‘ਬਿਨੁ ਬੂਝੇ ਕਰਮ ਕਮਾਵਣੇ—’
ਮਨੁੱਖ ਕਪੜਾ ਖ਼ਰੀਦਣ ਲੱਗੇ ਤਾਂ ਪਹਿਲਾਂ ਦੁਕਾਨ ਵਾਲੇ ਨੂੰ ਪੁੱਛਦਾ ਹੈ,
“ਇਹ ਕਿਹੜੀ ਮਿੱਲ ਦਾ ਬਣਿਆ ਹੋਇਆ ਹੈ। ਦੂਸਰਾ ਇਹ ਹੰਢਣ ਸਾਰ ਵੀ ਹੈ ਕਿ ਨਹੀਂ”। ਅੱਗੋਂ ਦੁਕਾਨਦਾਰ
ਕਹਿੰਦਾ ਹੈ, ਕਿ, “ਭਾਈ ਜੀ ਜ਼ਰਾ ਧਿਆਨ ਨਾਲ ਦੇਖੋ ਇਸ ਕੱਪੜੇ ਦੇ ਮੀਟਰ ਮੀਟਰ `ਤੇ ਮਿੱਲ ਵਾਲਿਆਂ
ਦੀ ਮੋਹਰ ਲੱਗੀ ਹੋਈ ਹੈ ਤੇ ਇਸ ਵਿੱਚ ਤੇਤੀ ਹਿੱਸੇ ਪੁਲੀਸਟਰ ਤੇ ਸਤਾਹਠ ਹਿੱਸੇ ਕਾਟਨ ਹੈ”। ਜਨੀ
ਕਿ ਕਪੜਾ ਖ਼ਰੀਦਣ ਲੱਗਿਆਂ ਪੂਰੀ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ ਤੇ ਜਦੋਂ ਚੰਗੀ ਤਰ੍ਹਾਂ ਸਮਝ ਆ
ਜਾਂਦੀ ਹੈ ਤਾਂ ਅਸੀਂ ਕਪੜਾ ਓਸੇ ਵੇਲੇ ਖ਼ਰੀਦ ਲੈਂਦੇ ਹਾਂ।
ਦਵਾਈ ਖ਼ਰੀਦਣ ਲੱਗਿਆਂ ਇਸ ਸਮਝ ਨੂੰ ਮੁੱਖ ਰੱਖਿਆ ਜਾਂਦਾ ਹੈ ਕਿ ਕਿਤੇ ਇਹ
ਨਕਲੀ ਨਾ ਹੋਵੇ। ਕੈਮਸਿਟ ਨੂੰ ਬਾਰ ਬਾਰ ਪੁੱਛਣ ਦਾ ਯਤਨ ਕਰਦੇ ਹਾਂ, ਕਿ ‘ਭਈ ਇਹ ਉਹ ਹੀ ਦਵਾਈ ਹੈ
ਜੋ ਡਾਕਟਰ ਨੇ ਲਿਖ ਕੇ ਦਿੱਤੀ ਹੈ’। ਮਨ ਵਿੱਚ ਤੌਖ਼ਲਾ ਬਣਿਆ ਹੀ ਰਹਿੰਦਾ ਹੈ ਕਿ ਦਵਾਈ ਸਹੀ ਹੋਵੇ
ਸਹੀ। ਡਾਕਟਰ ਨੂੰ ਰੋਗ ਦੀ ਸਮਝ ਆ ਜਾਏ ਤਾਂ ਦਵਾਈ ਅਸਰ ਕਰਦੀ ਹੈ ਨਹੀਂ ਤਾਂ ਡਾਕਟਰ ਦਵਾਈ ਬਦਲ ਬਦਲ
ਕੇ ਦੇਂਦੇ ਹਨ। ਰੋਗੀ ਦੇ ਠੀਕ ਹੋਣ ਦੀ ਮੋਹਰ ਓਦੋਂ ਹੀ ਲੱਗਦੀ ਹੈ ਜਦੋਂ ਡਾਕਟਰ ਨੂੰ ਰੋਗ ਤੇ ਦਵਾਈ
ਦੀ ਸਮਝ ਆ ਜਾਏ।
ਬੱਚਾ ਸਕੂਲ ਵਿੱਚ ਦਾਖ਼ਲ ਕਰਾਉਣਾ ਹੈ ਤਾਂ ਪੂਰੀ ਸਮਝਦਾਰੀ ਤੋਂ ਕੰਮ ਲਿਆ
ਜਾਂਦਾ ਹੈ। ਹਵਾਈ ਜਹਾਜ਼ ਦੀ ਟਿਕਟ ਲੈਣ ਲੱਗਦੇ ਹਾਂ ਤਾਂ ਕਈਆਂ ਨੂੰ ਟੈਲੀਫ਼ੂਨ ਕਰਕੇ ਪੁੱਛਦੇ ਹਾਂ
ਕਿ ਸਸਤੀ ਟਿਕਟ ਕਿੱਥੋਂ ਮਿਲਦੀ ਹੈ? ਲੰਬੇ ਸਫ਼ਰ ਵਿੱਚ ਸੁੱਖ ਸਹੂਲਤ ਕੀ ਮਿਲਦੀ ਹੈ? ਇਤਆਦਕ ਸਾਰੀਆਂ
ਗੱਲਾਂ ਦੀ ਸਮਝ ਲੈਣ ਉਪਰੰਤ ਹੀ ਟਿਕਟ ਦੀ ਖ਼ਰੀਦਣਾ ਕੀਤੀ ਜਾਂਦੀ ਹੈ।
ਮੁਕੱਦਮਾ ਉਹੀ ਵਕੀਲ ਜਿੱਤ ਸਕਣ ਦੀ ਸਮਰੱਥਾ ਰੱਖਦਾ ਹੈ ਜਿਸ ਨੂੰ ਕਨੂੰਨ
ਦੀਆਂ ਗਹਿਰੀਆਂ ਪਰਤਾਂ ਦੀ ਪੂਰੀ ਪੂਰੀ ਜਾਣਕਾਰੀ ਹੋਵੇ। ਨਹੀਂ ਤਾਂ ਕਈ ਵਾਰੀ ਵਕੀਲਾਂ ਦੀ ਨਾ ਸਮਝੀ
ਕਰਕੇ ਬੇਦੋਸ਼ਾ ਵਿਆਕਤੀ ਜੇਹਲ ਦੀ ਚਾਰ ਦਵਾਰੀ ਵਿਚਲੀ ਹਵਾ ਖਾਣ ਲਈ ਮਜ਼ਬੂਰ ਹੁੰਦਾ ਹੈ।
ਦੁਨੀਆਂ ਵਿੱਚ ਹਰ ਇਨਸਾਨ ਮਾੜਾ ਮੋਟਾ ਕੋਈ ਵੀ ਕੰਮ ਕਰਨ ਲੱਗੇ ਤਾਂ ਪੁੱਛ
ਪ੍ਰਤੀਤ ਜ਼ਰੂਰ ਕਰਦਾ ਹੈ ਪਰ ਧਰਮ ਦੀ ਦੁਨੀਆਂ ਵਿੱਚ ਅਖੌਤੀ ਧਾਰਮਿਕ ਬਿਰਤੀ ਨੇ ਜਾਣ-ਬੁਝ ਕੇ ਇਹ
ਦੱਸਣ ਦਾ ਯਤਨ ਕੀਤਾ ਹੈ ਕਿ ਧਰਮ ਵਿੱਚ ਸਮਝ ਦੀ ਕੋਈ ਜ਼ਰੂਰਤ ਨਹੀਂ ਕੇਵਲ ਸ਼ਰਧਾ ਹੀ ਚਾਹੀਦੀ ਹੈ। ਇਸ
ਦਾ ਨਤੀਜਾ ਇਹ ਨਿਕਲਿਆ ਹੈ ਕਿ ਮਹਾਨ ਗੁਰਬਾਣੀ ਦੇ ਫਲਸਫ਼ੇ ਨੂੰ ਸਮਝਣ ਦੀ ਥਾਂ `ਤੇ ਲੜੀਆਂ ਵਾਲੇ
ਪਾਠਾਂ ਤੀਕ ਆਲਮੀ ਧਰਮ ਸੁੰਘੜ ਕੇ ਰਹਿ ਗਿਆ ਹੈ। ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਰਾਂਹੀਂ ਇਹ
ਸਮਝਾਇਆ ਹੈ ਕਿ ਜੋ ਮਨੁੱਖ ਸਮਝਦਾਰੀ ਤੋਂ ਕੰਮ ਨਹੀਂ ਲੈਂਦੇ ਉਹ ਆਪਣਾ ਕੀਮਤੀ ਜਨਮ ਗਵਾ ਕੇ ਚਲੇ
ਜਾਂਦੇ ਹਨ----
ਗੋਵਿਦੁ ਗੁਣੀ ਨਿਧਾਨੁ ਹੈ ਅੰਤ ਨ ਪਾਇਆ ਜਾਇ॥
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ॥
ਸਤਿਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ॥ 1॥
ਭਾਈ ਰੇ, ਗੁਰਮੁਖਿ ਬੂਝੇ ਕੋਇ॥
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ॥ 1॥ ਰਹਾਉ॥
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ॥
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨਾ ਜਾਇ॥
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ॥ 2॥
ਆਪੇ ਦੇਇ ਤ ਪਾਈਐ ਹੋਰ ਕਰਣਾ ਕਿਛੂ ਨ ਜਾਇ॥
ਦੇਵਣ ਵਾਲੇ ਕੈ ਹਥਿ ਦਾਤਿ ਹੈ, ਗੁਰੂ ਦੁਆਰੈ ਪਾਇ॥
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ॥ 3॥
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ॥
ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ॥
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ॥ 4॥ 17॥ 50॥
ਸਿਰੀ ਰਾਗ ਮਹਲਾ ੩ ਪੰਨਾ ੩੩
ਰਹਾਉ ਦੀਆਂ ਤੁਕਾਂ ਦੇ ਅਖ਼ਰੀਂ ਅਰਥ ਇਸ ਪ੍ਰਕਾਰ ਹਨ
:
—ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ।
(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ
ਜਨਮ ਗਵਾ ਲੈਂਦਾ ਹੈ।
ਪਹਿਲਾ ਨੁਕਤਾ ਕਿ ਸਹੀ ਜੀਵਨ ਜੁਗਤ ਗੁਰੂ ਹੀ ਸਮਝਾ ਸਕਦਾ ਹੈ। ਦੂਸਰਾ ਗੁਰੂ
ਦੇ ਦਰਸਾਏ ਮਾਰਗ ਤੋਂ ਬਿਨਾ ਅੰਨ੍ਹੀ ਸ਼ਰਧਾ ਅਧੀਨ ਕੀਤੇ ਕਰਮਾ ਨਾਲ ‘ਸਚਿਆਰ’ ਜੀਵਨ ਦੀ ਸਥਾਪਨਾ
ਨਹੀਂ ਹੋ ਸਕਦੀ। ਇਸ ਦਾ ਅਰਥ ਹੈ ਕਿ ਸ਼ਰਧਾ ਦੇ ਨਾਮ `ਤੇ ਧਰਮ ਦੇ ਮਿੱਥੇ ਕਰਮਾਂ ਵਿੱਚ ਉਲਝਿਆ ਹੋਇਆ
ਮਨੁੱਖ ਸਹੀ ਜੀਵਨ ਦਿਸ਼ਾ ਤੋਂ ਉੱਖੜ ਜਾਂਦਾ ਹੈ ਕਿਉਂਕਿ ਸਮਝ ਨਾਂ ਦੀ ਵਸਤੂ ਗਵਾ ਚੁੱਕਿਆ ਹੁੰਦਾ
ਹੈ।
ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਪਰਮਾਤਮਾ ਨੂੰ ਗੁਣਾਂ ਦਾ ਖ਼ਜ਼ਾਨਾ ਦੱਸਿਆ
ਹੈ। ਗੁਰੂ ਨਾਨਕ ਦੇ ਫਲਸਫ਼ੇ ਦਾ ਪਹਿਲਾ ਸਿਧਾਂਤ ਹੈ ਕਿ ਰੱਬ ਦਾ ਕੋਈ ਰੂਪ-ਰੰਗ ਨਹੀਂ ਹੈ। ਇਸ ਲਈ
ਸਦਾ ਬਹਾਰ ਰੱਬੀ ਗੁਣਾਂ ਨੂੰ ਆਪਣੀ ਸਮਝ ਦਾ ਹਿੱਸਾ ਬਣਾਇਆਂ ਜਨਮ ਪਦਾਰਥ ਦੇ ਮਹੱਤਵ ਨੂੰ ਸਮਝ ਸਕਦੇ
ਹਾਂ। ਨਿਰਾ ਕਹਿਣ ਨਾਲ ਕਿ ਮੈਂ ਏਨਾ ਸਿਮਰਨ ਕਰ ਲਿਆ ਹੈ, ਮੈਂ ਏਨੇ ਅਖੰਡ-ਪਾਠ ਕਰਵਾ ਲਏ ਹਨ, ਸਾਡਾ
ਲੰਗਰ ਬਹੁਤ ਵਧੀਆ ਹੈ, ਮੇਰੇ ਨਾਲਦਾ ਹੋਰ ਵਿਦਵਾਨ ਕੋਈ ਨਹੀਂ ਇਹ ਸਿੱਖੀ-ਵਿਚਾਰਧਾਰਾ ਦੀ ਦਿਸ਼ਾ
ਨਹੀਂ ਹੈ। ਇਹ ਤੇ ਹੰਕਾਰ ਦੀਆਂ ਪੰਡਾਂ ਹੀ ਇਕੱਠੀਆਂ ਕੀਤੀਆਂ ਹਨ---
“ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ
ਜਾਇ”॥ ਸ਼ਬਦ ਦੇ ਪਹਿਲੇ ਬੰਦ ਵਿੱਚ ਪਰਮਾਤਮਾ
ਗੁਣੀ-ਨਿਧਾਨ ਦੀ ਬੇਅੰਤਤਾ ਹੈ ਜੋ ਸਾਡੀ ਸੀਮਾ ਤੋਂ ਬਾਹਰ ਹੈ।
“ਗੋਵਿਦੁ ਗੁਣੀ ਨਿਧਾਨੁ ਹੈ ਅੰਤ ਨ
ਪਾਇਆ ਜਾਇ” ਪਰ ਇਸ ਦਾ ਹੱਲ ਵੀ ਏਸੇ ਬੰਦ ਵਿੱਚ
ਰੱਖਿਆ ਗਿਆ ਹੈ ਜੋ ਸਤਿਗੁਰ ਦੇ ਮਿਲਾਪ ਦੀ ਧਾਰਨਾ ਨੂੰ ਪਰਪੱਕ ਕਰਦਾ ਹੈ--
“ਸਤਿਗੁਰਿ ਮਿਲਿਐ ਸਦ ਭੈ ਰਚੈ ਆਪਿ
ਵਸੈ ਮਨਿ ਆਇ” ‘ਸਤਿਗੁਰਿ’ ਦੇ ਰਾਰੇ ਨੂੰ ਸਿਹਾਰੀ
ਗੁਰਬਾਣੀ ਵਿਆਕਰਣ ਦੇ ਨੁਕਤਾ ਨਿਗਾਹ ਨਾਲ ਕਰਣ-ਕਾਰਕ ਵਿੱਚ ਤਬਦੀਲ ਹੁੰਦੀ ਹੈ ਜਿਸ ਦਾ ਅਰਥ ਹੈ
ਦੁਆਰਾ, ਰਾਂਹੀ, ਵਿਚ, ਨਾਲ। ‘ਮਿਲਿਐ’ ਦੀ ਬਣਤਰ ਅਨੁਸਾਰ ਵਿਅਕਰਣਕ ਅਰਥ ਹੈ ‘ਜੇ ਮਿਲਿਆ ਜਾਏ
ਤਾਂ’। ਹੁਣ ਬਹੁਤ ਹੀ ਸਰਲ ਭਾਸ਼ਾ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ “ਐ ਇਨਸਾਨ ਜੇ ਤੂੰ ਗੁਰੂ
ਨੂੰ ਭੈ-ਭਾਵਨੀ ਨਾਲ ਮਿਲੇਂ ਤਾਂ ਪਰਮਾਤਮਾ ਤੇਰੇ ਮਨ ਵਿੱਚ ਵੱਸ ਸਕਦਾ ਹੈ”। ‘ਮਨਿ’ ਦੇ ਨੰਨੇ ਨੂੰ
ਸਿਹਾਰੀ ਹੈ ਇਸ ਦਾ ਅਰਥ ਹੈ ‘ਮਨ ਵਿੱਚ ਵੱਸ ਜਾਣਾ’। ਇਸ ਬੰਦ ਦਾ ਸਮੁੱਚਾ ਭਾਵ-ਅਰਥ ਹੈ ਜੇ
ਗੁਰਬਾਣੀ ਦੇ ਦਰਸਾਏ ਮਾਰਗ ਨੂੰ ਆਪਣੀ ਸਮਝ ਦਾ ਅਧਾਰ ਬਣਾ ਲਈਏ ਤਾਂ ਕੁਦਰਤੀ ਰੱਬੀ ਗੁਣ
“ਗੋਵਿਦੁ ਗੁਣੀ ਨਿਧਾਨੁ”
ਜੋ ਸਾਡੇ ਜੀਵਨ ਨੂੰ ਚੰਗਾ ਇਨਸਾਨ ਬਣਾਉਂਦੇ ਨੇ ਉਹ ਸਹਿਜੇ
ਹੀ ਆ ਜਾਂਦੇ ਹਨ। ਜਿਸ ਦੀ ਅਵਸਥਾ ‘ਸਚਿਆਰ’ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ’। ਹੰਕਾਰ ਦੇ ਘੋੜੇ
`ਤੇ ਅਸਵਾਰ ਹੋ ਕੇ ਨਿਰੀਆਂ ਸ਼ਰਧਾ ਦੀਆਂ ਹੀ ਗੱਲ ਕਰਦੇ ਰਹੀਏ ਤਾਂ ਕਦੇ ਵੀ ਸੱਚ ਦੇ ਪਾਂਧੀ ਨਹੀਂ
ਬਣ ਸਕਦੇ ਪਰ ਈਰਖਾ ਦੇ ਭਾਂਬੜ ਵਿੱਚ ਜ਼ਰੂਰ ਮੱਚ ਰਹੇ ਹੁੰਦੇ ਹਾਂ।
‘ਜੇ ਸਤਿਗੁਰ ਨੂੰ ਮਿਲਿਆ ਜਾਏ ਤਾਂ’ ਸਤਿਗੁਰ ਨੂੰ ਮਿਲਣ ਦਾ ਭਾਵ ਅਰਥ ਕੇਵਲ
ਮੱਥਾ ਟੇਕਣ ਜਾਂ ਕੇਵਲ ਕੋਲ ਬੈਠਣ ਤੀਕ ਸੀਮਤ ਨਹੀਂ ਹੈ। ਇਹ ਵਿਚਾਰਧਾਰਾ ਨੂੰ ਸਮਝਣ ਦੀ ਗੱਲ ਹੈ।
ਇਸ ਦਾ ਅਧਾਰ ਸ਼ਿਲਾ ਗੁਰੂ ਦੀ ਬਾਣੀ ਵਿਚੋਂ ਪ੍ਰਤੱਖ ਦਿੱਸਦਾ ਹੈ---
“ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ
ਅਪਾਰੁ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ”॥
ਧਰਮ ਦੇ ਨਾਂ `ਤੇ ਬਿਨਾ ਸਮਝ ਜੋ ਕਰਮ ਕੀਤੇ ਜਾ ਰਹੇ ਹਨ,
ਉਹਨਾਂ ਵਿੱਚ ਫਿਰ ਸਿਰਫ ਖਜਲ਼ ਖ਼ੁਆਰੀ
“ਜਨਮੁ ਪਦਾਰਥੁ ਖੋਇ”
ਹੀ ਹੈ।
ਸਬਜ਼ੀ, ਰੋਟੀ, ਫ਼ਲ਼, ਮਿੱਠੀ, ਖੱਠੀ ਜਾਂ ਕੌੜੀ ਵਸਤੂ ਸਾਡੇ ਪਾਸ ਪਈ ਹੋਈ ਹੈ,
ਸਾਨੂੰ ਇਹਨਾਂ ਦੇ ਸੁਆਦ ਦਾ ਕੋਈ ਬੋਧ ਨਹੀਂ ਹੈ, ਕਿਉਂਕਿ ਉਹਨਾਂ ਵਸਤੂਆਂ ਨੂੰ ਅਸਾਂ ਚੱਖਿਆ ਨਹੀਂ
ਹੈ। ਏਸੇ ਤਰ੍ਹਾਂ ਸ਼ਬਦ ਗੁਰੂ ਸਾਡੇ ਪਾਸ ਹੈ ਪਰ ਅਸਾਂ ਇਸ ਸਵਾਦ ਨੂੰ ਚੱਖਿਆ ਨਹੀਂ ਹੈ ਭਾਵ ਸ਼ਬਦ ਦੀ
ਵਿਚਾਰਧਾਰਾ ਨੂੰ ਸਮਝਿਆ ਨਹੀਂ ਹੈ, ਤੇ ਬਿਨਾ ਸਮਝ ਦੇ ਜ਼ਿੰਦਗੀ ਵਿੱਚ ਆਤਮਕ ਸੂਝ ਦਾ ਉਤਪੰਨ ਹੋਣਾ
ਮੁਸ਼ਕਲ ਹੈ। ਅਸਾਂ ਕਿਸੇ ਪਾਸੋਂ ਰਸਤਾ ਪੁੱਛਿਆ, ਪਰ ਉਹ ਸਾਡੀ ਸਮਝ ਵਿੱਚ ਪੂਰੀ ਤਰ੍ਹਾਂ ਨਹੀਂ ਪਿਆ।
ਰਸਤੇ ਦੀ ਪੂਰੀ ਸਮਝ ਨਾ ਹੋਣ ਦੇ ਬਾਵਜੂਦ ਵੀ ਜੇ ਮਨੁੱਖ ਤੁਰਦਾ ਹੈ ਤਾਂ ਉਹ ਰਾਹ ਵਿੱਚ ਭਟਕ
ਜਾਏਗਾ।
ਇਸ ਦੂਸਰੇ ਬੰਦ ਦੀ ਪਹਿਲੀ ਤੁਕ ਵਿੱਚ ਜ਼ਬਾਨ ਦੇ ਚੱਖਣ ਦੀ ਉਦਾਹਰਣ ਦੇ ਕੇ
ਕਿਹਾ ਹੈ, ਕਿ ਜਿਸ ਨੇ ਗੁਰਬਾਣੀ ਨੂੰ ਸਮਝਿਆ ਹੈ, ਅਨੰਦ ਦੀ ਅਵਸਥਾ ਓਸੇ ਨੂੰ ਹੀ ਹਾਸਲ ਹੋਈ ਹੈ।
ਐਸਾ ਇਨਸਾਨ ਮੁੜ ਕਦੇ ਵੀ ਵਹਿਮਾਂ-ਭਰਮਾਂ ਦੇ ਚੱਕਰ ਵਿੱਚ ਨਹੀਂ ਫਸਦਾ।
“ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ”॥
ਗੁਰ-ਗਿਆਨ ਦੀ ਸਮਝ ਮਨ ਵਿੱਚ ਬੈਠ ਜਾਣੀ ਆਤਮਕ ਜੀਵਨ ਦੀ ਤ੍ਰਿਪਤੀ ਹੈ ਜੋ
ਸੰਤੋਖ ਵਰਗੇ ਦੈਵੀ ਗੁਣ ਵਿੱਚ ਪ੍ਰਗਟ ਹੁੰਦੀ ਹੈ। ਅੰਨ੍ਹੀ ਸ਼ਰਧਾ ਤੇ ਭਰਮ-ਭੁਲੇਖਿਆਂ ਦੇ ਜਾਲ
ਵਿਚੋਂ ਮੁਕਤ ਹੋ ਜਾਂਦਾ ਹੈ।
“ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨਾ ਜਾਇ”॥
ਹੁਣ “ਜਿਨੀ ਚਾਖਿਆ ਤਿਨੀ ਸਾਦੁ ਪਾਇਆ” ਨਾਨਕਾਈ ਫਲਸਫ਼ੇ ਨੂੰ ਬੁਝ ਲੈਣਾ ਹੀ
ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ ਹੈ। ਜੋ ਜ਼ਿੰਦਗੀ ਵਿੱਚ ਰੂਹਾਨੀਅਤ ਨੂੰ ਭਰਦਾ ਹੋਇਆ ਸੁਭਾਅ
ਰਾਂਹੀ ਪ੍ਰਗਟ ਹੁੰਦਾ ਹੈ। ਦੈਵੀ ਗੁਣਾਂ ਦੇ ਚੱਖਣ ਦੀ ਮਹਾਨਤਾ ਬਣੇ ਹੋਏ ਖ਼ਿਆਲਾਂ ਦੀਆਂ ਸੀਮਾਵਾਂ
ਨੂੰ ਤੋੜਦੀ ਹੈ। ਏਸੇ ਬੰਦ ਦੀ ਤੀਸਰੀ ਤੁਕ ਵਿੱਚ ਸ਼ਬਦ ਵਿੱਚ ਸਮਾਉਣ ਦੀ ਗੱਲ ਕੀਤੀ ਹੈ।
“ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ”॥
‘ਸਬਦਿ’ ਦੇ ਦੱਦੇ ਨੂੰ ਸਿਹਾਰੀ ਹੈ ਇਸ ਲਈ ਪੂਰੇ ਗੁਰੂ ਦੀ ਸਿੱਖਿਆ ਨੂੰ
ਜਿਸ ਨੇ ਸਮਝ ਲਿਆ ਉਸ ਦੀ ਪਰਵਾਨਗੀ ਮਿੱਥੀ ਗਈ ਹੈ। ‘ਪੀਵਤ ਹੂ’ ਗੁਰ-ਉਪਦੇਸ਼ ਨੂੰ ਬੁੱਝ ਲੈਣਾ-ਤੇ
‘ਪਰਵਾਣੁ ਭਇਆ’ ਉਸ `ਤੇ ਤੁਰ ਪੈਣਾ ਹੈ ਜੋ ਸ਼ਬਦ ਵਿੱਚ ਸਮਾ ਜਾਣਾ ਹੈ। ਹਰਦੁਆਰ ਵਿਖੇ ਗੁਰੂ ਨਾਨਕ
ਜੀ ਨੇ ਬੋਲਾਂ ਨੂੰ ਜਿੰਨ੍ਹਾਂ ਨੇ ਬੁੱਝ ਲਿਆ ਉਹ ਸ਼ਬਦ ਵਿੱਚ ਸਮਾ ਗਏ ‘ਸਬਦਿ ਸਮਾਇ’ ਉਹ ਮੁੜ
ਭਰਮ-ਭੁਲੇਖਿਆਂ ਵਿੱਚ ਨਹੀਂ ਪਏ ਤੇ ਨਾ ਹੀ ਚੜ੍ਹਦੇ ਸੂਰਜ ਨੂੰ ਮੁੜ ਪਾਣੀ ਦਿੱਤਾ ਹੈ, ਵਰਨਾ
ਦੁਨੀਆਂ ਹਰਦੁਆਰ ਅੱਜ ਵੀ ਬਹੁਤ ਜਾ ਰਹੀ ਹੈ। ਗੁਰਬਾਣੀ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਅਪਨਾਉਣ
ਨਾਲ ਭਰਮ-ਭੁਲੇਖਿਆਂ ਤੋਂ ਨਿਵਿਰਤੀ ਹੁੰਦੀ ਹੈ ਜੋ ਅੰਮ੍ਰਿਤ (ਆਤਮਕ ਜੀਵਨ) ਦੇ ਰੂਪ ਵਿੱਚ ਪ੍ਰਗਟ
ਹੁੰਦੀ ਹੈ। ‘ਪੀਵਤ ਹੂ ਪਰਵਾਣੁ ਭਇਆ’ ਗੁਰ-ਉਪਦੇਸ਼ ਨੂੰ ਸਮਝ ਕੇ ਚੱਲ ਪੈਣਾ ਸ਼ਬਦ ਵਿੱਚ ਸਮਾ ਜਾਣਾ
ਹੈ।
ਸ਼ਬਦ ਦੇ ਤੀਸਰੇ ਬੰਦ ਵਿੱਚ ਸਮਝਾਇਆ ਗਿਆ ਹੈ ਕਿ ਰੱਬ ਦਾ ਹੁਕਮ ਇਕਸਾਰ ਹੈ
ਪਰ ਉਸ ਵਿੱਚ ਕਰਮ ਸਾਡਾ ਹੈ। ਜੇਹੋ ਜੇਹਾ ਕੋਈ ਕਰਮ ਕਰਦਾ ਹੈ ਉਹੋ ਜੇਹਾ ਹੀ ਉਸ ਨੂੰ ਫ਼ਲ਼ ਮਿਲ
ਜਾਂਦਾ ਹੈ। ਸਾਡਾ ਦੁਖਾਂਤ ਇਹ ਹੈ—
“ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ
ਏਹੁ ਨਿਆਉ”॥ ਅਸਾਂ ਕੀ ਕਰਨਾ ਹੈ ਤੇ ਕੀ ਨਹੀਂ
ਕਰਨਾ ਇਹ ਸਾਰੀ ਸੂਝ-ਬੂਝ ਗੁਰੂ ਕੋਲੋਂ ਪਰਾਪਤ ਹੁੰਦੀ ਹੈ।
“ਗੁਰੂ ਦੁਆਰੈ ਪਾਇ”
ਚਮਕਦਾ ਸਿਧਾਂਤ ਹੈ।
ਰਹਾਉ ਦੀ ਤੁਕ ਵਿੱਚ ਇਹ ਦ੍ਰਿੜ ਕਰਾਇਆ ਹੈ ਕਿ ਕੋਈ ਵਿਰਲਾ ਹੀ ਗੁਰੂ ਦੇ
ਸਨਮੁਖ ਬੈਠ ਕੇ ਗੁਰੂ ਦੀ ਮਤ ਨੂੰ ਸਮਝਦਾ ਹੈ।
“ਭਾਈ ਰੇ, ਗੁਰਮੁਖਿ ਬੂਝੇ ਕੋਇ”
ਪਰ ਜਦੋਂ ਅਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ
ਨਹੀਂ ਹੁੰਦੇ ਤਾਂ ਤਟ-ਫਟ ਕਹਿ ਦੇਂਦੇ ਹਾਂ ਜੀ ਪਰਮਾਤਮਾ ਜਦੋਂ ਹੁਕਮ ਕਰੇਗਾ ਓਦੋਂ ਹੀ ਅਸਾਂ ਇਹ
ਕੰਮ ਕਰਨਾ ਹੈ। ਕੀ ਬਾਕੀ ਦੇ ਕਰਮ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਕਰ ਰਹੇ? ਕੀ ਰੋਟੀ ਪਰਮਾਤਮਾ ਦੇ
ਹੁਕਮ ਤੋਂ ਬਿਨਾਂ ਖਾ ਰਹੇ ਹਾਂ? ਸਾਨੂੰ ਸਮਝ ਆ ਗਈ ਰੋਟੀ ਖਾਣ ਤੋਂ ਬਿਨਾਂ ਸਾਡਾ ਨਿਰਬਾਹ ਨਹੀਂ
ਹੈ। ਏਸੇ ਤਰ੍ਹਾਂ ਹੀ ਜਦੋਂ ਇਨਸਾਨ ਕਿਸੇ ਗੱਲ ਨੂੰ ਬੁੱਝ ਲੈਂਦਾ ਹੈ ਤਾਂ ਫਿਰ ਉਹ ਬੂਝ ਉਸ ਦੇ
ਜੀਵਨ ਦਾ ਅੰਗ ਬਣ ਜਾਂਦੀ ਹੈ।
“ਆਪੇ ਦੇਇ ਤ ਪਾਈਐ ਹੋਰ ਕਰਣਾ ਕਿਛੂ ਨ
ਜਾਇ”
ਮੰਨ ਲਓ ਕੋਈ ਬੱਚਾ ਡਾਕਟਰੀ ਕਰਨ ਲਈ ਗਿਆ ਹੈ। ਸਾਰਾ ਦਿਨ ਕਮਰੇ ਵਿਚੋਂ
ਬਾਹਰ ਹੀ ਨਾ ਨਿਕਲੇ ਤੇ ਕਹੀ ਜਾਏ ਕਿ ਜੀ ਪਰਮਾਤਮਾ ਆਪੇ ਹੀ ਮੇਰਾ ਕੰਮ ਕਰ ਦੇਵੇਗਾ। ਕੀ ਇੰਜ ਉਹ
ਡਾਕਟਰ ਬਣ ਜਾਏਗਾ? ਮਈ ਦੇ ਦੂਜੇ ਐਤਵਾਰ ਨੂੰ ਸਾਰੇ ਸੰਸਾਰ ਤੇ ਮਾਂ ਦਾ ਦਿਨ ਮਨਾਇਆ ਜਾਂਦਾ ਹੈ।
ਮੇਰੇ ਸਾਹਮਣੇ ਇੱਕ ਅਖ਼ਬਾਰ ਪਈ ਹੈ ਜਿਸ ਵਿੱਚ ਇੱਕ ਬੱਚੀ ਆਪਣੀ ਮਾਂ ਦੀ ਤਸਵੀਰ ਬਣਾ ਰਹੀ ਹੈ। ਉਸ
ਬੱਚੀ ਦੇ ਦੋਵੇਂ ਬਾਜੂ ਤੇ ਇੱਕ ਲੱਤ ਨਹੀਂ ਹੈ। ਦੂਸਰੀ ਖੱਬੀ ਲੱਤ ਉਸ ਦੀ ਕੰਮਜ਼ੋਰ ਦੇ ਟੇਡੀ ਜੇਹੀ
ਹੈ। ਪਰ ਉਸ ਬੱਚੀ ਦੀ ਹਿੰਮਤ ਦੇਖੋ ਉਹ ਆਪਣੀ ਮਾਂ ਦੀ ਤਸਵੀਰ ਖੱਬੇ ਪੈਰ ਨਾਲ ਰੰਗ ਵਾਲੇ ਬੁਰਸ਼ ਨੂੰ
ਫੜ ਕੇ ਬਣਾ ਰਹੀ ਹੈ। ਅਸੀਂ ਸਾਬਤ ਸਬੂਤੇ ਹੁੰਦੇ ਹੋਏ ਵੀ ਕੁੱਝ ਕਰਨ ਲਈ ਤਿਆਰ ਨਹੀਂ ਹਾਂ ਤੇ ਕਹੀ
ਜਾ ਰਹੇ ਹਾਂ ਜੀ ਰੱਬ ਕਰੇਗਾ ਤਾਂ ਕਰਾਂਗੇ ਨਹੀਂ ਤਾਂ ਆ ਬੈਠੇ ਜੇ।
“ਆਪੇ ਦੇਇ ਤ ਪਾਈਐ”
ਜਦੋਂ ਗੁਰੂ ਦੇ ਰਸਤੇ ਦੀ ਪਹਿਛਾਣ ਹੋ ਜਾਂਦੀ ਹੈ ਤਾਂ
ਰੱਬੀ ਗੁਣ ਮਨੁੱਖ ਵਿੱਚ ਆ ਜਾਂਦੇ ਹਨ। ਜੋ ‘ਆਪੇ ਦੇਇ ਤ ਪਾਈਐ’ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।
ਗੁਰ-ਸ਼ਬਦ ਦੀ ਸਮਝ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ—
“ਹੋਰ ਕਰਣਾ ਕਿਛੂ ਨ ਜਾਇ”
“ਦੇਵਣ ਵਾਲੇ ਕੈ ਹਥਿ ਦਾਤਿ ਹੈ, ਗੁਰੂ ਦੁਆਰੈ ਪਾਇ”॥
ਅਸੀਂ ਭਰਮਾਂ ਵਿੱਚ ਪਲ਼ਣ ਕਰਕੇ ਭਰਮਾਂ ਨੂੰ ਹੀ ਅਸਲੀ ਕਰਮ-ਧਰਮ ਸਮਝੀ ਬੈਠੇ
ਹਾਂ। ਗੁਰੂ ਸਾਹਿਬ ਜੀ ਮਾਰਗ ਦਰਸ਼ਨ ਕਰਦਿਆਂ ‘ਗੁਰੂ ਦੁਆਰੈ’ ਦਾ ਸੰਕਲਪ ਦੱਸਦੇ ਹਨ। ਗੁਰਦੁਆਰੇ ਦਾ
ਅਰਥ ਗੁਰ-ਸਿਧਾਂਤ ਨੂੰ ਸਮਝਣਾ ਹੈ ਨਾ ਕਿ ਕੇਵਲ ਰੁਮਾਲੇ ਚੜ੍ਹਾਉਣੇ। ਗੁਰੂ ਦੇ ਪਾਸੋਂ ਰੱਬੀ ਗੁਣਾਂ
ਦੀ ਦਾਤ ਮਿਲਦੀ ਹੈ। ਦਰ-ਅਸਲ ਕੰਮ ਮਨੁੱਖ ਨੂੰ ਹੀ ਕਰਨਾ ਪੈਂਦਾ ਹੈ ਤੇ ਕੰਮ ਪੂਰਾ ਹੋਣ `ਤੇ ਸਿਆਣਾ
ਮਨੁੱਖ ਇਹ ਨਹੀਂ ਕਹਿੰਦਾ ਕਿ ਇਹ ਕੰਮ ਮੈਂ ਕੀਤਾ ਹੈ, ਸਗੋਂ ਆਪਣੇ ਆਪ ਨੂੰ ਨਿੰਮ੍ਰਤਾ ਵਿੱਚ ਰੱਖਦਾ
ਹੋਇਆ ਕਹਿੰਦਾ ਹੈ ਕਿ ਜੀ ਕੰਮ ਮੇਰੇ ਗੁਰੂ ਨੇ ਕੀਤਾ ਹੈ। ਸਖ਼ਤ ਮਿਹਨਤ ਕਰਕੇ ਜਦੋਂ ਬੱਚਾ ਚੰਗੇ
ਨੰਬਰ ਲੈ ਕੇ ਪਾਸ ਹੁੰਦਾ ਹੈ। ਸਿਆਣੇ ਮਾਪੇ ਕਹਿ ਦੇਂਦੇ ਹਨ ਕਿ ਜੀ ਇਹ ਸਾਰੀਆਂ ਰੱਬ ਜੀ ਦੀਆਂ ਹੀ
ਦਾਤਾਂ ਹਨ। ਇਸ ਦਾ ਅਰਥ ਹੈ ਜਿਹੜਾ ਇਮਾਨਦਾਰੀ ਨਾਲ ਮਿਹਨਤ ਕਰੇਗਾ, ਦਾਤੇ ਦੀ ਆਪਣੇ ਹੱਥ ਰੱਖੀ ਦਾਤ
ਉਸ ਨੂੰ ਮਿਲ ਜਾਏਗੀ--
“ਦੇਵਣ
ਵਾਲੇ ਕੈ ਹਥਿ ਦਾਤਿ ਹੈ” ਮੰਨ ਲਓ ਦਾਤੇ ਦੀ ਇੱਕ
ਦਾਤ ਸੰਤੋਖ ਹੈ, ਜੇ ਗੁਰੂ ਰਾਂਹੀ ਸੰਤੋਖ ਦੇ ਮਹੱਤਵ ਨੂੰ ਸਮਝ ਲਿਆ ਤਾਂ ਦਾਤੇ ਦੀ ਆਪਣੇ ਹੱਥ ਰੱਖੀ
ਦਾਤ ਦੀ ਪ੍ਰਾਪਤੀ ਹੋ ਜਾਏਗੀ।
“ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ”॥
ਗੁਰ ਸਿਧਾਂਤ ਦੀ ਸੂਝ-ਬੂਝ ਆ ਜਾਣ `ਤੇ ਗੁਰੂ ਵਰਗੇ ਹੀ ਕਰਮ ਕਰਨ ਨੂੰ
ਤਰਜੀਹ ਦੇਂਦਾ ਹੈ। ਏਹੀ ਰੱਬੀ ਰੂਪ ਵਿੱਚ ਦੇਖੇ ਜਾ ਸਕਦੇ ਹਨ। ਸੁ ਇਸ ਬੰਦ ਵਿੱਚ ਗੁਰੂ ਸਾਹਿਬ ਜੀ
ਨੇ ਸਮਝਾਵਣਾ ਕੀਤਾ ਹੈ ਕਿ ਜੇ ਬੰਦਾ ਸਮਝਣ ਲਈ ਤਿਆਰ ਹੋਵੇ ਤਾਂ ਉਹ ਜੀਵਨ ਵਿੱਚ ਤਰੱਕੀ ਕਰ ਸਕਦਾ
ਹੈ। ਆਤਮਕ ਜੀਵਨ ਦੀ ਸੋਝੀ ਗੁਰੂ ਪਾਸੋਂ ਸਹਿਜੇ ਮਿਲ ਸਕਦੀ ਹੈ ਜੇ ਗੁਰੂ ਨੂੰ ਸਮਰਪਣ ਹੋਵੇ। ਸ਼ੁਭ
ਗੁਣਾਂ ਦੀ ਸਮਝ ਆ ਜਾਣੀ ਨੂੰ ਹੀ ਕਿਹਾ ਗਿਆ ਹੈ ਕਿ ਪ੍ਰਮਾਤਮਾ ਆਪ ਹੀ ਦੇ ਰਿਹਾ ਹੈ।
ਰਹਾਉ ਦੀਆਂ ਤੁਕਾਂ ਵਿੱਚ ਦੱਸਿਆ ਗਿਆ ਹੈ ਗੁਰੂ ਦੀ ਮਤ ਨੂੰ ਕੋਈ ਕੋਈ ਸਮਝ
ਕੇ ਜੀਵਨ ਵਿੱਚ ਪਏ ਭਰਮ-ਭੁਲੇਖਆਂ ਨੂੰ ਦੂਰ ਕਰਦਾ ਹੈ। ਅਖ਼ੀਰਲੇ ਬੰਦ ਵਿੱਚ ਧਰਮ ਦੇ ਨਾਂ `ਤੇ ਜਤ,
ਸਤ, ਸੰਜਮ ਤੇ ਹੋਰ ਕਈ ਕਰਮ ਕਾਂਡਾਂ ਨੂੰ ਰੱਦ ਕਰਦਿਆਂ ਪਰਮਾਤਮਾ ਦੇ ਨਿਰਮਲ ਨਾਮ ਨੂੰ ਸਮਝਣ ਲਈ
ਕਿਹਾ ਗਿਆ ਹੈ—
“ਜਤੁ ਸਤੁ
ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ”॥
ਆਮ ਕਰਕੇ ਲੋਕਾਂ ਨੇ ਇਹ ਸਮਝ ਲਿਆ ਹੈ ਕਿ ਜਿਸ ਨੇ ਵਿਆਹ ਨਹੀਂ ਕਰਵਾਇਆ,
ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਹੋਇਆ ਹੈ ਉਹ ਬਹੁਤ ਵੱਡਾ ਜਤੀ, ਸਤੀ ਤੇ ਸੰਜਮੀ ਹੈ।
ਗੁਰੂ ਦਾ ਉਪਦੇਸ਼ ਨਿਰਮਲ ਨਾਮ ਹੈ ਜਿਸ ਨੂੰ ਰੱਬ ਜੀ ਕਿਹਾ ਗਿਆ ਹੈ। ਗਿਆਨ ਇੰਦਰੀਆਂ ਦਾ ਜਤ ਉਚੇ
ਆਚਰਣ ਦੀ ਹਾਮੀ ਭਰਦਾ ਹੈ ਹੋਇਆ ਸੰਜਮੀ ਰੂਪ ਵਿੱਚ ਸਾਕਾਰ ਹੁੰਦਾ ਹੈ। ਇਹਨਾਂ ਤਿੰਨਾਂ ਦੇ ਸੁਮੇਲ
ਦਾ ਨਾਂ ਹੀ ‘ਨਾਮ’ ਹੈ। ਇਹਨਾਂ ਤੋਂ ਬਿਨਾਂ ਜ਼ਿੰਦਗੀ ਵਿੱਚ ਸਾਫ਼ਗੋਈ ਨਹੀਂ ਹੋ ਸਕਦੀ। ਦੂਸਰੀ ਤੁਕ
ਵਿੱਚ ਫਿਰ ਤਿੰਨਾਂ ਦਾ ਹੀ ਸੁਮੇਲ ਹੈ---
“ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ
ਮਿਲਾਵਾ ਹੋਇ” ਪੂਰੇ ਭਾਗ ਹੋਣ ਤਾਂ ਨਾਮ ਮਨ ਵਿੱਚ
ਵੱਸਦਾ ਹੈ। ਨਾਮ ਮਨ ਵਿੱਚ ਵੱਸਣਾ ਹੀ ਸ਼ਬਦ ਨਾਲ ਮਿਲਾਪ ਹੈ। ਪੂਰੇ ਭਾਗ ਦਾ ਭਾਵ ਅਰਥ ਹੈ- ਕਿਸੇ
ਗੱਲ ਦੀ ਬਰੀਕੀ ਸਮਝ ਲੈਣੀ, ਤੇ ਫਿਰ ਉਹ ਸਿਧਾਂਤ ਦੀ ਸਮਝ ਹੀ ਮਨ ਵਿੱਚ ਵੱਸਦੀ ਹੈ। ਉਸ ਸਮਝ ਨਾਲ
ਹਮੇਸਾਂ ਔਗੁਣਾਂ ਤੋਂ ਬਚਣਾ ਤੇ ਗੁਣਾਂ ਨੂੰ ਇਕੱਠਾ ਕਰਨਾ ਹੈ। ਤੇ ਏਸੇ ਨੂੰ ਸ਼ਬਦ ਦਾ ਮਿਲਾਪ ਕਿਹਾ
ਗਿਆ ਹੈ। ਅਖ਼ੀਰਲੀ ਤੁਕ ਵਿੱਚ ਸਹਿਜ ਅਵਸਥਾ ਦਾ ਜ਼ਿਕਰ ਕਰਦਿਆਂ ਹਰਿ ਗੁਣਾਂ ਨਾਲ ਭਰਪੂਰਤਾ ਦਿਖਾਈ ਗਈ
ਹੈ-ਨਾਨਕ ਸਹਜੇ ਹੀ ਰੰਗਿ
ਵਰਤਦਾ ਹਰਿ ਗੁਣ ਪਾਵੈ ਸੋਇ॥ ਸਮਝਦਾਰ ਮਨੁੱਖ
ਆਤਮਕ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਮੁਸਲਮਾਨ ਵੀਰਾਂ ਦੀ ਅੰਦਰੂਨੀ ਹਾਲਤ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ
ਇਹ ਕਹਿਣਾ ਪਿਆ ਕਿ ਦੋਸਤੋ! “ਧਰਮ ਦੇ ਉੱਚ ਪਾਏ ਦੀਆਂ ਗੱਲਾਂ ਤੁਸੀਂ ਬਹੁਤ ਜ਼ੋਰ-ਸ਼ੋਰ ਨਾਲ ਕਰਦੇ ਹੋ
ਪਰ ਅੰਦਰਲੇ ਹਾਲਾਤਾਂ ਅਨੁਸਾਰ ਤੁਸੀਂ ਖ਼ੁਦਾ ਨੂੰ ਕੇਵਲ ਇੱਕ ਪਾਸੇ ਹੀ ਮੰਨਦੇ ਹੋ ਪਰ ਖ਼ੁਦਾ ਦੇ
ਗੁਣਾਂ ਦੀ ਹੋਂਦ ਤਾਂ ਸਰਬ ਵਿਆਪਕ ਹੈ। ਜੋ ਇਨਸਾਨੀ ਤਲ਼ `ਤੇ ਹਰ ਮਨੁੱਖ ਲਈ ਜ਼ਰੂਰੀ ਹਨ” —
ਸਰੈ ਸਰੀਅਤ ਕਰਹਿ ਬੀਚਾਰੁ॥ ਬਿਨੁ ਬੂਝੈ ਕੈਸੇ ਪਾਵਹਿ ਪਾਰਿ॥
ਸਿਦਕੁ ਕਰਿ ਸਿਜਦਾ, ਮਨ ਕਰਿ ਮਖਸੂਦੁ॥
ਜਿਹ ਧਿਰਿ ਦੇਖਾ, ਤਿਹ ਧਿਰਿ ਮਉਜੂਦੁ॥
ਸਲੋਕ ਮ; ੧ ਪੰਨਾ ੮੪
ਗੁਰੂ ਨਾਨਕ ਸਾਹਿਬ ਜੀ ਨੇ ਗਾਉੜੀ ਰਾਗ ਵਿੱਚ ਬਹੁਤ ਸੁੰਦਰ ਕਿਹਾ ਹੈ___
ਕਰਿ ਕਿਰਪਾ ਰਾਖਹੁ ਰਖਵਾਲੇ॥ ਬਿਨੁ ਬੂਝੇ ਪਸੂ ਭਏ ਬੇਤਾਲੇ॥
ਪੰਨਾ ੨੨੪
ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ
ਬਚਾ। ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ
ਹਨ।
ਜ਼ਿੰਦਗੀ ਸਮਝਣ ਤੋਂ ਬਿਨਾ ਬਿਤਾਉਣੀ ਪਸ਼ੂ ਤਲ਼ `ਤੇ ਜਿਉਣਾ ਹੈ। ਜੇਹਾ ਕਿ ਵਾਕ
ਹੈ---
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥
ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥
ਪੰਨਾ ੨੫੧
ਗੁਰਬਾਣੀ ਵਿੱਚ ਸਾਰੀ ਮਨੁੱਖਤਾ ਲਈ ਜ਼ਿੰਦਗੀ ਜਿਉਣ ਦੀਆਂ ਸੁਖੈਨ ਜੁਗਤਾਂ
ਹਨ। ਇਸ ਗਿਆਨ ਨੂੰ ਵਿਚਾਰਨ ਤੇ ਸਮਝਣ ਦੀ ਲੋੜ ਹੈ।