ਗੁਰਮਤਿ ਦਾ ਚੌਰਾਸੀ ਲੱਖ ਜੂਨਾਂ ਬਾਰੇ ਦ੍ਰਿਸ਼ਟੀਕੋਣ
ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਹਰੇਕ ਸਮੇਂ ਜਾਗਰੂਪ
ਪੁਰਸ਼ਾਂ ਨੇ ਮਨੁੱਖਤਾ ਨੂੰ ਅਗਿਆਨਤਾ ਦੇ ਅੰਧੇਰੇ ਵਿਚੋਂ ਬਾਹਰ ਕਢਣ ਲਈ, ਪ੍ਰਚਲਤ
ਮਾਨਤਾਵਾਂ/ਧਾਰਨਾਵਾਂ ਦੀ ਦ੍ਰਿਸ਼ਟਾਂਤ ਵਜੋਂ ਵਰਤੋਂ ਕੀਤੀ ਹੈ। ਚੂੰਕਿ ਇਸ ਤਰ੍ਹਾਂ ਹੀ ਜਨ ਸਾਧਾਰਨ
ਪ੍ਰਾਣੀ ਨੂੰ ਆਸਾਨੀ ਨਾਲ ਸੱਚ ਦ੍ਰਿੜ ਕਰਵਾਇਆ ਅਥਵਾ ਆਪਣੀ ਗੱਲ ਨੂੰ ਪਹੁੰਚਾਇਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਆਦਿ ਵਲੋਂ ਇਹ ਢੰਗ ਅਪਣਾਇਆ ਗਿਆ
ਹੈ। ਇਨ੍ਹਾਂ ਪ੍ਰਚਲਤ ਧਾਰਨਾਵਾਂ ਦੇ ਠੀਕ ਜਾਂ ਗ਼ਲਤ ਵਾਲੀ ਧਾਰਨਾ ਤੋਂ ਉਪਰ ਉੱਠ ਕੇ ਇਨ੍ਹਾਂ ਨੂੰ
ਕੇਵਲ ਦ੍ਰਿਸ਼ਟਾਂਤ ਵਜੋਂ ਹੀ ਵਰਤਿਆ ਗਿਆ ਹੈ। ਇਨ੍ਹਾਂ ਪ੍ਰਚਲਤ ਧਾਰਨਾਵਾਂ ਦੀ ਵਰਤੋਂ ਆਪਣੀ ਗੱਲ ਆਮ
ਮਨੁੱਖ ਤਕ ਪਹੁੰਚਾਉਣ ਦੇ ਖ਼ਿਆਲ ਨਾਲ ਹੀ ਕੀਤੀ ਗਈ ਹੈ ਨਾ ਕਿ ਇਨ੍ਹਾਂ ਦੇ ਸੱਚੇ ਹੋਣ ਦੀ ਪੁਸ਼ਟੀ
ਵਜੋਂ। ਹਾਂ, ਸਤਿਗੁਰੂ ਜੀ ਨੇ ਬਾਣੀ ਵਿੱਚ ਇਨ੍ਹਾਂ ਪ੍ਰਚਲਤ ਧਾਰਨਾਵਾਂ ਨੂੰ ਕਈ ਥਾਂਈਂ ਨਕਾਰ ਕੇ,
ਪ੍ਰਭੂ ਦੇ ਬੇਅੰਤਤਾ ਦਾ ਬੋਧ ਕਰਾਉਣ ਵਾਲੀ ਜ਼ੁਮੇਵਾਰੀ ਨੂੰ ਨਿਭਾਉਣ ਦੇ ਫ਼ਰਜ਼ ਦੀ ਵੀ ਬਾਖ਼ੂਬੀ ਨਾਲ
ਪਾਲਣਾ ਕੀਤੀ ਹੈ। ਇਸ ਸਬੰਧ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਕੇਵਲ ਦੋ ਉਦਾਹਰਣਾਂ ਹੀ ਦੇ
ਰਹੇ ਹਾਂ।
ਗੁਰੂ ਸਾਹਿਬ ਜਦ ਜੀਵਾਂ ਦੀ ਉਤਪਤੀ ਦੀ ਗੱਲ ਕਰਦੇ ਹਨ ਤਾਂ ਆਪ ਚਾਰ ਖਾਣੀਆਂ
ਦੀ ਹੀ ਗੱਲ ਕਰਦੇ ਹਨ। ਜਿਵੇਂ:
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ
ਚਾਰੇ॥ (ਪੰਨਾ 6) ਅਰਥ: ਵੱਡੇ ਬਲ ਵਾਲੇ ਜੋਧੇ ਤੇ
ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਚੂੰਕਿ ਹਿੰਦੂ ਅਤੇ ਜੈਨ ਆਦਿ ਧਰਮਾਂ ਵਿੱਚ ਉਤਪਤੀ ਦੇ ਚਾਰ ਵਸੀਲੇ ਹੀ ਮੰਨੇ
ਗਏ ਸਨ: ‘ਅੰਡਜ’, ਅੰਡੇ ਤੋਂ ਪੈਦਾ ਹੋਣ ਜੀਵ; ‘ਜੇਰਜ’, ਜਿਓਰ ਤੋਂ ਪੈਦਾ ਹੋਣ ਵਾਲੇ; ‘ਸੇਤਜ’
ਮੁੜ੍ਹਕੇ ਤੋਂ ਅਤੇ ‘ਉਤਭੁਜ’, ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਪਰ ਜਦ ਹਜ਼ੂਰ
ਵਾਹਿਗੁਰੂ ਦੀ ਬੇਅੰਤਤਾ ਦੀ ਗੱਲ ਕਰਦੇ ਹਨ ਤਾਂ ਆਪ ਸਪਸ਼ਟ ਕਰਦੇ ਹਨ: (ੳ)
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ
ਨਰਿੰਦ॥ (ਪੰਨਾ 7) ਅਰਥ: (ਜੀਵ-ਰਚਨਾ ਦੀਆਂ)
ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ
ਤੇ ਰਾਜੇ ਹਨ।
(ਅ)
ਕਈ ਕੋਟਿ ਖਾਣੀ ਅਰੁ ਖੰਡ॥ (ਪੰਨਾ 276) ਅਰਥ: ਕਈ
ਕ੍ਰੋੜ ਖਾਣੀਆਂ ਅਤੇ ਖੰਡ ਹਨ।
(ੲ)
ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ॥ (ਪੰਨਾ
456) ਅਰਥ: ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ
ਧਿਆਨ ਧਰ ਰਿਹਾ ਹੈ।
ਜਪੁਜੀ ਦੀ 22ਵੀਂ ਪਉੜੀ ਦੀਆਂ ਪੰਜ ਪੰਗਤੀਆਂ ਹਨ; ਇਨ੍ਹਾਂ ਪੰਜਾਂ ਤੁਕਾਂ
ਵਿਚੋਂ ਮਹਾਰਾਜ ਪਹਿਲੀਆਂ ਦੋ ਪੰਗਤੀਆਂ ਵਿੱਚ ਵੇਦਾਂ ਦਾ ਜੋ ਮਤ ਹੈ, ਉਸ ਦੀ ਗੱਲ ਕਰਦਿਆਂ ਹੋਇਆਂ
ਕਹਿੰਦੇ ਹਨ ਕਿ:
ਪਾਤਾਲਾ
ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ॥
ਅਰਥ: (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ,
“ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ
ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)”।
ਅਗਲੀ ਪੰਗਤੀ ਵਿੱਚ ਗੁਰਦੇਵ ਪਛਮੀ ਮਤਾਂ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ
ਆਖਦੇ ਹਨ:
ਸਹਸ ਅਠਾਰਹ ਕਹਨਿ
ਕਤੇਬਾ ਅਸੁਲੂ ਇਕੁ ਧਾਤੁ॥ ਅਰਥ: (ਮੁਸਲਮਾਨ ਤੇ
ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ
ਇੱਕ ਅਕਾਲ ਪੁਰਖ ਹੈ”।
ਇਸ ਤੋਂ ਅਗਲੀਆਂ/ਅੰਤਲੀਆਂ ਪੰਗਤੀਆਂ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਮਤ
ਪ੍ਰਗਟ ਕਰਦਿਆਂ ਫ਼ਰਮਾਉਂਦੇ ਹਨ:
ਲੇਖਾ ਹੋਇ ਤ ਲਿਖੀਐ ਲੇਖੈ ਹੋਇ
ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ ਅਰਥ:
(ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿੱਚ ਵਰਤੇ
ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ
ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ
ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)। ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ)
ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ
ਹੈ।
ਗੁਰੂ ਗ੍ਰੰਥ ਸਾਹਿਬ ਵਿੱਚ `ਚਾਰ ਖਾਣੀਆਂ’ ਜਾਂ ਲੱਖਾਂ ਆਕਾਸ਼ਾਂ ਪਾਤਾਲਾਂ
ਅਤੇ ਅਠਾਰਾਂ ਹਜ਼ਾਰ ਆਲਮਾਂ ਬਾਰੇ ਪੜ੍ਹ ਕੇ ਜੇਕਰ ਕੋਈ ਸੱਜਣ ਇਹ ਆਖਣ ਲੱਗ ਪਵੇ ਕਿ ਗੁਰੂ ਸਾਹਿਬ ਦਾ
ਇਹ ਮਤ ਹੈ, ਤਾਂ ਅਜਿਹਾ ਸੱਜਣ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਕਿੰਨਾ ਕੁ ਨਿਆਂ ਕਰ ਰਿਹਾ
ਹੋਵੇਗਾ?
ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਚੌਰਾਸੀ ਲੱਖ ਜੂਨੀਆਂ ਦਾ ਵੀ ਕਈ
ਥਾਈਂ ਵਰਣਨ ਕੀਤਾ ਗਿਆ ਹੈ। ਜਿਵੇਂ:
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ
ਅਧਾਰੁ॥ (ਪੰਨਾ 27) ਅਰਥ: ਜਿਸ ਪਰਮਾਤਮਾ ਨੇ
ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਪ੍ਰਚਲਤ ਧਾਰਨਾ ਦਾ ਵਰਣਨ
ਕਰਦਿਆਂ ਲਿਖਿਆ ਹੈ, “ਹਿੰਦੂ ਮਤ ਦੇ ਪ੍ਰਾਚੀਨ ਵਿਦਵਾਨਾਂ ਅਨੁਸਾਰ: ਨੌ ਲੱਖ ਜਲਵਾਸੀ, ਦਸ ਲੱਖ ਪੌਣ
ਵਿੱਚ ਉਡਣ ਵਾਲੇ ਪੰਛੀ, ਬੀਸ ਲੱਖ ਇਸਥਿਤ ਰਹਿਣ ਵਾਲੇ ਬਿਰਛ ਆਦਿ, ਗਿਆਰਾਂ ਲੱਖ ਪੇਟ ਬਲ ਚਲਣ ਵਾਲੇ
ਸਰਪ ਕ੍ਰਿਮਿ ਆਦਿ, ਤੀਸ ਲੱਖ ਚੌਪਾਏ ਅਤੇ ਚਾਰ ਲੱਖ ਮਨੁੱਖ ਜਾਤਿ ਦੇ ਜੀਵ ਹਨ, ਜਿਨ੍ਹਾਂ ਵਿੱਚ
ਬਾਂਦਰ ਬਨਮਾਨੁਖ ਆਦਿ ਸਭ ਸ਼ਾਮਿਲ ਹਨ।
ਜੈਨੀਆਂ ਦੇ ਚੌਰਾਸੀ ਲੱਖ ਜੀਵਾਂ ਦੀ ਵੰਡ ਇਉਂ ਮੰਨੀ ਹੈ: 7 ਲੱਖ ਪ੍ਰਿਥਿਵੀ
ਵਿਚ, 7 ਲੱਖ ਜਲ ਵਿਚ, 7 ਲੱਖ ਪੌਣ ਵਿਚ, 7 ਲੱਖ ਅਗਨਿ ਵਿਚ, 10 ਲੱਖ ਕੰਦ (ਗਾਜਰ ਮੂਲੀ ਆਦਿ)
ਵਿਚ, 14 ਲੱਖ ਝਾੜੀ ਬਿਰਛ ਆਦਿ ਵਿਚ, 2 ਲੱਖ ਦੋ ਇੰਦ੍ਰੀਆਂ ਵਾਲੇ ਅਰਥਾਤ ਜੋ ਤੁਚਾ ਅਤੇ ਮੂੰਹ
ਰੱਖਦੇ ਹਨ, 2 ਲੱਖ ਤਿੰਨ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ ਮੁਖ ਅਤੇ ਨੇਤ੍ਰ ਰਖਦੇ ਹਨ, 2 ਲੱਖ
ਚਾਰ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ, ਮੁਖ, ਨੱਕ ਅਤੇ ਨੇਤ੍ਰ ਰਖਦੇ ਹਨ, 4 ਲੱਖ ਦੇਵਤਾ, ਜੋ
ਸੁਰਗ ਵਿੱਚ ਰਹਿੰਦੇ ਹਨ, 4 ਲੱਖ ਨਰਕ ਦੇ ਜੀਵ, 14 ਲੱਖ ਮਨੁੱਖ ਜਾਤਿ, ਜੋ ਇੱਕ ਟੰਗੀਏ ਅਤੇ
ਦੁਟੰਗੇ ਹਨ, 4 ਲੱਖ ਚੌਪਾਏ ਪਸ਼ੂ।”
ਕਈ ਗ੍ਰੰਥਾਂ ਵਿੱਚ 42 ਲੱਖ ਜਲ ਦੇ ਅਤੇ 42 ਲੱਖ ਖੁਸ਼ਕੀ ਦੇ ਜੀਵ ਮੰਨੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਆਪਣੇ ਆਸਾ ਰਾਗ ਵਿਚਲੇ ਸ਼ਬਦ ਵਿੱਚ 42 ਲੱਖ ਜੂਨੀਆਂ ਦਾ
ਪਾਣੀ ਵਿੱਚ ਹੋਣ ਦੇ ਪ੍ਰਚਲਤ ਖ਼ਿਆਲ ਦਾ ਹੀ ਵਰਣਨ ਕਰਦਿਆਂ ਹੋਇਆਂ ਕਹਿੰਦੇ ਹਨ:
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ
ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥
(ਪੰਨਾ 485) ਅਰਥ: ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ
(ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ)
ਪਾਣੀ ਵਿੱਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ
ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ
ਲਈ ਇਸ਼ਨਾਨ ਕਰਾਵਾਂ? ।
ਗੁਰਦੇਵ ਦਾ ਇਹ ਮੰਨਣਾ ਨਹੀਂ ਹੈ ਕਿ ਕਰਤੇ ਦੀ ਇਸ ਕੁਦਰਤ ਵਿੱਚ ਚੌਰਾਸੀ
ਲੱਖ ਜੂਨੀਆਂ ਹੀ ਹਨ। ਗੁਰੂ ਸਾਹਿਬ ਨੇ ਪ੍ਰਭੂ ਦੀ ਇਸ ਬਹੁ –ਰੰਗੀ ਰਚਨਾ ਵਿੱਚ ਕੇਵਲ ਜੂਨੀਆਂ ਦੀ
ਹੀ ਨਹੀਂ ਬਲਕਿ ਅਕਾਲ ਪੁਰਖ ਦੀ ਕਿਸੇ ਵੀ ਕ੍ਰਿਤ ਬਾਰੇ ਇਹ ਨਿਰਣਾਇਕ ਫ਼ੈਸਲਾ ਨਹੀਂ ਦਿੱਤਾ ਕਿ ਇਸ
ਦੀ ਕਿਤਨੀ ਕੁ ਮਿਕਦਾਰ ਅਥਵਾ ਪਸਾਰਾ ਹੈ। ਸਤਿਗੁਰੂ ਦਾ ਤਾਂ ਕਥਨ ਹੈ:
ਉਸਤਤਿ ਕਰਹਿ ਅਨੇਕ ਜਨ ਅੰਤੁ ਨ
ਪਾਰਾਵਾਰ॥ ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ॥
(ਪੰਨਾ 276) ਅਰਥ: ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ
ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ
(ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।
ਸਤਿਗੁਰੂ ਜੀ ਬਾਣੀ ਵਿੱਚ ਭਟਕਣਾ ਵਿੱਚ ਪੈ ਕੇ ਆਤਮਕਿ ਮੌਤ ਦਾ ਸ਼ਿਕਾਰ ਹੋ,
ਆਤਮਕ ਸਰਮਾਇਆ ਲੁਟਾਉਣ ਵਾਲੇ ਪ੍ਰਾਣੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਤੈਨੂੰ
ਕ੍ਰੋੜਾਂ ਜੂਨਾਂ ਵਿੱਚ ਪੈਣਾ ਭਟਕਣਾ ਪਵੇਗਾ:
ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ
ਜੋਨੀ ਬਸਨਾ ਰਾਮ॥ (848) ਅਰਥ: ਹੇ ਜਿੰਦੇ!
ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ
ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ।
ਗੁਰਦੇਵ ਇੱਥੇ ਚੌਰਾਸੀ ਲੱਖ ਜੂਨਾਂ ਦਾ ਨਹੀਂ ਬਲਕਿ ਕਰੋੜਾਂ ਜੂਨੀਆਂ ਦਾ
ਜ਼ਿਕਰ ਕਰਦੇ ਹਨ। ਧਿਆਨ ਰਹੇ ਸਤਿਗੁਰੂ ਕਰੋੜਾਂ ਸ਼ਬਦ ਦੀ ਵਰਤੋਂ ਕਰ ਰਹੇ ਹਨ; ਇਹ ਨਹੀਂ ਆਖ ਰਹੇ ਕਿ
ਇਤਨੇ ਕਰੋੜ। ਚੂੰਕਿ ਸਤਿਗੁਰੂ ਜੀ ਅਨੁਸਾਰ ਅਜਿਹਾ ਉਸ ਕਰਤੇ ਦੀ ਕੁਦਰਤ ਦੇ ਕਿਸੇ ਵੀ ਰੂਪ ਨੂੰ
ਨਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ ਹੈ; ਉਸ ਦੀ ਗਿਣਤੀ ਮਿਣਤੀ ਸੰਭਵ ਨਹੀਂ ਹੈ।
ਅੰਤ ਵਿੱਚ ਪਾਠਕਾਂ ਦਾ ਧਿਆਨ ਨਿਮਨ ਲਿਖਤ ਸ਼ਬਦ ਵਲ ਦਿਵਾਇਆ ਜਾ ਰਿਹਾ ਹੈ,
ਜਿਸ ਵਿੱਚ ਸਤਿਗੁਰੂ ਜੀ ਵਾਹਿਗੁਰੂ ਦੀ ਬੇਅੰਤਤਾ ਦਾ ਜ਼ਿਕਰ ਕਰਦਿਆਂ ਅਨੇਕਾਂ ਪ੍ਰਚਲਤ ਧਾਰਨਾਵਾਂ
ਨੂੰ ਨਕਾਰਦਿਆਂ ਹੋਇਆਂ ਆਪਣਾ ਦ੍ਰਿਸ਼ਟੀਕੋਣ ਜ਼ਾਹਰ ਕਰਦੇ ਹਨ:
ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ
ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥ 1॥ ਐਸੋ ਧਣੀ ਗੁਵਿੰਦੁ ਹਮਾਰਾ॥ ਬਰਨਿ ਨ ਸਾਕਉ ਗੁਣ
ਬਿਸਥਾਰਾ॥ 1॥ ਰਹਾਉ॥ ਕੋਟਿ ਮਾਇਆ ਜਾ ਕੈ ਸੇਵਕਾਇ॥ ਕੋਟਿ ਜੀਅ ਜਾ ਕੀ ਸਿਹਜਾਇ॥ ਕੋਟਿ ਉਪਾਰਜਨਾ
ਤੇਰੈ ਅੰਗਿ॥ ਕੋਟਿ ਭਗਤ ਬਸਤ ਹਰਿ ਸੰਗਿ॥ 2॥ ਕੋਟਿ ਛਤ੍ਰਪਤਿ ਕਰਤ ਨਮਸਕਾਰ॥ ਕੋਟਿ ਇੰਦ੍ਰ ਠਾਢੇ ਹੈ
ਦੁਆਰ॥ ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ ਕੋਟਿ ਨਾਮ ਜਾ ਕੀ ਕੀਮਤਿ ਨਾਹਿ॥ 3॥ ਕੋਟਿ ਪੂਰੀਅਤ
ਹੈ ਜਾ ਕੈ ਨਾਦ॥ ਕੋਟਿ ਅਖਾਰੇ ਚਲਿਤ ਬਿਸਮਾਦ॥ ਕੋਟਿ ਸਕਤਿ ਸਿਵ ਆਗਿਆਕਾਰ॥ ਕੋਟਿ ਜੀਅ ਦੇਵੈ ਆਧਾਰ॥
4॥ ਕੋਟਿ ਤੀਰਥ ਜਾ ਕੇ ਚਰਨ ਮਝਾਰ॥ ਕੋਟਿ ਪਵਿਤ੍ਰ ਜਪਤ ਨਾਮ ਚਾਰ॥ ਕੋਟਿ ਪੂਜਾਰੀ ਕਰਤੇ ਪੂਜਾ॥
ਕੋਟਿ ਬਿਸਥਾਰਨੁ ਅਵਰੁ ਨ ਦੂਜਾ॥ 5॥ ਕੋਟਿ ਮਹਿਮਾ ਜਾ ਕੀ ਨਿਰਮਲ ਹੰਸ॥ ਕੋਟਿ ਉਸਤਤਿ ਜਾ ਕੀ ਕਰਤ
ਬ੍ਰਹਮੰਸ॥ ਕੋਟਿ ਪਰਲਉ ਓਪਤਿ ਨਿਮਖ ਮਾਹਿ॥ ਕੋਟਿ ਗੁਣਾ ਤੇਰੇ ਗਣੇ ਨ ਜਾਹਿ॥ 6॥ ਕੋਟਿ ਗਿਆਨੀ ਕਥਹਿ
ਗਿਆਨੁ॥ ਕੋਟਿ ਧਿਆਨੀ ਧਰਤ ਧਿਆਨੁ॥ ਕੋਟਿ ਤਪੀਸਰ ਤਪ ਹੀ ਕਰਤੇ॥ ਕੋਟਿ ਮੁਨੀਸਰ ਮ+ਨਿ ਮਹਿ ਰਹਤੇ॥
7॥ ਅਵਿਗਤ ਨਾਥੁ ਅਗੋਚਰ ਸੁਆਮੀ॥ ਪੂਰਿ ਰਹਿਆ ਘਟ ਅੰਤਰਜਾਮੀ॥ ਜਤ ਕਤ ਦੇਖਉ ਤੇਰਾ ਵਾਸਾ॥ ਨਾਨਕ ਕਉ
ਗੁਰਿ ਕੀਓ ਪ੍ਰਗਾਸਾ॥ 8॥ (ਪੰਨਾ 1156)
ਅਰਥ: ਹੇ ਭਾਈ! ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ ਕਿ ਮੈਂ ਉਸ ਦੇ
ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ। 1. ਰਹਾਉ।
ਹੇ ਭਾਈ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ
ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ
ਵਿੱਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ
ਹੋਏ ਹਨ। 1.
ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ
ਘਰ ਵਿੱਚ ਦਾਸੀਆਂ ਹਨ, ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ। ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ
ਤੇਰੇ ਆਪੇ ਵਿੱਚ ਸਮਾ ਜਾਂਦੀਆਂ ਹਨ। ਹੇ ਭਾਈ! ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿੱਚ ਵੱਸਦੇ
ਹਨ। 2.
ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ
ਨਿਵਾਂਦੇ ਹਨ, ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ, ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ)
ਨਿਗਾਹ ਵਿੱਚ ਹਨ, ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ।
3.
ਹੇ ਭਾਈ! (ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ)
ਨਾਦ ਪੂਰੇ (ਵਜਾਏ) ਜਾਂਦੇ ਹਨ, ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ
ਹੈਰਾਨ ਕਰਨ ਵਾਲੇ ਹਨ। ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿੱਚ ਤੁਰਨ ਵਾਲੇ ਹਨ।
ਹੇ ਭਾਈ! ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ। 4.
ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ
ਚਰਨਾਂ ਵਿੱਚ ਹਨ (ਉਸ ਦੇ ਚਰਨਾਂ ਵਿੱਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ),
ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ, ਕ੍ਰੋੜਾਂ
ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ, ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ
ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ। 5.
ਹੇ ਭਾਈ! (ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ
ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ, ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ
ਕਰ ਰਹੇ ਹਨ, ਉਹ ਗੋਬਿੰਦ ਅੱਖ ਦੇ ਇੱਕ ਫੋਰ ਵਿੱਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ
ਰਹਿੰਦਾ) ਹੈ। ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ
ਸਕਦੇ। 6.
ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ
ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ, ਸਮਾਧੀਆਂ ਲਾਣ ਵਾਲੇ
ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤਿ ਜੋੜੀ ਰੱਖਦੇ ਹਨ, (ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ
ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ, ਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ। 7.
ਹੇ ਭਾਈ! ਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ
ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ
ਸਰੀਰਾਂ ਵਿੱਚ ਮੌਜੂਦ ਹੈ। ਹੇ ਪ੍ਰਭੂ! (ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ
ਹੈ ਕਿ ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ। 8
ਸਮੇਂ ਦੇ ਗੇੜ ਨਾਲ ਕਈ ਜੀਵਾਂ ਦੀ ਹੋਂਦ ਦਾ ਅੱਜ ਨਾਮੋ ਨਿਸ਼ਾਨ ਨਹੀਂ ਦਿਖਾਈ
ਨਹੀਂ ਦੇਂਦਾ, ਕਈ ਨਵੀਆਂ ਪੈਦਾ ਹੋ ਰਹੀਆਂ ਹਨ। ਕਰਤੇ ਦੀ ਇਸ ਕੁਦਰਤ ਦਾ ਭੇਦ ਉਹ ਕਰਤਾ ਆਪ ਹੀ
ਜਾਣਦਾ ਹੈ।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਵੇਂ ਕਈ ਥਾਈਂ ਚੌਰਾਸੀ ਲੱਖ ਜੂਨਾਂ
ਦਾ ਵਰਣਨ ਕੀਤਾ ਗਿਆ ਹੈ ਪਰੰਤੂ ਇਸ ਵਰਣਨ ਤੋਂ ਇਹ ਹਰਗ਼ਿਜ਼ ਭਾਵ ਨਹੀਂ ਲਿਆ ਜਾ ਸਕਦਾ ਕਿ ਗੁਰੂ
ਸਾਹਿਬ ਨੇ ਜੂਨੀਆਂ ਦੀ ਇਸ ਪ੍ਰਚਲਤ ਧਾਰਨਾ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਮਹਾਰਾਜ ਨੇ ਅਕਾਲ
ਪੁਰਖ ਦੀ ਕਿਸੇ ਵੀ ਕ੍ਰਿਤ ਬਾਰੇ ਇਹ ਰਾਏ ਪ੍ਰਗਟ ਨਹੀਂ ਕੀਤੀ ਕਿ ਉਸ ਦੀ ਇਤਨੀ ਕੁ ਗਿਣਤੀ ਮਿਣਤੀ
ਹੈ। ਇਸ ਲਈ ਚੌਰਾਸੀ ਲੱਖ ਜੂਨਾਂ ਤੋਂ ਭਾਵ ਬੇਅੰਤ ਜੂਨਾਂ ਤੋਂ ਹੀ ਸਮਝਣਾ ਚਾਹੀਦਾ ਹੈ।
ਜਸਬੀਰ ਸਿੰਘ ਵੈਨਕੂਵਰ