. |
|
ਚੁਗਲ ਨਿੰਦਕ ਅਤੇ ਹਰਾਮਖੋਰ
ਅਵਤਾਰ ਸਿੰਘ ਮਿਸ਼ਨਰੀ (510-432-5827)
ਚੁਗਲ-ਚੁਗਲ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਪਿੱਠ ਪਿੱਛੇ ਬੁਰਾਈ ਕਰਨ
ਵਾਲਾ। ਚੁਗਲੀ ਦੇ ਅਰਥ ਹਨ ਗੈਰ ਹਾਜ਼ਰੀ ਵਿੱਚ ਕੀਤੀ ਨਿੰਦਾ। ਚੁਗਲ ਦੀ ਹੋਰ ਵਿਆਖਿਆ ਕਰਦੇ ਹੋਏ ਭਾ.
ਕਾਨ੍ਹ ਸਿੰਘ ਨਾਭਾ ਜੀ ਕਿਸੇ ਕਵੀ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ-
ਜੈਸੇ ਬੇਸ਼ਕੀਮਤ ਕੋ ਮੂਸਾ ਥਾਨ ਕਾਟਜਾਤ, ਵਾਯਸ ਵਿਹਾਰਜਾਤ ਕਲਸ਼ ਕੇ ਨੀਰ ਕੋ।
ਸਾਂਪ ਡਸਜਾਤ ਵਿਖ ਰੋਮ ਰੋਮ ਫੈਲਜਾਤ, ਕੁੱਤਾ ਕਾਟਖਾਤ ਰਾਹਚਲਤ ਫਕੀਰ ਕੋ।
ਕਹੈ ਹਰਿਕੇਸ਼ ਜੈਸੇ ਬਿਸ਼ੂ ਡੰਗ ਮਾਰਜਾਤ, ਕਛੂ ਨਾ ਬਸਾਤ ਭਯੋ ਵਯਾਕਲ ਸਰੀਰ
ਕੋ।
ਤੈਸੇ ਹੀ ਚੁਗਲ ਹੱਕ ਨਿਹੱਕ ਬਿਰਾਨੋ ਕਾਮ, ਦੇਤ ਹੈ ਬਿਗਾਰ ਕੋ ਨਾਂ ਡਰ
ਰਘਬੀਰ ਕੋ।
ਉਪ੍ਰੋਕਤ ਕਬਿਤ ਵਿਖੇ ਦਰਸਾਇਆ ਗਿਆ ਹੈ ਕਿ ਜਿਵੇਂ ਚੂਹਾ ਕਪੜੇ ਦੇ ਥਾਨਾਂ
ਦੇ ਥਾਂਨ ਕੱਟ ਕੇ ਗਵਾ ਦਿੰਦਾ ਹੈ, ਸੱਪ ਕੱਟਣ ਨਾਲ ਸਰੀਰ ਦੇ ਰੋਮ ਰੋਮ ਵਿਖੇ ਜ਼ਹਿਰ ਫੈਲ ਜਾਂਦਾ
ਹੈ, ਕੁਤਾ ਰਾਹ ਜਾਂਦੇ ਫਕੀਰ ਨੂੰ ਹੀ ਕੱਟ ਖਾਂਦਾ ਹੈ, ਬਿਛੂ ਦਾ ਡੰਗਿਆ ਸਰੀਰ ਅਤਿ ਵਿਆਕਲ ਹੁੰਦਾ
ਹੈ ਇਵੇਂ ਹੀ ਚੁਗਲ ਇਧਰ ਦੀ ਓਧਰ ਤੇ ਓਧਰ ਦੀ ਇਧਰ ਚੁਗਲੀ ਕਰਕੇ ਦੂਸਰੇ ਦਾ ਕੰਮ ਵਿਗਾੜ ਦਿੰਦਾ ਹੈ।
ਗੁਰੂ ਸਾਹਿਬ ਵੀ ਫੁਰਮਾਂਦੇ ਹਨ ਕਿ
“ਜਿਸੁ ਅੰਦਰਿ ਚੁਗਲੀ ਚੁਗਲੋ ਵਜੈ,
ਕੀਤਾ ਕਰਤਿਆ ਉਸ ਦਾ ਸਭੁ ਗਇਆ॥ ਨਿਤ ਚੁਗਲੀ ਕਰੈ ਅਣਹੋਂਦੀ ਪਰਾਈ, ਮੁਹੁ ਕਢਿ ਨ ਸਕੈ ਓਸ ਦਾ ਕਾਲਾ
ਭਇਆ॥ (308) ਭਾਵ ਚੁਗਲੀ ਕਰਨ ਵਾਲੇ ਨੂੰ ਲੋਕ
ਚੁਗਲਖੋਰ ਕਹਿ ਕੇ ਹੀ ਪੁਕਾਰਦੇ ਹਨ। ਜਿਸ ਦਾ ਨਿਤਨੇਮ ਹੀ ਚੁਗਲੀਆਂ ਕਰਨਾ ਹੁੰਦਾ ਹੈ। ਇਸੇ ਲਈ
ਕਿਸੇ ਕਵੀ ਨੇ ਠੀਕ ਹੀ ਕਿਹਾ ਹੈ ਕਿ
“ਚੁਗਲਖੋਰ ਨਾਂ ਚੁਗਲੀਓਂ ਬਾਜ ਅਉਂਦੇ
ਗੱਲ ਕਹਦਿਆਂ ਕਹਦਿਆਂ ਕਹਿ ਜਾਂਦੇ” ਚੁਗਲ ਦਾ ਕੰਮ
ਹਮੇਸ਼ਾਂ ਦੋ ਧਿਰਾਂ ਨੂੰ ਲੜਾਉਣਾ ਹੁੰਦਾ ਹੈ। ਉਸ ਦੀ ਆਦਤ ਹੀ ਚੁਗਲੀਆਂ ਕਰਨ ਦੀ ਬਣ ਜਾਂਦੀ ਹੈ।
ਜਿਨਾ ਚਿਰ ਉਹ ਇੱਕ ਦੋ ਚੁਗਲੀਆਂ ਕਰ ਨਾਂ ਲਵੇ ਉਸ ਨੂੰ ਰੋਟੀ ਵੀ ਹਜ਼ਮ ਨਹੀਂ ਹੁੰਦੀ। ਹਰੇਕ ਮਹਿਕਮੇ
ਜਾਂ ਪਾਰਟੀ ਵਿੱਚ ਕੁੱਝ ਚੁਗਲਖੋਰ ਜਰੂਰ ਹੁੰਦੇ ਹਨ। ਬ੍ਰਾਹਮਣ ਨੇ ਆਮ ਤੌਰ ਤੇ ਔਰਤ ਨੂੰ ਚੁਗਲਖੋਰ
ਕਿਹਾ ਹੈ ਪਰ ਇਹ ਸੱਚ ਨਹੀਂ ਸਗੋਂ ਝੂਠ ਹੈ। ਸਭ ਤੋਂ ਵੱਡੇ ਚੁਗਲ ਤਾਂ ਬ੍ਰਾਹਮਣ ਖੁਦ ਹਨ ਜਿਨ੍ਹਾਂ
ਨੇ ਗੁਰੂ ਦਰਬਾਰ ਦੀਆਂ ਮੁਗਲ ਦਰਬਾਰ ਵਿਖੇ ਲਾਲਚ ਅਤੇ ਈਰਖਾ ਵੱਸ ਚੁਗਲੀਆਂ ਕੀਤੀਆਂ ਜਿਵੇਂ ਬੀਰਬਲ
ਬ੍ਰਾਹਮਣ ਨੇ ਅਕਬਰ ਦੇ ਦਰਬਾਰ ਅਤੇ ਗੰਗੂ ਬ੍ਰਾਹਮਣ ਨੇ ਮੁਗਲ ਦਰਬਾਰ ਦੇ ਜਕਰੀਆ ਖਾਂ ਕੋਲ ਆਦਿਕ।
ਨਿੰਦਕ-ਨਿੰਦਾ ਕਰਨ ਵਾਲਾ ਭਾਵ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਔਗੁਣਾਂ
ਨੂੰ ਗੁਣ ਦੱਸਣ ਵਾਲਾ। ਭਾਵ ਵਧਾਹ ਚੜ੍ਹਾ ਕੇ ਗੱਲ ਕਰਨ ਵਾਲਾ, ਨਾ ਹੋਈ ਨੂੰ ਹੋਈ ਕਹਿਣ ਵਾਲਾ
ਨਿੰਦਕ ਹੈ। ਇਸ ਦੇ ਉਲਟ ਸੱਚ ਕਹਿਣ ਵਾਲਾ ਨਿੰਦਕ ਨਹੀਂ। ਸੱਚੇ ਸੁੱਚੇ ਭਗਤਾਂ ਅਤੇ ਗੁਰੂਆਂ ਨੇ ਸੱਚ
ਨੂੰ ਸੱਚ ਅਤੇ ਝੂਠ ਨੂੰ ਝੂਠ ਮੂੰਹ ਤੇ ਕਿਹਾ ਹੈ। ਬਾਬਰ ਨੂੰ ਜ਼ਾਬਰ ਅਤੇ ਭੇਖੀ ਸੰਤਾਂ ਨੂੰ ਠੱਗ,
ਪਾਖੰਡੀਆਂ ਨੂੰ ਪਾਖੰਡੀ ਅਤੇ ਕਰਮਕਾਂਡੀਆਂ ਨੂੰ ਕਰਮਕਾਂਡੀ ਮੂੰਹ ਤੇ ਕਿਹਾ ਹੈ। ਪਰ ਅੱਜ ਕੱਲ
ਗੁਰਬਾਣੀ ਨੂੰ ਨਾਂ ਸਮਝਣ ਵਾਲੇ ਭਾਵ ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠ ਕਰਨ ਵਾਲੇ ਵੀਰ, ਗੋਲ
ਪੱਗਾਂ, ਲੰਬੇ ਚੋਲਿਆਂ, ਹੱਥਾਂ ਵਿੱਚ ਵੱਡੀਆਂ ਵੱਡੀਆਂ ਮਾਲਾਂ ਫੜੀ ਆਲ੍ਹੀਸ਼ਾਨ ਡੇਰਿਆਂ ਅਤੇ ਕਾਰਾਂ
ਵਿੱਚ ਰਹਿਣ ਵਾਲੇ ਠੱਗਾਂ ਨੂੰ ਹੀ ਸੰਤ ਕਹੀ ਜਾਂਦੇ ਹਨ। ਹਾਂ ਜੇ ਕੋਈ ਗੁਰੂ ਪਿਆਰਾ ਇਨ੍ਹਾਂ
ਪਾਖੰਡੀਆਂ ਬਾਰੇ ਅਸਲੀਅਤ ਦਸਦਾ ਹੈ ਤਾਂ ਇਹ ਅੰਧ ਵਿਸ਼ਵਾਸ਼ੀ ਲੋਕ ਇਸ ਨੂੰ ਸੰਤਾਂ ਦੀ ਨਿੰਦਿਆ ਕਰਨੀ
ਸਮਝਦੇ ਹਨ। ਇਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਸੰਤ ਨਹੀਂ ਸਗੋਂ ਸਾਨ੍ਹ ਹਨ ਜੋ ਧਰਮ ਦਾ ਬੁਰਕਾ ਪਾ
ਕੇ ਗਰੀਬ ਲੋਕਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਲੁਟਦੇ ਹਨ। ਅਜਿਹੇ ਭੇਖੀ ਪਾਖੰਡੀਆਂ ਨੂੰ ਬਲਾਤਕਾਰੀ
ਕਹਿਣਾ ਨਿੰਦਿਆ ਨਹੀਂ ਸਗੋਂ ਸੱਚ ਹੈ। ਬਾਕੀ ਸੁਖਮਨੀ ਸਾਹਿਬ ਵਿੱਚ ਜੋ ਸੰਤ ਦੀ ਨਿੰਦਿਆ ਦਾ ਜਿਕਰ
ਹੈ ਓਥੇ ਗੁਰੂ ਸੰਤ ਦੀ ਗੱਲ ਹੈ ਨਾਂ ਕਿ ਕਿਸੇ ਭੇਖਾਂਧਾਰੀ ਸਾਧ ਦੀ। ਨਿੰਦਕ ਕਦੇ ਵੀ ਸੁਖੀ ਨਹੀਂ
ਹੁੰਦਾ ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਡੁਬਦਾ ਹੋਇਆ ਅਰੜੌਂਦਾ ਬਿਲਲੌਂਦਾ ਹੈ- ਅਰੜਾਵੈ
ਬਿਲਲਾਵੈ ਨਿੰਦਕੁ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ, ਆਪਣਾ ਕੀਤਾ ਪਾਵੈ ਨਿੰਦਕੁ॥ ਜੇ ਕੋਈ ਉਸ ਦਾ
ਸੰਗੀ ਹੋਵੈ ਨਾਲੇ ਲੇ ਸਿਧਾਵੈ॥ ਅਣਹੋਂਦਾ ਅਜਗਰੁ ਭਾਰੁ ਉਠਾਏ, ਨਿੰਦਕ ਅਗਨੀ ਮਾਹਿ ਜਲਾਵੈ॥ (373)
ਨਿੰਦਕ ਰਾਤ ਦਿਨ ਦੂਜਿਆਂ ਦੀ ਨਿੰਦਿਆ ਦਾ ਭਾਰ
ਚੱਕੀ ਫਿਰਦਾ ਹੈ। ਨਿੰਦਕ ਦੂਜਿਆਂ ਦੀ ਨਿੰਦਿਆ ਕਰਕੇ ਮਾਨੋਂ ਉਨ੍ਹਾਂ ਦੇ ਕਪੜੇ ਧੋਂਦਾ ਹੈ ਕਬੀਰ
ਸਾਹਿਬ ਜੀ ਫੁਰਮਾਂਦੇ ਹਨ ਕਿ ਇਹ ਪਾਖੰਡੀ ਪੰਡਿਤ ਮੇਰੀ ਫਜ਼ੂਲ ਦੀ ਨਿੰਦਿਆ ਕਰਕੇ ਮੇਰੇ ਕਪੜੇ ਧੋਂਦੇ
ਹਨ-ਹਮਰੇ ਕਪਰੇ ਨਿੰਦਕੁ ਧੋਇ॥
(339) ਨਿੰਦਿਆ ਕਰਨ ਵਾਲੇ ਦਾ ਮੂੰਹ ਲੋਕ ਪ੍ਰਲੋਕ
ਵਿਖੇ ਕਾਲਾ ਹੁੰਦਾ ਹੈ ਭਾਵ ਉਹ ਇਸ ਲੋਕ ਵਿੱਚ ਵੀ ਲੋਕਾਂ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀਂ
ਰਹਿੰਦਾ ਅਤੇ ਅੰਦਰੂਨੀ ਵੀ ਉਸ ਦੀ ਮੌਤ ਹੋ ਜਾਂਦੀ ਹੈ। ਨਿੰਦਕ ਸਦਾ ਦੁਸ਼ਟਾਂ ਨਾਲ ਦੋਸਤੀ ਅਤੇ
ਸੰਤਾਂ (ਭਲੇ ਪੁਰਖਾਂ) ਨਾਲ ਵੈਰ ਰੱਖਦਾ ਹੈ-ਦੁਸਟਾਂ
ਨਾਲਿ ਦੋਸਤੀ ਨਾਲਿ ਸੰਤਾਂ ਵੈਰੁ ਕਰੰਨਿ॥ (755)
ਪਰਾਏ ਔਗੁਣ ਦੇਖ ਕੇ ਨਿੰਦਕ ਪ੍ਰਸੰਨ ਅਤੇ ਗੁਣ ਦੇਖ ਕੇ ਦੁਖੀ ਹੁੰਦਾ ਹੈ-ਜਉ
ਦੇਖੈ ਛਿਦ੍ਰ (ਔਗੁਣ) ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (823)
ਨਿੰਦਕ ਨੂੰ ਗੁਰਬਾਣੀ ਵਿਖੇ ਦੂਜਿਆਂ ਦਾ ਗੰਦ ਖਾਣ ਵਾਲਾ
ਕਪਟੀ ਦਰਸਾਇਆ ਗਿਆ ਹੈ-ਨਿੰਦਕੁ
ਨਿੰਦਾ ਕਰਿ ਮਲੁ ਧੋਵੈ ਓੁਹ ਮਲਭਖੁ
(ਮੈਲ ਖਾਣਾ)
ਮਾਇਆਧਾਰੀ (ਛਲੀਆ)॥ (507)
ਹਰਾਮਖੋਰ-ਹਰਾਮਖੋਰ ਵੀ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ-ਹਰਾਮ ਖਾਣ
ਵਾਲਾ, ਧਰਮ ਅਨੁਸਾਰ ਵਰਜਿਤ ਕੀਤਾ ਹੋਇਆ ਅਤੇ ਬੇਈਮਾਨੀ ਦਾ ਖੱਟਿਆ ਖਾਣ ਵਾਲਾ, ਨਿੰਦਤ ਕਰਮ ਕਰਨ
ਵਾਲਾ, ਹੱਟਾ-ਕੱਟਾ ਹੋ ਕੇ ਵੀ ਦੂਜਿਆਂ ਦੀ ਕਮਾਈ ਤੇ ਟੇਕ ਰੱਖਣ ਵਾਲਾ। ਜਿਵੇਂ ਅੱਜ ਦੇ ਭੇਖੀ ਸਾਧ
ਸੰਤ ਜੋ ਦਸਾਂ ਨੌਹਾਂ ਦੀ ਕਿਰਤ ਨਹੀਂ ਕਰਦੇ ਸਦਾ ਦੂਜਿਆਂ ਤੇ ਹੀ ਟੇਕ ਰੱਖਦੇ ਹਨ ਸਭ ਹਰਾਮਖੋਰ ਹਨ।
ਇਨ੍ਹਾਂ ਹਰਾਮਖੋਰਾਂ ਦੇ ਢਿੱਡ ਭਰਨ ਵਾਲੇ ਵੀ ਕੋਈ ਸਿਆਣੇ ਨਹੀਂ ਕਹੇ ਜਾ ਸਕਦੇ ਸਗੋਂ ਅੰਧ
ਵਿਸ਼ਵਸਾਸ਼ੀ ਹੁੰਦੇ ਹਨ। ਸੰਸਾਰ ਵਿਖੇ ਅਜਿਹੇ ਲੱਖਾਂ ਹੀ ਹਨ- ਅਸੰਖ
ਚੋਰ ਹਰਾਮਖੋਰ॥ (4) ਹਰਾਮਖੋਰ ਜਿਸ ਥਾਲੀ ਵਿੱਚ
ਖਾਂਦੇ ਉਸੇ ਵਿੱਚ ਹੀ ਛੇਕ ਕਰਦੇ ਹਨ-ਲੂਣ
ਖਾਇ ਕਰਹਿ ਹਰਾਮਖੋਰੀ॥ (1001) ਇਹ ਲੋਕ ਹਰੇਕ
ਮਹਿਕਮੇ ਵਿੱਚ ਹੀ ਮਿਲ ਜਾਂਦੇ ਹਨ ਜੋ ਦੁਜਿਆਂ ਦੀ ਗੱਲ ਵਧਾ ਚੜ੍ਹਾ ਕੇ ਚੁਗਲੀ ਨਿੰਦਿਆ ਅਤੇ
ਹਰਾਮਖੋਰੀ ਕਰਨੋ ਬਾਜ ਨਹੀਂ ਅਉਂਦੇ। ਇਹ ਲੋਕ
“ਅੱਗ ਲਾਈ ਤੇ ਡੱਬੂ ਬਨੇਰੇ ਤੇ”
ਵਾਂਗ ਬਲਦੀ ਤੇ ਤੇਲ ਪਾਉਣ ਵਾਲੇ ਹੁੰਦੇ ਹਨ।
ਦੂਜੇ ਦਾ ਚੰਗਾ ਕਾਰੋਬਾਰ ਜਾਂ ਤਰੱਕੀ ਹੁੰਦੀ ਦੇਖ ਕੇ ਜਰ ਨਹੀਂ ਸਕਦੇ ਸੜ ਬਲ ਜਾਂਦੇ ਹਨ। ਹੋਰ ਨਹੀ
ਤਾਂ ਦੂਜੇ ਦੇ ਕਸਟਮਰ ਹੀ ਚੋਰੀ ਕਰੀ ਜਾਂਦੇ ਹਨ। ਹੱਥਾਂ ਵਿੱਚ ਗੁਟਕੇ ਤਸਬੀਆਂ ਲੈ ਕੇ ਵੀ ਦੂਜੇ ਦਾ
ਹੱਕ ਮਾਰੀ ਜਾਂਦੇ ਹਨ। ਹੱਕ ਮਾਰਨ ਵਾਲੇ ਨੂੰ ਗੁਰੂ ਸਾਹਿਬ ਨੇ ਕਿਹਾ ਹੈ-ਹੱਕ
ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥ ਗੁਰ ਪੀਰੁ ਹਾਮਾ ਤਾਂ ਭਰੈ ਜਾਂ ਮੁਰਦਾਰੁ ਨ ਖਇ॥ (141)
ਇਨ੍ਹਾਂ ਦੀ ਮੁੱਖ ਪਹਿਚਾਣ ਹੈ ਕਿ ਇਹ ਲੋਕ ਬੋਲਦੇ ਵੱਧ ਅਤੇ ਅਮਲ ਘੱਟ ਕਰਦੇ
ਹਨ। ਤੁਹਾਡੀਆਂ ਗੱਲਾਂ ਬੜੇ ਮਿੱਠੇ ਪਿਆਰੇ ਹੋ ਕੇ ਸੁਣਦੇ ਹਨ ਅਤੇ ਫਿਰ ਤੁਹਾਡੇ ਹੀ ਵਿਰੁੱਧ
ਦੂਜਿਆਂ ਨੂੰ ਮਸਾਲੇ ਲਾ ਲਾ ਕੇ ਭੜਕਾਉਂਦੇ ਹਨ। ਇਹ ਲੋਕ ਪਤੀ ਨੂੰ ਪਤਨੀ, ਭੈਣ ਨੂੰ ਭਰਾ, ਇੱਕ ਘਰ
ਨੂੰ ਦੂਜੇ ਘਰ, ਇੱਕ ਪਿੰਡ ਨੂੰ ਦੂਜੇ ਪਿੰਡ, ਇੱਕ ਦੇਸ਼ ਨੂੰ ਦੂਜੇ ਦੇਸ਼ ਇੱਥੋਂ ਤੱਕ ਕਿ ਇੱਕ ਧਰਮ
ਨੂੰ ਦੂਜੇ ਧਰਮ ਨਾਲ ਲੜਾ ਦਿੰਦੇ ਹਨ। ਇਨ੍ਹਾਂ ਨੂੰ ਗੁਰਬਾਣੀ ਵਿਖੇ ਚੰਡਾਲ ਚੌਂਕੜੀ ਵੀ ਕਿਹਾ ਹੈ -ਚੰਡਾਲ
ਚੌਂਕੜੀ ਕੂੜਿ ਕਮਾਵਹਿ ਨਾ ਬੂਝਹਿ ਵੀਚਾਰਹਿ॥
ਸਾਨੂੰ ਅਜਿਹੇ ਲੋਕਾਂ ਦਾ ਸੰਗ ਨਹੀ ਕਰਨਾ ਚਾਹੀਦਾ। ਕਬੀਰ ਸਾਹਿਬ ਵੀ ਫੁਰਮਾਂਦੇ ਹਨ ਕਿ-ਕਬੀਰ
ਸਾਕਤ ਸੰਗੁ ਨ ਕੀਜੀਐ ਦੁਰਹ ਜਾਈਐ ਭਾਗੁ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗ॥ (1371)
ਇਸ ਦੇ ਉਲਟ ਭਲੇ ਪੁਰਖਾਂ ਦਾ ਸੰਗ ਕਰਨਾ ਚਾਹੀਦਾ
ਹੈ। ਭਲੇ ਪੁਰਖ ਉਹ ਹਨ ਜੋ ਧਰਮ ਦੀ ਕਿਰਤ ਕਰਦੇ, ਵੰਡ ਕੇ ਛੱਕਦੇ ਅਤੇ ਕੇਵਲ ਤੇ ਕੇਵਲ ਰੱਬ ਦਾ ਹੀ
ਨਾਮ ਜਪਦੇ ਹਨ ਭਾਵ ਹਰ ਵੇਲੇ ਰੱਬ ਨੂੰ ਯਾਦ ਰੱਖਦੇ ਹਨ ਅਤੇ ਹੋਰਨਾਂ ਨੂੰ ਇਸ ਮਾਰਗ ਤੇ ਚੱਲਣ ਦਾ
ਉਪਦੇਸ਼ ਕਰਦੇ ਹਨ। ਸਾਨੂੰ ਕਦੇ ਵੀ ਚੋਲਿਆਂ, ਗੋਲ ਪੱਗਾਂ ਅਤੇ ਚਿੱਟੇ ਤੇ ਭਗਵੇ ਭੇਸ ਵਾਲਿਆਂ ਨੂੰ
ਭਲੇ ਪੁਰਖ ਸੰਤ ਨਹੀਂ ਸਮਝ ਲੈਣਾ ਚਾਹੀਦਾ। ਅਜਿਹੇ ਭੇਖੀ-ਲੋਕਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨਾ
ਨਿੰਦਿਆ ਨਹੀਂ ਸਗੋਂ ਅਸਲੀਅਤ ਦਰਸਾਉਣਾਂ ਹੈ। ਸੋ ਅੰਤ ਵਿੱਚ ਫਿਰ ਸਮਝ ਲਈਏ ਕਿ ਅਸਲ ਚੁਗਲ, ਨਿੰਦਕ
ਅਤੇ ਹਰਾਮਖੋਰ ਉਹ ਹਨ ਜੋ ਦੂਜਿਆਂ ਨੂੰ ਨੀਵਾਂ ਦਰਸਾ ਉਨ੍ਹਾਂ ਦਾ ਨੁਕਸਾਨ ਕਰਨ ਲਈ ਹਰ ਵੇਲੇ ਤੱਤਪਰ
ਰਹਿੰਦੇ ਹਨ। ਹਰਾਮ ਦੀ ਕਮਾਈ ਅਤੇ ਦੂਜਿਆਂ ਦੀ ਕਿਰਤ ਤੇ ਸਦਾ ਟੇਕ ਰੱਖਦੇ ਹਨ। ਗੱਲ ਕੋਈ ਹੁੰਦੀ
ਨਹੀਂ ਸਗੋਂ ਗੱਲ ਦਾ ਗਲਾਣ ਬਣਾ ਕੇ, ਈਰਖਾ ਵੱਸ ਚੁਗਲੀ ਨਿੰਦਿਆ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾ
ਕੇ ਤਮਾਸ਼ਾ ਦੇਖਦੇ ਹਨ। ਅਜਿਹੇ ਪਾਮਰ ਲੋਕਾਂ ਤੋਂ ਸਦਾ ਹੀ ਬਚ ਕੇ ਰਹਿਣਾ ਚਾਹੀਦਾ ਹੈ। ਲੋਕਾਂ ਨੂੰ
ਸੰਤਾਂ ਦੇ ਨਿੰਦਕ ਕਹਿਣ ਵਾਲੇ ਆਪ ਹਰਾਮਖੋਰ ਹਨ ਕਿਉਂਕਿ ਇਹ ਲੋਕ ਕਿਰਤ ਕਮਾਈ ਛੱਡ ਕੇ, ਹੱਡਹਰਾਮ
ਹੋ ਚੁੱਕੇ ਹਨ। ਤਨ, ਧੰਨ ਅਤੇ ਪਰਾਏ ਮਾਲ ਨੂੰ ਮਗਰਮੱਛ ਦੀ ਤਰ੍ਹਾਂ ਹੜੱਪਣ ਵਾਲੇ ਗੁਰਮਤਿ ਅਨੁਸਾਰ
ਹਰਾਮਖੋਰ ਹਨ। ਸਾਡਾ ਤਾਂ ਭਾਈ ਇਹੀ ਹੈ ਸੁਝਾ। ਕਰੋ ਇਨ੍ਹਾਂ ਤੋਂ ਬਚਾ। ਚਿੱਤ ਗੁਰਬਾਣੀ ਸੰਗ ਲਾ।
ਆਪ ਪੜ੍ਹ ਅਤੇ ਹੋਰਾਂ ਨੂੰ ਪੜ੍ਹਾ। ਇਉਂ ਰੱਬੀ ਮਿਹਰਾਂ ਨਾਲ ਜੀਵਨ ਸਫਲ ਬਣਾ। ਅਗਰ ਜੇ ਚੁਗਲ,
ਨਿੰਦਕ ਅਤੇ ਹਰਾਮਖੋਰ, ਚੁਗਲੀ ਨਿੰਦਿਆ ਅਤੇ ਹਰਾਮਖੋਰੀ ਛੱਡ ਦੇਣ ਤਾਂ ਉਨ੍ਹਾਂ ਦਾ ਜੀਵਨ ਵੀ ਸਫਲ
ਹੋ ਸਕਦਾ ਹੈ।
|
. |