ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 01)
(ਮੁੱਢਲੇ ਵਿਚਾਰਾਂ ਤੋਂ ਸਿੱਖ ਦੀ ਤਾਰੀਫ ਤੱਕ)
ਅਕਾਲ ਤਖ਼ਤ ਵੱਲੋਂ ਪ੍ਰਵਾਨਿਤ
‘ਸਿੱਖ ਰਹਿਤ ਮਰਿਆਦਾ’ ਦਾ ਆਪਣਾ ਇੱਕ ਇਤਿਹਾਸ ਹੈ। ਇਸ ਦੇ ਬਣਾਉਣ ਦੇ ਪਿੱਛੇ ਵੀ ਕਈਂ ਕਾਰਨ ਸਨ।
ਸੱਭ ਤੋਂ ਵੱਡਾ ਕਾਰਨ ਸੀ ਕਿ ਵੀਹਵੀਂ ਸਦੀ ਦੀ ਸ਼ੁਰੂਆਤ ਤੱਕ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਅਤੇ
ਪੁਜਾਰੀਆਂ ਦੇ ਕਬਜ਼ੇ ਹੇਠ ਸਨ। ਹਰ ਗੁਰਦੁਆਰੇ ਨੇ ਆਪਣੀ ਵੱਖਰੀ ਮਰਿਆਦਾ ਬਣਾਈ ਹੋਈ ਸੀ। ਦੂਜੇ ਪਾਸੇ
ਸਿੱਖਾਂ ਵਿੱਚ ਸੰਤ ਆਦਿ ਦੇ ਨਾਂ ਹੇਠ ਕਈ ਡੇਰੇਵਾਦ ਪਨਪਣੇ ਸ਼ੁਰੂ ਹੋ ਗਏ ਸਨ। ਕਈ ਜੱਥੇ ਵੀ ਖੜ੍ਹੇ
ਹੋ ਰਹੇ ਸਨ, ਕਈਂ ਸੰਪਰਦਾਵਾਂ ਵੀ ਬਣ ਗਈਆਂ ਸਨ। ਹਰ ਇੱਕ ਦੀ ਆਪਣੀ ਆਪਣੀ ਅਲੱਗ ਮਰਿਆਦਾ ਸੀ।
‘ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ’ ਵਾਲੀ ਹਾਲਤ ਸੀ। ਗੁਰਦੁਆਰਿਆਂ ਆਦਿ ਦੀ ਜ਼ਿਆਦਾਤਰ ਮਰਿਆਦਾ
ਬ੍ਰਾਹਮਣਵਾਦੀ ਕਰਮਕਾਂਡਾਂ ਦਾ ਪੁਲੰਦਾ ਮਾਤਰ ਸੀ। ਉਨੀਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੋਈ ਸਿੰਘ
ਸਭਾ ਲਹਿਰ 1920 ਤੱਕ ਗੁਰਦੁਆਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਸੀ। ਇਸ ਨੇ ਜ਼ਿਆਦਾਤਰ
ਗੁਰਦੁਆਰੇ ਮਹੰਤਾਂ ਦੀ ਪਕੜ ਤੋਂ ਆਜ਼ਾਦ ਕਰਵਾ ਲਏ। ਇਸੇ ਲਹਿਰ ਦੀ ਉਪਜ ਸੀ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.)। ਇਸ ਨੇ ਗੁਰਦੁਆਰਿਆਂ ਦੀ ਸੰਭਾਲ ਆਪਣੇ ਹੱਥਾਂ ਵਿੱਚ ਲੈਣ
ਤੋਂ ਬਾਅਦ ਸਿੱਖ ਸਮਾਜ ਦੇ ਸੁਧਾਰ ਲਈ ਜਤਨ ਸ਼ੂਰੂ ਕੀਤੇ। ਉਨ੍ਹਾਂ ਵਿੱਚੋਂ ਇੱਕ ਕੰਮ ਸੀ
ਗੁਰਦੁਆਰਿਆਂ ਵਿੱਚੋਂ ਬ੍ਰਾਹਮਣੀ ਕਰਮਕਾਂਡਾਂ ਨੂੰ ਹਟਾ ਕੇ ਗੁਰਮਤਿ ਸਿਧਾਂਤਾਂ ਦੇ ਆਧਾਰ `ਤੇ
ਮਰਿਆਦਾ ਬਣਾਉਣੀ। ਇਸ ਨਾਲ ਕੌਮ ਵਿੱਚ ਇੱਕਸਾਰਤਾ ਅਤੇ ਏਕਤਾ ਵੀ ਆਉਣੀ ਸੀ।
ਇਸ ਟੀਚੇ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੇ ਸੰਨ 1930 ਦੇ ਆਸ-ਪਾਸ ਇੱਕ ਰਹੁਰੀਤ ਕਮੇਟੀ
ਬਣਾਈ। ਇਸ ਨੂੰ ਸਿਧਾਂਤਾਂ `ਤੇ ਆਧਾਰਿਤ ‘ਸਿੱਖ ਰਹਿਤ ਮਰਿਆਦਾ’ ਦਾ ਇੱਕ ਖਰੜਾ ਤਿਆਰ ਕਰਨ ਦੀ
ਜ਼ਿੰਮੇਵਾਰੀ ਸੋਂਪੀ ਗਈ। ਇੱਸ ਕਮੇਟੀ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਅਤੇ ਪ੍ਰਿੰ. ਤੇਜਾ ਸਿੰਘ
ਜੀ (ਕਨਵੀਨਰ) ਜਿਹੇ ਵਿਦਵਾਨ ਵੀ ਸ਼ਾਮਿਲ ਸਨ। ਪਹਿਲਾਂ ਦੱਸੇ ਅਨੁਸਾਰ ਉਸ ਸਮੇਂ ਸਿੱਖ ਸਮਾਜ ਵਿੱਚ
ਅਨੇਕਾਂ ਜੱਥੇ ਜਾਂ ਸੰਪਰਦਾਵਾਂ ਬਣ ਚੁੱਕੀਆਂ ਸਨ। ਉਹ ਗੁਰਮਤਿ ਸਿਧਾਂਤਾਂ ਨਾਲੋਂ ਆਪਣੇ ਜੱਥੇ ਅਤੇ
ਸੰਪਰਦਾਵਾਂ ਦੇ ਵਿਚਾਰਾਂ ਅਤੇ ਮਰਿਆਦਾ ਨੂੰ ਜ਼ਿਆਦਾ ਮਹੱਤਵ ਦਿੰਦੇ ਸਨ। ਇਨ੍ਹਾਂ ਦੇ ਆਪਣੇ ਜੱਥਿਆਂ
ਅਤੇ ਸੰਪਰਦਾਵਾਂ ਦੇ ਕਈਂ ਮੈਂਬਰ ਵੀ ‘ਸਿੱਖ ਰਹੁਰੀਤ ਕਮੇਟੀ’ ਵਿੱਚ ਸ਼ਾਮਿਲ ਸਨ। ਇਨ੍ਹਾਂ ਦੇ ਆਪਣੇ
ਜੱਥੇ ਅਤੇ ਸੰਪਰਦਾ ਦੇ ਵਿਚਾਰਾਂ ਪ੍ਰਤੀ ਗੈਰ ਸਿਧਾਂਤਕ ਖਿੱਚ (ਜ਼ਿੱਦ) ਹੀ ਇਸ ਕਮੇਟੀ ਦੀ ਇੱਕ ਵੱਡੀ
ਮੁਸ਼ਕਿਲ ਸੀ। ਇਸੀ ਮੁਸ਼ਕਿਲ ਕਾਰਨ ਇਸ ਕਮੇਟੀ ਨੇ ਨਿਰੋਲ ਸਿਧਾਂਤ ਦਾ ਪੱਲਾ ਪਕੜਨ ਦੀ ਥਾਂ ਲੈਣ ਦੇਣ
ਦੀ ਸਮਝੋਤਾਵਾਦੀ ਪਹੁੰਚ ਨੂੰ ਹੀ ਅਪਣਾਇਆ। ਸ਼ਾਇਦ ਉਨ੍ਹਾਂ ਦੀ ਮਨਸ਼ਾ ਗਲਤ ਨਹੀਂ ਸੀ। ਉਨ੍ਹਾਂ ਨੇ
ਸ਼ਾਇਦ ਸੋਚਿਆ ਹੋਵੇਗਾ ਕਿ ਫਿਲਹਾਲ ਸਾਰੇ ਇੱਕ ਪ੍ਰਵਾਨਿਤ (ਭਾਵੇਂ ਪੂਰੀ ਤਰ੍ਹਾਂ ਸਿਧਾਂਤਕ ਨਹੀਂ)
ਮਰਿਆਦਾ ਅਪਣਾ ਲੈਂਦੇ ਹਾਂ। ਇਸ ਨੂੰ ਲਾਗੂ ਕਰ ਕੇ ਜਦ ਇੱਕਸਾਰਤਾ ਆ ਜਾਵੇਗੀ ਤਾਂ ਹੌਲੀ ਹੌਲੀ ਪੰਥ
ਨੂੰ ਜਾਗ੍ਰਿਤ ਕਰ ਕੇ ਰਹਿ ਗਈਆਂ ਸਿਧਾਂਤਕ ਕਮਜ਼ੋਰੀਆਂ ਵੀ ਦੂਰ ਕਰ ਲਵਾਂਗੇ। ਦੂਜੀ ਗੱਲ ਇਹ ਵੀ ਸੀ
ਕਿ ਉਸ ਸਮੇਂ ਤੱਕ ਗੁਰਬਾਣੀ ਦੇ ਜ਼ਿਆਦਾਤਰ ਸੰਪਰਦਾਈ ਅਰਥ ਹੀ ਪ੍ਰਚਲਿਤ ਸਨ। ਗੁਰਮਤਿ ਸਿਧਾਂਤਾਂ ਦੀ
ਖੋਜ ਉਤਨੀ ਨਹੀਂ ਸੀ ਹੋਈ। ਸੋ ਅਣਜਾਣੇ ਵਿੱਚ ਕਈਂ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਕਮਜ਼ੋਰੀਆ ਰਹਿ
ਗਈਆਂ।
ਇਸ ਰਹੁਰੀਤ ਕਮੇਟੀ ਨੇ ਆਪਣੀ ਪਹਿਲੀ ਰਿਪੋਰਟ 1-10-1932 ਨੂੰ ਸ਼੍ਰੋਮਣੀ ਕਮੇਟੀ ਨੂੰ ਸੌਂਪੀ। ਜਿਸ
ਨੂੰ ਧਾਰਮਿਕ ਸਲਾਹਕਾਰ ਕਮੇਟੀ ਨੇ ਕੁੱਝ ਵਿਚਾਰਾਂ ਤੋਂ ਬਾਅਦ 12-10-1936 ਨੂੰ ਪ੍ਰਵਾਨਗੀ ਦੇ
ਦਿਤੀ। ਇਸ ਵਿੱਚ ਇੱਕ ਮੱਦ ਰੱਖਣੀ ਇਹ ਜ਼ਰੂਰੀ ਸੀ ਕਿ ਹਮੇਸ਼ਾਂ ਕੁੱਝ ਨਿਸ਼ਚਿਤ ਸਮੇਂ (15-20 ਸਾਲ)
ਬਾਅਦ ਇਸ ਦੀ ਪੁਨਰ ਪੜਚੋਲ ਕੀਤੀ ਜਾਇਆ ਕਰੇਗੀ ਤਾਂ ਕਿ ਸਾਹਮਣੇ ਆ ਰਹੀਆਂ ਕਮੀਆਂ ਨੂੰ ਦੂਰ ਕੀਤਾ
ਜਾ ਸਕੇ।
ਇਸ ਮਰਿਆਦਾ ਨੂੰ ਪ੍ਰਵਾਨਿਤ ਕਰਨ ਤੋਂ ਪਹਿਲਾਂ ਖਰੜਾ ਕਈਂ ਪੰਥਕ ਸੰਸਥਾਵਾਂ ਅਤੇ ਸਭਾਵਾਂ ਨੂੰ ਆਪਣੀ
ਆਪਣੀ ਰਾਏ (ਸੁਝਾਅ) ਦੇਣ ਲਈ ਭੇਜਿਆ ਗਿਆ। ਜਿਨ੍ਹਾਂ ਜੱਥੇਬੰਦੀਆਂ ਨੇ ਆਪਣੇ ਸੁਝਾਅ ਭੇਜੇ ਉਨ੍ਹਾਂ
ਦੀ ਸੂਚੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ‘ਸਿੱਖ ਰਹਿਤ ਮਰਿਆਦਾ’ ਦੇ ਸ਼ੁਰੂ ਵਿੱਚ ਦਿੱਤੀ ਗਈ
ਹੈ। 1940 ਤੋਂ ਬਾਅਦ ਸ਼੍ਰੋਮਣੀ ਕਮੇਟੀ ਚੌਧਰਾਂ ਅਤੇ ਧੜੇਬਾਜੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਈ।
ਫੈਸਲੇ, ਸਿਧਾਂਤ ਦੀ ਥਾਂ ਨਿਜੀ ਗਰਜ਼ਾਂ ਅਧੀਨ ਲਏ ਜਾਣ ਲੱਗ ਪਏ। ਇਸ ਦਾ ਅਸਰ ‘ਸਿੱਖ ਰਹਿਤ ਮਰਿਆਦਾ’
ਤੇ ਵੀ ਹੋਇਆ। 1936 ਵਿੱਚ ਪ੍ਰਵਾਨ ਕੀਤੀ ਮਰਿਆਦਾ ਵਿੱਚ ‘ਰਾਗਮਾਲਾ’ ਬਾਰੇ ਸਪੱਸ਼ਟ ਕਿਹਾ ਸੀ ਕਿ
‘ਰਾਗਮਾਲਾ’ ਗੁਰਬਾਣੀ ਨਹੀਂ ਹੈ, ਇਸ ਕਰ ਕੇ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। ਪਰ 1945 ਵਿੱਚ
‘ਰਾਗਮਾਲਾ’ ਪੱਖੀ ਇੱਕ ਦੋ ਮੈਂਬਰਾਂ ਦੇ ਜਵਾਬ ਹੇਠ ਇਸ ਮੱਦ ਨੂੰ ਬਦਲ ਕੇ ਇਹ ਗੱਲ ਕਰ ਦਿੱਤੀ ਹੈ
ਕਿ ਭੋਗ ਸਥਾਨਕ ਰੀਤੀ ਅਨੁਸਾਰ ( ‘ਰਾਗਮਾਲਾ’ ਪੜ੍ਹ ਕੇ ਜਾਂ ਬਿਨਾਂ ਪੜ੍ਹੇ ਪਾਇਆ ਜਾਵੇ) ਪਾਉਣ ਦਾ
ਸਿਧਾਂਤ ਵਿਰੋਧੀ ਝਮੇਲਾ ਖੜ੍ਹਾ ਕਰ ਦਿੱਤਾ ਗਿਆ। ਇਸ ਨਾਲ ‘ਰਾਗਮਾਲਾ’ ਤੋਂ ਕੌਮ ਅਤੇ ਗੁਰੂ ਗ੍ਰੰਥ
ਸਾਹਿਬ ਜੀ ਦਾ ਖਹਿੜਾ ਛੁਡਾਉਣ ਦੀ ਲਹਿਰ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਮੱਦ (ਰਾਗਮਾਲਾ) ਵਾਲੀ
ਨੂੰ ਬਦਲਣ ਲਈ ਪੱਖਪਾਤੀ ਰਵੱਈਆ ਅਪਣਾਇਆ ਗਿਆ। ਇਸ ਰਵੱਈਏ ਦੀ ਪੂਰੀ ਜਾਣਕਾਰੀ ਲਈ ਗਿਆਨੀ ਗੁਰਦਿੱਤ
ਸਿੰਘ ਜੀ (ਮਰਹੂਮ) ਦੀ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ। ਇਹ ਪੁਸਤਕ ਰਾਗਮਾਲਾ ਬਾਰੇ
ਸਿਧਾਂਤ ਸਮਝਾਉਂਦੀ ਸੱਭ ਤੋਂ ਵਧੀਆ ਪੁਸਤਕ ਹੈ।
ਦੂਜੇ ਪਾਸੇ ਇਹ ‘ਰਹਿਤ ਮਰਿਆਦਾ’ ਕਦੀ ਵੀ ਪੂਰੀ ਤਰ੍ਹਾਂ ਕੌਮ ਉੱਤੇ ਲਾਗੂ ਨਹੀਂ ਹੋ ਸਕੀ। ਹੋਰ ਤਾਂ
ਹੋਰ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਵਿੱਚ ਵੀ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ
ਕੀਤੀ ਜਾਂਦੀ। ਹਾਂ, ਕੁੱਝ ਮਿਸ਼ਨਰੀ ਸੰਸਥਾਵਾਂ ਵੱਲੋਂ ਇਸ ਦੇ ਅੱਖਰ-ਅੱਖਰ ਪਾਲਣਾ ਕਰਨ ਦਾ ਦਾਵਾ
ਕੀਤਾ ਜਾਂਦਾ ਹੈ। ਨਾਲ ਹੀ ਕੁੱਝ ਮਿਸ਼ਨਰੀ ਸੰਸਥਾਵਾਂ ਇਹ ਵੀ ਫਤਵਾ ਦੇ ਰਹੀਆਂ ਹਨ ਕਿ ਇਸ ਵਿੱਚ ਸੋਧ
ਦਾ ਅਧੀਕਾਰ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਹੈ। ਉਨ੍ਹਾਂ ਦਾ ਇਹ ਵੀ ਪ੍ਰਚਾਰ ਹੈ ਕਿ ਜੋ ਰਹਿਤ
ਮਰਿਆਦਾ ਦਾ ਵਿਰੋਧ ਕਰਦਾ ਹੈ ਜਾਂ ਇੰਨ-ਬਿੰਨ ਨਹੀਂ ਮੰਨਦਾ, ਉਹ ਸੱਚਾ ਸਿੱਖ ਨਹੀਂ। ਡੇਰੇ,
ਸੰਪਰਦਾਵਾਂ ਤਾਂ ਇਸ ਮਰਿਆਦਾ ਨੂੰ ਅਛੂਤ ਸਮਝਦੀਆਂ ਹਨ। ਕਿਉਂਕਿ ਇਸ ਦੇ ਕੁੱਝ ਨੁਕਤੇ ਉਨ੍ਹਾਂ ਦੇ
ਬ੍ਰਾਹਮਣਵਾਦੀ ਏਜੰਡੇ ਵਿੱਚ ਫਿੱਟ ਨਹੀਂ ਬੈਠਦੇ।
ਸਮੇਂ ਅਨੁਸਾਰ ਗੁਰਮਤਿ ਦੇ ਖੇਤਰ ਵਿੱਚ ਕਈਂ ਖੋਜਾਂ ਹੋਈਆਂ ਅਤੇ ਕਾਫੀ ਕੰਮ ਵੀ ਹੋਇਆ। ਸਿਧਾਂਤਕ
ਦ੍ਰਿੜਤਾ ਦੀ ਇਸੇ ਲਹਿਰ ਵਿੱਚੋਂ ‘ਤੱਤ ਗੁਰਮਤਿ ਲਹਿਰ’ ਦਾ ਜਨਮ ਹੋਇਆ। ‘ਦਸਮ ਗ੍ਰੰਥ’ ਦੇ ਬਾਰੇ ਕਈ
ਖੋਜਾਂ ਹੋਈਆਂ, ਕਈਂ ਤੱਤ ਗੁਰਮਤਿ ਦੇ ਵਿਦਵਾਨ ਲੇਖਕਾਂ ਨੇ ਦਲ਼ੀਲ ਨਾਲ ਇਹ ਵੀ ਸਾਬਿਤ ਕਰ ਦਿੱਤਾ ਹੈ
ਕਿ ‘ਦਸਮ ਗ੍ਰੰਥ’ ਦੀ ਕੋਈ ਵੀ ਰਚਨਾ ਗੁਰੂ ਕ੍ਰਿਤ ਨਹੀਂ ਹੈ। ਤੱਤ ਗੁਰਮਤਿ ਲਹਿਰ ਦਾ ਮੁੱਖ ਧੁਰਾ
ਹੈ ਕਿ ਉਹ ਪੂਰੀ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮਰਪਿਤ ਹਨ। ਉਹ ਹਰ ਉਸ ਰਸਮ ਜਾਂ
ਮਰਿਆਦਾ ਨੂੰ ਰੱਦ ਕਰਦੇ ਹਨ ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਪੱਰ ਖਰੀ ਨਹੀਂ ਉਤਰਦੀ।
ਉਹਨਾਂ ਦਾ ਮੱਤ ਹੈ ਕਿ ਸਿਧਾਂਤ ਨਾਲ ਕੋਈ ਸਮਝੋਤਾ ਨਹੀਂ ਹੋਣਾ ਚਾਹੀਦਾ। ਪਰ ਸਚਾਈ ਇਹ ਹੈ ਕਿ
ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿੱਚ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਅਨੇਕਾਂ ਇਹੋ ਜਿਹੀਆਂ
ਕਮਜ਼ੋਰੀਆਂ ਹਨ ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਪੱਰ ਫੇਲ ਹੋ ਜਾਂਦੀਆਂ ਹਨ।
ਸੋ ਇਸ ਲਹਿਰ ਨਾਲ ਜੁੜੇ ਕੁੱਝ ਵੀਰਾਂ ਨੇ ‘ਰਹਿਤ ਮਰਿਆਦਾ ਦੇ ਐਸੇ ਕੁੱਝ ਨੁਕਤਿਆਂ ਬਾਰੇ ਵਿਚਾਰ
ਕਰਨੇ ਸ਼ੁਰੂ ਕੀਤੇ। ਸੰਪਰਦਾਵਾਂ ਅਤੇ ਸ਼੍ਰੌਮਣੀ ਕਮੇਟੀ ਵੱਲੋਂ ਇਨ੍ਹਾਂ ਦਾ ਵਿਰੋਧ ਤਾਂ ਘੱਟ ਹੀ
ਹੋਇਆ ਕਿਉਂ ਕਿ ਉਹ ਇਸ ਮਰਿਆਦਾ ਦੇ ਪੱਖੋਂ ਅਵੇਸਲੇ ਹੀ ਹਨ। ਪਰ ਕੁੱਝ ਮਿਸ਼ਨਰੀ ਸੰਸਥਾਵਾਂ ਇਸ
ਮਰਿਆਦਾ ਕਾਰਨ ਤੱਤ ਗੁਰਮਤਿ ਵਿਦਵਾਨਾਂ ਵਿਰੁੱਧ ਸਰਗਰਮ ਹੋ ਗਈਆਂ। ਉਨ੍ਹਾਂ ਵਿਦਵਾਨਾਂ ਖਿਲਾਫ
(ਬਿਨਾ ਕਿਸੇ ਦਲੀਲ ਦੇ) ਫਤਵੇ ਵੀ ਜਾਰੀ ਹੋਣ ਲੱਗ ਪਏ। ਉਨ੍ਹਾਂ ਦੀ ਇੱਕ ਦਲੀਲ ਇਹ ਹੈ ਕਿ ਜੇ ਅਸੀਂ
‘ਸਿੱਖ ਰਹਿਤ ਮਰਿਆਦਾ’ ਵਿੱਚ ‘ਹਾਂ-ਪੱਖੀ’ ਤਬਦੀਲੀਆਂ ਦੀ ਗੱਲ ਕਰਾਂਗੇ ਤਾਂ ਸੰਪਰਦਾਈ, ਡੇਰੇਦਾਰ
ਆਦਿ ਇਸ ਦਾ ਗਲਤ ਫਾਇਦਾ ਉਠਾਉਣਗੇ। ਉਹ ਇਸ ਵਿੱਚ ਕਈਂ ਨਾ-ਪੱਖੀ ਤਬਦੀਲੀਆਂ ਕਰ ਦੇਣਗੇ। ਪਰ ਇਹ
ਦਲੀਲ ਠੀਕ ਨਹੀਂ, ਕਿਉਂਕਿ ਸੰਪਰਦਾਈ ਇਸ ਰਹਿਤ ਮਰਿਆਦਾ ਨੂੰ ਮੰਨਦੇ ਹੀ ਨਹੀਂ।
ਇੱਕ ਵਿਚਾਰਯੋਗ ਨੁਕਤਾ ਇਹ ਵੀ ਹੈ ਕਿ ਇਸ ਰਹਿਤ ਮਰਿਆਦਾ (ਸਮਝੋਤਾਵਾਦੀ ਹੋ ਕੇ ਵੀ) ਪੰਥ ਵਿੱਚ
ਇੱਕਸਾਰਤਾ ਨਹੀਂ ਆ ਸਕੀ। ਜਿਸ ਦੀ ਇਸ ਦੇ ਬਣਾਉਣ ਵਾਲਿਆਂ ਨੇ ਉਮੀਦ ਕੀਤੀ ਸੀ। ਮਰਿਆਦਾ ਲਾਗੂ ਹੋਣ
ਤੋਂ ਬਾਅਦ ਵੀ ਸਿੱਖ ਸਮਾਜ ਵਿੱਚ ਅੰਧਵਿਸ਼ਵਾਸ਼, ਕਰਮਕਾਂਡ ਵਧੇ ਹੀ ਹਨ। ਦੂਜੇ ਪਾਸੇ ਮੁਸ਼ਕਿਲ ਇਹ ਹੈ
ਕਿ ਇਸ ਵਿੱਚ ਰਹਿ ਗਏ ਗੈਰ ਸਿਧਾਂਤਕ ਨੁਕਤੇ ਨਿਰੋਲ ‘ਨਾਨਕਵਾਦ’ (ਸੱਚ) ਦੇ ਪਾਂਧੀਆਂ ਨੂੰ ਪ੍ਰੇਸ਼ਾਨ
ਕਰਦੇ ਹਨ। ਉਨ੍ਹਾਂ ਦਾ ਜ਼ਮੀਰ ਹੁਣ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਉਹ ਸੱਭ ਕੁੱਝ ਸਮਝਦੇ
ਬੂਝਦੇ ‘ਰਹਿਤ ਮਰਿਆਦਾ’ ਦੀ ਖਾਤਰ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਉਲਟ ਚਲਦੇ ਰਹਿਣ। ਇਸ ਕਰਕੇ
ਉਨ੍ਹਾਂ ਨੇ ਇਸ ਵਿੱਚ ਰਹਿ ਗਈਆਂ ਸਿਧਾਂਤਕ ਕਮੀਆਂ ਬਾਰੇ ਜਾਗ੍ਰਿਤੀ ਲਿਆਉਣ ਦਾ ਮਨ ਬਣਾ ਲਿਆ। ਇਹ
ਵੀ ਗੱਲ ਧਿਆਨ ਰੱਖਣ ਯੋਗ ਹੈ ਕਿ ਇਸ ਮਰਿਆਦਾ ਨੂੰ ਬ੍ਰਾਹਮਣਵਾਦ ਦੀ ਅਫੀਮ ਦੇ ਆਦੀ ਹੋ ਚੁੱਕੇ
(ਸੰਪਰਦਾਈ ਅਤੇ ਹੋਰ) ਸਿੱਖਾਂ ਨੇ ਕਦੇ ਨਹੀਂ ਅਪਣਾਉਣਾ। ਘੱਟੋ-ਘੱਟ ਜੋ ਮਰਿਆਦਾ ਤੋਂ ਸੇਧ ਲੈਣਾ
ਚਾਹੁੰਦੇ ਹਨ, ਉਨ੍ਹਾਂ ਨੂੰ ਤਾਂ ਸਿਧਾਂਤਕ ਤੋਰ ਤੇ ਖਰਾ ਸੱਚ ਮਿਲੇ। ਸੋ ਇਸੇ ਮਨਸ਼ਾ ਨਾਲ ਸਾਡਾ ਇਹ
ਲੇਖ ਲਿਖਣ ਦਾ ਵਿਚਾਰ ਬਣਿਆ।
ਅਸੀਂ ਲੇਖ ਦੀ ਨੁਕਤਾਵਾਰ ਵਿਚਾਰ ਤੋਂ ਪਹਿਲਾਂ ਗੱਲ ਸਪਸ਼ਟ ਕਰ ਦੇਣਾ
ਚਾਹੁੰਦੇ ਹਾਂ ਕਿ ਅਸੀਂ (ਅਤੇ ਹੋਰ ਤੱਤ ਗੁਰਮਤਿ ਵਾਲੇ) ਰਹਿਤ ਮਰਿਆਦਾ ਨੂੰ ਰੱਦ ਨਹੀਂ ਕਰਦੇ ਅਤੇ
ਨਾ ਇਸ ਦੀ ਲੋੜ ਤੋਂ ਮੁਨਕਰ ਹਾਂ। ਸਾਡਾ ਦਾ ਇਹ ਪੱਕਾ ਵਿਸ਼ਵਾਸ਼ ਹੈ ਕਿ ਸਿੱਖ ਸਮਾਜ ਵਿੱਚ ਇੱਕਸਾਰਤਾ
ਅਤੇ ਸੇਧ ਲਈ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ ਉਪਰ ਆਧਾਰਿਤ ਇੱਕ ‘ਜੀਵਨ-ਜਾਚ’ (ਰਹਿਤ ਮਰਿਆਦਾ)
ਬਹੁਤ ਜ਼ਰੂਰੀ ਹੈ। ਸੋ ਸਾਡਾ ਵਿਚਾਰ ਹੈ ਕਿ ਇਹ ‘ਜੀਵਨ-ਜਾਚ’ ਬਿਨਾਂ ਕਿਸੇ ਸਮਝੋਤਾਵਾਦੀ ਪਹੂੰਚ ਦੇ
ਨਿਰੋਲ ਸਿਧਾਂਤਕ ਆਧਾਰ ਉੱਤੇ ਬਣਾਈ ਜਾਵੇ। ਇਸ ਟੀਚੇ ਬਾਰੇ ਜਾਗ੍ਰਿਤੀ ਲਿਆਉਣ ਦੀ ਮਨਸ਼ਾ ਨਾਲ ਇਹ
ਲੇਖ ਲਿਖ ਰਹੇ ਹਾਂ।
ਇਹ ਸਾਡਾ ਬਿਲਕੁਲ ਦਾਅਵਾ ਨਹੀਂ ਹੈ ਕਿ ਸਾਡਾ ਹਰ ਵਿਚਾਰ ਸਹੀ ਹੈ, ਪਰ ਇਨ੍ਹਾਂ ਜ਼ਰੂਰ ਹੈ ਕਿ ਜਿਸ
ਵੀ ਨੁਕਤੇ ਉਪਰ ਵਿਚਾਰ ਹੋਵੇ, ਸਿਧਾਂਤਕ ਅਤੇ ਦਲੀਲ ਆਧਾਰਿਤ ਹੋਵੇ। ਸੋ ਨੁਕਤਾਵਾਰ ਪ੍ਰਚਲਿਤ ਰਹਿਤ
ਮਰਿਆਦਾ ਵਿੱਚ ਰਹਿ ਗਈਆਂ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਗਲਤੀਆਂ (ਕਮਜ਼ੋਰੀਆਂ) ਨੂੰ ਲਿਖ ਰਹੇ
ਹਾਂ। ਨਾਲ ਹੀ ਅਸੀਂ ਆਪਣੀ ਤੁੱਛ ਬੁੱਧੀ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਉਸ ਨੁਕਤੇ ਵਿੱਚ ਸੁਧਾਰ
ਬਾਰੇ ਲਿਖ ਰਹੇ ਹਾਂ। ਮਕਸਦ ਹੈ ਕਿ ਇਸ ਨਾਲ ਕੌਮ ਵਿੱਚ ਇਸ ਬਾਰੇ ਚਰਚਾ ਸ਼ੁਰੂ ਹੋ ਸਕੇ। ਸਾਡਾ
ਦਾਅਵਾ ਨਹੀਂ ਹੈ ਕਿ ਅਸੀਂ ਕੁੱਝ ਬਦਲ ਦਿਆਂਗੇ ਨਾ ਸਾਡੀ ਕੋਈ ਪਾਇਆਂ ਹੈ। ਨਿਰੋਲ ਨਾਨਕਵਾਦ ਦੀ ਰਾਹ
ਉੱਤੇ ਤੁਰਨ ਦੇ ਚਾਹਵਾਨਾਂ ਲਈ ਆਪਣੇ ਵਿਚਾਰ ਪੇਸ਼ ਕਰ ਰਹੇ ਹਾਂ। ਜਿਸ ਨੂੰ ਠੀਕ ਲਗਣ, ਇਸ ਬਾਰੇ
ਅੱਗੇ ਪ੍ਰਚਾਰ ਕਰ ਸਕਦਾ ਹੈ। ਜੇ ਕੁੱਝ ਕਮੀ ਲੱਗੇ ਤਾਂ ਸਿਧਾਂਤ ਅਤੇ ਦਲੀਲ ਅਧਾਰਿਤ ਆਪਣੇ ਵਿਚਾਰ
ਦੇ ਸਕਦਾ ਹੈ। ‘ਧਰਮ’ ਇੱਕ ਸਵੈ ਇੱਛਾ ਦਾ ਮੁੱਦਾ ਹੈ, ਕਿਸੇ ਤੇ ਥੋਪਿਆ ਨਹੀਂ ਜਾ ਸਕਦਾ। ਇਸੇ
ਤਰ੍ਹਾਂ ਅਸੀਂ ਸਿਰਫ ਵਿਚਾਰ ਦੇ ਸਕਦੇ ਹਾਂ, ਸਿਧਾਂਤ ਅਤੇ ਦਲੀਲ ਨਾਲ ਸਮਝਾ ਸਕਦੇ ਹਾਂ। ਉਸ ਨੂੰ
ਅਪਣਾਉਣਾ ਹੈ ਜਾਂ ਨਹੀਂ ਹਰ ਇੱਕ ਦੀ ਆਪਣੀ ਮਰਜ਼ੀ ਹੈ। ਨਾਨਕ ਸਾਹਿਬ ਜੀ ਨੇ ਵੀ ਹਰਿਦੁਆਰ ਜਾਂ
ਜਗਨਨਾਥਪੁਰੀ ਵਿੱਚ ਜਾ ਕੇ ਸਿਰਫ ਦਲੀਲ ਨਾਲ ਗਲਤ ਰੀਤਾਂ ਰਸਮਾਂ ਦਾ ਖੰਡਨ ਕੀਤਾ ਅਤੇ ਸੱਚ ਦਸਿਆ।
ਜਿਸ ਨੂੰ ਚੰਗਾ ਲਗਿਆ ਉਸ ਨੇ ਅਪਣਾ ਲਿਆ। ਵਰਨਾ ਹੁਣ ਵੀ ਹਰਿਦੁਆਰ (ਜਾਂ ਘਰਾਂ) ਵਿੱਚ ਲੋਕ ਸੂਰਜ
ਨੂੰ ਪਾਣੀ ਦੇ ਰਹੇ ਹਨ। ਜਗਨਨਾਥ ਮੰਦਰ ਵਿੱਚ ਹੁਣ ਵੀ ਉਸੇ ਤਰ੍ਹਾਂ ਆਰਤੀ ਕੀਤੀ ਜਾ ਰਹੀ ਹੈ। ਕਈਂ
ਸਿੱਖਾਂ ਨੇ ਗੁਰਦੁਵਾਰਿਆਂ ਵਿੱਚ ਵੀ ਆਰਤੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਵਿੱਚ ਕਹਿਲਾਉਂਦੇ ਸਾਡੇ
ਦੋ ਤਖ਼ਤ ਵੀ ਸ਼ਾਮਿਲ ਹਨ, ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ। ਇਹ ਉਨ੍ਹਾਂ ਦੀ ਆਪਣੀ ਮੱਤ ਹੈ ਗੁਰਮਤਿ
ਨਹੀਂ।
ਆਸ ਹੈ, ਹੁਣ ਤੱਕ ‘ਸੂਝਵਾਨ ਪਾਠਕ ਅਤੇ ਸਿੱਖ’ ਸਾਡੀ ਮਨਸ਼ਾ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਣਗੇ।
ਜਿਨ੍ਹਾਂ ਸਿੱਖਾਂ (ਭੇਖ ਵਾਲਿਆਂ ਨੇ) ਹਰ ਚੰਗੀ ਗੱਲ ਲਈ ‘ਸੋਧ ਦੇਣ’ ਦੇ ਫਤਵੇ ਦੇਣੇ ਹਨ, ਉਨ੍ਹਾਂ
ਨੂੰ ਕੋਈ ਰੋਕ ਨਹੀਂ ਸਕਦਾ। ਐਸੇ ਲੋਕ ਤਾਂ ਬਾਬਾ ਨਾਨਕ ਨੂੰ ਵੀ ਨਹੀਂ ਸਨ ਬਖਸ਼ਦੇ, ਸਾਡੀ ਤਾਂ ਔਕਾਤ
ਹੀ ਕੀ ਹੈ। ਅਸੀਂ ਤਾਂ ਸਿਰਫ ਬਾਬਾ ਨਾਨਕ ਜੀ ਦੇ ਪਦ-ਚਿੰਨ੍ਹਾਂ ਉੱਤੇ ਚੱਲਣ ਦੀ ਨਿਮਾਣੀ ਜਿਹੀ
ਕੋਸ਼ਿਸ ਕਰਕੇ ਸਿਧਾਂਤ ਅਤੇ ਦਲੀਲ ਰਾਹੀਂ ਕੁੱਝ ਨੁਕਤੇ ਸਮਝਾਉਣ ਦੀ ਇੱਛਾ ਨਾਲ ਲਿਖ ਰਹੇ ਹਾਂ।
‘ਸਿੱਖ ਰਹਿਤ ਮਰਿਆਦਾ ਦੇ ਕੁੱਝ ਭਾਗਾਂ ਦੀ ਨੁਕਤਾਵਾਰ ਆਲੋਚਨਾਤਮਕ ਵਿਚਾਰ’
(1) ਸਿੱਖ ਦੀ ਤਾਰੀਫ: ਇਸ ਸਿਰਲੇਖ ਅਧੀਨ ਸਿੱਖ ਦੀ ਪਰਿਭਾਸ਼ਾ ਦਿੱਤੀ ਗਈ ਹੈ।
“ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ
ਲੈ ਕੇ ਗੁਰੂ ਗੋਬਿੰਦ ਸਿੰਘ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ
ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ
ਮੰਨਦਾ, ਉਹ ਸਿੱਖ ਹੈ।”
ਵਿਚਾਰ: ਇਸ ਪਰਿਭਾਸ਼ਾ ਦੀ ਸ਼ਬਦਾਵਲੀ ਸਿਧਾਂਤਕ ਤੌਰ ਉੱਤੇ ਭੁਲੇਖਾ ਪਾਉ ਲਗਦੀ ਹੈ। ਕੋਈ ਸ਼ਪੱਸ਼ਟਤਾ
ਨਹੀਂ ਮਿਲਦੀ। ਕੁੱਝ ਕਮੀਆਂ ਮਹਿਸੂਸ ਹੁੰਦੀਆਂ ਹਨ ਜੋ ਇਸ ਪ੍ਰਕਾਰ ਠੀਕ ਕੀਤੀਆਂ ਜਾ ਸਕਦੀਆਂ ਹਨ।
(ੳ) ਜੋ ਇਸਤਰੀ ਜਾਂ ਪੁਰਸ਼ ਲਿਖਿਆ ਹੈ। ਕੀ ਕਿੰਨਰ (ਹੀਜੜੇ) ਜਿਸ ਨੂੰ ਸਮਾਜ (ਗਲਤ ਤੌਰ ਤੇ) ਇਸਤਰੀ
ਜਾਂ ਪੁਰਸ਼ ਵਿੱਚੋਂ ਇੱਕ ਵੀ ਨਹੀਂ ਮੰਨਦਾ, ਕੀ ਉਹ ਸਿੱਖ ਨਹੀਂ ਹੋ ਸਕਦੇ?
ਇੱਥੇ ਸਿਰਫ ‘ਜੋ ਮਨੁੱਖ’ ਲਫਜ਼ ਵਰਤੇ ਜਾਣ ਤਾਂ ਸਿਧਾਂਤ ਵਜੋਂ ਠੀਕ ਲਗਦਾ ਹੈ? ‘ਮਨੁੱਖ’ ਵਿੱਚ ਸਾਰੇ
ਹੀ ਆ ਜਾਂਦੇ ਹਨ।
(ਅ) ਗੁਰਬਾਣੀ ਸਪੱਸ਼ਟ ਪ੍ਰਚਾਰਦੀ ਹੈ ਕਿ “ਏਕਾ ਬਾਣੀ ਇੱਕ ਗੁਰ ਇਕੋ ਸਬਦ ਵਿਚਾਰ”
ਭਾਵ: ਗੁਰੂ ਸਿਰਫ ਇੱਕ ਹੈ, ਉਹੀ ਜਿਸ ਬਾਰੇ ਨਾਨਕ ਪਾਤਸ਼ਾਹ ਜੀ ਨੇ ਦੱਸਿਆ:
“ਸ਼ਬਦ ਗੁਰੂ ਸੁਰਤ ਧੁਨ ਚੇਲਾ”
ਭਾਵ: ਸੱਚ ਦਾ ਗਿਆਨ (ਸ਼ਬਦ) ਹੀ ਗੁਰੂ ਹੈ। ਫਿਰ ਇੱਥੇ ‘ਦਸ ਗੁਰੂ’ ਲਫਜ਼ ਕਿਉਂ? ਗੁਰੂ ਇੱਕ ਤੋਂ ਵੱਧ
ਕਿਵੇਂ ਹੋ ਸਕਦੇ ਹਨ? ਇੱਥੇ ਐਸੀ ਸ਼ਬਦਾਵਲੀ ਵਰਤੀ ਜਾ ਸਕਦੀ ਸੀ ਜੋ ਸਿਧਾਂਤਕ ਗਲਤੀ ਨੂੰ ਸੁਧਾਰ
ਸਕਦੀ। ਸਾਡਾ ਵਿਚਾਰ ਹੈ ਕਿ ਜੇ ਇੱਥੇ ‘ਨਾਨਕ ਵਿਚਾਰਧਾਰਕ ਜੋਤ ਦੇ ਦਸ ਜਾਮਿਆਂ’ ਲਫਜ਼ ਵਰਤੇ ਜਾਣ
ਤਾਂ ਜ਼ਿਆਦਾ ਢੁੱਕਵੇਂ ਹੋ ਸਕਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਜੇ ਕਿਸੇ ਸਿੱਖ ਨੂੰ ਪੁੱਛ ਲਈਏ ਕਿ ਸਿੱਖਾਂ ਦੇ ਕਿਤਨੇ ਗੁਰੂ ਹਨ? ਤਾਂ
ਇਹੋ ਰਟਿਆ ਹੋਇਆ ਜਵਾਬ ਮਿਲੇਗਾ ਕਿ ‘ਦਸ ਗੁਰੂ’। ਇਹੀ ਗੱਲ ਕਈ ਕਿਤਾਬਾਂ ਰਾਹੀਂ ਵੀ ਪ੍ਰਚਾਰੀ
ਜਾਂਦੀ ਹੈ। ਜੇ ਉਸ ‘ਦਸ’ ਦੇ (ਭਾਵੇਂ ਗਲਤ) ਨਜ਼ਰੀਏ ਨਾਲ ਵੀ ਵੇਖੀਏ ਤਾਂ ਸਿੱਖਾਂ ਦੇ ‘ਗਿਆਰਾਂ’
ਗੁਰੂ ਬਣਦੇ ਹਨ। ਕੀ ਸਿੱਖ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗੁਰੂ’ ਨਹੀਂ ਮੰਨਦੇ? ਜੇ ਹਾਂ ਤਾਂ
ਫਿਰ ਸਿੱਖਾਂ ਦੇ ਗੁਰੂ ਦਸ ਕਿਉਂ ਪ੍ਰਚਾਰ ਰਹੇ ਹਾਂ।
ਅਸਲ ਵਿੱਚ ਸਿੱਖਾਂ ਦਾ ਗੁਰੂ ਇੱਕ ਹੀ ਸੀ, ਇੱਕ ਹੀ ਹੈ, ਅਤੇ ਇੱਕ ਹੀ ਰਹੇਗਾ (ਇਹੀ ਗੱਲ ਸਾਰੀ
ਮਨੁੱਖਤਾ ਵਾਸਤੇ ਲਾਗੂ ਹੁੰਦੀ ਹੈ) ਉਹ ਹੈ ‘ਸੱਚ ਦਾ ਗਿਆਨ’ ਰੂਪੀ ‘ਗੁਰੂ’। ਇਸੇ ਸੱਚ ਦੇ ਗਿਆਨ
(ਸ਼ਬਦ) ਨੂੰ ਨਾਨਕ ਪਾਤਸ਼ਾਹ ਨੇ ਆਪਣਾ ਗੁਰੂ ਪ੍ਰਚਾਰਿਆ ਸੀ। ਅਸਲ ਵਿੱਚ ‘ਗੁਰੂ’ ਨਾਨਕ ਪਾਤਸ਼ਾਹ ਜੀ
ਵੱਲੋਂ ਸਮਝਾਈ ਗਈ ਵਿਚਾਰਧਾਰਾ (ਸੱਚ ਦਾ ਗਿਆਨ) ਹੀ ਸੀ, ਉਹੀ ‘ਵਿਚਾਰਧਾਰਕ ਜੋਤ’ ਅੰਗਦ ਪਾਤਸ਼ਾਹ ਜੀ
ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਰਹੀ ਅਤੇ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਵੀ ‘ਸੱਚ ਦੇ ਗਿਆਨ’
ਰੂਪੀ ਉਹੀ ‘ਵਿਚਾਰਧਾਰਕ ਜੋਤ’ ਵਿਚਰ ਰਹੀ ਹੈ। ਅਸੀਂ ਆਪ ਕਹਿੰਦੇ ਹਾਂ ਕਿ ਗੁਰਬਾਣੀ ਅਨੁਸਾਰ
‘ਗੁਰੂ’ ਜੰਮਦਾ ਜਾਂ ਮਰਦਾ ਨਹੀਂ ਪਰ (ਨਾਨਕ ਸਾਹਿਬ ਜੀ ਤੋਂ ਦਸਵੇਂ ਪਾਤਸ਼ਾਹ ਤੱਕ) ਸਾਰੇ ਪੰਜ ਭੂਤਕ
ਸ਼ਰੀਰ ਪੈਦਾ ਵੀ ਹੋਏ ਅਤੇ ਸ਼ਰੀਰਕ ਤੌਰ ਤੇ ਚਲਾਣਾ ਵੀ ਕਰ ਗਏ। ਇਸ ਕਰਕੇ ਉਹ ਪੰਜ ਭੂਤਕ ਸ਼ਰੀਰ ਸਾਡੇ
‘ਗੁਰੂ’ ਨਹੀਂ ਸਨ। ਸਾਡਾ ‘ਗੁਰੂ’ ਸੱਚ ਦੇ ਗਿਆਨ ਦੀ ਵਿਚਾਰਧਾਰਾ ਹੀ ਸੀ, ਇਹ ਹੀ ਹੈ, ਤੇ ਇਹ ਹੀ
ਹਮੇਸ਼ਾਂ ਰਹੇਗੀ।
(ੲ) ਇਸੇ ਪਰਿਭਾਸ਼ਾ ਵਿੱਚ ਅੱਗੇ ਲਿਖਿਆ ਹੈ ਕਿ:
‘ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਨਿਸ਼ਚਾ’
ਹੁਣ ਸਵਾਲ ਇਹ ਉਠਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਇਲਾਵਾ ‘ਦਸ ਗੁਰੂ ਸਾਹਿਬਾਨ’ ਜੀ ਦੀ
ਹੋਰ ਕਿਹੜੀ ਬਾਣੀ ਹੈ? ਤੇ ‘ਅਤੇ’ ਲਫਜ਼ ਤਾਂ ਇੱਥੇ ਬਿਲਕੁਲ ਠੀਕ ਨਹੀਂ ਢੁੱਕਦਾ। ਕੀ ਇਸ ਦਾ ਇਹ ਭਾਵ
ਨਹੀਂ ਨਿਕਲਦਾ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਵੀ ਪ੍ਰਚਲਤ ਗੁਰੂ ਸਾਹਿਬਾਨ ਦੀ ਬਾਣੀ
ਮਿਲਦੀ ਹੈ? ਜੇ ਗੱਲ ਸਿਰਫ ਦਸਮ ਗ੍ਰੰਥ (ਅਸਲ ਨਾਂ ਬਚਿੱਤਰ ਨਾਟਕ) ਦੀ ਹੈ ਤਾਂ ਇਹ ਲਿਖਿਆ ਜਾਣਾ
ਚਾਹੀਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ’। ਜੋ ਕਿ ਸਿਧਾਤਕ ਤੌਰ
ਉੱਤੇ ਤਾਂ ਇਹ ਵੀ ਗਲਤ ਹੋਣਾ ਸੀ। ਹੁਣ ਤੱਕ ਗੁਰਮਤਿ ਦੇ ਖੇਤਰ ਵਿੱਚ ਹੋਈਆਂ ਖੋਜਾਂ ਨੇ ਇਹ ਸਾਬਿਤ
ਕਰ ਦਿੱਤਾ ਹੈ ਕਿ ਦਸਮ ਗ੍ਰੰਥ ਵਿੱਚ ਕੋਈ ਵੀ ਰਚਨਾ ਦਸਵੇਂ ਪਾਤਸ਼ਾਹ ਜੀ ਦੀ ਨਹੀਂ ਹੈ। (ਪੜ੍ਹੋ, ਸ.
ਗੁਰਮੁਖ ਸਿੰਘ ਜੀ ਦਿੱਲੀ ਵਾਲਿਆਂ ਦੀ ਰਚਨਾ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦਸਮ
ਗ੍ਰੰਥ ਦੀ ਵਿਚਾਰ’ ਅਤੇ ਸ. ਜਸਬਿੰਦਰ ਸਿੰਘ ਖਾਲਸਾ ਦੁਬਈ ਵਾਲਿਆ ਦੀ ਰਚਨਾ ‘ਦਸਮ ਗ੍ਰੰਥ ਦਾ
ਲਿਖਾਰੀ ਕੌਣ’ )।
ਦਸਮ ਗ੍ਰੰਥ ਨੂੰ ਬਾਣੀ ਦੇ ਤੌਰ ਉੱਤੇ ਰੱਦ ਕਰਦੀਆ ਦੋ ਚਾਰ ਦਲੀਲਾਂ ਸੰਖੇਪ ਵਿੱਚ ਵਿਚਾਰ ਕੇ ਅੱਗੇ
ਵੱਧਦੇ ਹਾਂ।
* ਹਰ ਸਿੱਖ ਮੰਨਦਾ ਹੈ ਕਿ ਨਾਨਕ ਪਾਤਸ਼ਾਹ ਜੀ ਤੋਂ ਦਸਵੇਂ ਪਾਤਸ਼ਾਹ ਜੀ ਤੱਕ ਇੱਕੋ ਹੀ (ਵਿਚਾਰਧਾਰਕ)
ਜੋਤ ਸੀ। ਇਸ ਦਾ ਪ੍ਰਤੱਖ ਸਬੂਤ ਹੈ ਕਿ ਜਿੰਨ੍ਹੇ ਵੀ ਨਾਨਕ ਜਾਮਿਆਂ ਨੇ ਬਾਣੀ ਰਚੀ ਉਹ ‘ਨਾਨਕ’ ਛਾਪ
ਹੇਠ ਹੀ ਰਚੀ। ਕੀ ਦਸਵੇਂ ਪਾਤਸ਼ਾਹ ਜੀ ਵਿੱਚ ਅਲੱਗ ਜੋਤ ਸੀ ਜੋ ਉਨ੍ਹਾਂ ਨੇ ‘ਨਾਨਕ’ ਛਾਪ ਛੱਡ
ਦਿੱਤੀ? ਕੀ ਐਸਾ ਮੰਨਣ ਵਾਲਾ ਸੱਚਾ ਸਿੱਖ ਹੋ ਸਕਦਾ ਹੈ?
* ਪੰਜਵੇਂ ਨਾਨਕ ਜੀ ਨੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ ਵੇਲੇ ਇਸ ਵਿੱਚ ਪਹਿਲੇ ਪੰਜ ਨਾਨਕ
ਜਾਮਿਆਂ (ਸਮੇਤ ਆਪਣੇ) ਅਤੇ ਹੋਰ ਭਗਤਾਂ, ਸਿੱਖਾਂ ਦੀ ਬਾਣੀ ਚੜ੍ਹਾਈ। ਦਸਵੇਂ ਨਾਨਕ ਜੀ ਨੇ ਇਸ ਦੀ
ਪੁਨਰਸੰਪਾਦਨਾ ਵੇਲੇ ਇਸ ਵਿੱਚ ਨੌਵੇਂ ਨਾਨਕ ਜੀ ਦੀ ਬਾਣੀ ਯੋਗ ਥਾਂ ਉਪੱਰ ਪਾ ਦਿੱਤੀ। ਜੇ ਦਸਵੇਂ
ਨਾਨਕ ਜੀ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸ਼ਾਮਿਲ ਕਰ
ਜਾਂਦੇ। ਉਨ੍ਹਾਂ ਨੂੰ ਪੂਰਾ ਹੱਕ ਸੀ। ਕੀ ਇਹ ਗੱਲ ਸਪੱਸ਼ਟ ਨਹੀਂ ਕਰਦੀ ਕਿ ਦਸਵੇਂ ਨਾਨਕ ਜੀ ਨੇ ਕੋਈ
ਬਾਣੀ ਨਹੀਂ ਰਚੀ।
* ਜਿੰਨ੍ਹੇ ਵੀ ਨਾਨਕ ਜਾਮਿਆਂ ਨੇ ਬਾਣੀ ਰਚੀ, ਉਨ੍ਹਾਂ ਨੇ ਆਪਣੇ ਵਾਸਤੇ ਨਿਮਰਤਾ ਸੂਚਕ ਸ਼ਬਦ ‘ਦਾਸ’
‘ਜਨ’ ‘ਨੀਚ’ ਆਦਿ ਹੀ ਵਰਤੇ। ਕੀ ਉਹੀ ਨਾਨਕ ਜੋਤ ਦਸਵੇਂ ਜਾਮੇ ਵਿੱਚ ਆਪਣੇ ਵਾਸਤੇ ‘ਪਾਤਸ਼ਾਹੀ’
ਜਿਹੇ ਸ਼ਬਦ ਵਰਤ ਸਕਦੇ ਸਨ? ਅਸੀਂ ਉਨ੍ਹਾਂ ਨੂੰ ਸਤਿਕਾਰ ਵਾਸਤੇ ‘ਪਾਤਸ਼ਾਹ’ ਕਹਿੰਦੇ ਹਾਂ। ਬੇਸ਼ੱਕ ਉਹ
‘ਪਾਤਸ਼ਾਹ’ ਸਨ ਪਰ ਆਪਣੇ ਵਾਸਤੇ ਖ਼ੁਦ ਉਹ ਇਹੋ ਜਿਹੇ ਸ਼ਬਦ ਨਹੀਂ ਵਰਤ ਸਕਦੇ ਸਨ।
* ਨਾਂਦੇੜ ਵਿਖੇ ਦਸਵੇਂ ਨਾਨਕ ਜੀ ਨੇ ਸਮੁੱਚੀ ਸਿੱਖ ਕੌਮ ਨੂੰ ਸਿਰਫ ਤੇ ਸਿਰਫ ‘ਗੁਰੂ ਗ੍ਰੰਥ
ਸਾਹਿਬ ਜੀ’ ਦੇ ਲੜ ਲਾਇਆ। ਜੇ ਉਨ੍ਹਾਂ ਦੀ ਆਪਣੀ ਕੋਈ ਰਚਨਾ ਹੁੰਦੀ ਤਾਂ ਸਾਨੂੰ ਉਸ ਦੇ ਵੀ ਲੜ ਲਾ
ਜਾਂਦੇ। ਕੀ ਉਨ੍ਹਾਂ ਤੋਂ ਬਾਅਦ ਅਖੌਤੀ ਦਸਮ ਗ੍ਰੰਥ ਨੂੰ ਦਸਵੇਂ ਨਾਨਕ ਜੀ ਦੀ ਬਾਣੀ ਪ੍ਰਚਾਰਨ ਵਾਲੇ
ਆਪਣੇ ਆਪ ਨੂੰ ਨਾਨਕ ਜੋਤ ਤੋਂ ਜ਼ਿਆਦਾ ਸਿਆਣੇ ਬਣਨ ਦੀ ਕੋਸ਼ਿਸ ਨਹੀਂ ਕਰ ਰਹੇ?
ਵੈਸੇ ਵੀ ਦਸਮ ਗ੍ਰੰਥ ਦੀਆਂ 99% ਰਚਨਾਵਾਂ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉੱਤੇ ਪੂਰੀਆਂ
ਨਹੀਂ ਉਤਰਦੀਆਂ।
(ਸ) ਇਸੇ ਪਰਿਭਾਸ਼ਾ ਵਿੱਚ ਅੱਗੇ ਲਿਖਿਆ ਹੈ ਕਿ:
“ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ”
ਵਿਚਾਰ: ਨਾਨਕ ਸਾਹਿਬ ਜੀ ਆਪਣੀ ਰਚਨਾ ਵਿੱਚ ਬਿਲਕੁਲ ਸਪੱਸ਼ਟ ਕਰਦੇ ਹਨ ਕਿ:
“ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ”
ਭਾਵ: ਅੰਮ੍ਰਿਤ (ਆਤਮਕ ਮੌਤ ਤੋਂ ਬਚਾਉਣ ਵਾਲਾ) ਸਿਰਫ ਤੇ ਸਿਰਫ ਇੱਕ ਹੀ ਹੈ। ਹੋਰ ਕੋਈ
ਅੰਮ੍ਰਿਤ ਨਹੀਂ ਹੈ। ਉਹ ਅੰਮ੍ਰਿਤ ‘ਨਾਮ’ (ਸੱਚ ਦਾ ਗਿਆਨ) ਹੀ ਹੈ। ਕੀ ਇੱਥੇ ‘ਦਸਮੇਸ਼’ ਜੀ ਦਾ
‘ਅੰਮ੍ਰਿਤ’ ਲਿਖਣਾ ਠੀਕ ਲਗਦਾ ਹੈ? ਨਾਮ ਅੰਮ੍ਰਿਤ ਦੀ ਸੋਝੀ ਤਾਂ ਨਾਨਕ ਪਾਤਸ਼ਾਹ ਜੀ ਨੇ ਬਖਸ਼ੀ ਸੀ।
ਤਾਂ ‘ਦੂਜਾ’ ਅੰਮ੍ਰਿਤ ਕਿੱਥੋਂ ਆ ਗਿਆ? ਕੀ ਗੁਰਮਤਿ, ਬਾਣੀ ਪੜ੍ਹਨ ਨਾਲ ਕਿਸੇ ਜਲ ਦੇ ‘ਅੰਮ੍ਰਿਤ’
ਬਣ ਜਾਣ ਦੇ ਸਿਧਾਂਤ ਨੂੰ ਮੰਨਦੀ ਹੈ? ਬਿਲਕੁਲ ਨਹੀਂ ਮੰਨਦੀ। ਇਸ ਦਾ ਭਾਵ ਹੈ ਕਿ ਇੱਥੇ ‘ਅੰਮ੍ਰਿਤ’
ਸ਼ਬਦ ਗਲਤ ਪ੍ਰਚਲਿਤ ਹੋ ਗਿਆ ਹੈ। ਅਸਲ ਵਿੱਚ ਦਸਵੇਂ ਨਾਨਕ ਜੀ ਨੇ ‘ਖੰਡੇ ਦੀ ਪਾਹੁਲ’ ਦੀ ਰਸਮ ਸ਼ੁਰੂ
ਕੀਤੀ ਸੀ। ਜਿਸ ਦਾ ਜ਼ਿਕਰ ਕਈ ਪੁਰਾਤਨ ਲਿਖਤਾਂ ਵਿੱਚ ਵੀ ਮਿਲਦਾ ਹੈ। ਪਰ ਬ੍ਰਾਹਮਣਵਾਦ ਦੇ ਪ੍ਰਭਾਵ
ਹੇਠ ਸਿੱਖ ਸਮਾਜ ਵਿੱਚ ਇਹ ‘ਪਾਹੁਲ’ ਲਫਜ਼ ਬਦਲ ਕੇ ‘ਅੰਮ੍ਰਿਤ’ ਪ੍ਰਚਲਿਤ ਹੋ ਗਿਆ ਹੈ। ਹੁਣ ਜੋ
ਸਿੱਖ ਇਸ ਦੇ ਸੁਧਾਰ ਦੀ ਗੱਲ ਕਰਦਾ ਹੈ, ਉਹ ਨਾਸਤਿਕ ਕਹਿਲਾਉਂਦਾ ਹੈ।
ਅੱਗੇ ਇਸ ‘ਅੰਮ੍ਰਿਤ’ (ਅਸਲ ਵਿੱਚ ਖੰਡੇ ਦੀ ਪਾਹੁਲ) ਉੱਤੇ ‘ਨਿਸ਼ਚਾ’ ਰੱਖਣ ਦੀ ਗੱਲ ਕੀਤੀ ਗਈ ਹੈ।
‘ਨਿਸ਼ਚਾ’ ਸ਼ਬਦ ਕਾਰਨ ਕਈ ਵਿਦਵਾਨ ਸਿਰਫ ਨਿਸ਼ਚਾ ਰੱਖਣ ਨੂੰ ਹੀ ਜ਼ਰੂਰੀ ਸਮਝਦੇ ਹਨ ਨਾ ਕਿ ਅਪਣਾਉਣ
ਨੂੰ। ਇਸ ਕਰ ਕੇ ਇੱਥੇ ‘ਖੰਡੇ ਦੀ ਪਾਹੁਲ ਅਪਨਾਵੇ’, ਲਫਜ਼ ਵਰਤਣੇ ਜ਼ਿਆਦਾ ਢੁੱਕਵੇਂ ਹੋ ਸਕਦੇ ਹਨ।
(ਹ) ਇਸੇ ਪਰਿਭਾਸ਼ਾ ਦੀ ਅੰਤਿਮ ਪੰਕਤੀ ਵਿੱਚ ‘ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ’ ਲਫਜ਼ ਆਏ ਹਨ।
ਗੁਰਮਤਿ ਅਨੁਸਾਰ ਅਸਲੀ ਧਰਮ ਸਿਰਫ ਇੱਕ ਹੀ ਹੈ। ‘ਸੱਚ ਦੀ ਰਾਹ’ ਉੱਪਰ ਤੁਰਨਾ। ਇਹੀ ਅਸਲੀ ਧਰਮ ਹੈ।
ਬਾਕੀ ਸੱਭ ਮੱਤ ਹਨ, ਵਿਚਾਰਧਾਰਾਵਾਂ ਹਨ। ਸੋ ਇੱਥੇ ਇਹ ਲਫਜ਼ ਵਰਤਣੇ ਬਿਹਤਰ ਹੋ ਸਕਦੇ ਹਨ ਕਿ ‘ਕਿਸੇ
ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ’।
ਆਉ, ਇਸ ਵਿਚਾਰ ਉਪਰੰਤ ‘ਸਿੱਖ’ ਦੀ ਇੱਕ ਸਿਧਾਂਤਕ ਪਰਿਭਾਸ਼ਾ ਬਣਾਉਣ ਦਾ ਜਤਨ ਕਰੀਏ, ਜੋ ਇਸ ਤਰ੍ਹਾਂ
ਹੋ ਸਕਦੀ ਹੈ:
“ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦਸ ਜਾਮਿਆਂ ਰਾਹੀਂ
ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ ਕਰਦਾ ਹੈ। ਦਸਵੇਂ
ਨਾਨਕ ਵਲੋਂ ਬਖਸ਼ੇ ‘ਖੰਡੇ ਦੀ ਪਾਹੁਲ’ ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ ਉਲਟ) ਕਿਸੇ ਹੋਰ ਮੱਤ
ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।” ---ਚਲਦਾ।
ਤੱਤ ਗੁਰਮਤਿ ਪਰਿਵਾਰ