.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਾਰਵੇ ਯੂ. ਕੇ. 2008

(ਭਾਗ 1)

ਯੂ. ਕੇ. ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਦੀ ਵੀਚਾਰ ਕਰਕੇ ਅਜੇ ਮੈਂ ਬੈਠਾ ਹੀ ਸੀ ਕਿ ਇੱਕ ਭੈਣ ਜੀ ਆ ਕੇ ਕਹਿਣ ਲੱਗੇ ਵੀਰ ਜੀ ਤੁਸਾਂ ਕਲ੍ਹ ਦੀ ਕਥਾ ਵਿੱਚ ‘ਸਿੱਖ ਮਾਰਗ’ ਦੀ ਸਾਈਟ ਬਾਰੇ ਜਾਣਕਾਰੀ ਦਿੱਤੀ ਸੀ। ਘਰ ਜਾ ਕੇ ਮੈਂ ਉਸ ਸਾਈਟ ਨੂੰ ਜਦੋਂ ਖੋਹਲਿਆ ਤਾਂ ਅਸੀਂ ਹੈਰਾਨ ਹੋ ਗਏ। ਕਿੰਨੇ ਵਧੀਆ ਗੁਰਮਤ ਸਿਧਾਂਤਾਂ ਵਾਲੇ ਲੇਖ ਸਨ। ਸੱਚੀਂ ਵੀਰ ਜੀ ਬੱਚਿਆਂ ਨੂੰ ਸਮਝਾਉਣ ਲਈ ਸਾਨੂੰ ਵਧੀਆਂ ਮੈਟਰ ਮਿਲ ਗਿਆ ਹੈ। ਦੂਸਰਾ ਵੀਰ ਜੀ ਦਸਮ ਗ੍ਰੰਥ ਬਾਰੇ ਬਹੁਤ ਜਾਣਕਾਰੀ ਮਿਲੀ ਹੈ। ਵੀਰ ਜੀ ਜਿਹੜੀਆਂ ਸੀਡੀਜ਼ ਅਸੀਂ ਲੱਭਦੇ ਸੀ ਉਹ ਸਾਨੂੰ “ਇੰਟਰਨੈਸ਼ਨਲ ਸਿੰਘ ਸਭਾ ਕਨੇਡਾ” ਤੋਂ ਮਿਲ ਗਈਆਂ। ਹੁਣ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਗੁਰਮਤ ਸਮਝਾ ਸਕਦੇ ਹਾਂ। ਇਸ ਦਾ ਅਰਥ ਹੈ ਕਿ ਅੱਜ ਹਰ ਸਿੱਖ ਬ੍ਰਾਹਮਣੀ ਕਰਮ-ਕਾਂਡ ਦੀਆਂ ਜੂਨਾਂ, ਜੋਗ ਮਤ ਦੀ ਭਗਤੀ, ਲੜੀਆਂ ਦੇ ਪਾਠ ਤੇ ਡੇਰਾਵਾਦ ਦੇ ਭਰਮ ਭੁਲੇਖਿਆਂ ਦੇ ਮੱਕੜੀ ਜਾਲ ਤੋਂ ਮੁਕਤ ਹੋਣਾ ਚਾਹੁੰਦਾ ਹੈ। ਤਰਸ ਆਉਂਦਾ ਹੈ ਉਹਨਾਂ ਵੀਰਾਂ `ਤੇ ਜੋ ਅਜੇ ਵੀ ਗੁਰਮਤ ਨੂੰ ਬ੍ਰਹਾਮਣੀ ਗਲੇਫ਼ ਵਿੱਚ ਲਬੇੜ ਲਬੇੜ ਕੇ ਦੇ ਰਹੇ ਹਨ। ਤੱਤ ਗੁਰਮਤ ਨੂੰ ਸਮਝਣ ਵਾਲੇ ਵੀਰਾਂ ਦੇ ਪ੍ਰਬੰਧ ਸਦਕਾ ਹੀ ਦੇਸ-ਬਦੇਸ ਜਾਣ ਦਾ ਸਬੱਬ ਬਣਿਆ ਹੈ। ਇਸ ਵਾਰੀ ਮੈਨੂੰ ਤਿੰਨਾਂ ਮੁਲਕਾਂ ਵਿੱਚ ਜਾਣ ਦਾ ਮੌਕਾਂ ਮਿਲਿਆ ਜਿਸ ਦੀ ਸੰਖੇਪ ਜੇਹੀ ਜਾਣਕਾਰੀ ਪੇਸ਼ ਹੈ।

ਸਾਰੇ ਸੰਸਾਰ ਵਿੱਚ ਸਿੱਖਾਂ ਨੇ ਕਿਰਤ, ਸਖਤ ਮਿਹਨਤ, ਉੱਚੇ ਸੁੱਚੇ ਇਖ਼ਲਾਕ ਤੇ ਇਮਾਨਦਾਰੀ ਨਾਲ ਆਪਣਾ ਨਾਂ ਬਣਾਇਆ ਹੈ। ਸੰਨ ਸੰਤਾਲ਼ੀ ਨੂੰ ਪੰਜਾਬ ਦੀ ਗ਼ੈਰ ਕੁਦਰਤੀ ਭੂਗੋਲਿਕ ਵੰਡ ਹੋਈ ਜਿਸ ਵਿੱਚ ਲੱਖਾਂ ਜਾਨਾਂ ਦਾ ਘਾਣ ਹੀ ਨਹੀਂ ਹੋਇਆ ਸਗੋਂ ਬੇ-ਰਹਿਮੀ ਨਾਲ ਮਾਲ, ਧਨ ਦੀ ਲੁੱਟ ਤੇ ਧੀਆਂ, ਭੈਣਾਂ, ਮਾਵਾਂ ਦੀਆਂ ਇੱਜ਼ਤਾਂ ਨੂੰ ਦਿਨ ਦੀਵੀ ਨੋਚਿਆ ਗਿਆ। ਕੁੱਝ ਦਿਨਾਂ ਵਿੱਚ ਹੀ ਹੱਸਦੇ ਵੱਸਦੇ ਘਰ ਖੰਡਰਾਂ ਦਾ ਰੂਪ ਧਾਰਨ ਕਰ ਗਏ। ਅਸਮਾਨ ਤੋਂ ਫ਼ਰਸ਼ `ਤੇ ਆਏ ਪਰਵਾਰਾਂ ਨੇ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਅਰੰਭਤਾ ਕਰਨ ਲਈ ਅੱਕੀਂ ਪਲਾਈਂ ਹੱਥ ਮਾਰੇ। ਜਿਸ ਦੀ ਸੱਤਰ ਕਿੱਲੇ ਜ਼ਮੀਨ ਸੀ ਉਸ ਨੂੰ ਤੀਹ ਪੈਂਤੀ ਕਿਲਿਆ `ਤੇ ਹੀ ਸਬਰ ਦਾ ਘੁੱਟ ਭਰਨਾ ਪਿਆ, ਏਨੀ ਕੁ ਜ਼ਮੀਨ ਦੂਜੀ ਪੀੜ੍ਹੀ ਤੀਕ ਹੀ ਵੰਡ ਕਰਦਿਆ ਮਸੀਂ ਘਰ ਬਣਾਉਣ ਜੋਗੀ ਰਹਿ ਗਈ। ਬੇਈਮਾਨੀਆਂ, ਬੇ-ਇਨਸਾਫ਼ੀਆਂ ਤੇ ਵਿਤਕਰਿਆਂ ਦੀ ਮਾਰ ਦਾ ਸ਼ਿਕਾਰ ਹੋਏ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਵਲ ਨੂੰ ਰੁਖ ਮੋੜਿਆ।

ਬਿਨਾਂ ਅਵਾਜ਼ ਤੋਂ ਬਾਪ ਦੇ ਰੁੱਗਾਂ-ਦੇ-ਰੁੱਗ ਆਪ ਮੁਹਾਰੇ ਅਥਰੂ, ਮਾਂ ਦੀ ਮਮਤਾ ਦੇ ਮਿੱਠੇ ਬੋਲ, ਜੋ ਅੱਖਾਂ ਦੇ ਪਾਣੀਆਂ ਨਾਲ ਗਿੱਲੇ ਹੋ ਕੇ ਪੱਥਰ ਦਿੱਲ ਨੂੰ ਮੋਮ ਕਰਦੇ ਜਾ ਰਹੇ ਹੋਣ, ਜਵਾਨ ਧੀ ਜਾਂ ਜਵਾਨ ਭੈਣ ਦੀ ਪਿਆਰ ਭਰੀ ਤੱਕਣੀ ਦੇ ਚੋਂਦੇ ਹੋਏ ਅੱਥਰੂਆਂ ਵਿਚੋਂ, ਘਰੋਂ ਤੁਰਨ ਲੱਗਿਆਂ ਭੁੱਬਾਂ ਮਾਰਨ ਲਈ ਮਜ਼ਬੂਰ ਕਰਦੇ ਹੋਣ, ਛੋਟਿਆਂ ਭਰਾਵਾਂ ਦੀ ਮਸੂਮੀਅਤ ਦੇਖ ਕੇ ਹੜ੍ਹ ਆਏ ਅਥਰੂਆਂ ਨੂੰ ਕੋਈ ਵੀ ਨਹੀਂ ਰੋਕ ਸਕਦਾ। ਬੁਕਲ ਵਿੱਚ ਮੂੰਹ ਲੈ ਕੇ ਹੌਕੇ ਭਰਦੀ ਸੁਪਤਨੀ ਦੇ ਦਿਲ ਦੀ ਹੂਕ ਤੇ ਤੜਪਨਾ ਨੂੰ ਵਿਚੇ ਛੱਡ ਕੇ, ਜਦੋਂ ਬੰਦਾ ਘਰ ਨੂੰ ਪੈਰਾਂ ਸਿਰ ਕਰਨ ਲਈ ਘਰ ਨੂੰ ਛੱਡਦਾ ਹੈ। ਤੇ ਉਹ ਹੁਣ ਪਹਾੜ ਵਰਗੀ ਜ਼ਿੰਦਗੀ ਨੂੰ ਸਰ ਕਰਨ ਲਈ ਪਹਾੜਾਂ ਦੀਆਂ ਉਚਾਈਆਂ ਨੂੰ ਨਾਪਣ ਲਈ, ਦਿੱਲ `ਤੇ ਪੱਥਰ ਰੱਖ ਕੇ ਪਿੰਡ ਦਿਆਂ ਛੱਪੜਾਂ ਨੂੰ ਦੇਖਦਾ, ਬਲਦਾਂ ਦੀਆਂ ਟੱਲੀਆਂ ਨੂੰ ਸੁਣਦਾ ਹੋਇਆ ਪਿੰਡੋਂ ਤੁਰ ਪੈਂਦਾ ਹੈ। ਛੋਟੇ ਬੱਚਿਆਂ ਨੂੰ ਆਪਣੀ ਹਿੱਕ ਨਾਲ ਲਾ ਕੇ, ਉਹਨਾਂ ਦੇ ਦਿੱਲ ਦੀ ਧੜਕਣ ਨੂੰ ਸੁਣਦਾ ਹੋਇਆ, ਤੇ ਆਪਣੇ ਹੀ ਦਿੱਲ ਵਿਚੋਂ ਉੱਠੀ ਹੋਈ ਚੀਸ ਨੂੰ, ਆਪਣੇ ਹੀ ਦਿਲ ਦੇ ਦਰਦ ਥੱਲੇ ਦਬਾ ਕੇ, ਖਿਡਾਉਣਿਆਂ ਦਾ ਲਾਰਾ ਲਗਾ, ਤੱਤੀਆਂ ਰੇਤਾਂ ਦਾ ਪਾਂਧੀ ਬਣਨ ਲਈ ਘਰੋਂ ਪੁਟਦਾ ਹੈ। ਆਪਣੇ ਮਨ ਨੂੰ ਆਪੇ ਹੀ ਧਰਵਾਸ ਦੇਣ ਲਈ ਕਿ ਡਾਢੇ ਵਲੋਂ ਚੋਗ ਖਿਲਾਰੇ ਚੁੱਗਣ ਲਈ ਕਹਿ ਕੇ ਤਸੱਲੀ ਕਰ ਲੈਂਦਾ ਹੈ।

ਮੋਰ ਕੂੰਜਾਂ ਨੂੰ ਦੇਵਣ ਤਾਨੇ ਨੀ ਤਹਾਡੀ ਨਿਤ ਪ੍ਰਦੇਸ ਤਿਆਰੀ।

ਜਾਂ ਤੇ ਤੁਹਾਡਾ ਦੇਸ਼ ਕੁਜਜੜਾ ਜਾਂ ਕਿਸੇ ਨਾਲ ਹੈ ਯਾਰੀ।

ਨਾ ਵੇ ਭਾਈ ਸਾਡਾ ਦੇਸ਼ ਕੁਜਚੜਾ ਨਾ ਕਿਸੇ ਨਾਲ ਹੈ ਯਾਰੀ।

ਬੱਚੜੇ ਛੋਡ ਪਰਦੇਸਣਾਂ ਹੋਈਆਂ ਰੱਬ ਡਾਢੇ ਚੋਗ ਖਿਲਾਰੀ।

ਸੱਪਾਂ ਦੀਆਂ ਸਿਰੀਆਂ ਮਿੱਧਦਿਆ, ਖ਼ੂਨ ਪਸੀਨੇ ਨੂੰ ਇੱਕ ਕਰਕੇ ਬੇ-ਅਬਾਦ ਜੰਗ਼ਲ਼ਾਂ ਨੂੰ ਅਬਾਦ ਕਰਦਿਆਂ, ਗਰਮ ਭੱਠੀਆਂ ਦੇ ਸੇਕ ਅੱਗੇ ਹਿੱਕ ਡਾਹ ਕੇ ਬਾਰ੍ਹਾਂ ਬਾਰ੍ਹਾਂ ਘੰਟੇ ਖੜੀ ਲੱਤੇ ਕੰਮ ਦੀ ਪਰਵਾਹ ਨਾ ਕਰਨੀ, ਅਰਬਾਂ ਮੁਲਕਾਂ ਦੀ ਪੰਜਾਹ ਡਿਗਰੀ ਗਰਮੀ `ਤੇ ਉੱਚੀਆਂ ਬਿਲਡਿੰਗਾਂ ਦੀ ਉਸਾਰੀ ਵਿੱਚ ਆਪਣਾ ਪਸੀਨਾ ਨਿਚੋੜਦਿਆਂ ਜਿੱਥੇ ਇਹਨਾਂ ਮੁਲਕ ਦੀ ਆਰਥਕਤਾ ਵਿੱਚ ਆਪਣਾ ਯੋਗਦਾਨ ਪਾਇਆ ਹੈ, ਓਥੇ ਆਪਣੇ ਪਰਵਾਰਾਂ ਨੂੰ ਵੀ ਨਵੇਂ ਸਿਰੇ ਤੋਂ ਪੈਰਾਂ ਸਿਰ ਕੀਤਾ ਹੈ। ਠੰਡਿਆਂ ਮੁਲਕਾਂ ਵਿੱਚ ਜਦੋਂ ਮਾਈਨਸ ਪੱਚੀ ਡਿਗਰੀ ਤੇ ਤਾਪਮਾਨ ਚਲਾ ਜਾਂਦਾ ਹੈ ਤੇ ਠੰਡੀ ਹਵਾ ਚੱਲਣ ਨਾਲ ਮਾਈਨਸ ਪੰਜਾਹ ਤੇ ਪਾਹੁੰਚੇ ਤਾਪਮਾਨ `ਤੇ ਤੁਰਨ ਨੂੰ ਪੰਜਾਬੀਆਂ ਨੇ ਮਖੌਲ ਕੀਤਾ। ਠੰਡੀਆਂ ਬਰਫ਼ਾਂ, ਹੜ੍ਹ ਆਏ ਪਾਣੀਆਂ ਦਾ ਸਿੱਖੀ ਸਿਦਕ ਦੇ ਸਿਰੜ ਨਾਲ ਵਿਚਰਦਿਆਂ “ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ” ਪਿੱਛੇ ਕਦੇ ਵੀ ਮੁੜ ਕੇ ਨਹੀਂ ਦੇਖਿਆ, ਤੇ ਨਾਲ ਨਾਲ ਹੋਰਨਾਂ ਲੋਕਾਂ ਨੂੰ ਵੀ ਤੁਰਨ ਦੀ ਜਾਚ ਸਿਖਾਈ। ਪਿੱਛਲੇ ਲੰਬੇ ਸਮੇਂ ਤੋਂ ਉਹਨਾਂ ਵੀਰਾਂ ਨਾਲ ਵਾਹ ਵਾਸਤਾ ਪਿਆ ਹੈ ਜਿੰਨ੍ਹਾਂ ਨੇ ਪ੍ਰਦੇਸੀਂ ਜਾ ਕੇ ਹੱਡ ਭੰਨ੍ਹਵੀਂ ਮਿਹਨਤ ਕਰਦਿਆਂ ਵੀ ਆਪਣੇ ਮੂਲ ਨਹੀਂ ਭੁਲਾਇਆ ਤੇ ਸਿੱਖੀ ਦੀਆਂ ਤੰਦਾਂ ਨਾਲ ਜੁੜੇ ਰਹੇ ਹਨ।

ਜਿੱਥੇ ਬਹੁਤ ਸਾਰੇ ਮੁਲਕਾਂ ਵਿੱਚ ਜਾਣ ਦਾ ਮੌਕਾ ਬਣਿਆ ਹੈ ਓਥੇ ਵੀਰ ਬਲਦੇਵ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਰਾਂਹੀ ਮੈਨੂੰ ‘ਨਾਰਵੇ’ ਵੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਹਿਲੀ ਵਾਰ ਨਾਰਵੇ ਆਉਣ ਵਿੱਚ ਗਿਆਨੀ ਰਣਯੋਧ ਸਿੰਘ ਜੀ ਫਗਵਾੜੇ ਵਾਲਿਆਂ ਮੇਰੀ ਸਿਫ਼ਾਰਸ਼ ਕੀਤੀ ਸੀ। ਨਾਰਵੇ ਦੁਨੀਆਂ ਦੇ ਉਹਨਾਂ ਮੁਲਕਾਂ ਵਿੱਚ ਆਉਂਦਾ ਹੈ ਜਿੱਥੇ ਸਿਆਲ ਦੀਆਂ ਲੰਬੀਆਂ ਰਾਤਾਂ ਤੇ ਗਰਮੀਆਂ ਦੇ ਲੰਬੇ ਦਿਨ ਹੁੰਦੇ ਹਨ। ਜਿਸ ਨੂੰ ਛੇ ਮਹੀਨੇ ਦਿਨ ਤੇ ਛੇ ਮਹੀਨੇ ਰਾਤ ਨਾਲ ਯਾਦ ਕਰ ਲਿਆ ਜਾਂਦਾ ਹੈ। ਸਾਰਾ ਸਿਆਲ਼ ਜ਼ਮੀਨੀ ਤਲ਼ ਤੋਂ ਲੈ ਕੇ ਪਹਾੜਾਂ ਦੀਆਂ ਟੀਸੀਆਂ ਬਰਫਾਂ ਨਾਲ ਢੱਕ ਹੋ ਜਾਂਦੀਆਂ ਹਨ। ਇੰਜ ਲੱਗਦਾ ਹੈ ਜਿਵੇਂ ਕੁਦਰਤ ਰਾਣੀ ਨੇ ਆਪ ਕੂਚੀ ਫੜ ਕੇ ਸਾਰੇ ਨਾਰਵੇ ਨੂੰ ਚਿੱਟੇ ਰੰਗ ਦੀ ਕਲੀ ਵਿੱਚ ਲਬੇੜਿਆ ਹੋਵੇ। ਨਰਵੇ ਆ ਕੇ ਹੀ ਪਤਾ ਲੱਗਦਾ ਹੈ ਕਿ ਇਹਨਾਂ ਵੀਰਾਂ ਵਿੱਚ ਪਿਆਰ--ਮੁਹੱਬਤ--ਮੋਹ ਦੀਆਂ ਤੰਦਾਂ ਤੇ ਸਿੱਖੀ ਸਿਧਾਂਤ ਦੀ ਵਿਚਾਰਧਾਰਾ ਹਿਰਦੇ ਦੀ ਡੂੰਘਾਈ ਦੀ ਤਹਿ ਤੀਕ ਸਮਾਈ ਹੋਈ ਹੈ। ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੈਨੂੰ ਜ਼ਿੰਦਗੀ ਵਿੱਚ ਅਜੇਹੇ ਪਿਆਰ ਭਰੀ ਭਾਵਨਾ ਵਾਲੇ ਵੀਰਾਂ ਦਾ ਮਿਲਾਪ ਹੁੰਦਾ ਰਿਹਾ ਹੈ।

ਯੂ. ਕੇ. ਜਦੋਂ ਵੀ ਜਾਣ ਦਾ ਮੌਕਾ ਮਿਲਦਾ ਹੈ ਤਾਂ ਵੀਰ ਜਸਬੀਰ ਸਿੰਘ ਜੀ ਪੰਜਾਬ ਰੇਡੀਓ ਤੋਂ ਗੁਰਮਤ ਦੀ ਵਿਚਾਰ ਕਰਨ ਦਾ ਸਮਾਂ ਜ਼ਰੂਰ ਰੱਖਦੇ ਹਨ। ਵੀਰ ਜਸਬੀਰ ਸਿੰਘ ਜੀ ਪੰਜਾਬ ਰੇਡੀਓ `ਤੇ ਜਦੋਂ ਸਿੱਖੀ ਸਿਧਾਂਤ ਦੀ ਖੂਬਸੂਰਤ ਵਿਆਖਿਆ ਕਰਦੇ ਹਨ ਤਾਂ ਸਾਰਾ ਯੋਰਪ ਕੰਮ ਛੱਡ ਕੇ ਇਹਨਾਂ ਵਲੋਂ ਪੇਸ਼ ਕੀਤੀ ਗੁਰਮਤ ਦੀ ਵਿਚਾਰਧਾਰਾ ਨੂੰ ਸੁਣਦਾ ਹੈ। ਇਸ ਗੁਰਮਤ ਦੀ ਸਹੀ ਵਿਚਾਰ ਨੂੰ ਇੰਟਰਨੈੱਟ ਰਾਂਹੀ ਸਾਰਾ ਸੰਸਾਰ ਵੀ ਸੁਣਦਾ ਹੈ। ਦੂਜੇ ਵੀਰ ਸਤਨਾਮ ਸਿੰਘ ਜੀ ਜਦੋਂ ਗੁਰਮਤ ਦੀ ਸਿਧਾਂਤਕ ਵਿਚਾਰ ਨੂੰ ਪੰਜਾਬ ਰੇਡੀਓ ਤੇ ਪੇਸ਼ ਕਰਦੇ ਹਨ, ਤਾਂ ਸਿੱਖੀ ਭਾਵਨਾ ਵਾਲੇ ਵੀਰ ਬਹੁਤ ਉਤਸ਼ਾਹ ਨਾਲ ਸੁਣਦੇ ਹਨ। ਪੰਜਾਬ ਰੇਡੀਓ ਦੁਆਰਾ ਇਹਨਾਂ ਦੋਹਾਂ ਸਿਰੜੀ ਵੀਰਾਂ ਨੇ ਸਾਰੇ ਯੋਰਪ ਵਿੱਚ ਸਿੱਖੀ ਦਾ ਪਰਚਾਰ ਬਹੁਤ ਵੱਡੇ ਪੱਧਰ ਕਰਨ ਦਾ ਯਤਨ ਕੀਤਾ ਹੈ। ਪੰਥ ਪਰਵਾਨਤ ਰਹਿਤ ਮਰਯਾਦਾ ਦੀ ਮਹਾਨਤਾ ਤੇ ਵਿਹਲੜ ਸਾਧਾਂ ਦੀ ਲੁੱਟ ਸਬੰਧੀ ਪੂਰੀ ਤਰ੍ਹਾਂ ਕੌਮ ਨੂੰ ਜਾਗਰਤ ਕਰ ਰਹੇ ਹਨ।

ਵੀਰ ਤੇਜਿੰਦਰ ਸਿੰਘ ਜੀ ਨਾਲ ਪੰਜਾਬ ਰੇਡੀਓ ਤੋਂ ਗੁਰਮਤ ਦੀ ਵਿਚਾਰ ਕਰਕੇ ਜਦੋਂ ਵਾਪਸ ਘਰ ਜਾ ਰਹੇ ਸੀ ਤਾਂ ਰਸਤੇ ਵਿੱਚ ਵੀਰ ਮਲਕੀਅਤ ਸਿੰਘ ਜੀ ਦਾ ਬੜੇ ਮਿਲਾਪੜੇ ਜੇਹੇ ਅੰਦਾਜ਼ ਵਿੱਚ ਟੈਲੀਫ਼ੂਨ ਆਇਆ ਕਿ ਭਾਈ ਸਾਹਿਬ ਜੀ (ਵੈਸੇ ਉਹਨਾਂ ਦਾ ਤਕੀਆ ਕਮਾਲ ਹੈ ਸੋਹਣਿਓ) ਸਾਡੇ ਪਾਸ ਜਰਮਨ ਕਦੋਂ ਆਉਗੇ? ਮੈਂ ਸੋਚਿਆ ਜਿਵੇਂ ਆਮ ਟੈਲੀਫ਼ੂਨ ਵਾਹ ਭਾਈ ਸਾਹਿਬ ਜੀ ਵਾਹ! ਸੱਚੀਂ ਬੜਾ ਮਜ਼ਾ ਆਇਆ ਤੁਹਾਡੇ ਵਿਚਾਰ ਸੁਣ ਕੇ ਉਵੇਂ ਹੀ ਇਹ ਟੈਲੀਫ਼ੂਨ ਆਇਆ ਹੋਏਗਾ, ਕੌਣ ਕਿਸੇ ਨੂੰ ਬਲਾਉਂਦਾ ਹੈ। ਕਿਸੇ ਪਾਸ ਕੋਈ ਸਮਾਂ ਤੇ ਹੈ ਨਹੀਂ, ਨਾ ਹੀ ਗੁਰਮਤ ਪ੍ਰਤੀ ਕਿਸੇ ਦੀ ਕੋਈ ਸੁਚੇਚਤਾ ਹੈ। ਪਰ ਵੀਰ ਮਲਕੀਅਤ ਸਿੰਘ ਜੀ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਹਨ, ਜਿੰਨ੍ਹਾਂ ਵਿੱਚ ਸਿੱਖੀ ਸਿਧਾਂਤ ਦਾ ਜ਼ਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਵਿਚਾਰਧਾਰਕ ਸਾਂਝ ਬਣਾਉਣ ਲਈ ਉਹ ਆਪਣਾ ਜ਼ਰੂਰੀ ਕੰਮ ਵਿਚੇ ਛੱਡ ਕੇ ਸੌ ਕੋਹਾਂ `ਤੇ ਦਿਨ ਰਾਤ ਨਾ ਦੇਖਦਿਆਂ ਹੋਇਆਂ ਮਿਲਣ ਲਈ ਤੁਰ ਪੈਂਦੇ ਹਨ। ਮੇਰਾ ਭਾਰਤੀ ਟੈਲੀਫ਼ੂਨ ਨੰਬਰ ਉਹਨਾਂ ਨੇ ਲੈ ਲਿਆ ਤੇ ਫਿਰ ਲਗਾਤਾਰ ਸਪੰਰਕ ਕਰਦੇ ਰਹੇ।

ਵੀਰ ਗੁਰਵਿੰਦਰ ਸਿੰਘ ਜੀ ਕੋਲਨ ਵਾਲੇ ਜੋ ਆਪ ਕਵਿਤਾ ਵੀ ਲਿਖਦੇ ਹਨ, ਜਿੱਥੇ ਉਹ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਰੱਖਦੇ ਹਨ, (ਆਮ ਸਿੱਖਾਂ ਵਿੱਚ ਧਰਮ ਦੀਆਂ ਪੁਸਤਕਾਂ ਪੜ੍ਹਨ ਦਾ ਸ਼ੋਕ ਨਹੀਂ ਦੇਖਿਆ ਗਿਆ) ਓਥੇ ਉਹ ਸਿੱਖੀ ਸਿਧਾਂਤ ਤੇ ਪਹਿਰਾ ਵੀ ਦੇਂਦੇ ਹਨ। ਉਹਨਾਂ ਦੇ ਮਨ ਦੀ ਤਮੰਨਾ ਸੀ ਕਿ ਕੋਲਨ ਦੀਆਂ ਸੰਗਤਾਂ ਵਿੱਚ ਵੀ ਸ਼ਬਦ ਵਿਚਾਰ ਦੀ ਹਾਜ਼ਰੀ ਭਰਨੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ‘ਕੋਲਨ’ ਦਾ ਪ੍ਰੋਗਰਾਮ ਉਲੀਕਿਆ ਜੋ ਸਫਲਤਾ ਪੁਰਵਕ ਸਿਰੇ ਚੜ੍ਹਿਆ। ਏੱਥੇ ਵੀਰ ਜਗਤਾਰ ਸਿੰਘ ਜੀ ਨਾਲ ਵੀ ਮਿਲਾਪ ਹੋਇਆ। ਵੀਰ ਕਾਬਲ ਸਿੰਘ ਜੀ ਮਿਲੇ ਜੋ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਹਨ। ਆਪ ਤੇ ਉਹਨਾਂ ਦੇ ਧਰਮ ਪਤਨੀ ਬਹੁਤ ਮਿਲਾਲਪੜੇ ਤੇ ਮਿਲਣਸਾਰੀ ਇਨਸਾਨ ਹਨ, ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਸੋਚਦੇ ਰਹਿੰਦੇ ਹਨ। ‘ਕੋਲਨ’ ਹੋਰ ਵੀ ਬਹੁਤ ਸਾਰੇ ਵੀਰਾਂ ਨਾਲ ਮੇਲ-ਮਿਲਾਪ ਹੋਇਆ। ਵੀਰ ਮਲਕੀਅਤ ਸਿੰਘ ਜੀ ਦਾ ਪਹਿਲੀ ਦਫ਼ਾ ਮਿਲਾਪ ਸਰਦਾਰ ਨਿਰਭੈ ਸਿੰਘ ਜੀ ਦੇ ਘਰ ਹੋਇਆ। ਸਰਦਾਰ ਨਿਰਭੈ ਸਿੰਘ ਜੀ ਇਹਨਾਂ ਦੇ ਸਰਦਾਰਨੀ ਅਤੇ ਪਿਆਰਾ ਬੱਚਾ ਵੀਰ ਖੁਸ਼ਵੰਤ ਸਿੰਘ ਜੀ ਨੂੰ ਮਿਲ ਕੇ ਮਹਿਸੂਸ ਕੀਤਾ ਕਿ ਸਿੱਖੀ ਦਾ ਸਿਧਾਂਤਕ ਦਰਦ ਇਹਨਾਂ ਦੇ ਹਿਰਦੇ ਵਿੱਚ ਵੱਸਿਆ ਹੋਇਆ ਹੈ ਤੇ ਮਨ ਵਿੱਚ ਕੁੱਝ ਕਰਨ ਦੀ ਚਾਹਨਾ ਵੀ ਹੈ।

ਵੀਰ ਮਲਕੀਅਤ ਸਿੰਘ ਜੀ ਦਾ ਨਾਂ ਬਹੁਤ ਦਫ਼ਾ ਸੁਣਿਆ ਸੀ ਪਰ ਪਹਿਲੀ ਵਾਰ ਮਿਲ ਕੇ ਮਹਿਸੂਸ ਕੀਤਾ ਕਿ ਸੰਸਾਰ ਵਿੱਚ ਜਿੱਥੇ ਅਜੇਹੇ ਵੀਰ ਆਪਣਾ ਕਾਰੋਬਾਰ ਕਰਦੇ ਹਨ ਓਥੇ ਸਿੱਖੀ ਦਾ ਮਨੋ ਦਰਦ ਵੀ ਰੱਖਦੇ ਹਨ। ਸਰਦਾਰ ਨਿਰਭੈ ਸਿੰਘ ਜੀ ਹੁਰਾਂ ਦੇ ਘਰੋਂ ਵੀਰ ਮਲਕੀਅਤ ਸਿੰਘ ਜੀ ਦੇ ਘਰ ‘ਮਨਹਾਈਮ’ ਆ ਗਏ। ਇਹਨਾਂ ਦੇ ਘਰ ਦੋ ਕੁ ਦਿਨ ਦੇ ਰਹਿਣ ਦਾ ਪ੍ਰੋਗਾਮ ਸੀ। ਵੀਰ ਮਲਕੀਅਤ ਸਿੰਘ ਜੀ ਨੂੰ ਮਿਲਿਆ ਪਤਾ ਲੱਗਾ ਕਿ ਇਹਨਾਂ ਨੇ ਹਰ ਪੁਸਤਕ ਆਪਣੀ ਨਿਗਾਹ ਵਿੱਚ ਦੀ ਕੱਢੀ ਹੋਈ ਹੈ। ਨਿਰ੍ਹਾ ਪੁਸਤਕਾਂ ਨੂੰ ਪੜ੍ਹਿਆ ਹੀ ਨਹੀਂ ਬਕਾਇਦਾ ਹਰ ਪੁਸਤਕ `ਤੇ ਨਿਸ਼ਾਨ ਵੀ ਲਾਏ ਹੋਏ ਹਨ। ਸਿੱਖੀ ਸਿਧਾਂਤ ਦੀਆਂ ਜਦੋਂ ਦਲੀਲਾਂ ਸਹਿਤ ਗੱਲ ਕਰਦੇ ਹਨ ਤਾਂ ਜੀ ਕਰਦਾ ਹੈ ਕਿ ਘੰਟਿਆ ਬੱਧੀ ਇਹਨਾਂ ਨੂੰ ਸੁਣਿਆ ਜਾਏ। ਇਹਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਵੀ ਬਣਾ ਲਈ ਗਈ। ਕੇਰਲਾ-ਪੰਜਾਬ ਦੇ ਸਾਂਝੇ ਸਭਿਆਚਾਰ ਦੀ ਝਲ਼ਕ ਤੇ ਇਹਨਾਂ ਦੀ ਸੁਪਤਨੀ ਦੀ ਮਹਿਮਾਨ ਨਿਵਾਜ਼ੀ ਦੀ ਮੂੰਹ ਬੋਲਦੀ ਤਸਵੀਰ ਇਹ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ ਹੈ ਕਿ ਇਹ ਵਾਕਿਆ ਹੀ ਸਿੱਖੀ ਸਿਧਾਂਤ ਤੇ ਸੇਵਾ ਭਾਵਨਾ ਵਾਲਾ ਘਰ ਹੈ।

ਬਣੇ ਹੋਏ ਪ੍ਰੋਗਰਾਮ ਅਨੁਸਾਰ ਜਰਮਨ ਤੋਂ ਇਹਨਾਂ ਦਾ ਪੱਤਰ ਮਿਲ ਗਿਆ। ਮੇਰੇ ਬੇਟੇ ਸੁਖਬੀਰ ਸਿੰਘ ਜੋ ਹਰ ਕੰਮ ਵਿੱਚ ਮੇਰੇ ਨਾਲ ਹੱਥ ਵਟਾਉਂਦਾ ਹੈ ਇੰਨਟਰਨੈਟ ਤੋਂ ਜਰਮਨ ਅੰਬੈਸੀ ਦੇ ਫਾਰਮ ਲਏ ਤੇ ਭਰ ਕੇ ਅਸੀਂ ਚੰਡੀਗੜ੍ਹ ਦੇਣ ਲਈ ਤੁਰ ਗਏ। ਹਫਤੇ ਕੁ ਬਾਅਦ ਸ਼ੈਨੇਗਨ ਵੀਜ਼ਾ ਲੱਗ ਕੇ ਪਾਸਪੋਰਟ ਮਿਲ ਗਿਆ। ਅੱਠ ਅਪ੍ਰੈਲ ੨੦੦੮ ਨੂੰ ਲੁਧਿਆਣੇ ਤੋਂ ਪੰਜਾਬ ਰੋਡਵੇਜ਼ ਦੀ ਬੱਸ ਲੈ ਕੇ ਦਿੱਲੀ ਏਅਰ ਪੋਰਟ ਤੇ ਪਹੁੰਚ ਗਿਆ। ਦਿੱਲੀ ਏਅਰ ਪੋਰਟ `ਤੇ ਇੱਕ ਅਜੀਬ ਜੇਹਾ ਮੇਲਾ ਲੱਗਿਆ ਹੁੰਦਾ ਹੈ। ਕੋਈ ਮਰਿਆਂ ਦੇ ਭੋਗ ਦੀ ਹਾਜ਼ਰੀ ਭਰ ਕੇ ਅਫਸੋਸੇ ਜੇਹੇ ਮਨ ਨਾਲ ਡਿਗੂੰ ਡਿਗੂੰ ਕਰਦਾ ਭਾਰ ਵਾਲੀ ਰੇੜ੍ਹੀ ਖਿਚ ਰਿਹਾ ਹੁੰਦਾ ਹੈ ਤੇ ਕੋਈ ਨਵ-ਵਿਆਹਿਆ ਜੋੜਾ ਆਪ ਮੁਹਾਰੇ ਹਾਸਿਆਂ ਦੀ ਮਹਿਕ ਵੰਡਦਾ ਹੋਇਆ ਹੱਥ ਹਿਲਾ ਕੇ ਪਰਵਾਰ ਤੋਂ ਜੁਦਾ ਹੋ ਰਿਹਾ ਹੁੰਦਾ ਹੈ। ਅਰਬ ਦੇਸ਼ਾਂ ਨੂੰ ਜਾਣ ਵਾਲੇ ਪੰਜਾਬ ਦੇ ਕਿਰਤੀ ਵੀਰ, ਨਾਲ ਆਇਆਂ ਭਰਾਵਾਂ ਦੇ ਗਲ਼ ਲੱਗ ਅੱਖਾਂ ਦੀ ਸਿਲ ਖਿਲਾਰਦੇ ਹੋਏ ਬੈਗ ਨੂੰ ਰੇੜ੍ਹੀ `ਤੇ ਰੱਖ ਕੇ ਭਰੇ ਗਲ਼ੇ ਨਾਲ ਕਹਿਣਗੇ ਤੁਸੀਂ ਹੁਣ ਜਾਉ ਅਸੀਂ ਚਲੇ ਜਾਂਵਾਗੇ। ਕੋਈ ਬੁੱਢੀ ਮਾਂ ਪਰਦੇਸ ਬੈਠੀ ਆਪਣੀ ਧੀ ਜਾਂ ਨੂੰਹ ਦਾ ਜਣੇਪਾ ਕਟਾਉਣ ਲਈ ਹਵਾਈ ਅੱਡੇ `ਤੇ ਕਿਸੇ ਉਸ ਸਵਾਰੀ ਦੀ ਭਾਲ ਕਰ ਰਹੀ ਹੁੰਦੀ ਹੈ ਜੋ ਰਸਤੇ ਦਾ ਸਾਥੀ ਹੋਵੇ ਤੇ ਪੇਂਡੂ ਮਾਂ ਨੂੰ ਘੱਟੋ ਘੱਟ ਮੰਜ਼ਿਲ `ਤੇ ਪਹੁੰਚਾ ਦੇਵੇ। ਮੇਰੇ ਵਰਗਾ ਇਕੱਲਾ ਆਦਮੀ ਇਸ ਘੜਮੱਸ ਚੌਦੇਂ ਦੀ ਮੱਸਿਆ ਵਿੱਚ ਗਵਾਚਿਆਂ ਵਾਂਗ ਪੈਰ ਪੁੱਟਦਾ ਹੋਇਆ ਕਾਉਂਟਰ `ਤੇ ਜਾ ਪਾਹੁੰਚਦਾ ਹੈ। ਭਾਰ ਦੀ ਕਾਗਜ਼ੀ ਕਾਰਵਾਈ ਨਿਬੇੜ ਕੇ ਇਮੀਗਰੇਸ਼ਨ ਦੇ ਪੁੱਲ਼ ਥੱਲੇ ਜਾ ਖਲੋਤਾ ਜਿੱਥੇ ਹਮੇਸ਼ਾਂ ਵਾਂਗ ਪਾਸਪੋਰਟ ਨੂੰ ਪੁੱਠਾ-ਸਿੱਧਾ ਤੇ ਉਹਦੇ ਕਾਗਜ਼ਾਂ ਨੂੰ ਢੋਅ ਢੋਅ ਕੇ ਦੇਖਣ ੳਪਰੰਤ ਠੱਪ ਠੱਪ ਹੋਈ ਤੇ ਕਿਹਾ ਜਾ ਸਕਦੇ ਹੋ।

ਹੱਥ ਵਾਲੇ ਸਮਾਨ ਦੀ ਪੁਣ-ਛਾਣ ਕਰਨ ਲਈ ਉਸ ਨੂੰ ਇੱਕ ਲੰਬੀ ਜੇਹੀ ਮਸ਼ੀਨ ਦੇ ਢਿੱਡ ਵਿੱਚ ਪਾ ਦਿੱਤਾ ਗਿਆ। ਉਸ ਮਸ਼ੀਨ ਨੇ ਆਪਣਾ ਫੈਸਲਾ ਦੇ ਦਿੱਤਾ ਕਿ ਇਸ ਪਾਸ ਕੋਈ ਇਤਰਾਜ਼ ਵਾਲੀ ਚੀਜ਼ ਨਹੀਂ ਹੈ। ਨਿਜੀ ਤੌਰ `ਤੇ ਵੀ ਜ਼ਿੰਮੇਵਾਰ ਅਫਸਰ ਨੇ ਟੋਅ ਟੋਅ ਕੇ ਦੇਖਿਆ ਤੇ ਚੂੰਢੀ ਵੱਢਣ ਵਾਂਗ ਨਿੱਕੀ ਜੇਹੀ ਮੋਹਰ ਲਾਈ ਕਿਹਾ ਚੁੱਕੋ ਸਮਾਨ ਤੇ ਜਾਉ ਆਪਣੀ ਮੰਜ਼ਿਲ ਵਲ ਨੂੰ। ਊਂਘ ਰਹੀਆਂ ਸਵਾਰੀਆਂ ਦੇ ਜਮ-ਘਟੇ ਵਿੱਚ ਮੈਂ ਵੀ ਉਹਨਾਂ ਵਾਂਗ ਹੀ ਊਂਘਣ ਲੱਗ ਪਿਆ। ਕਈ ਬੰਦੇ ਉਡਣ-ਖਟੋਲੇ ਦੇ ਢਿੱਡ ਨੂੰ ਭਰਨ ਵਾਸਤੇ ਲੱਗੇ ਹੋਏ ਸਨ। ਕਿਸੇ ਵੱਖੀ ਵਿੱਚ ਖਾਣ ਪੀਣ ਦਾ ਸਮਾਨ ਰੱਖਿਆ ਜਾ ਰਿਹਾ ਸੀ ਤੇ ਕਿਸੇ ਵੱਖੀ ਵਿੱਚ ਸਵਾਰੀਆਂ ਦਾ ਸਮਾਨ ਤੂੜਿਆ ਜਾ ਰਿਹਾ ਸੀ। ਉਡਣ-ਖਟੋਲੇ ਦੀ ਸਾਹ-ਰਾਗ ਲਾਗੇ ਦੀ ਇੱਕ ਰਾਹ ਜੇਹਾ ਖੋਹਲਿਆ ਸੀ ਜਿਸ ਵਿੱਚ ਦੀ ਵਾਰੀ ਵਾਰੀ ਸਾਰਿਆਂ ਨੂੰ ਅੰਦਰ ਭੇਜਿਆ ਜਾ ਰਿਹਾ ਸੀ। ਕਈ ਤਾਂ ਬਹਿੰਦਿਆਂ ਹੀ ਨੀਂਦ ਨੂੰ ਪਿਆਰੇ ਹੋ ਗਏ। ਕਈ ਮਾੜਾ ਮਾੜਾ ਬਾਹਰ ਨੂੰ ਝਾਕਣ ਦੀ ਕੋਸ਼ਿਸ਼ ਕਰ ਰਹੇ ਸਨ। ਵੱਡਾ ਸਾਰਾ ਉਡਣ ਖਟੋਲਾ ਇੱਕ ਛੱਤੀ ਹੋਈ ਗਲ਼ੀ ਨਾਲੋਂ ਵੱਖਰਾ ਹੋਇਆ ਤੇ ਪੁੱਠੇ ਪੈਰੀਂ ਚੱਲਦਾ ਹੋਇਆ ਪਿੱਛੇ ਹੱਟਿਆ, ਥੋੜਾ ਜੇਹਾ ਰੁਕਿਆ ਸੰਗਲ਼ ਖੋਹਲ ਕੇ ਉਸ ਨੂੰ ਅਜ਼ਾਦ ਕੀਤਾ ਤੇ ਉਹ ਸਿੱਧਾ ਹੋ ਕੇ ਧਰਤੀ ਤੇ ਰੀਂਗਣ ਲੱਗ ਪਿਆ। ਆਪਣੇ ਪੂਰੇ ਤਾਣ ਨਾਲ ਗੜਗੱਜ ਪਾਉਂਦਿਆਂ ਹੋਇਆਂ ਪਟੜੀ `ਤੇ ਭੱਜਿਆ ਤੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਪੱਟੜੀ ਦੀਆਂ ਬੱਤੀਆਂ ਪਿਛਾਂਹ ਨੂੰ ਭੱਜ ਰਹੀਆਂ ਹੋਣ। ਖਿਲਰੇ ਹੋਏ ਪਰਾਂ ਥੱਲੇ ਪੈਰਾਂ ਨੂੰ ਲੁਕਾਇਆ ਤੇ ਧਰਤੀ ਨੂੰ ਛੱਡਦਾ ਹੋਇਆ ਅਸਮਾਨ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਲੱਗ ਪਿਆ। ਮਿੱਥੇ ਸਮੇਂ ਅਨੁਸਾਰ ਲੁਫਥਾਂਨਸਾ ਨੇ ਅੱਧੀ ਰਾਤ ਨੂੰ ਉਡਾਣ ਭਰੀ, ਬੱਤੀਆਂ ਜਗਦੀਆਂ ਸਨ ਪਰ ਦਿੱਲੀ ਵਾਸੀ ਘੂਕ ਸੁੱਤੇ ਹੋਏ ਸਨ। ਉੱਡਣਖਟੋਲੇ ਨੇ ਆਪਣੀ ਚੁੰਝ ਉੱਪਰ ਨੂੰ ਚੱਕਦਿਆਂ ਜਦੋਂ ਪੈਂਤੀ ਕੁ ਹਜ਼ਾਰ ਫੁੱਟ ਦੀ ਉਚਾਈ ਨੂੰ ਛੋਹਿਆ ਤਾਂ ਚਿਮਚਿਆਂ ਦਾ ਖੜਾਕ ਹੋਣਾ ਸ਼ੁਰੂ ਹੋ ਗਿਆ। ਹਸੂੰ ਹਸੂੰ ਕਰਦੀਆਂ ਸਾਫ਼ ਸੁਥਰੇ ਲਿਬਾਸ ਵਾਲੀਆਂ ਬੀਬੀਆਂ ਨੇ ਹਰੇਕ ਦੇ ਖਾਣਾ ਪਰੋਸ ਦਿੱਤਾ। ਰਾਤ ਦੇ ਹਨੇਰ੍ਹਿਆਂ ਨੂੰ ਚੀਰਦਿਆਂ ਹੋਇਆਂ ਸਾਡੇ ਸੁਤਿਆਂ ਸੁਤਿਆਂ ਲੱਗ-ਪੱਗ ਸਾਡੇ ਅੱਠ ਘੰਟੇ ਮਰਗੋਂ ਫਰੈਂਕਫੋਰਟ ਦਾ ਹਵਾਈ ਅੱਡਾ ਦਿਸਣ ਲੱਗ ਪਿਆ। ਇਮੀਗ੍ਰੇਸ਼ਨ ਦਾ ਬਹੁਤਾ ਝੰਜਟ ਨਹੀਂ ਹੈ ਪਾਸਪੋਰਟ ਦੇਖਿਆ ਖੜੱਚ ਹੋਇਆ ਤੇ ਅਫ਼ਸਰ ਨੇ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ। ਧੰਨਵਾਦ ਕਰਦਿਆਂ ਪਾਸਪੋਰਟ ਸੰਭਾਦਿਆਂ ਲੁਕਣ-ਮੀਚੀ ਖੇਲਣ ਵਾਂਗ ਹੇਠਾਂ ਉਤਰਦਿਆਂ ਸਮਾਨ ਵਾਲੀ ਬੈਲਟ ਪਾਸ ਆ ਗਿਆ।

ਭਾਗ ਦੂਜਾ

ਵੀਰ ਮਲਕੀਅਤ ਸਿੰਘ ਜੀ ਨੂੰ ਟੈਲੀਫੂਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਬੇਟਾ ਅਮਰਦੀਪ ਸਿੰਘ ਤੁਹਾਡੇ ਪਾਸ ਦਸ ਕੁ ਮਿੰਟ ਵਿੱਚ ਪਹੁੰਚ ਰਿਹਾ ਹੈ ਪਰ ਉਹ ਪੰਜ ਕੁ ਮਿੰਟ ਵਿੱਚ ਹੀ ਪਹੁੰਚ ਗਿਆ। ਗੋਰੇ, ਸੋਹਣੇ-ਸਨੁੱਖੇ, ਜਵਾਨ ਛੇ ਫੁੱਟੇ ਲੰਬੇ, ਦਸਤਾਰ ਵਾਲੇ ਗਭਰੂ ਸਾਬਤ ਸੂਰਤ ਬੱਚੇ ਨੇ ਪਿਆਰ ਭਰੀ ਬੋਲੀ ਦੀ ਫ਼ੁਆਰ ਛੱਡਦਿਆਂ ਹੋਇਆਂ ਅਪਣਤ ਦੇ ਲਹਿਜੇ ਵਿੱਚ ਪੁਛਿਆ ਕਿ ਅੰਕਲ ਜੀ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਮੈਂ ਲੇਟ ਤਾਂ ਨਹੀਂ ਹੋਇਆ ਕਹਿੰਦਿਆਂ ਮੇਰੇ ਹੱਥੋਂ ਸਮਾਨ ਫੜ ਕੇ ਆਪ ਕਾਰ ਦੀ ਡਿੱਗੀ ਵਿੱਚ ਰਖਣ ਲੱਗ ਪਿਆ। ਡੇਢ ਸੌ ਮੀਲ ਦੀ ਰਫਤਾਰ ਨਾਲ ਫਰ੍ਹਾਟੇ ਮਾਰਦੀ ਹੋਈ ਗੱਡੀ ਘਰ ਪਹੁੰਚ ਗਈ। ਵਿਚਾਰਾਂ ਦਾ ਦੌਰ ਚੱਲਿਆ ਬੜੇ ਪਿਆਰੇ ਗੁਰਮਤ ਦੇ ਨੁਕਤੇ ਸਰਦਾਰ ਮਲਕੀਅਤ ਸਿੰਘ ਜੀ ਸਾਂਭੀ ਬੈਠੇ ਹਨ। ਦੋ ਕੁ ਦਿਨ ਇਹਨਾਂ ਦੇ ਘਰ ਅਟਕਿਆ ਏੱਥੋਂ ਮੈਂ ਅਗਾਂਹ ਨਾਰਵੇ ਜਾਣਾ ਸੀ, ਇਹਨਾਂ ਨੇ ਨਾਰਵੇ ਦੀ ਟਿਕਟ ਆਦ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੀ।

ਸ਼ੈਨੇਗਨ ਵੀਜ਼ਾ ਹੋਣ ਕਰਕੇ ਯੋਰਪ ਵਿੱਚ ਇਹ ਸਾਰੀਆਂ ਲੋਕਲ ਫਲਾਈਟਾਂ ਗਿਣੀਆਂ ਜਾਂਦੀਆਂ ਹਨ। ਵੀਰ ਮਲਕੀਅਤ ਸਿੰਘ ਜੀ ਮੈਨੂੰ ਆਪ ਸਵੇਰੇ ਸਵੇਰੇ ਬੱਸ `ਤੇ ਚੜ੍ਹਾ ਗਏ ਜੋ ਮਿੱਥੇ ਸਮੇ `ਤੇ ਲੋਕਲ ਏਅਰ-ਪੋਰਟ ਪਾਹੁੰਚ ਗਈ ਜਿੱਥੋਂ ਨਾਰਵੇ ਦੀ ਫਲਾਈਟ ਲੈਣੀ ਸੀ।

ਸੰਸਾਰ ਵਿੱਚ ਵਿਚਰਦਿਆ ਇਹ ਦੇਖਿਆ ਗਿਆ ਹੈ ਕਿ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਨਿਊਜ਼ੀਲੈਂਡ, ਮਸਕਟ, ਡੁਬਈ, ਬਹਿਰੀਨ, ਕੁਵੈਤ, ਗੁਰਦੁਆਰਾ ਗਲੈਨ ਰੌਕ ਅਤੇ ਸਿਰੀ ਗੁਰੂ ਸਿੰਘ ਸਭਾ ਐਡਮਿੰਟਨ ਕਨੇਡਾ, ਗੁਰਦੁਆਰਾ ਰਾਮਗੜ੍ਹੀਆ ਸਲੋਅ, ਨੈਵਲ ਰੋਡ, ਵੁਲਚ ਵਿਖੇ ਸਿੱਖ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ।

ਸਮਾਂ ਆਪਣੀ ਚਾਲੇ ਚਲਦਾ ਰਿਹਾ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਵਾਲੇ ਵੀਰਾਂ ਦਾ ਅਕਸਰ ਟੈਲੀਫ਼ੂਨ ਆਉਂਦਾ ਜਾਂਦਾ ਰਹਿੰਦਾ ਸੀ। ਵੀਰ ਕੰਵਲਜੀਤ ਸਿੰਘ ਜੀ ਨੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੰਭਾਲ਼ੀ ਕਮੇਟੀ ਵਿੱਚ ਲੱਗ-ਪੱਗ ਛੇ ਮਹੀਨੇ ਗੱਲ ਚੱਲਦੀ ਰਹੀ ਮੈਨੂੰ ਟੈਲੀਫ਼ੂਨ ਆਇਆ ਕਿ ਵੈਸਾਖੀ `ਤੇ ਇਸ ਵਾਰੀ ਨਾਰਵੇ ਆਉਣ ਦਾ ਯਤਨ ਕਰੋ। ਹਾਲਾਂ ਕਿ ਵੀਰ ਕੰਵਲਜੀਤ ਸਿੰਘ ਜੀ ਨਾਲ ਇਸ ਤੋਂ ਪਹਿਲਾਂ ਕੋਈ ਬਹੁਤਾ ਰਾਬਤਾ ਨਹੀਂ ਸੀ। ਸੋ ਬਣੇ ਹੋਏ ਪ੍ਰੋਗਰਾਮ ਅਨੁਸਾਰ ਮੈਂ ਗਿਆਰਾਂ ਅਪ੍ਰੈਲ ੨੦੦੮ ਨੂੰ ਜਰਮਨ ਤੋਂ ਨਾਰਵੇ ਦੇ ਕੋਮਾਂਤਰੀ ਏਅਰ-ਪੋਰਟ `ਤੇ ਉਤਾਰਾ ਕੀਤਾ। ਜਦੋਂ ਮੈਂ ਜਰਮਨ ਤੋਂ ਚਲਿਆ ਸੀ ਤਾਂ ਵੀਰ ਬਲਦੇਵ ਸਿੰਘ ਜੀ ਨਾਲ ਗੱਲ ਹੋਈ ਸੀ ਕਿ ਕੌਣ ਵੀਰ ਲੈਣ ਵਾਸਤੇ ਆ ਰਿਹਾ ਹੈ, ਤਾਂ “ਉਹਨਾਂ ਨੇ ਦੱਸਿਆ ਕਿ ਵੀਰ ਲਖਵਿੰਦਰ ਸਿੰਘ ਜੀ ਤੁਹਾਨੂੰ ਏਅਰ-ਪੋਰਟ ਤੋਂ ਲੈਣ ਵਾਸਤੇ ਆਉਣਗੇ” ਪਰ ਮੈਂ ਵੀਰ ਲਖਵਿੰਦਰ ਸਿੰਘ ਜੀ ਨੂੰ ਪਹਿਲਾਂ ਨਹੀਂ ਜਾਣਦਾ ਸੀ।

ਨਾਰਵੇ ਦੇ ਏਅਰ ਪੋਰਟ ਤੇ ਉਤਰ ਕੇ ਮੈਂ ਅਜੇ ਬਾਹਰ ਆਇਆ ਹੀ ਸੀ ਕਿ ਵੀਰ ਲਖਵਿੰਦਰ ਸਿੰਘ ਜੀ ਦੀ ਨਵੀਂ ਨਕੋਰ ਕਾਲੇ ਰੰਗ ਦੀ ਵੱਡੀ ਸਾਰੀ ਗੱਡੀ ਖੜੀ ਹੋ ਗਈ। ਗੱਡੀ ਨੂੰ ਹਾਈਵੇ `ਤੇ ਪਉਂਦਿਆਂ ਸਾਰ ਗੱਲਬਾਤ ਇੰਜ ਸ਼ੁਰੂ ਕੀਤੀ ਜਿਵੇਂ ਅਸੀਂ ਪਹਿਲਾਂ ਤੋਂ ਹੀ ਜਨੀ ਕਿ ਬਹੁਤ ਦੇਰ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ। ਮੋਹ ਭਿੱਜੇ ਸ਼ਬਦਾਂ ਨਾਲ ਕਹਿਣ ਲੱਗੇ, “ਮੇਰਾ ਖ਼ਿਆਲ ਹੈ ਕਿ ਪਹਿਲਾਂ ਤੂਹਾਨੂੰ ਰਾਹ ਵਿਚੋਂ ਕੁੱਝ ਛਕਾ ਦਿੱਤਾ ਜਾਏ ਕਿਉਂਕਿ ਤੁਸੀਂ ਕਾਫ਼ੀ ਦੇਰ ਦੇ ਚੱਲੇ ਹੋਏ ਹੋ”। ਮੈਂ ਕਿਹਾ “ਵੀਰ ਜੀ ਇਹ ਤੇ ਮੇਰੇ ਮਨ ਦੀ ਗੱਲ ਕੀਤੀ ਜੇ”। ਲੋਕਲ ਉਡਾਰੀ ਵਿੱਚ ਖਾਣ ਨੂੰ ਕੁੱਝ ਨਹੀਂ ਮਿਲਦਾ ਜੋ ਮਿਲਦਾ ਹੈ ਉਹ ਮੁੱਲ ਮਿਲਦਾ ਹੈ ਚਾਹ ਦਾ ਕੱਪ ਜਾਂ ਪੈਪਸੀ ਪੰਜ ਯੂਰੋ ਤੋਂ ਘਟ ਹੈ ਨਹੀਂ ਤੇ ਜਦੋਂ ਪੰਜ ਯੂਰੋ ਨੂੰ ਸੱਠ ਰੁਪਇਆਂ ਨਾਲ ਗੁਣਾਂ ਕਰੀਏ ਤਾਂ ਸਵੇਰ ਦੀ ਪੀਤੀ ਹੋਈ ਵੀ ਚਾਹ ਬੇ-ਸੁਆਦੀ ਲੱਗਣ ਲੱਗ ਜਾਂਦੀ ਐ, ਹੈਂਅ ਹੌਕਾ ਹੀ ਨਿਕਲ ਜਾਂਦਾ ਹੈ, ਤਿੰਨ ਸੌ ਰੁਪਏ ਵਿੱਚ ਚਾਹ ਦਾ ਕੱਪ? ਨਵੇਂ ਬੰਦੇ ਨੂੰ ਚੁੱਭਦਾ ਹੈ। ਭਾਵੇਂ ਵੀਰ ਲਖਵਿੰਦਰ ਸਿੰਘ ਮੇਰੇ ਨਾਲੋਂ ਛੋਟੀ ਉਮਰ ਦੇ ਸਨ ਪਰ ਜ਼ਿੰਦਗੀ ਦੀਆਂ ਘਾਸੀਆਂ ਦਾ ਨਿਚੋੜ ਉਹਨਾਂ ਨੇ ਸਾਂਭਿਆ ਹੋਇਆ ਸੀ।

ਵਲ਼ ਵਲ਼ੇਵੇਂ ਮਾਰਦੀ ਹੋਈ ਗੱਡੀ ਹਾਈਵੇ ਦੇ ਉੱਪਰ ਬਣੇ ਹੋਏ ਰੈਸਟੋਰੈਂਟ ਵਲ ਨੂੰ ਮੂੰਹ ਕਰਕੇ ਖੜੀ ਹੋ ਗਈ ਜੋ ਕਹਿ ਰਹੀ ਸੀ ਲਓ! ਆਪਣੀ ਭੁੱਖ ਤੇਹ ਨੂੰ ਮਿਟਾਓ, ਤੇ ਫਿਰ ਮੇਰੇ ਵਿੱਚ ਅਸਵਾਰ ਹੋਇਆ ਜੇ। ਗਾਜਰਾਂ ਦਾ ਤਾਜ਼ਾ ਜੂਸ ਤੇ ਸੈਂਡਵਿਚ ਲੈ ਕੇ ਹਾਈਵੇ ਦੇ ਉੱਪਰ ਬਣੇ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦਾ ਮਜ਼ਾ ਵੀ ਆਪਣਾ ਹੀ ਸੀ, ਕਿਉਂਕਿ ਰੈਸਰੋਰੈਂਟ ਦੇ ਥੱਲੇ ਦੀ ਇੱਕ ਦੂਜੀ ਨੂੰ ਪਿੱਛੇ ਛੱਡਦੀਆਂ ਧੂੜਾਂ ਪੁੱਟਦੀਆਂ ਹੋਈਆਂ ਗੱਡੀਆਂ ਲੰਘਦੀਆਂ ਸਨ। ਗੱਡੀ ਵਿੱਚ ਬੈਠਦਿਆਂ ਗੱਲਾਂਬਾਤਾਂ ਸ਼ੁਰੂ ਹੋਈਆਂ ਤਾਂ ਵੀਰ ਲਖਵਿੰਦਰ ਸਿੰਘ ਜੀ ਕਹਿਣ ਲੱਗੇ ਕਿ “ਅੱਜ ਤੁਸੀਂ ਮੇਰੇ ਘਰ ਰਾਤ ਰਹੋਗੇ ਸਵੇਰੇ ਜਿਵੇਂ ਪ੍ਰੋਗਰਾਮ ਬਣਿਆ ਉਸ ਅਨੁਸਾਰ ਦੇਖਿਆ ਜਾਏਗਾ”। ਪਰ ਜ਼ਿਆਦਾ ਸਮਾਂ ਫਿਰ ਇਹਨਾਂ ਦੇ ਘਰ ਹੀ ਰਹਿਣ ਦਾ ਬਣਿਆ। ਉਹਨਾਂ ਦੱਸਿਆ ਕਿ “ਰਾਤ ਨੂੰ ਵੀਰ ਬਲਦੇਵ ਸਿੰਘ ਜੀ ਵੀਰ ਜਸਵੰਤ ਸਿੰਘ ਜੀ ਤੇ ਵੀਰ ਜੋਗਿੰਦਰ ਸਿੰਘ ਜੀ ਤੇ ਵੀਰ ਕੰਵਲਜੀਤ ਸਿੰਘ ਜੀ ਏੱਥੇ ਹੀ ਆ ਜਾਣਗੇ ਵਿਚਾਰ ਵਟਾਂਦਰਾ ਕੀਤਾ ਜਾਏਗਾ”।




.