.

ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 03)
(ਅਰਦਾਸ ਤੋਂ ਹੁਕਮ ਲੈਣ ਤੱਕ)

(5) ਇਸ ਤੋਂ ਬਾਅਦ ਗੁਰਦੁਆਰੇ ਸਿਰਲੇਖ ਅਧੀਨ ਮਰਿਆਦਾ ਦੱਸੀ ਗਈ ਹੈ। ਇਸ ਸਿਰਲੇਖ ਅਧੀਨ ਭਾਗ (ੲ) ਵਿੱਚ ਦਰਜ ਹੈ ਕਿ ‘ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ’।
ਵਿਚਾਰ: (ੳ) ਇਹ ਨੁਕਤਾ ਪ੍ਰੈਕਟੀਕਲ ਨਹੀਂ ਜਾਪਦਾ। ਜ਼ਿਆਦਾਤਰ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪ੍ਰਭਾਤ ਵੇਲੇ ਹੁੰਦਾ ਹੈ ਅਤੇ ਸੇਵਾ ਸੰਭਾਲ (ਪ੍ਰਚਲਿਤ ਲਫਜ਼ ‘ਸੁਖਆਸਨ’ ) ਸ਼ਾਮ ਨੂੰ ਕਰੀਬ 8-8. 30 ਵਜੇ ਹੁੰਦਾ ਹੈ। ਭਾਵ ਕਿ ਘੱਟੋ ਘੱਟ 15 ਘੰਟੇ ਪ੍ਰਕਾਸ਼ ਰਹਿੰਦਾ ਹੈ। ਪਰ ਦੀਵਾਨ ਮੁਸ਼ਕਿਲ ਨਾਲ ਪੂਰੇ ਦਿਨ ਵਿੱਚ 3 ਜਾਂ 4 ਘੰਟੇ ਹੀ ਹੁੰਦੇ ਹਨ (ਸਵੇਰੇ ਅਤੇ ਸ਼ਾਮ ਮਿਲਾ ਕੇ)। ਬਾਕੀ ਬਚਦੇ 11-12 ਘੰਟੇ (ਦੀਵਾਨ ਤੋਂ ਬਗੈਰ) ਗੁਰੂ ਗ੍ਰੰਥ ਸਾਹਿਬ ਜੀ ਉੱਤੇ ਚੌਰ ਕਰਨਾ ਮੁਸ਼ਕਿਲ ਹੈ। ਇਸ ਨੁਕਤੇ ਉੱਤੇ ਚਾਹ ਕੇ ਵੀ ਜ਼ਿਆਦਾਤਰ ਗੁਰਦੁਆਰੇ ਅਮਲ ਨਹੀਂ ਕਰ ਸਕਦੇ। ਕਿਉਂਕਿ ਇਸ ਵਾਸਤੇ ਕੋਈ ਉਚੇਚਾ (ਖਾਸ) ਬੰਦਾ ਰੱਖਣਾ ਪਵੇਗਾ। ਵੈਸੇ ਵੀ ਜਦੋਂ ਦੀਵਾਨ ਨਾ ਸਜਿਆ ਹੋਵੇ ਤਾਂ ਚੌਰ ਦੀ ਲੋੜ ਨਹੀਂ ਭਾਸਦੀ। ਇਹ ਗੱਲ ਹਮੇਸ਼ਾ ਯਾਦ ਰਹੇ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਅਸਲੀ ਸਤਿਕਾਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਅਪਣਾ ਲੈਣਾ ਹੀ ਹੈ। ਸੋ ਇਸ ਨੁਕਤੇ ਵਿੱਚ ਇਹ ਲਫਜ਼ ਬਦਲ ਕੇ ਇਸ ਤਰ੍ਹਾਂ ਲਿਖਣਾ ਜ਼ਿਆਦਾ ਢੱਕਵਾਂ ਹੋ ਸਕਦਾ ਹੈ ਕਿ:
‘ਸਜੇ ਹੋਏ ਦੀਵਾਨ ਵੇਲੇ ਚੌਰ ਭੀ ਹੋਣੀ ਚਾਹੀਦੀ ਹੈ’
(ਅ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਹ) ਵਿੱਚ ਲਿਖਿਆ ਹੈ ਕਿ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’। ਇਹ ਬਹੁਤ ਜ਼ਰੂਰੀ ਨੁਕਤਾ ਹੈ, ਪਰ ਇੱਥੇ ਇਸ ਦੀ ਸ਼ਬਦਾਵਲੀ ਦਾ ਫਾਇਦਾ ਉਠਾ ਕੇ ਕਈਂ ਸਿਧਾਂਤ ਤੋਂ ਨਾਸਮਝ ਲੋਕ ਇੱਕੋ ਦੀਵਾਨ ਹਾਲ ਵਿੱਚ ਅਨੇਕਾਂ ਹੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਦਾ ਇਕੱਠੇ ਪ੍ਰਕਾਸ਼ ਕਰੀ ਜਾ ਰਹੇ ਹਨ। ਇਹ ਵੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਹੈ। ਇਸ ਕਰ ਕੇ ਇਸ ਦੀ ਸ਼ਬਦਾਵਲੀ ਨੂੰ ਇਸ ਤਰ੍ਹਾਂ ਬਦਲਿਆ ਜਾ ਸਕਦਾ ਹੈ:
‘ਦੀਵਾਨ ਸਜਾਉਣ ਸਮੇਂ ਜਾਂ ਹਾਲ ਵਿੱਚ ਸਿਰਫ ਤੇ ਸਿਰਫ ਇੱਕ ਹੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦਾ ਪ੍ਰਕਾਸ਼ ਕੀਤਾ ਜਾਵੇ। ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ (ਤੁੱਲ) ਕਿਸੇ ਵੀ ਹੋਰ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ’।
(ੲ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਕ) ਵਿੱਚ ਲਿਖਿਆ ਹੈ ਕਿ ‘ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਮਨਮੱਤ ਹਨ’।
ਵਿਚਾਰ: ਇੱਥੇ ਸ਼ਬਦਾਵਲੀ ਬਦਲ ਕੇ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
“ਨਾਨਕ ਜਾਮਿਆਂ ਅਤੇ ਸਿੱਖ ਬਜ਼ੁਰਗਾਂ ਦੀਆਂ ਕਾਲਪਨਿਕ ਤਸਵੀਰਾਂ ਅੱਗੇ ਮੱਥੇ ਟੇਕਣੇ ਮਨਮੱਤ ਹੈ, ਕਿਉਂਕਿ ਸਾਰੀਆਂ ਪ੍ਰਚਲਿਤ ਤਸਵੀਰਾਂ ਚਿੱਤਰਕਾਰ ਦੀ ਕਲਪਨਾ ਅਨੁਸਾਰ ਹੀ ਹਨ, ਅਸਲ ਨਹੀਂ ਹਨ। ਨਾਨਕ ਜਾਮਿਆਂ ਦੀਆਂ ਕਈ ਪ੍ਰਚਲਿਤ ਤਸਵੀਰਾਂ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਬਿਹਤਰ ਹੈ ਕਿ ਨਾਲ ਇਹ ਵੀ ਲਿਖਿਆ ਜਾ ਸਕਦਾ ਹੈ ਕਿ ਦੀਵਾਨ ਹਾਲ ਵਿੱਚ ਇਹੋ ਜਿਹਿਆਂ ਤਸਵੀਰਾਂ ਨਾ ਲਾਈਆਂ ਜਾਣ। ਗੁਰਬਾਣੀ ਦੀਆਂ ਪੰਕਤੀਆਂ/ਤੁੱਕਾਂ ਲਾਈਆਂ ਜਾ ਸਕਦੀਆਂ ਹਨ। ਜੇ ਇਤਿਹਾਸ ਦਰਸਾਉਣ ਲਈ ਤਸਵੀਰਾਂ ਲਾਉਣੀਆਂ ਹੀ ਹਨ ਤਾਂ ਦੀਵਾਨ ਹਾਲ ਦੀ ਥਾਂ ਨਾਲ ਦੇ ਕਿਸੇ ਕਮਰੇ (ਅਜਾਇਬ ਘਰ) ਵਿੱਚ ਲਗਾਈਆਂ ਜਾਣ। ਇਹ ਵੀ ਜ਼ਰੂਰ ਧਿਆਨ ਰਹੇ ਕਿ ਇਹ ਤਸਵੀਰਾਂ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੀਆਂ ਨਾ ਹੋਣ।”
ਨਾਲ ਹੀ ਉਸ ਕਮਰੇ (ਅਜਾਇਬ ਘਰ) ਦੇ ਦਰਵਾਜ਼ੇ ਉੱਤੇ ਵੱਡੇ ਵੱਡੇ ਅੱਖਰਾਂ ਵਿੱਚ ਇਹ ਨੋਟਿਸ ਜ਼ਰੂਰ ਲਿਖਿਆ ਜਾਵੇ:
“ਇਹ ਤਸਵੀਰਾਂ ਕਾਲਪਨਿਕ ਹਨ ਅਤੇ ਸਿਰਫ ਇਤਿਹਾਸ ਦਰਸਾਉਣ ਦੀ ਖਾਤਿਰ ਲਾਈਆਂ ਗਈਆਂ ਹਨ, ਇਨ੍ਹਾਂ ਨੂੰ ਮੱਥੇ ਟੇਕਣਾ ਮਨਮੱਤ ਹੈ।”
(ਸ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਖ) ਵਿੱਚ ਲਿਖਿਆ ਹੈ ਕਿ “ਇੱਕ ਤੋਂ ਦੂਜੀ ਥਾਂ ਲੈ ਜਾਣ ਵੇਲੇ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ ਉਹ ਨੰਗੇ ਪੈਰੀਂ ਚੱਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ।”
ਵਿਚਾਰ: ਇੱਥੇ ਜੋੜੇ ਨਾ ਪਾਉਣ ਦਾ ਵਹਿਮ-ਭਰਮ ਕਿਉਂ? ਇਹ ਸੁੱਚਮ ਦਾ ਵਹਿਮ-ਭਰਮ ਤਾਂ ਬ੍ਰਾਹਮਣੀ ਸਿਧਾਂਤ ਹੈ, ਗੁਰਮਤਿ ਦਾ ਸਿਧਾਂਤ ਨਹੀਂ। ਪ੍ਰੈਕਟੀਕਲ ਤੌਰ ਉੱਤੇ ਵੀ ਜਿਹੜਾ ਮਨੁੱਖ ਗਲੀ ਮੁਹੱਲੇ ਦੇ ਰਸਤਿਆਂ ਵਿੱਚ ਨੰਗੇ ਪੈਰ ਚੱਲੇਗਾ, ਉਸ ਦੇ ਪੈਰ ਜ਼ਿਆਦਾ ਗੰਦੇ ਹੋਣਗੇ, ਬਜਾਏ ਉਸ ਦੇ ਜੋ ਜੋੜੇ ਪਾ ਕੇ ਚੱਲੇਗਾ। ਪਹਿਲਾਂ ਤਾਂ ਆਪ ਹੀ ‘ਸੁਚੱਮ’ ਦਾ ਭਰਮ ਪਾ ਦਿੱਤਾ, ਬਾਅਦ ਵਿੱਚ ਇਹ ਵੀ ਲਿੱਖ ਦਿੱਤਾ ਕਿ ਭਰਮ ਨਹੀਂ ਕਰਨਾ। ਇਸ ‘ਸੁਚੱਮ’ ਦੇ ਭਰਮ ਹੇਠ ਹੀ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ ਤੁਪਕਾ-ਤੁਪਕਾ ਪਾਣੀ ਸੁੱਟਦੇ ਆਮ ਵੇਖੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਹ ਨੁਕਤਾ ਗੈਰ ਸਿਧਾਂਤਕ ਅਤੇ ਗੈਰ ਵਿਵਹਾਰਕ ਜਾਪਦਾ ਹੈ ਅਤੇ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ।

(ਹ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਙ) ਵਿੱਚ ਲਿਖਿਆ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ ਅਥਵਾ ਗੁਰਦੁਆਰੇ ਨੂੰ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਦੀ ਹੈ”।
ਵਿਚਾਰ: ਇਹ ਪ੍ਰਕਰਮਾ ਦਾ ਸਿਧਾਂਤ ਬ੍ਰਾਹਮਣੀ ਹੈ ਨਾ ਕਿ ਗੁਰਮਤਿ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਐਸਾ ਕੋਈ ਵਾਕ ਜਾਂ ਤੁੱਕ ਨਹੀਂ ਲੱਭੀ ਜਾ ਸਕਦੀ ਜੋ ਸ਼ਰੀਰਕ ਪ੍ਰਕਰਮਾ ਕਰਨ ਦਾ ਮਹੱਤਵ ਦਰਸਾਉਂਦੀ ਹੋਵੇ। ਪ੍ਰਕਰਮਾ ਦੇ ਵਹਿਮ-ਭਰਮ ਹੇਠ ਹੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਕਰ ਕੇ ਨਿਸ਼ਾਨ ਸਾਹਿਬ ਅਤੇ ਸਰੋਵਰ ਦੀ ਵੀ ਪ੍ਰਕਰਮਾ ਕਰਦੇ ਸਿੱਖ ਆਮ ਵੇਖੇ ਜਾ ਸਕਦੇ ਹਨ। ਗੁਰਦੁਆਰਿਆਂ ਵਿੱਚ ਜ਼ਿਆਦਾਤਰ ਸਿਰਫ ਮੱਥਾ ਟੇਕ ਕੇ, ਪ੍ਰਕਰਮਾ ਕਰ ਕੇ ਹੀ ਅਸੀਂ ਆਪਣੇ ਆਪ ਨੂੰ ਧਰਮੀ ਸਮਝ ਰਹੇ ਹਾਂ, ਨਾਲ ਹੀ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਗੁਰਬਾਣੀ ਸਰਵਣ ਕਰ ਰਹੀ ਸੰਗਤ ਦਾ ਧਿਆਨ ਵੀ ਵੰਡਿਆ ਜਾਂਦਾ ਹੈ। ਸੰਖੇਪ ਵਿਚਾਰ ਇਹ ਹੈ ਕਿ ਪ੍ਰਕਰਮਾ ਦਾ ਇਹ ਸਿਧਾਂਤ ਬ੍ਰਾਹਮਣੀ ਹੈ। ਇਸ ਕਰ ਕੇ ਇਸ ਨੁਕਤੇ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ।
(ਕ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਟ) ਵਿੱਚ ਪੰਜ ਤਖ਼ਤਾਂ ਦੇ ਨਾਂ ਦਰਜ ਹਨ। ਪੰਜ ਤਖ਼ਤਾਂ ਦੀ ਹੋਂਦ ਬਾਰੇ ਸਿਧਾਂਤਕ ਵਿਚਾਰ ਪਹਿਲਾਂ ਹੀ ਅਰਦਾਸ ਵਾਲੇ ਭਾਗ ਵਿੱਚ ਹੋ ਚੁੱਕੀ ਹੈ, ਇੱਥੇ ਦੁਹਰਾਉਣ ਦੀ ਲੋੜ ਨਹੀਂ ਜਾਪਦੀ।
(ਖ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਠ) ਵਿੱਚ ਲਿਖਿਆ ਹੈ ਕਿ:
“ਤਖ਼ਤਾਂ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ (ਸਿੰਘ ਜਾਂ ਸਿੰਘਣੀ) ਹੀ ਚੜ੍ਹ ਸਕਦੇ ਹਨ”।
ਵਿਚਾਰ: ਇਹ ਚੌਂਕਾ ਪਵਿਤੱਰ ਜਾਂ ਸੁੱਚਾ ਹੋਣ ਦੇ ਨਿਰੋਲ ਬ੍ਰਾਂਹਮਣੀ ਵਹਿਮ ਭਰਮ ਦੀ ਨਕਲ ਲਗਦੀ ਹੈ। ਤਖ਼ਤ (ਸਿਰਫ ਇੱਕ ਅਕਾਲ ਤਖ਼ਤ) ਇੱਕ ਸਿਧਾਂਤਕ ਫਲਸਫਾ ਹੈ ਨਾ ਕਿ ਸਿਰਫ ਵਿਸ਼ੇਸ਼ ਸਥਾਨ। ਗੁਰਮਤਿ ਕਿਸੇ ਵਿਸ਼ੇਸ਼ ਥਾਂ ਨੂੰ ਕੋਈ ਮਹਤੱਵ ਨਹੀਂ ਦਿੰਦੀ। ਜਿੱਥੇ ਸੱਚ ਅਨੁਸਾਰ ਵਰਤਾਰਾ ਹੋ ਰਿਹਾ ਹੋਵੇ, ਉਹ ਥਾਂ ਪਵਿਤੱਰ ਹੈ, ਭਾਵੇਂ ਉਹ ਝੋਂਪੜੀ, ਫੁੱਟਪਾਥ, ਮਹਿਲ ਜਾਂ ਫਿਰ ਤਖ਼ਤ ਹੀ ਕਿਉਂ ਨਾ ਹੋਵੇ। ‘ਪਵਿਤੱਰਤਾ’ ਦਾ ਸਬੰਧ (ਗੁਰਮਤਿ ਅਨੁਸਾਰ) ਮਨ ਦੀ ਬਿਰਤੀ ਨਾਲ, ਭਾਵਨਾ ਨਾਲ ਹੈ ਨਾ ਕਿ ਕਿਸੇ ਵਿਸ਼ੇਸ਼ ਥਾਂ ਨਾਲ। ਮੌਜਦਾ ਸਮੇਂ ਵਿੱਚ ਤਖ਼ਤ ਉੱਤੇ ਅਖੌਤੀ ਜੱਥੇਦਾਰਾਂ ਜਿਹੇ ਬ੍ਰਾਹਮਣਵਾਦੀ (ਕ੍ਰਿਪਾਨਾਂ ਪਾ ਕੇ) ਗੁਰਮਤਿ ਸਿਧਾਂਤਾਂ ਤੋਂ ਉਲਟ ਨਿਜਨਾਮੇ (ਹੁਕਮਨਾਮੇ) ਜਾਰੀ ਕਰ ਰਹੇ ਹਨ ਅਤੇ ਗਲਤ ਫੈਸਲੇ ਦੇ ਰਹੇ ਹਨ। ਉਨ੍ਹਾਂ ਦੀ ਬਿਰਤੀ ਅਤੇ ਭਾਵਨਾ ਹੀ ਗਲਤ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਸਿਰਫ ਅਕਾਲ ਤਖ਼ਤ ਦੇ ਥਾਂ ਉੱਤੇ ਬੈਠ ਕੇ ਜਾਰੀ ਕੀਤੇ ਗਲਤ ਫੈਸਲੇ ਵੀ ਠੀਕ ਹੋ ਜਾਣਗੇ। ਬ੍ਰਾਹਮਣ ਕਹਿੰਦਾ ਸੀ ਕਿ ਐਸੇ ਕਿਸੇ ਥਾਂ ਉੱਤੇ ਬ੍ਰਾਹਮਣ ਹੀ ਜਾ ਸਕਦਾ ਹੈ। ਅਸੀਂ ਵੀ ਇਸੇ ਤਰਜ਼ ਉੱਤੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਤਖ਼ਤ ਉੱਤੇ ਸਿਰਫ ਰਹਿਤਵਾਨ ਅੰਮ੍ਰਿਤਧਾਰੀ ਸਿੰਘ/ਸਿੰਘਣੀ ਹੀ ਚੜ੍ਹ ਸਕਦਾ ਹੈ। ਜੋ ਕਿ ਸਿਧਾਂਤਕ ਤੌਰ ਉੱਤੇ ਬਿਲਕੁਲ ਉਲਟ ਹੈ। ਇਸ ਲਈ ਇਸ ਨੁਕਤੇ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ।
(ਗ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਠ) ਵਿੱਚ ਹੀ ਲਿਖਿਆ ਹੈ ਕਿ:
“ਤਖ਼ਤਾਂ ਉੱਪਰ ਪਤਿਤ ਅਤੇ ਤਨਖਾਹੀਏ ਸਿੱਖ ਤੋਂ ਬਿਨਾ ਹਰ ਪ੍ਰਾਣੀਮਾਤਰ, ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ”।
ਵਿਚਾਰ: ਇਹ ਨੁਕਤਾ, ਇਹ ਭਰਮ ਫੈਲਾਉਂਦਾ ਹੈ ਕਿ ਤਖ਼ਤਾਂ ਉੱਪਰ ਅਰਦਾਸ ਕਰਾਉਣ ਦਾ ਖਾਸ ਮਹਤੱਵ ਹੈ। ਇਹ ਭਾਗ ਵੀ ਗੁਰਮਤਿ ਸਿਧਾਂਤਾਂ ਦੀ ਖੁੱਲੇਆਮ ਖਿਲਾਫਤ ਕਰਦਾ ਮਹਿਸੂਸ ਜੁੰਦਾ ਹੈ। ਪਹਿਲਾਂ ਵਿਚਾਰ ਚੱਕੇ ਹਾਂ ਕਿ ਪੁਜਾਰੀ, ਗ੍ਰੰਥੀ ਆਦਿ ਕੋਲੋਂ ਵਿਅਕਤੀਗਤ ਅਰਦਾਸ ਕਰਾਉਂਣੀ ਗੁਰਮਤਿ ਤੋਂ ਉਲਟ ਹੈ। ਇਸ ਨੁਕਤੇ ਵਿੱਚ ਤਾਂ ਭਰਮ ਨੂੰ ਹੋਰ ਵੀ ਵਧਾ ਦਿੱਤਾ ਗਿਆ ਜਾਪਦਾ ਹੈ ਕਿ ‘ਤਖ਼ਤਾਂ’ ਉੱਪਰ ਅਰਦਾਸ ਕਰਾਉਣ ਦਾ ਖਾਸ ਮਹਤੱਵ ਹੈ। ਬ੍ਰਾਹਮਣ ਵੀ ਇਹ ਪ੍ਰਚਾਰ ਕਰਦਾ ਸੀ ਕਿ ਖਾਸ ਤੀਰਥ ਉੱਤੇ ਮੇਰੇ ਹੱਥੋਂ ਕੀਤੀ ਪੂਜਾ (ਕਰਮਕਾਂਡ) ਆਦਿ ਦਾ ਖਾਸ ਫੱਲ ਹੈ। ਅਸੀਂ ਵੀ ਇੱਥੇ ਉਸੇ ਤਰੀਕੇ ਅਨੁਸਾਰ ਇਹ ਭਰਮ ਪੈਦਾ ਕਰ ਰਹੇ ਹਾਂ। ਸੋ ਇਹ ਨੁਕਤਾ ਗੁਰਮਤਿ ਸਿਧਾਂਤਾਂ ਦੀ ਮੁਖਾਲਫਤ ਕਰਦਾ ਜਾਪਦਾ ਹੈ, ਇਸ ਲਈ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ।
(6) (ੳ) ਰਹਿਤ ਮਰਿਆਦਾ ਦੇ 15 ਨੰ: ਪੰਨੇ ਉੱਤੇ ‘ਕੀਰਤਨ’ ਸਿਰਲੇਖ ਅਧੀਨ ਕੀਰਤਨ ਦੀ ਪਰਿਭਾਸ਼ਾ ਦਿੱਤੀ ਗਈ ਹੈ:
“ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।”
ਵਿਚਾਰ: ਇਹ ਪਰਿਭਾਸ਼ਾ ਵੈਸੇ ਤਾਂ ਕੋਈ ਸਿਧਾਂਤਕ ਨੁਕਸਾਨ ਨਹੀਂ ਪਹੁੰਚਾਉਂਦੀ, ਪਰ ਗੁਰਮਤਿ ਦੇ ਅਨੁਸਾਰ, ਕੀਰਤਨ ਦਾ ਭਾਵ ਸਿਰਫ ਸਾਜ਼ਾਂ ਨਾਲ, ਰਾਗਾਂ ਵਿੱਚ ਬਾਣੀ ਉਚਾਰਨ ਕਰਨਾ ਹੀ ਨਹੀਂ ਹੈ। ਇਸ ਦੀ ਗੁਰਮਤਿ ਅਨੁਸਾਰ ਪਰਿਭਾਸ਼ਾ ਇਸ ਪ੍ਰਕਾਰ ਹੋ ਸਕਦੀ ਹੈ ਕਿ:
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ॥ ਰਹਾਉ॥ (ਪੰਨਾ 818)
ਭਾਵ: ਸੱਚ ਦੇ ਗਿਆਨ ਨੂੰ ਧਾਰਨ ਕਰ ਕੇ ਉਸ ਅਨੁਸਾਰ ਜੀਵਨ ਜੀਣਾ ਹੀ ਅਸਲੀ ਕੀਰਤਨ ਹੈ। ਸੰਗੀਤ ਦਾ ਆਪਣਾ ਮਹਤੱਵ ਹੈ, ਇਹ ਹਿਰਦੇ ਨੂੰ ਜਲਦੀ ਟੁੰਬਦਾ ਹੈ। ਪਰ ਜੇ ‘ਕੀਰਤਨ’ ਸੁਣਨਾ ਸਿਰਫ ਕੰਨ ਰਸ ਤੱਕ ਹੀ ਸੀਮਤ ਹੋ ਜਾਏ ਤਾਂ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਸਾਜ਼ਾਂ ਨਾਲ ਸ਼ਬਦ (ਗੁਰਬਾਣੀ) ਗਾਇਨ ਕਰਨਾ ਗੁਰਮਤਿ ਦੇ ਰਾਹ (ਸੱਚ ਨੂੰ ਦ੍ਰਿੜ ਕਰਨ) ਦੀ ਇੱਕ ਪਉੜੀ ਹੈ ਨਾ ਕਿ ਮੰਜ਼ਿਲ। ਇਹ ਸਪੱਸ਼ਟਤਾ ਇਸ ਪਰਿਭਾਸ਼ਾ ਨਾਲ ਦੇਣੀ ਲਾਹੇਵੰਦ ਹੋ ਸਕਦੀ ਹੈ।
(ਅ) ਕੀਰਤਨ ਸਿਰਲੇਖ ਹੇਠ ਭਾਗ (ੲ) ਵਿੱਚ ਦਰਜ ਹੈ ਕਿ:
“ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਨਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।”
ਵਿਚਾਰ: ਇੱਥੇ ‘ਗੁਰਬਾਣੀ’ ਸ਼ਬਦ ਦੀ ਸੀਮਾ ਜਾਂ ਵਿਆਖਿਆ ਨਾ ਦੇ ਕੇ ਇਹ ਚੋਰ ਮੋਰੀ ਖੁੱਲੀ ਛੱਡ ਦਿੱਤੀ ਗਈ ਭਾਸਦੀ ਹੈ। ਇਸ ਦਾ ਸਹਾਰਾ ਲੈ ਕੇ ਜ਼ਿਆਦਾਤਰ ਕੀਰਤਨੀਏ ਅਖੌਤੀ ਦਸਮ ਗ੍ਰੰਥ ਅਤੇ ਹੋਰ ਥਾਂਵਾਂ ਤੋਂ ਕੱਚੀਆਂ ਰਚਨਾਵਾਂ ਦਾ ਕੀਰਤਨ ਕਰੀ ਜਾ ਰਹੇ ਹਨ। ਜੇ ਇੱਥੇ ‘ਗੁਰਬਾਣੀ’ ਦੀ ਥਾਂ “ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ” ਕਰ ਦਿੱਤਾ ਜਾਏ ਤਾਂ ਸਪਸ਼ੱਟਤਾ ਜ਼ਿਆਦਾ ਵੱਧ ਜਾਂਦੀ ਹੈ। ਭਾਈ ਗੁਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਵਿੱਚ ਵੀ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਕੀਰਤਨ ਵਾਸਤੇ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਹੀ ਹੋਣੀ ਚਾਹੀਦੀ ਹੈ। ਸ਼ਬਦ ਵਿਚਾਰ ਵੇਲੇ ਸਮਝਾਉਣ ਖਾਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ਉੱਤੇ ਖਰੀਆਂ ਉੱਤਰਨ ਵਾਲੀਆਂ ਰਚਨਾਵਾਂ ਦਾ ਵੀ ਹਵਾਲਾ ਦਿੱਤਾ ਜਾ ਸਕਦਾ ਹੈ।
(7) (ੳ) ਰਹਿਤ ਮਰਿਆਦਾ ਦੇ ਪੰਨਾ ਨੰ: 15 ਉੱਪਰ ‘ਹੁਕਮ ਲੈਣਾ’ ਸਿਰਲੇਖ ਅਧੀਨ ਭਾਗ (ੳ) ਵਿੱਚ ਦਰਜ ਹੈ ਕਿ:
“ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ ਦਰਸ਼ਨ ਹਨ।”
ਵਿਚਾਰ: ਗੁਰਮਤਿ ਅਨੁਸਾਰ ਗੁਰੂ ਦੇ ਦਰਸ਼ਨ ਦਾ ਭਾਵ ‘ਸੱਚ ਦੇ ਗਿਆਨ’ (ਸਤਿਗੁਰੂ) ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੈ। ਸਿਰਫ ਮੱਥਾ ਟੇਕਣਾ ਜਾਂ ਸਿਰਫ ਤੇ ਸਿਰਫ ਬਾਣੀ ਪੜ੍ਹਨ, ਸੁਣਨ ਦਾ ਕੋਈ ਫਾਇਦਾ ਨਹੀਂ, ਜਦ ਤੱਕ ਉਸ ਉੱਪਰ ਅਮਲ ਨਹੀਂ ਕੀਤਾ ਜਾਂਦਾ। ਬਿਨਾ ਅਮਲ ਤੋਂ ਬਾਣੀ ਪੜ੍ਹਨਾ, ਸੁਣਨਾ ਤੋਤਾ ਰਟਨੀ ਵਾਂਗੂ ਹੀ ਹੈ ਅਤੇ ਸਿਰਫ ਮੱਥਾ ਟੇਕਣਾ ‘ਜਿਉ ਹੰਤਾ ਮਿਰਗਾਹਿ’ ਵਾਲੀ ਗੱਲ ਹੈ। ਇਸ ਤਰ੍ਹਾਂ ਇਹ ਇੱਕ ਕਰਮਕਾਂਡ ਹੀ ਬਣਕੇ ਰਹਿ ਜਾਂਦਾ ਹੈ। ਅੱਜ ਸਿੱਖ ਕੌਮ ਵਿੱਚ ਇਹ ਸੱਭ ਕਰਮਕਾਂਡ ਵਜੋਂ ਹੀ ਹੋ ਰਿਹਾ ਹੈ। ਸੋ ਗੁਰਮਤਿ ਅਨੁਸਾਰ ‘ਗੁਰੂ ਦੇ ਦਰਸ਼ਨ’ ਦਾ ‘ਭਾਵ’ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਸ ਭਾਗ ਵਿੱਚ ਦੱਸੀਆਂ ਗਈਆਂ ਗੱਲਾਂ, ਮੱਥਾ ਟੇਕਣਾ, ਹੁਕਮ ਲੈਣਾ ਜਾਂ ਸੁਣਨਾ, ਜ਼ਿਆਦਾਤਰ ਸਿੱਖ ਕਰ ਹੀ ਰਹੇ ਹਨ। ਪਰ ਹਾਲਤ ਦਿਨੋ ਦਿਨ ਵਿਗੜਦੀ ਹੀ ਜਾ ਰਹੀ ਹੈ। ਕਿਉਂਕਿ ਗੁਰੂ ਦੇ ਅਸਲੀ ਦਰਸ਼ਨ (ਗੁਰਬਾਣੀ ਉੱਤੇ ਅਮਲ) ਨਹੀਂ ਕੀਤਾ ਜਾ ਰਿਹਾ।
(ਅ) ਰਹਿਤ ਮਰਿਆਦਾ ਦੇ ਪੰਨਾ ਨੰ: 16 ਉੱਤੇ ‘ਹੁਕਮ ਲੈਣਾ’ ਸਿਰਲੇਖ ਹੇਠ ਹੀ ਭਾਗ (ਹ) ਵਿੱਚ ਦਰਜ ਹੈ:
“ਹੁਕਮ ਲੈਣ ਲਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ”
ਵਿਚਾਰ: ਸਾਰੀ ਗੁਰਬਾਣੀ ਇੱਕ ਸਾਰ ਹੈ। ਕਿਸੇ ਬਾਣੀ ਨੂੰ ਚੰਗਾ ਜਾਂ ਕਿਸੇ ਬਾਣੀ ਨੂੰ ਖਾਸ ਸਮਝਣਾ ਗੁਰਮਤਿ ਸਿਧਾਂਤਾਂ ਦੀ ਖਿਲਾਫਤ ਹੈ। ਸੱਜੇ ਖੱਬੇ ਦੇ ਚੱਕਰਾਂ ਵਿੱਚ ਪੈਣਾ ਵੀ ਗੁਰਮਤਿ ਅਨੁਸਾਰੀ ਨਹੀਂ ਲਗਦਾ। ਇਹ ਗੱਲ ਹਮੇਸ਼ਾਂ ਯਾਦ ਰਹਿਣੀ ਚਾਹੀਦੀ ਹੈ ਕਿ ਗੁਰਬਾਣੀ ਪੜ੍ਹਨ ਦਾ ਸਿਰਫ ਤੇ ਸਿਰਫ ਮਕਸਦ ਉਸ ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਚੰਗਾ ਜੀਵਨ ਬਣਾਉਣਾ ਹੈ। ਸਿਰਫ ਰਸਮ ਪੂਰਤੀ ਵਾਸਤੇ ਜਾਂ ਮੁਕਾਉਣ ਵਾਸਤੇ (ਅਖੰਡ ਪਾਠ, ਸਹਿਜ ਪਾਠ ਜਾਂ ਕਿਸੇ ਹੋਰ ਨਾਂ ਹੇਠ) ਬਾਣੀ ਪੜ੍ਹਨਾ ਇੱਕ ਕਰਮਕਾਂਡ ਬਣ ਜਾਂਦਾ ਹੈ ਅਤੇ ਗੁਰਮਤਿ ਸਿਧਾਂਤਾਂ ਤੋਂ ਉਲਟ ਹੋ ਜਾਂਦਾ ਹੈ। ਇਸ ਨੁਕਤੇ ਦਾ ਪੰਥ ਵਿੱਚ ਪ੍ਰਚਾਰ ਕਰਨ ਦੀ ਸੱਭ ਤੋਂ ਵੱਧ ਜ਼ਰੂਰਤ ਹੈ। ਪਰ ਅਫਸੋਸ ਕਿ ਅੱਜ ਸਿੱਖ ਸਮਾਜ ਵਿੱਚ 95% ਤੋਂ ਵੀ ਵੱਧ ਗੁਰਬਾਣੀ ਸਿਰਫ ਰਸਮ ਪੂਰਤੀ (ਕਰਮਕਾਂਡ) ਵਜੋਂ ਹੀ ਪੜ੍ਹੀ ਜਾ ਰਹੀ ਹੈ। ਹੋ ਸਕਦਾ ਹੈ ਕਿ ਖੱਬੇ ਪੰਨੇ ਤੋਂ ਸ਼ੁਰੂ ਕਰਨ ਦਾ ਵਿਚਾਰ ਇੱਕਸਾਰਤਾ ਲਿਆਉਣ ਦੇ ਖਿਆਲ ਵਜੋਂ ਕੀਤਾ ਗਿਆ ਹੋਵੇ। ਪਰ ਫਿਰ ਵੀ ਇਹ ਠੀਕ ਨਹੀਂ ਜਾਪਦਾ ਕਿਉਂਕਿ ਇਸ ਤਰੀਕੇ ਨਾਲ ਗੁਰਬਾਣੀ ਦੇ ਅਨੇਕਾਂ ਸ਼ਬਦ ਹੁਕਮਨਾਮੇ ਵਿੱਚ ਕਦੇ ਵੀ ਨਹੀਂ ਆਉਣਗੇ। ਗੱਲ ਸਿਰਫ ਗੁਰਬਾਣੀ ਵਿਚਾਰ ਦੀ ਹੈ। ਉਸ ਵਾਸਤੇ ਕੋਈ ਵੀ ਸ਼ਬਦ ਲਿਆ ਜਾ ਸਕਦਾ ਹੈ। ਬਾਕੀ ਜਿਨ੍ਹਾਂ ਨੇ ਗੁਰਬਾਣੀ ਦਾ ਗਲਤ ਇਸਤੇਮਾਲ ਕਰਨਾ ਹੈ, ਉਹ ਤਾਂ ਹੁਣ ਵੀ ਕਰ ਰਹੇ ਹਨ। ਸੋ ਹੁਕਮ ਲੈਣ ਵੇਲੇ ਖੱਬੇ ਸੱਜੇ ਦਾ ਭਰਮ ਕਰਨਾ ਗੁਰਮਤਿ ਸਿਧਾਂਤਾਂ ਅਨੁਸਾਰ ਠੀਕ ਨਹੀਂ ਜਾਪਦਾ। ਇਸ ਲਈ ਇਸ ਨੁਕਤੇ ਨੂੰ ਤਿਆਗ ਦੇਣਾ ਚਾਹੀਦਾ ਹੈ। ---ਚਲਦਾ




.