ਸੰਸਾਰ ਦੇ ਬਹੁਤੇ ਲੋਕ ਦੁਨੀਆਵੀ ਮੋਹ
ਮਾਇਆ ਵਿੱਚ ਅਤਿ ਗ਼ਲਤਾਨ ਹੋ ਕੇ ਆਪਣਾ ਨਿਰੰਕਾਰੀ ਜੀਵਨ ਤਾਂ ਗਵਾਉਂਦੇ ਹੀ ਹਨ ਪਰ ਸੰਸਾਰੀ ਜੀਵਨ ਵੀ
ਦੁਬਰ ਕਰ ਲੈਂਦੇ ਅਤੇ ਕੋਹਲੂ ਦੇ ਬੈਲ ਦੀ ਤਰ੍ਹਾਂ ਧੰਦਿਆਂ ਦੀ ਪੰਜਾਲੀ ਵਿੱਚ ਜੁਪੇ ਰਹਿੰਦੇ ਹਨ।
ਬਚਪਨ ਜਵਾਨੀ ਗਵਾ ਕੇ ਵੀ ਨਹੀਂ ਸਮਝਦੇ। ਬਚਪਨ ਗਾਫਲਤਾ ਵਿੱਚ ਲੰਘ ਜਾਂਦਾ ਹੈ। ਜਵਾਨੀ ਦੁਨਿਆਵੀ
ਰੰਗ ਰਲੀਆਂ ਅਤੇ ਜੋਬਨਤਾ ਦੇ ਮਦ ਵਿੱਚ ਰੁਲ ਜਾਂਦੀ ਹੈ। ਕੁੱਝ ਸੁਹਿਰਦ ਮਾਂ ਬਾਪ ਬੱਚਿਆਂ ਨੂੰ
ਬਚਪਨ ਤੋਂ ਹੀ ਚੰਗੀ ਸਿਖਿਆ ਦਿੰਦੇ ਹੋਏ ਆਪਣੇ ਅਮੀਰ ਵਿਰਸੇ ਅਤੇ ਧਰਮ ਤੋਂ ਜਾਣੂ ਕਰਵਾ ਦਿੰਦੇ ਹਨ।
ਦੁਨਿਆਵੀ ਵਿਦਿਆ ਦੇ ਨਾਲ ਨਾਲ ਧਾਰਮਿਕ ਸਪ੍ਰਿਚੂਅਲ ਵਿਦਿਆ ਸਿੱਖਣ ਸਿਖਾਉਣ ਦਾ ਵੀ ਪ੍ਰਬੰਧ ਕਰਦੇ
ਹਨ। ਅਜਿਹੇ ਬੱਚਿਆਂ ਦੀ ਜਵਾਨੀ ਚੰਗੇ ਪਾਸੇ ਲੱਗ ਕੇ ਦੁਨਿਆਵੀ ਚਿਕੜਾਂ ਤੋਂ ਬਚ ਜਾਂਦੀ ਹੈ। ਇਹ
ਤਾਂ ਹੈ ਸੁਭਾਗ ਵਸ ਚੰਗੇ ਮਾਂ ਬਾਪ ਅਤੇ ਚੰਗੇ ਦੋਸਤ ਮਿਤ੍ਰ ਮਿਲ ਗਏ, ਜੀਵਨ ਚੰਗੇ ਪਾਸੇ ਲੱਗ ਗਿਆ।
ਕੁਝ ਐਸੇ ਮਾਂ ਬਾਪ ਹਨ ਜੋ ਦੁਨਿਆਵੀ ਮੋਹ ਮਾਇਆ ਵਿੱਚ ਗ੍ਰਸਤ ਹੋ ਕੇ ਵੀ
ਬੱਚਿਆਂ ਨੂੰ ਦੁਨਿਆਵੀ ਵਿਦਿਆ ਤਾਂ ਉਚਪਾਏ ਦੀ ਦਿਵਾ ਦਿੰਦੇ ਹਨ ਪਰ ਧਾਰਮਿਕ ਵਿਦਿਆ ਪਾਸੋਂ ਜਿੱਥੇ
ਉਹ ਆਪ ਕੋਰੇ ਹੁੰਦੇ ਹਨ ਓਥੇ ਬੱਚਿਆਂ ਨੂੰ ਵੀ ਕੋਰੇ ਰੱਖ ਕੇ ਨਿਰੇ ਵਿਖਾਵੇ ਵਾਲੇ ਕਰਮਕਾਂਡ ਹੀ
ਸਿਖਾਉਂਦੇ ਰਹਿੰਦੇ ਹਨ। ਆਪਣੀ ਸਾਰੀ ਉਮਰ ਹੀ ਇਸ ਪਾਸੇ ਗਾਲ ਦਿੰਦੇ ਹਨ। ਇੱਥੋਂ ਤੱਕ ਕਿ ਆਪ ਕੋਹਲੂ
ਦੇ ਬੈਲ ਬਣ ਕੇ ਬਿਰਧ ਅਵੱਸਥਾ ਵਿੱਚ ਵੀ ਸਾਰੇ ਘਰ ਪ੍ਰਵਾਰ ਦੀ ਰੋਟੀ ਰੋਜੀ ਦਾ ਠੇਕਾ ਚੱਕੀ ਫਿਰਦੇ
ਹਨ। ਰੱਬ ਦੀ ਯਾਦ ਪ੍ਰਭੂ ਸਿਮਰਨ ਨੂੰ ਵਿਸਾਰ ਕੇ ਆਪਣੇ ਪੋਤੀ ਪੋਤਿਆਂ ਅਤੇ ਸਕੇ ਸਬੰਧੀਆਂ ਨੂੰ ਹੀ
ਯਾਦ ਕਰਦੇ ਰਹਿੰਦੇ ਹਨ। ਐਸੇ ਮੋਹ ਮਾਇਆ ਵਿੱਚ ਗ੍ਰਸੇ ਬੰਦਿਆਂ ਨਾਲ ਜਦੋਂ ਵੀ ਕੋਈ ਗੱਲ ਕਰੋ ਤਾਂ
ਪ੍ਰਵਾਰ ਦੇ ਮੋਹ ਦਾ ਰਾਗ ਹੀ ਅਲਾਪਦੇ ਹਨ। ਗੁਰੂ ਜਾਂ ਰੱਬ ਦੇ ਘਰ ਦੀ ਤਾਂ ਕੋਈ ਗੱਲ ਨਹੀਂ ਕਰਦੇ,
ਪਰ ਆਪਣੀ ਬੱਲੇ ਬੱਲੇ ਕਰਾਉਣ ਦੀ ਖਾਤਰ ਧਰਮ ਦੇ ਨਾਂ ਤੇ ਪਾਠ ਪੂਜਾ ਵੀ ਮੂਹਰੇ ਹੋ ਕੇ ਕਰਾਉਂਦੇ
ਹਨ।
ਅਜਿਹੇ ਹੀ ਕੁੱਝ ਉਮਰ ਵਿਹਾ ਚੁੱਕੇ ਬੁੜੇ ਬੁੜੀਆਂ ਇਥੇ ਵਿਦੇਸ਼ਾਂ ਵਿੱਚ ਆ
ਕੇ ਵੀ ਟਟੀਰੀ ਦੀ ਤਰ੍ਹਾਂ ਅਸਮਾਨ ਲੱਤਾਂ ਤੇ ਚੱਕੀ ਫਿਰਦੇ ਹਨ ਭਾਵ ਸਾਡੇ ਪ੍ਰਵਾਰ ਨੂੰ ਸਾਡਾ ਹੀ
ਆਸਰਾ ਹੈ। ਹੁਣ ਮਰਨ ਕਿਨਾਰੇ ਪਹੁੰਚ ਕੇ ਵੀ ਆਪਣਾ ਅੱਗਾ ਸਵਾਰਨ ਦੀ ਬਜਾਏ, ਆਪਣੇ ਪੋਤੇ ਪੋਤੀਆਂ
ਪ੍ਰਵਾਰ ਆਦਿਕ ਦਾ ਹੀ ਵਰਤਮਾਨ ਸਵਾਰਨ ਵਿੱਚ ਲੱਗੇ ਰਹਿੰਦੇ ਹਨ। ਪੈਸੇ ਦੇ ਹੁੰਦੇ ਸੁੰਦਿਆਂ ਵੀ ਨਾਂ
ਚੰਗਾ ਖਾਂਦੇ, ਨਾਂ ਪਹਿਨਦੇ ਹਨ। ਮੋਹ ਵਿੱਚ ਜਕੜੇ ਹੋਏ ਇਹ ਲੋਕ, ਘਰ ਵਿੱਚ ਸੌਣ ਦੀ ਬਜਾਏ, ਬਾਹਰ
ਕਾਰਾਂ ਵਿੱਚ ਸੌਂ ਕੇ ਅਤੇ ਵਖਤ ਬੇ-ਵਖਤ ਖਾਣਾ ਖਾ ਕੇ, ਜਿੱਥੇ ਆਪਣਾ ਇਹ ਲੋਕ ਨਰਕ ਬਣਾ ਗਵਾਉਂਦੇ
ਹਨ ਓਥੇ ਪ੍ਰਲੋਕ ਵੀ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਗਵਾ ਲੈਂਦੇ ਹਨ। ਇੰਡੀਆ ਵਿੱਚ ਪੈਨਸ਼ਨਾਂ
ਲੈਂਦੇ ਪੜ੍ਹੇ ਲਿਖੇ ਬੁੱਢੇ ਬੁੱਢੀਆਂ ਇਥੇ ਵੀ ਮਰਦੇ ਦਮ ਤੱਕ ਆਪਣੇ ਸਰੀਰ ਨੂੰ ਗੈਰ ਕੁਦਰਤੀ ਕਸ਼ਟ
ਦੇਣੋ ਬਾਜ ਨਹੀਂ ਅਉਂਦੇ ਸਗੋਂ ਡਾਲਰ ਡਾਲਰ ਦੀ ਖਾਤਰ ਪ੍ਰਵਾਰੀ ਮੋਹ ਵਿੱਚ ਹੀ ਇਧਰ ਓਧਰ ਤ੍ਰਿਸ਼ਨਾਲੂ
ਮ੍ਰਿਗ ਵਾਂਗ ਭਟਕਦੇ ਰਹਿੰਦੇ ਹਨ। ਦੇਖੋ! ਗੋਰਿਆਂ ਨੂੰ ਨਿੰਦਨ ਲੱਗੇ ਕੁੱਝ ਨਹੀਂ ਸੋਚਦੇ ਜਦ ਕਿ
ਓਨ੍ਹਾਂ ਦਾ ਕਲਚਰ ਹੀ ਸਾਡੇ ਨਾਲੋਂ ਵੱਖਰਾ ਹੈ ਪਰ ਉਨ੍ਹਾਂ ਵਿੱਚ ਕੁੱਝ ਚੰਗੇ ਗੁਣ-ਖੂਬੀਆਂ ਵੀ ਹਨ।
ਉਹ ਸਾਡੇ ਵਰਗੇ ਲਾਲਚੀ, ਨਿੰਦਕ ਅਤੇ ਝੂਠੇ ਨਹੀਂ। ਉਹ ਆਪਣਾ ਕਮਾਇਆ ਪੈਸਾ ਬੁਢੇਪੇ ਲਈ ਵਰਤਦੇ,
ਸਮਾਜ ਅਤੇ ਧਰਮ ਦੀ ਸੇਵਾ ਵਿੱਚ ਲਾਉਂਦੇ ਹਨ। ਆਪ ਬਾਈਬਲ ਪੜ੍ਹਦੇ ਅਤੇ ਧਰਮ ਲਿਟ੍ਰੇਚਰ ਹੋਰਨਾਂ ਨੂੰ
ਵੀ ਵੰਡਦੇ ਹਨ। ਪਰ ਸਾਡੇ ਬਹੁਤੇ ਬੁੜੇ ਕਦੇ ਧਰਮ ਗ੍ਰੰਥਾਂ ਦੀ ਵਿਚਾਰ ਆਪ ਨਹੀਂ ਕਰਦੇ ਸਗੋਂ ਭੇਖੀ
ਸਾਧਾਂ ਸੰਤਾਂ ਤੋਂ ਹੀ ਕਰਵਾ ਕੇ ਲੁਟੀਂਦੇ ਰਹਿੰਦੇ ਹਨ।
ਐਸੇ ਮੋਹ ਗ੍ਰਸਤ ਲੋਕਾਂ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਫਰਮਾਂਦੇ ਹਨ ਐ
ਬੰਦੇ! ਤੂੰ ਜਿਨ੍ਹਾਂ ਦੀ ਖਾਤਰ ਹੱਦੋਂ ਵੱਧ ਰਾਤ ਦਿਨ ਯਤਨ ਕਰਦਾ ਹੋਇਆ ਮੋਹ ਮਾਇਆ ਦੇ ਜਾਲ ਵਿੱਚ
ਫਸਿਆ ਰਹਿੰਦਾ ਹੈਂ ਦੇਖ! ਇਨ੍ਹਾਂ ਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਇਹ ਸਭ ਸਵਾਰਥੀ ਹਨ, ਜਿਸ
ਦਿਨ ਤੂੰ ਇਨ੍ਹਾਂ ਨੂੰ ਕੁੱਝ ਨਹੀਂ ਦੇਵੇਂਗਾ ਉਸ ਦਿਨ ਹੀ ਅੱਖਾਂ ਫੇਰ ਲੈਣਗੇ ਇਹ ਗੁਰਬਾਣੀ ਦੇ
ਅਟੱਲ ਬਚਨ ਹਨ-