ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 02)
(ਸਖਸ਼ੀ ਰਹਿਣੀ - ਅਰਦਾਸ ਤੱਕ)
(2) ਇਸ ਤੋਂ ਅੱਗੇ ਸਿੱਖ ਦੀ
ਰਹਿਣੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ—ਸਖਸ਼ੀ (ਵਿਅਕਤੀਗਤ) ਅਤੇ ਪੰਥਕ। ਸਖਸ਼ੀ ਰਹਿਣੀ
ਨੂੰ ਫਿਰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।
(1) ਨਾਮ ਬਾਣੀ ਦਾ ਅਭਿਆਸ।
(2) ਗੁਰਮਤਿ ਦੀ ਰਹਿਣੀ।
(3) ਸੇਵਾ।
ਆਉ ਸੱਭ ਤੋਂ ਪਹਿਲਾਂ ਨਾਮ ਬਾਣੀ ਦੇ ਅਭਿਆਸ ਨੂੰ ਵਿਚਾਰਦੇ ਹਾਂ। ਇਸ ਸਿਰਲੇਖ ਹੇਠ ਦਿੱਤੇ ਭਾਗ ਨੰ:
1. ਇੱਕ ਵਿੱਚ ਲਿਖਿਆ ਹੈ ਕਿ:
“ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ
ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ।”
ਇਸ ਭਾਗ ਨੰ: 1. ਵਿੱਚ ਆਏ ਲਫਜ਼ਾਂ ਵਿੱਚ ਸਿਧਾਂਤਕ ਕਮਜ਼ੋਰੀਆਂ ਦੀ ਵਿਚਾਰ ਕਰਦੇ ਹਾਂ।
(ੳ) ਗੁਰਬਾਣੀ ਵਿੱਚ ਅੰਮ੍ਰਿਤ ਵੇਲਾ ਸਵੇਰ ਦੇ ਸਮੇਂ ਨੂੰ ਨਹੀਂ ਮੰਨਿਆ ਗਿਆ। ਬਲਕਿ ਜਿਸ ਵੀ ਸਮੇਂ
ਮਨੁੱਖ ਸੱਚ ਦੀ ਰਾਹ ਉੱਤੇ ਤੁਰਦਾ ਹੈ ਉਹੀ ‘ਅੰਮ੍ਰਿਤ ਵੇਲਾ’ ਹੈ। ਸੋ ਇੱਥੇ ਪ੍ਰਭਾਤ ਵੇਲੇ, ਸੁਬਹ
ਜਾਂ ਸਵੇਰੇ ਆਦਿ ਢੁੱਕਵੇਂ ਲਫਜ਼ ਵਰਤੇ ਜਾ ਸਕਦੇ ਹਨ। ਨਾਲ ਹੀ ਇਸ ਵਿੱਚ ਸੱਭ ਤੋਂ ਉੱਪਰ ਲਿਖਿਆ ਜਾ
ਸਕਦਾ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ ਸਿੱਖ ਇਸ ਨੇਮ ਦੀ ਪਾਲਣਾ ਕਰੇ ਪਰ ਭਰਮ ਨਾ ਪਾਲੇ। ਕਿਉਂਕਿ
ਸਮਾਜ ਦੇ ਵਿਕਾਸ ਕਾਰਨ ਕਈ ਸਿੱਖ ਇਹੋ ਜਿਹਿਆਂ ਨੌਕਰੀਆਂ ਜਾਂ ਕਾਰੋਬਾਰ ਆਦਿ ਕਰਦੇ ਹਨ ਜਿਸ ਵਿੱਚ
ਰਾਤ ਦੀ ਸ਼ਿਫਟ (ਨਾਇਟ ਸ਼ਿਫਟ) ਵੀ ਲਾਉਣੀ ਪੈਂਦੀ ਹੈ ਜਾਂ ਹੋਰ ਵੀ ਮਜਬੂਰੀ ਹੁੰਦੀ ਹੈ। ਐਸੇ
ਨੁਕਤਿਆਂ ਨੂੰ ਜ਼ਰੂਰ ਸਾਹਮਣੇ ਰੱਖਿਆ ਜਾਵੇ। ਨਾਲ ਹੀ ਇਹ ਵੀ ਸਪਸ਼ੱਟ ਕੀਤਾ ਜਾ ਸਕਦਾ ਹੈ ਕਿ ਸਾਰੇ
ਨੇਮ ਦਾ ਮਕਸਦ ਚੰਗੇ ਗੁਣ ਧਾਰਨ ਕਰਕੇ ਚੰਗਾ ਮਨੁੱਖ ਬਣਨਾ ਹੈ। ਇਸ ਨੂੰ ਇੱਕ ਕਰਮਕਾਂਡ ਦਾ ਰੂਪ
ਨਹੀਂ ਦੇਣਾ ਚਾਹੀਦਾ।
(ਅ) ਇਸੇ ਭਾਗ ਵਿੱਚ ਲਿਖਿਆ ਹੈ ਕਿ ‘ਵਾਹਿਗੁਰੂ ਨਾਮ ਜਪੇ’। ਗੁਰਬਾਣੀ ਵਿੱਚ ਕਿਧਰੇ ਵੀ ਨਾਮ ਨੂੰ
‘ਵਾਹਿਗੁਰੂ’ ਕਰ ਕੇ ਨਹੀਂ ਦੱਸਿਆ ਗਿਆ। ਨਾ ਹੀ ਗੁਰਮਤਿ ਕਿਸੇ ਇੱਕ ਖਾਸ ਲਫਜ਼ (ਉਹ ਭਾਵੇਂ ਰਾਮ
ਹੋਵੇ, ਅੱਲ੍ਹਾ ਹੋਵੇ, ਵਾਹਿਗੁਰੂ ਹੋਵੇ ਜਾਂ ਕੋਈ ਹੋਰ) ਦੇ ਮੁੱਖ ਤੋਂ ਬਾਰ-ਬਾਰ ਰਟਨ ਨੂੰ ਸਿਮਰਨ
ਜਾਂ ਨਾਮ ਜਪਣਾ ਮੰਨਦੀ ਹੈ। ਇਸ ਪ੍ਰਥਾਇ ਸਪਸ਼ੱਟ ਗੁਰਵਾਕ ਹੈ:
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੁ ਪਇਆ॥ (ਪੰਨਾ 565)
ਭਾਵ: ਮੁੱਖ ਤੋਂ ਰਾਮ ਰਾਮ, ਹਰੀ ਹਰੀ, ਅੱਲ੍ਹਾ ਅੱਲ੍ਹਾ ਜਾਂ ਵਾਹਿਗੁਰੂ ਵਾਹਿਗੁਰੂ ਉਚਾਰਣ ਨਾਲ
ਕੁੱਝ ਨਹੀਂ ਹੁੰਦਾ। ਅਸਲ ਗੱਲ ਤਾਂ ‘ਨਾਮ’ ਨੂੰ ਹਿਰਦੇ ਵਿੱਚ ਧਾਰਨ ਕਰਨ ਦੀ ਹੈ। ਗੁਰਮਤਿ ਅਨੁਸਾਰ
ਨਾਮ ‘ਸੱਚ ਦਾ ਗਿਆਨ’ ਹੈ ਅਤੇ ਉਸ ਗਿਆਨ ਅਨੁਸਾਰ ਜੀਵਨ ਜਾਚ ਬਣਾਉਣੀ ਹੀ ਨਾਮ ਸਿਮਰਨ ਜਾਂ ਨਾਮ
ਜਪਣਾ ਹੈ। ਜੇ ਅਸੀਂ ‘ਵਾਹਿਗੁਰੂ’ ਲਫਜ਼ ਦੇ ਰਟਨ ਨੂੰ ਸਹੀ ਮੰਨਦੇ ਹਾਂ ਤਾਂ ਦੂਜੇ ਮੱਤ ਵਾਲੇ ਰੱਬ
ਦਾ ਇੱਕ ਨਾਂ (ਸੋਹੰ, ਰਾਮ, ਅੱਲ੍ਹਾ, ਹਰੀ ਆਦਿ) ਮਿੱਥ ਕੇ ਉਸ ਦਾ ਰਟਨ ਕਰਦੇ ਹਨ ਤਾਂ ਸਾਡੇ ਵਿੱਚ
ਕੀ ਵਿਲੱਖਣਤਾ ਹੋਈ।
ਇਸ ਕਰਕੇ ‘ਵਾਹਿਗੁਰੂ’ ਲਫਜ਼ ਦੇ ਵਾਰ-ਵਾਰ (ਵੱਖ-ਵੱਖ ਢੰਗਾਂ ਨਾਲ) ਉਚਾਰਣ (ਰਟਨ) ਨੂੰ ‘ਸਿਮਰਨ’
ਜਾਂ ‘ਨਾਮ ਜਪਣਾ’ ਕਰਕੇ ਪ੍ਰਚਾਰਨਾ ਗੁਰਮਤਿ ਸਿਧਾਂਤ ਦੀ ਖਿਲਾਫਤ ਮਹਿਸੂਸ ਹੁੰਦੀ ਹੈ। ਪਰ ਅਫਸੋਸ
ਇਹ ਵਾਦੀ ਸਿੱਖਾਂ ਵਿੱਚ ਬਹੁਤ ਜ਼ਿਆਦਾ ਪ੍ਰਚਾਰੀ ਜਾ ਰਹੀ ਹੈ। ਇਸ ਦਾ ਨਤੀਜਾ ਹੈ ਕਿ ਜੇ ਪ੍ਰਚਲਿਤ
ਨਾਮ ਜਪਣਾ ਜਾਂ ਸਿਮਰਨ ਦੀਆਂ ਪੰਡਾਂ ਬੰਨਣ ਦਾ ਦਾਅਵਾ ਕਰਨ ਵਾਲੇ (ਅਖੌਤੀ) ਸੰਤਾਂ, ਮਹਾਂਪੁਰਸ਼ਾਂ
ਦੇ ਜੀਵਨ ਤੇ ਝਾਤ ਮਾਰੀਏ ਤਾਂ ਇਨ੍ਹਾਂ ਦੇ 90% ਕਰਮ ਗੁਰਮਤਿ ਤੋਂ ਉਲਟ ਨਜ਼ਰ ਆਉਣਗੇ। ਕਾਰਨ,
ਇਨ੍ਹਾਂ ਨੇ ਅਸਲੀ ਸਿਮਰਨ (ਸੱਚ ਦੇ ਗਿਆਨ ਨੂੰ ਧਾਰਨ ਕਰਨਾ) ਤਾਂ ਕੀਤਾ ਹੀ ਨਹੀਂ, ਸਿਰਫ ਰਟਨ ਹੀ
ਕੀਤਾ ਹੈ। ਦੂਜੇ ਪਾਸੇ ਤੱਤ ਗੁਰਮਤਿ ਦੇ ਧਾਰਨੀ ਸਿੱਖ ਐਸੇ ਕਿਸੇ ਪ੍ਰਚਲਿਤ ਸਿਮਰਨ ਜਾਂ ਨਾਮ ਜਪਣ
ਵਰਗੇ ਕਰਮਕਾਂਡਾਂ ਦੇ ਚੱਕਰ ਵਿੱਚ ਨਹੀਂ ਪੈਂਦੇ। ਪਰ ਉਨ੍ਹਾਂ ਦੀ ਜੀਵਨ ਜਾਚ ਵਿੱਚ ਆਮ ਸਮਾਜ ਵਿੱਚ
ਪ੍ਰਚਲਿਤ ਕਰਮਕਾਂਡ, ਅੰਧ ਵਿਸ਼ਵਾਸ਼ ਬਹੁਤ ਹੀ ਘੱਟ ਜਾਂ ਬਿਲਕੁਲ ਹੀ ਨਹੀਂ ਮਿਲਣਗੇ। ਕਾਰਨ, ਉਨ੍ਹਾਂ
ਨੇ ਸਹੀ ਮਾਇਨੇ ਵਿੱਚ ਸਿਮਰਨ ਨੂੰ ਸਮਝ ਲਿਆ ਹੈ ਅਤੇ ਉਸ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ
ਹਨ।
(3) ਇਸ ਤੋਂ ਅੱਗੇ ਨਾਮ ਬਾਣੀ ਦੇ ਅਭਿਆਸ ਦੇ ਸਿਰਲੇਖ ਹੇਠ ਹੀ ਦੂਜੇ ਭਾਗ ਵਿੱਚ ਨਿਤਨੇਮ ਦਾ ਪਾਠ
ਕਰਨ ਦੀ ਹਿਦਾਇਤ ਹੈ। ਨਾਲ ਹੀ ਨਿਤਨੇਮ ਦੀਆਂ ‘ਬਾਣੀਆਂ’ ਵੀ ਦਿੱਤੀਆਂ ਹਨ ਜੋ ਇਸ ਤਰ੍ਹਾਂ ਹਨ:
1. ਅੰਮ੍ਰਿਤ ਵੇਲੇ: ਜਪੁ, ਜਾਪ ਅਤੇ 10 ਸਵੱਯੇ ( ‘ਸ੍ਰਾਵਗ ਸੁਧ’ ਵਾਲੇ) -
2. ਸ਼ਾਮ ਵੇਲੇ (ਸੂਰਜ ਡੁੱਬਣ ਸਮੇਂ) : ਸੋ ਦਰੁ ਰਹਿਰਾਸ-
3. ਰਾਤ ਨੂੰ ਸੌਣ ਵੇਲੇ: ਸੋਹਿਲਾ –
ਵੀਚਾਰ: ਇਹ ਪ੍ਰਚਲਿਤ ਸਿੱਖ ਰਹਿਤ ਮਰਿਆਦਾ ਦਾ ਉਹ ਹਿੱਸਾ ਹੈ ਜੋ ਸਿਧਾਂਤਕ ਵਖਰੇਵਿਆਂ ਨਾਲ ਭਰਿਆ
ਮਹਿਸੂਸ ਹੁੰਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਥੋੜੀ ਜਿਹੀ ਗੰਭੀਰਤਾ ਨਾਲ ਅਧਿਐਨ
ਕੀਤਾ ਜਾਏ ਤਾਂ ਨਿਤਨੇਮ ਬਾਰੇ ਸਪਸ਼ਟ ਹੋ ਜਾਂਦਾ ਹੈ ਕਿ ਰਾਗਾਂ ਵਿੱਚ ਤਰਤੀਬ ਵਾਰ ਬਾਣੀ ਸ਼ੁਰੂ ਹੋਣ
ਤੋਂ ਪਹਿਲਾਂ ਕੁੱਝ ਬਾਣੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ 13 ਪੰਨਿਆਂ ਵਿੱਚ ਆ ਜਾਂਦੀ ਹੈ।
ਜੋ ਇਸ ਪ੍ਰਕਾਰ ਹੈ:
ਜਪੁ ਜੀ ਸਾਹਿਬ, ਸੋ ਦਰੁ ਦੇ ਪੰਜ ਅਤੇ ਸੋ ਪੁਰਖੁ ਦੇ ਚਾਰ ਸ਼ਬਦ ਅਤੇ ਸੋਹਿਲਾ ਸਾਹਿਬ ਦੇ ਪੰਜ ਸ਼ਬਦ।
ਇੱਥੇ ਧਿਆਨ ਯੋਗ ਨੁਕਤਾ ਇਹ ਹੈ ਕਿ ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ ਸਾਹਿਬ ਦੇ ਸਾਰੇ ਸ਼ਬਦ ‘ਗੁਰੂ
ਗ੍ਰੰਥ ਸਾਹਿਬ ਜੀ’ ਦੇ 13 ਪੰਨਿਆਂ ਤੋਂ ਬਾਅਦ ਆਪਣੇ-ਆਪਣੇ ਰਾਗਾਂ ਨਾਲ ਵੀ ਦਰਜ ਮਿਲਦੇ ਹਨ। ਜਪੁ
ਜੀ ਸਾਹਿਬ ਇੱਕ ਰਾਗ ਮੁਕਤ ਬਾਣੀ ਹੈ। ਸੋ ਜੇ ਸਿੱਖ ਦਾ ਕੋਈ ਨਿਤਨੇਮ ਹੋ ਸਕਦਾ ਹੈ ਤਾਂ ਇਹੀ
ਬਾਣੀਆਂ ਹੋ ਸਕਦੀਆਂ ਹਨ। ਇਨ੍ਹਾਂ ਦੀ ਸਮੇਂ ਅਨੁਸਾਰ ਵੰਡ ਇਸ ਪ੍ਰਕਾਰ ਕਰ ਸਕਦੇ ਹਾਂ:
1. ਪ੍ਰਭਾਤ ਵੇਲੇ: ਜਪੁ ਜੀ ਸਾਹਿਬ।
2. ਸ਼ਾਮ ਵੇਲੇ (ਸੂਰਜ ਡੁੱਬਣ ਵੇਲੇ) : ਸੋ ਦਰੁ ਅਤੇ ਸੋ ਪੁਰਖੁ ਵਾਲੇ 9 ਸ਼ਬਦ।
3. ਸੌਣ ਵੇਲੇ: ਸੋਹਿਲਾ ਸਾਹਿਬ।
ਪਰ ਨਾਲ ਇਹ ਵੀ ਸਪਸ਼ਟ ਲਿਖਿਆ ਜਾ ਸਕਦਾ ਹੈ ਕਿ ਨਿਤਨੇਮ ਦੀਆਂ ਇਹ ਬਾਣੀਆਂ ਸਿਰਫ ਤੋਤਾ ਰਟਨੀਆਂ
ਵਾਂਗ ਨਾ ਪੜ੍ਹੀਆਂ ਜਾਣ ਬਲਕਿ ‘ਬੰਦੇ ਖੋਜ ਦਿਲ ਹਰ ਰੋਜ ਨ ਫਿਰ ਪਰੇਸ਼ਾਨੀ ਮਾਹਿ’ ਦੀ ਤਰਜ਼ ਉੱਤੇ
ਸਵੈ ਪੜਚੋਲ ਵਜੋਂ ਪੜ੍ਹੀਆਂ ਜਾਣ (ਸਮਝ ਵਿਚਾਰ ਕੇ)।
ਆਉ ਹੁਣ ਇਸ ਵੇਲੇ ਇਸ ਪ੍ਰਚਲਿਤ ਨਿਤਨੇਮ ਦੇ ਸਿਧਾਂਤਕ ਵਖਰੇਵੇਂ ਬਾਰੇ ਵਿਚਾਰ ਕਰ ਲੈਂਦੇ ਹਾਂ। ਜਪੁ
ਜੀ ਸਾਹਿਬ ਤੇ ਸੋਹਿਲਾ ਸਾਹਿਬ ਪ੍ਰਮਾਣਿਕ ਬਾਣੀਆਂ ਹਨ। ਪਰ ਬਾਕੀ ਵਿੱਚ ਕਾਫੀ ਕੁੱਝ ਸਿਧਾਂਤਕ
ਮਿਲਗੋਭਾ ਹੈ, ਮਿਲਾਵਟੀ ਅੰਸ਼ ਹਨ। ਪਹਿਲਾਂ ਕੀਤੇ ਵਿਚਾਰ ਅਨੁਸਾਰ ਅਸੀਂ ਸਪਸ਼ਟ ਹੋ ਗਏ ਹਾਂ ਕਿ ਦਸਮ
ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਕ੍ਰਿਤ ਨਹੀਂ। ਨਾਲ ਹੀ ਕਰੀਬ 99% ਰਚਨਾਵਾਂ ਗੁਰਮਤਿ ਸਿਧਾਂਤ ਤੋਂ
ਬਿਲਕੁਲ ਉਲਟ ਹਨ। ਇਸ ਕਰਕੇ ਇਸ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ) ਦੀ ਕਿਸੇ ਵੀ ਰਚਨਾ
ਨੂੰ ਨਿਤਨੇਮ ਦਾ ਹਿੱਸਾ ਬਣਾ ਕੇ ‘ਪ੍ਰਮਾਣਿਕਤਾ’ ਦੇਣੀ ‘ਗੁਰੂ’ ਨਾਲ ਧ੍ਰੋਹ ਕਮਾਉਣਾ ਹੈ। 95%
ਸਿੱਖ (5% ਬ੍ਰਾਹਮਣਵਾਦੀ ਸੋਚ ਵਾਲੇ) ਦਸਮ ਗ੍ਰੰਥ ਦੀ ‘ਤ੍ਰਿਆ ਚਰਿਤ੍ਰ’ ਨੂੰ ਗੁਰੂ ਕ੍ਰਿਤ ਨਹੀਂ
ਮੰਨਦੇ। ਸ਼੍ਰੋਮਣੀ ਕਮੇਟੀ ਵੀ ਆਪਣੇ ਖੱਤ ਰਾਹੀਂ ਇਹ ਸਪਸ਼ਟ ਕਰ ਚੁੱਕੀ ਹੈ। ਪਰ ‘ਰਹਿਰਾਸ’ ਸਿਰਲੇਖ
ਹੇਠ ਪੜ੍ਹੀ ਜਾਂਦੀ ਨਿਤਨੇਮ ਦੀ ਬਾਣੀ ਵਿੱਚ ਇਸੇ ‘ਤ੍ਰਿਆ ਚਰਿਤ੍ਰ’ ਦੇ ਇੱਕ ਹਿੱਸੇ ‘ਬੇਨਤੀ ਚੌਪਈ’
ਨੂੰ ਜ਼ਬਰਦਸਤੀ ‘ਪਾ: 10’ ਲਿਖ ਕੇ ਪੜ੍ਹਿਆ ਜਾ ਰਿਹਾ ਹੈ। ਜੋ ਸਪਸ਼ਟ ‘ਤ੍ਰਿਆ ਚਰਿਤ੍ਰ’ ਨੂੰ
ਪ੍ਰਮਾਣਿਕਤਾ ਦੇਣ ਵਾਲਾ ਅਪਰਾਧ ਹੈ। ਪਰ ਫਿਰ ਵੀ ਆਪਣੇ ਆਪ ਨੂੰ ਜਾਗਰੂਕ ਮੰਨਣ ਵਾਲੇ ਸਿੱਖ ਇਸ ਦੇ
ਖਿਲਾਫ ਬੋਲਣ ਨੂੰ ‘ਪੰਥ ਵਿਰੋਧੀ ਕਾਰਜ’ ਸਮਝਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ‘ਤ੍ਰਿਆ ਚਰਿਤ੍ਰ’ ਦਾ
ਆਕਾਰ ‘ਦਸਮ ਗ੍ਰੰਥ’ ਦੇ ਅੱਧ ਬਰਾਬਰ ਹੈ। ਇਸੇ ਚੌਪਈ ਦੇ ਅੰਤ ਵਿੱਚ ਪੜ੍ਹਿਆ ਜਾਂਦਾ ਸਵੈਯਾ ‘ਪਾਇਂ
ਗਹੈ ਜਬ ਤੇ ਤੁਮਰੈ’ ਦਸਮ ਗ੍ਰੰਥ ਦੀ ਇੱਕ ਰਚਨਾ `ਚੌਬਿਸ ਅਵਤਾਰ’ ਵਿੱਚੋਂ ਹੈ। ਇਹ ਰਚਨਾ ਦਸਮ
ਗ੍ਰੰਥ ਦੇ ਕਰੀਬ 550 ਪੰਨਿਆਂ ਉੱਪਰ ਅੰਕਿਤ ਹੈ। ਉਪਰੋਤਕ ਸਵੈਯੇ ਨੂੰ ਨਿਤਨੇਮ ਵਿੱਚ ਥਾਂ ਦੇਣ ਨਾਲ
ਅਸੀਂ `ਚੌਬਿਸ ਅਵਤਾਰ’ ਦੀ ਰਚਨਾ ਨੂੰ ਅਣਜਾਣੇ ਵਿੱਚ ਹੀ ਪ੍ਰਮਾਣਿਕਤਾ ਦੇ ਰਹੇ ਹੁੰਦੇ ਹਾਂ।
ਇਸ ਤਰ੍ਹਾਂ ਅਸੀਂ ਕਰੀਬ ਦਸਮ ਗ੍ਰੰਥ ਦੇ 1428 ਵਿਚੋਂ ਕੁੱਲ 1250 ਦੇ ਕਰੀਬ ਪੰਨਿਆਂ ਨੂੰ (ਨਿਤਨੇਮ
ਜਾਂ ਅਰਦਾਸ ਰਾਹੀਂ) ਪ੍ਰਮਾਣਿਕਤਾ ਬਖਸ਼ ਦਿੱਤੀ। ਫਿਰ ਅਸੀਂ ਕਿਸ ਮੂੰਹ ਨਾਲ ਕਹਿੰਦੇ ਹਾਂ ਕਿ ਅਸੀਂ
ਪੂਰੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਬਾਕੀ ਦਸਮ ਗ੍ਰੰਥ ਵਿੱਚ ਰਹਿ ਕੀ ਗਿਆ।
ਜ਼ਬਰਦਸਤੀ ਅਸੀਂ ਇਨ੍ਹਾਂ ਕੱਚੀਆਂ ਰਚਨਾਵਾਂ ਨੂੰ ‘ਗੁਰੂ ਦੇ ਨਾਂ ਮੜ੍ਹਨ’ ਵਰਗਾ ਕੁਕਰਮ ਕਰ ਰਹੇ ਹਾਂ
(ਖਾਸ ਕਰ ਉਹ ਜੋ ਇਸ ਰਹਿਤ ਮਰਿਆਦਾ ਨੂੰ ਅੱਖਰ ਅੱਖਰ ਸੱਚ ਮੰਨਣ ਦਾ ਪ੍ਰਚਾਰ ਕਰ ਰਹੇ ਹਨ)।
ਦਸਮ ਗ੍ਰੰਥ ਦੀਆ ਰਚਨਾਵਾਂ ਜਾਪ ਅਤੇ ਸਵੈਯੇ ਵੀ ਗੁਰੂ ਕ੍ਰਿਤ ਨਹੀਂ ਹਨ। ਵੇਖਣ ਵਿੱਚ ਭਾਵੇਂ ਇਹ
ਗੁਰਮਤਿ ਅਨੁਸਾਰ ਲਗਦੇ ਹੋਣ। ‘ਗੁਰੂ ਕ੍ਰਿਤ’ ਨਾ ਹੋਣ ਕਰ ਕੇ ਨਿਤਨੇਮ ਦਾ ਹਿੱਸਾ ਹੋਣਾ ਸਿਧਾਂਤਕ
ਪੱਖੋਂ ਠੀਕ ਨਹੀਂ।
(4) ਇਸ ਤੋਂ ਅੱਗੇ ਰਹਿਤ ਮਰਿਆਦਾ ਵਿੱਚ ਪ੍ਰਚਲਿਤ ਅਰਦਾਸ ਦਿੱਤੀ ਗਈ ਹੈ ਜੋ ਇੱਕ ਵਾਰ ਫਿਰ
ਸਿਧਾਂਤਕ ਮਿਲਗੋਭੇ ਵਾਲੀ ਰਚਨਾ ਹੈ। ਇਸ ਦੇ ਕਈ ਅੰਸ਼ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਹਨ। ਆਉ
ਵਿਚਾਰੀਏ:
ਵਿਚਾਰ: ਪ੍ਰਚਲਿਤ ਅਰਦਾਸ ਦਾ ਮੰਗਲਾਚਰਣ ਵੀ ‘ੴ ਵਾਹਿਗੁਰੂ ਜੀ ਕੀ ਫਤਹਿ’ ਵਿਚਾਰਨਯੋਗ ਹੈ। ਜਦਕਿ
ਗੁਰੁ ਗ੍ਰੰਥ ਸਾਹਿਬ ਵਿੱਚ ਮੰਗਲਾਚਰਣ ਇਸ ਪ੍ਰਕਾਰ ਹੈ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ॥
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਖੇਪ ਵਿੱਚ ਵੀ ਮੰਗਲਾਚਰਨ ਮਿਲਦਾ ਹੈ ਜੋ ਇਸ ਪ੍ਰਕਾਰ ਹੈ:
ੴ ਸਤਿ ਗੁਰ ਪ੍ਰਸਾਦਿ॥
ਇਹੀ ਮੰਗਲਾਚਰਣ ਵੱਖ-ਵੱਖ ਰੂਪਾਂ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸੈਂਕੜੇ ਵਾਰ ਵਰਤਿਆ
ਮਿਲਦਾ ਹੈ। ਪਰ ‘ੴ ਵਾਹਿਗੁਰੂ ਜੀ ਕੀ ਫਤਹਿ’ ਇੱਕ ਵਾਰੀ ਵੀ ਨਹੀਂ ਵਰਤਿਆ ਗਿਆ।
ਸੰਖੇਪ ਵਿੱਚ ਅਰਦਾਸ ਦਾ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣਾ, ਸਿਧਾਂਤਕ ਤੌਰ ਉੱਤੇ
ਢੁੱਕਵਾਂ ਲਗਦਾ ਹੈ ਜੋ ਇਸ ਪ੍ਰਕਾਰ ਲਿਆ ਜਾ ਸਕਦਾ ਹੈ:
ੴ ਸਤਿ ਗੁਰ ਪ੍ਰਸਾਦਿ॥
(ੳ) ਪ੍ਰਚਲਿਤ ਸਿੱਖ ਮੱਤ ਦੀ ਅਰਦਾਸ ਦੀ ਸ਼ੁਰੂਆਤ ਹੀ ਦਸਮ ਗ੍ਰੰਥ ਦੀ ਇੱਕ ਕੱਚੀ ਰਚਨਾ `ਚੰਡੀ
ਚਰਿੱਤਰ’ ਦੇ ਇੱਕ ਬੰਦ ਤੋਂ ਹੁੰਦੀ ਹੈ, ਉਹ ਹੈ ‘ਪ੍ਰਿਥਮ ਭਗੌਤੀ ਸਿਮਰ ਕੈ’ ਵਾਲਾ ਬੰਦ। ਸਿਤਮ ਦੀ
ਗੱਲ ਹੈ ਕਿ ਜਿੱਥੇ ਗੁਰਬਾਣੀ ਸਾਨੂੰ ਅਕਾਲ ਪੁਰਖ ਨਾਲ ਜੋੜਦੀ ਹੈ, ਉਥੇ ਇਸ ਅਰਦਾਸ ਰਾਹੀਂ ਪਹਿਲਾਂ
ਬ੍ਰਾਹਮਣ ਮੱਤ ਦੀ ਇੱਕ ਦੇਵੀ (ਭਗੌਤੀ) ਨੂੰ ਸਿਮਰਦੇ ਹਾਂ। ਕਿਤਨੀ ਅਜੀਬ ਗੱਲ ਹੈ ਕਿ ਜਿੱਥੇ ਇੱਕ
ਪਾਸੇ ਸਿੱਖ ਸਮਾਜ ‘ਵਾਹਿਗੁਰੂ’ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ‘ਸਿਮਰਨ’ ਦੇ ਗਲਤ ਅਰਥਾਂ ਵਿੱਚ
ਭੱਟਕਦਾ ਨਜ਼ਰ ਆਉਂਦਾ ਹੈ। ਦੂਜੇ ਪਾਸੇ ਦੇਵੀ ਪੂਜਾ ਹੀ ਦਿਨ ਵਿੱਚ, ਕਈ ਵਾਰ ਕਰੀ ਜਾ ਰਿਹਾ ਹੈ।
ਜ਼ਿਆਦਾਤਰ ਸਿੱਖ ਵਿਦਵਾਨ ਇਸ ਅਰਦਾਸ ਦੇ ਬਹੁਤ ਜ਼ਿਆਦਾ ਪ੍ਰਚੱਲਿਤ ਹੋ ਜਾਣ ਕਾਰਨ ਇਸ ਵਿੱਚ ਰਹਿ ਗਈਆਂ
ਸਿਧਾਂਤਕ ਕਮਜੋਰੀਆਂ ਦੀ ਵਿਰੋਧਤਾ ਕਰਨ ਦੀ ਹਿੰਮਤ ਨਹੀਂ ਜੁਟਾ ਸਕੇ। ਉਲਟਾ ਲੋਕਾਂ ਨੂੰ ਗੁਮਰਾਹ
ਕਰਨ ਲਈ ਖਿੱਚ ਧੂਹ ਕੇ ‘ਭਗੌਤੀ’ ਦੇ ਅਰਥ ਅਕਾਲ ਪੁਰਖ ਜਾਂ ਸ਼ਕਤੀ ਕਰਨ ਲਗ ਪਏ ਹਨ।
ਜ਼ਿਆਦਾਤਰ ਵਿਦਵਾਨ ਵੀ ਰਹਿਤ ਮਰਿਆਦਾ ਦੇ ਇਸ ਅਸਰ ਹੇਠ ਗਲਤ ਰਾਹ ਤੁਰ ਪਏ ਮਹਿਸੂਸ ਹੁੰਦੇ ਹਨ।
ਗਿਆਨੀ ਭਾਗ ਸਿੰਘ ਜੀ ‘ਅੰਬਾਲਾ’ ਵਰਗੇ ਕੁੱਝ ਜਾਗਦੀਆਂ ਰੂਹਾਂ ਨੂੰ ਛੱਡ ਕੇ ਬਾਕੀ ਸਭ ਸਮਝੋਤਾਵਾਦੀ
ਹੋ ਗਏ। ਮਿਸ਼ਨਰੀ ਕਾਲਜਾਂ ਨਾਲ ਜੁੜੇ ਐਸੇ ਹੀ ਮੇਰੇ ਇੱਕ ਵੀਰ ਨੇ ‘ਅਰਦਾਸ’ ਦੀ ਵਿਆਖਿਆ ਸਮੇਂ ਇੱਕ
ਗੱਲ ਕਹੀ ਕਿ ‘ਕੁੱਝ ਵਿਦਵਾਨ ਉੱਠ ਰਹੇ ਹਨ ਜੋ ਕਹਿੰਦੇ ਹਨ ਕਿ ਭਗੌਤੀ ਦੇ ਅਰਥ ਦੇਵੀ ਹਨ’ ਅਕਾਲ
ਪੁਰਖ ਨਹੀਂ। ਉਹ ਗਲਤ ਰਾਹ ਉੱਤੇ ਤੁਰ ਰਹੇ ਹਨ। ਉਸ ਤੋਂ ਬਾਅਦ ਅਸੀਂ ਉਸ ਨੂੰ ਇਕੱਲੇ ਵਿੱਚ ਪੁਛਿੱਆ
ਕਿ ਤੁਹਾਨੂੰ ਪਤਾ ਹੈ ਕਿ ਇਹ ਭਗੌਤੀ ਵਾਲਾ ਬੰਦ ਕਿੱਥੋਂ ਲਿਆ ਹੈ? ਉਸਦਾ ਜਵਾਬ ਸੀ ਨਹੀਂ। ਜਦ ਅਸੀਂ
ਉਸਨੂੰ ਪੂਰੀ ਗੱਲ ਵਿਸਥਾਰ ਵਿੱਚ ਦੱਸੀ ਤਾਂ ਕਹਿਣ ਲੱਗਾ, ਅੱਛਾ! ਇਤਨੇ ਦਿਨ ਤੋਂ ਸਾਨੂੰ ਐਵੇਂ ਹੀ
ਗੁਮਰਾਹ ਕੀਤਾ ਜਾ ਰਿਹਾ ਸੀ।
ਚੰਡੀ ਚਰਿੱਤਰ ਦੇ ਪ੍ਰਸੰਗ ਅਨੁਸਾਰ ਕਿਸੇ ਤਰ੍ਹਾਂ ਵੀ ਇਸ ਦੇ ਅਰਥ ‘ਅਕਾਲ ਪੁਰਖ’ ਜਾਂ ਸ਼ਕਤੀ ਨਹੀਂ
ਬਣਦੇ ਅਤੇ ਨਾ ਹੀ ਤਲਵਾਰ ਬਣਦੇ ਹਨ। ਚੰਡੀ ਦੀ ਇਹ ਵਾਰ ਤਾਂ ਹੈ ਹੀ ਦੁਰਗਾ ਅਤੇ ਦੈਂਤਾਂ ਨਾਲ
ਕਾਲਪਨਿਕ ਯੁੱਧ ਦੀ ਕਾਲਪਨਿਕ ਕਥਾ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਮਿਸ਼ਨਰੀ ਕਾਲਜ ਦਸਮ ਗ੍ਰੰਥ ਦੀ
ਗੱਲ ਕਰਦੇ ਸਮੇਂ ਚੰਡੀ ਚਰਿੱਤਰ ਨੂੰ ਰੱਦ ਕਰਦੇ ਹਨ ਉਹ ਅਰਦਾਸ ਦੇ ਇਸ ਬੰਦ ਬਾਰੇ (ਰਹਿਤ ਮਰਿਆਦਾ
ਦਾ ਬਹਾਨਾ ਬਣਾ ਕੇ) ਚੁੱਪੀ ਸਾਧ ਲੈਂਦੇ ਹਨ। ਇਹ ਦੋਹਰੀ ਨੀਤੀ ਉਹਨਾਂ ਨੂੰ ਬਿਲਕੁਲ ਵੀ ਚੁਭਦੀ
ਨਹੀਂ।
ਦਾਸਰਿਆਂ ਨੇ ਮਿਸ਼ਨਰੀ ਕਾਲਜਾਂ ਦੀ ਗੱਲ ਖ਼ਾਸ ਕਰਕੇ ਇਸ ਲਈ ਕੀਤੀ ਹੈ ਕਿਉਂ ਕਿ ਉਹ ਜਾਗਰੂਕ ਮੰਨੇ
ਜਾਂਦੇ ਹਨ। ਸੰਪ੍ਰਦਾਈਆਂ, ਅਖੌਤੀ ਸੰਤ ਬਾਬਿਆਂ, ਡੇਰੇਦਾਰਾਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿਉਂ
ਕਿ ਉਨ੍ਹਾਂ ਦੇ ਜ਼ਮੀਰ ਉੱਤੇ ਬ੍ਰਾਹਮਣਵਾਦ ਦਾ ਐਸਾ ਗਲਬਾ ਚੜ੍ਹ ਚੁੱਕਾ ਹੈ ਕਿ ਉਸ ਦਾ ਉਤਰਨਾ ਸੰਭਵ
ਨਹੀਂ ਲਗਦਾ।
ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਸਬੰਧੀ ਪ੍ਰਕਾਸ਼ਿਤ ਪੁਸਤੱਕ ਵਿੱਚ ਭਗੌਤੀ ਲਫਜ਼ ਦੇ ਨਾਲ ਕ੍ਰਿਪਾਨ
(ਤਲਵਾਰ) ਦਾ ਚਿੱਤਰ ਸ਼ਕਤੀ ਦੇ ਪ੍ਰਤੀਕ ਵਜੋਂ ਦਿਖਾਇਆ ਗਿਆ ਹੈ। ਜੋ ਗੁਰਮਤਿ ਸਿਧਾਂਤਾਂ ਦੀ ਘੋਰ
ਉਲੰਘਣਾ ਹੈ। ਗੁਰਮਤਿ, ਸ਼ਸ਼ਤਰਾਂ ਦੀ ਪੂਜਾ ਨਹੀਂ ਸਿਖਾਉਂਦੀ। ਕ੍ਰਿਪਾਨ ਜਾਂ ਤਲਵਾਰ ਦਾ ਆਪਣਾ ਕੋਈ
ਦਿਮਾਗ ਨਹੀਂ ਹੁੰਦਾ। ਉਸਨੇ ਤਾਂ ਆਪਣੇ ਚਲਾਉਣ ਵਾਲੇ ਦੇ ਹਿਸਾਬ ਨਾਲ ਚੱਲਣਾ ਹੈ। ਉਹੀ ਹਥਿਆਰ ਜੇ
ਜ਼ਾਲਮ ਦੇ ਹੱਥ ਵਿੱਚ ਹੈ ਤਾਂ ਉਹ ਜ਼ੁਲਮ ਕਰੇਗਾ ਅਤੇ ਜੇ ਚੰਗੇ ਬੰਦੇ ਦੇ ਹੱਥ ਵਿੱਚ ਹੈ ਤਾਂ ਜ਼ੁਲਮ
ਦਾ ਵਿਰੋਧ ਕਰੇਗਾ। ‘ਕ੍ਰਿਪਾਨ’ ਪੂਜਾ ਤੋਂ ਉਤਸ਼ਾਹਿਤ ਹੋ ਕੇ ਕਈ ਰਾਗੀ ਬਿਨਾ ਸੋਚੇ ਸਮਝੇ ਹੀ ‘ਜੈ
ਤੇਗੰ-ਜੈ ਤੇਗੰ (ਬਚਿੱਤਰ ਨਾਟਕ) ਗਾਉਂਦੇ ਹੋਏ ਸ਼ਸ਼ਤਰ ਪੂਜਾ ਵਿੱਚ ਉਲਝੇ ਪਏ ਨਜ਼ਰ ਆਉਂਦੇ ਹਨ ਅਤੇ
ਸੰਗਤਾਂ ਨੂੰ ਵੀ ਉਲਝਾ ਰਹੇ ਹਨ।
ਜੇ ਧਿਆਨ ਨਾਲ ਅਰਥ ਕਰੀਏ ਤਾਂ ਚੰਡੀ ਚਰਿੱਤਰ ਦੇ ਇਸ ਬੰਦ ਦੇ ਅਰਥ ਬਣਦੇ ਹਨ ਕਿ ਪਹਿਲਾਂ ਨਾਨਕ
ਪਾਤਸ਼ਾਹ ਨੇ ਭਗੌਤੀ ਨੂੰ ਧਿਆਇਆ, ਫੇਰ ਅੰਗਦ ਪਾਤਸ਼ਾਹ ਨੇ ਤੇ ਫਿਰ ਹੋਰ ਪਾਤਸ਼ਾਹਾਂ ਨੇ ਵੀ।
ਜੋ ਵੀ ਹੈ, ਇਨ੍ਹਾ ਤਾਂ ਬਿਲਕੁਲ ਸਪੱਸ਼ਟ ਹੈ ਕਿ ਨਾਨਕ ਜੋਤ ਦੇ ਆਖਰੀ ਜਾਮੇ (ਗੋਬਿੰਦ ਸਿੰਘ) ਵੇਲੇ
ਤੱਕ ਇਹ ਬੰਦ ਅਰਦਾਸ ਵਿੱਚ ਨਹੀਂ ਪੜਿਆ ਜਾਂਦਾ ਸੀ। ਕਿਉਂ ਕਿ ਤਦ ਤੱਕ ਬਚਿੱਤਰ ਨਾਟਕ (ਦਸਮ ਗ੍ਰੰਥ)
ਦੀ ਹੋਂਦ ਹੀ ਨਹੀਂ ਸੀ। ਇਹ ਮਿਲਾਵਟ ਬਾਅਦ ਵਿੱਚ ਹੀ ਕੀਤੀ ਗਈ। ਕਈਂ ਸੁਹਿਰਦ ਵੀਰ ਇਹ ਕਹਿਣਗੇ ਕਿ
ਇਸ ਬੰਦ ਦੇ ਕਾਰਨ ਅਸੀਂ ਅਰਦਾਸ ਵਿੱਚ ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰ ਲੈਂਦੇ ਹਾਂ। ਬੇਸ਼ੱਕ ਇਹ
ਵਿਚਾਰ ਅੱਛਾ ਹੈ ਪਰ ਉਸ ਵਾਸਤੇ ਢੁੱਕਵੀਂ ਸ਼ਬਦਾਵਲੀ ਆਪਸੀ ਵਿਚਾਰ ਰਾਹੀਂ ਤੈਅ ਕੀਤੀ ਜਾ ਸਕਦੀ ਹੈ।
ਪਰ ਕਿਸੇ ਬ੍ਰਾਹਮਣਵਾਦੀ ਲੇਖਕ ਦੀ ਬ੍ਰਾਹਮਣਵਾਦੀ ਰਚਨਾ (ਚੰਡੀ ਚਰਿੱਤਰ) ਦਾ ਬੰਦ ਇਸ ਲਈ ਵਰਤਣਾ
ਬਿਲਕੁਲ ਵੀ ਜਾਇਜ਼ ਨਹੀਂ ਹੋ ਸਕਦਾ। ਖਾਸ ਤੌਰ ਤੇ ਜੋ ਦੇਵੀ ਦੀ ਪੂਜਾ ਆਦਿ ਨਾਲ ਜੋੜਦਾ ਹੋਵੇ। ਬਲਕਿ
ਇਹ ਤਾਂ ਉਸ ‘ਗੁਰੂ’ ਨਾਲ ਧ੍ਰੋਹ ਹੈ ਜੋ ਸਾਨੂੰ ਦੇਵੀ ਦੇਵਤਿਆਂ ਦੀ ਪੂਜਾ ਆਦਿ ਮਨਮੱਤਾਂ ਤੋਂ
ਵਰਜਦਾ ਹੈ।
ਪ੍ਰਚੱਲਤ ਅਰਦਾਸ ਦਾ ਦੂਜਾ ਬੰਦ ‘ਪੰਜਾ ਪਿਆਰਿਆਂ, ਚੋਹਾਂ ਸਾਹਿਬਜ਼ਾਦਿਆਂ’ ਦੇ ਜ਼ਿਕਰ ਨਾਲ ਸ਼ੁਰੂ
ਹੁੰਦਾ ਹੈ। ਇਹ ਕਾਫੀ ਹੱਦ ਤੱਕ ਠੀਕ ਹੈ। ਬੱਸ, ‘ਜਿਨ੍ਹਾਂ ਨਾਮ ਜਪਿਆ’ ਸ਼ਬਦ ਪ੍ਰਚਿਲਤ ਸਿਮਰਨ, ਨਾਮ
ਜਪਣ ਦੇ ਭਾਵ ਵਿੱਚ ਕੀਤਾ ਗਿਆ ਹੈ। ਇਸ ਤੋਂ ਇੱਕ ਗੱਲ ਕਾਫੀ ਸਪੱਸ਼ਟ ਹੋ ਜਾਂਦੀ ਹੈ ਕਿ 1708 ਤੱਕ
ਸਿੱਖ ਪੰਥ ਵਿੱਚ ਨਾਮ ਜਪਣ ਅਤੇ ਸਿਮਰਨ ਦਾ (ਸਹੀ ਅਰਥਾਂ ਵਿੱਚ) ਕਾਫੀ ਪ੍ਰਚਲਣ ਸੀ। ਪਰ ਸਮੇਂ ਦੇ
ਨਾਲ ਬ੍ਰਾਹਮਣਵਾਦੀਆਂ ਨੇ ਇਨ੍ਹਾਂ ਦੇ ਅਰਥ ਬ੍ਰਾਹਮਣਵਾਦੀ ਕਰ ਕੇ ਸਿੱਖਾਂ ਵਿੱਚ ਪ੍ਰਚੱਲਿਤ ਕਰ
ਦਿੱਤੇ।
(ਅ) ਪ੍ਰਚੱਲਿਤ ਅਰਦਾਸ ਦਾ ਚੌਥਾ ਬੰਦ ‘ਪੰਜਾ ਤਖਤਾਂ’ ਦੇ ਜ਼ਿਕਰ ਨਾਲ ਸ਼ੁਰੂ ਹੁੰਦਾ ਹੈ। ਸਿੱਖ
ਇਤਿਹਾਸ ਹੈ ਕਿ ਛੇਵੇਂ ਨਾਨਕ ਪਾਤਸ਼ਾਹ ਨੇ ‘ਅਕਾਲ ਤਖ਼ਤ’ ਦਾ ਨਿਰਮਾਣ ਕਰਾਇਆ। ‘ਅਕਾਲ ਤਖ਼ਤ’ ਦੀ ਸਿੱਖ
ਕੌਮ ਨੂੰ ਕੇਂਦਰੀ ਤੌਰ ਤੇ ਸੇਧ ਦੇਣ ਵਾਲੀ ਵਿਚਾਰਧਾਰਾ ਦਾ ਪ੍ਰਬੰਧ ਸੀ ਨਾ ਕਿ ਸਿਰਫ ਵਿਸ਼ੇਸ਼ ਥਾਂ
ਦੇ ਨਾਲ ਜੁੜਨਾ। ਬਾਕੀ ਸਾਰੇ ‘ਤਖ਼ਤ’ ਕੌਮ ਵਿੱਚ ਵੰਡੀਆਂ ਪਾਉਣ ਦੀ ਮਨਸ਼ਾ ਨਾਲ ਬ੍ਰਾਹਮਣਵਾਦੀ
ਤਾਕਤਾਂ ਨੇ ਬਣਵਾ ਦਿੱਤੇ। ਹਰ ਰਾਜ ਦਾ, ਕੌਮ ਦਾ, ਇੱਕ ਧੁਰਾ ਹੀ ਜਾਂ ਤਖ਼ਤ ਹੁੰਦਾ ਹੈ। ਨਹੀਂ ਤਾਂ
ਏਕਤਾ ਨਹੀਂ ਰਹਿ ਸਕਦੀ। ਇਸ ਸਮੇਂ ਪ੍ਰਚਲਿਤ ਤਖ਼ਤਾਂ ਦੇ ਪੁਜਾਰੀਆਂ ਵਿੱਚ ਚੱਲ ਰਿਹਾ ਵਿਵਾਦ ਇਸ ਦਾ
ਸਪੱਸ਼ਟ ਉਦਾਹਰਣ ਹੈ। ਅੱਜ ਤੋਂ ਕਰੀਬ 10-12 ਸਾਲ ਪਹਿਲਾਂ ਜਦ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ
ਨੇ ਇੱਕ ਤੋਂ ਵੱਧ ਤਖਤਾਂ ਦੀ ਹੋਂਦ ਉੱਤੇ ਕਿੰਤੂ ਕੀਤਾ ਸੀ ਤਾਂ ਸਿੱਖ ਸਮਾਜ ਦੇ ਠੇਕੇਦਾਰਾਂ ਨੇ
ਬੜਾ ਵਾਵੇਲਾ ਮਚਾਇਆ। ਪਰ ਅੱਜ ਉਨ੍ਹਾਂ ਦੀਆਂ ਕਹੀਆਂ ਜ਼ਿਆਦਾਤਰ ਗੱਲਾਂ ਸੱਚ ਸਾਬਤ ਹੋ ਰਹੀਆਂ ਹਨ।
ਇਨ੍ਹਾਂ ਤਖ਼ਤਾਂ ਦੀ ਹੋਂਦ ਬਾਰੇ ਇੱਕ ਦਿਲਚਸਪ ਗੱਲ ਹੈ ਕਿ ‘ਅਕਾਲ ਤਖ਼ਤ’ ਤੋਂ ਸਿਵਾ ਬਾਕੀ ਸਾਰੇ ਤਖ਼ਤ
ਦਸ਼ਮੇਸ਼ ਪਾਤਸ਼ਾਹ ਜੀ ਨਾਲ ਹੀ ਸਬੰਧਤ ਹਨ ਕਿਤੇ ਇਹ, ਉਨ੍ਹਾਂ ਨੂੰ ਨਾਨਕ ਜੋਤ ਤੋਂ ਅਲੱਗ ਵਿਖਾਉਣ ਦੀ
ਮਨਸ਼ਾ ਨਾਲ ਤਾਂ ਨਹੀਂ ਸੀ ਕੀਤਾ ਗਿਆ? ਵੈਸੇ ਸਿਧਾਂਤਕ ਤੌਰ ਉੱਤੇ ਕੌਮ ਵਿੱਚ ਏਕਤਾ ਲਈ ਇੱਕੋ ਹੀ
ਤਖ਼ਤ ਹੋਣਾ ਚਾਹੀਦਾ ਹੈ ‘ਅਕਾਲ ਤਖ਼ਤ’। ਇਹੀ ਛੇਵੇਂ ਨਾਨਕ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਸੀ। ਬਾਕੀ
ਸਾਰੇ ਤਖ਼ਤ ਅਸੀਂ ਆਪ ਆਪਣੀਆਂ ਚੌਧਰਾਂ ਅਤੇ ਵੰਡੀਆਂ ਪੈਦਾ ਕਰਨ ਲਈ ਬਣਾ ਲਏ ਹਨ। ਇਸ ਦਾ ਕੌਮ ਨੂੰ
ਕਿਨ੍ਹਾਂ ਕੂ ਸਿਧਾਂਤਕ ਨੁਕਸਾਨ ਹੋਇਆ, ਪਟਨਾ ਅਤੇ ਹਜ਼ੂਰ ਸਾਹਿਬ ਇਸਦਾ ਸਪਸ਼ਟ ਉਦਾਹਰਣ ਹਨ। ਇਸ ਕਰਕੇ
ਜ਼ਰੂਰੀ ਹੈ ਕਿ ਪੰਜਾਂ ਤਖ਼ਤਾਂ ਦੇ ਇਸ ਗਲਤ ਪ੍ਰਚਲਣ ਨੂੰ ਬਦਲ ਕੇ ਸਿਰਫ ਇੱਕ ਤਖ਼ਤ (ਏਕਤਾ) ਦੇ
ਸਿਧਾਂਤ ਵੱਲ ਪਰਤੀਏ।
(ੲ) ਪ੍ਰਚਲਿਤ ਅਰਦਾਸ ਦਾ ਛੇਵਾਂ ਪਹਿਰਾ ‘ਸਿਖਾਂ ਨੂੰ ਸਿੱਖੀ ਦਾਨ’ ਨਾਲ ਸ਼ੁਰੂ ਹੁੰਦਾ ਹੈ, ਇਸ
ਵਿੱਚ ਸਿੱਖਾਂ ਨੂੰ ਅਨੇਕਾਂ ਦਾਨਾਂ ਦੀ ਸ਼ਬਦਾਵਲੀ ਵਿੱਚ ਉਲਝਾ ਦਿੱਤਾ ਗਿਆ ਜਾਪਦਾ ਹੈ। ਜੋ ਇਨ੍ਹੇ
ਦਾਨਾਂ ਕਾਰਨ ਇੱਕ ਤੋਤਾ ਰਟਨੀ ਬਣ ਗਈ ਹੈ। ਸਿਰਫ ਇਨ੍ਹੇ ਹੀ ਸ਼ਬਦ ਕਾਫੀ ਹੋ ਸਕਦੇ ਹਨ ਕਿ ‘ਹੇ ਅਕਾਲ
ਪੁਰਖ ਜੀ, ਸਿੱਖਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਜੀਵਨ ਜਾਚ ਬਣਾਉਣ ਦੀ ਵਿਵੇਕ
ਬੁੱਧੀ ਬਖਸ਼ੋ’। ਨਾਲ ਹੀ ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਦਾ ਸਹੀ ਭਾਵ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ।
(ਸ) ‘ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ’ ਵੀ ਕੁੱਝ ਅਧੂਰਾ ਜਿਹਾ
ਜਾਪਦਾ ਹੈ। ਕਿਉਂਕਿ ਆਮ ਤੌਰ ਤੇ ਸਿੱਖਾਂ ਦਾ ਮਨ ਨੀਵਾਂ (ਭਾਵ ਨਿਮਰਤਾ) ਨਹੀਂ ਹੈ। ਇੱਥੇ ਸਪੱਸ਼ਟ
ਲਿਖਿਆ ਜਾ ਸਕਦਾ ਹੈ ਕਿ ‘ਸਿੱਖਾਂ ਦਾ ਮਨ ਨੀਵਾਂ ਹੋਵੇ (ਭਾਵ ਨਿਮਰਤਾ) ਹੋਵੇ’ ਅਤੇ ਮੱਤ ਉੱਚੀ
(ਗੁਰੁ ਦੀ ਮਤ) ਧਾਰਨ ਹੋਵੇ। ਵੈਸੇ ਵੀ ਇਹ ਮੰਗ ਵਿਵੇਕ ਬੁੱਧੀ ਵਾਲੇ ਬੰਦ ਵਿੱਚ ਹੀ ਆ ਜਾਂਦੀ ਹੈ।
(ਹ) ਇਸ ਤੋਂ ਅਗਲੇ ਬੰਦ ਵਿੱਚ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ (ਪਾਕਿਸਤਾਨ ਵਾਲੇ) ਦੀ ਸੇਵਾ
ਸੰਭਾਲ ਅਤੇ ਖੁੱਲੇ ਦਰਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਪਰ ਅਸੀਂ ਇਸ ਮੰਗ ਦੇ ਹੱਕਦਾਰ ਨਹੀ ਜਾਪਦੇ
ਕਿਉਂਕਿ ਜਿਹੜੇ ਗੁਰਦੁਆਰੇ ਸਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਨੂੰ ਤਾਂ ਅਸੀੇਂ ‘ਕਰਮਕਾਂਡਾਂ ਦੇ
ਅੱਡੇ’ ਬਣਾ ਕੇ ਰੱਖ ਦਿੱਤੇ ਹਨ। ਪਹਿਲਾਂ ਇਨ੍ਹਾਂ ਨੂੰ ਸਹੀ ਮਾਇਨੇ ਵਿੱਚ ‘ਗੁਰਦੁਆਰੇ’ ਬਣਾ ਲੈਣਾ
ਚਾਹੀਦਾ ਹੈ। ਇਸ ਤੋਂ ਬਾਅਦ ਹੋਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਮੰਗ ਕਰਦੇ ਅਸੀਂ ਚੰਗੇ ਲੱਗਦੇ
ਹਾਂ। ਜਗ੍ਹਾ ਨਾਲ ਜੁੜਨ ਦੀ ਥਾਂ ਜੇ ਅਸੀਂ ਸਿਧਾਂਤ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਕੌਮ ਦਾ ਕੁੱਝ
ਸੰਵਰ ਸਕਦਾ ਹੈ।
(ਕ) ਪ੍ਰਚੱਲਿਤ ਅਰਦਾਸ ਦੇ ਅੰਤ ਵਿੱਚ ਇੱਕ ਤੁੱਕਬੰਦੀ ਮਿਲਦੀ ਹੈ।
‘ਨਾਨਕ, ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’
ਇਹ ਤੁੱਕ ਗੁਰੁ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਮਿਲਦੀ। ਇਸ ਕਰਕੇ ਇਹ ਨਾਨਕ ਪਾਤਸ਼ਾਹ ਜੀ ਦੀ
ਰਚਨਾ ਨਹੀਂ ਜਾਪਦੀ। ਫਿਰ ਇਸ ਰਚਨਾ ਵਿੱਚ ‘ਨਾਨਕ’ ਛਾਪ ਵਰਤਣ ਦਾ ਹੱਕ ਕਿਸ ਨੇ ਦਿੱਤਾ? ਜੇਕਰ ਇਸ
ਦੇ ਅਰਥ ਇਹ ਕੀਤੇ ਜਾਣ ਕਿ, ਨਾਨਕ ਸਾਹਿਬ ਦਾ ਨਾਂ ਲੈਂਣ ਨਾਲ ਚੜ੍ਹਦੀ ਕਲਾ ਹੁੰਦੀ ਹੈ, ਤਾਂ ਇਹ
ਸਿਧਾਂਤਕ ਤੌਰ ਉੱਤੇ ਠੀਕ ਨਹੀਂ ਲਗਦਾ। ਇਸ ਦੇ ਗੁਰਮਤਿ ਅਨੁਸਾਰੀ ਇੱਕ ਹੀ ਅਰਥ ਹੋ ਸਕਦੇ ਹਨ ਜੋ ਕਿ
ਇਸ ਪ੍ਰਕਾਰ ਹਨ:-
“ਨਾਨਕ ਪਾਤਸ਼ਾਹ ਜੀ ਵਲੋਂ ਪ੍ਰਗਟ ਕੀਤੇ ਸੱਚ ਦੇ ਗਿਆਨ (ਨਾਮ) ਨਾਲ ਜੁੜਨ ਨਾਲ ਹੀ ਮਨੁੱਖ ਵਿੱਚ
ਚੜ੍ਹਦੀ ਕਲਾ ਪੈਦਾ ਹੁੰਦੀ ਹੈ। ਇਸੇ ਸੱਚ ਦੇ ਗਿਆਨ ਨੂੰ ਅਪਣਾ ਕੇ ਹੀ ਸਰਬੱਤ ਦਾ ਭਲਾ ਹੋ ਸਕਦਾ
ਹੈ।”
ਜੇ ਇਹ ਅਰਥ ਪ੍ਰਚਾਰੇ ਜਾਣ ਤਾਂ ਹੀ ਇਸ ਤੁੱਕ ਦੀ ਪ੍ਰਮਾਣਿਕਤਾ ਹੋ ਸਕਦੀ ਹੈ। ਨਹੀਂ ਤਾਂ ਇਸ ਦਾ
ਕੋਈ ਅਰਥ ਨਹੀਂ ਰਹਿ ਜਾਂਦਾ।
ਇਸ ਦੇ ਅਰਥ ਕਰਦੇ ਸਮੇਂ ਇਹ ਵਧੀਕ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਕੌਮ ਅਰਦਾਸ ਵਿੱਚ ਹਰ ਰੋਜ਼
ਸਰਬੱਤ ਦਾ ਭਲਾ ਮੰਗਦੀ ਹੈ। ਪਰ ਇਹ ਪ੍ਰਚਾਰ ਸਿਧਾਂਤਕ ਨਹੀਂ ਜਾਪਦਾ। ਸਿਰਫ ਮੰਗਣ ਨਾਲ ਜਾਂ ਅਖੰਡ
ਪਾਠ ਵਰਗੇ ਕਰਮਕਾਂਡਾਂ ਨਾਲ ਸਰਬੱਤ ਦਾ ਭਲਾ ਨਹੀਂ ਹੋ ਸਕਦਾ। ਉਸ ਵਾਸਤੇ ਜ਼ਰੂਰੀ ਹੈ ‘ਸੱਚ ਦੇ
ਗਿਆਨ’ ਨੂੰ ਅਪਣਾਉਣਾ। ਇਸ ਕਰਕੇ ਪ੍ਰਚਾਰ ਇਹ ਕਰਨਾ ਚਾਹੀਦਾ ਹੈ ਕਿ ‘ਸਿੱਖ ਦੀ ਅਰਦਾਸ ਸਰਬੱਤ ਦੇ
ਭਲੇ ਦਾ ਤਰੀਕਾ ਦੱਸਦੀ ਹੈ’।
ਅਰਦਾਸ ਦਾ ਅਸਲ ਭਾਵ ਬੇਨਤੀ ਹੈ, ਆਪਣੀ ਬੇਨਤੀ (ਅਰਦਾਸ) ਬੰਦਾ ਖ਼ੁਦ ਹੀ ਕਰ ਸਕਦਾ ਹੈ। ਕਿਸੇ
ਪੁਜਾਰੀ (ਗ੍ਰੰਥੀ ਆਦਿ) ਕੋਲੋਂ ਆਪਣੇ ਨਾਂ ਉੱਤੇ ਅਰਦਾਸ ਕਰਾਉਣਾ ਇੱਕ ਕਰਮਕਾਂਡ ਤੋਂ ਵੱਧ ਕੁੱਝ ਵੀ
ਨਹੀਂ। ਜੇ ਸਾਨੂੰ ਭੁੱਖ ਲੱਗੀ ਹੈ ਤਾਂ ਕਿਸੇ ਹੋਰ ਦੇ ਰੋਟੀ ਖਾਣ ਨਾਲ ਉਹ ਭੁੱਖ ਨਹੀਂ ਮਿੱਟ ਸਕਦੀ।
ਸੰਗਤ ਵਿੱਚ ਕੇਵਲ ਸਾਂਝੀ ਅਰਦਾਸ ਹੋ ਸਕਦੀ ਹੈ, ਵਿਅਕਤੀਗਤ ਅਰਦਾਸ ਬੰਦਾ ਖ਼ੁਦ ਕਰ ਸਕਦਾ ਹੈ।
ਪਰ ਅਰਦਾਸ ਲੇਖ ਹੇਠ ਹੀ (ਗ) ਭਾਗ ਵਿੱਚ ਲਿਖਿਆ ਹੈ:- ‘ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ
ਵਧੀਕ ਆਦਮੀਆਂ ਵਲੋਂ ਹੋਵੇ ਤਾਂ ਉਨ੍ਹਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ
ਨਹੀਂ’
ਇੱਥੇ ਇਸ ਨੁਕਤੇ ਨਾਲ ‘ਪੁਜਾਰੀਵਾਦ’ ਨੂੰ ਬੱਲ ਮਿਲਦਾ ਹੈ। ਜੋ ਸਿਧਾਂਤਾਂ ਦੇ ਖਿਲਾਫ ਹੈ।
ਵਿਅਕਤੀਗਤ ਅਰਦਾਸ ਬੰਦਾ ਖ਼ੁਦ ਕਰੇ। ਪੈਸੇ ਦੇ ਕੇ ਜਾਂ ਕਿਸੇ ਹੋਰ ਕੋਲੋਂ ਆਪਣੇ ਲਈ ਅਰਦਾਸ ਕਰਾਉਣਾ
ਸਿਰਫ ਇੱਕ ਕਰਮਕਾਂਡ ਹੋ ਨਿਬੜਦਾ ਹੈ। ---ਚਲਦਾ