.

ਸਿਰੋਪਾ

ਸਿਰੋਪਾ ਇੱਕ ਦੁਨਿਆਵੀ ਰਵਾਯਤ ਹੈ ਜਿਸ ਨੂੰ ਮੁਸਲਮਾਨ/ਮੁਗ਼ਲ ਧਾੜਵੀ ਸਾਡੇ ਦੇਸ ਵਿੱਚ ਲਿਆਏ। ਸਿਰੋਪਾ (ਸਰ-ਓ-ਪਾ ਜਾਂ ਸਰ-ਵ-ਪਾ) ਫ਼ਾਰਸੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਸਿਰ ਤੋਂ ਪੈਰਾਂ ਤਕ ਦਾ ਲਿਬਾਸ। ਸਿਰੋਪੇ ਨੂੰ ਸੰਸਾਰਕ ਸਨਮਾਨ/ਪ੍ਰਸੰਸ਼ਾ ਦਾ ਲਖਾਇਕ ਸਮਝਿਆ ਜਾਂਦਾ ਸੀ। ਉਸ ਜ਼ਮਾਨੇ ਵਿੱਚ ਸਿਰੋਪਾ ਦੇਣ ਵਾਲੇ ਆਮਤੌਰ ਤੇ, ਰਾਜਸੱਤਾ ਦੇ ਨਸ਼ੇ ਵਿੱਚ ਚੂਰ, ਵਿਭਚਾਰੀ ਰਾਜੇ/ਰਜਵਾੜੇ ਹੋਇਆ ਕਰਦੇ ਸਨ। ਸਿਰੋਪਾ ਲੈਣ ਵਾਲਿਆਂ ਦੀ ਸੂਚੀ, ਸੰਖੇਪ ਵਿਸਥਾਰ ਸਹਿਤ, ਨਿਮਨ ਲਿਖਿਤ ਹੈ:

1. ਅਹਲਕਾਰ, ਜੋ ਰਾਜੇ ਦੀ ਖ਼ਾਤਰ ਪ੍ਰਜਾ ਉੱਤੇ ਅਕਹਿ ਜ਼ੁਲਮ (ਕਤਲੇ ਆਮ, ਲੁੱਟ ਖਸੁਟ, ਕਹਿਰ ਆਦਿ) ਕਰਿਆ ਕਰਦੇ ਸਨ।

2. ਚਾਪਲੂਸ, ਜੋ ਰਾਜੇ ਨੂੰ ਲਕਬਾਂ ਨਾਲ ਲੱਦ ਕੇ ਉਸਦੀ ਤੁਲਣਾ ਰੱਬ ਨਾਲ ਕਰਿਆ ਕਰਦੇ ਸਨ।

3. ਗ਼ੱਦਾਰ, ਜੋ ਰਾਜੇ ਤੋਂ ਸਿਰੋਪੇ ਦੀ ਭੀਖ ਲੈਣ ਲਈ ਆਪਣੇ ਹੀ ਦੇਸ ਕੌਮ ਨਾਲ ਧ੍ਰੋਹ ਕਮਾਉਂਦੇ ਸਨ।

4. ਮਨੋਰੰਜਨ ਕਰਨ ਵਾਲੇ, ਜੋ ਆਪਣੀਆਂ ਅਨੈਤਿਕ, ਲੰਪਟ ਕਰਤੂਤਾਂ ਨਾਲ ਹਾਕਮਾਂ ਦਾ ਦਿਲ ਬਹਿਲਾਉਂਦੇ ਸਨ। ਆਦਿ …….

ਉਸ ਸਮੇਂ ਦੇ ਸਿਰੋਪਾ ਪ੍ਰਦਾਨ ਕਰਨ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਵਿਕਾਰ-ਗ੍ਰਸਤ ਵਿਅਕਤੀ ਹੁੰਦੇ ਸਨ। ਇਨ੍ਹਾਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ।

ਸਿਰੋਪੇ ਲੈਣ/ਦੇਣ ਦੀ ਰਸਮ ਜ਼ਿਆਦਾ ਕਰਕੇ ਰਾਜ-ਦਰਬਾਰਾਂ ਵਿੱਚ ਕੀਤੀ ਜਾਂਦੀ ਸੀ।

ਸਿਰੋਪੇ ਦੇ ਰਿਵਾਜ ਪਿੱਛੇ ਗੁਰੂਆਂ ਦੁਆਰਾ ਨਿੰਦਿਤ ਮਾਇਆ ਅਤੇ ਇਸ ਦੀ ਕੁਲੱਖਣੀ ਧੀ ਹਉਮੈ ਦੀ ਗੁਪਤ ਸ਼ਕਤੀ ਦਾ ਹੱਥ ਹੁੰਦਾ ਸੀ।

ਭਗਤੀ ਲਹਿਰ ਲਿਆਉਣ ਵਾਲੇ ਅਧਿਆਤਮਿਕ ਮਹਾਂਪੁਰਖਾਂ ਨੇ ਸਿਰੋਪੇ ਦੀ ਸੰਸਾਰਕ ਰੀਤਿ ਨੂੰ ਮਨ/ਆਤਮਾ ਨੂੰ ਮਲੀਨ ਕਰਨ ਵਾਲੀ ਭ੍ਰਿਸ਼ਟ ਸ਼ਕਤੀ ਜਾਣ ਕੇ ਇਸ ਨੂੰ ਰੂਹਾਨੀ ਰੰਗਤ ਦੇਣ ਦਾ ਪਰਮਾਰਥਕ ਯਤਨ ਕੀਤਾ। ਉਨ੍ਹਾਂ ਨੇਂ ਜਨਤਾ ਨੂੰ ਜਤਾਇਆ ਕਿ ਦੁਨਿਆਵੀ ਸਿਰੋਪੇ ਤੋਂ ਪ੍ਰਾਪਤ ਹੋਇਆ ਸੰਸਾਰਕ ਮਾਨ ਝੂਠਾ ਅਤੇ ਅਸਥਾਈ ਹੈ। ਇਹ ਜੀਵ ਨੂੰ ਰੱਬ ਵੱਲੋਂ ਬੇਮੁਖ ਕਰਦਾ ਹੈ। ਵਡਮੁੱਲੇ ਮਨੁੱਖਾ ਜੀਵਨ ਦਾ ਮੰਤਵ ਪਦਾਰਥਕ ਜਗਤ ਦੀ ਮਾਇਆ-ਧੂੜ ਵਿੱਚ ਰੁਲਣਾ ਨਹੀਂ, ਸਗੋਂ ਗੁਰੂ ਦੇ ਸਨਮੁਖ ਹੋ ਕੇ ਸ਼ਾਹਾਂ ਸਿਰ ਸ਼ਾਹ ਪ੍ਰਭੂ ਦੀ ਸੇਵਾ ਭਗਤੀ (ਨਾਮ ਸਿਮਰਨ, ਭਾਣਾ ਮੰਨਣ ਅਤੇ ਰੱਬੀ ਗੁਣਾਂ ਨੂੰ ਧਾਰਣ ਕਰਕੇ ਨੇਕ ਕਰਮ ਕਰਨ ਆਦਿ) ਕਰਨਾ ਹੈ। ਇਸ ਉੱਦਮ ਲਈ ਸਿਰੋਪੇ ਦੀ ਬਖ਼ਸ਼ਿਸ਼ ਵੀ ਗੁਰੁ/ਸਤਿਗੁਰੂ ਵੱਲੋਂ ਸਹਿਜ ਸੁਭਾਏ ਹੀ ਹੁੰਦੀ ਹੈ। ਇਹ ਦੈਵੀ ਸਿਰੋਪਾ ਏਥੇ ਓਥੇ ਸੱਚੀ ਅਤੇ ਸਥਾਈ ਸੋਭਾ ਦਾ ਹੈ। ਅਜਿਹੇ ਸਾਰਥਕ, ਸਦੀਵੀ ਅਤੇ ਆਤਮਿਕ ਸਨਮਾਨ ਦਾ ਸੰਸਾਰਕ ਦਿਖਾਵਾ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਇਸ ਦੀ ਲੋੜ ਹੀ ਰਹਿੰਦੀ ਹੈ।

ਉਪ੍ਰੋਕਤ ਵਿਚਾਰ ਦੀ ਪੁਸ਼ਟੀ ਲਈ ਗੁਰਬਾਣੀ ਦੀਆਂ ਕੁੱਝ ਤੁਕਾਂ ਦੀ ਵਿਚਾਰ ਕਰਨੀਂ ਜ਼ਰੂਰੀ ਹੈ:-

“ਓੜੁ ਨ ਕਥਨੈ ਸਿਫਤਿ ਸਜਾਈ॥ ਜਿਉ ਤੁਧੁ ਭਾਵਹਿ ਰਹਹਿ ਰਜਾਈ॥

ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ॥” ਮਾਰੂ ਮ: ੧

ਭਾਵ:- ਐ ਪਰਮਾਤਮਾ! ਤੇਰੇ ਸੇਵਕ ਤੇਰੇ ਭਾਣੇ ਵਿੱਚ ਵਿਚਰਦੇ ਹੋਏ ਤੇਰੇ ਗੁਣਾਂ ਦਾ ਨਿਰੰਤਰ ਗਾਇਣ ਕਰਦੇ ਹਨ। ਇਸ ਉੱਦਮ ਦਾ ਸਦਕਾ ਤੇਰੀ ਕ੍ਰਿਪਾ ਨਾਲ ਪ੍ਰਾਪਤ ਆਤਮਿਕ ਪਹਿਨਾਵੇ ਨੂੰ ਪਾ ਕੇ ਉਹ ਸਹਿਲ ਹੀ ਤੇਰੇ ਚਰਨਾਂ ਵਿੱਚ ਪਹੁੰਚ ਜਾਂਦੇ ਹਨ।

“ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ॥

ਪਹਿਰ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥” ਸੋਰਠਿ ਮ: ੫

ਭਾਵ:- (ਜਦੋਂ ਸੇਵਕ ਸੱਚੇ ਦਿਲੋਂ ਵਿਕਾਰਾਂ ਤੋਂ ਮੁਕਤੀ ਦੀ ਦਾਤ ਮੰਗਦਾ ਹੈ ਤਾਂ) ਸਰਵਸ਼ਕਤੀਮਾਨ ਪਰਮਾਤਮਾ ਉਸ ਨੂੰ ਇਸ ਕੈਦ ਤੋਂ ਮੁਕਤ ਕਰਕੇ ਰੂਹਾਨੀ ਰੌਣਕ ਦਾ ਸਿਰੋਪਾ ਬਖ਼ਸ਼ਦਾ ਹੈ। ਇਸ ਨਿਵਾਜ਼ਿਸ਼ ਨਾਲ ਜਿੱਥੇ ਓਹ ਆਪਣੇ ਦਾਸ ਨੂੰ ਆਪਣੇ ਚਰਣਾਂ ਵਿੱਚ ਨਿਵਾਸ ਦਿੰਦਾ ਹੈ, ਉੱਥੇ ਸੇਵਕ ਨੂੰ ਸੱਚੀ ਸਦੀਵੀ ਸੰਸਾਰਕ ਪ੍ਰਸਿੱਧੀ ਵੀ ਮਿਲਦੀ ਹੈ।

“ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ॥

ਭਗਤਿ ਸਿਰਪਾਉ ਦੀਉ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ॥” ਸੋਰਠਿ ਮ: ੫

ਭਾਵ:- ਪ੍ਰਭੂ ਪਰਮਾਤਮਾ ਦੁਆਰਾ ਬਖ਼ਸ਼ੇ ਹੋਏ ਨਾਮ ਸਿਮਰਨ ਦੇ ਸਿਰੋਪੇ ਸਦਕਾ ਉਸਦੇ ਭਗਤ ਜਨਾਂ ਦਾ ਹਰ ਥਾਂ ਆਦਰ ਅਤੇ ਸਵਾਗਤ ਹੁੰਦਾ ਹੈ। ਇਹ ਇਸ ਰੱਬੀ ਰਹਿਮਤ ਦਾ ਹੀ ਕਮਾਲ ਹੈ ਕਿ ਇਨ੍ਹਾਂ ਭਗਤਾਂ ਦੀ ਦੈਵੀ ਸ਼ਖ਼ਸੀਅਤ ਰਾਹੀਂ ਰੱਬ ਦੀ ਆਪਣੀ ਵਡਿਆਈ ਵੀ ਪ੍ਰਗਟ ਹੋ ਆਉਂਦੀ ਹੈ।

ਗੁਰਬਾਣੀ ਦੀਆਂ ਉਪਰੋਕਤ ਤੁਕਾਂ ਤੋਂ ਨਿਮਨ ਲਿਖਿਤ ਤੱਥੁ ਪ੍ਰਗਟ ਹੁੰਦੇ ਹਨ:-

ਗੁਰੂਆਂ ਦੁਆਰਾ ਸੁਝਾਏ/ਬਖ਼ਸ਼ੇ ਅਧਿਆਤਮਿਕ ਸਿਰੋਪੇ ਦਾ ਸੰਬੰਧ ਪਦਾਰਥਕ ਸੰਸਾਰ ਜਾਂ ਇਸ ਦੇ ਵਿਕਾਰਾਂ ਦੀ ਧੂੜ ਨਾਲ ਉੱਕਾ ਹੀ ਨਹੀ; ਸਗੋਂ, ਸਿਰਫ ਤੇ ਸਿਰਫ ਜੀਵ ਆਤਮਾ ਅਤੇ ਪਰਮਜੋਤ ਪਰਮਾਤਮਾ ਨਾਲ ਹੈ।

ਇਸ ਸਿਰੋਪੇ ਦੀ ਰਸਮ ਦੇ ਵਾਪਰਣ ਦਾ ਘਟਨਾਂ-ਸਥਲ (venue) ਕੋਈ ਸੰਸਾਰਕ ਸਥਾਨ ਨਹੀਂ ਸਗੋਂ ਮਨ-ਮੰਦਰ ਦਾ ਮੰਚ ਹੀ ਹੁੰਦਾ ਹੈ।

ਸੱਚੇ ਸਿਰੋਪੇ ਦੀ ਸਾਰੀ ਪ੍ਰਕ੍ਰਿਆ ਵਿੱਚ ਵਿਕਾਰਾਂ ਦੀ ਮਾਂ ਮਾਇਆ, ਤੇ ਹਉਮੈ ਅਦਿ ਦਾ ਪੂਰਣ ਅਭਾਵ ਹੈ।

ਪਾਠਕ ਸੱਜਨੋ, ਆਓ ਹੁਣ ਸੰਸਾਰ ਦੇ ਸਾਰੇ ਗੁਰੂਦਵਾਰਿਆਂ ਵਿੱਚ, ਲੱਖਾਂ ਦੀ ਗਿਣਤੀ ਵਿੱਚ, ਦਿੱਤੇ/ਲਿੱਤੇ ਜਾਂਦੇ ਸਿਰੋਪਿਆਂ ਬਾਰੇ ਵਿਚਾਰ ਕਰੀਏ:

ਇਨ੍ਹਾਂ ਸਿਰੋਪਿਆਂ ਨੂੰ ਦੇਣ ਵਾਲੇ, ਆਮ ਤੌਰ ਤੇ, ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ, ਮੈਂਬਰ, ਪ੍ਰਚਾਰਕ, ਅਤੇ ਗੁਰੂ ਘਰਾਂ ਦੇ ਹੋਰ ਕਰਮਚਾਰੀ, ਜਥੇਦਾਰ, ਅਪੂੰ ਬਣੇ ਬਾਬੇ, ਸਾਧ, ਸੰਤ, ਡੇਰਿਆਂ ਦੇ ਮਹੰਤ, ਅਤੇ ਇਨ੍ਹਾਂ ਸਾਰਿਆਂ ਦੇ ਸਰਪ੍ਰਸਤ ਸਿਆਸਤਦਾਨ ਆਦਿ ਹੁੰਦੇ ਹਨ।

ਸਿਰੋਪਾ ਲੈਣ ਵਾਲਿਆਂ ਦੀ ਸੂਚੀ ਹੇਠਾਂ ਲਿਖੇ ਅਨੁਸਾਰ ਹੈ:

1. ਸਿਰੋਪੇ ਲੈਣ ਵਾਲਿਆਂ ਵਿੱਚ ਵੀ ਪਹਿਲਾ ਨੰਬਰ ਇਨ੍ਹਾਂ (ਦੇਣ ਵਾਲਿਆਂ) ਦਾ ਹੀ ਹੈ। ਅੰਨ੍ਹਾਂ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ ਦੇਇ!

2. ਮਲਿਕ ਭਾਗੋ- ਗੁਰੂਆਂ ਦੁਆਰਾ ਤਿਰਸਕਾਰੇ ਮਾਇਆਧਾਰੀ।

3. ਸਿਆਸਤਦਾਨ (ਅਜੋਕੇ ਰਾਜੇ) - ਰਾਜੇ ਸੀਂਹ ਮੁਕਦਮ ਕੁਤੇ।

4. ਫਿਲਮੀ ਸਿਤਾਰੇ- ਜਿਨ੍ਹਾਂ ਨੂੰ ਫਿਲਮਾ ਰਾਹੀਂ ਘਰ ਘਰ ਵਿਕਾਰ ਫੈਲਾਉਣ ਦਾ ਮਾਨ ਪ੍ਰਾਪਤ ਹੈ।

5. ਦੇਸ ਵਿਦੇਸ ਦੇ ਪ੍ਰਸਿੱਧ ਵਿਅਕਤੀ- ਜਿਨ੍ਹਾਂ ਦਾ ਗੁਰਮਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਆਦਿ….

ਅਜੋਕੇ ਸਿਰੋਪਿਆਂ ਦਾ ਨਾਟਕ ਰੱਬ ਦੇ ਘਰਿ, ਗੁਰੂ (ਗ੍ਰੰਥ ਸਾਹਿਬ) ਦੀ ਪਾਵਨ ਹਜ਼ੂਰੀ ਵਿੱਚ ਖੇਡਿਆ ਜਾਂਦਾ ਹੈ। ਪਰ, ਇਸ ਨਾਟਕ ਵਿੱਚ ਇਨ੍ਹਾਂ ਦੋਹਾਂ ਦੀ ਕੋਈ ਭੂਮਿਕਾ (role) ਨਹੀਂ ਹੁੰਦੀ। ਉਨ੍ਹਾਂ ਦੀ ਪਵਿਤ੍ਰ ਹੋਂਦ, ਅਤੇ ਅਧਿਆਤਮਿਕ ਸਿਖਿਆ ਦੁਆਰਾ ਨਿਰਧਾਰਿਤ ਪੁਨੀਤ ਸਿਰੋਪੇ ਨੂੰ ਨਜ਼ਰਅੰਦਾਜ਼ ਕਰਕੇ ਸਿਰੋਪੇ ਦਾ ਦੁਨਿਆਵੀ ਨਾਟਕ ਖੇਡਕੇ ਝੂਠੀਆਂ ਖ਼ੁਸ਼ੀਆਂ ਨਾਲ ਝੋਲੀਆਂ ਭਰੀਆਂ ਜਾਂਦੀਆਂ ਹਨ।

ਇਨ੍ਹਾਂ ਸਿਰੋਪਿਆਂ ਦੇ ਸਾਰੇ ਕਾਰਯਕ੍ਰਮ ਪਿੱਛੇ, ਪਹਿਲਾਂ ਵਾਂਗ, ਨਿੰਦਿਤ ਮਾਇਆ ਅਤੇ ਹਉਮੈ ਦਾ ਹੀ ਹੁਕਮ ਚਲਦਾ ਹੈ।

ਇਨ੍ਹਾਂ ਦਾ ਸੰਬੰਧ ਮਨ/ਆਤਮਾ, ਅਤੇ ਦਰਗਹ ਮਾਨ ਨਾਲੋਂ ਤੋੜ ਕੇ ਸੰਸਾਰਕ ਸੋਭਾ ਨਾਲ ਜੋੜ ਦਿੱਤਾ ਗਿਆ ਹੈ।

ਇੱਥੇ ਕੁੱਝ ਹੋਰ ਨੁਕਤਿਆਂ ਤੇ ਵਿਚਾਰ ਕਰਨੀ ਵੀ ਜ਼ਰੂਰੀ ਹੈ। ਸਿਰ ਤੋਂ ਪੈਰਾਂ ਤਕ ਦਾ ਲਿਬਾਸ –- ਸਿਰੋਪਾ - – ਸੁੰਗੜ ਕੇ ਇੱਕ ਸਾਫਾ, ਪਟਕਾ ਜਾਂ ਪਰਨਾ ਜਿਹਾ ਕਿਵੇਂ ਬਣ ਗਿਆ! ! ਦੂਸਰਾ, ਇਸ ਦਾ ਰੰਗ ਅਧਿਕਤਰ ਕੇਸਰੀ ਹੀ ਕਿਉਂ ਹੁੰਦਾ ਹੈ! ! ਦਾਸ ਨੂੰ ਕਿਤੋਂ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।

ਸਿਰੋਪਿਆਂ ਦੇ ਦੇਣ ਲੈਣ ਦਾ ਸਿਲਸਿਲਾ ਮਾਇਆ ਉੱਤੇ ਆਧਾਰਿਤ ਹੈ। ਗੁਰੂਘਰਾਂ ਨਾਲ ਸੰਬੰਧਿਤ ਲੋਭੀ ਲੋਕਾਂ ਦੇ ਸਿਰੋਪਾ ਲੈਣ ਵੇਲੇ, ਨਾਲ ਇੱਕ ਲਫਾਫਾ (ਮਾਇਆ ਦਾ) ਹੋਣਾ ਵੀ ਜ਼ਰੂਰੀ ਹੈ। ਅਤੇ, ਜਦੋਂ ਇਹ ਕਿਸੇ ਹੋਰਨੂੰ ਸਿਰੋਪਾ ਦਿੰਦੇ ਹਨ ਤਾਂ ਵੀ ਸ਼ਰਤ ਮਾਇਆ ਹੀ ਹੈ। ਸਿਰੋਪਾ ਵੇਚਿਆ ਖ਼ਰੀਦਿਆ ਜਾਂਦਾ ਹੈ! ! ! ਜਨਸਾਧਾਰਨ (ਭਾਈ ਲਾਲੋ ਜੀ ਵਰਗੇ), ਜੋ ਮਾਇਆ ਦੇਣ ਤੋਂ ਅਸਮਰਥ ਹਨ, ਨੂੰ ਸਿਰੋਪਾ ਨਹੀਂ ਦਿੱਤਾ ਜਾਂਦਾ! ! ਗੁਰੂ ਦੇ ਨਾਂ ਤੇ ਸਮਾਨਤਾ ਦਾ ਢਿੰਡੋਰਾ ਪਿੱਟਣ ਵਾਲੇ ਹੀ ਗੁਰੁ-ਘਰਾਂ ਵਿੱਚ ਅਸਮਾਨਤਾ ਦੀ ਖੇਹ ਉਡਾ ਰਹੇ ਹਨ! !

“ਭਗਤ ਜਨਾੑ ਕੇ ਲੂਗਰਾ ਓਢਿ ਨਗਨ ਨ ਹੋਈ॥

ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ॥” ਬਿਲਾਵਲ ਮ: ੫

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ




.