ਕਾਲਿਜ `ਚ ਪ੍ਰੋਫ਼ੈਸਰ ਦਾ ਸੁਆਲ ਸੀ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ
‘ਅਜਿਹਿਆਂ ਦਸ ਹਸਤੀਆਂ ਦੇ ਨਾਮ ਲਵੋ, ਜਿਨ੍ਹਾਂ ਦੇ ਜੀਵਨ ਦੀ ਛਾਪ ਸਮਾਜ ਦੀ ਰਹਿਣੀ, ਸਦਾਚਾਰ ਨੂੰ
ਉੱਚਾ ਚੁੱਕਣ `ਤੇ ਪਈ ਹੋਵੇ ਅਤੇ ਜਿਸ ਪਿਛੇ ਲੋਕਾਈ ਵਾਹੋਦਾਹੀ ਲਗ ਟੁਰੀ ਹੋਵੇ’। ਇਸ ਸੁਆਲ `ਤੇ
ਕਲਾਸ `ਚ ਸੰਨਾਟਾ ਛਾ ਗਿਆ। ਚੁੱਪੀ ਨੂੰ ਤੋੜਣ ਲਈ ਪ੍ਰੋਫ਼ੈਸਰ ਦਾ ਹੀ ਸੁਆਲ ਸੀ, ਅਜਿਹੀਆਂ ਦਸ
ਹਸਤੀਆਂ ਦੇ ਨਾਮ ਦੱਸੋ? ਜਿਨ੍ਹਾਂ ਦੀ ਜੀਵਨ ਲੀਲਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੋਵੇ। ਇਸ
`ਤੇ ਕਲਾਸ `ਚ ਸਾਰਿਆਂ ਦੇ ਹੱਥ ਖੜੇ ਹੋ ਗਏ। ਪ੍ਰੋਫ਼ੈਸਰ ਨੇ ਇਸ ਬਦਲਵੀਂ ਸੋਚ ਦਾ ਕਾਰਨ ਪੁਛਿਆ ਤਾਂ
ਝੱਟ ਇੱਕ ਵਿਦਿਆਰਥੀ ਖੜਾ ਹੋ ਕੇ ਕਹਿਣ ਲਗਾ, ‘ਪ੍ਰਫ਼ੈਸਰ ਸਾਹਿਬ, ਸਾਫ਼ ਹੈ, ਜੇਕਰ ਗੁਰੂ ਨਾਨਕ
ਵਿਚਾਰਧਾਰਾ `ਤੇ ਕੁਰਬਾਨ ਹੋਣ ਵਾਲਿਆਂ ਦੇ ਨਾਮ ਹੀ ਗਿਨਵਾਉਣੇ ਹੋਣ ਤਾਂ ਦਸ ਤਾਂ ਕੀ, ਇਹ ਗਿਣਤੀ
ਹੀ ਅਮੁੱਕ ਹੈ। ਉਪ੍ਰੰਤ ਜੇਕਰ ‘ਗੁਰੂ ਨਾਨਕ’ ਵਿਚਾਰਧਾਰਾ ਤੇ ਰਹਿਣੀ ਬਾਰੇ ਗੱਲ ਕਰਣੀ ਹੋਵੇ ਤਾਂ
ਖ਼ੁਦ ਦਸ ਗੁਰੂ ਹਸਤੀਆਂ ਹੀ ਅਜਿਹੀਆਂ ਹਨ ਜਿਨ੍ਹਾਂ ਨੇ ਮਨੁੱਖਾ ਜੀਵਨ ਦੀ ਹਰੇਕ ਰਹਿਣੀ-ਸੋਚਣੀ ਨੂੰ
ਅਰਸ਼ੀ ਉਚਾਈਆਂ ਵੱਲ ਅਜਿਹਾ ਬਦਲਾਵ ਤੇ ਇਨਕਲਾਬ ਦਿੱਤਾ, ਜਿਸ ਦਾ ਕਿ ਬਦਲ ਹੀ ਸੰਭਵ ਨਹੀਂ।
“ਲੋਭਿ ਗ੍ਰਿਸਓ ਦਸ ਹੂ ਦਿਸ ਧਾਵਤ-ਇਹੀ ਕਾਰਨ ਹੈ, ਮਨੁੱਖ ਜਿਉਂ-ਜਿਉਂ
ਜਾਗੇਗਾ ਗੁਰੂ ਸਹਿਬਾਨ ਰਾਹੀਂ ਬਖਸ਼ੀ ਜੀਵਨ ਰਹਿਣੀ ਦੇ ਮੁਕਾਬਲੇ ਕਦੇ ਵੀ ਕੋਈ ਰਹਿਣੀ ਨਹੀਂ ਟਿੱਕ
ਪਾਏਗੀ। ਇਸਦਾ ਵੱਡਾ ਸਬੂਤ ਹੈ, ਅੱਜ ਜਿੰਨੇ ਵੀ ਪਾਖੰਡੀ-ਦੰਭੀ ਗੁਰੂ ਬਾਬੇ ਤੇ ਡੇਰੇ ਉਠਣ ਦਾ ਯਤਨ
ਕਰਦੇ ਹਨ। ਲੋਕਾਈ ਨੂੰ ਪਿਛੇ ਲਾਉਣ ਲਈ, ਸਾਰਿਆਂ ਨੂੰ ਸਿਵਾਇ ਗੁਰੂ ਨਾਨਕ ਦਰ ਤੋਂ ਹੋਰ ਕੋਈ ਦੂਜਾ
ਰਸਤਾ ਮਿਲਦਾ ਹੀ ਨਹੀਂ। ਇਹ ਪਾਖੰਡੀ, ਬੇਸ਼ਕ ਕਿਸੇ ਵੀ ਗੁਰਬਾਣੀ ਸਿਧਾਂਤ ਨੂੰ ਆਪਣੇ ਨਾਲ ਜੋੜਣ ਤੇ
ਦੁਕਾਨਾਂ ਚਲਾਉਣ, ਪਰ ਉਹਨਾਂ ਸਾਰਿਆਂ ਨੂੰ ਟੇਕ ਗੁਰਬਾਣੀ ਦੀ ਹੀ ਲੈਣੀ ਪੈਂਦੀ ਹੈ। ਇਹ ਵਖਰੀ ਗੱਲ
ਹੈ, ਫ਼ਿਰ ਭਾਵੇਂ ਗੁਰਬਾਣੀ ਦੀ ਕੁਵਰਤੋਂ ਕਰਕੇ ਆਪਣੇ ਜਨਮਾਂ-ਜਨਮਾਂਤਰਾਂ ਲਈ ਮੈਲ ਢੋਈ ਜਾ ਰਹੇ
ਹੋਣ। ਇਹ ਸਭ ਇਸ ਤਰ੍ਹਾਂ ਹੈ ਜਿਵੇਂ ਕੋਈ ਚੋਰ ਜਾਂ ਸੰਨ ਬਾਜ਼ ਕਿਸੇ ਗ਼ਰੀਬ ਦਾ ਨਹੀਂ ਬਲਕਿ ਵੱਡੇ
ਧਨਾਢ ਦਾ ਘਰ ਹੀ ਢੂੰਡਦਾ ਹੈ ਜਿਥੋਂ ਚੰਗਾ-ਬਹੁਤਾ ਮਾਲ ਹੱਥ ਲਗ ਸਕੇ। ਬਾਅਦ `ਚ ਭਾਵੇਂ ਉਸ ਨੂੰ
ਜੇਲਾਂ ਦੀਆਂ ਕਾਲ-ਕੋਠੜੀਆਂ `ਚ ਹੀ ਸੜਣਾ ਪਵੇ; ਪਰ ਕਰਣ ਸਮੇਂ ਉਸ ਨੂੰ ਇਹ ਸਭ ਭੁਲਿਆ ਹੁੰਦਾ ਹੈ।
ਠੀਕ ਇਸੇ ਤਰ੍ਹਾਂ ਪ੍ਰਭੂ ਦੇ ਨਿਆਂ `ਚ ਉਹਨਾਂ ਦੀਆਂ ਕਰਤੂਤਾਂ ਕਾਰਨ, ਉਹਨਾਂ ਨੂੰ ਬਾਅਦ `ਚ ਚਾਹੇ
ਭ੍ਰਿਸ਼ਟ ਜੂਨਾਂ ਦੇ ਹੀ ਦੁੱਖ ਸਹਿਣੇ ਪੈਣ ਪਰ ਇਸ ਸਮੇਂ ਸਭ ਵਿਸਰਿਆ ਹੁੰਦਾ ਹੈ।
ਗੁਰਬਾਣੀ ਦੀ ਰੱਬੀ ਸੱਚਾਈ ਨੂੰ ਇੱਕ ਹੋਰ ਪੱਖੋਂ ਵੀ ਪਹਿਚਾਣਿਆ ਜਾ ਸਕਦਾ
ਹੈ। ਗੁਰਬਾਣੀ ਅਨੁਸਾਰ ਮਨੁੱਖਾ ਜੂਨੀ ਵਿਸ਼ੇਸ਼ ਤੇ ਦੁਰਲਭ ਹੈ ਜੋ ਪ੍ਰਭੂ ਦੀ ਵੱਡੀ ਬਖਸ਼ਿਸ਼ ਨਾਲ ਹੀ
ਮਿਲਦੀ ਹੈ। ਪਾਤਸ਼ਾਹ ਨੇ ਸੰਪੂਰਣ ਗੁਰਬਾਣੀ `ਚ ਇਸ ਮਨੁੱਖਾ ਜਨਮ ਦੀ ਵਿਸ਼ੇਸ਼ਤਾ ਬਾਰੇ ਹੀ ਸਮਝਾਇਆ
ਹੈ। ਬੇਅੰਤ ਵਾਰੀ ਸਪਸ਼ਟ ਕੀਤਾ ਹੈ ਕਿ ਮਨੁੱਖ ਦੇ ਜੀਵਨ ਦੀ ਸਾਰੀ ਘਾੜਤ ਤੇ ਜੀਵਨ ਦੀਆਂ ਲੋੜਾਂ,
ਪ੍ਰਭੂ ਵਲੋਂ ਤਾਨੇ-ਪੇਟੇ ਵਾਂਘ ਘੜ ਕੇ ਹੀ ਇਸ ਨੂੰ ਸੰਸਾਰ `ਚ ਭੇਜਿਆ ਹੁੰਦਾ ਹੈ। ਲੋੜ ਹੁੰਦੀ ਹੈ
ਤਾਂ ਪ੍ਰਭੂ ਦੀ ਰਜ਼ਾ `ਚ ਜੀਅ ਕੇ, ਜੀਵਨ `ਚ ਗੁਰਬਾਣੀ ਆਦੇਸ਼ਾਂ ਅਨੁਸਾਰ ਉਦੱਮ ਕਰਣਾ, ਤਾ ਕਿ ਮੁੜ
ਜਨਮਾਂ ਦੇ ਗੇੜ `ਚ ਨਾ ਪੈਣਾ ਪਵੇ। ਗੁਰਬਾਣੀ ਤਾਂ, ਮਨੁੱਖ ਨੂੰ ਸੰਸਾਰਿਕ ਮੋਹ ਮਾਇਆ,
ਮੰਗਾਂ-ਆਸ਼ਾਵਾਂ-ਚਿੰਤਾਵਾਂ ਚੋਂ ਕਢ ਕੇ “ਆਨੰਦੁ ਗੁਰੂ ਤੇ ਜਾਣਿਆ” (ਪੰ: ੯੧੭) ਭਾਵ ਜੀਵਨ ਨੂੰ
ਨਾਮ-ਬਾਣੀ ਨਾਲ ਭਰਪੂਰ ਸਹਿਜ ਅਵਸਥਾ `ਚ ਲਿਆਉਂਦੀ ਹੈ।
ਇਸ ਤਰ੍ਹਾਂ ਗੁਰਬਾਣੀ ਮਨੁੱਖ ਨੂੰ ਬਨਾਉਟੀ ਤੇ ਨਕਲੀ ਜੀਵਨ ਚੋਂ ਕਢ ਕੇ
ਮਾਨਸਿਕ ਟਿਕਾਅ `ਚ ਲਿਆਉਂਦੀ ਤੇ ਸਫ਼ਲ ਜੀਵਨ ਲਈ ਸਹਾਈ ਹੁੰਦੀ ਹੈ। ਜਦਕਿ ਉਸੇ ਗੁਰਬਾਣੀ ਦੀ
ਕੁਵਰਤੋਂ ਤੇ ਆਪ ਮਿਥੇ ਅਰਥ, ਉਸ ਨਾਲ ਫ਼ਰਜ਼ੀ ਕਹਾਣੀਆਂ ਘੜ-ਘੜ ਕੇ ਇਹ ਪਾਖੰਡੀ- “ਸੁਖ ਕੈ ਹੇਤਿ
ਬਹੁਤੁ ਦੁਖੁ ਪਾਵਤ” (ਪੰ: ੪੧੧) ਭਾਵ ਫ਼ਰਜ਼ੀ ਸੁੱਖਾ ਲਈ ਭਟਕ ਰਹੀ ਲੋਕਾਈ ਅੰਦਰ “ਲੋਭਿ
ਗ੍ਰਿਸਓ ਦਸ ਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ” (ਪੰ: ੪੧੧) ਵਾਲੀ ਅੱਗ ਨੂੰ ਹੋਰ ਭੜਕਾਉਂਦੇ
ਤੇ ਅਗਿਆਣਤਾ ਦੀ ਨੀਂਦ `ਚ ਸੁਆ ਕੇ ਆਪਣੀਆਂ ਰੋਟੀਆਂ ਸੇਕਦੇ ਹਨ। ਲੋਕਾਈ ਨੂੰ ਵਧ ਤੋਂ ਵਧ ਗੁਮਰਾਹ
ਕਰਕੇ ਲੁੱਟਦੇ ਤੇ ਉਸ ਦਾ ਖੂਨ ਚੂਸਦੇ ਹਨ। ਦੂਜੇ ਪਾਸੇ, ਜੇਕਰ ਸੰਗਤਾਂ ਗੁਰਬਾਣੀ ਸੇਧ `ਚ ਜਾਗ ਪਵੇ
ਤਾਂ ਜਿੱਥੇ ਉਹ ਇਸ ਲੁੱਟ ਖਸੁੱਟ ਤੋਂ ਬਚ ਸਕਦੀ ਹੈ ਉਥੇ ਨਾਲ ਹੀ ਗੁਰਬਾਣੀ ਤੇ ਸਿੱਖ ਇਤਿਹਾਸ ਦੇ
ਆਪਸੀ ਸੰਬੰਧਾਂ ਤੋਂ ਸੁਚੇਤ ਹੋ ਜਾਣ ਕਾਰਣ, ਬਨਾਵਟੀ ਕਹਾਣੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚ ਸਕਦੀ
ਹੈ।
ਸਿੱਖ ਇਤਿਹਾਸ ਦੀ ਲੋੜ? ਇਸ ਸੰਬੰਧ `ਚ ਅਸਾਂ ਇੱਕ ਗੱਲ ਹੋਰ ਧਿਆਨ `ਚ
ਰਖਣੀ ਹੈ ਕਿ ਸਿੱਖ ਧਰਮ ਹੀ ਸੰਸਾਰ ਦਾ ਇਕੋ ਇੱਕ ਧਰਮ ਹੈ ਜਿਸ ਨੂੰ ਇਲਾਹੀ, ਰੱਬੀ, ਸੱਚ ਧਰਮ ਵੀ
ਕਿਹਾ ਹੈ। ਇਸ ਲਈ ਜਿਵੇਂ ਸਿੱਖ ਧਰਮ, ਸੰਸਾਰ ਭਰ ਦੇ ਧਰਮਾਂ ਤੋਂ ਨਿਵੇਕਲਾ ਤੇ ਨਿਆਰਾ ਹੈ, ਉਸੇ
ਤਰ੍ਹਾਂ ਇਹੀ ਗੱਲ ਸਿੱਖ ਇਤਿਹਾਸ `ਤੇ ਵੀ ਲਾਗੂ ਹੁੰਦੀ ਹੈ। ਉਪ੍ਰੰਤ, ਜਿੱਥੇ ਗੁਰਬਾਣੀ ਅਨੁਸਾਰ
ਸਿੱਖ ਉਹੀ ਹੈ ਜਿਸਦਾ ਜੀਵਨ ਗੁਰਬਾਣੀ ਜੀਵਨ-ਜਾਚ ਨੂੰ ਸਮ੍ਰਪਿਤ ਹੋਵੇ, ਕੱਚਾ ਬੰਦਾ ਸਿੱਖ ਨਹੀਂ ਹੋ
ਸਕਦਾ। ਉਸੇ ਤਰ੍ਹਾਂ, ਸਿੱਖ ਇਤਿਹਾਸ ਵੀ ਉਹੀ ਹੈ ਜੋ ਗੁਰਬਾਣੀ ਕਸਵਟੀ `ਤੇ ਪੂਰਾ ਉਤਰਦਾ ਹੋਵੇ,
ਦੂਜਾ ਨਹੀਂ। ਇਹੀ ਕਾਰਨ ਹੈ ਕਿ ਸਿੱਖ ਇਤਿਹਾਸ `ਚੋਂ ਸੱਚ ਝੂਠ, ਮਿਲਾਵਟਾਂ ਨੂੰ ਪਹਿਚਾਨਣ ਲਈ
ਗੁਰਬਾਣੀ ਆਦੇਸ਼ਾਂ ਬਾਰੇ ਸੋਝੀ ਹੋਣਾ ਜ਼ਰੂਰੀ ਹੈ। ਜਿਹੜੀ ਘਟਣਾ ਗੁਰਬਾਣੀ ਸਿਧਾਂਤ `ਤੇ ਪੂਰੀ ਨਾ
ਉਤਰਦੀ ਹੋਵੇ, ਸਪਸ਼ਟ ਹੈ ਉਹ ਸਿੱਖ ਇਤਿਹਾਸ ਦੀ ਘਟਣਾ ਨਹੀਂ, ਮਿਲਾਵਟ ਹੈ। ਅਸਲ `ਚ, ਇਤਿਹਾਸ ਦੇ
ਅਰਥ ਹਨ, ਉਹ ਘਟਨਾਵਾਂ ਜੋ ਬੀਤੇ ਸਮੇਂ ਨਾਲ ਸੰਬੰਧਿਤ ਹੋਣ। ਫ਼ਿਰ ਚਾਹੇ ਸਦੀਆਂ ਪਹਿਲਾਂ ਵਾਪਰੀਆਂ
ਹੋਣ ਜਾਂ ਕੁੱਝ ਹੀ ਪਲ ਪਹਿਲਾਂ, ਇਤਿਹਾਸ ਹੀ ਹੁੰਦੀਆਂ ਹਨ। ਇਤਿਹਾਸ ਸੰਬੰਧੀ ਇਹ ਨਿਯਮ ਸੰਸਾਰ ਭਰ
`ਤੇ ਲਾਗੂ ਹੁੰਦਾ ਹੈ। ਇਸ ਦੇ ਬਾਵਜੂਦ, ਚੂੰਕਿ ਸਿੱਖ ਇਤਿਹਾਸ ਗੁਰਬਾਣੀ ਜੀਵਨ ਦੇ ਪ੍ਰਗਟਾਵੇ ਦਾ
ਹੀ ਨਾਮ ਹੈ। ਇਸ ਲਈ ਸਿੱਖ ਇਇਹਾਸ ਕੇਵਲ ਉਹੀ ਹੈ ਜੋ ਗੁਰਬਾਣੀ ਵਿਚਾਰਧਾਰਾ ਅਨੁਕੂਲ ਹੋਵੇ ਜਾਂ
ਵੈਰੀਆਂ-ਵਿਰੋਧੀਆਂ ਵਲੋਂ ਕਿਸੇ ਵੀ ਢੰਗ, ਸਿੱਖ ਧਰਮ ਜਾਂ ਰਹਿਣੀ `ਤੇ ਵਾਰ ਹੋਣ। ਇਸ ਤਰ੍ਹਾਂ ਜੇਕਰ
ਕੋਈ ਘਟਨਾ ਜਾਂ ਕਰਣੀ ਕਹਿਲਵਾਏ ਤਾਂ ਸਿੱਖ ਇਤਿਹਾਸ ਦੀ, ਪਰ ਗੁਰਬਾਣੀ ਸਿਧਾਂਤ-ਰਹਿਣੀ ਦੇ ਉਲਟ
ਜਾਂਦੀ ਹੋਵੇ, ਸਿੱਖ ਇਤਿਹਾਸ ਨਹੀਂ ਹੋ ਸਕਦੀ, ਵਿਰੋਧੀਆਂ ਵਲੋਂ ਮਿਲਾਵਟ ਜ਼ਰੂਰ ਹੋ ਸਕਦੀ ਹੈ। ਇਸ
ਲਈ ਸਿੱਖ ਇਤਿਹਾਸ ਦੇ ਹਰੇਕ ਪੜਚੋਲੀਏ ਲਈ ਜ਼ਰੂਰੀ ਹੈ, ਉਸਦਾ ਗੁਰਬਾਣੀ ਸਿਖਿਆ-ਸਿਧਾਂਤ-ਜੀਵਨ ਪੱਖੋਂ
ਜਾਗ੍ਰਿਤ ਹੋਣਾ।
ਸਿੱਖ ਇਤਿਹਾਸ `ਚ ਮਿਲਾਵਟਾਂ ਦੇ ਢੇਰ ਕਿਉਂ? - ਸ਼ਕ ਨਹੀਂ ਸਿੱਖ
ਇਤਿਹਾਸ ਮਿਲਵਟਾਂ ਦਾ ਭਰਿਆ ਪਿਆ ਹੈ। ਇਸਦੇ ਬਾਵਜੂਦ ਜੇਕਰ ਬਿਮਾਰੀ ਦੀ ਜੜ੍ਹ ਹੱਥ `ਚ ਆ ਜਾਵੇ ਤਾਂ
ਬਹੁਤਾ ਕਰਕੇ ਇਲਾਜ ਵੀ ਸੌਖਾ ਹੋ ਜਾਂਦਾ ਹੈ। ਗਹੁ ਨਾਲ ਦੇਖੋ, ਪਤਾ ਲਗਦੇ ਦੇਰ ਨਹੀਂ ਲਗਦੀ ਕਿ ਸੰਨ
੧੭੦੮ `ਚ ਦਸਮੇਸ਼ ਜੀ ਜੋਤੀ ਜੋਤ ਸਮਾਏ। ਉਪ੍ਰੰਤ ੧੭੧੬ `ਚ ਬਾਬਾ ਬੰਦਾ ਸਿੰਘ ਬਹਾਦੁਰ ਤੇ ਉਹਨਾਂ
ਨਾਲ ਲਿਆਂਦੇ ੭੬੦ ਸਿੰਘਾਂ ਦੀ ਸ਼ਹਾਦਤ ਵੀ ਲੂੰ-ਕੰਡੇ ਖੜੇ ਕਰਣ ਵਾਲੀ ਸੀ। ਇਸ ਤੋਂ ਬਾਅਦ, ੧੭੯੯ `ਚ
ਖਾਲਸਾ, ਰਾਜਪਾਟ ਦਾ ਮਾਲਿਕ ਬਣਿਆ। ਸੰਨ ੧੭੧੬ ਤੋਂ ੧੭੯੯, ਚੋਰਾਸੀ ਸਾਲ ਦਾ ਸਮਾਂ, ਸਿੱਖ ਕੌਮ ਲਈ
ਵੰਗਾਰ ਦਾ ਸਮਾਂ ਸੀ। ਠੀਕ ਹੈ, ਇਸ ਦੌਰਾਨ ਬਾਬਾ ਬੰਦਾ ਸਿੰਘ ਬਹਾਦੁਰ, ਸ੍ਰਦਾਰ ਜੱਸਾ ਸਿੰਘ
ਆਹਲੂਵਾਲੀਆ ਤੇ ਨਵਾਬ ਕਪੂਰ ਸਿੰਘ ਦੀ ਕਮਾਨ `ਚ ਤਿੰਨ ਵਾਰੀ ਖਾਲਸਾ ਰਾਜ ਕਾਇਮ ਹੋਇਆ ਪਰ ਸਾਧਨ
ਸੀਮਤ ਹੋਣ ਕਾਰਨ ਤਿਨੋਂ ਵਾਰੀ, ਲੰਮਾਂ ਸਮਾਂ ਨਾ ਚਲ ਸਕਿਆ। ਉਲਟਾ ਇਸੇ ਸਮੇਂ `ਚ, ਦੋ ਘਲੂਘਾਰੇ ਵੀ
ਹੋਏ, ਜਿਨ੍ਹਾਂ `ਚ ਸਿੱਖ ਕੌਮ ਦਾ ਬੇਅੰਤ ਜਾਣੀ ਨੁਕਸਨ ਹੋਇਆ। ਇਸ ਤਰ੍ਹਾਂ ਸੰਨ ੧੭੧੬, ਬਾਬਾ ਬੰਦਾ
ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਲੈ ਕੇ ੧੭੯੯, ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਦੀ ਕਾਇਮੀ
ਤੀਕ, ਸਿੱਖ ਇਤਿਹਾਸ ਦਾ ਉਹ ਸਮਾਂ ਸੀ, ਜਦੋਂ ਕੌਮ ਨੂੰ ਆਪਣੀ ਹੋਂਦ ਬਚਾਉਣ ਲਈ, ਜੰਗਲਾਂ,
ਮਾਰੂਥਲਾਂ ਤੇ ਪਹਾੜਾਂ `ਚ ਜੀਵਨ ਬਤੀਤ ਕਰਣਾ ਪਿਆ। ਇਹੀ ਸਮਾਂ ਸੀ ਜਦੋਂ ਵਿਰੋਧੀਆਂ ਹੱਥੋਂ ਕੌਮ ਦੀ
ਰਹਿਣੀ-ਇਤਿਹਾਸ ਆਦਿ ਦਾ ਭਰਵਾਂ ਨੁਕਸਾਨ ਹੋਇਆ।
ਵਿਰੋਧੀਆਂ ਵਲੋਂ ਸਿੱਖ ਧਰਮ `ਤੇ ਵਾਰ- ਚੂੰਕਿ ਗੁਰਬਾਣੀ ਨੂੰ ਸਮ੍ਰਪਤ
ਸ਼ਰਧਾਲੂ ਸੰਗਤਾਂ ਤੇ ਇਤਿਹਾਸਕ ਗੁਰਦੁਆਰੇ (ਧਰਮਸਾਲਾਵਾਂ) ਸ਼ਹਿਰਾਂ `ਚ ਹੀ ਸਨ ਜਿੱਥੇ ਕਿ ਸਿੱਖਾਂ
ਦਾ ਵਾਸਾ ਹੀ ਨਹੀਂ ਸੀ ਰਹਿ ਚੁੱਕਾ। ਸਮੇਂ ਦਾ ਲਾਭ ਲੈ ਕੇ, ਸਿੱਖੀ ਪ੍ਰਚਾਰ ਦੇ ਇਹਨਾ ਸੋਮਿਆਂ `ਤੇ
ਸਿੱਖ ਵਿਰੋਧੀ ਅਨਸਰ ਪੂਰੀ ਤਰ੍ਹਾਂ ਕਾਬਿਜ਼ ਹੋ ਗਿਆ। ਜਾਤ-ਪਾਤ, ਵਰਣ-ਵੰਡ, ਛੂਆ-ਛੂਤ ਦਾ ਮੁੱਦਈ,
ਇੱਕ ਰੱਬ ਨੂੰ ਭੁਲਾ ਕੇ ਕਰੋੜਾਂ ਇਸ਼ਟ ਤੇ ਭਗਵਾਨ ਪੈਦਾ ਕਰੀ ਬੈਠਾ, ਕਰਮਕਾਂਡਾ ਦੀ ਤਿਜੋਰੀ ਪਾਲ
ਰਿਹਾ ਬ੍ਰਾਹਮਣ ਵਰਗ, ਪਹਿਲੇ ਜਾਮੇ ਤੋਂ ਹੀ ਗੁਰੂਦਰ ਵਿਰੁਧ ਆਪਣੇ ਪਰ ਮਾਰ ਰਿਹਾ ਸੀ। ਇਹ ਵੀ ਠੀਕ
ਹੈ ਕਿ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ `ਤੇ ਗੁਰੂ
ਪਾਤਸ਼ਾਹ ਦਾ ਸਖ਼ਤ ਪਹਿਰਾ ਸੀ, ਜਿਸ ਤੋਂ ਵਿਰੋਧੀ ਅਨਸਰ, ਸਿੱਖੀ ਦੇ ਮਜ਼ਬੂਤ ਕਿਲੇ `ਚ ਸੁਰਾਖ ਤੀਕ ਵੀ
ਨਾ ਕਰ ਸਕਿਆ। ਉਪ੍ਰੰਤ, ਸੰਨ ੧੭੧੬, ਬਾਬਾ ਜੀ ਦੀ ਸ਼ਹਾਦਤ ਤੋਂ ਬਾਅਦ ਤਾਂ ਵਿਰੋਧੀਆਂ ਕੋਲ ਪੂਰਾ
ਮੈਦਾਨ ਹੀ ਖਾਲੀ ਪਿਆ ਸੀ।
ਸਿੱਖ ਧਰਮ `ਤੇ ਛਾਏ ਇਸ ਵਿਕਰਾਲ ਸਮੇਂ `ਚ ਹੀ ਵਿਰੋਧੀਆਂ ਨੇ ਸੰਨ ੧੭੧੬
ਤੋਂ ਪਹਿਲਾਂ ਦਾ ਜਿੰਨਾ ਵੀ ਸਿੱਖ ਇਤਿਹਾਸ ਸੀ, ਉਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਉਪ੍ਰੰਤ
ਉਹਨਾਂ ਲੋਕਾਂ ਨੇ ਹੀ ਨਵਾਂ ਤੇ ਮਨ-ਮਰਜ਼ੀ ਦਾ ਸਿੱਖ ਇਤਿਹਾਸ ਸਿਰਜਿਆ। ਹੋਰ ਤਾਂ ਹੋਰ ਗੁਰਬਾਣੀ ਨੂੰ
ਵੀ ਆਪਣੇ ਕੀਤੇ ਅਰਥਾਂ `ਚ ਬਲਕਿ ਕਈ ਸ਼ਬਦਾਂ ਨਾਲ ਫ਼ਰਜ਼ੀ ਕਹਾਣੀਆਂ ਜੋੜ ਕੇ ਸੰਗਤਾਂ ਤੀਕ ਪਹੁੰਚਾਇਆ।
ਇਹ ਸਭ, ਗੁਰਮਤਿ ਦੀ ਚਾਸ਼ਣੀ ਚੜ੍ਹਾ ਕੇ, ਬੜੀ ਵਿਉਂਤਬੰਦੀ ਨਾਲ ਪ੍ਰਚਲਤ ਕੀਤਾ ਗਿਆ। ਇਸ ਦਾ ਵੱਡਾ
ਸਬੂਤ ਹੈ ਕਿ ਅੱਜ ਜਿਸਨੂੰ ਅਸੀਂ ‘ਸਿੱਖ ਇਤਿਹਾਸ’ ਮੰਨ ਤੇ ਸਮਝ ਰਹੇ ਹਾਂ ਇਹ ਸਾਰਾ ਸੰਨ ੧੭੧੬ ਤੋਂ
ਬਾਅਦ ਦੀਆਂ ਲਿਖਤਾਂ ਹੀ ਹਨ, ਪਹਿਲਾਂ ਦੀਆਂ ਨਹੀਂ, ਇਸੇ ਲਈ ਇਹ ਅਸਲ ਸਿੱਖ ਇਤਿਹਾਸ ਨਹੀਂ। ਲੋੜ ਹੈ
ਤਾਂ ਉਸ ਚੋਂ ਹੰਸ ਬਿਰਤੀ ਨਾਲ, ਸਿੱਖ ਇਤਿਹਾਸ ਦੀਆਂ ਟੂਕਾਂ ਨੂੰ ਢੂੰਡਣ ਤੇ ਸੰਗਤਾਂ ਤੀਕ
ਪਹੁੰਚਾਉਣ ਦੀ। ਕਵੀ ਸੰਤੋਖ ਸਿੰਘ ਦਾ ‘ਗੁਰ ਪ੍ਰਤਾਪ ਸੂਰਜ’, ਜੋ ਆਪ ਹੀ ਚੂੜਾਮਣੀ ਭਾਵ ਉੱਚੀ ਕੁੱਲ
ਦੇ ਪੰਡਿਤ ਸਨ ਤੇ ਉਹਨਾਂ ਨੂੰ ਮਦਦ ਲਈ ਵੀ ਪੰਜ ਬ੍ਰਾਹਮਣ ਵਿਦਵਾਨ ਹੀ ਮਿਲੇ ਸਨ। ਉਪ੍ਰੰਤ ਗਿਆਨੀ
ਗਿਆਨ ਸਿੰਘ ਦਾ ‘ਪੰਥ ਪ੍ਰਕਾਸ਼ ਉਪ੍ਰੰਤ ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ,
ਬਚਿਤ੍ਰ ਨਾਟਕ (ਮੌਜੂਦਾ ਦਸਮਗ੍ਰੰਥ), ਭਾਈ ਬਾਲੇ ਵਾਲੀ ਜਨਮ ਸਾਖੀ ਤੇ ਹੋਰ ਜੋ ਕੁੱਝ ਵੀ ਅੱਜ ਸਿੱਖ
ਇਤਿਹਾਸ ਦੇ ਨਾਮ `ਤੇ ਸਾਨੂੰ ਮਿਲ ਰਿਹਾ ਹੈ, ਜਿਸਨੂੰ ਮਰਜ਼ੀ ਪੜ੍ਹ ਲਵੋ, ਬਹੁਤਾ ਕਰਕੇ ਅਨਮਤੀ
ਵਿਚਾਰਧਾਰਾ `ਤੇ ਹੀ, ਗੁਰਮਤਿ ਦੀ ਚਾਸ਼ਨੀ ਚੜ੍ਹੀ ਹੋਈ ਮਿਲੇਗੀ। ਸਿੱਖ ਧਰਮ ਦੇ ਇਸ ਕਾਲੇ ਦੌਰ `ਚ
ਗੁਰੂਦਰ ਵਿਰੋਧੀ ਉਦਾਸੀ, ਧੀਰਮਲੀਏ, ਪ੍ਰੀਥੀਏ, ਮੀਨੇ, ਰਾਮਰਈਏ ਆਦਿ ਵੀ, ਕਿਸੇ ਤੋਂ ਪਿਛੇ ਨਾ
ਰਹੇ, ਜਿਵੇਂ ਕਿ ਉਹਨਾਂ ਦੀ ਵੀ ਲਾਟਰੀ ਖੁੱਲ ਚੁੱਕੀ ਸੀ; ਜਿਥੋਂ ਤੀਕ ਵਸ ਚਲਿਆ ਕਸਰ ਉਹਨਾਂ ਵੀ
ਨਹੀਂ ਛੱਡੀ। ਇਸ ਲਈ ਇਹ ਕਹਿਣਾ ਠੀਕ ਨਹੀਂ, ਕਿ ਸਿੱਖਾਂ ਨੇ ਇਤਿਹਾਸ ਬਨਾਇਆ ਤਾਂ ਹੈ ਪਰ ਸੰਭਾਲਿਆ
ਨਹੀਂ। ਜੇਕਰ ਉਸ ਦੌਰਾਨ ਭਾਈ ਗੁਰਦਾਸ ਜੀ ਉਪ੍ਰੰਤ ਭਾਈ ਮਨੀ ਸਿੰਘ ਜੀ ਵਰਗੇ ਵਿਦਵਾਨ ਕੌਮ ਦੇ ਸਕਦੀ
ਸੀ ਤਾਂ ਹੋਰ ਕਿਉਂ ਨਹੀਂ? ਇਸੇ ਹੀ ਕੜੀ `ਚ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸੰਨ ੧੬੩੪ `ਚ ਹੋਈ
ਜਦੋਂ ਕਿ ਪੰਥ ਲਈ ਕਾਲੀ ਹਨੇਰੀ ਰਾਤ ਹੀ ਸੀ। ਇਸੇ ਕਾਰਨ, ਭਾਈ ਮਨੀ ਸਿੰਘ ਜੀ ਦੀਆਂ ਅਸਲ ਲਿਖਤਾਂ
ਵੀ ਬਹੁਤਾ ਕਰਕੇ ਪ੍ਰਾਪਤ ਨਹੀਂ ਹਨ।
ਇਸ ਸਮੇਂ `ਚ ਵਿਰੋਧੀ, ਆਪਣਾ ਰੂਪ, ਭੇਸ, ਬੋਲੀ ਬਦਲ ਕੇ ਬੜੀ ਤੇਜ਼ੀ ਨਾਲ
ਸਿੱਖੀ ਪ੍ਰਚਾਰ ਦੇ ਸੋਮਿਆਂ ਤੇ `ਤੇ ਪੂਰੀ ਤਰ੍ਹਾਂ ਕਾਬਿਜ਼ ਹੋ ਗਏ। ਬਨਾਰਸ ਦੇ ਪੜ੍ਹੇ-ਲਿਖੇ
ਪੰਡਿਤ, ਆਪ ਰਚੀ ਕਹਾਣੀ ਪ੍ਰਚਲਤ ਕਰਕੇ ਸਿੱਖਾਂ `ਚ ਹੀ ਵਿਸ਼ੇਸ਼ ਵਰਗ ‘ਨਿਰਮਲੇ ਸਿੱਖ’ ਬਣ ਬੈਠੇ, ਜੋ
ਅੱਜ ਤੀਕ ਪੰਡਿਤ ਹੀ ਅਖਵਾਉਂਦੇ ਹਨ। ਇਸ ਦੌਰਾਨ ਵਿਰੋਧੀਆਂ ਨੇ ਸਿੱਖ ਇਤਿਹਾਸ, ਸਿੱਖ ਰਹਿਣੀ ਤੇ
ਸਿੱਖ ਜੀਵਨ ਜਾਚ `ਤੇ ਤਾਬੜ ਤੋੜ ਹਮਲੇ ਤੇ ਉਸ `ਚ ਆਪਣੇ ਢੰਗ ਦੀਆਂ ਮਿਲਾਵਟਾਂ ਕੀਤੀਆਂ। ਸਿੱਖ
ਇਤਿਹਾਸ, ਸਿੱਖ ਰਹਿਣੀ ਦਾ ਮਲੀਆਮੇਟ ਕਰਣ `ਚ ਕੋਈ ਕਸਰ ਨਾ ਰਹਿਣ ਦਿੱਤੀ ਗਈ। ਗੁਰਬਾਣੀ ਦੇ ਵੈਦਿਕ
ਆਧਾਰ `ਤੇ ਕਰਮਕਾਂਡੀ ਤੇ ਮਨਮਰਜ਼ੀ ਦੇ ਬ੍ਰਾਹਮਣੀ ਅਰਥ ਪ੍ਰਚਲਤ ਕੀਤੇ ਗਏ। ਹਰੇਕ ਬ੍ਰਾਹਮਣੀ
ਕਰਮਕਾਂਡ, ਤਿਉਹਾਰ ਤੇ ਵਿਚਾਰਧਾਰਾ ਨੂੰ ਗੁਰਦੁਆਰਿਆਂ ਰਸਤੇ ਸੰਗਤਾਂ `ਚ ਪਹੁੰਚਾ ਦਿੱਤਾ ਗਿਆ। ਹੋਰ
ਤਾਂ ਹੋਰ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪ੍ਰਕਰਮਾਂ `ਚੋ ਤਾਂ ਮਹਿਜ਼ ਸੰਨ ੧੯੩੬ `ਚ ਹੀ
ਮੂਰਤੀਆਂ ਚੁਕਵਾਈਆਂ ਜਾ ਸਕੀਆਂ। ਇਸੇ ਤਰ੍ਹਾਂ, ਹੋਰ ਵੀ ਬਹੁਤ ਕਾਰਨ ਹਨ ਜਿਥੋਂ ਅੱਜ ਸਿੱਖ ਇਤਿਹਾਸ
ਦੀ ਪੜਚੋਲ ਕਿਸੇ ਤਰ੍ਹਾਂ ਵੀ ਸੌਖੀ ਤੇ ਹਰੇਕ ਦੇ ਵੱਸ ਦੀ ਨਹੀਂ।
ਇਹ ਤਾਂ ਪਾਤਸ਼ਾਹ ਦੀ ਹੀ ਦੂਰ-ਅੰਦੇਸ਼ੀ ਦਾ ਸਿੱਟਾ ਹੈ ਕਿ ਅੱਜ ਕੌਮ ਕੋਲ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਜੁਗੋ ਜੁਗ ਅਟਲ ਤੇ ਮਹਾਨ ਹਸਤੀ ਮੌਜੂਦ ਹੈ। “ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਉਹ ਕਸਵਟੀ ਹਨ ਜਿਨ੍ਹਾਂ ਦੇ ਆਧਾਰ `ਤੇ ਅੱਜ ਵੀ ਅਸੀਂ ਕਿਸੇ
ਹੱਦ ਤੀਕ ਆਪਣੇ ਅਸਲ ਇਤਿਹਾਸ ਤੀਕ ਪੁੱਜ ਸਕਦੇ ਹਾਂ। ਇਸ ਤੋਂ ਬਾਅਦ ਜੋ ਸਾਨੂੰ ਮਿਲਦਾ ਹੈ ਤਾਂ ਉਹ
ਹਨ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ। ਜਦਕਿ ਭਾਈ ਸਾਹਿਬ ਦੀਆਂ ਰਚਨਾਵਾਂ ਨਾਲ ਵੀ ਛੇੜਾਛਾੜ ਉਘੜ
ਕੇ ਉਦੋਂ ਸਾਹਮਣੇ ਆ ਜਾਂਦੀ ਹੈ ਜਦੋਂ ਉਹਨਾਂ ਵਾਰਾਂ, ਕਬਿੱਤਾਂ `ਚੋਂ ਵੀ ਪੰਜਵੇਂ ਪਾਤਸ਼ਾਹ ਦੀ
ਤਸੀਹੇ ਭਰਪੂਰ ਸ਼ਹਾਦਤ ਬਾਰੇ ਉੱਕਾ ਜ਼ਿਕਰ ਨਹੀਂ ਮਿਲਦਾ। ਸਪਸ਼ਟ ਹੈ, ਇਸ ਮਸਲੇ ਨੂੰ ਉਹੀ ਹੱਲ ਕਰ
ਸਕਦੇ ਹਨ, ਜਿਨ੍ਹਾਂ ਨੂੰ ਗੁਰਬਾਣੀ ਵਿਚਾਰਧਾਰਾ-ਸਿਧਾਂਤ ਸਪਸ਼ਟ ਹਣ ਤੇ ਜੀਵਨ ਪੱਖੋਂ ਗੁਰਬਾਣੀ ਆਗਿਆ
`ਚ ਵਿਚਰ ਰਹੇ ਹਣ, ਦੂਜੇ ਨਹੀਂ। ਦੇਖਣ ਦੀ ਗੱਲ ਹੈ, ਸਿੱਖ ਇਤਿਹਾਸ ਤੇ ਰਹਿਣੀ ਨਾਲ ਲਗਾਤਾਰ ਲਗਭਗ
ਪਿਛਲੇ ਤਿੰਨ ਸੌ ਸਾਲਾਂ ਤੋਂ ਚੱਲ ਰਿਹਾ ਘਪਲਾ, ਸਿੱਖ ਮਾਨਸ `ਚ ਆਪਣੀਆਂ ਜੜ੍ਹਾਂ ਜਮਾਈ ਬੈਠਾ ਹੈ
ਤੇ ਅੱਜ ਤੀਕ ਇਹ ਰੱਲ ਗਡ ਰੁਕਣ `ਚ ਨਹੀਂ ਆ ਰਹੀ ਬਲਕਿ ਦਿਨੋਦਿਨ ਵਾਧੇ `ਤੇ ਹੀ ਹੈ।
ਗੁਰੂ ਨਾਨਕ ਪ੍ਰਕਾਸ਼ ਤੋਂ ਵਿਸਾਖੀ ੧੬੯੯- ਅਸਲ `ਚ ਸਿੱਖ ਇਤਿਹਾਸ ਦੀਆਂ
ਜੋ ਘਟਨਾਵਾਂ ਅੱਜ ਅਸੀਂ ਵਿਸਾਖੀ ਸੰਨ ੧੬੯੯ ਨਾਲ ਜੋੜ ਰਹੇ ਹਾਂ, ਸਾਰੀਆਂ ਗੁਰੂ ਨਾਨਕ ਆਗਮਨ,
ਵਿਸਾਖੀ ੧੪੬੯ ਨਾਲ ਸੰਬੰਧਤ ਹਨ। ਬਾਵਜੂਦ ਇਸਦੇ ਵਿਸਾਖੀ ੧੬੯੯ ਦਾ ਮਹਤਵ ਆਪਣਾ ਹੈ। ਵਿਸਾਖੀ ੧੪੬੯,
ਪਹਿਲੇ ਪਾਤਸ਼ਾਹ ਤੋਂ ਹੀ ਸਿੱਖ ਨੂੰ ‘ਕੇਸਾਧਾਰੀ’ ਸਰੂਪ `ਚ ਪ੍ਰਗਟ ਕੀਤਾ ਤੇ ਕੇਸਾਂ ਦੀ
ਸੰਭਾਲ-ਸਫ਼ਾਈ ਲਈ ਕੰਘੇ (ਲਕੜੀ ਦਾ) ਵਾਲਾ ਨਿਯਮ ਵੀ ਬਖ਼ਸ਼ਿਆ। ਬ੍ਰਾਹਮਣ ਦੇ ਸਾਰੇ ਸੰਸਕਾਰ,
ਬਿਨਾ ਸਿਲਾਈ ਧੋਤੀ `ਚ ਹੁੰਦੇ ਹਨ। ਪਹਿਲੇ ਜਾਮੇ ਤੋਂ ਹੀ ਗੁਰਬਾਣੀ ਗੁਰੂ ਵਾਲਾ ਸਿਧਾਂਤ ਤੇ ਜੰਜੂ
ਪਹਿਨਣ ਤੋਂ ਇਨਕਾਰ ਸਬੂਤ ਹਨ ਕਿ ਪਹਿਲੇ ਜਾਮੇ ਤੋਂ ਹੀ ਸਿੱਖਾਂ ਨੂੰ ਸਿਲਾਈਆਂ ਨਾਲ ਭਰਪੂਰ
ਰੇਬਦਾਰ ਕਛਿਹਰਾ ਪੁਆਇਆ ਗਿਆ, ਤਾ ਕਿ ਸਿੱਖ ਬ੍ਰਾਹਮਣੀ ਜਾਲ `ਚ ਨਾ ਫਸੇ, ਅਜੋਕੀਆਂ
ਕੁਰਿਹਤਾਂ ਤੋਂ ਬਚਣ ਵਾਲੇ ਆਦੇਸ਼ ਗੁਰਬਾਣੀ ਆਧਾਰ `ਤੇ ਹਨ। ਇਸੇ ਤਰ੍ਹਾਂ ਨਿਤਨੇਮ-ਬਾਣੀ ਜਪੁ,
ਸ਼ਾਮਾਂ ਨੂੰ ਸੋਦਰ, ਰਾਤ ਨੂੰ ਸੋਹਿਲਾ (ਇਕ ਇੱਕ ਸ਼ਬਦ) ਵਾਲਾ ਸਿਧਾਂਤ ਵੀ ਪਹਿਲੇ ਜਾਮੇ
ਤੋਂ ਹੀ ਸਿੱਖੀ ਦਾ ਅੰਗ ਹਨ। ਸਿੱਖ ਧਰਮ `ਚ ਪ੍ਰਵੇਸ਼ ਲਈ `ਚਰਣ ਪਾਹੁਲ’ ਵਾਲਾ
ਨਿਯਮ ਵੀ ਪਹਿਲੇ ਜਾਮੇ ਤੋਂ ਹੀ ਸੀ ਤੇ ਵਿਸਾਖੀ 1699 ਦੇ ਦਿਨ ਉਸੇ ਨੂੰ ਦਸਮੇਸ਼ ਜੀ ਨੇ
‘ਖੰਡੇ ਦੀ ਪਾਹੁਲ’ (ਅੰਮ੍ਰਿਤ ਛਕਣ) `ਚ ਬਦਲਿਆ। ਪੰਥ ਦਾ ਨੰਗੀ ਤਲਵਾਰ ਵਾਲਾ ਇਮਤਿਹਾਨ ਲੈ
ਕੇ, ਸਿੱਖ ਧਰਮ `ਚ ਪ੍ਰਵੇਸ਼ ਵਾਲਾ ਕਾਰਜ ਪੰਥ ਨੂੰ ਹੀ ਸੌਂਪ ਦਿੱਤਾ, ਇਸੇ ਦਾ ਨਾਮ ਹੈ ‘ਵਿਸਾਖੀ
੧੬੯੯ ਨੂੰ ਪੰਥ ਸਾਜਿਆ’। ਉਪ੍ਰੰਤ ਵਤਿਹ ਵਾਲਾ ਬੋਲਾ, ਸਿੰਘ-ਕੌਰ ਵਾਲਾ ਪ੍ਰਵਾਰਕ ਨਿਯਮ ਆਦਿ ਸਾਰੇ
ਵਿਸਾਖੀ ੧੬੯੯ ਨਾਲ ਹੀ ਸੰਬੰਧਤ ਹਨ।
ਸ਼ੰਕੇ, ਸੁਆਲ ਤੇ ਢੁੱਚਰਾਂ-ਅੱਜ ਇਸੇ ਗ਼ਲਤ ਪ੍ਰਚਾਰ ਦਾ ਸਿੱਟਾ ਹਨ,
ਸਿੱਖ ਪਨੀਰੀ `ਚ ਸਿੱਖ ਧਰਮ ਸੰਬੰਧੀ ਸ਼ੰਕੇ, ਸੁਆਲ ਤੇ ਢੁੱਚਰਾਂ। ਜਿਵੇਂ ੧. ਜੇਕਰ ਅਸੀਂ
ਕੇਸਾਧਾਰੀ ਹੋਏ ਹੀ ਵਿਸਾਖੀ ੧੬੯੯ ਨੂੰ, ਇਸਦਾ ਮਤਲਬ ਪਹਿਲਾਂ ੨੩੦ ਸਾਲ ਸਿੱਖ ਵੀ
ਕੇਸਾਂ ਬਿਨਾ ਸਨ, ਤਾਂ ਅੱਜ ਕਿਉਂ ਨਹੀਂ? ੨. ਅੰਮ੍ਰਿਤ ਛਕਣ ਦਾ ਨਿਯਮ ਤਾਂ ਸੰਨ ੧੬੯੯
ਦੀ ਵਿਸਾਖੀ ਨੂੰ ਸ਼ੁਰੂ ਹੋਇਆ, ਜੇਕਰ ਇਸ ਤੋਂ ਪਹਿਲਾਂ ਸਿੱਖ ਅੰਮ੍ਰਿਤ ਛਕੇ ਬਿਨਾ ਵੀ ਸਨ ਤਾਂ ਅੱਜ
ਕਿਉਂ ਨਹੀਂ? ੩. ਕਲਗੀਧਰ ਜੀ ਨੇ ਵਿਸਾਖੀ ੧੬੯੯ ਵਾਲੇ ਦਿਨ ‘ਅੰਮ੍ਰਿਤ ਛਕਾ ਕੇ’
ਸਿੱਖਾਂ ਨੂੰ ਖਾਲਸਾ ਸਜਾਇਆ, ਮਤਲਬ-ਅੰਮ੍ਰਿਤ ਛਕੇ ਬਿਨਾ ਅਸੀਂ ਖਾਲਸੇ ਨਹੀਂ ਪਰ ਸਿੱਖ ਤਾਂ ਹਾਂ
ਹੀ। ਜਦੋਂ ਇੱਛਾ ਹੋਵੇਗੀ, ਖਾਲਸੇ ਸਜ ਜਾਵਾਂਗੇ। ੪. ਖਾਲਸਾ ਸਜਣਾ ਹੋਵੇਗਾ ਤਾਂ ਅੰਮ੍ਰਿਤ
ਛਕ ਲਵਾਂਗੇ, ਸਾਡਾ ਕੰਮ ਤਾਂ ਇਵੇਂ ਹੀ ਚੱਲ ਜਾਂਦਾ ਹੈ, ‘ਅੰਮ੍ਰਿਤ ਛਕਣ’ ਦੀ ਕੀ ਲੋੜ? ੫.
ਨਿੱਤਨੇਮ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਜ਼ਰੂਰੀ ਹੈ ਅਸਾਂ ਅਜੇ ਕਿਹੜਾ ਅੰਮ੍ਰਿਤ ਛਕਿਆ ਹੈ, ਸਾਡੇ
ਲਈ ਨਿੱਤਨੇਮ ਜ਼ਰੂਰੀ ਨਹੀਂ। ੬. ਅੰਮ੍ਰਿਤ ਛਕਾਂਗੇ ਤਾਂ ਸ਼ਰਾਬ ਵੀ ਛੱਡ ਦੇਵਾਂਗੇ ਅਜੇ
ਸਾਨੂੰ ਖੁੱਲ੍ਹ ਹੈ, ਸਿੱਖ ਤਾਂ ਅਸੀਂ ਹਾਂ ਹੀ। ੭. ਅੰਮ੍ਰਿਤ ਛਕਣਾ ਜ਼ਰੂਰੀ ਤੇ ਹੈ ਨਹੀਂ,
ਇਹ ਤਾਂ ਮਨ ਮੰਨਣ ਦੀ ਗੱਲ ਹੈ। ਜਦੋਂ ਮਨ ਮੰਨੇਗਾ ਛਕ ਲਵਾਂਗੇ, ਕੋਈ ਮਜਬੂਰੀ ਨਹੀਂ। ੮.
ਸਿੱਖ ਧਰਮ ਤਾਂ ਗੁਰੂ ਨਾਨਕ ਜੀ ਤੋ ਚੱਲਦਾ ਆ ਰਿਹਾ ਸੀ। ਵਿਸਾਖੀ ੧੬੯੯ ਨੂੰ ਦਸਮੇਸ਼ ਜੀ ਨੇ
ਤਾਂ ਕਿਹਾ ਨਹੀਂ ਕਿ ਸਾਰੇ ਅੰਮ੍ਰਿਤ ਛਕਣ। ਜਿੰਨ੍ਹਾਂ ਦੀ ਇੱਛਾ ਸੀ ਛਕ ਕੇ ‘ਖਾਲਸੇ’ ਬਣ ਗਏ, ਬਾਕੀ
ਸਾਰੇ ਸਿੱਖ ਹੀ ਸਨ ਤੇ ਅੱਜ ਵੀ ਹਨ …। ਕੇਵਲ ਪਨੀਰੀ ਅੰਦਰ ਹੀ ਨਹੀਂ, ਵੱਡਿਆਂ ਅੰਦਰ ਵੀ ਇਸ ਤੋਂ
ਨੀਵੀਂ ਪੱਧਰ ਦੇ ਅਨੇਕਾਂ ਸ਼ੰਕੇ-ਸੁਆਲ-ਢੁੱਚਰਾਂ ਮਿਲਦੀਆਂ ਹਨ। ਕਈ ਤਾਂ ਇਹ ਵੀ ਕਹਿੰਦੇ ਸੁਣੇ ਹਨ,
ਨਾਵਾਂ ਨਾਲ ‘ਸਿੰਘ-ਕੌਰ’ ਤਾਂ ਅੰਮ੍ਰਿਤ ਛਕਣ ਤੌਂ ਬਾਅਦ ਜ਼ਰੂਰੀ ਹੈ, ਪਹਿਲਾਂ ਨਹੀਂ। ਸਾਰੇ ਦਾ ਮੂਲ
ਕਾਰਣ ਹੈ, ਸਾਡੀ ਆਪਣੇ ਇਤਿਹਾਸ ਬਾਰੇ ਲਾਪਰਵਾਹੀ ਅਤੇ ਦੂਜਿਆਂ ਰਾਹੀਂ ਮਿਲਾਵਟਾਂ। ਜਿਨ੍ਹਾਂ ਦੀ
ਪਹਿਚਾਣ ਗੁਰਬਾਣੀ ਸੋਝੀ ਬਿਨਾ ਸੰਭਵ ਹੀ ਨਹੀਂ।
ਗੁਰੂ ਨਾਨਕ ਪਾਤਸ਼ਾਹ ਨੇ ਚੀਨ, ਬਰਮਾ, ਰੂਸ, ਬਗ਼ਦਾਦ, ਇਰਾਨ ਤੀਕ ਪੁੱਜ ਕੇ
ਸੱਚ ਧਰਮ ਦਾ ਪ੍ਰਕਾਸ਼ ਕੀਤਾ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਕਰਮਕਾਂਡਾਂ,
ਪਾਖੰਡਾਂ ਲੋਕਾਈ ਦੀ ਹੋ ਰਹੀ ਲੁੱਟ-ਖੋਹ, ਸ਼ੋਸ਼ਣ ਤੋਂ ਸੁਚੇਤ ਕੀਤਾ। ਜਦਕਿ ਅਜਿਹੇ ਬਹੁਤੇ
ਕਰਮਕਾਂਡਾਂ ਦਾ ਰਸਤਾ ਵੀ ਬ੍ਰਾਹਮਣ ਤੇ ਉਸਦੇ ਜਨੇਉ ਵਲੋਂ ਹੀ ਆਉਂਦਾ ਹੈ। ਅੱਜ ਗੁਰ ਇਤਿਹਾਸ ਨਾਲ
ਜੁੜੀਆਂ ਬੇਅੰਤ ਸਾਖੀਆਂ (ਕਹਾਣੀਆਂ) ਮਿਲਦੀਆਂ ਹਨ ਜਿਨ੍ਹਾਂ ਦਾ ਆਧਾਰ ਗੁਰਬਾਣੀ ਨਹੀਂ ਬਲਕਿ
ਬ੍ਰਾਹਮਣੀ ਵਿਚਾਰਧਾਰਾ ਹੈ। ਮਿਸਾਲ ਵਜੋਂ, ਗੁਰਗੱਦੀ ਸੌਂਪਣ ਸਮੇਂ ਹਰੇਕ ਗੁਰੂ ਵਿਅਕਤੀ ਨਾਲ ਤਿਲਕ
ਨਾਰੀਅਲ ਵਾਲਾ ਪ੍ਰਚਾਰ, ‘ਰਸਮ ਪਗੜੀ’ ਵਾਲੀ ਕਹਾਣੀ ਤੇ ਉਹ ਵੀ ਕੇਵਲ ਪੰਚਮ ਪਿਤਾ ਨਾਲ, ਕਿਸੇ ਹੋਰ
ਗੁਰੂ ਵਿਅਕਤੀ ਨਾਲ ਨਹੀਂ। ਇਸੇ ਤਰ੍ਹਾਂ ਕੇਵਲ ਕੁੱਝ ਗੁਰੂ ਵਿਅਕਤੀਆਂ ਨਾਲ ਉਹਨਾਂ ਦੇ ਅਨੰਦਕਾਰਜਾਂ
ਦੇ ਵੇਰਵੇ ਪਰ ਉਹ ਵੀ ਨਿਰੋਲ ਬ੍ਰਾਹਮਣੀ ਆਧਾਰ `ਤੇ।
ਉਹ ਮਿਲਾਵਟਾਂ ਜਿੰਨ੍ਹਾਂ ਨੂੰ ਅਸੀਂ ਬਿਨਾਂ ਘੋਖੇ ਹਵਾ ਦੇ ਰਹੇ
ਹਾਂ ਤੇ ਬਾਕੀ ਕਸਰ ਪੂਰੀ ਕਰ ਰਹੀਆਂ ਹਨ ਸ਼ਤਾਬਦੀਆਂ। ਇਸਦੇ ਉਲਟ ਜੇ ਕਰ ਸਾਨੂੰ ਪਤਾ ਹੋਵੇ ਕਿ ਸਿੱਖ
ਦੇ ਕਕਾਰ, ਨਿਤਨੇਮ, ਆਦਿ ਅਤੇ ਪਾਹੁਲਧਾਰੀ ਹੋਣਾ ਹੈ ਹੀ ਪਹਿਲੇ ਜਾਮੇ ਤੋਂ ਤਾਂ ਇਹਨਾ ਸਾਰਿਆਂ
ਸ਼ੰਕਿਆਂ ਦੀ ਬੁਨਿਆਦ ਹੀ ਮੁੱਕ ਜਾਂਦੀ ਹੈ। ਇਹ ਵੀ ਸਮਝ ਆ ਜਾਂਦਾ ਹੈ ਕਿ ਵਿਸਾਖੀ ੧੬੯੯ ਵੀ ਸਿੱਖ
ਇਤਿਹਾਸ `ਚ ਇੱਕ ਬਹੁਤ ਵੱਡਾ ਮੀਲ ਪੱਥਰ ਹੈ। ਇਸ ਤੋਂ ਵਧ, ਹੋਰ ਵੱਡਾ ਗੁਨਾਹ ਇਹ ਹੋ ਰਿਹਾ ਜੋ
ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ, ਦਸਮੇਸ਼ ਜੀ ਨੂੰ, ਗੁਰੂ ਨਾਨਕ ਤੋਂ ਨਿਖੇੜ ਕੇ ਪੇਸ਼ ਕਰਣ ਲਈ,
ਰਸਤੇ ਖੋਲੇ ਜਾ ਰਹੇ ਹਨ ਤੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਰੂਪ `ਚ ਖੋਲੇ ਵੀ ਜਾ ਚੁੱਕੇ
ਹਨ। ਇਸ ਸਾਰੇ ਵਿਸ਼ੇ ਨੂੰ ਗੁਰਮਤਿ ਪਾਠ ਨੰ ੭੫ “ਦਸਮੇਸ਼ ਪਿਤਾ ਅਤੇ ਸਿੱਖ ਇਤਿਹਾਸ `ਚ ਰਲ ਗੱਡ”
ਅਤੇ ਗੁਰਮਤਿ ਪਾਠ ਨੰ: ੦੧, ੬੩. ੬੭, ੧੪੨ ਆਦਿ `ਚ ਵੀ ਲੈ ਚੁੱਕੇ ਹਾਂ ਇਥੇ ਦੌਰਾਨ ਦੀ ਲੋੜ ਨਹੀਂ।
ਹਰ ਸ਼ਾਖ ਪੇ ਉਲੂ ਬੈਠਾ ਹੈ- ਇਸ ਤੋਂ ਬਾਅਦ ਸਿੱਖ ਇਤਿਹਾਸ `ਚ
ਮਿਲਾਵਟਾਂ ਦੀ ਕੁੱਝ ਹੋਰ ਪਹਿਚਾਣ ਲਈ ‘ਪ੍ਰਤੱਖ ਨੂੰ ਪ੍ਰਮਾਣ ਕੀ’ ਦੇ ਆਧਾਰ `ਤੇ ਸਭ ਤੋਂ ਪਹਿਲਾਂ:
੧. ਬੇਸ਼ਕ ਮਿਲਾਵਟਾਂ ਦਾ ਕੁੱਝ ਜ਼ਿਕਰ ਆ ਵੀ ਚੁੱਕਾ ਹੈ। ਉਪ੍ਰੰਤ ਗੁਰੂ ਨਾਨਕ
ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵਾਲੀ ਘਟਣਾ ਨਾਲ ਸਾਖੀ ਦੇ ਨਾਮ `ਤੇ ਕਹਾਣੀ ਹੈ-ਗੁਰਦੇਵ ‘ਰਾਵੀ
ਕੰਡੇ, ਆਪਣੇ ਉਪਰ ਚਾਦਰ ਤਾਣ ਕੇ ਲੇਟ ਗਏ। ਚਾਦਰ ਚੁੱਕੀ ਤਾਂ ਆਪ ਸਰੀਰ ਸਮੇਤ ਅਲੋਪ ਸਨ। ਇਸ
ਤਰ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਚਾਦਰ ਲਈ ਝਗੜਾ ਹੋ ਗਿਆ। ਅੰਤ ਦੋਨਾਂ ਨੇ ਚਾਦਰ ਨੂੰ
ਅੱਦਾ-ਅੱਦਾ ਵੰਡ ਲਿਆ” (ਇਹੀ ਕਹਾਣੀ ਕਬੀਰ ਸਾਹਿਬ ਨਾਲ ਵੀ ਜੋੜੀ ਹੋਈ ਹੈ)। ਭਾਵ ਇਸ ਕਹਾਣੀ ਨਾਲ
ਸੰਗਤਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਕਿ ਉਸ ਵੇਲੇ ਤੀਕ ਸਿੱਖ ਧਰਮ ਦਾ
ਵਜੂਦ ਹੀ ਨਹੀਂ ਸੀ। ਜਦਕਿ ਗ਼ੈਰ ਸਿੱਖ ਇਤਿਹਾਸਕਾਰ ਤੇ ਮੁਸਲਮਾਨ ਲਿਖਾਰੀ ਮਿਰਜ਼ਾ ਗ਼ੁਲਾਮ ਅਹਿਮਦ
ਕਾਦੀਆਂ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ `ਚ ਹੀ ਤਿੰਨ ਕਰੋੜ ਪ੍ਰਾਣੀਆਂ ਨੂੰ ਸਿੱਖ
ਧਰਮ `ਚ ਪ੍ਰਵੇਸ਼ ਕਰਵਾਇਆ। ਇਸ ਤੋਂ ਇਲਾਵਾ ਭਾਈ ਗੁਰਦਾਸ ਗਵਾਹੀ ਭਰਦੇ ਹਨ “ਜਿਥੈ ਬਾਬਾ ਪੈਰ
ਧਰੈ ਪੂਜਾ ਆਸਣ ਥਾਪਣ ਸੋਆ” ਅਤੇ “ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ:
੧/੨੭)। ਉਪ੍ਰੰਤ ਸਰੀਰ ਸਮੇਤ ਅਲੋਪ ਹੋਣਾ ਉਂਝ ਵੀ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦਾ।
(੨) ਗੁਰੂ ਨਾਨਕ ਪਾਤਸ਼ਾਹ ਬਾਰੇ ਹੀ “ਗੁਰਦੇਵ ਜੋਤੀ ਜੋਤ ਸਮਾਉਣ ਲਗੇ ਤਾਂ
ਸ੍ਰੀ ਚੰਦ, ਲਖਮੀ ਦਾਸ ਨੇ ਕਿਹਾ, ਪਿਤਾ ਜੀ! ਅੱਜ ਨਾ ਜਾਓ ਤੇ ਦੋ ਦਿਨ ਬਾਅਦ ਆਪਣੇ ਪਿਤਾ ਜੀ ਦਾ
ਸਰਾਧ ਕਰਵਾ ਕੇ ਹੀ ਜਾਣਾ। ਇਸ `ਤੇ ਗੁਰਦੇਵ ਉਠ ਖੜੇ ਹੋਏ ਅਤੇ ਦੋ ਦਿਨ ਬਾਅਦ ਪਿਤਾ ਕਾਲੂ ਜੀ ਦਾ
ਸਰਾਧ ਕਰਵਾ ਕੇ ਜੋਤੀ ਜੋਤ ਸਮਾਏ” ਕੀ ਇਸ ਸਾਖੀ ਦਾ ਆਧਾਰ ਕੋਮ ਨੂੰ ਬ੍ਰਾਹਮਣੀ ਸਰਾਧਾਂ `ਚ ਫ਼ਸਾਉਣਾ
ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਆਗਮਨ ਸੰਬੰਧੀ ਛੇ ਮਹੀਨੇ ਦਾ ਫ਼ਰਕ ਪਾ ਕੇ, ਮੁਕਤਸਰ ਸਾਹਿਬ ਦੇ
ਚਾਲੀ ਮੁਕਤਿਆਂ ਵਾਲੇ ਸਾਕੇ ਨੂੰ ਮਈ ਮਹੀਨੇ ਤੋਂ ਮਾਘੀ ਦੀ ਸੰਗ੍ਰਾਂਦ `ਚ ਬਦਲ ਕੇ, ਛੇਵੇਂ ਪਾਤਸ਼ਾਹ
ਦੀ ਅਗਸਤ ਮਹੀਨੇ ਵਾਲੀ ਰਿਹਾਈ ਨੂੰ ਦਿਵਾਲੀ `ਤੇ ਬਦਲ ਕੇ; ਕੌਮ ਨੂੰ ਪੂਰਨਾਮਾਸ਼ੀਆਂ ਸੰਗ੍ਰਾਂਦਾਂ,
ਦਿਵਾਲੀਆਂ ਵਾਲੇ ਬ੍ਰਾਹਮਣੀ ਵਿਸ਼ਵਾਸਾਂ `ਚ ਉਲਝਾਉਣ ਦੀ ਚਾਲ ਨਹੀਂ? ਇਸ ਸਾਰੇ ਦੀ ਪਹਿਚਾਣ ਕੇਵਲ
ਗੁਰਬਾਣੀ ਸੋਝੀ ਤੋਂ ਹੀ ਸੰਭਵ ਹੈ।
(੩) “ਗੋਇੰਦਵਾਲ ਵਿਖੇ ਸ਼ੀਸ਼ੇ ਦੇ ਬਕਸੇ `ਚ ਕੁੱਝ ਕੇਸ ਰੱਖ ਕੇ ਪ੍ਰਚਾਰਣਾ
ਕਿ ਤੀਜੇ ਪਾਤਸ਼ਾਹ ਆਪਣੇ ਕੇਸਾਂ ਨੂੰ ਬੰਨ੍ਹ ਕੇ ਸਾਰੀ ਸਾਰੀ ਰਾਤ ਤਪਸਿਆ ਕਰਦੇ ਸਨ ਤੇ ਜਿਹੜੇ ਕੇਸ
ਟੁੱਟ ਜਾਂਦੇ ਉਹ ਇਸ ਤਰ੍ਹਾਂ ਸੰਭਾਲ ਦਿੱਤੇ ਜਾਂਦੇ। ਜਦਕਿ ਗੁਰਬਾਣੀ ਤਾਂ ਤਪਸਿਆਂਵਾਂ ਦਾ ਹੀ
ਡਟਵਾਂ ਵਿਰੋਧ ਕਰਦੀ ਹੈ। ਇਸ ਤੋਂ ਵੱਧ, ਇਸ ਕੁਫ਼ਰ ਨੂੰ ਜੋੜਿਆ ਵੀ ਤਾਂ ਗੁਰੂ ਸਾਹਿਬ ਨਾਲ!
(੪) ਗੋਇੰਦਵਾਲ ਵਿਖੇ ਹੀ ਕੁੱਝ ਪੋਥੀਆਂ ਇਤਿਹਾਸਕ ਦੱਸ ਕੇ ਬਾਬਾ ਮੋਹਨ ਜੀ
ਦੇ ਚੁਬਾਰੇ ਵਾਲੀ ਵਾਰਤਾ ਪ੍ਰਚਾਰਣੀ। ਵਾਰਤਾ ਦਾ ਮਕਸਦ ਸੰਗਤਾਂ ਨੂੰ ਟਪਲਾ ਦੇਣਾ ਹੈ ਕਿ ਸਾਹਿਬ
“ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਕੁੱਝ ਬਾਣੀ ਵਾਧੂ ਚੜ੍ਹ ਗਈ ਤੇ ਕੁੱਝ ਬਾਹਿਰ ਰਹਿ ਗਈ। ਫ਼ਿਰ
ਕਹਾਣੀ ਦਾ ਆਧਾਰ ਵੀ ਬਣਾਇਆ ਤਾਂ “ਮੋਹਨ ਤੇਰੇ ਊਚੇ ਮੰਦਰ” (ਪੰ: ੨੪੮) ਅਕਾਲਪੁਰਖ ਦੀ
ਉਸਤਤ `ਚ ਇੱਕ ਨਹੀਂ ਬਲਕਿ ਚਾਰ ਬੰਦਾਂ ਵਾਲੇ ਸ਼ਬਦ ਨੂੰ। ਸ਼ਬਦ ਨੂੰ ਕਿਸੇ ਮਨੁੱਖ ਦੀ ਉਸਤਤ `ਚ
ਉਚਾਰਿਆ ਦਸਣਾ ਤਾਂ ਸੰਭਵ ਹੀ ਨਹੀਂ। ਹੁਣ ਤਾਂ ਇਹ ਵੀ ਸਾਬਤ ਹੋ ਚੁੱਕਾ ਹੈ ਕਿ ਹਰੇਕ ਗੁਰ ਵਿਅਕਤੀ
ਕੋਲ ਭਗਤ ਬਾਣੀ ਸਮੇਤ, ਬੜੇ ਵਿਉਂਤ ਬੰਦ ਤਰੀਕੇ ਗੁਰਬਾਣੀ ਦਰਜਾ-ਬ-ਦਰਜਾ ਪੁੱਜਦੀ ਰਹੀ, ਇਸ ਲਈ
ਪੰਜਵੇਂ ਪਾਤਸ਼ਾਹ ਨੂੰ ਬਾਣੀ ਕਿਧਰੋਂ ਇਕਤ੍ਰ ਕਰਣ ਦੀ ਲੋੜ ਹੀ ਨਹੀਂ ਸੀ। ਇਹ ਵੀ ਸਾਬਤ ਹੋ ਚੁੱਕਾ
ਹੈ ਕਿ ਜਿਸ ਚੁਬਾਰੇ ਨਾਲ ਬਾਬਾ ਮੋਹਨ ਜੀ ਵਾਲੀ ਕਹਾਣੀ ਨੂੰ ਜੋੜਿਆ ਗਿਆ ਹੈ, ਚੁਬਾਰੇ `ਤੇ ਬਾਬਾ
ਮੋਹਨ ਜੀ ਨਹੀਂ ਬਲਕਿ ਮੋਹਰੀ ਜੀ ਰਹਿੰਦੇ ਸਨ।
(੫) ਤੀਜੇ ਪਾਤਸ਼ਾਹ ਦੇ ਚਰਨਾਂ `ਚ ਪਦਮ ਵਾਲੀ ਗੱਲ ਵੀ ਸਿਵਾਇ ਬ੍ਰਾਹਮਣ ਦੇ
ਹੋਰ ਕੋਈ ਨਹੀਂ ਜੋੜ ਸਕਦਾ। ਤਾਂ ਫ਼ਿਰ ਇਹ ਗੱਲ ਬਾਕੀ ਗੁਰੂ ਵਿਅਕਤੀਆਂ ਨਾਲ ਕਿਉਂ ਨਹੀਂ?
(੬) ਸੰਨ ਸਾਹਿਬ ਵਾਲੇ ਗੁਰਦੁਆਰੇ `ਚ ਕੇਵਲ ਇੱਕ ਸੁਰਾਖ ਚੋਂ ਨਿਕਲਣ ਨਾਲ,
ਦੂਜੇ ਪਾਸੇ ੮੪ ਇਸ਼ਨਾਨ ਤੇ ਨਾਲ ੮੪ ਜਪੁਜੀ ਦੇ ਪਾਠ; ਮਕਸਦ ਇਕੋ ਹੀ ਹੈ ਬੰਦੇ ਦੀ ੮੪ ਕੱਟਣੀ, ਤਾਂ
ਮੋਰੀ ਵਾਲਾ ਸੌਖਾ ਰਸਤਾ ਛੱਡ ਕੇ ਔਖੇ ਦੀ ਕੀ ਲੋੜ? ਜਦਕਿ ਗੁਰਮਤਿ ਹੈ ਹੀ ਕਮਾਈ ਵਾਲਾ ਧਰਮ, ਹੱਠ
ਕਰਮ ਜਾਂ ਸ਼ੋਸ਼ਿਆ ਵਾਲਾ ਧਰਮ ਨਹੀਂ। ਉਂਝ ਵੀ ਗੁਰਬਾਣੀ ਅਜਿਹੇ ਸੁਰਗ-ਨਰਕ ਤੇ ਚੁਰਾਸੀ ਆਦਿ ਵਾਲੀਆਂ
ਗਿਣਤੀਆਂ ਨੂੰ ਨਕਾਰਦੀ ਹੈ।
(੭) ਤੀਜੇ ਪਾਤਸ਼ਾਹ ਦੀ ਭਾਈ ਜੇਠਾ ਜੀ ਨਾਲ ਪਿਛਲੇ ੧੨-੧੩ ਸਾਲਾਂ ਤੋਂ ਸਾਂਝ
ਸੀ। ਇਤਿਹਾਸ ਗੁਆਹ ਹੈ ਕਿ ਜੇਠਾ ਜੀ ਦਾ ਪਾਲਨ-ਪੋਸ਼ਣ ਹੀ ਬਹੁਤਾ ਕਰਕੇ ਤੀਜੇ ਪਾਤਸ਼ਾਹ ਦੇ ਹੱਥੋਂ ਹੀ
ਹੋਇਆ ਸੀ। ਆਪ ਇਹ ਵੀ ਜਾਣਦੇ ਸਨ ਕਿ ਭਾਈ ਜੇਠਾ ਜੀ ਅਨਾਥ ਤੇ ਮਾਇਕ ਪਖੋਂ ਅਤਿ ਦੇ ਗ਼ਰੀਬ ਹਨ। ਨਾ
ਕਿ ਉਸ ਪਾਸੇ ਮਾਤਾ ਜੀ ਦੀ ਉਂਗਲੀ ਹੋ ਗਈ ਹੈ ਤੇ ਇਸ ਲਈ ਦੂਜੇ ਵਰ ਲਈ ਗੱਲ ਨਹੀਂ ਕੀਤੀ ਜਾ ਸਕਦੀ।
ਇਸੇ ਤਰ੍ਹਾਂ ਇਸ਼ਨਾਨ ਕਰਵਾਉਂਦੇ ਬੀਬੀ ਭਾਨੀ ਜੀ ਦਾ ਪੀੜੇ ਹੇਠ ਹੱਥ ਦੇ ਦੇਣਾ ਅਤੇ ਤੀਜੇ ਪਾਤਸ਼ਾਹ
ਰਾਹੀਂ ਬੀਬੀ ਭਾਣੀ ਨੂੰ ‘ਗੱਦੀ ਘਰ ਦੀ ਘਰ’ ਵਾਲੇ ਵਰ ਵੀ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ
ਖਾਂਦੇ।
(੮) ਪ੍ਰਚਲਣ ਅਨੁਸਾਰ, ਤੀਜੇ ਪਾਤਸ਼ਾਹ ਬੀਬੀ ਭਾਨੀ ਨੂੰ ਕਹਿੰਦੇ ਹਨ “ਬੇਟਾ!
ਨੱਥ ਲਾਹ ਲਓ! ਰਾਮਦਾਸ ਜਾ ਰਿਹਾ ਹੈ” ਤੇ ਫ਼ਿਰ ਨਾਲ ਹੀ ਕਹਿੰਦੇ ਹਨ “ਬੇਟਾ! ਨੱਥ ਪਾ ਲਓ! ਮੈ ਆਪਣੀ
ਬਾਕੀ ਉਮਰ ਉਸਨੂੰ ਦੇ ਦਿੱਤੀ ਹੈ”। ਚੇਤੇ ਰਹੇ! ਗੁਰਬਾਣੀ ਅਨੁਸਾਰ ਨਾ ਤਾਂ ਕਿਸੇ ਦੀ ਉਮਰ ਰੱਤੀ
ਘੱਟ ਸਕਦੀ ਤੇ ਨਾ ਵੱਧ ਸਕਦੀ ਹੈ। ਇਹ ਤਾਂ ਸਾਰਿਆਂ ਪਾਸ ਆਪਣੇ-ਆਪਣੇ ਸੁਆਸਾਂ ਦੀ ਪੂੰਜੀ ਹੈ। ਫ਼ਿਰ
ਗੁਰਬਾਣੀ ਤਾਂ ਹੈ ਹੀ ਰਜ਼ਾ `ਚ ਜੀਵਨ ਜੀਉਣ ਵਾਲਿਆਂ ਦਾ ਧਰਮ, ਖੁਦ ਗੁਰਦੇਵ ਉਸ ਤੋਂ ਬਾਹਿਰ ਕਿਵੇਂ
ਜਾ ਸਕਦੇ ਸਨ? ਉਪ੍ਰੰਤ ‘ਨੱਥ’ ਹੈ ਵੀ ਬ੍ਰਾਹਮਣੀ ਸੁਹਾਗ-ਸ਼ਿੰਗਾਰ’, ਗੁਰਬਾਣੀ ਸਿਧਾਂਤ ਨਾਲ ਇਸਦਾ
ਦੂਰ ਦਾ ਵੀ ਵਾਸਤਾ ਨਹੀਂ ਪਰ ਸਮਝੇਗਾ ਤਾਂ ਕੇਵਲ ਗੁਰਬਾਣੀ ਗਿਆਤਾ ਹੀ।
(੯) ਛੇਵੇਂ ਪਾਤਸ਼ਾਹ ਦੇ ਆਗਮਨ ਸਮੇਂ ਬਾਬਾ ਬੁੱਢਾ ਜੀ ਰਾਹੀਂ ਵਰ-ਸਰਾਪ ਦੀ
ਕਹਾਣੀ ਬਹੁਤ ਪ੍ਰਚਲਤ ਹੈ। ਇਸੇ ਤਰ੍ਹਾਂ ਨੌਵੇਂ ਪਾਸਤਸ਼ਾਹ ਦੇ ਅੰਮ੍ਰਿਤਸਰ ਪਧਾਰਣ ਸਮੇਂ
“ਅਮ੍ਰਿਤਸਰੀਏ ਅੰਦਰ ਸੜੀਏ ਤੇ ਮਾਈਆਂ ਰੱਬ ਰਜ਼ਾਈਆਂ” ਵਾਲਾ ਪ੍ਰਚਲਣ ਵੀ। ਜਦਕਿ ਵਰ-ਸਰਾਪ ਨਿਰੋਲ
ਬ੍ਰਾਹਮਣੀ ਵਸਤੂ ਹੈ। ਉਪ੍ਰੰਤ ਨੌਵੇਂ ਪਾਤਸ਼ਾਹ ਦੀ ਜੀਵਨ ਯਾਤ੍ਰਾ ਨਾਲ ਹੋਰ ਅਜਿਹੀਆਂ ਬਹੁਤ
ਮਿਲਾਵਟਾਂ ਦਾ ਜ਼ਿਕਰ ਗੁਰਮਤਿ ਪਾਠ ਨੰ: ੯੮ `ਚ ਦੇ ਚੁੱਕੇ ਹਾਂ।
(੧੧) ਸੰਗਤਾਂ `ਚ ਨਿੱਤ ਦੇ ਵਾਧੇ ਕਾਰਣ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ
ਸਮੇਂ ਤੋਂ ਹੀ, ਅੰਮ੍ਰਿਤਸਰ ਤੇ ਇਸ ਦੇ ਆਸ ਪਾਸ ਇੱਕ ਤੋਂ ਬਾਅਦ ਇੱਕ, ਸਰੋਵਰ ਖੁਦਵਾਏ ਗਏ। ਇਸੇ
ਲੜੀ `ਚ ਦੋ ਸਰੋਵਰ ‘ਕੌਲਸਰ’, ‘ਬਿਬੇਕਸਰ’ ਛੇਵੇਂ ਪਾਤਸ਼ਾਹ ਨੇ ਵੀ ਖੁਦਵਾਏ। ਬੀਬੀ ਕੌਲਾਂ ਦਾ ਸਿੱਖ
ਧਰਮ `ਚ ਪ੍ਰਵੇਸ਼ ਹੋਰ ਗੱਲ ਹੈ, ਪਰ ਸਰੋਵਰਾਂ ਦੇ ਨਾਮ ਤਾਂ ਚਲਦੀ ਆ ਰਹੀ ਪਰੀਪਾਟੀ ਅਨੁਸਾਰ
ਗੁਰਬਾਣੀ ਸ਼ਬਦਾਵਲੀ `ਚੋਂ ਹੀ ਹਨ। ਇਸ ਤਰ੍ਹਾਂ ਕਿਸੇ ਵੀ ਸਰੋਵਰ ਦਾ ਨਾਮ ਕਿਸੇ ਵਿਅਕਤੀ ਵਿਸ਼ੇਸ਼ ਦੇ
ਨਾਮ `ਤੇ ਹੋਣਾ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦਾ।
(੧੨) ਗੁਰੂ ਸਾਹਿਬਾਨ ਦੇ ਮੁਖਾਰਬਿੰਦ ਤੋਂ ਕਹਿਲਵਾ ਕੇ ਇਤਿਹਾਸਕ
ਗੁਰਦੁਆਰਿਆਂ ਨਾਲ ਅਜਿਹੇ ਅਨੇਕਾਂ ਬੋਰਡ ਹਨ ਜੋ ਸੰਗਤ ਨੂੰ ਗੁਰਬਾਣੀ ਜੀਵਨ ਤੋਂ ਤੋੜਣ ਦੀ ਸਿੱਧੀ
ਚਾਲ ਹਨ। ਇਹ ਪਹਿਚਾਣ ਵੀ ਉਹੀ ਕਰ ਸਕਦਾ ਹੈ ਜਿਸਨੂੰ ਗੁਰਬਾਣੀ ਆਦੇਸ਼ਾਂ ਦੀ ਸੋਝੀ ਹੈ। ਨਾਨਕ ਮਤੇ
`ਚ ਸੰਗਤਾਂ ਕੋਲੋਂ ਗੰਗਾ ਨਦੀ ਤੇ ਪਿਪਲਾਂ ਆਦਿ ਦੀ ਪੂਜਾ ਕਰਵਾਈ ਜਾ ਰਹੀ ਹੈ। ਛੇਹਰਟਾ ਸਾਹਿਬ
ਅੰਮ੍ਰਿਤਸਰ ਬੀਬੀਆਂ ਨੂੰ ੧੨ ਪੂਰਨਮਾਸ਼ੀਆਂ ਇਸ਼ਨਾਨ ਕਰਵਾ ਕੇ ਸੁੱਕੇ ਹਰੇ ਤੇ ਬਾਂਝ ਨੂੰ ਉਲਾਦ ਬਖ਼ਸ਼ੀ
ਜਾ ਰਹੀ ਹੈ। ਸੰਨ ਸਾਹਿਬ ਤੇ ਗੋਇੰਦਵਾਲ ਸਾਹਿਬ ਦੀ ਗੱਲ ਕਰ ਹੀ ਚੁੱਕੇ ਹਾਂ। ਇਸੇ ਤਰ੍ਹਾਂ
ਮੁਕਤਸਰ, ਕੀਰਤਪੁਰ ਸਾਹਿਬ ਆਦਿ। ਇਹ ਸਭ ਠੀਕ ਉਸੇ ਤਰ੍ਹਾਂ ਹੈ ਜਿਵੇਂ ਬ੍ਰਾਹਮਣ ਮੱਤ `ਚ ਭਿੰਨ
ਭਿੰਨ ਮੰਗਾਂ ਦੀ ਪੂਰਤੀ ਲਈ ਵੱਖ-ਵੱਖ ਦੇਵੀਆਂ, ਦੇਵਤੇ, ਭਗਵਾਨ।
(੧੨) ਅਜਿਹੀਆਂ ਸਾਖੀਆਂ ਵੀ ਹਨ ਜਿੱਥੇ ਗੁਰੂ ਨੂੰ ਨਹੀਂ ਸੰਗਤ ਨੂੰ ਉੱਤੇ
ਦਸਿਆ ਹੈ ਮਾਨੋ ਗੁਰੂ ਸਾਹਿਬਾਨ ਦੇ ਪ੍ਰੋਗਰਾਮ ਆਪਣੇ ਨਹੀਂ ਬਲਕਿ ਉਹਨਾਂ `ਚ ਸੰਗਤਾਂ ਦਾ ਦਖਲ ਹੀ
ਪ੍ਰਮੁਖ ਸੀ। ਜਿਵੇਂ ਦੀ ਸੰਗਤਾਂ ਦੀ ਮੰਗ `ਤੇ ਪੰਚਮ ਪਾਤਸ਼ਾਹ ਨੇ ਚੰਦੂ ਦਾ ਸਾਕ ਮੋੜ ਦਿੱਤਾ (ਨਹੀਂ
ਤਾਂ ਹੋ ਜਾਣਾ ਸੀ)। ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਬਾਰੇ ਨੌਵੇਂ ਪਾਤਸ਼ਾਹ ਸੋਚੀ ਪਏ ਸਨ ਕਿ ਕਿਸੇ
ਵੱਡੇ ਮਹਾਪੁਰਸ਼ ਦੇ ਸੀਸ ਦੀ ਲੋੜ ਹੈ, ਫ਼ੈਸਲਾ ਨਹੀਂ ਸੀ ਕਰ ਪਾ ਰਹੇ। ਬਾਹਰੋਂ ਖੇਡ ਕੇ ਆਏ ‘ਗੋਬਿੰਦ
ਰਾਇ’ ਨੇ ਸਹਿਮਤੀ ਨਹੀਂ ਬਲਕਿ ਹੱਲ ਦਿੱਤਾ ਕਿ ਇਸ ਸਮੇਂ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ
ਸਕਦਾ ਹੈ ਆਦਿ। ਜੇ ਕਰ ਇਹੀ ਸੱਚ ਹੈ ਤਾਂ ਸਪਸ਼ਟ ਹੋਇਆ ਕਿ ਅਜਿਹੇ ਫ਼ੈਸਲੇ ਗੁਰਦੇਵ ਦੇ ਆਪਣੇ ਨਹੀਂ
ਸਨ। ਜਦਕਿ ਗੁਰਬਾਣੀ ਅਨੁਸਾਰ ਗੁਰੂ ਅਭੁੱਲ ਹੈ ਤੇ ਉਸਦੀ ਕਰਣੀ `ਚ ਕਿਸੇ ਦਾ ਦਖ਼ਲ ਨਹੀਂ। ਇਹ ਤਾਂ
ਕੇਵਲ ਕੁੱਝ ਮਿਸਾਲਾਂ ਹੀ ਹਨ ਜਦਕਿ ਅਜਿਹੀਆਂ ਇਤਿਹਾਸਕ ਮਿਲਾਵਟਾਂ ਨੂ ਪਾਸੇ ਕਰਣ ਲਈ ਗੁਰਬਾਣੀ
ਵਾਲੀ ਹੰਸ ਬਿਰਤੀ ਦਾ ਹੋਣਾ ਬਹੁਤ ਜ਼ਰੂਰੀ ਹੈ।