ਨਾਨਕ ਪਾਤਸ਼ਾਹ ਜੀ ਦਾ ਹੁਕਮ ਦਸਣ ਦਾ ਬੇਹੱਦ ਕੋਝਾ ਜੁਰਮ ਕਰਨ ਤੋਂ ਸੰਕੋਚ ਵੀ ਨਹੀਂ ਕਰਦੇ। ਇਸ਼ਤਿਹਾਰ ਵਿੱਚ ਲਿਖਿਆ ਮਿਲਦਾ ਹੈ:
“ਪੀਰ ਬੁਧੂਸ਼ਾਹ ਜੀ ਨਮਿੱਤ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਦੇ ਹੁਕਮ ਅਨੁਸਾਰ ਅਖੰਡ ਪਾਠ ਰਖਿਆ ਜਾਵੇਗਾ।”
ਕੋਈ ਇਨ੍ਹਾਂ ਮਨਮੱਤੀਆਂ ਨੂੰ ਪੁੱਛੇ ਕਿ ਕੀ ਨਾਨਕ ਪਾਤਸ਼ਾਹ ਜੀ ਤੁਹਾਨੂੰ ਆਪ ਆ ਕੇ ਅਖੰਡ ਪਾਠ ਰਖਵਾਉਣ ਦੇ ਹੁਕਮ ਦੇ ਗਏ ਸਨ? ਜਾਂ ਫਿਰ ਨਾਨਕ ਪਾਤਸ਼ਾਹ ਜੀ ਵੀ ਮਾਤਾ ਪ੍ਰੀਤਮ ਕੌਰ ਦੇ ਸੁਪਨੇ ਵਿੱਚ ਆ ਕੇ ਹੁਕਮ ਦੇ ਗਏ ਸਨ? ਇਨ੍ਹਾਂ ਮਨਮੱਤੀਆਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਦਸ਼ਮੇਸ਼ ਪਾਤਸ਼ਾਹ ਜੀ ਤੱਕ (1708 ਤੱਕ) ਕੌਮ ਵਿੱਚ ‘ਅਖੰਡ ਪਾਠ’ ਨਾਂ ਦੀ ‘ਮਨਮੱਤ’ ਸ਼ੁਰੂ ਹੀ ਨਹੀਂ ਹੋਈ ਸੀ। ਅਖੰਡ ਪਾਠ ਦੀ ਰੀਤ ਤਾਂ ਬੁੱਢਾ ਦਲ ਵਿੱਚ ਸਿੱਖ ਭੇਖ ਵਿੱਚ ਘੁਸਪੈਠ ਕੀਤੇ ਬ੍ਰਾਹਮਣੀ ਸੋਚ ਦੇ ਬੰਦਿਆਂ ਵਲੋਂ, ਸਿੱਖਾਂ ਨੂੰ ਗੁਰਬਾਣੀ ਸਮਝ ਕੇ ਪੜ੍ਹਨ ਦੀ ਰੁਚੀ ਨੂੰ ਖਤਮ ਕਰਨ ਦੇ ਮਕਸਦ ਨਾਲ, ਸ਼ੁਰੂ ਕੀਤੀ ਗਈ ਸੀ।
ਸਿੱਖ ਕੌਮ ਵਿੱਚ ‘ਕਾਰਸੇਵਾ’ ਦੇ ਨਾਂ `ਤੇ ਲੁੱਟ ਮਚਾਉਣ ਅਤੇ ਕੌਮ ਦਾ ਸਰਮਾਇਆ ਬੇਲੋੜੇ ਕੰਮਾ ਉੱਤੇ ਖਰਚ ਕਰਨ ਵਾਲੇ ‘ਬਾਬਿਆਂ’ ਦਾ ਇੱਕ ‘ਗਿਰੋਹ’ ਬਣ ਗਿਆ ਹੈ। ਇਹ ‘ਕਾਰਸੇਵਾ’ ਦੇ ਨਾਂ ਹੇਠ ਜਿੱਥੇ ਇੱਕ ਪਾਸੇ ਇਤਿਹਾਸਕ ਨੀਸ਼ਾਨੀਆਂ ਮਿਟਾ ਰਿਹਾ ਹੈ, ਦੂਜੇ ਪਾਸੇ ‘ਗੁਰਦੁਆਰਿਆਂ’ ਵਿੱਚ ਸੋਨਾ, ਸੰਗਮਰਮਰ ਥੱਪ ਕੇ ਕੌਮੀ ਧਨ ਦਾ ‘ਨਾਸ਼’ ਕਰ ਰਹੇ ਹਨ। ਐਸੇ ਕੰਮਾਂ ਦਾ ਕੌਮ ਜਾਂ ਮਨੁੱਖਤਾ ਨੂੰ ਕੋਈ ਖਾਸ ਫਾਇਦਾ ਨਹੀਂ ਹੈ। ਐਸੇ ਕਈਂ ‘ਬਾਬਿਆਂ’ ਵਲੋਂ ਘਪਲੇ ਕਰਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਇਸ ਜੱਥੇਬੰਦੀ ਵਲੋਂ ਛਾਪੇ ਇਸ਼ਤਿਹਾਰ ਵਿੱਚ ਪੀਰ ਬੁਧੂਸ਼ਾਹ ਜੀ ਨਾਲ ਸਬੰਧਿਤ ‘ਗੁਰਦੁਆਰੇ’ ਵਿੱਚ ਸਰੋਵਰ ਅਤੇ ਦੀਵਾਨ ਹਾਲ ਬਣਾਉਣ ਦਾ ‘ਹੌਕਾ’ ਦੇ ਕੇ ਸਹਾਇਤਾ (ਪੈਸੇ ਤੇ ਹੋਰ) ਮੰਗੀ ਗਈ ਹੈ। ਇਸ ਤੋਂ ਹੀ ਜੱਥੇਬੰਦੀ ਦਾ ਇਹ ਉਦੇਸ਼ ਸਪਸ਼ਟ ਨਜ਼ਰ ਆਉਂਦਾ ਹੈ ਕਿ ਪੀਰ ਬੁਧੂਸ਼ਾਹ ਜੀ ਦੀ ਆੜ ਲੈ ਕੇ ਕਾਰਸੇਵਾ ਦਾ ਇੱਕ ਹੋਰ ਡੇਰਾ ਬਣਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਜੋ ਵੀ ਹੈ, ਘੱਟੋ-ਘੱਟ ਪੀਰ ਬੁਧੂਸ਼ਾਹ ਜੀ ਨੂੰ ਮੁਕਤੀ ਨਾ ਮਿਲਣ ਦੀ ਦੁਹਾਈ ਦੇ ਕੇ ਕੀਤੀ ਇਹ ਘੋਰ ਮਨਮੱਤ ਤਾਂ ਬੇਹਦ ਇਤਰਾਜ਼ ਯੋਗ ਹੈ। ਇਸ ਲਈ ਜਾਗਰੂਕ ਸਿੱਖਾਂ ਨੂੰ ਇਸ ‘ਜੱਥੇਬੰਦੀ’ ਨਾਲ ਸਬੰਧਿਤ ਵਿਅਕਤੀਆਂ ਤੋਂ ਸਪਸ਼ਟੀਕਰਨ ਜ਼ਰੂਰ ਮੰਗਣਾ ਚਾਹੀਦਾ ਹੈ।
ਹੁਣ ਗੱਲ ਕਰਦੇ ਹਾਂ, ‘ਗੁਰਦੁਆਰੇ’ ਦੀ ਪ੍ਰਬੰਧਕ ਕਮੇਟੀ ਦੇ ਦੋਸ਼ ਬਾਰੇ। ‘ਗੁਰਦੁਆਰਾ’ ਅਸਲ ਮਾਇਨੇ ਵਿੱਚ ‘ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕੇਂਦਰ ਅਤੇ ਲੋੜਵੰਦਾਂ ਦੀ ਸਹਾਇਤਾ (ਧਰਮਸਾਲ) ਵਾਲੀ ਸੰਸਥਾ ਹੈ। ਇਸ ਦੇ ਪ੍ਰਬੰਧਕਾਂ ਲਈ ਜ਼ਰੂਰੀ ਹੈ ਕਿ ਉਹ ਗੁਰਮਤਿ ਸਿਧਾਂਤਾਂ ਦੇ ਜਾਣਕਾਰ ਅਤੇ ਉਨ੍ਹਾਂ ਦੇ ਅਮਲ ਕਰਨ ਵਾਲੇ ਹੋਣ। ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਹੇਠਲੇ ਪਧੱਰ ਤੱਕ ਦੇ ਗੁਰਦੁਆਰਾ ਪ੍ਰਬੰਧਕ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਅਤੇ ਥਿੜਕੇ ਹੋਏ ਹਨ (ਵਿਰਲਿਆਂ ਨੂੰ ਛੱਡ ਕੇ)। ਉਨ੍ਹਾਂ ਦੇ ਜੀਵਨ ਵਿੱਚੋਂ ਗੁਰਮਤਿ ਦਾ ਆਨੰਦ ਅਲੋਪ ਹੁੰਦਾ ਹੈ। ਇਨ੍ਹਾਂ ਦੇ ਪ੍ਰਬੰਧ ਹੇਠਲੇ ‘ਗੁਰਦੁਆਰੇ’ ਵਿੱਚ ਭਾਵੇਂ ਕਿਤਨੀਆਂ ਹੀ ਗੁਰਮਤਿ ਵਿਰੁਧ ਮਨਮੱਤਾਂ ਹੁੰਦੀਆਂ ਰਹਿਣ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨ੍ਹਾਂ ਦਾ ਇੱਕੋ ਇੱਕ ਮਕਸਦ, ਸ਼ਾਇਦ ਗੋਲਕ ਵਧਾਉਣਾ ਅਤੇ ਆਪਣੀ ਚੌਧਰ ਚਮਕਾਉਣਾ ਹੀ ਰਹਿ ਗਿਆ ਹੈ।
ਗੁਰਦੁਆਰਾ ਪੀਰ ਬੁਧੂਸ਼ਾਹ ਜੀ ਦੇ ਪ੍ਰਬੰਧਕ ਵੀ ਕੁੱਝ ਇਸ ਤਰ੍ਹਾਂ ਦੇ ਹੀ ਲਗਦੇ ਹਨ। ਜੇ ਉਹ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜ ਹੁੰਦੇ ਤਾਂ ਐਸੀ ਮਨਮੱਤ ਕਰਨ ਦੀ ਗੁਮਨਾਮ ਜੱਥੇਬੰਦੀ ਨੂੰ ਕਦੇ ਇਜਾਜ਼ਤ ਨਹੀਂ ਦਿੰਦੇ। ਪਰ ਇਨ੍ਹਾਂ ਦਾ ਸ਼ਾਇਦ ਇੱਕੋ ਇੱਕ ਅਸੂਲ ਹੈ ਕਿ ਕਿਸੀ ਦੀ ‘ਅੰਨੀ ਸ਼ਰਧਾ’ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ, ਗੁਰਮਤਿ ਸਿਧਾਂਤਾਂ ਨੂੰ ਭਾਵੇਂ ਢਾਹ ਲੱਗ ਜਾਵੇ। ਭਾਵ ਇਨ੍ਹਾਂ ਲਈ ‘ਅੰਨੀ ਸ਼ਰਧਾ’ ਜ਼ਿਆਦਾ ਮਾਇਨੇ ਰਖਦੀ ਹੈ, ਨਾ ਕਿ ਗੁਰਮਤਿ ਸਿਧਾਂਤ। ਨਾਲ ਹੀ ਪ੍ਰਬੰਧਕਾਂ ਨੂੰ ਸਰੋਵਰ ਅਤੇ ਦੀਵਾਨ ਹਾਲ ਦੀ ਉਸਾਰੀ ਨਾਲ ਆਪਣੀ ਚੌਧਰ ਹੋਰ ਚਮਕਾਉਣ ਦਾ ਮੌਕਾ ਵੀ ਨਜ਼ਰ ਆ ਰਿਹਾ ਹੋਵੇਗਾ। ਤਾਂ ਹੀ ਐਸੀ ਜੱਥੇਬੰਦੀ ਦੀ ਮਨਮੱਤ ਦਾ ਉਨ੍ਹਾਂ ਨੇ ਖਿੜੇ ਮੱਥੇ ਸੁਆਗਤ ਕੀਤਾ।
ਇਸ ਗੁਰਦੁਆਰੇ ਵਿੱਚ ਪ੍ਰਚਲਿਤ ਇੱਕ ਹੋਰ ਘੋਰ ਮਨਮੱਤ ਵੀ ਜ਼ਿਕਰਯੋਗ ਹੈ। ਇਸ ਗੁਰਦੁਆਰਾ ਕੰਪਲੈਕਸ ਵਿੱਚ ਹੀ ਪੀਰ ਬੁਧੂਸ਼ਾਹ ਜੀ ਦੀ ਇੱਕ ਸਮਾਧ (ਕਬਰ) ਵੀ ਬਣਾਈ ਹੋਈ ਹੈ। ‘ਸੰਗਤਾਂ’ (ਅੰਨ੍ਹੇ ਸ਼ਰਧਾਲੂਆਂ) ਵੱਲੋਂ ਇਸ ਕਬਰ ਤੇ ਮੱਥੇ ਟੇਕੇ ਜਾਂਦੇ ਹਨ, ਮੰਨਤਾਂ ਮੰਨੀਆਂ ਜਾਂਦੀਆਂ ਹਨ, ਚਾਲੀਹੇ ਕੱਟੇ ਜਾਂਦੇ ਹਨ। ਇਹ ਸਾਰੇ ਹੀ ਕਰਮ ਗੁਰਮਤਿ ਸਿਧਾਂਤਾਂ ਤੋਂ ਉਲਟ (ਵਿਰੁਧ) ਹਨ। ਇਸ ਕਬਰ (ਸਮਾਧ) ਦਾ ਪ੍ਰਬੰਧ ਵੀ ਇਸ ਗੁਰਦੁਆਰਾ ਕਮੇਟੀ ਵਲੋਂ ਹੀ ਕੀਤਾ ਜਾਂਦਾ ਹੈ। ਪ੍ਰਬੰਧਕਾਂ ਦਾ ਫਰਜ਼ ਬਣਦਾ ਸੀ ਕਿ ਉਹ ਸੰਗਤਾਂ ਨੂੰ ਇਨ੍ਹਾਂ ਮਨਮੱਤਾਂ ਵਿਰੁਧ ਜਾਗ੍ਰਿਤ ਕਰਦੇ। ਪਰ ਉਲਟਾ ਇਨ੍ਹਾਂ ਨੇ ਮਨਮੱਤਾਂ ਨੂੰ ਮਾਨਤਾ ਅਤੇ ਬੜ੍ਹਾਵਾ ਦਿੰਦੇ ਹੋਏ ਉਸ ਕਬਰ (ਸਮਾਧ) ਸਾਹਮਣੇ ਗੋਲਕ ਵੀ ਰੱਖ ਦਿੱਤੀ। ਕਿਉਂਕਿ ਇਨ੍ਹਾਂ ਦਾ ਮੁਖ ਮਕਸਦ ਤਾਂ ਸ਼ਾਇਦ ਗੋਲਕ ਵਧਾਉਣਾ ਹੀ ਹੈ। ਜਾਗਰੂਕ ਸਿੱਖਾਂ ਨੂੰ ਇਸ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਵੀ ਜਵਾਬ ਮੰਗਣਾ ਚਾਹੀਦਾ ਹੈ।
ਹੁਣ ਗੱਲ ਕਰਦੇ ਹਾਂ ਇਸ ਮਨਮੱਤ ਵਿੱਚ ਸ਼ਾਮਿਲ ਗ੍ਰੰਥੀ (ਪੁਜਾਰੀ ਸ਼੍ਰੇਣੀ) ਦੇ ਦੋਸ਼ ਬਾਰੇ। ਸਿੱਖ ਕੌਮ ਦੇ ਨਿਵੇਕਲੇਪਨ ਦਾ ਇੱਕ ਪੱਖ ਇਹ ਵੀ ਹੈ ਕਿ ਸਿਧਾਂਤਕ ਤੌਰ `ਤੇ ਇਸ ਵਿੱਚ ‘ਪੁਜਾਰੀ ਸ਼੍ਰੇਣੀ’ ਦੀ ਕੋਈ ਹੋਂਦ ਹੀ ਨਹੀਂ ਮੰਨੀ ਗਈ। ਸੰਸਾਰ ਦੇ ਤਿੰਨ ਪ੍ਰਮੁੱਖ ਮੱਤਾਂ, ਇਸਲਾਮ, ਈਸਾਈ, ਅਤੇ ਬ੍ਰਾਹਮਣੀ ਮੱਤ ਵਿੱਚ ਪੋਪ, ਮੁੱਲਾ, ਪੁਜਾਰੀ ਆਦਿ ਦੇ ਨਾਂ ਹੇਠ ਪੁਜਾਰੀ ਸ਼੍ਰੇਣੀ ਨੂੰ ਸਿਧਾਂਤਕ ਤੌਰ ਤੇ ਮਾਨਤਾ ਦਿੱਤੀ ਗਈ ਹੈ। ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਮੱਤਾਂ ਦੇ ਜ਼ਿਆਦਾਤਰ ਸਿਧਾਂਤ ਇਸ ਪੁਜਾਰੀ ਸ਼੍ਰੇਣੀ ਨੇ ਧਰਮ ਦੇ ਨਾਂ ਤੇ ਲੋਕਾਂ ਦੀ ਲੱਟ ਕਰਨ ਲਈ, ਆਪ ਹੀ ਬਣਾਏ ਹਨ। ਸਮਾਜ ਵਿੱਚ ਵਿੱਤਕਰਾ ਅਤੇ ਬੁਰਾਈਆਂ ਫੈਲਾਉਣ ਵਿੱਚ ਇਸ ਪੁਜਾਰੀ ਸ਼੍ਰੇਣੀ ਨੇ ਵੱਡਾ ਰੋਲ ਅਦਾ ਕੀਤਾ ਹੈ। ਇਸੇ ਕਾਰਨ ਨਾਨਕ ਪਾਤਸ਼ਾਹ ਜੀ ਨੇ ਗੁਰਮਤਿ ਵਿੱਚ ‘ਪੁਜਾਰੀ ਸ਼੍ਰੇਣੀ’ ਦੀ ਹੋਂਦ ਨੂੰ ਮੁੱਢੋਂ ਹੀ ਨਕਾਰ ਦਿੱਤਾ ਸੀ। ਉਸ ਸਮੇਂ ਪ੍ਰਚਾਰਕ ਨਿਸ਼ਕਾਮ ਅਤੇ ਆਪਣੀ ਕਿਰਤ ਕਰਨ ਵਾਲੇ ਹੁੰਦੇ ਸਨ। ਸਿੱਖ ਸਮਾਜ ਵਿੱਚ ਪੂਜਾ ਦੇ ਧਨ ਉੱਤੇ ਪਲਣ ਵਾਲੀ ਪੁਜਾਰੀ ਸ਼੍ਰੇਣੀ ਦੀ ਕੋਈ ਹੋਂਦ ਹੀ ਨਹੀਂ ਸੀ। ਸੱਚ ਤਾਂ ਇਹ ਹੈ ਕਿ ਗੁਰਮਤਿ ਸਿਧਾਂਤਾਂ ਵਿੱਚ ਪ੍ਰਚਲਿਤ (ਕਰਮਕਾਂਡੀ) ਪੂਜਾ ਲਈ ਕੋਈ ਥਾਂ ਨਹੀਂ ਹੈ।
ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਹੋਰ ਬੁਰਾਈਆਂ ਦੀ ਤਰ੍ਹਾਂ ਸਿੱਖ ਸਮਾਜ ਵਿੱਚ ਪੁਜਾਰੀਵਾਦ ਦੀ ਬੁਰਾਈ ਵੀ (ਗ੍ਰੰਥੀ, ਪਾਠੀ, ਸੇਵਾਦਾਰ, ਜੱਥੇਦਾਰ, ਸਿੰਘ ਸਾਹਿਬ ਆਦਿ ਦੇ ਨਾਂ ਹੇਠ) ਪ੍ਰਚਲਿਤ ਹੋ ਗਈ ਹੈ। ਇਸ ਸ਼੍ਰੇਣੀ ਨੇ ਸਿੱਖ ਸਮਾਜ ਨੂੰ ਗੁਰਮਤਿ ਸਿਧਾਂਤਾਂ ਤੋਂ ਭਟਕਾ ਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਸ਼੍ਰੇਣੀ ਦੀ ਸ਼ੁਰੂਆਤ ਕਰੀਬ 250 ਸਾਲ ਪਹਿਲਾਂ ਨਿਰਮਲੇ, ਉਦਾਸੀ ਸਾਧੂਆਂ ਦੇ ਨਾਂ ਹੇਠ ਹੋਈ ਸੀ। ਅੱਜ ਦੇ ਸਮੇਂ ਵਿੱਚ ਇਹ ਸੰਤ, ਬਾਬੇ, ਡੇਰੇਦਾਰ, ਗ੍ਰੰਥੀ, ਪਾਠੀ ਆਦਿ ਨਾਂ ਹੇਠ ਵਿਚਰ ਰਹੀ ਹੈ। ਬ੍ਰਾਹਮਣ ਵਾਂਗੂ ਆਪਣੀ ਆਮਦਨ ਵਧਾਉਣ ਲਈ ਇਸ ਸ਼੍ਰੇਣੀ ਨੇ ਸਿੱਖਾਂ ਨੂੰ ਧਰਮ ਦੇ ਨਾਂ ਹੇਠ ਕਰਮਕਾਂਡਾਂ ਵਿੱਚ ਉਲਝਾ ਰੱਖਿਆ ਹੈ।
ਇਸ ਸਮਾਗਮ ਵਿੱਚ ਸ਼ਾਮਿਲ ਗ੍ਰੰਥੀ ਦਾ ਫਰਜ਼ ਬਣਦਾ ਸੀ ਕਿ ਉਹ ਦਿਲੀ ਤੋਂ ਆਏ ਮਾਤਾ ਪ੍ਰੀਤਮ ਕੌਰ ਅਤੇ ਪ੍ਰਬੰਧਕਾਂ ਨੂੰ ਸਮਝਾਉਂਦਾ ਕਿ ਗੁਰਮਤਿ ਅਨੁਸਾਰ ਐਸੀ ਅਖੌਤੀ ਮੁਕਤੀ ਲਈ ਅਖੰਡ ਪਾਠ ਜਾਂ ਅਰਦਾਸ ਕਰਵਾਉਣਾ ਮਨਮੱਤ ਹੈ। ਪਰ ਉਲਟਾ ਗ੍ਰੰਥੀ ਨੇ ਅਰਦਾਸ ਵਿੱਚ ਮਨਮੱਤੀ ਸ਼ਬਦਾਵਲੀ (ਪੀਰ ਬੁਧੂਸ਼ਾਹ ਜੀ ਦੀ ਆਤਮਾ ਨੂੰ ਮੁਕਤੀ ਪ੍ਰਾਪਤ ਹੋਵੇ) ਵਰਤ ਕੇ ਇਸ ਮਨਮੱਤ ਵਿੱਚ ਹਿੱਸਾ ਲਿਆ। ਸ਼ਾਇਦ ਉਹ ਆਪ ਵੀ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰ ਨਹੀਂ ਜਾਪਦਾ। ਐਸਾ ਵਿਅਕਤੀ ‘ਗ੍ਰੰਥੀ’ ਦੀ ਸੇਵਾ ਨਿਭਾਉਣ ਦੇ ਕਾਬਿਲ ਕਿਵੇਂ ਹੋ ਸਕਦਾ ਹੈ? ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਅੱਜ 95% ਗ੍ਰੰਥੀ, ਰਾਗੀ, ਪਾਠੀ ਆਦਿ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਜਾਂ ਸਿਧਾਂਤਾਂ ਨੂੰ ਬੇਲੋੜੇ ਸਮਝਨ ਵਾਲੇ ਹਨ। ਕੁੱਝ ਐਸੇ ਗ੍ਰੰਥੀ ਆਦਿ ਤਾਂ ਪੈਸੇ ਖਾਤਿਰ ਨਾਈ, ਤੰਬਾਕੂ, ਸ਼ਰਾਬ ਆਦਿ ਦੀ ਦੁਕਾਨ ਦੇ ਉਦਘਾਟਨ ਦੀ ਅਰਦਾਸ ਕਰਨ ਤੱਕ ਚਲੇ ਜਾਂਦੇ ਹਨ। ਕੁੱਝ ਤਾਂ ਐਸੇ ਵੀ ਵੇਖਣ ਵਿੱਚ ਆਏ ਹਨ ਜੋ ਪੈਸੇ ਖਾਤਿਰ ਵਿਦੇਸ਼ਾਂ ਵਿੱਚ ਵਸੱਣ ਦੇ ਚਾਹਵਾਨਾਂ ਦੇ ਨਕਲੀ ‘ਅਨੰਦ ਕਾਰਜ’ ਵੀ ਕਰਵਾ ਦਿੰਦੇ ਹਨ। ਸੁਣਨ ਵਿੱਚ ਆਇਆ ਹੈ ਕਿ ਪੀਰ ਬੁਧੂਸ਼ਾਹ ਜੀ ਦੇ ‘ਗੁਰਦੁਆਰੇ’ ਦੇ ਗ੍ਰੰਥੀ ਵੱਲੋਂ ਆਪਸੀ ਗੱਲਬਾਤ ਵਿੱਚ ਇਹ ਮੰਨਿਆ ਗਿਆ ਹੈ ਕਿ ਇਹ ਹੈ ਤਾਂ ਮਨਮੱਤ ਹੀ ਸੀ। ਪਰ ਇਸ ਦਾ ਕੀ ਫਾਇਦਾ? ਉਸ ਮਨਮੱਤ ਵਿੱਚ ਸ਼ਾਮਿਲ ਤਾਂ ਉਹ ਆਪ ਵੀ ਸੀ। ਐਸੇ ਗ੍ਰੰਥੀ, ਰਾਗੀ, ਪਾਠੀ ਆਦਿ ਕੋਲੋਂ ਵੀ ਜਾਗਰੂਕ ਸਿੱਖਾਂ ਨੂੰ ਸਪਸ਼ਟੀਕਰਨ ਮੰਗਣਾ ਚਾਇਦਾ ਹੈ।
ਆਉ ਹੁਣ ਵਿਚਾਰ ਕਰਦੇ ਹਾਂ ਐਸੀਆਂ ਮਨਮੱਤਾਂ ਵਿੱਚ ਸ਼ਾਮਿਲ ਸੰਗਤ (ਆਮ ਸਿੱਖ) ਦੀ ਬਣਦੀ ਜ਼ਿੰਮੇਵਾਰੀ ਬਾਰੇ। ਕੌਮ ਦੀ ਇਸ ਸਮੇਂ ਸੱਭ ਤੋਂ ਵੱਡੀ ਕਮਜ਼ੋਰੀ ਗਿਆਨ ਵਿਹੂਣੀ, ਅੰਨ੍ਹੀ ਸ਼ਰਧਾ ਹੈ। ਸੱਚਾਈ ਇਹ ਹੈ ਕਿ ਗੁਰਮਤਿ ਵਿੱਚ ਅੰਨ੍ਹੀ (ਗਿਆਨ ਵਿਹੂਣੀ) ਸ਼ਰਧਾ ਲਈ ਕੋਈ ਥਾਂ ਨਹੀਂ ਹੈ। ਇਸੇ ‘ਸ਼ਰਧਾ’ ਕਾਰਨ ਆਮ ਸਿੱਖ, ਧਰਮ ਦੇ ਨਾਂ ਉੱਤੇ ਫੈਲਾਏ ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਵਿੱਚ ਗਰਕ ਹੋਇਆ ਪਿਆ ਹੈ। ਉਹ ਬ੍ਰਾਹਮਣੀ ਮੱਤ ਵਾਂਗੂ ਪੈਸੇ ਦੇ ਕੇ ‘ਧਰਮ’ ਖਰੀਦਣ ਰੂਪੀ ਅੰਧਵਿਸ਼ਵਾਸ਼ ਦਾ ਸ਼ਿਕਾਰ ਹੋ ਰਿਹਾ ਹੈ। ਬ੍ਰਾਹਮਣੀ ਕਰਮਕਾਂਡ ਰੂਪ ਬਦਲ ਕੇ ਕੌਮ ਵਿੱਚ ਪੂਰੀ ਤਰ੍ਹਾਂ ਪ੍ਰਚਲਿਤ ਹੋ ਚੁੱਕੇ ਹਨ। ‘ਸੰਗਤ’ ਵੀ ਇਸ ਮਨਮੱਤਾਂ ਰੂਪੀ ਦਰੱਖਤ ਦੇ ਵਧੱਣ-ਫੁਲੱਣ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਕੋਈ ਵੀ ਭੇਖ ਧਾਰਨ ਕਰਕੇ, ਧਰਮ ਦੇ ਨਾਂ ਉੱਤੇ ਕਿਨ੍ਹਾਂ ਵੀ ਗੁਰਮਤਿ ਤੋਂ ਉਲਟ ਸੰਗਤ ਨੂੰ ਕੁੱਝ ਵੀ ਦਸ ਜਾਵੇ, ਸੰਗਤ (ਆਮ ਸਿੱਖ) ਦੀ ਅੰਨ੍ਹੀ ਸ਼ਰਧਾ ਸੰਗਤ (ਆਮ ਸਿੱਖ) ਨੂੰ ਕਿੰਤੂ-ਪ੍ਰੰਤੂ ਨਹੀਂ ਕਰਨ ਦਿੰਦੀ।
ਅਖੌਤੀ ਧਰਮ ਗੁਰੂਆਂ, ਸੰਤ ਬਾਬਿਆਂ, ਪ੍ਰਚਾਰਕਾਂ ਵੱਲੋਂ ਧਰਮ ਵਿੱਚ ਕਿੰਤੂ-ਪ੍ਰੰਤੂ ਨੂੰ ਗਲਤ ਦਸਿਆ ਜਾਂਦਾ ਹੈ, ਪਰ ਗੁਰਮਤਿ ਸਿਧਾਂਤਾਂ ਵਿੱਚ ਐਸਾ ਨਹੀਂ ਮੰਨਿਆ ਗਿਆ। ਸਿੱਖ ਮੱਤ ਦਲੀਲ ਅਤੇ ਤਰਕ ਵਾਲਾ ਮੱਤ ਹੈ। ਇਸ ਦੀ ਤਾਂ ਸ਼ੁਰੂਆਤ ਹੀ ਨਾਨਕ ਪਾਤਸ਼ਾਹ ਜੀ ਵੱਲੋਂ ‘ਜਨੇਉ’ ਦੀ ਰਸਮ ਉੱਤੇ ਕੀਤੇ ਕਿੰਤੂ-ਪ੍ਰੰਤੂ ਨਾਲ ਹੋਈ ਸੀ। ਉਸ ਵੇਲੇ ਦੇ ਜਾਗਰੂਕ ਸਿੱਖ ਤਾਂ ਦਸਮ ਪਾਤਸ਼ਾਹ ਜੀ ਵੱਲੋਂ ਦਾਦੂ ਦੀ ਕਬਰ `ਤੇ ਤੀਰ ਨਾਲ ਕੀਤੇ ਨਮਸਕਾਰ ਰੂਪੀ ਕੌਤਕ `ਤੇ ਵੀ ਕਿੰਤੂ ਕਰਨ ਦੀ ਹਿੰਮਤ ਅਤੇ ਬਿਬੇਕ ਬੁੱਧ ਰਖਦੇ ਸਨ। ਦਸ਼ਮੇਸ਼ ਜੀ ਨੇ ਵੀ ਉਨ੍ਹਾਂ ਨੂੰ ਸਾਬਾਸ਼ੀ ਦਿੱਤੀ ਸੀ ਨਾ ਕਿ ਨਾਸਤਿਕ ਕਹਿ ਕੇ ਦੁਰਕਾਰਿਆ ਸੀ। ਪਰ ਅੱਜ ਐਸੀ ਜਾਗਰੂਕਤਾ ਆਮ ਸਿੱਖ ਸਮਾਜ ਵਿੱਚੋਂ ਲਗਭਗ ਅਲੋਪ ਹੀ ਹੋ ਚੁੱਕੀ ਹੈ।
ਜੋ ਵੀ ਨਾਨਕ ਪਾਤਸ਼ਾਹ ਜੀ ਦਾ ਸੱਚਾ ਸਿੱਖ ਬਣਨਾ ਚਾਹੁੰਦਾ ਹੈ, ਉਸ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਧਰਮ ਦੇ ਨਾਂ `ਤੇ ਕੋਈ ਕਰਮਕਾਂਡ, ਕੋਈ ਪੂਜਾ ਕਰਨ ਦੀ ਲੋੜ ਨਹੀਂ ਹੁੰਦੀ। ਧਰਮ ਕਮਾਉਣ ਲਈ ਇੱਕੋ ਗੱਲ ਜ਼ਰੂਰੀ ਹੈ ਕਿ ਗੁਰਮਤਿ ਸਿਧਾਂਤਾਂ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਕੇ ਕਰਮਕਾਂਡ ਅਤੇ ਅੰਧਵਿਸ਼ਵਾਸ਼ ਤੋਂ ਰਹਿਤ ਪਰਉਪਕਾਰੀ ਜੀਵਨ ਬਣਾਉਣਾ। ਕਰਮਕਾਂਡਾਂ, ਅੰਧਵਿਸ਼ਵਾਸ਼ਾਂ, ਤੋਤਾ ਰਟਨੀਆਂ ਆਦਿ ਵਿੱਚ ਫਸਿਆ ਮਨੁੱਖ ਸੱਚਾ ਸਿੱਖ ਨਹੀਂ ਹੋ ਸਕਦਾ। ਪੈਸੇ ਦੇ ਕੇ ਪੁਜਾਰੀ ਸ਼੍ਰੇਣੀ ਕੋਲੋਂ ਧਰਮ ਦੇ ਨਾਂ `ਤੇ ਕਰਮਕਾਂਡ (ਪਾਠ, ਪੂਜਾ ਆਦਿ) ਕਰਵਾਉਣਾ ਗੁਰਮਤਿ ਦੀ ਉਲੰਘਣਾ ਹੈ। ਅਸੀਂ ਗੁਰਬਾਣੀ ਜਿੰਨ੍ਹੀ ਵੀ ਪੜ੍ਹੀਏ, ਉਹ ਸਿਰਫ ਸਮਝਨ ਵਿਚਾਰਨ ਦੇ ਨਜ਼ਰੀਏ ਤੋਂ ਹੀ ਪੜ੍ਹੀਏ ਨਾ ਕਿ ਰਸਮ, ਕਰਮਕਾਂਡ, ਅਤੇ ਤੋਤਾ ਰਟਨੀ ਵਾਂਗੂ। ਅਖੰਡ ਪਾਠ, ਲੜੀਆਂ, ਅਤੇ ਤਰ੍ਹਾਂ-ਤਰ੍ਹਾਂ ਦੇ ਵਿਚਾਰ ਵਿਹੂਣੇ ਰਸਮੀ ਪਾਠ ਕਰਮਕਾਂਡ ਹਨ ਨਾ ਕਿ ਗੁਰਮਤਿ।
ਲੋੜ ਹੈ, ਆਮ ਸਿੱਖ, ਆਪ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਅਤੇ ਦ੍ਰਿੜ ਹੋਣ। ਗੁਰਦੁਆਰੇ ਅਤੇ ਉਸ ਦੀ ਸਟੇਜ ਤੋਂ ਕੀਤੀ ਜਾਂਦੀ ਕਿਸੇ ਵੀ ਮਨਮੱਤ ਅਤੇ ਗਲਤ ਪ੍ਰਚਾਰ ਨੂੰ ਉਸੇ ਸਮੇਂ ਰੋਕਣਾ ਬਹੁਤ ਜ਼ਰੂਰੀ ਹੈ। ਪ੍ਰਬੰਧਕਾਂ, ਅਖੌਤੀ ਸੰਤ ਬਾਬਿਆਂ, ਗ੍ਰੰਥੀ, ਰਾਗੀ ਆਦਿ ਨੂੰ ਗੁਰਮਤਿ ਤੋਂ ਉਲਟ ਪ੍ਰਚਾਰ ਅਤੇ ਕੰਮਾਂ ਤੋਂ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਤਾਂ ਹੀ ਮਨਮੱਤਾਂ ਨੂੰ ਠੱਲ ਪਾ ਕੇ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚੋਂ ਮਾਨ ਸਿੰਘ ਭੇਵੇ ਵਾਲੇ ਅਖੌਤੀ ਸਾਧ ਦਾ ਵਿਰੋਧ ਕਰਨ ਰੂਪੀ ‘ਜਾਗ੍ਰਤੀ’ ਦੀਆਂ ਕੁੱਝ ਚੰਗੀਆਂ ਖਬਰਾਂ ਆ ਰਹੀਆਂ ਹਨ। ਹਰ ਥਾਂ ਸੰਗਤ ਨੂੰ ਜਾਗ੍ਰਿਤ ਹੋਣ ਦੀ ਬਹੁਤ ਲੋੜ ਹੈ। ਤਾਂ ਹੀ ਅਸੀਂ 300 ਸਾਲ ਪਹਿਲਾਂ ਹੋ ਚੁੱਕੇ ਸ਼ਹੀਦਾਂ ਦੀ ‘ਮੁਕਤੀ’ ਦੇ ਨਾਂ `ਤੇ ਫੈਲਾਏ ਅਤੇ ਐਸੇ ਹੋਰ ਭਰਮਾਂ ਤੋਂ ਛੁੱਟਕਾਰਾ ਪਾ ਸਕਦੇ ਹਾਂ। ਨਹੀਂ ਤਾਂ ਕੱਲ ਕੋਈ ਹੋਰ ਮਨਮੱਤੀਆ ਉੱਠ ਕੇ ਇਹ ਵੀ ਕਹਿ ਸਕਦਾ ਹੈ ਕਿ ‘ਮੇਰੇ ਸੁਪਨੇ ਵਿੱਚ ਨਾਨਕ ਪਾਤਸ਼ਾਹ ਜੀ ਆਏ ਸਨ ਤੇ ਉਹ ਕਹਿ ਰਹੇ ਸਨ ਕਿ ਮੇਰੀ ਮੁਕਤੀ ਨਹੀਂ ਹੋਈ’। ਫਿਰ ਉਹ ਮਨਮੱਤੀਆ (ਜਾਂ ਜੱਥੇਬੰਦੀ) ਵੀ ਨਾਨਕ ਪਾਤਸ਼ਾਹ ਜੀ ਦੀ ‘ਮੁਕਤੀ’ ਲਈ ਅਖੰਡ ਪਾਠਾਂ ਦੀਆਂ ਲੜੀਆਂ ਜਾਂ ਐਸੇ ਹੋਰ ਕਈਂ ਕਰਮਕਾਂਡ ਰੂਪੀ ਮਨਮੱਤ ਕਰੇਗਾ। ਐਸੇ ਮਨਮੱਤੀਆਂ ਨੂੰ ਰੋਕੇ ਬਿਨਾ ਕੌਮ ਸਹੀ ਰਾਹ `ਤੇ ਨਹੀਂ ਆ ਸਕਦੀ।
ਜਾਗਰੂਕ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਮਨਮੱਤੀ ਸਮਾਗਮ ਲਈ ਜ਼ਿੰਮੇਵਾਰ ਲੋਕਾਂ ਤੋਂ ਜ਼ਰੂਰ ਜਵਾਬ ਮੰਗਣ। ਦਿਲੀ ਤੋਂ ਮਾਤਾ ਪ੍ਰੀਤਮ ਕੌਰ ਦੀ ਸਰਪ੍ਰਸਤੀ ਹੇਠ ਆਈ ਜੱਥੇਬੰਦੀ ਦੇ (ਇਸ਼ਤਿਹਾਰ ਅਨੁਸਾਰ) ਕੁੱਝ ਮੈਂਬਰ ਇਸ ਤਰ੍ਹਾਂ ਹਨ:
ਨਿਰਵੈਰ ਸਿੰਘ (09999333518), ਬਲਵਿੰਦਰ ਸਿੰਘ (09999888847), ਗੁਰਚਰਨਜੀਤ ਸਿੰਘ (09810135206)
ਗੁਰਦੁਆਰਾ ਕਮੇਟੀ ਦੇ (ਇਸ਼ਤਿਹਾਰ ਅਨੁਸਾਰ) ਕੁੱਝ ਮੈਂਬਰ ਇਸ ਤਰ੍ਹਾਂ ਹਨ:
ਪ੍ਰਧਾਨ-ਬਲਦੇਵ ਸਿੰਘ (09416394177)
ਸਕੱਤਰ-ਲਛਮਨ ਸਿੰਘ (09896631082)
ਭਵਿੱਖ ਵਿੱਚ ਵੀ ਐਸੀਆਂ ਮਨਮੱਤਾਂ ਕਰਨ ਵਾਲਿਆਂ ਕੋਲੋਂ ਜਾਗਰੂਕ ਸੰਗਤ ਨੂੰ ਜਵਾਬ ਮੰਗਣਾ ਚਾਹੀਦਾ ਹੈ। ਤਾਂ ਹੀ ਅਸੀਂ ਨਾਨਕ ਪਾਤਸ਼ਾਹ ਜੀ ਦੇ ਦੱਸੇ ‘ਸੱਚ ਦੇ ਰਾਹ’ (ਗੁਰਮਤਿ) ਦੇ ਸੱਚੇ ਪਾਂਧੀ ਬਣ ਸਕਦੇ ਹਾਂ।
ਵੱਲੋਂ:- ਤੱਤ ਗੁਰਮਤਿ ਪਰਿਵਾਰ




.