.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਸਿੱਖ ਨੌਜਵਾਨਾਂ ਨੂੰ ਵਿੱਦਿਆ ਹੀਣ ਹੋਣ ਤੋਂ ਬਾਚਉ!

-ਇਕਵਾਕ ਸਿੰਘ ਪੱਟੀ

ਇਹਿਤਾਸ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਇੱਕ ਆਮ ਇਨਸਾਨ ਦੀ ਹਾਲਤ ਕਿੰਨੀ ਬੱਦਤਰ ਹੋ ਚੁੱਕੀ ਸੀ। ਬ੍ਰਾਹਮਣ ਸਮਾਜ ਵੱਲੋਂ ਮਨੁੱਖਤਾ ਵਿੱਚ ਇਸ ਕਦਰ ਵੰਡੀਆਂ ਪਾਈਆਂ ਜਾ ਚੁੱਕੀਆਂ ਸਨ ਕਿ ਮਜਲੂਮ ਅਤੇ ਲਿਤਾੜੀ ਜਾ ਰਹੀ ਮਾਨਵਤਾ ਵਾਸਤੇ ਸਾਰੇ ਨਜ਼ਾਇਜ਼ ਕਾਨੂੰਨ ਅਤੇ ਜੁਲਮ ਉਹਨਾਂ ਦੀ ਜੀਵਣ-ਸ਼ੈਲੀ ਦਾ ਇੱਕ ਹਿੱਸਾ ਬਣ ਚੁੱਕੇ ਸਨ। ਚਾਰ ਵਰਨਾਂ ਵਿੱਚ ਕੀਤੀ ਗਈ ਮਨੁੱਖਤਾ ਦੀ ਵੰਡ ਇਨਸਾਨੀ ਕਦਰਾਂ ਕੀਮਤਾਂ ਨੂੰ ਘੱਟੇ ਵਿੱਚ ਰੋਲ ਰਹੀ ਸੀ। ਸ਼੍ਰੇਣੀਆਂ ਵਿੱਚ ਵੰਡੇ ਮਨੁੱਖ ਲਈ ਵੱਖਰੇ-ਵੱਖਰੇ ਕਾਨੂੰਨ ਕੁੱਝ ਜ਼ਬਰਦਸਤੀ ਅਤੇ ਕੁੱਝ ਧਰਮ ਦੇ ਨਾਮ ਉੱਤੇ ਮੜ੍ਹ ਦਿੱਤੇ ਗਏ ਸਨ। ਇੱਕ ਚਲਾਕੀ ਅਤੇ ਸੋਚੀ-ਸਮਝੀ ਸਾਜਸ਼ ਦੇ ਨਾਲ ਆਮ ਮਨੁੱਖਤਾ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ ਸੀ, ਜਿਸਦਾ ਫ਼ਾਇਦਾ ਸਮੇਂ ਦੇ ਹਾਕਮ ਅਤੇ ਉੱਚੀ ਜਾਤ ਵਾਲੇ ਲੋਕ ਵੱਡੇ ਪੱਧਰ ਤੇ ਲੈ ਰਹੇ ਸਨ।

ਕਿਸੇ ਵੀ ਕਾਰਣ ਇਸ ਲਿਤਾੜੀ ਜਾ ਰਹੀ ਮਨੁੱਖਤਾ ਵਿੱਚ ਜਾਗ੍ਰਿਤੀ ਨਾ ਆ ਜਾਵੇ ਤੋਂ ਬਚਣ ਲਈ ਬ੍ਰਾਹਮਣ ਤੋਂ ਬਿਨ੍ਹਾਂ ਬਾਕੀ ਸਾਰੀਆਂ ਨੀਵੀਆਂ ਸ਼੍ਰੇਣੀਆਂ ਦੀ ਵਿੱਦਿਆ ਪ੍ਰਾਪਤੀ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਪੋਥੀਆਂ ਪੜ੍ਹਨ ਦਾ ਅਧਿਕਾਰ ਸਿਰਫ ਬ੍ਰਾਹਮਣ ਕੋਲ ਸੀ। ਮਨੁੱਖ ਨੂੰ ਜਾਣ-ਬੁੱਝ ਕੇ ਵਿੱਦਿਆਹੀਣ ਬਣਾਇਆ ਗਿਆ ਸੀ ਅਤੇ ਉਹਨਾਂ ਦੀ ਅਣਖ, ਗੈਰਤ ਅਤੇ ਜੁਅਰਤ ਮੁਕਾ ਦਿੱਤੀ ਗਈ ਸੀ।

ਜਦ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਆਇਆ ਤਾਂ ਉਹਨਾਂ ਨੇ ਮਨੁੱਖਤਾ ਵਿੱਚ ਕੀਤੀ ਜਾ ਰਹੀ ਇਸ ਕਾਣੀ-ਵੰਡ, ਕੀਤੇ ਜਾ ਰਹੇ ਧੱਕੇ ਵਿਰੁੱਧ ਆਵਾਜ਼ ਉਠਾਈ। ਹਿੰਦੁਸਤਾਨ ਦੀ ਮਰ ਚੁੱਕੀ ਗ਼ੈਰਤ ਨੂੰ ਮੁੜ ਹਲੂਣਾ ਦਿੱਤਾ। ਇਨਸਾਨ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾਇਆ। ਇੱਕ ਸਰਲ, ਸੁਖੈਲੀ ਅਤੇ ਨਵੀਂ ਜੀਵਣ ਜਾਚ ਦਿੱਤੀ। ਇਨਸਾਨ ਦੀ ਸੁਚੱਜੀ ਘਾੜਤ ਘੜਨ ਲਈ ਵਿੱਦਿਆ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸੇ ਲਈ ਦੂਜੇ ਜਾਮੇ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਨਸਾਨ ਨੂੰ ਨੂੰ ਵਿੱਦਿਆਵਾਣ ਬਨਾਉਣ ਲਈ ਵਿਸ਼ੇਸ਼ ਤਰ੍ਹਾ ਨਾਲ ਕਲਾਸਾਂ ਲਗਾ ਕੇ ਸਾਡਾ ਮਾਰਗ ਦਰਸ਼ਨ ਕੀਤਾ। ਪਾਵਣ ਗੁਰਬਾਣੀ ਵਿੱਚ ਦਰਜ ਕੀਤਾ ਗਿਆ ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ਕਿਉਂਕਿ ਇੱਕ ਪੜ੍ਹਿਆ-ਲ਼ਿਖਿਆ ਇਨਸਾਨ ਹੀ ਤੱਤ ਗੁਰਮਤਿ, ਦੀ ਗੱਲ ਤਰਕ, ਦਲੀਲ ਅਤੇ ਵੀਚਾਰ ਨਾਲ ਕਰ ਸਕਦਾ ਹੈ ਅਤੇ ਅੰਧ-ਵਿਸ਼ਵਾਸ਼ ਵਿਰੁੱਧ ਲੋਕਾਈ ਵਿੱਚ ਜਾਗ੍ਰਿਤੀ ਪੈਦਾ ਕਰ ਸਕਦਾ ਹੈ। ਬੁੱਧੀਜੀਵੀਆਂ ਅਤੇ ਸਿਆਣਿਆਂ ਨੇ ਵੀ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ (ਤੀਜੀ ਅੱਖ) ਦਾ ਦਰਜਾ ਦਿੱਤਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿੱਚ ਪੜ੍ਹਾਈ-ਲਿਖਾਈ ਦੀ ਅਹਿਮੀਅਤ ਹੋਰ ਵੀ ਜਿਆਦਾ ਹੋ ਚੁੱਕੀ ਹੈ। ਨਿੱਤ ਨਵੀਆਂ ਪੜਾਈਆਂ ਦੇ ਆਧਾਰ ਤੇ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ, ਜ਼ਮਾਨਾ ਤੇਜੀ ਨਾਲ ਬਦਲ ਰਿਹਾ ਹੈ। ਹਰ, ਦੇਸ਼, ਕੌਮ ਪੜਾਈ-ਲਿਖਾਈ ਦੇ ਬਲਬੂਤੇ ਤੇ ਸੰਸਾਰ ਦੇ ਨਕਸ਼ੇ ਤੇ ਆ ਕੇ ਨਾਮਨਾ ਖੱਟਣਾ ਚਾਹੁੰਦੀ ਹੈ।

ਪਰ ਸਾਡੀ ਬਦਕਿਸਮਤੀ ਹੈ ਕਿ ਸਮਾਜ ਦੇ ਕੁੱਝ ਸਵਾਰਥੀ ਤੱਤਾਂ ਅਤੇ ਸਾਮਜ ਵਿਰੋਧੀ ਤੱਤਾਂ ਨੇ ਕਿਸੇ ਵੀ ਦੇਸ਼, ਕੌਮ, ਧਰਮ ਨੂੰ ਖ਼ਤਮ ਕਰਨ ਲਈ ਜਾਂ ਵਿਗਾੜ ਪੈਦਾ ਕਰਨ ਲਈ, ਸਬੰਧਿਤ ਦੇਸ਼, ਕੌਮ, ਧਰਮ ਨੂੰ ਵਿੱਦਿਆਹੀਣ ਕਰਨ ਦਾ ਨਵਾਂ ਢੰਗ ਤਜਵੀਜ਼ ਕਰ ਲਿਆ ਅਤੇ ਇਨਸਾਨੀ ਸੋਚ ਨੂੰ ਉਹੀ ਗੁਰੂ ਨਾਨਕ ਸਾਹਿਬ ਜੀ ਦੇ ਆਗਮ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ। ਇਹੀ ਕਾਰਣ ਸੀ ਕਿ ਹਿੰਦੁਸਤਾਨ ਨੂੰ ਲੰਮੇ ਸਮਾਂ ਗੁਲਾਮ ਬਨਾਉਣ ਲਈ ਅੰਗਰੇਜ ਸਰਕਾਰ ਵੱਲੋਂ ਵੀ ਇਹੀ ਢੰਗ ਵਰਤਿਆ ਗਿਆ ਸੀ, ਕਿਉਂਕਿ ਅੰਗਰੇਜ਼ ਸਰਕਾਰ ਦਾ ਇਹ ਮੰਨਣਾ ਸੀ ਕਿ ਦੇਸ਼ ਦਾ ਧਰਮ ਅਤੇ ਵਿੱਦਿਆ ਦੀ ਵਿਉਂਤ ਵਿਗਾੜ ਦਿੱਤੀ ਜਾਣ ਨਾਲ ਦੇਸ਼ ਵਧੇਰੇ ਗੁਲਾਮ ਰਹਿ ਸਕਦਾ ਹੈ ਅਤੇ ਹਰ ਇਸਾਈ ਬਣਿਆ ਭਾਰਤੀ ਅੰਗਰੇਜੀ ਰਾਜ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਲਿਜਾ ਸਕਦਾ ਹੈ। ਜਿਸਦੇ ਸਿੱਟੇ ਵੱਜੋਂ ਅਮਰੀਕਨ ਪਰੈਸਬਾਈਟੇਰੀਅਨ ਦੇ ਸਹਿਯੋਗ ਨਾਲ 9 ਫਰਵਰੀ 1852 ਨੂੰ ਚਰਚ ਮਿਸ਼ਨਰੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਅੰਮ੍ਰਿਤਸਰ ਨੂੰ ਮੁੱਖ ਕੇਂਦਰ ਬਣਾਇਆ ਗਿਆ। ਤਿੰਨ ਸਾਲਾਂ ਵਿੱਚ ਹੀ ਇਹਨਾਂ ਨੇ 375 ਪਿੰਡਾਂ ਵਿੱਚ ਸੈਂਟਰ ਬਣਾ ਕੇ 27000 ਹਜ਼ਾਰ ਸ਼ਰਧਾਲੂ ਤਿਆਰ ਕਰ ਲਏ। ਜਿਸਦਾ ਵੱਡਾ ਨੁਕਸਾਨ ਸਿੱਖ ਕੌਮ ਨੂੰ ਵੀ ਉਠਾਉਣਾ ਪਿਆ। ਸਿੱਖਾਂ ਵਿੱਚ ਉਦੋਂ ਕਾਫੀ ਅਨਪੜ੍ਹਤਾ ਸੀ, ਜਿਸਦਾ ਮੁੱਖ ਕਾਰਣ ਸਮੇਂ ਦੀਆਂ ਹਕੂਮਤਾਂ ਵੱਲੋਂ ਸਿੱਖੀ ਖ਼ਤਮ ਕਰਨ ਲਈ ਸਿੱਖਾਂ ਦਾ ਕੀਤਾ ਜਾਂਦਾ ਕਤਲੇਆਮ ਮੁੱਖ ਸੀ ਅਤੇ ਸਿੱਖਾਂ ਦੀ ਬਹੁ-ਗਿਣਤੀ ਸ਼ਹਾਦਤਾਂ ਪੀਂਦੀ ਰਹੀ ਅਤੇ ਰਹਿੰਦੇ ਸਿੱਖ ਆਪਣੀਆਂ ਜਾਨਾਂ ਬਚਾਉਣ ਅਤੇ ਮੁਗਲ ਰਾਜ ਦੇ ਖਾਤਮੇ ਲਈ ਜੰਗਲ ਬੀਆ ਬਾਨਾਂ ਵਿੱਚ ਰਹਿੰਦੇ ਰਹੇ ਅਤੇ ਵਿੱਦਿਆ ਦਾ ਕੋਈ ਠੋਸ ਉਪਰਾਲਾ ਨਾ ਕੀਤਾ ਜਾ ਸਕਿਆ। ਜਿਸ ਕਰਕੇ ਸਿੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਤੋਂ ਵੀ ਦੂਰ ਹੋਏ ਅਤੇ ਅੰਗਰੇਜੀ ਰਾਜ ਵੱਲੋਂ ਈਸਾਈ ਦੇ ਮੱਤ ਫਿਰ ਆਰੀਆ ਮੱਤ ਵੱਲੋਂ ਦੇ ਕੀਤੀ ਜਾ ਰਹੀ ਘੁਸਪੈਠ ਸਦਕਾ ਅੰਧ-ਵਿਸ਼ਵਾਸੀ ਅਤੇ ਕਰਮਕਾਂਡੀ ਵੀ ਬਣ ਗਏ। ਇੱਥੋਂ ਤੱਕ ਸੰਨ 1873 ਵਿੱਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ, ਸੰਤੋਖ ਸਿੰਘ ਨੇ ਇਸਾਈ ਮੱਤ ਧਾਰਨ ਕਰਨ ਦੀ ਇੱਛਾ ਪ੍ਰਗਟਾਈ। ਜਿਸ ਨਾਲ ਸਿੱਖ ਹਿਰਦਿਆਂ ਤੇ ਡੂੰਘੀ ਸੱਟ ਵੱਜੀ। ਉਸ ਸਮੇਂ ਤਾਂ ਮਾਮਲਾ ਸੁਲਝਾ ਲਿਆ ਗਿਆ ਅਤੇ ਸਿੱਖ ਵਿਦਿਆਰਥੀਆਂ ਨੂੰ ਇਸਾਈ ਬਣਨ ਤੋਂ ਰੋਕ ਲਿਆ ਗਿਆ। ਪਰ ਇਸ ਘਟਨਾ ਨੇ ਸਿੱਖਾਂ ਅੰਦਰ ਇੱਕ ਖਲਬਲੀ ਮਚਾ ਦਿੱਤੀ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵੱਲ ਧਿਆਨ ਦੇਣ ਲਈ ਕੁੱਝ ਕਰਨ ਲਈ ਪ੍ਰੇਰਿਆ।

ਇਸੇ ਦੌਰਾਨ ਸਿੰਘ ਸਭਾ ਲਹਿਰ ਹੌਂਦ ਵਿੱਚ ਆਈ, ਜਿਸਨੇ ਵਿੱਦਿਅਕ ਲਹਿਰ ਨੂੰ ਵੀ ਜਨਮ ਦਿੱਤਾ ਅਤੇ ਕੌਮ ਨੂੰ ਜਾਗ੍ਰਿਤ ਕਰਨ ਦਾ ਫ਼ੈਂਸਲਾ ਕੀਤਾ। ਪ੍ਰੋ. ਗੁਰਮੁੱਖ ਸਿੰਘ ਜੀ ਦੇ ਯਤਨਾਂ ਸਦਕਾ ਓਰੀਐਂਟਲ ਕਾਲਜ (ਲਾਹੌਰ) ਰਾਹੀਂ ਪੰਜਾਬੀ ਪ੍ਰਚਾਰ ਦਾ ਮੁੱਢ ਬੰਨਣ ਦਾ ਕਾਰਜ ਕੀਤਾ ਗਿਆ। 1878 ਈਸਵੀ ਵਿੱਚ ਲਾਹੌਰ ਵਿੱਚ ਇੱਕ ਨਵੀਂ ਸਿੰਘ ਸਭਾ ਲਹਿਰ ਬਣਾਈ ਗਈ। 1880 ਈ: ਵਿੱਚ ਠੇਠ ਪੰਜਾਬੀ ਦਾ ‘ਸਪਤਾਹਿਕ ਗੁਰਮੁੱਖੀ ਅਖ਼ਬਾਰ’ ਸ਼ੁਰੂ ਕੀਤਾ ਗਿਆ। ਸਮਾਂ ਅਜਿਹਾ ਸੀ ਕਿ ਆਰੀਆ ਸਕੂਲ, ਈਸਾਈ ਸਕੂਲ ਵਿੱਦਿਆ ਦੇ ਖੇਤਰ ਵਿੱਚ ਕਾਮਯਾਬੀ ਪ੍ਰਾਪਤ ਕਰ ਚੁੱਕੇ ਸਨ, ਪਰ ਸਿੱਖ ਅਜੇ ਵਿੱਦਿਅਕ ਖੇਤਰ ਤੋਂ ਪਛੜੇ ਹੋਏ ਸਨ। ਇਸ ਲਈ ਗੁਰਮੁੱਖੀ ਅਖਬਾਰ ਰਾਹੀਂ ਸਿੱਖ ਵਿਦਿਆਰਥੀਆਂ ਲਈ ਵੀ ਸਕੂਲ/ਕਾਲਜ ਖ੍ਹੋਲੇ ਜਾਣ ਦਾ ਪ੍ਰਚਾਰ ਕੀਤਾ ਗਿਆ। ਜਿਸਦੇ ਫਲਸਰੂਪ ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ ਆਦਿ ਸਿੱਖ ਵਿੱਦਿਅਕ ਅਦਾਰੇ ਹੌਂਦ ਵਿੱਚ ਆਏ। 5 ਮਾਰਚ 1892 ਨੂੰ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ ਅਤੇ ਸਿੱਖ ਕੌਮ ਨੂੰ ਵਿਦਿਆਵਾਨ ਬਨਾਉਣ ਲਈ ਕਾਰਜ ਸ਼ੁਰੂ ਕੀਤੇ ਗਏ। ਇਹ ਤਾਂ ਸੀ ਸਾਡੇ ਬਜ਼ੁਰਗਾਂ ਵੱਲੋਂ ਸਿੱਖ ਨੌਜਵਾਨਾਂ ਅਤੇ ਕੌਮ ਨੂੰ ਦਿੱਤੀ ਗਈ ਵਿੱਦਿਆ ਦੀ ਦਾਤ ਅਤੇ ਜ਼ਰੂਰਤ ਬਾਰੇ ਕੀਤਾ ਗਿਆ ਉਪਰਾਲਾ ਤਾਂ ਕਿ ਪੜ੍ਹੇ ਲਿਖੇ ਸਿੱਖ ਵੀ ਅੱਗੇ ਆ ਕੇ ਦੇਸ਼, ਸਮਾਜ, ਧਰਮ ਦੀ ਚੜ੍ਹਦੀ ਕਲਾ ਲਈ ਉਪਰਾਲੇ ਕਰਕੇ ਸਿੱਖ ਨਜਗਤ ਦਾ ਸਿਰ ਮਾਣ ਨਾਲ ਉੱਚਾ ਕਰ ਸਕਣ।

ਪਰ ਅੱਜ ਮੌਜੂਦਾ ਸਥਿਤੀ ਇਸਦੇ ਬਿਲਕੁਲ ਉਲਟ ਚੱਲ ਰਹੀ ਹੈ। ਭਾਵੇਂ ਕਿ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਖਾਲਸਾ ਸਕੂਲ/ਕਾਲਜ, ਗੁਰੂ ਸਾਹਿਬਾਨਾਂ, ਸ਼ਹੀਦਾਂ ਦੇ ਨਾਮ ਤੇ ਖੁਲ੍ਹ ਚੁੱਕੇ ਹਨ, ਪਰ ਫਿਰ ਵੀ ਸਿੱਖ ਨੌਜਵਾਨਾਂ ਦੀ ਵਿੱਦਿਅਕ ਖੇਤਰ ਵਿੱਚਲੀ ਹਾਲਤ ਬਹੁੱਤ ਚਿੰਤਾਜਨਕ ਬਣੀ ਹੋਈ ਹੈ। ਅੱਜ ਦੇਖਿਆ ਜਾਵੇ ਤਾਂ ਪੰਜਾਬ ਦਾ ਵਿੱਦਿਅਕ ਢਾਂਚਾ ਬੁਰੀ ਤਰ੍ਹਾਂ ਲੜਖੜਾ ਚੁੱਕਿਆ ਹੈ। ਅੱਜ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਧੜਾਧੜ ਪ੍ਰਾਈਵੇਟ ਸਕੂਲ ਖੋਲ੍ਹੇ ਜਾ ਰਹੇ ਹਨ, ਜਿਹਨਾਂ ਵਿੱਚ ਉੱਚ ਪਾਏ ਦੀ ਵਿੱਦਿਆ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਹੈ। ਗਲੀ-ਮੁਹੱਲਿਆਂ ਵਿੱਚ ਖੁਲ੍ਹੇ ਇਹ ਸਕੂਲ ਇੱਕ ਵਪਾਤਰਕ ਕੇਂਦਰ ਤੋਂ ਵੱਧ ਕੁੱਝ ਨਹੀਂ ਹਨ। 100 ਤੋਂ 500 ਗਜ਼ ਦੀ ਜ਼ਮੀਨ ਵਿੱਚ ਅੱਠਵੀ ਅਤੇ ਦਸਵੀਂ ਤੱਕ ਦੇ ਖੁਲ੍ਹੇ ਇਹਨਾਂ ਸਕੂਲਾਂ ਵਿੱਚ ਜਿਆਦਤਰ ਅਧਿਆਪਕਾਵਾਂ ਬੀ. ਏ. ਪਾਸ ਤੱਕ ਹਨ ਅਤੇ ਜੇ ਸਕੂਲ ਅੱਠਵੀ ਤੱਕ ਹੈ ਤਾਂ ਇੱਕ ਵਧੀਆ ਅਧਿਆਪਕ ਤੋਂ ਬਿਨ੍ਹਾਂ ਬਾਕੀ ਸਾਰੀਆਂ ਅਧਿਆਪਕਾਵਾਂ +2 ਤੱਕ ਹੀ ਹੁੰਦੀਆਂ ਹਨ। ਅਧਿਆਪਲਾਂ ਦੀ ਥਾਂ ਤੇ ਅੀਧਆਪਕਾਵਾਂ ਨੂੰ ਤਵੱਜੋਂ ਦਿੱਤੀ ਜਾਂਦੀ ਹੈ, ਕਿਉਂਕਿ ਇਹਨਾਂ ਦੀ ਤਨਖਾਹ ਵੀ 600-700 ਤੋਂ ਲੈ ਕੇ 1500 ਰੁਪਏ ਪ੍ਰਤੀ ਮਹੀਨਾ ਤੱਕ ਹੁੰਦੀ ਹੈ। ਇਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਸਵੀਂ ਦੇ ਵਿਦਿਆਰਥੀ ਨੂੰ ਕਿੰਨੀ ਕੁ ਜਬਰਦਸਤ ਸਿੱਖਿਆ ਦਿੱਤੀ ਜਾ ਸਕਦੀ ਹੈ। ਇਹੀ ਕਾਰਣ ਹੈ ਕਿ ਦਸਵੀਂ ਤੋਂ ਬਾਅਦ ਵਿਦਿਆਰਥੀ ਡਾਕਟਰੀ, ਇੰਜੀਅਰਿੰਗ ਜਾਂ ਹੋਰ ਉੱਚ ਅਹੁਦਿਆਂ ਸਬੰਧੀ ਪੜਾਈ ਕਰਨ ਦੀ ਥਾਂ ਤੇ ਆਰਟਸ ਨੂੰ ਹੀ ਪਹਿਲ ਦਿੰਦੇ ਹਨ। ਨਾ ਤਾਂ ਇਹਨਾਂ ਸਕੂਲਾਂ ਵਿੱਚ ਵੱਡੇ ਖੇਡ ਦੇ ਮੈਦਾਨ, ਨਾ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਾ, ਨਾ ਸਕੂਲ ਵਿੱਚ ਚੰਗੀ ਲਾਇਬ੍ਰੇਰੀ, ਨਾ ਵੱਡੀ ਲੈਬਾਰਟਰੀ ਨਾ ਹੋਰ ਸਹੂਲਤਾਂ ਹੁੰਦੀਆਂ ਹਨ।

ਜਦਕਿ ਵੱਡੇ ਬਜਟ ਵਾਲੀਆਂ ਕੁੱਝ ਸੰਸਥਾਵਾਂ ਇਸਾਈ ਮੱਤ, ਹਿੰਦੂ ਮੱਤ ਜਾਂ ਹੋਰ ਵੀ ਦੂਜੇ ਧਰਮਾਂ ਦੇ ਨਾਮ ਤੇ ਵੀ ਸ਼ਹਿਰਾਂ ਵਿੱਚ ਵੱਡੇ-ਵੱਡੇ ਅਤੇ ਉੱਚ ਪਾਏ ਦੇ ਸਕੂਲ, ਕਾਲਜ ਹੁਣ ਯੂਨੀਵਰਸਿਟੀਆਂ ਵੀ ਖੋਲ੍ਹੀਆਂ ਜਾ ਰਹੀਆਂ ਹਨ, ਜਿਹਨਾਂ ਵਿੱਚ ਵਿਦਿਆਰਥੀਆਂ ਦੀਆਂ ਹਰ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਤਿਆਰੀ ਕਰਵਾਈ ਜਾਂਦੀ ਹੈ। ਨੌਕਰੀਆਂ ਵਾਸਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸਿੱਖਾਂ ਨੂੰ ਇਹਨਾਂ ਸੰਸਥਾਵਾਂ ਵਿੱਚ ਵੀ ਕੈਰੀ ਅੱਖ ਨਾਲ ਹੀ ਵੇਖਿਆ ਜਾਂਦਾ ਹੈ। ਦੂਜੇ ਪਾਸੇ ਪੰਜਾਬ ਦਾ ਪੇਂਡੂ ਵਰਗ, ਆਮ ਵਰਗ ਅਤੇ ਦਰਮਿਆਨਾ ਤਬਕਾ ਇਹੋ ਜਿਹੇ ਅਤਿ ਮਹਿੰਗੇ ਅਤੇ ਆਧੁਨਿਕ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦਾ। ਇਹਨਾਂ ਸਕੂਲਤਾਂ ਕਾਲਜਾਂ ਦੀਆਂ ਫੀਸਾਂ 50 ਹਜ਼ਾਰ ਤੋਂ ਲੈ ਕੇ ਲੱਖਾਂ ਰੁਪਿਆਂ ਤੱਕ ਜਾਂਦੀਆਂ ਹਨ। ਜਿਸ ਕਰਕੇ ਆਮ ਵਰਗ ਨੂੰ ਮਜਬੂਰੀ ਵੱਸ ਗਲੀਂ ਮੁਹੱਲਿਆਂ ਵਿੱਚ ਖੁਲ੍ਹੇ ਸਕੂਲਾਂ ਜਾਂ ਫਿਰ ਪਿੰਡ ਦੇ ਸਰਕਾਰੀ ਸਕੂਲਾਂ ਦਾ ਆਸਰਾ ਲੈਣਾ ਪੈਂਦਾ ਹੈ ਕਿ ਸਾਡੇ ਬੱਚੇ ਚਾਰ ਅੱਖਰ ਪੜ੍ਹ ਜਾਣ।

ਤੀਜਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ, ਜਿਹਨਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਪੜ੍ਹ ਰਹੇ ਹਨ, ਪਰ ਸਰਕਾਰੀ ਸਕੂਲਾਂ ਦੀ ਸਥਿਤੀ ਸ਼ਹਿਰ ਦੇ ਮਹਿੰਗੇ ਸਕੂਲਾਂ ਦੇ ਸਾਹਮਣੇ ਸਿਫਰ ਹੈ। ਸਾਰਕਾਰੀ ਸਕੂਲਾਂ ਦੀ ਵਿੱਦਆ ਨੂੰ ਤਾਂ ਜਿਵੇਂ ਗ੍ਰਹਿਣ ਹੀ ਲੱਗ ਗਿਆ ਹੋਵੇ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗ਼ੈਰ-ਹਾਜ਼ਰੀ ਵੀ ਸੱਭ ਤੋਂ ਵੱਧ ਹੁੰਦੀ ਹੈ, ਜੇ ਨਾ ਵੀ ਹੋਵੇ ਤਾਂ ਸਰਕਾਰ ਵੱਲੋਂ ਹੀ 36 ਤਰ੍ਹਾਂ ਦੀਆਂ ਡਿਊਟੀਆਂ ਲਗਾ ਕੇ ਸਟਾਫ ਨੂੰ ਆਪ ਹੀ ਗ਼ੈਰ-ਹਾਜ਼ਰ ਕਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚਲੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਰੀਕੇ ਦੀ ਪੜ੍ਹਾਈ ਕਰਵਾਉਣ ਦੇ ਕੋਈ ਵੀ ਠੋਸ ਯਤਨ ਨਹੀਂ ਕੀਤੇ ਜਾਦੇ, ਆਪਣੇ ਪੱਧਰ ਤੇ ਸਥਾਨਕ ਇਲਾਕੇ ਦੇ ਸਹਿਯੋਗ ਨਾਲ ਭਾਵੇਂ ਉਪਰਾਲੇ ਕਰ ਲਏ ਜਾਣ, ਪਰ ਸਰਕਾਰ ਵੱਲੋਂ ਕੋਈ ਯਤਨ ਨਹੀਂ ਹੋ ਰਿਹਾ। ਅੱਜ ਵੀ ਸਿੱਖਾਂ ਦੀ ਬਹੁ-ਗਿਣਤੀ ਪਿੰਡਾਂ ਵਿੱਚ ਵੱਸਦੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਹੀ ਵਿੱਦਿਆ ਗ੍ਰਹਿਣ ਕਰ ਰਹੀ ਹੈ। ਪੰਜਾਬ ਵਿੱਚ ਸੀ. ਬੀ. ਐੱਸ. ਈ (CBSE), ਆਈ. ਸੀ. ਐੱਸ. ਈ. (ICSE) ਵਰਗੇ ਬੋਰਡ ਨੂੰ ਮਾਨਤਾ ਦਿੱਤੀ ਜਾ ਰਹੀ ਹੈ, ਜਿਸ ਕਾਰਣ ਪੰਜਾਬੀ ਭਾਸ਼ਾ ਦੀ ਹੌਂਦ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਹੈ। ਪੰਜਾਬ ਸਿੱਖਿਆ ਬੋਰਡ ਵੱਲੋਂ ਇਸ ਸਾਲ 2009 ਵਿੱਚ ਲਈ ਗਈ ਅੱਠਵੀਂ ਜਮਾਤ ਦਾ ਨਤੀਜਾ ਵੀ ਹੈਰਾਨੀਜਨਕ ਹੈ ਅਤੇ ਸੋਚਣ ਲਈ ਮਜਬੂਰ ਕਰਨ ਵਾਲਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਕਿਤਨਾ ਘਾਤਕ ਹੋਣ ਸਕਦਾ ਹੈ। ਵਿੱਦਿਆ ਤੋਂ ਬਿਨ੍ਹਾਂ ਇਨਸਾਨ ਦੇ ਰਾਹ ਵਿੱਚ ਤਾਂ ਔਕੜਾਂ ਹੀ ਔਕੜਾਂ ਹੁੰਦੀਆਂ ਹਨ।

1985-86 ਵਿੱਚ ਪੰਜਾਬ ਦੀ ਸਿੱਖਿਆ ਦੂਜੇ ਰਾਜਾਂ ਦੇ ਮੁਕਾਬਲੇ 7ਵੇਂ ਨੰਬਰ ਤੇ ਸੀ, ਜੋੇ ਅੱਜ 21ਵੇਂ ਨੰਬਰ ਤੇ ਹੈ। ਸਰਕਾਰੀ ਸਕੁਲਾਂ ਦੇ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਰਾਜ਼ੀ ਨਹੀਂ ਹਨ। ਅਤੇ ਮਹਿੰਗੇ ਸਕੂਲਾਂ ਵਿੱਚ ਆਮ ਵਰਗ ਨਹੀਂ ਪੜ੍ਹ ਸਕਦਾ। ਸਰਕਾਰ ਵੱਲੋਂ ਜਾਂ ਧਾਰਮਿਕ ਸੰਸਥਾਵਾਂ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੋਈ ਖਾਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਨੌਜਵਾਨ ਵਿਦਿਆ ਤੋਂ ਸੱਖਣਾ ਹੋ ਰਿਹਾ ਹੈ, ਜਿਸ ਨੂੰ ਸਾਜਸ਼ ਵੀ ਕਿਹਾ ਜਾ ਸਕਦਾ ਹੈ।

ਅੱਜ ਸਿੱਖਾਂ ਲਈ ਵੀ ਸੋਚਣ ਦੀ ਘੜੀ ਹੈ ਕਿ ਹਿੰਦੋਸਤਾਨ ਵਿੱਚ ਸਿੱਖ ਨੌਜਵਾਨ ਬਿਨ੍ਹਾਂ ਚੰਗੀ ਵਿੱਦਿਆ ਤੋਂ ਉੱਚ ਅਹੁਦਿਆਂ ਦੇ ਮਾਲਕ ਕਿਵੇਂ ਬਣ ਸਕਦੇ ਹਨ? ਇੱਕ ਸਰਵੇਖਣ ਅਨੁਸਾਰ ਅੱਖਰ ਗਿਆਨ ਰੱਖਣ ਵਾਲੇ ਸਿੱਖਾਂ ਦੀ ਆਬਾਦੀ 58 ਫੀਸਦੀ ਹੈ ਅਤੇ 42 ਫੀਸਦੀ ਲਈ ਕਾਲਾ ਅੱਖਰ ਮੱਝ ਬਰਾਬਰ ਹੈ। ਅੱਜ ਵਿੱਦਿਆ ਅਤੇ ਉੱਚ ਸਿੱਖਿਆ ਦੀ ਪ੍ਰਾਪਤੀ ਤੋਂ ਨੌਜਵਾਨਾਂ ਦੇ ਅਵੇਸਲੇ ਹੋਣ ਦਾ ਇੱਕ ਕਾਰਣ ਦਿਨ-ਬ-ਦਿਨ ਵੱਧ ਰਹੀ ਬੇਰੁਜਗਾਰੀ ਵੀ ਹੈ। ਬੇਰੁਜਗਾਰੀ ਕਾਰਣ ਹੀ ਉੱਚ ਵਿਦਿੱਆ ਪ੍ਰਾਪਤ ਕਰਨ ਦੀ ਤਾਂਘ ਵੀ ਘੱਟ ਰਹੀ ਹੈ। ਪੰਜਾਬ ਵਿੱਚ ਵੱਧ ਰਹੀ ਪ੍ਰਵਾਸੀ ਮਜਦੂਰਾਂ ਦੀ ਬਹੁੱਗਿਣਤੀ ਵੀ ਪੰਜਾਬ ਵਿੱਚ ਪੰਜਾਬੀ ਭਰਾਵਾਂ ਲਈ ਬੇਰੁਜਗਾਰੀ ਫੈਲਾਉਣ ਦਾ ਕੰਮ ਕਰ ਰਹੀ ਹੈ, ਕਿਉਂਕਿ ਘੱਟ ਕੀਮਤਾਂ ਤੇ ਇਹਨਾਂ ਵੱਲੋਂ ਹਰ ਖੇਤਰ ਵਿੱਚ ਕਬਜ਼ਾ ਕੀਤਾ ਜਾ ਰਿਹਾ ਹੈ। ਸਰਕਾਰੀ ਵਿੱਦਿਆ ਤੰਤਰ ਵਿੱਚ ਨਕਲ ਦਾ ਰੁਝਾਨ ਵੀ ਕਾਫੀ ਚਿੰਤਾਜਨਕ ਵਿਸ਼ਾ ਹੈ, ਜੋ ਅਮਰ ਵੇਲ ਵਾਂਗ ਵੱਧ ਰਿਹਾ ਹੈ। ਵਿੱਦਿਆ ਦੇ ਸਰਟੀਫਿਕੇਟ ਇੱਕ ਵੱਡੀ ਕੀਮਤ ਅਦਾ ਕਰਕੇ ਖ੍ਰੀਦੇ ਅਤੇ ਵੇਚੇ ਜਾ ਰਹੇ ਹਨ। ਪੰਜਾਬ ਦਾ ਨੌਜਵਾਨ ਦਿਸ਼ਾ ਹੀਣ ਹੋ ਰਿਹਾ ਹੈ।

ਸੋ ਅੱਜ ਲੋੜ ਹੈ ਕਿ ਪੰਜਾਬ ਦੀ ਤਰੱਕੀ ਵਾਸਤੇ ਉੱਦਮ ਉਪਰਾਲੇ ਕੀਤੇ ਜਾਣ ਅਤੇ ਇਹ ਗੱਲ ਵੀ ਸਾਫ ਹੈ ਕਿ ਵਿੱਦਿਆ ਤੋਂ ਬਿਨ੍ਹਾਂ ਕੋਈ ਵੀ ਕੌਮ, ਦੇਸ਼ ਜਾਂ ਧਰਮ ਤਰੱਕੀ ਨਹੀਂ ਕਰ ਸਕਦਾ। ਮੈਂ ਸਮੂਹ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕਰਾਂਗਾ ਕਿ ਵਿੱਦਿਅਕ ਖੇਤਰ ਵਿੱਚ ਸਮੁੱਚੇ ਪੰਜਾਬ ਲਈ ਕ੍ਰਾਂਤੀ ਲਿਆਂਦੀ ਜਾਵੇ। ਸ਼੍ਰੋਮਣੀ ਕਮੇਟੀ ਦੇ ਅਧੀਨ ਅੱਜ ਸ਼ੈਂਕੜੇ ਸਕੂਲ ਚੱਲ ਰਹੇ ਹਨ ਇਹ ਵਿੱਦਿਆ ਖੇਤਰ ਵਿੱਚ ਚੰਗੀ ਪ੍ਰਾਪਤੀ ਕਰ ਸਕਦੀ ਹੈ, ਅਤੇ ਨਾਲ ਹੀ ਸੱਸਤੀ ਅਤੇ ਵਧੀਆ ਵਿੱਦਿਆ ਸਿੱਖ ਵਿਦਿਆਰਥੀਆਂ ਨੂੰ ਮੁੱਹਈਆ ਕਰਵਾ ਸਕਦੀ ਹੈ, ਜੇਕਰ ਚਾਹੇ ਤਾਂ। ਨਾਲ ਹੀ ਹੋਰ ਸਮਾਜਕ, ਰਾਜਨੀਤਿਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿੱਦਿਆ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾਵੇ। ਵਿੱਦਿਆ ਵਰਗੇ ਕੀਮਤੀ ਖਜਾਨੇ ਨਾਲ ਹੀ ਸਮਾਜ ਦੀ ਗਰੀਬ ਅਤੇ ਕਮਜੋਰ ਵਰਗ ਦੀ ਬਦਹਾਲੀ ਨੂੰ ਦੂਰ ਕੀਤਾ ਜਾ ਸਕਦਾ ਹੈ। ਧਾਰਮਿਕ ਜਥੇਬੰਦੀਆਂ ਅਤੇ ਦੇਸ਼-ਵਿਦੇਸ਼ ਵਿੱਚ ਬੈਠੇ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਸਿੱਖ ਨੌਜਵਾਨਾਂ ਲਈ ਵਧੀਆ ਸਿੱਖਿਆ ਦਾ ਉਪਰਾਲਾ ਕੀਤਾ ਜਾ ਸਕੇ, ਨਹੀਂ ਤਾਂ ਪੰਜਾਬ ਦੀ ਹਾਲਤ ਕੋਈ ਵਧੀਆ ਨਹੀਂ ਹੈ। ਇਸ ਹਿਸਾਬ ਨਾਲ ਤਾਂ ਆਉਣ ਵਾਲੇ ਸਮੇਂ ਵਿੱਚ ਉੱਚ ਅਹੁਦਿਆਂ ਦੇ ਮਾਲਕ ਬਣਨ ਵਿੱਚ ਸਿੱਖ ਹਮੇਸ਼ਾਂ ਪਿੱਛੇ ਹੀ ਰਹਿਣਗੇ। ਸੋ ਆਉ ਭਾਈ ਗੁਰਦਾਸ ਜੀ ਦੇ ਬਚਨਾਂ:

ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਸਿਖ ਕੋ ਇੱਕ ਸ਼ਬਦ ਸਿਖਾਏ ਕਾ।

ਤੋਂ ਸੇਧ ਲੈ ਕੇ ਪੁਖਤਾ ਵਿੱਦਿਆ ਪ੍ਰਬੰਧ ਕਰੀਏ ਅਤੇ ਪਾਵਨ ਬਾਣੀ ਵਿੱਚ ਵੀ ਗੁਰੂ ਪਾਤਸਾਹ ਸਾਨੂੰ ਹੁਕਮ ਕਰਦੇ ਹਨ:

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (ਪ੍ਰਭਾਤੀ, ਮਃ 1, ਪੰਨਾ. 1326)

ਸੋ ਅੰਤ ਵਿੱਚ ਇਹੀ ਕਹਿਣਾ ਚਾਹਵਾਂਗਾ ਕਿ ਆਉ ਅੱਜ ਫਿਰ ਸਮਾਂ ਹੈ ਕਿ ਅਸੀਂ ਆਪਣੇ ਖ਼ਾਲਸਾ, ਸਕੂਲਾਂ/ਕਾਲਜਾਂ ਵਿੱਚ ਨਵੀਂ ਰੂਹ ਫੂਕੀਏ ਅਤੇ ਸਿੰਘ ਸਭਾ ਲਹਿਰ ਦੀ ਤਰ੍ਹਾਂ ਵਿੱਦਿਆ ਦੀ ਲਹਿਰ ਨੂੰ ਮੁੜ ਸੁਰਜੀਤ ਕਰੀਏ ਤਾਂ ਕਿ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਰ੍ਹਾਂ ਹਰ ਪੜ੍ਹਿਆ-ਲਿਖਿਆ ਸਿੱਖ ਪੂਰੇ ਸੰਸਾਰ ਵਿੱਚ ਸਿੱਖ ਕੌਮ ਦਾ ਸਿਰ ਉੱਚਾ ਕਰ ਸਕੇ ਅਤੇ ਪੂਰਨ ਸਿੱਖੀ ਰੂਪ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਦਾ ਨਮੂਨਾ ਦੁਨੀਆ ਸਾਹਮਣੇ ਰੱਖ ਸਕੇ। ਆਉ ਆਪਣਾ ਘਰ ਸੰਭਾਲੀਏ।

*****

-ਇਕਵਾਕ ਸਿੰਘ ਪੱਟੀ

ਮੈਨੇਜਿੰਗ ਡਾਇਰੈਕਟਰ

ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ,

ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਮੋ. 98150-24920




.