.

ਸਪੋਕਸਮੈਨ: ਕੀ ਇਹ ਤੱਤ ਗੁਰਮਤਿ ਹੈ?

ਰੋਜ਼ਾਨਾ ਸਪੋਕਸਮੈਨ ਵਲੋਂ ਤੱਤ ਗੁਰਮਤਿ ਦਾ ਝੰਡਾ-ਬਰਦਾਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਦਾਅਵਾ ਕੁੱਝ ਹੱਦ ਤੱਕ ਜਾਇਜ਼ ਵੀ ਹੈ ਕਿਉਂਕਿ ਇਸ ਵੇਲੇ ਇਹ ਪੰਥਕ ਅਤੇ ਤੱਤ ਗੁਰਮਤਿ ਦੇ ਖੇਤਰ ਵਿੱਚ ਮੋਹਰੀ ਹੋ ਕੇ ਕੰਮ ਕਰ ਰਿਹਾ ਹੈ। ਸਪੋਕਸਮੈਨ ਟਰੱਸਟ ਵਲੋਂ ਉਲੀਕੇ ਜਾ ਰਹੇ ਟੀਚੇ (ਏਕਸ ਕੇ ਬਾਰਿਕ ਤੇ ਹੋਰ) ਵੀ ਕਾਬਿਲੇ ਤਾਰੀਫ ਹਨ। ਸਪੋਸਸਮੈਨ ਵਲੋਂ ਅਪਣੇ ਰਵਾਇਤੀ ਵਿਰੋਧੀਆਂ (ਸੰਪਰਦਾਈਆਂ) ਨੂੰ ਹਮੇਸ਼ਾ ਇਸ ਗੁਰਵਾਕ ਰਾਹੀਂ ਇੱਕ ਜਾਇਜ਼ ਨਸੀਹਤ ਦਿਤੀ ਜਾਂਦੀ ਹੈ “ਰੋਸੁ ਨ ਕੀਜੈ, ਉਤਰੁ ਦੀਜੈ॥” ਭਾਵ ਆਲੋਚਨਾ ਸੁਣ ਕੇ ਗੁੱਸੇ ਨਹੀਂ ਹੋਣਾ ਚਾਹੀਦਾ ਬਲਕਿ ਦਲੀਲ ਨਾਲ ਜਵਾਬ ਦੇਣਾ ਚਾਹੀਦਾ ਹੈ। ਇਹ ਵਿਚਾਰ ਬਹੁਤ ਵਧੀਆ ਹੈ। ਪਰ ਲਗਦਾ ਹੈ ਗੁਰਵਾਕ “ਅਵਰ ਉਪਦੇਸੈ ਆਪਿ ਨ ਕਰੈ” ਸਪੋਕਸਮੈਨ ਤੇ ਪੂਰਾ ਢੁਕਦਾ ਹੈ। ਕਿਉਕਿ ਇਸ ਵਲੋਂ ਆਪਣੀ ਪ੍ਰਤੀ ਕੀਤੀ ਗਈ ਆਲੋਚਨਾ ਦਾ ਨਾ ਤਾਂ ਸਪਸ਼ਟੀਕਰਨ ਦਿਤਾ ਜਾਂਦਾ ਹੈ ਤੇ ਨਾ ਹੀ ਵਾਰ ਵਾਰ ਬੇਨਤੀ ਕਰਨ ਤੇ ਗਲਤੀਆਂ ਨੂੰ ਸੁਧਾਰਨ ਦਾ ਜਤਨ ਕੀਤਾ ਜਾਂਦਾ ਹੈ। ਕਈਂ ਵਾਰ ਤਾਂ ਗੁਰਮਤਿ ਤੋਂ ਉਲਟ ਵਰਤਾਰਾ ਕਰਦੇ ਹੋਏ ਅਪਣੀ ਆਲੋਚਣਾ ਕਰਨ ਵਾਲੇ ਜਾਂ ਗਲਤੀਆਂ ਵਲ ਧਿਆਨ ਦੁਆਉਣ ਵਾਲੇ ਨੂੰ ‘ਦੁਸ਼ਮਨ’ ਥਾਪ ਲਿਆ ਜਾਂਦਾ ਹੈ।
ਅੱਜ ਜਿਹੜਾ ਨੁਕਤਾ ਅਸੀਂ ਲੈ ਰਹੇ ਹਾਂ ਉਹ ਹੈ ਨਾਨਕ ਜਾਮਿਆਂ ਦੀ ਪ੍ਰਚਲਿਤ ‘ਗੈਰ-ਸਿਧਾਂਤਕ’ ਤਸਵੀਰਾਂ ਛਾਪਣ ਦਾ। ਸਪੋਕਸਮੈਨ ਵਿੱਚ ਇਹੋ ਜਿਹੀਆਂ ਤਸਵੀਰਾਂ ਲਗਾਤਾਰ ਛਪਦੀਆਂ ਰਹਿੰਦੀਆਂ ਹਨ। ਜਿਵੇਂ ਨਾਨਕ ਪਾਤਸ਼ਾਹ ਨੂੰ ਸੇਲੀ ਟੋਪੀ ਪਾਏ ਵਿਖਾਉਣਾ, ਬੇਬੇ ਨਾਨਕੀ ਕੋਲੋਂ ਰੱਖੜੀ ਬੰਣਵਾਉਂਦੇ ਵਿਖਾਉਣਾ ਆਦਿ। ਇਹਨਾਂ ਬਾਰੇ ਸਮੇਂ ਸਮੇਂ ਤੇ ਧਿਆਨ ਦਿਵਾਉਣ ਤੇ ਵੀ ਨਾ ਤਾਂ ਸਪਸ਼ਟੀਕਰਨ ਦਿਤਾ ਜਾਂਦਾ ਹੈ ਤੇ ਨਾ ਹੀ ਗਲਤੀ ਮੰਨੀ ਜਾਂਦੀ ਹੈ। ਆਖਿਰ ਮਜ਼ਬੂਰ ਹੋਕੇ ਪਾਠਕਾਂ ਦੀ ਕਚਿਹਰੀ ਵਿੱਚ ਇਸ ਤਰੀਕੇ ਆਉਣਾ ਪਿਆ। ਇਹੀ ਗਲਤੀ ਕੁੱਝ ਦਿਨ ਪਹਿਲਾਂ ਫੇਰ ਦੁਹਰਾਈ ਗਈ। ਆਉ ਇਸ ਬਾਰੇ ਵਿਚਾਰ ਕਰੀਏ।
ਗੁਰਬਾਣੀ ਪ੍ਰਚਲਿਤ ‘ਮਾਲਾ’ ਦਾ ਖੰਡਨ ਕਰਦੇ ਹੋਏ ਸਮਝਾਉਂਦੀ ਹੈ
1. ਮੁਖਿ ਝੂਠੁ ਬਿਭੂਖਨ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ (ਪੰਨਾ ੪੭੦, ਮਹਲਾ ੧)
2. ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮ ਖਿਲਉਨਾ ਜਾਨਾਂ॥ (ਪੰਨਾ ੧੧੫੮)

3. ਤੇ ਐਸੇ ਹੋਰ ਅਨੇਕਾਂ ਗੁਰਵਾਕ
ਪਰ ੨੧ ਜੂਨ ੨੦੦੯ ਦੇ ਰੋਜਾਨਾ ਸਪੋਕਸਮੈਨ ਦੇ ਸੰਪਾਦਕੀ ਪੰਨੇ ਤੇ ਛਪੇ ਲੇਖ ‘ਸਪੋਕਸਮੈਨ ਦੇ ਦੇਸ਼-ਵਿਦੇਸ਼ ਰਹਿੰਦੇ ਪਾਠਕਾਂ ਨੂੰ ਦੋ ਸਵਾਲ’ ਨਾਲ ਨਾਨਕ ਪਾਤਸ਼ਾਹ ਦੀ ਤਸਵੀਰ ਲਾਈ ਗਈ ਹੈ ਜਿਸ ਵਿੱਚ ਉਹਨਾਂ ਨੂੰ ਹੱਥ ਅਤੇ ਗਲੇ ਵਿੱਚ ਮਾਲਾ ਨਾਲ ਵਿਖਾਇਆ ਗਿਆ ਹੈ। ਹੈ ਨਾ ਸਿਤਮ ਦੀ ਗੱਲ ਜਿਹੜੇ ਨਾਨਕ ਜਾਮੇ ਸਾਨੂੰ ਸਾਰੀ ਉਮਰ ‘ਮਾਲਾ’ ਜਿਹੇ ਕਰਮਕਾਂਡਾਂ ਨੂੰ ਤਿਆਗਨ ਲਈ ਜਾਗ੍ਰਿਤ ਕਰਦੇ ਰਹੇ ਅਸੀਂ ਉਹਨਾਂ ਨੂੰ ਹੀ ਐਸੇ ਕਰਮਕਾਂਡ ਕਰਦੇ ਵਿਖਾ ਰਹੇ ਹਾਂ? ਸੰਪਰਦਾਈ ਐਸਾ ਕਰਨ ਤਾਂ ਕੋਈ ਹੈਰਾਨੀ ਨਹੀਂ, ਕਿਉਂਕਿ ਉਹਨਾਂ ਦਾ ਤਾਂ ਮਕਸਦ ਹੀ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੀ ਇੱਕ ਸ਼ਾਖ ਸਾਬਿਤ ਕਰਨਾ ਹੈ। ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਤੱਤ ਗੁਰਮਤਿ ਦੀ ਝੰਡਾ ਬਰਦਾਰ ਹੋਣ ਦਾ ਦਾਅਵਾ ਕਰਨ ਵਾਲੀ ਸੰਸਥਾ (ਸਪੋਕਸਮੈਨ ਟ੍ਰਸਟ) ਦੇ ਅਖਬਾਰ ਵਿੱਚ ਐਸੀ ਸਿਧਾਤ ਵਿਰੋਧੀ ਤਸਵੀਰ ਛਪੀ। ਬੇਹਦ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਲੇਖ ਕਿਸੇ ਹੋਰ ਦਾ ਨਹੀਂ ਬਲਕਿ ਮੁੱਖ ਸੰਪਾਦਕ (ਸਪੋਕਸਮੈਨ ਟ੍ਰਸਟ ਦੇ ਮੋਢੀ ਟਰੱਸਟੀ) ਜੋਗਿੰਦਰ ਸਿੰਘ ਜੀ ਦਾ ਆਪਣਾ ਲੇਖ ਹੈ। ਕੀ ਇਹ ਤੱਤ ਗੁਰਮਤਿ ਹੈ? ਆਸ ਹੈ ਜਾਗਰੂਕ ਪਾਠਕ ਇਸ ਸੰਬੰਧੀ ਸਪੋਕਸਮੈਨ ਤੋਂ ਜਵਾਬ/ਸਪਸ਼ਟੀਕਰਨ ਜ਼ਰੂਰ ਮੰਗਣਗੇ ਤਾਂ ਕਿ ਭਵਿੱਖ ਵਿੱਚ ਐਸੀਆਂ ਬਜ਼ਰ ਗਲਤੀਆਂ ਨੂੰ ਰੋਕਿਆ ਜਾ ਸਕੇ।
ਸਪੋਕਸਮੈਨ ਦੇ ਕੁੱਝ ਹਮਾਇਤੀ ਇਸਦੀ ਹਾਂ-ਪੱਖੀ ਆਲੋਚਨਾ ਪੜਣ ਤੋਂ ਬਾਅਦ ਫੋਨ ਜਾਂ ਆਪਸੀ ਗੱਲਬਾਤ ਵਿੱਚ ਇਹ ਕਹਿੰਦੇ ਹਨ ਕਿ ਬੇਸ਼ਕ ਸਪੋਕਸਮੈਨ ਵਿੱਚ ਕਮੀਆਂ ਹਨ, ਪਰ ਕਿਉਂਕਿ ਇਹ ਚੰਗਾ ਕੰਮ ਕਰ ਰਿਹਾ ਹੈ ਇਸ ਲਈ ਇਸ ਦੀ ਆਲੋਚਨਾ ਠੀਕ ਨਹੀਂ। ਕੁੱਝ ਇਹ ਵੀ ਕਹਿੰਦੇ ਹਨ ਕਿ ਜਿਵੇਂ ਦੁਧ ਦੇਣ ਵਾਲੀ ਮੱਝ ਦੀਆਂ ਲੱਤਾਂ ਵੀ ਸਹਿਣ ਕਰਨੀਆਂ ਪੈਂਦੀਆਂ ਹਨ, ਇਸੇਂ ਤਰਾਂ ਸਪੋਕਸਮੈਨ ਦੀਆਂ ਗਲਤੀਆਂ ਵੀ ਨਜ਼ਰ ਅੰਦਾਜ਼ ਕਰ ਦੇਣੀਆਂ ਚਾਹੀਦੀਆਂ ਹਨ। ਪਰ ‘ਤੱਤ ਗੁਰਮਤਿ ਪਰਿਵਾਰ’ ਐਸੀਆਂ ਕੱਚੀਆਂ ਅਤੇ ਗੈਰ-ਸਿਧਾਂਤਕ ਦਲੀਲਾਂ ਨਾਲ ਸਹਿਮਤ ਨਹੀਂ। ਪਰਿਵਾਰ ਦਾ ਮੰਣਨਾ ਹੈ ਕਿ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੀ ਚੰਗੀਆਂ ਸੰਸਥਾਵਾਂ ਸਨ। ਜੇ ਉਹਨਾਂ ਦੀ ਗਲਤੀਆਂ ਬਾਰੇ (ਜਾਗਰੂਕ) ਸਿੱਖ ਸਮੇਂ-ਸਮੇਂ ਸੁਧਾਰਮਈ ਆਲੋਚਣਾ ਕਰਦੇ ਰਹਿੰਦੇ ਤਾਂ ਸ਼ਾਇਦ ਉਹ ਸਿਧਾਂਤ ਪੱਖੋਂ ਇਤਨਾ ਗਰਕ ਨਾ ਹੁੰਦੀਆਂ। ਪਰ ਸਿੱਖਾਂ ਵਿੱਚ ਤਾਂ ਉਸ ਸਮੇਂ ਇਹਨਾਂ ਬਾਰੇ ਆਲੋਚਣਾ ਕਰਨੀ ਪਾਪ ਸਮਝੀ ਜਾਂਦੀ ਸੀ।
ਤੱਤ ਗੁਰਮਤਿ ਪਰਿਵਾਰ ਦਾ ਇਹ ਅਸੂਲ ਹੈ ਕਿ ਕਿਸੇ ਦੀ ਗਲਤੀ ਦੀ ਸੁਧਾਰਮਈ ਆਲੋਚਣਾ ਪਹਿਲਾਂ ਉਸ ਨੂੰ ਹੀ ਭੇਜੀ ਜਾਵੇ ਤਾਂ ਕਿ ਜੇ ਉਹ ਸੁਹਿਰਦ ਹੈ ਤਾਂ ਸੁਧਾਰ ਕਰ ਲਵੇ ਜਾਂ ਉਸ ਦਾ ਸਪਸ਼ਟੀਕਰਨ ਦੇ ਦੇਵੇ। ਪਰ ਜੇ ਇਸ ਸੰਬੰਧੀ ਭੇਦ ਭਰੀ ਚੁੱਪੀ ਸਾਧ ਲੈਂਦਾ ਹੈ ਤਾਂ ਹੋਰ ਤਰੀਕੇ ਆਮ ਸੰਗਤ ਦੀ ਕਚਿਹਰੀ ਵਿੱਚ ਜਾਣਾ ਜ਼ਰੂਰੀ ਹੈ ਤਾਂ ਕਿ ਸੰਗਤ ਉਸ ਨੂੰ ਭਟਕਣ ਤੋਂ ਰੋਕ ਸਕੇ। ਸਪੋਕਸਮੈਨ ਦੇ ਸੰਬੰਧ ਵਿੱਚ ਵੀ ਇਹੀ ਨੀਤੀ ਅਪਨਾਈ ਜਾ ਰਹੀ ਹੈ। ਇਸ ਨਾਲ ਪਾਠਕਾਂ ਦੇ ਭੁਲੇਖੇ ਵੀ ਦੂਰ ਹੋ ਜਾਂਦੇ ਹਨ। ਐਸੇ ਮਸਲਿਆਂ ਵਿੱਚ ਬਿਲਕੁਲ ਚੁੱਪੀ ਧਾਰ ਲੈਣ ਨੁੰ ਪਰਿਵਾਰ ਠੀਕ ਨਹੀਂ ਮੰਨਦਾ। ਬੇਸ਼ਕ ਇਸ ਤਰਾਂ ਕਰਨ ਨਾਲ ਕੁੱਝ ਲੋਕ ਜਾਂ ਸੰਸਥਾਵਾਂ (ਜਿਹਨਾਂ ਦੇ ਗਲਤ ਨੁਕਤਿਆਂ ਦੀ ਆਲੋਚਣਾ ਕੀਤੀ ਜਾਂਦੀ ਹੈ) ਪਰਿਵਾਰ ਨਾਲ ‘ਗੈਰ-ਸਿਧਾਂਤਕ’ ਤੌਰ ਤੇ ਨਰਾਜ਼ ਹੋ ਜਾਂਦੀਆਂ ਹਨ ਪਰ ਇਸ ਸੰਬੰਧ ਵਿੱਚ ਪਰਿਵਾਰ ਇਸ ਸ਼ਿਅਰ ਤੇ ਅਮਲ ਕਰਦਾ ਹੈ
‘ਕੁਛ ਕਹਿਤਾ ਹੂੰ ਤੋ ਦੁਨੀਆ ਸੇ ਰੁਸਵਾਈ ਹੋਤੀ ਹੈ,
ਚੁਪ ਰਹਿਤਾ ਹੂੰ ਤੋ ਮੇਰੀ ‘ਨਾਨਕ’ ਸੇ ਕੋਤਾਹੀ ਹੋਤੀ ਹੈ॥’

ਪਰਿਵਾਰ ਸਭ ਕੁੱਝ ਸਹਿਨ ਕਰ ਸਕਦਾ ਹੈ ਪਰ ‘ਨਾਨਕ’ ਤੋਂ ਕੋਤਾਹੀ (ਨਾਨਕ ਫਲਸਫੇ ਦੇ ਰਾਹ ਤੋਂ ਭਟਕਣਾ) ਨਹੀਂ ਕਰ ਸਕਦਾ।
ਅੰਤ ਵਿੱਚ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਪਰਿਵਾਰ ਸਪੋਕਸਮੈਨ ਟਰੱਸਟ ਅਤੇ ਹੋਰਨਾਂ ਵਲੋਂ ਕੀਤੇ ਜਾ ਰਹੇ ਤੱਤ ਗੁਰਮਤਿ ਅਨੁਸਾਰੀ ਕੰਮਾਂ ਦਾ ਪੁਰਜ਼ੋਰ ਸਮਰਥਨ ਕਰਦਾ ਹੈ ਪਰ ਉਹਨਾਂ ਦੀ ਗਲਤ (ਸਿਧਾਂਤ ਵਿਰੋਧੀ) ਲਿਖਤਾਂ/ਨੀਤੀਆਂ ਦੀ ਸੁਧਾਰਮਈ ਆਲੋਚਣਾ ਕਰਨਾ ਵੀ ਅਪਣਾ ਫਰਜ਼ ਸਮਝਦਾ ਹੈ। ਇਸ ਨਾਲ ਜਿਥੇ ਉਹਨਾਂ ਨੂੰ ਅਪਣੀ ਗਲਤੀਆਂ ਸੁਧਾਰਣ ਦਾ ਮੌਕਾ ਮਿਲਦਾ ਹੈ, ਨਾਲ ਹੀ ਪਾਠਕਾਂ ਦੇ ਭੁਲੇਖੇ ਵੀ ਦੂਰ ਹੁੰਦੇ ਹਨ। ਉਹਨਾਂ ਵਿੱਚ ਜਾਗ੍ਰਿਤੀ ਆਉਂਦੀ ਹੈ। ਪਰਿਵਾਰ ਵੀ ‘ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥ ਨਿੰਦਾ ਜਨੁ ਕਉ ਖਰੀ ਪਿਆਰੀ’ ਅਨੁਸਾਰ ਅਪਣੀ ਆਲੋਚਣਾ ਦਾ ਧੰਨਵਾਦ ਸਹਿਤ ਸੁਆਗਤ ਕਰਦਾ ਹੈ।
ਗੁਰ ਫਤਹਿ।
ਨਿਰੋਲ ਨਾਨਕ ਫਲਸਫੇ ਦੀ ਰਾਹ ਤੇ
ਤੱਤ ਗੁਰਮਤਿ ਪਰਿਵਾਰ




.