ਗੁਰੁ ਗ੍ਰੰਥ ਸਾਹਬਿ ਜੀ ਅਤੇ ਭੇਖ
ਨੰਗੇਜ ਨੂੰ ਢਕਣ ਅਤੇ ਗਰਮੀ ਸਰਦੀ ਆਦਿ ਦੀ ਕੁਰਖਤਾ ਤੋਂ ਬਚਾਉਣ ਲਈ ਸਰੀਰ
ਉੱਤੇ ਜੋ ਕਪੜੇ ਲੀੜੇ ਪਾਏ ਜਾਂਦੇ ਹਨ ਉਨ੍ਹਾਂ ਨੂੰ ਪਹਿਨਾਵਾ, ਲਿਬਾਸ, ਪੋਸ਼ਾਕ ਆਦਿ ਕਿਹਾ ਜਾਂਦਾ
ਹੈ। ਇਹ ਪੋਸ਼ਾਕ ਹਰ ਇਲਾਕੇ, ਪ੍ਰਾਂਤ, ਜਾਂ ਦੇਸ ਦੇ ਪੌਣਪਾਣੀ, ਵਾਤਾਵਰਣ ਅਤੇ ਭੂਗੋਲਿਕ, ਸਾਮਾਜਿਕ,
ਅਤੇ ਸਭਿਆਚਾਰਿਕ ਸਥਿਤੀਆਂ ਅਨੁਸਾਰ ਹੁੰਦੀ ਹੈ। ਇਸ ਲਈ ਪੌਸ਼ਾਕ ਵਿੱਚ ਭਿੰਨਤਾ ਦਾ ਹੋਣਾ ਕੁਦਰਤੀ
ਹੈ।
ਪਰ, ਜਦੋਂ ਸਰੀਰ ਦੀ ਨਗਨਤਾ ਛੁਪਾਉਣ ਅਤੇ ਮੌਸਮ ਦੀ ਕਠੋਰਤਾ ਤੋਂ ਬਚਣ ਤੋਂ
ਬਿਨਾਂ ਕਿਸੇ ਹੋਰ ਗੁਪਤ ਮੰਤਵ ਲਈ ਵਿਲੱਖਣ ਰੰਗ ਢੰਗ ਦੀ ਪੌਸ਼ਾਕ ਪਾਈ ਜਾਵੇ ਤਾਂ ਉਸ ਨੂੰ ਭੇਖ ਕਿਹਾ
ਜਾਂਦਾ ਹੈ। ਭੇਖ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ
ਹੈ। ਚਿੰਨ੍ਹ ਵੀ ਭੇਖ ਹੀ ਹੁੰਦੇ ਹਨ। ਭੇਖ ਦੋ ਪ੍ਰਕਾਰ ਦਾ ਹੁੰਦਾ ਹੈ-- ਸਰੀਰ ਦਾ ਅਤੇ ਦੂਜਾ
ਜ਼ੁਬਾਨ ਦਾ (ਮਨਿ ਹੋਰ ਮੁਖਿ ਹੋਰ)। ਜ਼ੁਬਾਨ ਦਾ ਭੇਖ ਸਰੀਰ ਦੇ
ਭੇਖ ਨਾਲੋਂ ਕਿਤੇ ਜ਼ਿਆਦਾ ਜ਼ਹਿਰੀਲਾ ਅਤੇ ਘਾਤਿਕ ਹੁੰਦਾ ਹੈ।
ਭੇਖ ਮਨ ਦੀ ਮਲੀਨਤਾ, ਕਪਟ, ਅਤੇ ਕੋਝੇਪਣ ਨੂੰ ਕੱਜ ਕੇ ਰੱਬ ਦੀ ਭੋਲੀ ਭਾਲੀ
ਜਨਤਾ ਨੂੰ ਲੁੱਟਣ ਦਾ ਇੱਕ ਸੰਸਾਰਕ ਸਾਧਨ ਹੈ। ਹਮੇਸ਼ਾਂ ਤੋਂ, ਧਾਰਮਿਕ, ਸਾਮਾਜਿਕ, ਰਾਜਨੈਤਿਕ ਆਦਿ
ਖੇਤ੍ਰਾਂ ਦੇ ਕਪਟੀ ਨੇਤਾ ਬੜੀ ਸਫਲਤਾ ਨਾਲ ਇਸ ਦਾ ਸਹਾਰਾ ਲੈਂਦੇ ਆ ਰਹੇ ਹਨ। ਇਸ ਲੇਖ ਵਿੱਚ ਅਸੀਂ
ਕੇਵਲ ਧਾਰਮਿਕ ਖੇਤ੍ਰ ਬਾਰੇ ਹੀ ਵਿਚਾਰ ਕਰਾਂਗੇ।
ਭੇਖ ਝੂਠ ਦਾ ਨਾਂ ਹੈ, ਅਤੇ ਧਰਮ ਸੱਚ ਦਾ। ਜਿੱਥੇ ਭੇਖ ਹੈ ਉੱਥੇ ਧਰਮ ਦਾ
ਅਭਾਵ ਹੋਵੇਗਾ; ਅਤੇ ਜਿੱਥੇ ਧਰਮ (ਸੱਚ) ਹੈ ਉੱਥੇ ਭੇਖ (ਝੂਠ) ਦੀ ਲੋੜ ਨਹੀਂ ਰਹਿੰਦੀ। ਕਿਸੇ ਮਹਾਂ
ਪੁਰਖ ਦਾ ਕਥਨ ਹੈ:
“ਝੂਠ ਚਾਹੇ ਕਪੜੇ ਪਹਿਰੇ, ਸਾਚ
ਕਹੇ ਮੈਂ ਨੰਗਾ ਨਾਚੂੰ॥”
ਭੇਖੀ ਧਰਮ-ਵਿਰੋਧੀ ਹੁੰਦਾ ਹੈ। ਇਸੇ ਲਈ ਭੇਖਧਾਰੀ ਨੂੰ ਦੰਭੀ ਜਾਂ ਪਾਖੰਡੀ
ਵੀ ਕਿਹਾ ਜਾਂਦਾ ਹੈ। ਪਾਖੰਡ (ਪਾਸ਼ੰਡ) ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਪਾ (ਬਚਾਉਣ
ਵਾਲਾ ਅਥਵਾ ਧਰਮ) + ਖੰਡ (ਖੰਡਣ ਕਰਨ ਵਾਲਾ ਜਾਂ ਵਿਰੋਧੀ)। ਸੋ, ਪਾਖੰਡੀ ਉਹ ਵਿਅਕਤੀ ਹੁੰਦਾ ਹੈ
ਜੋ ਵਿਕਾਰਾਂ ਤੋਂ ਬਚਾਉਣ ਵਾਲੇ ਧਰਮ ਦਾ ਵਿਰੋਧ ਕਰੇ ਜਾਂ ਉਸ ਦੇ ਉਲਟ ਚੱਲੇ। ਸਪਸ਼ਟ ਹੈ ਕਿ ਧਰਮ
ਅਤੇ ਭੇਖ ਦੋਵੇਂ ਵਿਰੋਧਾਤਮਕ ਹਨ।
ਮਾਨਵਤਾ ਵਿੱਚ ਅਮਾਨਵੀ ਹੱਦ ਬੰਦੀਆਂ ਖੜੀਆਂ ਕਰਨ ਵਾਲੀਆਂ ਸੰਸਾਰਕ ਸ਼ਕਤੀਆਂ
ਵਿੱਚੋਂ ਭੇਖ ਇੱਕ ਪਰਮੁੱਖ ਸ਼ਕਤੀ ਹੈ। ਦੁਨੀਆਂ ਵਿੱਚ ਅਣਗਿਣਤ ਧਰਮ, ਫਿਰਕੇ, ਮੱਤ, ਪੰਥ ਅਤੇ
ਸੰਪਰਦਾਯ ਆਦਿ ਹਨ। ਇਨ੍ਹਾਂ ਅਨੇਕ ਰਾਹਾਂ ਨਾਲ ਸੰਸਾਰਕ ਸਾਂਝ ਰੱਖਣ ਵਾਲਿਆਂ ਨੇ ਆਪਣੇ ਅਲਗ ਅਲਗ
ਭੇਖ-ਨਿਯਮ (
dress code)
ਬਣਾ ਰੱਖੇ ਹਨ। ਭੇਖਧਾਰੀ ਇਨ੍ਹਾਂ ਨਿਯਮਾਂ ਨੂੰ ਆਤਮਿਕ
ਉਤੱਮਤਾ ਅਤੇ ਸ੍ਰੇਸ਼ਟਤਾ ਦਾ ਸੂਚਕ ਦਸਕੇ ਇਨ੍ਹਾਂ ਦੀ ਬੜੀ ਕੱਟੜਤਾ ਨਾਲ ਪਾਲਣਾ ਕਰਦੇ ਹਨ, ਅਤੇ
ਹੋਰਾਂ ਉਤੇ ਵੀ ਇਹੀ ਵਿਧਾਨ ਠੋਸਣ ਦਾ ਪੂਰਾ ਯਤਨ ਕਰਦੇ ਹਨ। ਉਹ ਭੇਖ ਨੂੰ ਮੁਕਤੀ-ਪ੍ਰਾਪਤੀ ਦਾ
ਸਾਧਨ ਦਸਦੇ ਹਨ, ਜਦਕਿ ਸੱਚ ਤਾਂ ਇਹ ਹੈ ਕਿ ਭੇਖ ਆਤਮਿਕ ਪਤਨ ਦਾ ਸੂਚਕ, ਮਨਮੁੱਖਤਾ ਦਾ ਲਖਾਇਕ,
ਅਤੇ ਅਗਿਆਨਤਾ ਦਾ ਪ੍ਰਤੀਕ ਹੁੰਦਾ ਹੈ।
ਗੁਰੁ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਅਨੁਸਾਰ ਭੇਖ ਜੀਵਨ-ਮਨੋਰਥ ਦੀ ਪੂਰਤੀ
ਲਈ ਉਕਾ ਹੀ ਸਹਾਈ ਨਹੀਂ ਹੁੰਦੇ; ਸਗੋਂ ਮਨ ਵਿੱਚ ਵਿਕਾਰਾਂ ਦੇ ਪਲੱਰਨ, ਪਾਲਣ-ਪੋਸਣ, ਅਤੇ
ਪ੍ਰਫੁੱਲਤ ਹੋਣ ਦਾ ਵਸੀਲਾ ਬਣਦੇ ਹਨ। ਗੁਰਮਤ ਅਨੁਸਾਰ ਭੇਖ ਧਾਰਣਾ ਲੋਗ ਪਚਾਰਾ ਹੈ। ਲੋਕਾਂ ਵਿੱਚ
ਪਰਵਾਨ ਹੋਣ ਲਈ ਤਾਂ ਸਫਲ ਸਾਧਨ ਹੈ; “ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ” ; ਪਰ ਰੱਬ ਦੀ ਦਰਗਹ
ਵਿੱਚ ਇਹ ਸੱਜਨ ਨਹੀਂ ਬਣ ਸਕਦੇ ਕਿਉਂਕਿ
‘ਓਹ’
ਜਾਣੀ ਜਾਣ ਹੈ।
“ਬਾਹਰ ਭੇਖ ਨ ਪਾਈਐ ਪ੍ਰਭੁ ਅੰਤਰਜਾਮੀ॥ ਰਾਗ ਮਾਰੂ ਮ: ੫
“ਕਰੈ ਦੁਹਕਰਮ ਦਿਖਾਵੈ ਹੋਰੁ॥ ਰਾਮ ਕੀ ਦਰਗਹ ਬਾਧਾ ਚੋਰੁ॥
…ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ॥ ਜਮ ਪੁਰਿ ਬਾਧਾ ਚੋਟਾ ਖਾਵੈ॥
ਅਨਿਕ ਪੜਦੇ ਮਹਿ ਕਮਾਵੈ ਵਿਕਾਰ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰਿ॥” ਰਾਗੁ
ਗਉੜੀ ਮ: ੫
ਧਰਮ ਦੇ ਨਾਂ ਤੇ ਭੇਖ ਕਰਨ ਵਾਲਾ ਵਿਅਕਤੀ ਆਪਣੀ ਜ਼ਮੀਰ ਦਾ ਖ਼ੂਨ ਕਰਕੇ ਇੱਕ
ਘੋਰ ਪਾਪ ਤਾਂ ਕਰਦਾ ਹੀ ਹੈ, ਨਾਲ ਹੀ ਉਹ ਭੇਖ ਦੇ ਛਲ ਨਾਲ ਅਗਿਆਨ ਜਨਤਾ ਨੂੰ ਲੁਟੱਣ ਦਾ ਅਪਰਾਧ ਵੀ
ਕਰਦਾ ਹੈ। ਉਸ ਨੂੰ ਪਾਪ ਦੀ ਖੱਟੀ ਖਾਣ ਦਾ ਚਸਕਾ ਇਤਨਾਂ ਪੈ ਜਾਂਦਾ ਹੈ ਕਿ ਉਹ ਅਪਣੇ ਜੀਵਨ-ਕਰਤੱਵ
ਤੋਂ ਅਵੇਸਲਾ ਰਹਿ ਕੇ ਜਨਮ ਮਰਨ ਦੇ ਘਿਣਾਉਣੇ ਚੱਕਰ ਦਾ ਭਾਗੀ ਬਣਿਆ ਰਹਿੰਦਾ ਹੈ। ਕ੍ਰਿਤ (ਘਾਲਿ
ਖਾਇ) ਦੇ ਆਤਮੀਯ ਸਿਧਾਂਤ ਤੋਂ ਉਹ ਹਮੇਸ਼ਾ ਕਤਰਾਉਂਦਾ ਹੈ, ਅਤੇ ਗਿਰਝਾਂ ਦੀ ਤਰ੍ਹਾਂ ਮੁਰਦਾਰ ਖਾ ਕੇ
ਹੀ ਸੰਤੁਸ਼ਟ ਰਹਿੰਦਾ ਹੈ।
ਧਰਮ ਕਮਾਉਣ ਅਤੇ ਮਨ/ਅਤਮਾ ਦੇ ਸ਼ੁੱਧੀਕਰਣ ਲਈ ਰੰਗ ਬਿਰੰਗੇ ਲਿਬਾਸਾਂ ਦੀ
ਨਿਰਾਰਥਕਤਾ ਨੂੰ ਮੁਖ ਰਖਦਿਆਂ, ਗੁਰੁ ਨਾਨਕ ਦੇਵ ਜੀ ਨੇ ਭੇਖਧਾਰੀਆਂ ਨੂੰ ਭੇਖ ਦੀ ਕਪਟ ਰੀਤਿ ਨੂੰ
ਤਿਆਗ ਕੇ, ਨਾਮ ਸਿਮਰਨ ਅਤੇ ਆਤਮਿਕ ਗੁਣਾਂ ਨੂੰ ਧਾਰਣ ਕਰਨ ਦੀ ਪ੍ਰੇਰਣਾ ਦਿੱਤੀ ਹੈ। ਆਪ ਬਖ਼ਸ਼ਿਸ਼
ਕਰਦੇ ਹਨ:
“ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥
ਬਾਬਾ, ਹੋਰ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥” ਸਿਰੀ ਰਾਗ ਮ: ੧
ਅਧਿਆਤਮਵਾਦੀ ਮਹਾਂਪੁਰਖਾਂ ਨੇ ਸੰਸਾਰ ਵਿੱਚ ਵਿਆਪਕ ਭੇਖਾਂ ਨੂੰ ਬੜੇ ਸਖ਼ਤ
ਸ਼ਬਦਾਂ ਨਾਲ ਤਿਰਸਕਾਰਿਆ ਹੈ, ਅਤੇ ਭੇਖਧਾਰੀਆਂ ਨੂੰ ਅਣਸੁਖਾਵੇਂ ਨਾਵਾਂ/ਵਿਸ਼ੇਸ਼ਣਾ ਨਾਲ ਜਾਣਿਆਂ ਹੈ,
ਜਿਵੇਂ ਕਿ; ਬਗਲਾ, ਕੁਤਾ, ਚੰਡਾਲ, ਮਾਣਸਖਾਣੇ, ਧਾਣਕ, ਸੱਪ, ਅਤੇ ਬਨਾਰਸ ਕੇ ਠੱਗ ਆਦਿ। ਇਹੀ ਕਾਰਣ
ਹੈ ਕਿ ਕਈ ਲਿਖਾਰੀਆਂ ਨੇ ਇਨ੍ਹਾਂ ਮਹਾਂਪੁਰਖਾਂ ਨੂੰ ਪਾਖੰਡ-ਵਿਨਾਸ਼ਕ ਲਿਖਿਆ ਹੈ। ਗੁਰੁ ਨਾਨਕ ਦੇਵ
ਜੀ ਨੂੰ ਤਾਂ ‘ਸ੍ਰੀ ਦੰਭਾਰੀ ਜੀ’ (ਦੰਭ ਨੂੰ ਮਾਰਨ ਵਾਲਾ) ਵੀ ਕਿਹਾ ਹੈ।
ਇੱਥੇ ਅਸੀਂ ‘ਸ੍ਰੀ ਦੰਭਾਰੀ ਜੀ’ ਦੇ ਇੱਕ ਅਜਿਹੇ ਸ਼ਬਦ ਦੀ ਵਿਚਾਰ ਕਰਦੇ ਹਾਂ
ਜਿਸ ਰਾਹੀਂ ਉਨ੍ਹਾਂ ਨੇਂ ਸਾਰੇ ਵਿਆਪਕ ਭੇਖਾਂ ਦਾ ਸਾਮੂਹਿਕ ਰੂਪ ਵਿੱਚ ਖੰਡਣ ਕੀਤਾ ਹੈ। ਗੁਰੁ
ਨਾਨਕ ਦੇਵ ਜੀ ਫਰਮਾਉਂਦੇ ਹਨ:
“ਮਲੂਕੀ ਵੇਸ ਭੇਖੀ ਦਾ ਜੀਵਨ ਇੱਕ ਧਾਣਕ (ਸਾਂਸੀ) ਦੇ ਜੀਵਨ ਵਾਂਗ ਹੈ, ਜਿਸ
ਦਾ ਪੇਸ਼ਾ ਅਪਰਾਧ ਕਰਨਾ ਹੁੰਦਾ ਹੈ। ਉਹ ਜੀਵਨ-ਦਾਤੇ ਪ੍ਰਭੂ ਵੱਲੋਂ ਬੇਮੁਖ ਹੋ ਕੇ ਦਰਿੰਦੇ ਦੀ
ਤਰ੍ਹਾਂ ਨਿਰਦਯਤਾ ਨਾਲ ਕੀਤੀ ਹੱਤਿਆ ਅਤੇ ਠੱਗੀ ਠੋਰੀ ਨੂੰ ਆਪਣਾ ਰੁਜ਼ਗਾਰ ਬਣਾਉਂਦਾ ਹੈ। ਪਾਪ ਕਰਨ
ਸਮੇਂ ਭੇਖੀ ਦੇ ਵਿਕਾਰੀ ਮਨ ਦੇ ਵਿਕਾਰ ਉਸ ਦੇ ਸਹਾਇਕ (
accomplices)
ਬਣਦੇ ਹਨ ਜੋ ਸਵੇਰ ਸ਼ਾਮ, ਹਰ ਵੇਲੇ ਉਸ ਨੂੰ ਕਪਟ-ਕਮਾਈ ਕਰਨ ਲਈ ਉਕਸਾਉਂਦੇ ਰਹਿੰਦੇ ਹਨ। ਜਿਵੇਂ
ਜੀਵਾਂ ਦੇ ਸ਼ਿਕਾਰ ਲਈ ਧਾਣਕ ਅਪਣੇ ਨਾਲ ਕੁੱਤੇ ਕੁੱਤੀਆਂ ਅਤੇ ਛੁਰਾ ਆਦਿ ਰਖਦਾ ਹੈ, ਤਿਵੇਂ ਭੇਖੀ
ਦੇ ਸਾਥੀ ਹਨ ਲੋਭ ਲਾਲਚ (ਕੁੱਤਾ) ਅਬੁੱਝ ਤ੍ਰਿਸ਼ਨਾ ਤੇ ਆਸ਼ਾਵਾਂ (ਕੁੱਤੀਆਂ)। ਕਪਟ ਜ਼ੁਲਮ ਨਾਲ ਕੀਤੀ
ਕਮਾਈ ਅਤੇ ਹਰਾਮਖੋਰੀ ਦੀ ਭੈੜੀ ਬਾਣ ਨੇ ਉਸ ਦਾ ਅਸਲੀ ਮਾਨਸ-ਰੂਪ ਵਿਗਾੜ ਕੇ ਉਸ ਨੂੰ ਸ਼ੈਤਾਨ ਦਾ
ਡਰਾਉਣਾ ਤੇ ਕੋਝਾ ਰੂਪ ਦੇ ਦਿੱਤਾ ਹੈ। ਪਰ-ਨਿੰਦਾ ਉਸ ਦਾ ਸੁਭਾ ਬਣ ਜਾਂਦਾ ਹੈ। ਉਸ ਦਾ ਧਿਆਨ ਸਦਾ
ਪਰਾਏ ਘਰਾਂ ਦੇ ਸੁਖ ਠੱਗਣ ਵੱਲ ਰਹਿੰਦਾ ਹੈ। ਕਾਮ ਕ੍ਰੋਧ ਆਦਿ ਉਸ ਦੇ ਚੰਡਾਲਪੁਣੇ ਨੂੰ ਉਤਸਾਹਿਤ
ਕਰਦੇ ਰਹਿੰਦੇ ਹਨ। ਸ਼ਰੀਫ਼ਾਨਾ ਲਿਬਾਸ ਦੇ ਪੜਦੇ ਉਹਲੇ ਉਸ ਦੀ ਠੱਗੀ ਦਾ ਅੱਡਾ ਹੈ। ਉਹ ਛਲ-ਯੁਕਤ
ਪਹਿਰਾਵੇ ਦੇ ਛਲ ਨਾਲ ਦੇਸ-ਬਿਦੇਸ ਭੋਲੇ ਅਗਿਆਨ, ਅਤੇ ਕਈ ਹਉਮੈ-ਮਾਰੇ ਲੋਕਾਂ ਨੂੰ ਕਠੋਰਚਿਤ ਹੋ ਕੇ
ਠਗਦਾ ਫਿਰਦਾ ਹੈ। ਆਪਣੇ ਜਾਣੇ ਉਹ ਬੜਾ ਚੁਸਤ ਚਾਲਾਕ ਤੇ ਸਿਆਣਾ ਹੈ, ਜੋ ਲੋਕਾਂ ਨੂੰ ਫਰੇਬ-ਜਾਲ
ਵਿੱਚ ਫਸਾਉਣ ਵਿੱਚ ਸਫਲ ਹੈ। ਪਰ, ਸੱਚ ਤਾਂ ਇਹ ਹੈ ਕਿ ਉਹ ਆਪਣੇ ਸਿਰ ਉਤੇ ਆਪ ਰੱਖੀ ਪਾਪਾਂ ਦੀ
ਪੰਡ ਨੂੰ ਹੋਰ ਭਾਰੀ ਤੇ ਵਡੇਰੀ ਕਰੀ ਜਾ ਰਿਹਾ ਹੈ। ਧਾਣਕ (ਭੇਖਧਾਰੀ) ਵਿਕਾਰਾਂ ਦੇ ਸੁਆਦਾਂ ਵਿੱਚ
ਇਤਨਾ ਗ਼ਲਤਾਨ ਹੈ ਕਿ ਉਸ ਨੇ ਕਦੇ ਵੀ ਮੁਕਤੀ-ਦਾਤੇ ਪਰਮਾਤਮਾ ਦੀ ਨਸੀਹਤ ਨਹੀਂ ਗੌਲੀ ਅਤੇ ਨਾ ਹੀ ਇਹ
ਸੋਚਣ ਦੀ ਖੇਚਲ ਕੀਤੀ ਹੈ ਕਿ ਕਿਹੜੀ ਕਰਨੀ ਸਦਾਚਾਰਕ ਹੈ ਅਤੇ ਕਿਹੜੀ ਦੁਰਾਚਾਰਕ! ! ਗੁਰੁ ਨਾਨਕ
ਦੇਵ ਜੀ ਅਜਿਹੇ “ਬਿਗੜੈ ਰੂਪਿ” ਮਨਮੁੱਖਾਂ ਨੂੰ ਪਾਪ ਦਾ ਕੁਮਾਰਗ ਤਿਆਗ ਕੇ, ਭੇਖ-ਪ੍ਰਥਾ ਨੂੰ
ਤਿਲਾਂਜਲੀ ਦੇ ਕੇ, ਤਰਣ ਤਾਰਣ ਪਾਰਬ੍ਰਹਮ ਦੇ ਚਰਣ-ਕਮਲਾਂ ਦਾ ਸਹਾਰਾ ਲੈਣ ਲਈ ਪ੍ਰੇਰਦੇ ਹਨ।
ਪਾਠਕਾਂ ਦੀ ਸੇਵਾ ਵਿੱਚ ਇਹ ਪੂਰਾ ਸ਼ਬਦ ਪੇਸ਼ ਹੈ:
“ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥
ਕੂੜੁ ਛੁਰਾ ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੧
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥
ਤੇਰਾ ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਆਧਾਰੁ॥
ਮੁਖਿ ਨਿੰਦਾ ਆਖਾ ਦਿਨੁ ਰਾਤਿ॥ ਪਰ ਘਰੁ ਜੋਹੀ ਨੀਚ ਸਨਾਤਿ॥
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ॥ ਧਾਣਕ ਰੂਪਿ ਰਹਾ ਕਰਤਾਰ॥ ੨
ਫਾਹੀ ਸੁਰਤਿ ਮਲੂਕੀ ਵੇਸ॥ ਹਉ
ਠਗ ਵਾੜਾ ਠਗੀ ਦੇਸੁ॥
ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੩
ਮੈ ਕੀਤਾ ਨਾ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥
ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੁਪਿ ਰਹਾ ਕਰਤਾਰ॥” ੪
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਕਈ ਹੋਰ ਤੁਕਾਂ ਅਤੇ ਸ਼ਬਦ ਹਨ ਜਿਨ੍ਹਾਂ
ਰਾਹੀਂ ਰੱਬ ਦੇ ਬਿਬੇਕੀ ਬੰਦਿਆਂ ਨੇ ਬੜੀ ਬਿਬੇਕਤਾ ਨਾਲ ਭੇਖ-ਪ੍ਰਥਾ ਦਾ ਖੰਡਣ ਕੀਤਾ ਹੈ,
ਝਾਂਸੇਬਾਜ਼ ਪਾਖੰਡੀਆਂ ਨੂੰ ਧਿੱਕਾਰਿਆ ਹੈ, ਅਤੇ ਇਨ੍ਹਾਂ ਦੇ ਫ਼ਰੇਬ-ਜਾਲ ਵਿੱਚ ਫਸ ਕੇ ਲੁੱਟੀ ਜਾ
ਰਹੀ ਭੋਲੀ ਭਾਲੀ ਜਨਤਾ ਨੂੰ ਸਾਵਧਾਨ ਕੀਤਾ ਹੈ। ਕੁੱਝ ਤੁਕਾਂ ਪਾਠਕਾਂ ਦੀ ਬੂਝ-ਵਿਚਾਰ ਲਈ ਅੰਕਿਤ
ਕੀਤੀਆਂ ਜਾਂਦੀਆਂ ਹਨ:
“ਫਰੀਦਾ ਕੰਨਿ ਮੁਸਲਾ, ਸੂਫਿ ਗਲਿ, ਦਿਲਿ ਕਾਤੀ, ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ॥”
“ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥
ਜਿਨੑ ਮਨਿ ਹ+ਰ ਮੁਖਿ ਹੋਰ ਸਿ ਕਾਂਢੇ ਕਚਿਆ॥ ਫਰੀਦ ਜੀ
“ਹਰਿ ਹਰਿ ਕਰਹਿ ਨਿਤੁ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥
… ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹਦਿਸਿ ਧਾਵੈ॥
ਹਉਮੈ ਬਿਆਪਿਆ ਸਬਦੁ ਨ ਚੀਨੈ ਫਿਰਿ ਫਿਰਿ ਜੂਨੀ ਆਵੈ॥”
“ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥
ਮੂਲੁ ਨ ਬੁਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ ਸੂਹੀ ਮ: ੧
“ਬਹੁਤੇ ਵੇਸ ਕਰੇ ਕੂੜਿਆਰ॥” ਓਅੰਕਾਰ
“ਸਾਪੁ ਕੁੰਚ ਛੋਡੈ, ਬਿਖੁ ਨਹੀ ਛਾਡੈ॥ ਉਦਕ ਮਾਹਿ ਜੈਸੇ ਬਗੁ ਧਿਆਨ ਮਾਡੈ॥
ਕਾਹੇ ਕਉ ਕੀਜੈ ਧਿਆਨੁ ਜਪੰਨਾ॥ ਜਬ ਤੇ ਸੁਧੁ ਨਾਹੀ ਮਨੁ ਅਪਨਾ॥
ਸਿੰਘਚ ਭੋਜਨੁ ਜੋ ਨਰੁ ਜਾਨੈ॥ ਐਸੇ ਹੀ ਠਗ ਦੇਉ ਬਖਾਨੈ॥” ਆਸਾ ਨਾਮ ਦੇਵ ਜੀ
“ਸਪੁ ਪਿੜਾਈ ਪਾਈਐ ਬਿਖ ਅੰਤਰਿ ਮਨਿ ਰੋਸ॥” ਰਾਗ ਮਾਰੂ ਮ: ੧
“ਮਥੈ ਟਿਕਾ ਤੇੜ ਧੋਤੀ ਕਖਾਈ॥ ਹਥਿ ਛੁਰੀ ਜਗਤ ਕਸਾਈ॥” ਮ: ੧
“ਮਾਥੇ ਤਿਲਕੁ, ਹਥਿਮਾਲਾ, ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ॥” ਭੈਰਉ
ਕਬੀਰ ਜੀ
“ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇ ਤਗ॥
ਗਲੀ ਜਿਨਾੑ ਜਪਮਾਲੀਆ, ਲੋਟੇ ਹਥ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥” ਆਸਾ ਕਬੀਰ ਜੀ
“ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ॥
ਹਰਿ ਸਿਉ ਚਿਤ ਨ ਲਾਇਨੀ ਵਾਦੀ ਧਰਮਿ ਪਿਆਰੁ॥” ਰਾਗ ਮਾਰੂ ਮ: ੩
“ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰ॥
ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ॥” ਭੈਰਉ ਮ: ੩
ਪ੍ਰਭੂ ਦੇ ਸੱਚੇ ਸੁੱਚ ਪ੍ਰਮਾਣਿਤ ਭਗਤਾਂ ਦੀ ਇਹ ਵਿਵੇਸ਼ਤਾ ਹੁੰਦੀ ਹੈ
ਕਿ ਉਹ ਹੁਕਮ ਨਹੀਂ ਝਾੜਦੇ ਸਗੋਂ ਆਪਣੇ ਸਿਧਾਂਤ ਨੂੰ ਪਹਿਲਾਂ ਉਹ ਆਪਣੇ ਜੀਵਨ ਵਿੱਚ ਢਾਲਦੇ ਹਨ ਤੇ
ਫੇਰ ਨਿਰਮਾਣਤਾ ਅਤੇ ਹਲੀਮੀ ਨਾਲ ਦੂਸਰਿਆਂ ਨੂੰ ਉਸ ਸਿਧਾਂਤ ਨੂੰ ਅਪਨਾਉਣ ਲਈ ਉਤੇਜਿਤ ਕਰਦੇ ਹਨ।
ਇਹੀ ਕਾਰਣ ਹੈ ਕਿ ਗੁਰਮਤ ਦਾ ਮਾਰਗ ਦਿਖਾਉਣ ਵਾਲਿਆਂ ਵਿੱਚੋਂ ਕੋਈ ਵੀ ਭੇਖਧਾਰੀ ਨਹੀਂ ਸੀ! ! ਸ੍ਰੀ
ਗੁਰੁ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਕਿਸੇ ਵੀ ਭੇਖ ਜਾਂ ਚਿੰਨ੍ਹ ਦਾ ਸੁਝਾਉ, ਸਮਰਥਨ, ਜਾਂ
ਮੰਡਣ ਕੀਤਾ ਨਹੀਂ ਮਿਲਦਾ! ! ! !
ਗੁਰਮਤ ਅਨੁਸਾਰ ਭੇਖ ਇੱਕ ਲਾਣਤ ਹੈ, ਕੁਮਾਰਗ ਹੈ, ਮਨਮੁਖਤਾ ਹੈ। ਇਸ
ਸੱਚ ਦਾ ਹਰ ਭੇਖੀ ਨੂੰ ਪਤਾ ਹੈ। ਇਹੀ ਕਾਰਣ ਹੈ ਕਿ ਭੇਖੀ ਪ੍ਰਚਾਰਕ ਭੇਖ ਦੇ ਵਿਸ਼ੇ ਤੇ ਕਦੇ ਵੀ
ਵਿਚਾਰ-ਵਿਮਰਸ਼ ਨਹੀਂ ਕਰਦੇ! ! ! ! !
ਇਹ ਇੱਕ ਕਸ਼ਟਦਾਇਕ ਘਿਣਾਵਣਾ ਸੱਚ ਹੈ ਕਿ ਭੇਖ ਦੀ ਰੱਦੀ ਰੀਤਿ ਨੂੰ ਰੱਦ
ਕਰਨ ਵਾਲੇ ਮਹਾਂ ਪੁਰਖਾਂ ਦੁਆਰਾ ਸੁਝਾਏ ਧਰਮ ਉਤੇ ਭੇਖਧਾਰੀਆਂ ਦਾ ਹੀ ਕਬਜ਼ਾ ਹੈ! ਅਤੇ, ਉਹ ਮਾਨਵਤਾ
ਦੇ ਜਗਤ-ਗੁਰੂ ਨੂੰ ਰੇਸ਼ਮੀ ਰੁਮਾਲਿਆਂ ਨਾਲ ਨਜ਼ਰਬੰਦ ਕਰ ਕੇ ਆਪਣੀਆਂ ਮਨਮਾਨੀਆਂ ਕਰ ਰਹੇ ਹਨ। ਰੱਬ
ਭਲੀ ਕਰੇ! ! !
“ਪੈਨਣੁ ਸਿਫਤਿ ਸਾਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨਾ ਹੋਇ॥
…ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ॥” ਰਾਗ ਮਾਰੂ ਮ: ੩
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਯੂ: ਐਸ: ਏ: