ਰਹਿਣੀ ਰਹਹਿ ਸੋਈ ਸਿਖ ਮੇਰਾ
ਗੁਰੂ ਨਾਲ ਸਿੱਖ ਦਾ ਸਬੰਧ ਬਿੰਦੀ ਨਹੀਂ ਨਾਦੀ ਹੈ। ਨਾਦੀ ਸਬੰਧ ਦਾ ਆਧਾਰ
ਸਤਿਗੁਰੂ ਜੀ ਦੀ ਦਰਸਾਈ ਜੀਵਨ – ਜੁਗਤੀ ਨੂੰ ਅਪਣਾਉਣ `ਚ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ
ਬਿੰਦੀ ਰਿਸ਼ਤੇ ਨਾਲੋਂ ਨਾਦੀ ਰਿਸ਼ਤੇ ਨੂੰ ਹੀ ਸਵੀਕਾਰ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੇ ਗ੍ਰਿਹ
ਵਿਖੇ ਜਨਮ ਲੈਣ ਵਾਲੀ ਸੰਤਾਨ ਵੀ ਤਦ ਹੀ ਗੁਰੂ ਦੀ ਨੇੜਤਾ ਦਾ ਨਿੱਘ ਮਾਣ ਸਕੀ ਜਦ ਉਸ ਨੇ ਬਿੰਦੀ
ਰਿਸ਼ਤੇ ਦਾ ਮਾਣ ਤਿਆਗ ਕੇ ਸਤਿਗੁਰੂ ਦਾ ਨਾਦੀ ਪੁੱਤਰ/ਪੁੱਤਰੀ ਬਣਨ ਵਿੱਚ ਮਾਨ ਮਹਿਸੂਸ ਕਰਨ ਲੱਗੀ।
ਸਤਿਗੁਰੂ ਜੀ ਨੇ ਡੰਕੇ ਦੀ ਚੋਟ ਨਾਲ ਇਹ ਐਲਾਣ ਕਰ ਦਿੱਤਾ ਹੋਇਆ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ
ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ। (ਪੰਨਾ 601)
ਅਰਥ: ਹੇ ਭਾਈ! ਉਹੀ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ
ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ
ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ।
ਇਸ ਹਕੀਕਤ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ
ਉਪਦੇਸ ਚਲਾਏ॥ (ਪੰਨਾ 312) ਅਰਥ: (ਪ੍ਰੇਮ ਦੀ
ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ)
ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।
ਸਤਿਗੁਰੂ ਨੂੰ ਆਪਾ ਸਮਰਪਣ ਕਰਕੇ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣ
ਵਾਲਿਆਂ ਨੂੰ ਹੀ ਗੁਰਦੇਵ ਨੇ ਗੁਰਸਿੱਖ ਪੁੱਤਰ ਆਖ ਕੇ ਸੰਬੋਧਨ ਕੀਤਾ ਹੈ:
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ
ਹਿਰਦੈ ਨਾਮੁ ਸਮਾਰਿਆ॥ ਜਨ ਨਾਨਕ ਕੇ ਗੁਰਸਿਖ ਪਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ॥ (ਪੰਨਾ 312)
ਅਰਥ: ਜੋ ਮਨੁੱਖ ਸਤਿਗੁਰੂ ਨੂੰ ਜਾ ਮਿਲਦੇ ਹਨ,
ਉਹ (ਸੰਸਾਰ ਸਾਗਰ ਤੋਂ) ਬਚ ਜਾਂਦੇ ਹਨ, ਕਿਉਂਕਿ ਉਹ ਹਿਰਦੇ ਵਿੱਚ ਨਾਮ ਨੂੰ ਸੰਭਾਲਦੇ ਹਨ। (ਇਸ ਲਈ
ਪ੍ਰਭੂ ਦੇ) ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ, (ਕਿਉਂਕਿ) ਪ੍ਰਭੂ (ਸੰਸਾਰ ਤੋਂ)
ਪਾਰ ਉਤਾਰਦਾ ਹੈ।
ਸਤਿਗੁਰੂ ਜੀ ਦੇ ਇਸ ਐਲਾਨ ਦੀ ਰੌਸ਼ਨੀ ਵਿੱਚ ਹੀ ਸਿੱਖ ਸੰਗਤਾਂ ਨੇ ਗੁਰੂ
ਸਾਹਿਬ ਦੀ ਉਸ ਸੰਤਾਨ ਨੂੰ ਹੀ ਸਤਿਕਾਰ ਦਿੱਤਾ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਵੀਕਾਰ
ਕੀਤਾ।
ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਦੀ
ਬਖ਼ਸ਼ਿਸ਼ ਦਾ ਪਾਤਰ ਬਣਨ ਲਈ ਇਹ ਮਾਪਦੰਡ ਹੀ ਰੱਖਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ
ਸਮਾਉਣ ਮਗਰੋਂ ਵੀ ਮਾਪਦੰਡ ਇਹੀ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹੀ ਰਹੇਗਾ। ਗੁਰੂ ਗੋਬਿੰਦ ਸਿੰਘ
ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰ ਗੱਦੀ ਗੁਰੂ ਗਰੰਥ ਅਤੇ ਪੰਥ ਨੂੰ ਬਖ਼ਸ਼ਿਸ਼ ਕੀਤੀ। ਗੁਰੂ
ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਦੀਆਂ ਜ਼ੁਮੇਵਾਰੀਆਂ ਨਿਭਾਉਣ ਵਾਲੇ ਲਈ ਇਹਨਾਂ ਦਾ ਧਾਰਨੀ ਹੋਣਾ
ਲਾਜ਼ਮੀ ਹੈ। ਪੰਜ ਕਕਾਰੀ ਰਹਿਤ ਖ਼ਾਲਸੇ ਦੀ ਕੇਵਲ ਸਾਧਾਰਨ ਪਹਿਚਾਣ ਦਾ ਹੀ ਪ੍ਰਤੀਕ ਨਹੀਂ ਹੈ, ਇਸ
ਵਿੱਚ ਗੁਰੂ ਸਾਹਿਬਾਨ ਦਾ ਦੈਵੀ ਸਿਦਕ ਪਰਿਵਰਤਨ ਹੋਇਆ ਹੋਇਆ ਹੈ। ਪਰੰਤੂ ਜਦ ਅਸੀਂ ‘ਰਹਿਣੀ ਰਹਹਿ
ਸੋਈ ਸਿੱਖ ਮੇਰਾ’ ਦਾ ਭਾਵ ਕੇਵਲ ਤਨ ਦੀ ਰਹਿਤ ਤੱਕ ਹੀ ਸੀਮਤ ਕਰ ਦੇਂਦੇ ਹਾਂ, ਤਾਂ ਅਸੀਂ ਗੁਰੂ
ਸਾਹਿਬਾਨ ਦੇ ਆਸ਼ੇ ਤੋਂ ਲਾਂਭੇ ਚਲੇ ਜਾਂਦੇ ਹਾਂ। ਚੂੰਕਿ ਰਹਿਤ ਵਿੱਚ ਕੇਵਲ ਤਨ ਦੀ ਰਹਿਤ ਹੀ ਨਹੀਂ
ਮਨ ਦੀ ਰਹਿਤ ਵੀ ਆਉਂਦੀ ਹੈ। ਮਨ ਦੀ ਰਹਿਤ ਤੋਂ ਸੱਖਣੇ ਸਿੱਖ ਦੀ ਤਨ ਦੀ ਰਹਿਤ ਦੀ ਕੋਈ ਅਹਿਮੀਅਤ
ਨਹੀਂ ਰਹਿ ਜਾਂਦੀ। ਕੇਵਲ ਬਾਹਰੀ ਰਹਿਤ ਦੀ ਗਿਣਤੀ ਭੇਖ ਵਿੱਚ ਆ ਜਾਂਦੀ ਹੈ, ਅਤੇ ਭੇਖ ਦੀ ਗੁਰਮਤਿ
ਵਿੱਚ ਕੋਈ ਥਾਂ ਨਹੀਂ ਹੈ। ਕੇਵਲ ਤਨ ਦੀ ਰਹਿਤ ਨੂੰ ਹੀ ਸਿੱਖੀ ਸਮਝ ਕੇ ਪ੍ਰਚਾਰਨ ਨਾਲ ਸਿੱਖੀ ਦੇ
ਸਦਾਚਾਰਕ ਗੁਣਾਂ ਵਲੋਂ ਅਸੀਂ ਅਵੇਸਲੇ ਹੋ ਗਏ ਹਾਂ। ਸਾਡਾ ਧਿਆਨ ਕੇਵਲ ਬਾਹਰੀ ਰਹਿਤ `ਚ ਪਰਪੱਕ ਹੋਣ
ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਗੁਰੁਮਤ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਜੀ ਇਸ ਸਬੰਧ ਵਿੱਚ
ਲਿਖਦੇ ਹਨ, “ਅਸੀਂ ਬਹੁਤ ਸਿੱਖਾਂ ਤੋਂ ਇਹ ਆਖਦੇ ਸੁਣਿਆ ਹੈ ਕਿ ਮੇਰੀ ਪੱਗ ਤੇ ਕੱਛ ਉਤਰ ਗਈ ਹੈ,
ਮੈਂ ਤਨਖਾਈਆ ਹਾਂ, ਮੇਰੀ ਭੁੱਲ ਬਖ਼ਸ਼ੋ। ਪਰ ਕਦੇ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਮੈਂ ਝੂਠ
ਬੋਲਿਆ ਹੈ, ਦਗਾ ਕੀਤਾ ਹੈ, ਬਚਨ ਕਰਕੇ ਨਹੀਂ ਪਾਲਿਆ, ਪਰ – ਧਨ ਪਰ ਇਸਤ੍ਰੀ ਵਲ ਮਨ ਲਲਚਾਇਆ ਹੈ,
ਆਦਿਕ। ਇਸ ਤੋਂ ਅਸੀਂ ਇਹ ਸਿੱਟਾ ਕੱਢਿਆ ਹੈ ਕਿ ਸਚੀ ਸਿਖੀ ਦਿਨੋਂ ਦਿਨ ਲੋਪ ਹੋ ਰਹੀ ਹੈ ਅਤੇ
ਦਿਖਾਵੇ ਦੀ ਸਿੱਖੀ ਫੈਲ ਰਹੀ ਹੈ।”।
ਗੁਰੂ ਗੋਬਿੰਦ ਸਿੰਘ ਜੀ ਨੇ ਜੇਹੜੀ ਰਹਿਤ ਦ੍ਰਿੜ ਕਰਵਾਈ ਹੈ, ਉਹ ਗੁਰੂ
ਗ੍ਰੰਥ ਸਾਹਿਬ `ਚ ਦਰਸਾਈ ਜੀਵਨ – ਜੁਗਤ ਨਾਲੋਂ ਭਿੰਨ ਨਹੀਂ ਹੈ। ਇਹ ਗੱਲ ਰਹਿਤਨਾਮਿਆਂ ਵਿਚੋਂ ਵੀ
ਦੇਖੀ ਜਾ ਸਕਦੀ ਹੈ। (ਭਾਵੇਂ ਰਹਿਤਨਾਮਿਆਂ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ ਜਿਸ ਦਾ
ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਨਾਲ ਕੋਈ ਤਾਲ ਮੇਲ ਨਹੀਂ ਹੈ ਪਰ ਫਿਰ ਵੀ ਇਹਨਾਂ `ਚੋਂ ਸਾਨੂੰ ਇਸ
ਸਬੰਧ ਵਿੱਚ ਕਾਫੀ ਕੁੱਝ ਮਿਲ ਜਾਂਦਾ ਹੈ।) ਇਹਨਾਂ ਨੂੰ ਪੜ੍ਹਿਆਂ ਪਤਾ ਚਲਦਾ ਹੈ ਕਿ ਦਸਮੇਸ਼ ਪਾਤਸ਼ਾਹ
ਜੀ ਨੇ ਵੀ ਉਹਨਾਂ ਸਦਾਚਾਰਕ ਗੁਣਾਂ ਉੱਤੇ ਜ਼ੋਰ ਦਿੱਤਾ ਹੈ ਜਿਨ੍ਹਾਂ ਉੱਤੇ ਗੁਰੂ ਨਾਨਕ ਸਾਹਿਬ ਤੋਂ
ਜ਼ੋਰ ਦਿੱਤਾ ਜਾ ਰਿਹਾ ਸੀ। ਪਰੰਤੂ ਜਿਸ ਤਰ੍ਹਾਂ ਨਾਲ ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਦਾ ਅਰਥ ਭਾਵ
ਕੇਵਲ ਤਨ ਦੀ ਰਹਿਤ ਤੋਂ ਲਿਆ ਜਾਣ ਲੱਗ ਪਿਆ ਹੈ, ਇਸ ਨਾਲ ਸਿੱਖੀ ਵਿੱਚ ਨਿਘਾਰ ਆਇਆ ਹੈ। ਸਦਾਚਾਰਕ
ਗੁਣਾਂ ਦੀ ਪ੍ਰਾਪਤੀ ਦੀ ਚਾਹਤ ਘਟੀ ਹੈ। ਸਿੱਟੇ ਵਜੋਂ ਖੰਡੇ ਦੀ ਪਾਹੁਲ ਛਕਣ ਵਾਲੇ ਵੀਰਾਂ/ਭੈਣਾਂ
ਵਿੱਚ ਛੂਤ – ਛਾਤ ਵਾਲਾ ਭਾਵ, ਆਪਣੇ ਆਪ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ ਸਮਝਣ ਦੀ ਰੁਚੀ ਵਾਲੇ ਭਿਆਨਕ
ਆਤਮਕ ਰੋਗ ਵਧੇਰੇ ਦਿਖਾਈ ਦੇਂਦੇ ਹਨ। ਇਸ ਆਤਮਕ ਰੋਗ ਕਾਰਨ ਹੀ ਅਜਿਹੇ ਕਈ ਅੰਮ੍ਰਿਤਧਾਰੀ ਵੀਰ/ਭੈਣ
ਆਮ ਮਨੁੱਖ ਨੂੰ ਫ਼ਤਹਿ ਦਾ ਉੱਤਰ ਦੇਣਾ ਵੀ ਮੁਨਾਸਬ ਨਹੀਂ ਸਮਝਦੇ। (ਅਸੀਂ ਉਹਨਾਂ ਵੀਰਾਂ/ਭੈਣਾ ਦੀ
ਗੱਲ ਨਹੀਂ ਕਰ ਰਹੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਭੈ ਭਾਵਨੀ ਹੈ। ਜੇਹੜੇ ਅਜੋਕੇ ਦੌਰ ਵਿੱਚ ਵੀ
ਕੇਸਾਂ ਨੂੰ ਗੁਰੂ ਕੀ ਮੋਹਰ ਸਮਝ ਕੇ ਸੰਭਾਲਣ ਦੇ ਨਾਲ ਗੁਰਮਤਿ ਦੀਆਂ ਕਦਰਾਂ- ਕੀਮਤਾ ਦੇ ਧਾਰਨੀ
ਹਨ। ਅਸੀਂ ਉਹਨਾਂ ਦੇ ਸਿਦਕ/ਭਰੋਸੇ, ਗੁਰੂ ਦੀ ਭੈ ਭਾਵਨੀ ਵਾਲੀ ਭਾਵਨਾ ਅੱਗੇ ਆਪਣਾ ਸੀਸ ਝੁਕਾਉਂਦੇ
ਹਾਂ) ਇਸ ਪੰਗਤੀ ਦਾ ਅਰਥ ਕੇਵਲ ਤਨ ਦੀ ਰਹਿਤ ਤੋਂ ਹੀ ਲੈਣ/ਪ੍ਰਚਾਰਨ ਵਾਲੇ ਸੱਜਣ ਰਹਿਤਨਾਮਿਆਂ
ਵਿੱਚ ਹੀ ਰਹਿਤ ਦੇ ਇਨ੍ਹਾਂ ਪੱਖਾਂ ਨੂੰ ਨਜ਼ਰ – ਅੰਦਾਜ਼ ਕਰ ਦੇਂਦੇ ਹਨ, “ਭੇਖ ਪਿਆਰਾ ਨਾਹਿ ਮਮ ਵਰਣ
ਪਿਆਰਾ ਨਾਹਿ। ਰਹਿਤ ਪਿਆਰੀ ਮੋਹ ਕੋ ਸਿਦਕ ਪਿਆਰਾ ਆਹਿ।” ਜਿਨ੍ਹਾਂ ਨੇ ਖੰਡੇ ਦੀ ਪਾਹੁਲ ਨਹੀਂ ਲਈ
ਉਹਨਾਂ ਨੂੰ ਆਪਣੇ ਨਾਲੋਂ ਘਟੀਆ ਸਮਝ ਕੇ ਉਹਨਾਂ ਦਾ ਤਿਰਸਕਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਜਦ
ਕੇ ਚਾਹੀਦਾ ਤਾਂ ਇਹ ਸੀ ਕਿ ਖੰਡੇ ਦੀ ਪਾਹੁਲ ਛੱਕਣ ਵਾਲਿਆਂ `ਚ ਹਲੀਮੀ/ਨਿਮਰਤਾ ਆਦਿ ਦੈਵੀ ਗੁਣ
ਦੂਜਿਆਂ ਨਾਲੋਂ ਵਧੇਰੇ ਹੁੰਦੇ। ਪਰ ਅਸੀਂ ਗੁਰੂ ਸਾਹਿਬ ਜੀ ਦੇ ਇਸ ਉਪਦੇਸ ਨੂੰ ਭੁਲਾ ਹੀ ਦਿੱਤਾ:
ਮਾਨ ਮੋਹ ਮੇਰ ਤੇਰ ਬਿਬਰਜਿਤ
ਏਹੁ ਮਾਰਗ ਖੰਡੇਧਾਰ॥ (ਪੰਨਾ 534)
ਗੁਰੂ ਸਾਹਿਬ ਦੀ ਦਿੱਤੀ ਇਸ ਚੇਤਾਵਨੀ ਨੂੰ ਸੁਣ ਕੇ ਵੀ ਅਣਸੁਣਿਆ ਕਰ
ਦਿੱਤਾ:
ਇਤੁ ਮਾਰਗਿ ਚਲੇ
ਭਾਈਅੜੇ ਗੁਰ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ
ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ॥ (ਪੰਨਾ 763)
ਸਾਡੀ ਇਹੋ ਜੇਹੀ ਸੋਚ ਬਣਾਉਣ ਵਿੱਚ ਇਹੋ ਜੇਹੀਆਂ ਲਿਖਤਾਂ ਦਾ ਬਹੁਤ ਹੱਥ ਹੈ
ਜਿਨ੍ਹਾਂ ਨੇ ਇਹ ਪ੍ਰਚਾਰਿਆ ਕਿ, “ਸਤਿਗੁਰਾਂ ਦਾ ਹੁਕਮ ਹੈ ਕਿ, ਇੱਕ ਵਾਰ ਵੀ ਜਿਸ ਦੇ ਮੁਖ
ਅੰਮ੍ਰਿਤ ਪੈ ਗਿਆ ਫਿਰ ਭਾਵੇਂ ਗਲਤੀ ਹੋਣ ਕਰਕੇ ਮੁਕਤ ਨਾ ਹੋ ਸਕੇ ਪਰ ਦਸ ਹਜ਼ਾਰ ਵਰ੍ਹੇ ਤਕ ਅਸੀਂ
ਨਰਕਾਂ ਵਿੱਚ ਨਹੀਂ ਪੈਣ ਦਿਆਂਗੇ।”
ਅਸੀਂ ਹੇਠਾਂ
ਗੁਰੂ ਨਾਨਕ ਸਾਹਿਬ ਦਾ ਰਾਮਕਲੀ `ਚ ਅੰਕਤ ਸ਼ਬਦ ਦੇ ਰਹੇ ਹਾਂ, ਜਿਸ ਵਿੱਚ ਹਜ਼ੂਰ ਇਹੋ ਜੇਹੀਆਂ
ਧਾਰਨਾਵਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਹੋਇਆਂ ਸਪਸ਼ਟ ਕਰਦੇ ਹਨ ਕਿ ਸ੍ਰੇਸ਼ਟ ਕਰਣੀ ਤੋਂ ਬਿਨਾਂ
ਕਿਸੇ ਦੀ ਵੀ ਕਲਿਆਣ ਨਹੀਂ ਹੈ।
ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ
ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ॥
ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ
ਕਨਿ ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ ਜੇਤੇ ਜੀਅ ਤੇਤੇ
ਵਾਟਾਊ॥ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ
ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥ 2॥
(ਪੰਨਾ 951)
ਅਰਥ:
(ਕਿਸੇ ਖਤ੍ਰੀ
ਆਦਿਕ) ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ)
ਗਲ ਵਿੱਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ
ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ
ਨਹੀਂ ਹੋ ਜਾਂਦਾ।
ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ
ਵਿੱਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ
ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ
ਨਹੀਂ ਹੈ।
ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ ਉਸ (
‘ਜੁਗਤਿ’ ) ਦੀ ਖ਼ਾਤਰ ਕੰਨ ਵਿੱਚ ਮੁੰਦ੍ਰਾਂ ਪਾ ਲੈਂਦਾ ਹੈ; ਮੁੰਦ੍ਰਾਂ ਪਾ ਕੇ ਸੰਸਾਰ ਵਿੱਚ ਚੱਕਰ
ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿੱਚ ਭਉਂਦਾ ਹੈ), ਪਰ ਸਿਰਜਣਹਾਰ ਤਾਂ ਹਰ ਥਾਂ
ਮੌਜੂਦ ਹੈ (ਬਾਹਰ ਜੰਗਲਾਂ ਵਿੱਚ ਭਾਲਣਾ ਵਿਅਰਥ ਹੈ)।
(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ, ਜਿਸ ਜਿਸ
ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ; ਜਿਸ ਨੇ ਇਸ ਜਨਮ ਵਿੱਚ ਰੱਬ ਨੂੰ ਪਛਾਣ ਲਿਆ
ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ
ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ
ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿੱਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ
ਨਹੀਂ ਲੰਘਿਆ। ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪਰਲੋਕ
ਵਿੱਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ। 2.
ਗੁਰੂ ਨਾਨਕ ਸਾਹਿਬ ਇਹ ਗੱਲ ਕੇਵਲ ਹਿੰਦੂਆਂ, ਮੁਸਲਮਾਨਾਂ ਅਤੇ ਜੋਗੀਆਂ
ਬਾਰੇ ਹੀ ਨਹੀਂ ਬਲਕਿ
‘ਪਰਥਾਇ
ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ’ (ਪੰਨਾ 647)
ਦੇ ਗੁਰਵਾਕ ਅਨੁਸਾਰ ਸਾਰਿਆਂ ਨੂੰ ਹੀ ਕਹਿ ਰਹੇ ਹਨ।
ਸਾਰਿਆਂ ਵਿੱਚ ਸਿੱਖ ਵੀ ਆਉSਦੇ ਹਨ, ਇਸ ਲਈ ਸਾਡੇ ਉੱਤੇ ਵੀ ਸਤਿਗੁਰੂ ਜੀ ਦੇ ਇਹ ਬਚਨ ਉਤਨੇ ਹੀ
ਢੁੱਕਦੇ ਹਨ।
ਗੁਰੂ ਗਰੰਥ ਸਾਹਿਬ ਵਿੱਚ ਵਰਣਨ ਕੀਤੀ ਇਸ ਸਚਾਈ ਦੇ ਬਾਵਜੂਦ ਵੀ ਜੇਕਰ ਕੋਈ
ਵਿਅਕਤੀ ਇਹੋ ਜੇਹੀ ਸੋਚ ਰੱਖਦਾ/ਪ੍ਰਚਾਰਦਾ ਹੈ ਤਾਂ ਉਸ ਨੂੰ ਕਿੰਨਾ ਕੁ ਗੁਰੂ ਸਾਹਿਬ ਦੇ ਆਸ਼ੇ ਦੇ
ਅਨੁਕੂਲ ਆਖਿਆ ਜਾ ਸਕਦਾ ਹੈ? ਨਿਰਸੰਦੇਹ ਅਜਿਹਾ ਕਥਨ ਗੁਰੂ ਸਾਹਿਬ ਦੇ ਪਾਵਨ ਮੁੱਖ `ਚੋਂ ਨਿਕਲਿਆ
ਹੋਇਆ ਨਹੀਂ ਸਮਝਣਾ ਚਾਹੀਦਾ। ਸਤਿਗੁਰੂ ਤਾਂ ਪੁਕਾਰ ਪੁਕਾਰ ਕੇ ਇਹ ਆਖ ਰਹੇ ਹਨ:
ਗੁਰੁ ਪੀਰੁ ਹਾਮਾ ਤਾ ਭਰੇ ਜਾ
ਮੁਰਦਾਰੁ ਨ ਖਾਇ। (ਪੰਨਾ 141)
ਸੰਖੇਪ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਰਹਿਤਨਾਮਿਆਂ ਵਿੱਚ (ਗੁਰੂ
ਗ੍ਰੰਥ ਸਾਹਿਬ ਦੇ ਇਹਨਾਂ ਫ਼ਰਮਾਨਾਂ ਦੇ ਹੁੰਦਿਆਂ ਕਿਸੇ ਹੋਰ ਪ੍ਰਮਾਨ ਦੀ ਭਾਵੇਂ ਲੋੜ ਨਹੀਂ ਹੈ, ਪਰ
ਚੂੰਕਿ ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਵਾਲੀ ਪੰਗਤੀ ਰਹਿਤਨਾਮਿਆਂ (ਭਾਈ ਪ੍ਰਹਿਲਾਦ ਸਿੰਘ ਤੇ ਭਾਈ
ਦੇਸਾ ਸਿੰਘ) `ਚ ਅੰਕਤ ਹੈ, ਇਸ ਲਈ ਭਾਈ ਗੁਰਦਾਸ ਜੀ ਦੀ ਰਚਨਾ ਦੇ ਨਾਲ, ਰਹਿਤਨਾਮੇ ਵਿਚੋਂ ਵੀ ਇੱਕ
ਟੂਕ ਦੇ ਰਹੇ ਹਾਂ।) ਸਿੱਖੀ ਦੀ ਰਹਿਤ ਦਾ ਜੋ ਸਰੂਪ ਹੈ, ਉਸ ਵਲ ਵੀ ਪਾਠਕਾਂ ਦਾ ਧਿਆਨ ਦਿਵਾਇਆ ਜਾ
ਰਿਹਾ ਹੈ ਤਾਂ ਕਿ ਅਸੀਂ ਸਿੱਖੀ ਦੀ ਰਹਿਤ ਦਾ ਸੰਪੂਰਨ ਰੂਪ ਦੇਖ ਸਕੀਏ।
ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨ ਦ੍ਰਿੜਾਏ। ਮਿਠਾ ਬੋਲਣੁ ਨਿਵ ਚਲਣੁ
ਹਥਹੁ ਦੇਕੈ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ। ਘਾਲਿ ਖਾਇ ਸੁਕ੍ਰਿਤੁ ਕਰੈ
ਵਡਾ ਹੋਇ ਨ ਆਪੁ ਗਣਾਏ। ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ। ਸਬਦ ਸੁਰਤਿ
ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ। ਆਸਾ ਵਿਚਿ ਨਿਰਾਸੁ ਵਲਾਏ। (ਵਾਰ 28, ਪਉੜੀ 15)
ਗੁਰੁਸਿੱਖੀ ਦਾ ਬੋਲਣਾ ਹੁਇ ਮਿਠਬੋਲਾ ਲਿਖੈ ਨ ਲੇਖੈ। ਗੁਰੁਸਿਖੀ ਦਾ ਚਲਣਾ
ਚਲੈ ਭੈ ਵਿਚਿ ਲੀਤੈ ਭੇਖੈ। ਗੁਰੁਸਿਖੀ ਦਾ ਰਾਹੁ ਏਹੁਗੁਰੁਮੁਖਿ ਚਾਲ ਚਲੈ ਜੋ ਦੇਖੈ। ਘਾਲ ਖਾਇ
ਸੇਵਾ ਕਰੈ ਗੁਰੁ ਉਪਦੇਸ ਅਵੇਸ ਵਿਸੇਖੈ। ਮੁਰਦੇ ਵਾਂਗ ਮੁਰੀਦ ਹੋਇ ਗੁਰੁ ਗੋਰੀਂ ਵੜਿ ਅਲਖ ਅਲੇਖੈ।
(ਵਾਰ 28 ਪਉੜੀ 6)
ਅਰੁ ਸਭ ਤੇ ਵਡੀ ਰਹਿਤ ਏਹ ਹੈ ਜੋ ਮਿਥਿਆ ਨਾ ਬੋਲੇ। ਮਰਦੁ ਹੋਇਕੈ ਪਰਨਾਰੀ
ਕਾ ਸੰਗ ਨਾ ਕਰੇ, ਇਸਤ੍ਰੀ ਹੋਇਕੇ (ਪਰ) ਮਰਦਾਂ ਨੋ ਨਾ ਦੇਖੇ। ਲੋਭ ਨਾ ਕਰੈ, ਕ੍ਰੋਧ ਨਾ ਕਰੇ,
ਅੰਹਕਾਰ ਨਾ ਕਰੇ, ਬਹੁਤ ਮੋਹ ਨ ਕਰੈ, ਨਿੰਦਿਆ ਨਾ ਕਰੈ। …ਦੁਖਾਵੈ ਕਿਸੇ ਕੋ ਨਾਹੀ। ਮਿਠਾ ਬੋਲੇ।
ਜੇ ਕੋਈ ਬੁਰਾ ਭਲਾ ਕਹੈ; ਮਨ ਬਿਖੈ ਲਿਆਵੈ ਨਾਹੀ। …ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ
ਕਿਰਤਿ ਕਰਿ ਖਾਇ॥ (ਭਾਈ ਚਉਪਾ ਸਿੰਘ)
ਸੋ, ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਤੋਂ ਭਾਵ ਸਿੱਖ ਦੀ ਉਸ ਜੀਵਨ – ਜੁਗਤ
ਤੋਂ ਹੈ ਜੇਹੜੀ ਗੁਰੁ ਨਾਨਕ ਸਾਹਿਬ ਨੇ ਮਨੁੱਖ ਨੂੰ ਦ੍ਰਿੜ ਕਰਵਾਈ ਅਤੇ ਬਾਕੀ ਗੁਰੁ ਸਾਹਿਬਾਨ ਨੇ
ਇਹੀ ਸਿੱਖ ਨੂੰ ਅਪਣਾਉਣ ਲਈ ਪ੍ਰੇਰਿਆ। ਖ਼ਾਲਸੇ ਦਾ ਨਿਆਰਾਪਣ ਕੇਵਲ ਤਨ ਦੀ ਪੱਧਰ ਤੇ ਹੀ ਨਹੀਂ ਹੈ
ਬਲਕਿ ਗੁਰਮਤਿ ਦੀ ਕਲਿਆਣਕਾਰੀ ਜੀਵਨ – ਜੁਗਤ ਨੂੰ ਅਪਣਾਉਣ ਵਿੱਚ ਹੈ।
ਜਸਬੀਰ ਸਿੰਘ ਵੈਨਕੂਵਰ