. |
|
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਨਾਰਵੇ ਯੂ. ਕੇ. 2008
(ਭਾਗ 2)
ਨਾਰਵੇ ਦੀ ਸੰਗਤ ਅਤੇ ਪ੍ਰਬੰਧਕੀ
ਢਾਂਚੇ ਵਿੱਚ ਗੁਰਮਤ ਦੀ ਪੂਰੀ ਸੋਝੀ ਹੈ ਭਾਵੇਂ ਥੋੜਾ ਬਹੁਤਾ ਨਿਜੀ ਕਿਸੇ ਦਾ ਮਤ ਭੇਦ ਹੋ ਸਕਦਾ
ਹੈ, ਪਰ ਗੁਰਮਤ ਸਿਧਾਂਤ ਦੀ ਕੋਈ ਵੀ ਵਿਰੋਧਤਾ ਨਹੀਂ ਕਰਦਾ ਨਜ਼ਰ ਆਉਂਦਾ। ਪੰਥ ਪ੍ਰਵਾਨਤ ਸਿੱਖ ਰਹਿਤ
ਮਰਯਾਦਾ ਦੇ ਸਾਰੇ ਸਫ਼ਿਆਂ ਦੀਆਂ ਵੱਡੀਆਂ ਫੋਟੋ ਕਾਪੀਆਂ ਗੁਰਦੁਆਰੇ ਦੀ ਡਿਉੜੀ ਵਿੱਚ ਲਗਾਈਆਂ ਹੋਈਆਂ
ਹਨ। ਸਾਰੇ ਹੀ ਵੀਰਾਂ ਵਲੋਂ ਜਿੱਥੇ ਪਿਆਰ ਮਿਲਿਆ ਓੱਥੇ ਹਰ ਪੱਖੋਂ ਸਹਿਯੋਗ ਵੀ ਮਿਲਿਆ।
ਪਹਿਲੀ ਵੇਰ ਜਦੋਂ ਨਾਰਵੇ ਆਇਆ ਸੀ ਤਾਂ ਵੀਰ ਬਲਦੇਵ ਸਿੰਘ ਜੀ, ਵੀਰ ਜਸਵੰਤ ਸਿੰਘ ਜੀ, ਵੀਰ ਪਰਮਜੀਤ
ਸਿੰਘ ਜੀ ਵੀਰਾਂ ਨਾਲ ਸਲਾਹ ਮਸ਼ਵਰਾ ਹੋਇਆ ਕਿ ਸਿੱਖੀ ਦੀ ਸੇਵਾ ਕਰਨ ਲਈ ਕੋਈ ਪੱਖ ਲੈ ਲਿਆ ਜਾਵੇ
ਜਿਸ ਨਾਲ ਕੌਮ ਦੀ ਕੋਈ ਨਿਗਰ ਸੇਵਾ ਕੀਤੀ ਜਾ ਸਕੇ। ਵੀਰ ਬਲਦੇਵ ਸਿੰਘ ਜੀ ਤੇ ਵੀਰ ਜਸਵੰਤ ਸਿੰਘ ਜੀ
ਨੇ ਬਾਕੀ ਵੀਰਾਂ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਵਿੱਚ ਜੀਵਨ ਭਰ ਲਈ ਸਿੱਖ ਫਲਵਾੜੀ ਦੇ ਮੈਂਬਰ
ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਖ਼ਿਆਲ ਕੀਤਾ ਜਾਂਦਾ ਹੈ, ਕਿ ਜਿਸ ਘਰ ਵਿੱਚ ਸਿੱਖ ਫਲਵਾੜੀ ਚਲਾ
ਗਿਆ ਓਸੇ ਘਰ ਹੀ ਸਿੱਖੀ ਦੀ ਜਾਗ ਲੱਗ ਸਕਦੀ ਹੈ ਤੇ ਇਹ ਕੰਮ ਪਿੰਡਾਂ, ਸਕੂਲਾਂ, ਗੁਰਦੁਆਰਿਆਂ ਤੇ
ਪਰਵਾਰਾਂ ਤੋਂ ਸ਼ੁਰੂ ਕੀਤਾ ਜਾਏ। ਜ਼ਿਆਦਾਤਰ ਸਿੱਖ ਕੌਮ ਦੀ ਇਹ ਤਰਾਸਦੀ ਹੈ ਕਿ ਹਰ ਕੰਮ ਲਈ ਜੈਕਾਰਾ
ਜ਼ਰੂਰ ਬੁਲਾਇਆ ਜਾਂਦਾ ਹੈ ਪਰ ਥੋੜੇ ਸਮੇਂ ਉਹ ਸਾਰੀ ਯੋਜਨਾ ਘੱਟੇ ਕੌਡੀਆਂ ਵਿੱਚ ਗਵਾਚ ਜਾਂਦੀ ਹੈ।
ਜਾਂ ਇੰਜ ਕਹਿ ਲਿਆ ਜਾਏ ਕਿ ਪਹਿਲਾਂ ਉਤਸ਼ਾਹ ਜ਼ਰੂਰ ਹੁੰਦਾ ਹੈ ਪਰ ਜਦੋਂ ਅਮਲ ਕਰਨ ਦੀ ਵਾਰੀ ਆਉਂਦੀ
ਹਰ ਇੱਕ ਇਹ ਕਹਿ ਕੇ ਖਹਿੜਾ ਛਡਾਉਣ ਦਾ ਯਤਨ ਕਰਦਾ ਹੈ ਜੀ ਮੇਰੇ ਪਾਸ ਤਾਂ ਸਮਾਂ ਹੀ ਨਹੀਂ ਹੈ। ਸੋ
ਇਹਨਾਂ ਸੁਹਿਰਦ ਵੀਰਾਂ ਦੇ ਉਦਮ ਸਦਕਾ ੧੨੦੦ ਸੌ ਦੇ ਲਗ-ਪਗ ਸਿੱਖ ਫਲਵਾੜੀ ਦੇ ਲਾਈਫ਼ ਮੈਂਬਰ ਪੰਜਾਬ
ਵਿੱਚ ਬਣਾ ਦਿੱਤੇ ਗਏ ਹਨ।
ਨਾਰਵੇ ਵਿੱਚ ਬੱਚਿਆਂ ਦਾ ਇੱਕ ਸਕੂਲ ਵੀ ਚਲਾਇਆ ਜਾਂਦਾ ਹੈ। ਇਸ ਪੰਜਾਬੀ ਸਕੂਲ ਵਿੱਚ ਬੱਚੇ ਬਹੁਤ
ਹੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਸਿਆਣਿਆਂ ਦਾ ਕਥਨ ਹੈ ਕਿ ਜੇ ਮਾਂ ਬੋਲੀ ਭੁੱਲ ਗਏ ਤਾਂ ਕੱਖਾਂ
ਵਾਂਗੂੰ ਰੁਲ਼ ਗਏ। ਬਹੁਤ ਸਾਰੀਆਂ ਭੈਣਾਂ ਅਤੇ ਵੀਰ ਉਤਸ਼ਾਹ ਨਾਲ ਇਸ ਸਕੂਲ ਵਿੱਚ ਹਿੱਸਾ ਲੈਂਦੇ ਹਨ।
ਜਿੱਥੇ ਮਾਂ ਬੋਲੀ ਦੀ ਪੜ੍ਹਾਈ ਪੜ੍ਹਾਈ ਜਾਂਦੀ ਹੈ ਓੱਥੇ ਧਰਮ ਦੀ ਜਾਣਕਾਰੀ ਦੇਣ ਦਾ ਵੀ ਪੂਰਾ
ਪ੍ਰਬੰਧ ਹੈ। ਸੁਹਿਰਦ ਵੀਰਾਂ ਵਲੋਂ ਸੰਗਤ ਨੂੰ ਅਕਸਰ ਚੰਗਾ ਧਾਰਮਿਕ ਸਾਹਿਤ ਦੇਣ ਦਾ ਯਤਨ ਕੀਤਾ
ਜਾਂਦਾ ਹੈ।
ਗੁਰਮਤ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼ ਲੁਧਿਆਣਾ ਤੇ ਇੰਟਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਸਹਿਯੋਗ
ਨਾਲ ਪੰਜਾਬ ਵਿੱਚ ਆਪੋ ਆਪਣੇ ਪਿੰਡ ਸੰਭਾਣ ਦੇ ਵਿਚਾਰ ਨੂੰ ਨਾਰਵੇ ਦੀ ਸੰਗਤ ਨੇ ਬਹੁਤ ਹੀ ਉਤਸ਼ਾਹ
ਦਿਖਾਇਆ। ਵੀਰ ਕੰਵਲਜੀਤ ਸਿੰਘ ਪਿੰਡ ਪਿਆਲ਼ਾਂ ਜ਼ਿਲ੍ਹਾ ਹੁਸ਼ਿਆਰਪੁਰ, ਵੀਰ ਤ੍ਰਿਲੋਚਨ ਸਿੰਘ ਪਿੰਡ
ਨਾਰੰਗਵਾਲ, ਵੀਰ ਭੁਪਿੰਦਰ ਸਿੰਘ ਪਿੰਡ ਢੇਰੀਆਂ ਜਿਲ੍ਹਾ ਜਲੰਧਰ ਤੇ ਵੀਰ ਤ੍ਰਿਲੋਚਣ ਸਿੰਘ ਪਿੰਡ
ਸੂਫ਼ੀਆਂ ਜਿਲ੍ਹਾ ਅੰਮ੍ਰਿਤਸਰ ਨੇ ਆਪਣੇ ਆਪਣੇ ਪਿੰਡ ਗੁਰਮਤ ਪਰਚਾਰ ਸੈਂਟਰ ਖੋਹਲਣ ਦੀ ਜ਼ਿੰਮੇਵਾਰੀ
ਲਈ ਹੈ। ਵੀਰ ਤਿਰਲੋਚਣ ਸਿੰਘ ਦੀ ਧਰਮ ਪਤਨੀ ਕੁਦਰਤੀ ਹਸਪਤਾਲ ਵਿੱਚ ਸਨ, ਪਰ ਜਦੋਂ ਮੈਂ ਵਾਪਸ ਆਉਣਾ
ਸੀ ਤਾਂ ਉਹਨਾਂ ਨੂੰ ਹਸਪਤਾਲੋਂ ਛੁੱਟੀ ਹੋ ਗਈ ਸੀ ਪਰ ਮਨ੍ਹਾ ਕਰਨ ਦੇ ਬਾਵਜੂਦ ਤੇ ਉਹ ਵੀ ਏਅਰ
ਪੋਰਟ `ਤੇ ਚੜਾਉਣ ਲਈ ਆਏ। ਇੰਜ ਲੱਗਦਾ ਸੀ ਇਹ ਕਦੇ ਬਿਮਾਰ ਹੀ ਨਹੀਂ ਹੋਏ। ਏਅਰ ਪੋਰਟ ਤੇ ਕਾਫ਼ੀ
ਪਰਵਾਰ ਆਏ ਹੋਏ ਸਨ। ਹੱਸਦਿਆਂ ਹੱਸਦਿਆਂ ਸਾਰੀਆਂ ਪਾਸੋਂ ਵਿਦਾਗੀ ਲਈ ਤੇ ਲੰਡਨ ਦੇ ਈਥਰੋ ਏਅਰ ਪੋਰਟ
`ਤੇ ਉੱਤਰਿਆ। ਚਾਰ ਕੁ ਦਿਨਾਂ ਉਪਰੰਤ ਪਤਾ ਚੱਲਿਆ ਕਿ ਵੀਰ ਤ੍ਰਿਲੋਚਣ ਸਿੰਘ ਦੀ ਧਰਮ ਪਤਨੀ ਚੜਾਈ
ਕਰ ਗਏ ਹਨ। ਕੁਦਰਤੀ ਯਾਦਾਂ ਹੀ ਰਹਿ ਜਾਂਦੀਆਂ ਹਨ।
ਸੰਸਾਰ ਵਿੱਚ ਕੁੱਝ ਕੁ ਅਜੇਹੀਆ ਸਟੇਜਾਂ ਹਨ ਜਿੱਥੇ ਗੁਰਮਤ ਦੀ ਗੱਲ ਨੂੰ ਸਹੀ ਢੰਗ ਤਰੀਕੇ ਨਾਲ
ਸਮਝਿਆ ਜਾ ਸਕਦਾ ਹੈ। ਉਹਨਾਂ ਵਿਚੋਂ ਇੱਕ ਨਾਰਵੇ ਗੁਰੂ ਨਾਨਕ ਗੁਰਦੁਆਰਾ ਓਸਲੋ ਵਿਖੇ ਹੈ। ਸੰਗਤ ਤੇ
ਪ੍ਰਬੰਧਕ ਏਹੀ ਚਾਹੁੰਦੇ ਹਨ ਕਿ ਏੱਥੇ ਕੇਵਲ ਗੁਰਬਾਣੀ ਤੇ ਪੰਥ ਪਰਵਾਨਤ ਰਹਿਤ ਮਰਯਾਦਾ ਅਨੁਸਾਰ ਹੀ
ਕਥਾ ਵੀਚਾਰ ਕੀਤੀ ਜਾਏ। ਜੇ ਇਹ ਸੋਚ ਸਾਡੇ ਸਾਰਿਆਂ ਗੁਰਦੁਆਰਿਆਂ ਵਿੱਚ ਆ ਜਾਏ ਤਾਂ ਸਿੱਖੀ ਦਾ
ਨਿਆਰਾ ਪਨ ਕਾਇਮ ਰਹਿ ਸਕਦਾ ਹੈ। ਅੱਜ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਗੁਰਬਾਣੀ ਦੀ ਲੋਅ ਹੇਠ
ਧਾਰਮਿਕ ਕਰਮ ਕਾਂਡਾਂ ਨੇ ਜਨਮ ਲੈ ਲਿਆ ਹੈ ਜੇ ਕੋਈ ਇਹਨਾਂ ਕਰਮ ਕਾਂਡਾ ਸਬੰਧੀ ਉਭਾਸਰ ਕੇ ਗੱਲ
ਕਰਦਾ ਹੈ ਤਾਂ ਪ੍ਰਬੰਧਕੀ ਢਾਂਚਾ ਪੂਰੀ ਤਰ੍ਹਾਂ ਕਹਿ ਦੇਂਦਾ ਹੈ ਕਿ ਭਾਈ ਜੀ ਸਾਡੀ ਸੰਗਤ ਟੱਟਦੀ ਹੈ
ਇਸ ਲਈ ਸ਼ਬਦ ਦੀ ਵੀਚਾਰ ਉਸ ਤਰ੍ਹਾਂ ਹੀ ਕੀਤੀ ਜਾਏ ਜਿਸ ਤਰ੍ਹਾਂ ਸਾਡੀ ਸੰਗਤ ਗੁਰਦੁਆਰਾ ਸਾਹਿਬ ਨਾਲ
ਜੁੜੀ ਰਹੇ, ਐਸਾ ਨਾ ਹੋਏ ਕਿ ਸੰਗਤ ਕਿਸੇ ਹੋਰ ਗੁਦੁਆਰੇ ਜਾਣ ਲੱਗੇ। ਜੇ ਇੰਜ ਹੋ ਗਿਆ ਤਾਂ ਸਾਡੀ
ਗੋਲਕ `ਤੇ ਬਹੁਤ ਮਾੜਾ ਅਸਰ ਪਏਗਾ। ਅੱਜ ਬਹੁਤੀ ਥਾਂਈ ਗੁਰਦੁਆਰਿਆਂ ਵਿੱਚ ਸ਼ਬਦ ਵੀਚਾਰ, ਗੁਰਮਤ
ਸਿਧਾਂਤ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਸਗੋਂ ਇਹ ਦੇਖਿਆ ਜਾਂਦਾ ਕਿ ਕਿਹੜਾ ਸਾਧ ਪੰਜਾਬ ਤੋਂ
ਬੁਲਾਇਆ ਜਾਏ ਜੋ ਗੁਰਦੁਆਰਾ ਵਿੱਚ ਸਭ ਤੋਂ ਵੱਧ ਭੀੜ ਇਕੱਠੀ ਕਰ ਸਕੇ ਤੇ ਗੋਲਕ ਵਿੱਚ ਰੌਣਕਾਂ ਹੋ
ਜਾਣ। ਨਾਰਵੇ ਦੀ ਸੰਗਤ ਤੇ ਪ੍ਰਬੰਧਕ ਇਸ ਗਲੋਂ ਬਹੁਤ ਹੀ ਸੁਚੇਤ ਹਨ। ਏੱਥੇ ਕੇਵਲ ਸਿੱਖ ਸਿਧਾਂਤ ਦੀ
ਹੀ ਵਿਚਾਰ ਕੀਤੀ ਜਾ ਸਕਦੀ ਹੈ।
ਤੇਜ਼ ਹਨੇਰੀਆਂ ਵਿੱਚ ਦਰੱਖਤ ਪੁੱਟੇ ਜਾਂਦੇ ਨੇ ਘਰ ਢਹਿ ਢੇਰੀ ਹੋ ਜਾਂਦੇ ਹਨ ਪਰ ਅਜੇਹਿਆਂ ਤੂਫ਼ਾਨਾਂ
ਵਿੱਚ ਵੀ ਮਜ਼ਬੂਤ ਜੜ੍ਹਾਂ ਵਾਲੇ ਤੇ ਚੰਗੀ ਹਾਲਤ ਵਿੱਚ ਬਣੇ ਹੋਏ ਘਰ ਟਿੱਕੇ ਰਹਿੰਦੇ ਹਨ। ਦਾਦ ਦੇਣੀ
ਹੋਏਗੀ ਉਹਨਾਂ ਨੂੰ ਜੋ ਤੇਜ਼ ਹਨੇਰੀਆਂ ਵਿੱਚ ਵੀ ਟਿੱਕੇ ਰਹਿੰਦੇ ਹਨ। ਜਦੋਂ ਸਿੱਖੀ ਪਰਚਾਰ ਵਲ
ਨਿਗਾਹ ਜਾਂਦੀ ਹੈ ਤਾਂ ਇੰਜ ਲੱਗਦਾ ਹੈ ਧਰਮ ਦਾ ਬਹਤ ਹੀ ਜ਼ੋਰ ਸ਼ੋਰ ਨਾਲ ਪ੍ਰਚਾਰ ਹੋ ਰਿਹਾ ਹੈ।
ਚਮਕਦੀਆਂ ਲਾਈਟਾਂ ਵਿੱਚ ਕੀਰਤਨ ਦਰਬਾਰਾਂ ਦੀਆਂ ਰੌਣਕਾਂ, ਨਗਰ ਕੀਰਤਨਾਂ ਦਾ ਸ਼ੋਰ ਸ਼ਰਾਬਾ ਤੇ ਉੱਡਦੀ
ਹੋਈ ਧੂੜ ਦੇਖਣ ਨੂੰ ਸਿੱਖੀ ਦੇ ਪਰਚਾਰ ਵਿੱਚ ਵਾਧਾ ਕਰ ਰਹੇ ਲੱਗਦੇ ਹਨ। ਜ਼ਮੀਨ ਤੋਂ ਡੇੜ ਕੁ ਗਿੱਠ
ਉੱਚਾ ਪਾਏ ਹੋਏ ਚੋਲ਼ੇ ਵਾਲੇ ਸਾਧੜਿਆਂ ਦੀਆਂ ਸਟੇਜਾਂ `ਤੇ ਫਿਲਮੀ ਤਰਜ਼ਾਂ ਵੀ ਧਰਮ ਪਰਚਾਰ ਦਾ ਝੌਲ਼ਾ
ਪੇਸ਼ ਕਰਦੀਆਂ ਦਿਸਦੀਆਂ ਹਨ। ਲੰਬੇ ਮੋਟੇ ਮਜ਼ਬੂਤ ਡੰਡੇ ਨਾਲ ਭੰਗ ਘੋਟਦੇ ਜੈਕਾਰੇ ਬਲਾਉਂਦੇ ਹੋਏ
ਨਿਹੰਗ ਸਿੰਘ ਵੀ ਇੰਜ ਲੱਗਦੇ ਹਨ ਕਿ ਜਿਵੇਂ ਇਹ ਬਹੁਤ ਹੀ ਵੱਡਾ ਧਰਮ ਦਾ ਕੰਮ ਕਰ ਰਹੇ ਹੋਣ। ਐਸੇ
ਘੜਮੱਸ ਚੌਂਦੇ ਵਿੱਚ ਵੀ ਜੇ ਸਿਰੜੀਆਂ ਨੇ ਗੁਰਮਤ–ਗਿਆਨ ਦਾ ਦੀਵਾ ਜੱਗਦਾ ਰੱਖਣ ਲਈ ਹਰ ਸੰਭਵ ਕੋਸ਼ਿਸ਼
ਕੀਤੀ ਹੈ ਤਾਂ ਸਲਾਮ ਕਰਨਾ ਬਣਦਾ ਹੈ। ਦੇਸ-ਪ੍ਰਦੇਸ ਵਿੱਚ ਤੱਤ ਗੁਰਮਤ ਨੂੰ ਸਮਝਣ ਵਾਲੇ ਹਤੈਸ਼ੀ ਵੀਰ
ਬੈਠੇ ਹਨ ਜਿੰਨ੍ਹਾਂ ਦੇ ਮਨ ਦੀ ਭਾਵਨਾ ਹੈ ਕਿ ਸਿੱਖੀ ਦਾ ਨਿਆਰਾ ਪਨ ਕਾਇਮ ਰਹਿ ਸਕੇ। ਇੰਟਰਨੈਸ਼ਨਲ
ਸਿੰਘ ਸਭਾ ਯੂ. ਕੇ. ਦੇ ਸੁਹਿਰਦ ਵੀਰਾਂ ਨੇ ਕੁੱਝ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਬਣਾਏ ਹੋਏ ਸਨ।
ਅੱਜ ਇੱਕ ਆਮ ਸੁਆਲ ਕੀਤਾ ਜਾਂਦਾ ਹੈ ਕਿ ਜੀ ਜੋ ਜੁੜਿਆ ਹੋਇਆ ਹੈ ਉਸ ਨੂੰ ਤੋੜਨਾ ਨਹੀਂ ਚਾਹੀਦਾ।
ਅਸਲ ਵਿੱਚ ਸਾਨੂੰ ਅਜੇ ਤਾਂਈ ਜੁੜੇ ਹੋਏ ਤੇ ਟੱਟੇ ਹੋਏ ਦੇ ਫਰਕ ਦਾ ਹੀ ਨਹੀਂ ਪਤਾ ਲੱਗ ਸਕਿਆ।
ਗੁਰੂ ਗ੍ਰੰਥ ਜੀ ਦੇ ਅੱਗੇ ਦਾਤਣਾਂ ਰੱਖ ਰਿਹਾ ਹੈ ਅਸੀਂ ਉਸ ਨੂੰ ਜੁੜਿਆ ਹੋਇਆ ਹੀ ਮੰਨਦੇ ਹਾਂ ਤੇ
ਗੁਰੂ ਗ੍ਰੰਥ ਸਾਹਿਬ ਜੀ ਆਲ਼ੇ ਦੁਆਲ਼ੇ ਪਰਦੇ ਲਾ ਕਿ ਗੁਰੂ ਗ੍ਰੰਥ ਸਾਹਿਬ ਜੀ ਭੋਜਨ ਛਕਾਉਣ ਦੇ ਆਹਰ
ਵਿੱਚ ਲੱਗਿਆ ਹੋਇਆ ਹੈ ਅਸੀਂ ਉਸ ਨੂੰ ਵੀ ਜੁੜਿਆ ਹੋਇਆ ਦੱਸ ਰਹੇ ਹਾਂ। ਇੰਜ ਕਿਹਾ ਜਾਏ ਕਿ ਅਸਲ
ਵਿੱਚ ਇਹ ਜੁੜੇ ਹੋਏ ਨਹੀਂ ਇਹ ਸਗੋਂ ਗੁਰਮਤ ਸਿਧਾਂਤ ਨਾਲੋਂ ਟੁੱਟੇ ਹਏ ਹਨ। ਜੇ ਕੋਈ ਇਹਨਾਂ ਨੂੰ
ਤੱਤ ਗਿਆਨ ਦੀ ਗੱਲ ਦੱਸਣ ਦਾ ਯਤਨ ਕਰਦਾ ਹੈ ਤਾਂ ਇਹ ਸਿਰ ਦਿਆਂ ਵਾਲਾਂ ਨੂੰ ਪੈ ਨਿਕਲਦੇ ਹਨ। ਹੁਣ
ਸਮਾਂ ਅਜੇਹਾ ਆ ਗਿਆ ਹੈ ਕਿ ਬੱਚੇ ਇੰਟਰਨੈੱਟ ਦੁਆਰਾ ਜਾਣਕਾਰੀ ਇਕੱਠੀ ਕਰਕੇ ਇਹਨਾਂ `ਤੇ ਸੁਆਲ
ਕਰਦੇ ਹਨ ਕਿ ਭਾਪਾ ਜੀ ਜੋ ਤੁਸੀਂ ਧਰਮ ਦਾ ਕਰਮ ਨਿਭਾਅ ਰਹੇ ਹੋ ਕੀ ਇਹ ਗੁਰਮਤ ਹੈ? ਕਿ ਜਾਂ ਕਿਸੇ
ਡੇਰੇ ਦੀ ਮਰਯਾਦਾ ਹੈ।
ਇਹਨਾਂ ਕਰਮ-ਕਾਂਡਾਂ ਦੇ ਝੱਖੜਾਂ ਝੋਲਿਆਂ ਵਿੱਚ ਵੀ ਗੁਰਮਤ ਦਾ ਦੀਵਾ ਜੱਗਦਾ ਰੱਖਣ ਲਈ ਥਾਂ-ਪੁਰ-
ਥਾਂ ਵੀਰ ਕੋਈ ਨਾ ਕੋਈ ਉਪਰਾਲਾ ਕਰਦੇ ਹੀ ਰਹਿੰਦੇ ਹਨ। ਵੀਰ ਸੇਵਾ ਸਿੰਘ, ਭਾਅ ਜੀ ਅਵਤਾਰ ਸਿੰਘ
ਕੌਂਸਲਰ, ਵੀਰ ਨਿਰਮਲਜੀਤ ਸਿੰਘ ਹੁਰਾਂ ਵੀਰ ਸੁਰਿੰਦਰ ਸਿੰਘ ਬਾਹੜਾ ਨਾਲ ਮਿਲ ਕੇ ਗੁਰਦੁਆਰਾ
ਰਾਮਗੜ੍ਹੀਆ ਸਲੋਹ ਦੋ ਕੁ ਹਫਤੇ ਦਾ ਪ੍ਰੋਗਰਾਮ ਬਣਾਇਆ। ਵੀਰ ਅਮਰਜੀਤ ਸਿੰਘ ਵੀਰ ਇੰਦਰਜੀਤ ਸਿੰਘ
ਭਾਵ ਸਾਰੇ ਹੀ ਪ੍ਰਬੰਧਕ ਵੀਰਾਂ ਨੇ ਭਰਪੂਰ ਸਹਿਯੋਗ ਦਿੱਤਾ। ਮੈਨੂੰ ਸਾਰਿਆਂ ਦੇ ਤਾਂ ਨਾਂ ਪੂਰੇ
ਯਾਦ ਨਹੀਂ ਪਰ ਸਤਿਕਾਰ ਯੋਗ ਗੁਰਦੁਆਰਾ ਸਾਹਿਬ ਵਿਖੇ ਜੋ ਨਿਤਾ ਪ੍ਰਤੀ ਬਜ਼ੁਰਗ ਆਉਂਦੇ ਹਨ ਉਹਨਾਂ ਨੇ
ਸ਼ਬਦ ਦੀ ਵਿਚਾਰ ਨੂੰ ਧਿਆਨ ਨਾਲ ਸੁਣਿਆਂ ਨਹੀਂ ਬਲ ਕੇ ਉਹਨਾਂ ਬਜ਼ੁਰਗਾਂ ਨੇ ਮਿਲ ਕੇ ਗੁਰਦੁਆਰਾ
ਸਾਹਿਬ ਲਈ ਨਵੇਂ ਸਿਰੇ ਤੋਂ ਲਾਇਬ੍ਰੇਰੀ ਬਣਾਉਣ ਲਈ ਮੈਨੂੰ ਪੈਸੇ ਦਿੱਤੇ ਤੇ ਕਿਹਾ ਪੰਜਾਬ ਜਾ ਕੇ
ਪੁਸਤਕਾਂ ਸਾਨੂੰ ਭੇਜ ਦਿਆ ਜੇ।
ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਇੱਕ ਹੋਰ ਨਵੀਂ ਪਿਰਤ ਚੱਲੀ ਹੈ, ਦਸ ਤੋਂ ਬਾਰ੍ਹਾਂ ਵਜੇ ਤੀਕ
ਰਾਗੀ ਸਹਿਬਾਨ ਸਟੇਜ `ਤੇ ਬੈਠ ਕੇ ਕੇਵਲ ਵਾਹਿਗੁਰੂ ਦਾ ਹੀ ਸਿਮਰਨ ਕਰਦੇ ਹਨ। ਦਿੱਲੀ ਤੋਂ ਨਾਮਵਰ
ਰਾਗੀ ਜੱਥਾ ਭਾਈ ਗੁਰਚਰਨ ਸਿੰਘ ਜੀ ਉਸ ਸਮੇਂ ਇਹ ਸੇਵਾ ਨਿਭਾਅ ਰਹੇ ਸਨ। ਜਦ ਉਹਨਾਂ ਨਾਲ ਸਿਮਰਨ ਤੇ
ਕੀਰਤਨ ਦੇ ਨੁਕਤੇ `ਤੇ ਖੁਲ੍ਹੀ ਵਿਚਾਰ ਹੋਈ ਤਾਂ ਉਹਨਾਂ ਨੇ ਆਪਣਾ ਸਮਾਂ ਸ਼ਬਦ ਦੀ ਵਿਚਾਰ ਲਈ ਦੇ
ਦਿੱਤਾ। ਇਸ ਸਾਰੇ ਕੰਮ ਵਿੱਚ ਵੀਰ ਸੁਰਿੰਦਰ ਸਿੰਘ ਬਾਹੜਾ ਵੀਰ ਅਮਰਜੀਤ ਸਿੰਘ ਤੇ ਵੀਰ ਇੰਦਰਜੀਤ
ਸਿੰਘ ਹੁਰਾਂ ਨੇ ਬਹੁਤ ਸਹਿਯੋਗ ਦਿੱਤਾ। ਰਾਮਗੜ੍ਹੀਆ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਉਚੇਚੇ ਤੌਰ
`ਤੇ ਸਿੱਖ ਰਹਿਤ ਮਰਯਾਦਾ `ਤੇ ਲੈਕਚਰ ਕਰਵਾਏ ਗਏ। ਏਸੇ ਸਮੇਂ ਦੌਰਾਨ ਹੀ ਸ੍ਰਿੀ ਗੁਰੂ ਸਿੰਘ ਸਭਾ
ਸਲੋਅ ਦੇ ਪ੍ਰਧਾਨ ਵੀਰ ਜੋਗਿੰਦਰ ਸਿੰਘ ਜੀ ਬਲ ਕੌਂਸਲਰ ਅਤੇ ਭੈਣ ਅਵਤਾਰ ਕੌਰ ਜੀ ਜੋ ਸੈਕਟਰੀ ਦੀ
ਸੇਵਾ ਨਿਭਾ ਰਹੇ ਸਨ ਉਹਨਾਂ ਵਲੋਂ ਦੋ ਕੁ ਹਫਤਿਆਂ ਦਾ ਪ੍ਰੋਗਰਾਮ ਬਣਾਇਆਂ ਗਿਆ। ਵੀਰ ਭੂਪਿੰਦਰ
ਸਿੰਘ ਦਾ ਮੇਲ ਵੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਹ ਭਾਊ ਜੀ ਸਿੰਘ ਸਭਾ ਕਨੇਡਾ ਦੀ
ਸਾਈਟ ਤੋਂ ਅਤੇ ਵੀਰ ਜਗਰੂਪ ਸਿੰਘ ਤੋਂ ਸ਼ਬਦ ਵਿਚਾਰਾਂ ਵਾਲੀਆਂ ਦਾਸ ਦੀਆਂ ਸੀਡੀਜ਼ ਲੈ ਕੇ ਹਮੇਸ਼ਾਂ
ਹੀ ਵੰਡਦੇ ਰਹਿੰਦੇ ਹਨ। ਏੱਥੇ ਹੀ ਵੀਰ ਰਣਬੀਰ ਸਿੰਘ ਨਾਲ ਮੇਲ ਹੋਇਆ। ਦਰ-ਅਸਲ ਇਹਨਾਂ ਵੀਰਾਂ ਦੀ
ਸਾਂਝ ਪੰਜਾਬ ਰੇਡੀਓ ਯੂ. ਕੇ. ਤੇ ‘ਇੰਟਰਨੈਸ਼ਨਲ ਸਿੰਘ ਸਭਾ ਕਨੇਡਾ’ ਤੇ ‘ਸਿੱਖ ਮਾਰਗ’ ਦੀ ਸਾਈਟ
ਦੁਆਰਾ ਮੇਰੇ ਨਾਲ ਹੋਈ ਹੈ। ਭਾਵੇਂ ਇਹ ਵੀਰ ਮੈਨੂੰ ਪਹਿਲਾਂ ਹੀ ਜਾਣਦੇ ਸਨ, ਪਰ ਮੇਲ-ਮਿਲਾਪ ਪਹਿਲੀ
ਦਫ਼ਾ ਹੀ ਹੋਇਆ ਸੀ।
ਅੱਜ ਤੋਂ ਕੋਈ ਅੱਠ ਨੌਂ ਸਾਲ ਪਹਿਲਾਂ ਜਦ ਮੈਂ ਇੰਗਲੈਂਡ ਆਇਆ ਸੀ ਤਾਂ ਓਦੋਂ ਕਿਤੇ ਕਿਤੇ ਸ਼ਬਦ
ਵੀਚਾਰ ਦੀ ਸਾਂਝ ਵਾਲੇ ਵੀਰ ਮਿਲਦੇ ਸਨ। ਓਦੋਂ ਹਲਾਤ ਤਾਂ ਇਸ ਤਰ੍ਹਾਂ ਦੇ ਸਨ ਕਿ ਵਡ-ਅਕਾਰੀ
ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਪ੍ਰਿੰਸੀਪਲ ਨਿਰੰਜਣ ਸਿੰਘ ਜੀ ਹੁਰਾਂ ਦੁਆਰਾ
ਕਰਵਾਈ ਬੁਕਿੰਗ ਨੂੰ ਮੌਕੇ ਦੇ ਸਕੱਤਰ ਜੀ ਨੇ ਇਸ ਲਈ ਕੱਟ ਦਿੱਤਾ, ਕਿ ਜੀ ਸਾਡੇ ਤਾਂ ਇਲਾਕੇ ਦੇ
ਬੜੇ ਸੰਤ ਮਹਾਂਰਾਜ ਜੀ ਆ ਰਹੇ ਹਨ ਇਸ ਲਈ ਤੁਹਾਨੂੰ ਸਮਾਂ ਨਹੀਂ ਦਿੱਤਾ ਜਾ ਸਕਦਾ। ਦਰ-ਅਸਲ ਉਸ
ਸੱਜਣ ਨੂੰ ਮਿਸ਼ਨਰੀ ਪਰਚਾਰਕ ਤੋਂ ਕੋਈ ਚਿੜ ਲੱਗਦੀ ਸੀ। ਇਸ ਘਟਨਾ ਦਾ ਮੈਨੂੰ ਗੁਰਦੁਆਰਾ ਪਾਹੁੰਚ ਕੇ
ਹੀ ਪਤਾ ਲੱਗਿਆ। ਪਰ ਏੱਥੇ ਆ ਕੇ ਸਰਦਾਰ ਸੁਰਜੀਤ ਸਿੰਘ, ਸਰਦਾਰ ਅਜੀਤ ਸਿੰਘ, ਵੀਰ ਜਰਮਨ ਸਿੰਘ ਤੇ
ਪ੍ਰਿੰਸੀਪਲ ਨਿੰਰਜਣ ਸਿੰਘ ਨਾਲ ਮਿਲਾਪ ਹੋਇਆ। ਇੱਕ ਗੱਲ ਮੰਨਣੀ ਪਏਗੀ ਗੁਰਦੁਆਰਾ ਸਹਿਜਲੀ ਸਟਰੀਟ
ਦਾ ਪੰਜਾਬੀ ਸਕੂਲ ਸੰਸਾਰ ਦੇ ਗੁਰਦੁਆਂਰਿਆਂ ਦੇ ਚੱਲ ਰਹੇ ਚੰਗੇ ਸਕੂਲਾਂ ਵਿਚੋਂ ਇੱਕ ਨਾਮਵਰ ਸਕੂਲ
ਹੈ। ਜਿੱਥੇ ਇੱਕ ਸੁਚੱਜੇ ਤਰੀਕੇ ਨਾਲ ਪੰਜਾਬੀ ਪੜ੍ਹਾਈ ਜਾਂਦੀ ਹੈ। ਪ੍ਰਿੰਸੀਪਲ ਨਿਰੰਜਣ ਸਿੰਘ ਜੀ
ਦੇ ਉਦਮ ਸਦਕਾ ਸਕੂਲ ਅਧਿਆਪਕਾਂ ਨਾਲ ਗੁਰਮਤ ਦੀ ਵਿਚਾਰ ਕਰਨ ਦਾ ਸਮਾਂ ਬਹੁਤ ਸਫਲ ਰਿਹਾ।
ਆਮ ਗੁਰਦੁਆਰਿਆਂ ਵਿੱਚ ਗੁਰਬਾਣੀ ਦੇ ਅਰਥ ਬੋਧ ਦੀ ਥਾਂ `ਤੇ ਕਰਾਮਾਤੀ ਸਾਖੀਆਂ ਜਾਂ ਬੂਬਨੇ ਸਾਧਾਂ
ਸੰਤਾਂ ਦੀਆਂ ਘਸੀਆਂ ਪਿੱਟੀਆਂ ਗੈਰ ਕੁਦਰਤੀ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਅਜੇਹੀ ਬੇ-ਸਿਰ ਪੈਰ
ਵਾਲੀ ਵਿਚਾਰ ਨੂੰ ਅੱਜ ਦਾ ਨੌਜਵਾਨ ਤਰਕ ਦੇ ਅਧਾਰਤ ਰੱਦ ਕਰ ਦੇਂਦਾ ਹੈ। ਕੁੱਝ ਵੀਰਾਂ ਨੇ ਆਪਣੇ
ਤੌਰ `ਤੇ ਗੁਰਮਤ ਦੀਆਂ ਕਲਾਸਾਂ ਲਗਾਉਣ ਦਾ ਯਤਨ ਅਰੰਭਿਆ ਹੋਇਆ ਹੈ। ਵੀਰ ਨਿਰਮਲਜੀਤ ਸਿੰਘ ਤੇ ਵੀਰ
ਸੁਖਦੇਵ ਸਿੰਘ ਹੁਰਾਂ ਨੇ ਕੁੱਝ ਪਰਵਾਰਾਂ ਨਾਲ ਰਲ਼ ਕੇ ਗੁਰਬਾਣੀ ਸੰਥਿਆ ਦੀ ਇੱਕ ਕਲਾਸ ਸ਼ੁਰੂ ਕੀਤੀ
ਸੀ। ਮੈਨੂੰ ਵੀ ਉਸ ਕਲਾਸ ਵਿੱਚ ਜਾਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਗਾਹੇ-ਬ-ਗਾਹੇ ਉਚਕੋਟੀ ਦੇ
ਵਿਦਵਾਨ ਗਿਆਨੀ ਮੋਹਰ ਸਿੰਘ ਜੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਕਥਵਾਚਕਾਂ ਦੀਆਂ ਸੇਵਾਵਾਂ ਵੀ ਲਈਆਂ
ਜਾ ਰਹੀਆਂ ਹਨ। ਇਸ ਗੁਰਮਤ ਦੀ ਕਲਾਸ ਨੇ ਸਾਰੀ ਗੁਰਬਾਣੀ ਅਰਥਾਂ ਸਮੇਤ ਪੜ੍ਹੀ ਤੇ ਵਿਚਾਰੀ ਹੈ। ਅੱਜ
ਕਲ੍ਹ ਇਹ ਕਲਾਸ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਦੋ ਸਾਲਾ ਕੋਰਸ ਕੀਤਾ ਜਾ ਰਿਹਾ ਹੈ ਜੋ ਕਿ ਦੋ
ਕੁ ਮਹੀਨੇ ਤਾਂਈ ਸਮਾਪਤ ਹੋ ਰਿਹਾ ਹੈ।
ਸਰਦਾਰ ਅਵਤਾਰ ਸਿੰਘ ਕੌਂਸਲਰ ਵੀਰ ਸੇਵਾ ਸਿੰਘ ਤੱਤ ਗੁਰਮਤ ਦੇ ਪਰਚਾਰ ਵਿੱਚ ਜੁੱਟੇ ਹੋਏ ਹਨ ਓੱਥੇ
ਵੀਰ ਨਿਰਮਲਜੀਤ ਸਿੰਘ ਗੁਰਮਤ ਸਾਹਿਤ ਰਾਂਹੀ ਕੌਮ ਦੀ ਸੇਵਾ ਕਰ ਰਹੇ ਹਨ। ਵੀਰ ਤੇਜਿੰਦਰ ਸਿੰਘ
ਹੁਰਾਂ ਨੂੰ ਗੁਰਮਤ ਦੀ ਕਲਾਸ ਲਾਉਣ ਦਾ ਸੱਦਾ ਆ ਜਾਏ ਤਾਂ ਆਪਣਾ ਕੰਮ ਛੱਡ ਕੇ ਵੀ ਗੁਰਮਤ ਪੜ੍ਹਾਉਣ
ਤੁਰ ਪੈਂਦੇ ਹਨ। ਵੀਰ ਜਗਰੂਪ ਸਿੰਘ ਤੇ ਇਹਨਾਂ ਦੇ ਧਰਮ ਪਤਨੀ ‘ਇੰਟਰਨੈਸ਼ਨਲ ਸਿੰਘ ਸਭਾ ਯੂ. ਕੇ.’
ਵਲੋਂ ਗੁਰਬਾਣੀ ਵਿਚਾਰ ਤੇ ਇਤਿਹਾਸ ਦੀਆਂ ਸੀਡੀਜ਼ ਤਿਆਰ ਕਰਕੇ ਹਰ ਵੇਲੇ ਥਾਂ-ਪੁਰ-ਥਾਂ ਪੁਹੁੰਚਣ
ਦੇ ਯਤਨ ਵਿੱਚ ਲੱਗੇ ਰਹਿੰਦੇ ਹਨ ਤੇ ਇਹਨਾਂ ਨੂੰ ਵੀਰ ਭੁਪਿੰਦਰ ਸਿੰਘ ਜੀ ਪੂਰਾ ਪੂਰਾ ਸਹਿਯੋਗ ਦੇ
ਰਹੇ ਹਨ। ਮੈਂ ਭੁੱਲ ਨਾ ਜਾਵਾਂ ਇੱਕ ਬੱਚੀ ਸੰਦੀਪ ਕੌਰ ਪੰਜਾਬ ਤੋਂ ਡਾਕਟਰੀ ਕਰਨ ਵਾਸਤੇ ਯ. ਕੇ.
ਆਈ ਹੋਈ ਸੀ। ਉਸ ਨੂੰ ਜਿੱਥੇ ਵੀਰ ਭੁਪਿੰਦਰ ਸਿੰਘ ਹੁਰਾਂ ਸੀਡੀਜ਼ ਰਾਂਹੀ ਗੁਰਮਤ ਦੀ ਜਾਣ ਕਾਰੀ
ਦਿੱਤੀ ਹੋਈ ਸੀ, ਓੱਥੇ ਉਹ ਪੰਜਾਬ ਰੇਡੀਓ ਵੀ ਸੁਣਦੀ ਸੀ, ਉਹ ਬੇਟੀ ਗੁਰਮਤ ਦੀ ਸਾਂਝ ਕਰਕੇ ਲੱਗ-ਪਗ
ਸਾਰੀ ਰਾਤ ਦੇ ਸਫਰ ਨੂੰ ਮੁਕਾ ਕੇ ਉਚੇਚਾ ਮਿਲਣ ਵਾਸਤੇ ਆਈ। ਮਨ ਨੂੰ ਬਹੁਤ ਖੁਸ਼ੀ ਹੋਈ ਕਿ ਜੇ
ਅਜੇਹੀਆਂ ਡਾਕਟਰ ਬੇਟੀਆਂ ਗੁਰਮਤ ਨੂੰ ਸਮਝ ਗਈਆਂ ਤਾਂ ਆਉਣ ਵਾਲਾ ਸਮਾਂ ਇਹਨਾਂ ਬੱਚਿਆਂ ਦਾ
ਹੋਵੇਗਾ। ਉਹਦੀ ਭਾਵਨਾ ਅੱਖ਼ਰਾਂ ਦੇ ਚੌਖਟੇ ਵਿੱਚ ਨਹੀਂ ਆ ਸਕਦੀ। ਜੇ ਮੈਂ ਸਾਰਿਆਂ ਵੀਰਾਂ ਦੇ ਨਾਮ
ਲਿਖਣ ਲੱਗ ਪਿਆ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਹੈ। ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ
ਇਨ੍ਹਾਂ ਵੀਰਾਂ ਨੇ ਗੁਰਬਾਣੀ ਨੂੰ ਆਪ ਸਮਝਣ ਦਾ ਯਤਨ ਕੀਤਾ ਹੈ। ਹੁਣ ਇਹਨਾਂ ਵੀਰਾਂ ਦਾ ਇੱਕ
ਉਪਰਾਲਾ ਹੈ ਕਿ ਜਿੱਥੇ ਅੱਜ ਅਸੀਂ ਸਮਾਜਕ ਕੁ-ਰੀਤੀਆਂ, ਵੱਖ ਵੱਖ ਡੇਰਿਆਂ ਦੀ ਲੁੱਟ ਤੇ ਧਾਰਮਕ ਕਰਮ
ਕਾਂਡ ਦਾ ਸ਼ਿਕਾਰ ਹੋ ਰਹੇ ਹਾਂ, ਓੱਥੇ ਕਿਉਂ ਨਾ ਗੁਰਬਾਣੀ ਦੀ ਮਹਾਨਤਾ ਤੇ ਪੰਥ ਪਰਵਾਨਤ ਰਹਿਤ
ਮਰਯਾਦਾ ਦੀ ਵਿਚਾਰ ਦਾ ਹੋਕਾ ਦਿੱਤਾ ਜਾਏ।
ਵੀਰ ਤੇਜਿੰਦਰ ਸਿੰਘ ਹੁਰਾਂ ਦੇ ਪਰਮ ਮਿੱਤਰ ਵੀਰ ਅਰਵਿੰਦਰ ਸਿੰਘ ਜਿੰਨ੍ਹਾਂ ਨੇ ਗੁਰਮਤ ਦੀ ਮੁੱਢਲੀ
ਜਾਣਕਾਰੀ ਸਿੱਖ ਪੰਥ ਦੇ ਮਹਾਨ ਵਿਦਵਾਨ ਸਿਰੀਮਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਹੁਰਾਂ ਪਾਸੋਂ
ਸਮਝੀ ਹੈ। ਵੀਰ ਗੁਰਬਖਸ਼ ਸਿੰਘ ਜੀ ‘ਗੁਲਸ਼ਨ’ ਪੁਰਾਣੇ ਮਿਸ਼ਨਰੀ ਹਨ ਤੇ ਪੱਕੇ ਤੌਰ `ਤੇ ਯੂ. ਕੇ. ਦੇ
ਵਾਸੀ ਹਨ। ਉਹਨਾਂ ਨੇ ਸਿੱਖ ਰਹਿਤ ਮਰਯਾਦਾ ਦੀ ਵਿਆਖਿਆ ਦੀ ਪੁਸਤਕ ਬਹੁਤ ਮਿਹਨਤ ਨਾਲ ਤਿਆਰ ਕੀਤੀ
ਹੈ। ਉਸ ਪੁਸਤਕ ਨੂੰ ਪੜ੍ਹਨ ਨਾਲ ਜਿੱਥੇ ਸਿੱਖ ਸਿਧਾਂਤ ਦੀ ਸਹਿਜੇ ਹੀ ਜਾਣਕਾਰੀ ਹਾਸਲ ਹੁੰਦੀ ਹੈ
ਓੱਥੇ ਵੱਖ ਵੱਖ ਗ੍ਰੰਥਾਂ ਦੇ ਹਵਾਲਿਆਂ ਦੀ ਜਾਣਕਾਰੀ ਵੀ ਮਿਲਦੀ ਹੈ। ‘ਗੁਲਸ਼ਨ’ ਜੀ ਜਿੱਥੇ
ਮਿਲਣਸਾਰੀ ਇਨਸਾਨ ਹਨ ਓੱਥੇ ਉਹ ਕਦਰ-ਦਾਨ ਵੀ ਬਹੁਤ ਜ਼ਿਆਦਾ ਹਨ। ਉਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ
ਹੋਈ। ਅਫਸੋਸ ਆਉਂਦਾ ਹੈ ਸ਼ਰੋਮਣੀ ਗੁਦੁਆਰਾ ਕਮੇਟੀ `ਤੇ ਜਿਨ੍ਹਾਂ ਨੇ ਅਜੇਹੇ ਪੰਥਕ ਹੀਰਿਆਂ ਦੀ ਕਦਰ
ਹੀ ਨਹੀਂ ਪਾਈ। ਇਸ ਦਾ ਪੂਰਾ ਵਿਸਥਾਰ ਇੱਕ ਵੱਖਰੇ ਲੇਖ ਵਿੱਚ ਕਰਾਂਗਾ। ਵੀਰ ਅਰਵਿੰਦਰ ਸਿੰਘ ਜੀ
ਹੁਰਾਂ ਨੇ ਨੈਵਲ ਰੋਡ ਤੇ ਵੁਲਚ ਦੇ ਰਾਮਗੜ੍ਹੀਆ ਗੁਰਦੁਆਰਿਆਂ ਵਿੱਚ ਸ਼ਬਦ ਵਿਚਾਰ ਦੇ ਪ੍ਰੋਗਾਰਮ
ਰੱਖੇ ਹੋਏ ਸਨ। ਪੰਜਾਬ ਰੇਡੀਓ ਰਾਂਹੀ ਵੀਰ ਗੁਰਦੇਵ ਸਿੰਘ ਜੀ ਰੈਅਤ ਨਾਲ ਜਾਣਕਾਰੀ ਤਾਂ ਸੀ ਪਰ ਮੇਲ
ਮਿਲਾਪ ਪਹਿਲੀ ਦਫ਼ਾ ਹੀ ਉਹਨਾਂ ਨਾਲ ਹੋਇਆ। ਵੀਰ ਗੁਰਦੇਵ ਸਿੰਘ ਰੈਅਤ ਹੁਰਾਂ ਨੂੰ ਗੁਰਬਾਣੀ ਸਿਧਾਂਤ
ਦੀ ਪੂਰੀ ਜਾਣਕਾਰੀ ਹੈ ਓੱਥੇ ਉਹ ਸਿੱਖ ਇਤਿਹਾਸ ਨੂੰ ਵੀ ਬਹੁਤ ਵਿਗਿਆਨਕ ਢੰਗ ਨਾਲ ਪੇਸ਼ ਕਰਦੇ ਹਨ।
ਉਹਨਾਂ ਦੀ ਕੋਸ਼ਿਸ਼ ਹੈ ਕਿ ਸਿੱਖ ਕੌਮ ਨੂੰ ਧਾਰਮਕ ਕਰਮ-ਕਾਂਡ ਤੇ ਸਮਾਜਕ ਕੁਰੀਤੀਆਂ ਤੋਂ ਬਚਾਇਆ
ਜਾਏ। ਅਜੇਹੇ ਬਹੁਤ ਹੀ ਘੱਟ ਗੁਰਦੁਆਰੇ ਹਨ ਜਿੰਨ੍ਹਾਂ ਦੇ ਪ੍ਰਬੰਧਕ ਇਸ ਗੱਲ ਦਾ ਧਿਆਨ ਰੱਖ ਰਹੇ ਹਨ
ਕਿ ਸਾਡੇ ਗੁਰਦੁਆਰਾ ਸਾਹਿਬ ਵਿਖੇ ਕੇਵਲ ਗੁਰਮਤ ਦਾ ਹੀ ਪਰਚਾਰ ਹੋਵੇ। ਨੈਵਲ ਰੋਡ ਤੇ ਵੁਲਚ ਭਾਵੇਂ
ਹੰਸਲੋ ਤੋਂ ਕੁੱਝ ਹਟਵੇਂ ਹੀ ਪੈਂਦੇ ਹਨ, ਪਰ ਸਦਕੇ ਜਾਈਏ ਇਹਨਾਂ ਸਿਰੜੀ ਵੀਰਾਂ ਦੇ ਜੋ ਆਪਣਾ ਕੰਮ
ਛੱਡ ਕੇ ਗੁਰਮਤ ਦਾ ਸੁਨੇਹਾਂ ਦੇਣ ਲਈ ਤੁਰ ਪੈਂਦੇ ਹਨ। ਆਉਣ ਜਾਣ ਦੀ ਸਾਰੀ ਜ਼ਿੰਮੇਵਾਰੀ ਵੀਰ
ਤੇਜਿੰਦਰ ਸਿੰਘ ਹੁਰਾਂ ਨਿਭਾਈ। ਵੀਰ ਜਗਰੂਪ ਸਿੰਘ ਜੀ ਹੁਰਾਂ ਸੀਡੀਜ਼ ਵੰਡਣ ਦੀ ਸਾਰੀ ਸੇਵਾ ਨਿਭਾਈ।
ਵੀਰ ਅਰਵਿੰਦਰ ਸਿੰਘ ਦਾ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਪੂਰਾ ਤਾਲ ਮੇਲ ਹੋਣ ਕਰਕੇ
ਇਹਨਾਂ ਬਹੁਤ ਸਾਰੇ ਪ੍ਰੋਗਰਾਮ ਬਣਾਏ ਹੋਏ ਸਨ। ਵੀਰ ਗੁਰਦੇਵ ਸਿੰਘ ਪ੍ਰਧਾਨ ਰਾਮਗੜ੍ਹੀਆ ਗੁਰਦੁਆਰਾ
ਵੁਲਚ ਤੇ ਵੀਰ ਬਲਜਿੰਦਰ ਸਿੰਘ ਜੀ ਵਲੋਂ ਲੰਗਰ ਹਾਲ ਵਿੱਚ ਗੁਰਮਤ ਦੀ ਜਾਣਕਾਰੀ ਲਈ ਸੁਆਲ ਜੁਆਬ ਦਾ
ਵੀ ਸਮਾਂ ਰੱਖਿਆ ਗਿਆ ਬਹੁਤ ਸਾਰੇ ਸਵਾਲਾਂ ਦਾ ਮੌਕੇ `ਤੇ ਹੀ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ
ਉੱਤਰ ਦਿੱਤੇ ਗਏ। ਵੀਰ ਅਰਵਿੰਦਰ ਸਿੰਘ ਤੇ ਵੀ ਗੁਰਦੇਵ ਸਿੰਘ ਤੇ ਵੀਰ ਬਲਜਿੰਦਰ ਸਿੰਘ ਦੇ ਇਸ ਉਦਮ
ਦਾ ਹਰੇਕ ਨੇ ਸੁਆਗਤ ਕੀਤਾ। ਸੁਆਲ ਭਾਵੇਂ ਨਿੱਕੇ ਨਿੱਕੇ ਸਨ ਪਰ ਗੁਰਮਤ ਦੀ ਜਾਣਕਾਰੀ ਲਈ ਇਹ ਬਹੁਤ
ਜ਼ਰੂਰੀ ਸਨ। ਜੇਕਰ ਸਟੇਜ ਤੋਂ ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ ਦਿੱਤੀ ਜਾਏ ਤਾਂ ਅਜੇਹੇ ਸੁਵਾਲ
ਉਤਪੰਨ ਹੀ ਨਹੀਂ ਹੁੰਦੇ। ਹੁਣ ਸਮਾਂ ਆ ਗਿਆ ਹੈ ਗੁਰਬਾਣੀ ਸਿਧਾਂਤ ਦੀ ਗੱਲ ਕਰਨ ਦਾ ਕਿਉਂਕਿ ਹੁਣ
ਬੱਚੇ ਗੈਰ ਕੁਦਰਤੀ ਗੱਲ ਸੁਣਨ ਲਈ ਤਿਆਰ ਨਹੀਂ ਹਨ।
ਵੀਰ ਸੁਰਿੰਦਰ ਸਿੰਘ ਜੰਡੂ ਸਕੱਤਰ, ਵੀਰ ਸੁਖਦੇਵ ਸਿੰਘ ਹੁਰਾਂ ਰਾਮਗੜ੍ਹੀਆ ਗੁਰਦੁਆਰਾ ਨੈਵਲ ਰੋਡ
ਵਿਖੇ ਉਚੇਚੇ ਤੌਰ `ਤੇ ਸ਼ਬਦ ਦੀ ਵਿਚਾਰ ਦੇ ਪ੍ਰੋਗਰਾਮ ਉਲ਼ੀਕੇ ਹੋਏ ਸਨ। ਇੰਜ ਮਹਿਸੂਸ ਕੀਤਾ ਗਿਆ ਹੈ
ਕਿ ਸੰਗਤਾਂ ਹੁਣ ਗੁਰਬਾਣੀ ਵਿਚਾਰ ਨੂੰ ਸੁਣਨਾ ਚਾਹੁੰਦੀਆਂ ਹਨ। ਵੀਰ ਅਰਵਿੰਦਰ ਸਿੰਘ ਦੀ ਤਮੱਨ੍ਹਾ
ਸੀ ਕਿ ਵੱਧ ਤੋਂ ਵੱਧ ਗੁਰਬਾਣੀ ਵਿਚਾਰ ਦਾ ਲਾਭ ਲਿਆ ਜਾਏ। ਓੱਥੇ ਪੰਥ ਦੀਆਂ ਨਾਮਵਰ ਹਸਤੀਆਂ ਨੂੰ
ਵੀ ਮਿਲਿਆ ਜਾਏ। ਏਸੇ ਕੜੀ ਅਧੀਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਗ ਵੈਲ ਯੂ. ਕੇ. ਦੇ
ਪ੍ਰਿੰਸੀਪਲ ਵੀਰ ਅਮਰਜੀਤ ਸਿੰਘ ਜੀ ਨੂੰ ਮਿਣਨ ਲਈ ਕਾਲਜ ਵਿੱਚ ਗਏ ਉਹਨਾਂ ਨੇ ਬਹੁਤ ਹੀ ਮਾਣ
ਦਿੱਤਾ। ਪੰਜਾਬ ਦੇ ਨਸ਼ਿਆਂ, ਪਤਿਤ-ਪੁਣੇ ਦੀ ਲਹਿਰ ਸੰਬੰਧੀ ਤੇ ਨੌਜਵਾਨਾਂ ਵਿੱਚ ਗੁਰਮਤ ਦੀ ਪੜ੍ਹਾਈ
ਸੰਬੰਧੀ ਕਈ ਖੁਲ੍ਹੀਆਂ ਵਿਚਾਰਾਂ ਹੋਈਆਂ। ਉਹਨਾਂ ਪਾਸ ਬਹੁਤ ਹੀ ਕਈ ਸਾਰਥਿਕ ਨੁਕਤੇ ਹਨ ਜੋ ਆਪਣੇ
ਤਜ਼ਰਬੇ ਵਿੱਚ ਸਾਂਭੀ ਬੈਠੇ ਹਨ।
ਇੱਕ ਵੀਕ ਦਾ ਪ੍ਰੋਗਰਾਮ ਗੁਰਦੁਆਰਾ ਦਸਮੇਸ਼ ਦਰਬਾਰ ਈਸਟਹੈਮ ਵਿਖੇ ਬਣਿਆਂ ਏੱਥੇ ਵੀਰ ਸ਼ਮਸ਼ੇਰ ਸਿੰਘ
ਜੀ ਪਾਲ ਤੇ ਵੀਰ ਹਰਿੰਦਰ ਸਿੰਘ ਹੁਰਾਂ ਨਾਲ ਮੇਲ ਮਿਲਾਪ ਹੋਇਆ ਇਹਨਾਂ ਵੀਰਾਂ ਨੇ ਗੁਰਮਤ ਦੀ ਭਾਵਨਾ
ਨੂੰ ਬਰਕਰਾਰ ਰੱਖਣ ਲਈ ਹਰ ਉਦਮ ਕੀਤਾ ਹੋਇਆ ਹੈ।
ਇਹਨਾਂ ਫੇਰੀਆਂ ਦੌਰਾਨ ਦੇਖਣ ਵਿੱਚ ਇਹ ਗੱਲ ਆਈ ਹੈ ਕਿ ਅੱਜ ਤੱਤ ਗੁਰਮਤ ਨੂੰ ਸਮਝਣ ਵਾਲੇ ਸੁਹਿਰਦ
ਵੀਰ ਥਾਂ-ਪੁਰ-ਥਾਂ ਬੈਠੇ ਹਨ ਪਰ ਉਹਨਾਂ ਦਾ ਆਪਸ ਵਿੱਚ ਨੈਟ ਵਰਕ ਬਹੁਤ ਘੱਟ ਹੈ ਆਪਣੇ ਆਪਣੇ ਤੌਰ
`ਤੇ ਬਹੁਤ ਯਤਨ ਹੋ ਰਿਹਾ ਹੈ ਪਰ ਜੇ ਇਕੱਠਿਆ ਹੋ ਕੇ ਹਮਲਾ ਮਾਰਿਆ ਜਾਏ ਤਾਂ ਨਤੀਜੇ ਬਹੁਤ ਸਾਰਥਿਕ
ਨਿਕਲ ਸਕਦੇ ਹਨ। ਭਾਵ ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਕਾਇਮ ਰੱਖਿਆ ਜਾ ਸਕਦਾ ਹੈ ਤੇ ਉਸ ਨੂੰ
ਫੈਲ਼ਾਇਆ ਵੀ ਸਕਦਾ ਹੈ। ਇਹਨਾਂ ਮੁਲਕਾਂ ਵਿੱਚ ਇੱਕ ਹੋਰ ਦੇਖਿਆ ਹੈ ਕਿ ਸਿੱਖ ਮਾਰਗ, ਸਿੱਖ ਵਿਰਸਾ,
ਇੰਡੀਆ ਅਵੇਅਰਨੈੱਸ, ਸਿੱਖ ਸ਼ਹਾਦਤ, ਰੋਜ਼ਾਨਾ ਸਪੋਕਸਮੈਨ ਨੂੰ ਇੰਟਰਨੈੱਟ ਤੇ ਆਮ ਪੜ੍ਹਿਆ ਜਾਂਦਾ ਹੈ।
|
. |