.

ਕੀ ਸਿੱਖਾਂ ਦੇ 36 ਗੁਰੂ ਹਨ?

ਅਵਤਾਰ ਸਿੰਘ ਮਿਸ਼ਨਰੀ (510-432-5827)

ਮਹਾਂਨ ਕੋਸ਼ ਅਨੁਸਾਰ ਗੁਰ ਸੰਸਕ੍ਰਿਤ ਦਾ ਸ਼ਬਦ ਹੈ ਜੋ ਗ੍ਰੀ ਧਾਤੂ ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਨਿਗਲਣਾ ਅਤੇ ਸਮਝਾੳੇਣਾਂ ਜੋ ਅਗਿਆਨ ਨੂੰ ਖਾ ਜਾਂਦਾ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ ਉਹ ਗੁਰੂ ਹੈ। ਗੁਰਬਾਣੀ ਵਿਖੇ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ। ਜਿਵੇਂ-ਗੁਰ ਅਪਨੇਆਗੈ ਅਰਦਾਸਿ. .॥ (1147) ਸੁਖਸਾਗਰ ਗੁਰੁ ਪਾਇਆ॥ (626) ਅਪਨਾ ਗੁਰੂ ਧਿਆਏ। (627) ਗੁਰੂ ਅਧਿਆਪਕ ਨੂੰ ਵੀ ਕਹਿੰਦੇ ਹਨ। ਸਿੱਖ ਗੁਰੂ ਸਹਿਬਾਨਾਂ ਤੋਂ ਪਹਿਲਾਂ ਦੇਹਧਾਰੀ ਨੂੰ ਹੀ ਗੁਰੂ ਸਮਝਿਆ ਜਾਂਦਾ ਸੀ। ਜਿਸ ਸਦਕਾ ਸਰੀਰਾਂ ਦੀ ਪੂਜਾ ਵਧ ਗਈ ਅਤੇ ਗਿਆਨ ਦੀ ਅਹਿਮੀਅਤ ਘਟ ਗਈ। ਲੋਕ ਸਰੀਰਕ ਬੁੱਤਾਂ ਨੂੰ ਵੀ ਗੁਰੂ ਬਣਾ ਕੇ ਪੂਜਣ ਲੱਗ ਪਏ। ਜੇ ਸਰੀਰਕ ਗੁਰੂ ਮਰ ਗਿਆ ਤਾਂ ਉਸ ਦੀ ਥਾਂ ਨਵਾਂ ਦੇਹਧਾਰੀ ਗੁਰੂ ਥਾਪ ਲਿਆ। ਲੋਕ ਅੰਧ ਵਿਸ਼ਵਾਸ਼ੀ ਹੋ ਗਏ। ਇਸ ਦਾ ਫਾਇਦਾ ਉਠਾ ਕੇ ਦੇਹਧਾਰੀ ਗੁਰੂ ਆਪਣੇ ਵੱਖਰੇ-ਵੱਖਰੇ ਧਰਮ ਅਤੇ ਡੇਰੇ ਚਲਾ ਕੇ ਲੋਕਾਈ ਨੂੰ ਵੰਡਣ ਲੱਗ ਪਏ। ਆਪੋ ਆਪਣਾ ਰੱਬ ਵੱਖਰਾ ਵੱਖਰਾ ਮੰਨ ਲਿਆ ਗਿਆ। ਰੱਬੀ ਕਾਇਨਾਤ ਮਨੁਖਤਾ ਵਿੱਚ ਵੀ ਊਚ ਨੀਚ ਦੀਆਂ ਵੰਡੀਆਂ ਪਾ ਦਿੱਤੀਆਂ ਗਈਆਂ। ਇੱਕ ਧਰਮ ਦੂਜੇ ਧਰਮ ਨਾਲ ਰੱਬ ਦੇ ਨਾਂ ਤੇ ਜੰਗ ਜੁੱਧ ਕਰਨ ਲੱਗ ਪਿਆ। ਇਨ੍ਹਾਂ ਚਾਲ ਬਾਜ ਧਾਰਮਿਕ ਗੁਰੂਆਂ ਨੇ ਮਨੁੱਖਤਾ ਨੂੰ ਆਪਸ ਵਿੱਚ ਲੜਾ ਕੇ ਲਹੂ ਲੁਹਾਨ ਕਰ ਦਿੱਤਾ। ਇੱਕ ਦੂਜੇ ਪ੍ਰਤੀ ਈਰਖਾ ਅਤੇ ਨਫਰਤ ਭਰ ਦਿੱਤੀ। ਕਿਸੇ ਨੇ ਵੀ ਸਾਰੀ ਮਨੁੱਖਤਾ ਨੂੰ ਇੱਕ ਨਾਂ ਸਮਝਿਆ ਸਗੋਂ ਹਿੰਦੂ, ਈਸਾਈ, ਮੁਸਾਈ ਅਤੇ ਮੁਸਲਿਮ ਧਰਮ ਵਰਗਾਂ ਵਿੱਚ ਵੰਤ ਦਿੱਤਾ। ਰੱਬ ਵੰਡਿਆ ਗਿਆ, ਇਨਸਾਨੀਅਤ ਵੀ ਵੰਡੀ ਗਈ। ਰਾਜੇ ਅਤੇ ਧਰਮ ਗੁਰੂ ਦੋਨੋਂ ਹੀ ਪਰਜਾ ਨੂੰ ਦੋਹੀਂ ਹੱਥੀਂ ਲੁੱਟਣ ਲੱਗ ਪਏ।

ਫਿਰ ਅਕਾਲ ਪੁਰਖ ਵਲੋਂ ਬਾਬਾ ਨਾਨਕ ਜੀ ਇਸ ਸੰਸਾਰ ਵਿਖੇ ਪ੍ਰਗਟ ਹੋਏ। ਉਨ੍ਹਾਂ ਨੇ ਲੋਕਾਈ ਨੂੰ ਰੱਬੀ ਗਿਆਨ ਵੰਡਿਆ। ਇਸ ਕਰਕੇ ਲੋਕ ਉਨ੍ਹਾਂ ਨੂੰ ਵੱਡਾ ਗੁਰੂ ਕਹਿਣ ਲੱਗ ਪਏ। ਬਾਬੇ ਨੇ ਲੋਕਾਂ ਨੂੰ ਸਮਝਾਉਣ ਲਈ ਗੁਰੂ ਸ਼ਬਦ ਵੀ ਅਕਸੈਪਟ ਕਰ ਲਿਆ ਪਰ ਉਹ ਸਰੀਰ ਨੂੰ ਗੁਰੂ ਨਹੀਂ ਸੀ ਮੰਨਦੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਰੀਰ ਬਿਨਸਣਹਾਰ ਹਨ। ਜਦ ਮੰਨੇ ਗਏ ਵੱਡੇ ਵੱਡੇ ਸਿੱਧਾਂ, ਪੀਰਾਂ ਗੁਰੂਆਂ ਨੇ ਬਾਬੇ ਨਾਨਕ ਨੂੰ ਵਾਰ-ਵਾਰ ਪੁਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਬਾਬਾ ਨਾਨਕ ਜੀ ਨੇ ਬਾਰ ਬਾਰ ਇਹੀ ਸਮਝਾਇਆ ਕਿ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943) ਸ਼ਬਦੁ ਗੁਰ ਪੀਰਾ ਗਹਿਰ ਬੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (635) ਬਾਬਾ ਨਾਨਕ ਜੀ ਨੇ ਚਿਰਾਂ ਤੋਂ ਭੰਬਲਭੂਸੇ ਵਿੱਚ ਪਈ ਲੋਕਾਈ ਨੂੰ ਸਮਝਾਉਣ ਲਈ ਰੱਬੀ ਭਗਤਾਂ ਦੀਆਂ ਰੱਬੀ ਬਾਣੀਆਂ ਲਿਖਤਾਂ ਵੀ ਥਾਂ ਥਾਂ ਤੇ ਜਾ ਕੇ ਪ੍ਰਾਪਤ ਕੀਤੀਆਂ ਅਤੇ ਇੱਕ ਪੋਥੀ ਦੇ ਰੂਪ ਵਿੱਚ ਸੰਭਾਲ ਲਈਆਂ ਅਤੇ ਆਪਣੇ 9 ਜਾਂਨਸ਼ੀਨ ਵੀ ਥਾਪਣੇ ਪਏ। ਜਿਨ੍ਹਾਂ ਨੇ ਬੜੀ ਤਨ ਦੇਹੀ ਨਾਲ ਸ਼ਬਦ ਗੁਰੂ ਗਿਆਨ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਅਜਿਹਾ ਕਰਦਿਆਂ ਉਨ੍ਹਾਂ ਨੂੰ ਵੱਖ ਵੱਖ ਚੱਲੇ ਹੋਏ ਧਰਮਾਂ ਅਤੇ ਉਨ੍ਹਾਂ ਦੇ ਕੱਟੜ ਆਗੂਆਂ ਅਤੇ ਵਕਤੀ ਫਿਰਕਤਪ੍ਰਤ ਰਾਜਿਆਂ ਦਾ ਵੀ ਕਰੜਾ ਵਿਰੋਧ ਝੱਲਣਾ ਪਿਆ ਇੱਥੋਂ ਤੱਕ ਕਿ ਮਨੁਖਤਾ ਲਈ ਰਸੀਰਕ ਕੁਰਬਾਨੀਆਂ ਵੀ ਕਰਨੀਆਂ ਪਈਆਂ। ਅਖੀਰ ਤੇ ਮਨੁੱਖਤਾ ਨੂੰ ਜਾਗ੍ਰਿਤ ਕਰਕੇ ਦਸਵੇਂ ਜਾਂਨਸ਼ੀਨ ਵੇਲੇ ਵੱਖ ਵੱਖ ਦੇਹਧਾਰੀ ਗੁਰੂਆਂ ਦਾ ਸਿਲਸਿਲਾ ਖਤਮ ਕਰਦੇ ਹੋਏ ਪੱਕੇ ਤੌਰ ਤੇ ਸੰਗਤਾਂ, ਲਿਖਾਰੀਆਂ, ਵਿਦਵਾਨਾਂ ਅਤੇ ਜੋਧਿਆਂ ਦੇ ਇੱਕਠ ਵਿੱਚ ਸ਼ਬਦ ਗੁਰੂ ਨੂੰ ਮਹਾਂਨ ਦੱਸਦਿਆਂ ਹੋਇਆਂ ਕਿ ਸ਼ਬਦ ਗੁਰੂ ਕਦੇ ਮਰਦਾ ਨਹੀਂ, ਇਸ ਨੂੰ ਨਾਂ ਸਾਡੇ ਵਾਂਗ ਭੁੱਖ ਤੇਹ ਅਤੇ ਸਰਦੀ-ਗਰਮੀ ਲਗਦੀ ਹੈ, ਗਿਆਨ ਰੂਪ ਵਿੱਚ ਸ਼ਬਦ ਸਦਾ ਹੀ ਪ੍ਰਕਾਸ਼ ਰਹਿੰਦਾ ਹੈ, ਦੇ ਬਾਰੇ ਐਲਾਨ ਕੀਤਾ ਕਿ-ਅਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭਿ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਰਾਂ ਕੀ ਦੇਹ॥ ਜੋ ਪ੍ਰਭ ਕਉ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ॥ ਇਸ ਕਰਕੇ ਹੁਣ ਸਿੱਖਾਂ (ਸਿੱਖਣ ਵਾਲਿਆਂ) ਦਾ ਗੁਰੂ ਇੱਕ ਹੀ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਜਿਸ ਵਿੱਚ ਵੱਖ ਵੱਖ ਜਾਤ ਬ੍ਰਾਦਰੀ ਨਾਲ ਸਬੰਧਤ 36 ਮਹਾਂ ਪੁਰਖਾਂ ਦੀ ਬਾਣੀ ਅੰਕਿਤ ਹੈ।

ਪਰ ਬ੍ਰਾਹਮਣੀ ਚਾਲ ਅਧੀਨ ਸਾਧ ਜਿਨ੍ਹਾਂ ਵਿੱਚ ਆਰ. ਐਸ. ਐਸ ਰਾਸ਼ਟਰੀਆ ਸਿੱਖ ਸੰਗਤ ਦਾ ਸਿੱਖੀ ਬੁਰਕਾ ਪਾ ਕੇ ਘੁਸੜ ਚੁੱਕੀ ਹੈ ਅੱਜ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਵਿੱਚ ਸੁਭਾਇਮਾਨ ਭਗਤਾਂ ਮਹਾਂ ਪੁਰਖਾਂ ਨੂੰ ਵੱਖਰੇ ਵੱਖਰੇ ਗੁਰੂ ਪ੍ਰਚਾਰ ਕੇ, ਬਾਬੇ ਨਾਨਕ ਦੇ ਰੱਬੀ ਸੁਨੇਹੇ ਨੂੰ ਫਿਰ ਦੇਹਧਾਰੀ ਗੁਰੂਆਂ ਦੀ ਆੜ ਵਿੱਚ ਵੱਖ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ ਜਿਸ ਵਿੱਚ ਰੱਬੀ ਮਹਾਂਪੁਰਖ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਆਦਿ ਨੂੰ ਵੱਖਰਾ ਵੱਖਰਾ ਗੁਰੂ ਪ੍ਰਚਾਰਿਆ ਜਾ ਰਿਹਾ ਹੈ ਜੋ ਗੁਰੂ ਦੇ ਸਮੂੰਹ ਸਿੱਖਾਂ ਨੂੰ ਕਦੇ ਬਰਦਾਸ਼ਤ ਨਹੀਂ ਹੋ ਸਕਦਾ। ਜਿਹੜੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ ਉਹ ਬਾਬੇ ਨਾਨਕ ਦੀ ਬਦੌਲਤ ਸਮੁੱਚੇ ਸੰਸਾਰ ਨੂੰ ਦੇਣ ਹੈ। ਜਿੱਥੇ ਜਿੱਥੇ ਵੀ ਸਰਬਸਾਂਝੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰਿਆਂ ਵਿਖੇ ਹੋ ਰਿਹਾ ਹੈ ਉਸ ਨੂੰ ਓਥੋਂ ਚੱਕਣ ਦਾ ਕਿਸੇ ਨੂੰ ਹੱਕ ਨਹੀਂ ਅਤੇ ਨਾਂ ਹੀ ਸਰਬਸਾਂਝੇ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਜੀ ਦੇ ਬਰਾਬਰ ਕੋਈ ਧੇਹਧਾਰੀ ਮਨੁੱਖ ਬਰਾਬਰ ਗੱਦੀ ਲਾ ਕੇ ਬੈਠ ਸਕਦਾ ਹੈ। ਹਾਂ ਆਪਣਾ ਵੱਖਰਾ ਮੱਤ ਕੋਈ ਵੀ ਚਲਾ ਸਕਦਾ ਹੈ ਅਤੇ ਆਪਣਾ ਗ੍ਰੰਥ ਵੀ ਲਿਖ ਸਕਦਾ ਹੈ ਪਰ “ਗੁਰੂ ਗ੍ਰੰਥ ਸਾਹਿਬ” ਵਿਖੇ ਆਏ ਰੱਬੀ ਮਹਾਂਪੁਰਖਾਂ ਭਗਤਾਂ ਦੀ ਬਾਣੀ ਉਸ ਗ੍ਰੰਥ ਵਿੱਚ ਨਹੀਂ ਲਿਖੀ ਜਾ ਸਕਦੀ ਕਿਉਂਕਿ ਸਭ ਹੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਿਕ ਗੁਰੂ ਨਾਨਕ ਜੀ ਦੇ ਪੰਜਵੇਂ ਜਾਂਨਸ਼ੀਨ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹਨ। ਹਾਂ ਵੱਖ ਵੱਖ ਪੋਥੀਆਂ ਬਣਾ ਕੇ ਗੁਰੂ ਬਾਣੀ ਦਾ ਪ੍ਰਚਾਰ ਤਾਂ ਕੀਤਾ ਜਾ ਸਕਦਾ ਹੈ ਪਰ ਕਿਸੇ ਵੱਖਰੇ ਗ੍ਰੰਥ ਵਿੱਚ ਉਸ ਬਾਣੀ ਨੂੰ ਕਵੀਆਂ ਦੀ ਰਚਨਾਂ ਨਾਲ ਰਲਾ ਕੇ ਨਹੀਂ ਛਾਪੲਆ ਜਾ ਸਕਦਾ ਅਤੇ ਨਾਂ ਹੀ ਉਸ ਦਾ ਗੁਰੂ ਰੂਪ ਵਿੱਚ ਕਿਤੇ ਪ੍ਰਕਾਸ਼ ਹੀ ਕੀਤਾ ਜਾ ਸਕਦਾ ਹੈ।

ਇਹ ਸਾਰੀ ਦੇਣ ਸਾਡੇ ਨਿਕੰਮੇ ਪ੍ਰਬੰਧਕ ਅਤੇ ਜਥੇਦਾਰਾਂ ਦੀ ਹੈ ਜੋ ਵੋਟਾਂ ਦੀ ਖਾਤਰ ਧਰਮ ਦੀਆਂ ਧੱਜੀਆਂ ਉਡਾਂਦੇ ਹੋਏ ਦੇਹਧਾਰੀ ਗੁਰੂਆਂ ਅਤੇ ਸਾਧਾਂ ਨੂੰ ਮਾਨਤਾ ਦਿੱਤੀ ਜਾ ਰਹੇ ਹਨ। ਅੱਜ ਅਕਾਲ ਤਖਤ ਤੋਂ ਸਿੱਖ ਪੰਥ ਇੱਕਮੁਠ ਹੋ ਕੇ ਇਹ ਐਲਾਨ ਕਿਉਂ ਨਹੀਂ ਕਰਦਾ ਕਿ ਸ਼ਬਦ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਨੂੰ ਕਿਸੇ ਵੀ ਹਾਲਤ ਵਿੱਚ ਵੰਡਿਆ ਨਹੀਂ ਜਾ ਸਕਦਾ? ਸਿੱਖ ਕੋਈ ਰਵਦਾਸੀਆ, ਜੱਟ, ਭਾਪਾ, ਰਾਮਗੜੀਆ, ਵਣਜਾਰਾ, ਕੰਬੋਜ ਜਾਂ ਕੋਈ ਹੋਰ ਨਹੀਂ ਸਗੋਂ ਗੁਰੂ ਦਾ ਸਿੱਖ ਹੈ। ਸਿੱਖ ਦੀ ਕੋਈ ਜਾਤ ਪਾਤ ਬਰਾਦਰੀ ਨਹੀਂ। ਗੁਰੂ ਨੇ ਇਹ ਸਭ ਵੰਡਾਂ ਖਤਮ ਕੀਤੀਆਂ ਸਨ। ਸਿੱਖਾਂ ਵਿੱਚ ਕੋਈ ਨੀਵੀਂ ਜਾਤ ਨਹੀਂ, ਕੋਈ ਹਰੀਜਨ ਜਾਂ ਦਲਤ ਨਹੀਂ ਸਭ ਬਰਾਬਰ ਹਨ। ਜੋ ਸਿੱਖ ਹੋ ਕੇ ਵੱਖਰੀ ਜਾਤ ਪਾਤ ਨੂੰ ਮੰਨਦਾ ਹੈ ਜਾਂ ਕਹੀਆਂ ਜਾਂਦੀਆਂ ਨੀਵੀਆਂ ਜਾਤਾਂ ਨਾਲ ਨਫਰਤ ਕਰਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਅਤੇ ਨਾਂ ਹੀ ਸਿੱਖ ਸੰਸਥਾਵਾਂ ਦਾ ਆਗੂ ਬਣ ਸਕਦਾ ਹੈ। ਸੋ ਇਸ ਸਾਰੀ ਵਿਚਾਰ ਤੋਂ ਸਿੱਟਾ ਨਿਕਲਿਆ ਕਿ ਸਿੱਖਾਂ ਦਾ ਇੱਕ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਹੀ ਹੈ ਨਾਂ ਕਿ ਸਿੱਖਾਂ ਦੇ 36 ਗੁਰੂ ਹਨ।




.