.

ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 04)
(ਸਾਧਾਰਣ ਪਾਠ ਤੋਂ ਗੁਰਬਾਣੀ ਦੀ ਕਥਾ ਤੱਕ)

(8) (ੳ) ਰਹਿਤ ਮਰਿਆਦਾ ਦੇ ਪੰਨਾ ਨੰ: 16 ਉੱਪਰ ‘ਸਾਧਾਰਨ ਪਾਠ’ ਸਿਰਲੇਖ ਅਧੀਨ ਭਾਗ (ੲ) ਵਿੱਚ ਦਰਜ ਹੈ:
“ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦਿ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ”
ਵਿਚਾਰ:
ਮੂੰਹ ਸੁੱਚਾ ਹੋਣਾ ਜਾਂ ਸੁਚੱਮ ਦਾ ਇਹ ਬ੍ਰਾਹਮਣਵਾਦੀ ਭਰਮ ਕਿਉਂ? ਕਿਉਂ ਅਸੀਂ ਗੁਰਬਾਣੀ ਨੂੰ ਸਮਝਣ ਵਿਚਾਰਨ ਦੀ ਥਾਂ ਉਸ ਨੂੰ ਕਰਮਕਾਂਡ ਬਣਾ ਕੇ ਪੜ੍ਹੀ ਜਾਣਾ ਚਾਹੁੰਦੇ ਹਾਂ। ਸ਼ਾਇਦ ਇਸ ਨੁਕਤੇ ਦਾ ਸਰੋਤ ਉਹ ਰਹਿਤਨਾਮਾ ਹੈ ਜਿਸ ਵਿੱਚ ਇਹ ਲਫਜ਼ ਆਉਂਦੇ ਹਨ:
ਬਿਨਾ ਜਪੁ ਜਾਪ ਜਪੇ, ਜੋ ਜੇਵਹਿ ਪ੍ਰਸਾਦਿ॥
ਸੋ ਬਿਸਟਾ ਕਾ ਕਿਰਮ ਹੋਇ, ਜਨਮ ਗਵਾਵੈ ਬਾਦ॥
ਇੱਥੇ ਇਹ ਜ਼ਰੂਰ ਸਪਸ਼ਟ ਹੋਣਾ ਚਾਹੀਦਾ ਹੈ ਕਿ ਰਹਿਤਨਾਮਿਆਂ ਸਮੇਤ ਜ਼ਿਆਦਾਤਰ ਸਿੱਖ ਪੁਸਤਕਾਂ ਅਤੇ ਗ੍ਰੰਥ ਬ੍ਰਾਹਮਣਵਾਦੀ ਵਿਚਾਰਾਂ ਨਾਲ ਭਰਪੂਰ ਮਿਲਦੇ ਹਨ। ਬ੍ਰਾਹਮਣਵਾਦੀਆ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ (ਰਾਗਮਾਲਾ, ਮੀਰਾਬਾਈ ਦਾ ਸ਼ਬਦ ਆਦਿ)। ਇਸ ਕਰਕੇ ਸਾਨੂੰ ਸੇਧ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਚਾਹੀਦੀ ਹੈ। ਐਸੇ ਕਿਸੇ ਬ੍ਰਾਹਮਣਵਾਦੀ ਸਰੋਤ ਤੋਂ ਨਹੀਂ। ਇਹ ਨੁਕਤਾ ਵੀ ਗੁਰਮਤਿ ਸਿਧਾਂਤਾਂ ਦੇ ਖਿਲਾਫ ਜਾਪਦਾ ਹੈ, ਇਸ ਲਈ ਇਹ ਵੀ ਤਿਆਗਣ ਯੋਗ ਹੈ।
(ਅ) ‘ਸਧਾਰਨ ਪਾਠ’ ਸਿਰਲੇਖ ਅਧੀਨ ਭਾਗ (ਹ) ਵਿੱਚ ਦਰਜ ਹੈ:
“ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸ ਕਰ ਕੇ ਹੁਕਮ ਲੈਣਾ ਚਾਹੀਏ। ਫੇਰ ਜਪੁ ਜੀ ਸਾਹਿਬ ਦਾ ਪਾਠ ਕਰਨਾ ਚਾਹੀਏ।”
ਵਿਚਾਰ: ਅਸੀਂ ਮਰਿਆਦਾ ਦੇ ਨਾਂ ਉੱਤੇ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ, ਰਾਗਮਾਲਾ ਤੋਂ ਬਗੈਰ) ਦੇ ਪਾਠ ਨੂੰ ਇੱਕ ਐਸਾ ਕਰਮਕਾਂਡ ਬਣਾ ਚੁੱਕੇ ਹਾਂ ਕਿ ਉਹ ਸਿਰਫ ਰਸਮ ਪੂਰਤੀ ਬਣ ਕੇ ਰਹਿ ਗਇਆ ਹੈ। ਗੁਰਬਾਣੀ ਸਮਝਨ ਵਿਚਾਰਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਸਮਝੀ ਜਾ ਰਹੀ। ਹੁਣ ਇਸੇ ਮੱਦ ਅਨੁਸਾਰ ਪਾਠ (ਸਹਿਜ) ਸ਼ੁਰੂ ਕਰਨ ਵੇਲੇ (ਜਾਂ ਦੀਵਾਨ ਦੀ ਸਮਾਪਤੀ ਵੇਲੇ) ਅਨੰਦ ਸਾਹਿਬ ਦੀਆਂ ਛੇ ਪਉੜੀਆਂ (ਪਹਿਲੀ ਤੇ ਅੰਤਿਮ) ਦਾ ਰਸਮੀ ਪਾਠ ਜਾਂ ਕੀਰਤਨ ਕਰਨ ਦਾ ਕੀ ਭਾਵ ਰਹਿ ਜਾਂਦਾ ਹੈ। ਪਹਿਲੀਆਂ ਪੰਜ ਅਤੇ ਅੰਤਿਮ ਇੱਕ ਪਉੜੀ ਹੀ ਕਿਉਂ ਹੋਵੇ? ਇਸ ਦਾ ਕੋਈ ਵੀ ਆਧਾਰ ਸਮਝ ਨਹੀਂ ਆਉਂਦਾ। ਅਨੰਦ ਸਾਹਿਬ ਵਿੱਚੋਂ 6 ਪਉੜੀਆਂ ਕੱਢ ਲੈਣੀਆਂ ਠੀਕ ਨਹੀਂ ਜਾਪਦੀਆਂ, ਜਦਕਿ ਪੂਰੇ ਅਨੰਦ ਸਾਹਿਬ ਵਿੱਚ 40 ਪਉੜੀਆਂ ਹਨ। ਛੇ ਪਉੜੀਆਂ ਦਾ ਪਾਠ ਇੱਕ ਐਸਾ ਕਰਮਕਾਂਡ ਬਣ ਚੁੱਕਾ ਹੈ ਕਿ ਇਸ ਦਾ ਵਿਚਲਾ ‘ਅਨੰਦ’ ਹੀ ਖਤਮ ਹੋ ਗਿਆ ਜਾਪਦਾ ਹੈ। ਬਸ ਇੱਕ ਰਟਨ ਵਜੋਂ ਹੀ ਪੜ੍ਹਿਆ ਜਾ ਰਿਹਾ ਹੈ। ਅਨੰਦ ਸਾਹਿਬ ਦਾ ਕੀਰਤਨ ਸ਼ੁਰੂ ਹੁੰਦੇ ਹੀ ਸੰਗਤ ਵਿੱਚੋਂ ਕਈਂ ਉੱਠ ਜਾਂਦੇ ਹਨ ਕਿ ਚਲੋ ਸਮਾਪਤੀ ਹੋਣ ਵਾਲੀ ਹੈ ਜਾਂ ਫਿਰ ਬਾਹਰ ਕੁੱਝ ਸੱਜਣ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਅਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਹੈ, ਸਮਾਪਤੀ ਹੋਣ ਵਾਲੀ ਹੈ ਚਲੋ ਦੀਵਾਨ ਹਾਲ ਵਿੱਚ ਚਲੀਏ।
ਲੋੜ ਹੈ ਗੁਰਬਾਣੀ ਨੂੰ ਸਿਰਫ ਸਮਝਨ, ਵਿਚਾਰਨ ਅਤੇ ਅਮਲ ਦੇ ਨਜ਼ਰੀਏ ਤੋਂ ਪੜ੍ਹਨ ਦੀ ਨਾ ਕਿ ਇੱਕ ਰਸਮ ਪੂਰਤੀ ਜਾਂ ਕਰਮਕਾਂਡ ਲਈ। ਅਨੰਦ ਸਾਹਿਬ ਦੇ ਪਾਠ ਨੂੰ ਭੋਗ (ਸਮਾਪਤੀ) ਨਾਲ ਜੋੜਨਾ ਕਰਮਕਾਂਡੀ ਬਣਾਉਂਣਾ ਜਾਪਦਾ ਹੈ। ਇਸ ਲਈ ਇਹ ਪ੍ਰਥਾ ਤਿਆਗਣ ਯੋਗ ਹੈ।
(9) (ੳ) ਇਸ ਤੋਂ ਅੱਗੇ ਰਹਿਤ ਮਰਿਆਦਾ ਵਿੱਚ ਪੰਨਾ ਨੰ: 17 ਉੱਤੇ ‘ਅਖੰਡ ਪਾਠ’ ਕਰਨ ਦੀ ਮਰਿਆਦਾ ਦੱਸੀ ਗਈ ਹੈ।
ਵਿਚਾਰ: ਅਖੰਡ ਪਾਠ ਦੀ ਪ੍ਰਥਾ ਐਸਾ ਬ੍ਰਾਹਮਣਵਾਦੀ ਕਰਮਕਾਂਡ ਬਣ ਚੁੱਕੀ ਹੈ, ਜਿਸ ਨੇ ਕੌਮ ਦਾ ਬਹੁਤ ਜ਼ਿਆਦਾ ਸਿਧਾਂਤਕ ਨੁਕਸਾਨ ਕੀਤਾ ਹੈ। ਇਹ ਬ੍ਰਾਹਮਣ ਦੇ ਮੰਤਰਵਾਦ ਅਤੇ ਮੁਕਾਉਣ ਦੀ ਵਿਚਾਰਧਾਰਾ ਦਾ ਹੀ ਰੂਪ ਹੈ। ਇਸ ਦੀ ਸ਼ੁਰੂਆਤ ਬੁੱਢਾ ਦਲ ਵੱਲੋਂ ਕੀਤੀ ਦੱਸੀ ਜਾਂਦੀ ਹੈ। ਪਰ ਜੋ ਵੀ ਹੈ ਇਸ ਪ੍ਰਥਾ ਨੂੰ ਸ਼ੁਰੂ ਕਰਨ ਪਿੱਛੇ ਬ੍ਰਾਹਮਣਵਾਦੀ ਸ਼ਕਤੀਆਂ ਦਾ ਹੀ ਹੱਥ ਨਜ਼ਰ ਆਉਂਦਾ ਹੈ। ਇਨ੍ਹਾਂ ਸ਼ਕਤੀਆਂ ਦਾ ਮਕਸਦ ਗੁਰਬਾਣੀ ਨੂੰ ਸਮਝ ਵਿਚਾਰ ਕੇ ਪੜ੍ਹਨ ਦੀ ਬਿਰਤੀ ਤੋਂ ਤੋੜ ਕੇ ਤੋਤਾ ਰਟਨੀ ਵੱਲ ਪ੍ਰੇਰਿਤ ਕਰਨਾ ਸੀ ਅਤੇ ਇਸ ਮਕਸਦ ਵਿੱਚ ਉਹ ਸ਼ਕਤੀਆਂ (ਕੌਮ ਦੀ ਅਣਗਿਹਲੀ ਕਾਰਨ) ਪੂਰੀ ਤਰ੍ਹਾਂ ਕਾਮਯਾਬ ਵੀ ਰਹੀਆਂ ਹਨ। ਅਖੰਡ ਪਾਠ ‘ਪੜਿ ਪੜਿ ਗਢੀ ਲਦੀਅਹਿ’ ਦੀ ਤਰਜ਼ ਦਾ ਇੱਕ ਕਰਮਕਾਂਡ ਮਾਤਰ ਹੀ ਹੈ। ਇਸ ਪ੍ਰਥਾ ਨੇ ਸਿੱਖ ਕੌਮ ਦੀ ਸਿਧਾਂਤਕ ਦ੍ਰਿੜਤਾ ਨੂੰ ਗਿਰਾਵਟ ਦੀ ਕਿਸ ਹੱਦ ਤੱਕ ਪਹੁੰਚਾ ਦਿੱਤਾ ਹੈ, ਇਹ ਸੱਚ ਨੂੰ ਸਮਝਣ ਵਾਲਾ ਹਰ ਗੁਰਸਿੱਖ ਜਾਣਦਾ ਹੈ। ਜਿਹੜੇ ਜਿੰਨ੍ਹੇ ਜ਼ਿਆਦਾ ਅਖੰਡ ਪਾਠ ਕਰ/ਕਰਵਾ ਰਹੇ ਹਨ (ਅਖੌਤੀ ਸੰਤ, ਬਾਬੇ, ਗ੍ਰੰਥੀ, ਪਾਠੀ, ਪੁਜਾਰੀ ਆਦਿ) ਉਹ ਉਨ੍ਹੇ ਹੀ ਜ਼ਿਆਦਾ ਸੱਚ ਤੋਂ ਭਟਕੇ ਹੋਏ ਨਜ਼ਰ ਆਉਂਦੇ ਹਨ। ਉਹ ਸਾਰੀਆਂ ਮਨਮਤਾਂ ਕਰਦੇ ਹਨ। ਜਿੰਨ੍ਹੀ ਗੁਰਬਾਣੀ ਅੱਜ ਪੜ੍ਹੀ ਜਾ ਰਹੀ ਹੈ, ਉਨ੍ਹੀ ਸ਼ਾਇਦ ਪਹਿਲਾਂ ਕਦੇ ਨਹੀਂ ਪੜ੍ਹੀ ਜਾਂਦੀ ਸੀ। ਅੱਜ 99% ਬਾਣੀ ਤੋਤਾ ਰਟਨੀ ਵਾਂਗੂੰ ਹੀ ਪੜ੍ਹੀ ਜਾ ਰਹੀ ਹੈ ਤਾਂ ਹੀ ਤਾਂ ਕੌਮ ਸਿਧਾਂਤਕ ਦ੍ਰਿੜਤਾ ਤੋਂ ਥਿੜਕਦੀ ਜਾ ਰਹੀ ਹੈ ਅਤੇ ‘ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ’ ਅਨੁਸਾਰ ਸਿਧਾਂਤਾਂ ਤੋਂ ਥਿੜਕਨ ਕਰ ਕੇ ਖੁਆਰ ਹੋ ਰਹੀ ਹੈ।
ਸੱਚ ਦੇ ਰਾਹ ਉੱਤੇ ਵਾਪਸੀ ਲਈ ਜ਼ਰੂਰੀ ਹੈ ਕਿ ‘ਅਖੰਡ ਪਾਠ’ ਅਤੇ ਐਸੇ ਹੋਰ ਵਿਅਰਥ ਕਰਮਾਂ ਤੋਂ ਕੌਮ ਦਾ ਖਹਿੜਾ ਛੁਡਾਉਂਣ ਦੇ ਜਤਨ ਕੀਤੇ ਜਾਣ। ਇਹ ਪ੍ਰਥਾ ਇੱਕਦਮ ਬੰਦ ਕਰਨੀ ਚਾਹੀਦੀ ਹੈ।
(10) (ੳ) ਰਹਿਤ ਮਰਿਆਦਾ ਦੇ ਪੰਨਾ ਨੰ: 18 ਉੱਤੇ ‘ਭੋਗ’ ਸਿਰਲੇਖ ਅਧੀਨ ਦਰਜ ਹੈ:
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਾਧਾਰਨ ਜਾਂ ਅਖੰਡ ਪਾਠ) ਦਾ ਭੋਗ ਮੁੰਦਾਵਣੀ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤੱਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।”
ਵੀਚਾਰ: ਪਹਿਲੀ ਗੱਲ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਮ ਪੂਰਤੀ ਵਾਲੇ (ਕਰਮਕਾਂਡਾਂ ਦੀ ਨਿਆਈਂ) ਪਾਠ ਬੰਦ ਕਰ ਦਿੱਤੇ ਜਾਣ ਤਾਂ ‘ਰਾਗਮਾਲਾ’ ਦਾ ਮਸਲਾ ਆਪੇ ਹੀ ਘੱਟ ਜਾਵੇਗਾ। ਗੁਰਬਾਣੀ ਸਿਰਫ ਸਮਝਣ ਵਿਚਾਰਨ ਤੇ ਅਮਲ ਕਰਨ ਲਈ ਹੀ ਪੜ੍ਹੀ ਜਾਣੀ ਚਾਹੀਦੀ ਹੈ। ਰਸਮ ਬਣਾਉਣ ਨਾਲ ਗੁਰਬਾਣੀ ਵਿੱਚੋਂ ‘ਵਿਚਾਰ’ ਦਾ ਅੰਸ਼ ਚਲਾ ਜਾਂਦਾ ਹੈ। ਬਾਕੀ ਰਹੀ ਗੱਲ ਰਾਗਮਾਲਾ ਦੀ, ਤਾਂ ਸੱਚ ਦੀ ਪਛਾਣ ਕਰਨ ਵਾਲਾ ਹਰ ਸਿੱਖ ਜਾਣਦਾ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਬਲਕਿ ਮਿਲਾਵਟ ਹੈ। ਗੁਰਮਤਿ ਸਾਹਿਤ ਦੇ ਖੇਤਰ ਵਿੱਚ ਹੋਈਆਂ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ‘ਰਾਗਮਾਲਾ’ ਅਕਬਰ ਦੇ ਸਮਕਾਲੀ ਕਵੀ ‘ਆਲਮ’ ਦੀ ਸ਼ਿੰਗਾਰ ਰਸੀ ਰਚਨਾ ‘ਕਾਮਕੰਦਲਾ’ ਦਾ ਹਿੱਸਾ ਹੈ। ਗਿਆਨੀ ਗੁਰਦਿੱਤ ਸਿੰਘ ਜੀ ਦੀ ਛਪੀ ਪੁਸਤਕ ‘ਮੁੰਦਾਵਣੀ’ ਇਸ ਮਾਮਲੇ ਵਿੱਚ ਇੱਕ ਨਿਰਨਾਇਕ ਪੁਸਤਕ ਹੈ। ਸੰਨ 1936 ਵਿੱਚ ਪ੍ਰਵਾਨ ਹੋਈ ਰਹਿਤ ਮਰਿਆਦਾ ਵਿੱਚ ਸਪਸ਼ਟ ਦਰਜ ਸੀ ਕਿ ‘ਰਾਗਮਾਲਾ’ ਗੁਰਬਾਣੀ ਨਹੀਂ, ਇਸ ਕਰ ਕੇ ਨਹੀਂ ਪੜ੍ਹਨੀ। ਪਰ 1945 ਤੱਕ ਸ਼੍ਰੋਮਣੀ ਕਮੇਟੀ ਧੜੇਬਾਜ਼ੀ ਅਤੇ ਸਵਾਰਥਾਂ ਦਾ ਸ਼ਿਕਾਰ ਹੋ ਚੁੱਕੀ ਸੀ ਤਾਂ ਹੀ 1945 ਵਿੱਚ ਰਾਗਮਾਲਾ ਪੱਖੀ ਕੁੱਝ ਸਿੱਖਾਂ ਦਾ ਪੱਖ ਪੂਰਨ ਕਾਰਨ ਸਾਰੀਆਂ ਦਲੀਲਾਂ ਨੂੰ ਪਾਸੇ ਛੱਡ ਕੇ ਇਸ ਮੱਦ ਵਿੱਚ ਫੇਰਬਦਲ ਕਰ ਦਿੱਤਾ ਗਿਆ। ਜੇ ਪਾਠਕ ਇਸ ਗਲਤ ਹਰਕਤ ਦੀ ਸਹੀ ਜਾਣਕਾਰੀ ਲੈਣੀ ਚਾਹੁੰਣ ਤਾਂ ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ। 60 ਸਾਲਾਂ ਤੋਂ ਹਾਲੇ ਤੱਕ ਮੱਤਭੇਦ ਹੀ ਖਤਮ ਨਹੀਂ ਹੋਏ ਅਤੇ ਨਾ ਹੀ ਹੋਣਗੇ ਕਿਉਂਕਿ ਹਰ ਚੰਗੇ ਕਦਮ ਦਾ ਵਿਰੋਧ ਕਰਨ ਵਾਲੇ ਪੰਥ ਦੋਖੀ ਕੌਮ ਵਿੱਚ ਹਮੇਸ਼ਾਂ ਰਹਿਣਗੇ। ਅਫਸੋਸ ਦੀ ਗੱਲ ਇਹ ਹੈ ਕਿ ਕੌਮ ਵਿੱਚ ਸਿਧਾਂਤਕ ਮਸਲਿਆਂ ਉੱਪਰ ਫੈਸਲੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ਅਤੇ ਦਲੀਲ ਨਾਲ ਨਹੀਂ ਲਏ ਜਾਂਦੇ ਬਲਕਿ ਪਰਚੀਆਂ ਪਾਉਣ ਵਾਲੇ ਬੇਸਿਧਾਂਤਕ ਤਰੀਕੇ ਨਾਲ ਲਏ ਜਾਂਦੇ ਹਨ। ਦਸਮ ਗ੍ਰੰਥ ਬਾਰੇ ਸੁੱਖਾ ਸਿੰਘ ਦਾ ਘਟਨਾ ਕ੍ਰਮ ਅਤੇ ਰਾਗਮਾਲਾ ਬਾਰੇ ਵੀ ਇਸ ਤਰ੍ਹਾਂ ਹੀ ਕੀਤੇ ਗਏ ਫੈਸਲੇ ਸਨ ਜਿਨ੍ਹਾਂ ਵਿੱਚ ਬਾਜ਼ੀ ਮਾਰਨ ਵਾਲਿਆਂ (ਭਾਵ ਪੰਥ ਵਿੱਚ ਮੱਤਭੇਦ ਹਨ) ਨੂੰ ਤਾਂ ਮਾਨਤਾ ਦਿੱਤੀ ਗਈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਰਿਹਾ।
ਇਸ ਸਮੇਂ ਕੌਮ ਦਾ ਕੋਈ ਵੀ ਸੁਹਿਰਦ ਵਿਦਵਾਨ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦਾ। ਸੋ ਜਲਦੀ ਤੋਂ ਜਲਦੀ ਰਾਗਮਾਲਾ ਤੋਂ ਬਗੈਰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਛਾਪ ਕੇ ਇਸ ਮਿਲਾਵਟ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਹੈਰਾਨੀ ਹੈ ਕਿ ਸੁਹਿਰਦ ਖੋਜੀ ਹਿੰਦੂ ਵਿਦਵਾਨ ਵੀ ਇਹ ਦੇਖ ਕੇ ਹੈਰਾਨ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਜੈਸੇ ਪਵਿਤੱਰ ਗ੍ਰੰਥ ਵਿੱਚ ਸ਼ਿੰਗਾਰ ਰਸੀ ਕਵਿਤਾ ਦਾ ਟੁਕੜਾ ਕਿਵੇਂ ਟਿਕਿਆ ਹੋਇਆ ਹੈ। ਪਰ ਸਾਡੇ (ਬ੍ਰਾਹਮਣੀ ਭੇਖ ਵਾਲੇ) ਸਿੱਖ ‘ਰਾਗਮਾਲਾ’ ਨੂੰ ਗੁਰਬਾਣੀ ਮੰਨਣ ਲਈ ਕਿਉਂ ਐਨੇ ਉਤਾਵਲੇ ਹਨ, ਉਨ੍ਹਾਂ ਦੀਆਂ ਐਸੀਆਂ ਗੱਲਾਂ ਦੇਖ ਸੁਣ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਨਿਯੁਕਤੀ ਹੀ ਕਿਸੇ (ਬ੍ਰਾਹਮਣਵਾਦੀ) ਏਜੰਡੇ ਨੂੰ ਪ੍ਰਚਾਰਣ ਲਈ ਹੀ ਕੀਤੀ ਗਈ ਹੋਵੇ।
(A) ਭੋਗ ਸਿਰਲੇਖ ਹੇਠ ਹੀ ਭਾਗ (ਅ) ਵਿੱਚ ਦਰਜ ਹੈ:
“ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ ਰੁਮਾਲਾ, ਚੌਰ, ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ ਸ਼ਕਤੀ ‘ਅਰਦਾਸ’ ਕਰਾਈ ਜਾਵੇ।”
ਵਿਚਾਰ: ‘ਗੁਰੂ ਗ੍ਰੰਥ ਸਾਹਿਬ ਜੀ’ ਗਿਆਨ ‘ਗੁਰੂ’ ਹਨ। ਉਨ੍ਹਾਂ ਦੀ ਆਪਣੀ ਕੋਈ ਲੋੜ ਨਹੀਂ ਹੈ। ਲੋੜ ਤਾਂ ਸਾਨੂੰ ਹੈ ਉਨ੍ਹਾਂ ਤੋਂ ਗਿਆਨ ਲੈਣ ਦੀ। ਰੂਮਾਲੇ ਆਦਿ ਅਸੀਂ ਸਤਿਕਾਰ ਵਾਸਤੇ ਵਰਤਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ। ਇਸ ਮੱਦ ਨੇ ਰੂਮਾਲੇ ਚੜ੍ਹਾਉਣ ਦੀ ਐਸੀ ਪਿਰਤ ਸ਼ੁਰੂ ਕਰ ਦਿੱਤੀ ਹੈ ਕਿ ਕਈਂ ਗੁਰਦੁਆਰਿਆਂ ਵਿੱਚ ਰੂਮਾਲੇ ਸੰਭਾਲਣੇ ਮੁਸ਼ਕਿਲ ਹੋ ਗਏ ਹਨ। ਜਦੋਂ ਢੇਰਾਂ ਦੇ ਢੇਰ ਰੂਮਾਲੇ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਵੱਡੇ ਗੁਰਦੁਆਰਿਆਂ (ਦਰਬਾਰ ਸਾਹਿਬ ਅਤੇ ਹੋਰ) ਵਿੱਚ ਰੁਮਾਲਿਆਂ ਵਾਸਤੇ ਹੇਰਾਫੇਰੀਆਂ ਦੀ ਵੀ ਸ਼ੁਰੂਆਤ ਵੱਡੇ ਪਧੱਰ ਤੇ ਹੋਣੀ ਸ਼ੁਰੂ ਹੋ ਗਈ। ਰੂਮਾਲੇ ਪੈਕ ਕਰ ਕੇ ਵਾਪਿਸ ਦੁਕਾਨਦਾਰਾਂ ਕੋਲ ਪਹੁੰਚਣ ਲੱਗ ਪਏ। ਦੂਜੀ ਤਰਫ ਜੇ ਕਿਸੇ ਨੇ ਪੁਰਾਣੇ ਰੂਮਾਲੇ ਦੇ ਕਪੜੇ ਨਾਲ ਬੱਚਿਆਂ ਦੇ ਬਸਤਰ ਬਣਾ ਲਏ ਤਾਂ (ਅੰਨ੍ਹੀ) ਸ਼ਰਧਾ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਨਾਲ ਬੇਅਦਬੀ ਹੁੰਦੀ ਹੈ। ਉਨ੍ਹਾਂ ਰੂਮਾਲਿਆਂ ਨੂੰ ਚੂਹੇ ਕੁਤੱਰ ਜਾਣ ਤਾਂ ਕੋਈ ਬੇਅਦਬੀ ਨਹੀਂ। ਪਰ ਜੇ ਕੋਈ ਉਨ੍ਹਾਂ ਨੂੰ ਵਰਤ ਲੈਂਦਾ ਹੈ ਤਾਂ (ਅੰਨੀ) ਸ਼ਰਧਾ ਨੂੰ ਠੇਸ ਲੱਗਣ ਲੱਗ ਜਾਂਦੀ ਹੈ।
‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਤਿਕਾਰ ਲਈ ਰੁਮਾਲੇ ਜ਼ਰੂਰੀ ਹਨ ਪਰ ਇਹ ਸਿਰਫ ਲੋੜ ਮੁਤਾਬਿਕ ਅਤੇ ਸਾਦੇ, ਘੱਟ ਖਰਚੀਲੇ ਹੋਣੇ ਚਾਹੀਦੇ ਹਨ। ਸੱਭ ਤੋਂ ਜ਼ਰੂਰੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ‘ਪ੍ਰਕਾਸ਼’ ਅਤੇ ‘ਸੇਵਾ ਸੰਭਾਲ’ ਲਈ ਜ਼ਰੂਰੀ ਸਮਾਨ (ਰੁਮਾਲੇ ਆਦਿ) ਦਾ ਪ੍ਰਬੰਧ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਆਪ ਲੋੜ ਅਨੁਸਾਰ ਕਰਨਾ ਚਾਹੀਦਾ ਹੈ। ਆਮ ਸਿੱਖਾਂ ਵੱਲੋਂ ਭੇਡਚਾਲ ਵਿੱਚ (ਅੰਨੀ) ਸ਼ਰਧਾ ਅਧੀਨ ਇਨ੍ਹਾਂ ਵਸਤੂਆਂ ਦੇ ਚੜ੍ਹਾਵੇ ਨਾ ਚੜ੍ਹਾਏ ਜਾਣ। ਇਸ ਨਾਲ ਇੱਕ ਪਾਸੇ ਵਹਿਮ ਭਰਮ (ਪਰਦੇ ਢਕਣ ਦਾ) ਘਟੇਗਾ, ਕੌਮ ਦਾ ਪੈਸਾ ਫਾਲਤੂ ਬਰਬਾਦ ਨਹੀਂ ਹੋਵੇਗਾ ਅਤੇ ਹੇਰਾਫੇਰੀਆਂ ਨੂੰ ਠੱਲ੍ਹ ਪਵੇਗੀ। ਸੰਗਤਾਂ ਨੂੰ ਇਹ ਗੱਲ ਬਾਰ ਬਾਰ ਦ੍ਰਿੜ ਕਰਾਉਂਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ‘ਸਤਿਕਾਰ’ ਉਨ੍ਹਾਂ ਦੇ ਉਪਦੇਸ਼ਾਂ ਨੂੰ ਮੰਨ ਲੈਣਾ ਹੀ ਹੈ। ਉਸ ਤੋਂ ਬਿਨਾ ਸਿਰਫ ਬਾਹਰੀ ਸਤਿਕਾਰ ਇੱਕ ਰਸਮ ਜਾਂ ਕਰਮਕਾਂਡ ਤੋਂ ਵੱਧ ਕੁੱਝ ਵੀ ਨਹੀਂ ਹੈ।
(11) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰ: 18 ਉੱਤੇ ‘ਕੜਾਹ ਪ੍ਰਸ਼ਾਦਿ’ ਸਿਰਲੇਖ ਅਧੀਨ ਭਾਗ (ਅ) ਵਿੱਚ ਦਰਜ ਹੈ:
“ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ—ਸੁਅੱਛ ਭਾਂਡੇ ਵਿੱਚ ਤ੍ਰਭਾਵਲੀ (ਆਟਾ, ਉਤੱਮ ਮਿੱਠਾ ਅਤੇ ਘੀ ਇੱਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ।”
ਵਿਚਾਰ:
ਅਸੀਂ ਪਤਾ ਨਹੀਂ ਕਿਉਂ ਗੁਰਬਾਣੀ ਨੂੰ ਇੱਕ ‘ਮੰਤਰ’ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਾਂ। ਗੁਰਬਾਣੀ ਪੜ੍ਹਨਾ/ਸੁਣਨਾ ਚੰਗੀ ਗੱਲ ਹੈ ਪਰ ਇਸ ਨੂੰ ਪੜ੍ਹਨ/ਸੁਣਨ ਦਾ ਭਾਵ ਤੋਤਾ ਰਟਨੀ ਜਾਂ ਕੰਨ ਰਸ ਹੀ ਨਹੀਂ ਹੋਣਾ ਚਾਹੀਦਾ। ਗੁਰਬਾਣੀ ਨੂੰ ਸਮਝਣ ਵਿਚਾਰਨ ਵਾਸਤੇ ਪੜ੍ਹਨਾ/ਸੁਣਨਾ ਚਾਹੀਦਾ ਹੈ ਤਾਂ ਕਿ ਉਸ ਅਨੁਸਾਰ ਅਸੀਂ ਆਪਣਾ ਜੀਵਨ ਬਣਾ ਸਕੀਏ। ਮੰਦਰ ਦੇ ਪੁਜਾਰੀ ਵਾਂਗ ਅਸੀਂ ਵੀ ਗੁਰਬਾਣੀ ਦਾ ‘ਮੰਤਰ’ ਵਾਂਗ ਇਸਤੇਮਾਲ ਨਾ ਕਰੀਏ। ਮੰਦਰ ਵਿੱਚ ਪੁਜਾਰੀ ਟੱਲ ਖੜਕਾਉਂਦੇ ਹੋਏ, ਆਰਤੀ ਕਰਦੇ ਕਰਦੇ ਮੂੰਹ ਵਿੱਚੋਂ ਕੁੱਝ ਮੰਤਰ ਤੇਜ਼ੀ ਨਾਲ ਪੜ੍ਹਦਾ ਰਹਿੰਦਾ ਹੈ। ਉਸ ਨੂੰ ਤਾਂ ਸ਼ਾਇਦ ਪਤਾ ਹੋਵੇ ਪਰ ਆਮ ਬੰਦਿਆਂ (ਸੰਗਤ) ਵਿੱਚੋਂ ਵਿਰਲੇ ਨੂੰ ਹੀ ਕੁੱਝ ਪਤਾ ਚਲਦਾ ਹੋਵੇਗਾ। ਇਸੇ ਨਕਲ ਵਿੱਚ ਅਸੀਂ ਕੜ੍ਹਾਹ ਪ੍ਰਸ਼ਦਿ ਬਣਾਉਂਦੇ ਹੋਏ ਕੜਾਹੀ ਵਿੱਚ ਦੇਗਚਾ ਮਾਰਦੇ ਮਾਰਦੇ ਗੁਰਬਾਣੀ ਪੜ੍ਹੀ ਜਾਣ ਦਾ ਹੁਕਮ ਦੇ ਦਿੱਤਾ ਲਗਦਾ ਹੈ। ਕੀ ਇਸ ਨਾਲ ਇਹ ਪ੍ਰਭਾਵ ਨਹੀਂ ਪੈਂਦਾ ਕਿ ਗੁਰਬਾਣੀ ਪੜ੍ਹਨ ਸਦਕੇ ਕੜ੍ਹਾਹ ਪ੍ਰਸ਼ਾਦਿ ‘ਅੰਮ੍ਰਿਤ’ (ਪਵਿੱਤਰ) ਬਣ ਜਾਂਦਾ ਹੈ। ਇਸੇ ਤਰਜ਼ ਉੱਤੇ ਸਰੋਵਰ ਦੇ ਜਲ ਨੂੰ (ਬਾਣੀ ਪੜ੍ਹਨ ਕਰ ਕੇ) ਵੀ ਕਈਂ ਸਿੱਖ ਪ੍ਰਚਾਰਕ ‘ਅੰਮ੍ਰਿਤ’ ਪ੍ਰਚਾਰਦੇ ਹਨ। ਪਰ ਗੁਰਮਤਿ ਕਿਸੇ ਐਸੇ ਭਰਮ ਦੀ ਪ੍ਰੋੜਤਾ ਨਹੀਂ ਕਰਦੀ, ਬਲਕਿ ਖੰਡਨ ਹੀ ਕਰਦੀ ਹੈ। ਗੁਰਬਾਣੀ ਕਿਸੇ ਪਦਾਰਥ ਵਿਸ਼ੇਸ਼ ਦੇ ‘ਪਵਿੱਤਰ’ ਜਾਂ ‘ਅੰਮ੍ਰਿਤ’ ਹੋਣ ਦਾ ਖੰਡਨ ਕਰਦੀ ਹੈ। ਸੋ ਇੱਥੇ ਇਹ ਮੱਦ ‘ਮੰਤਰਵਾਦ’ ਦਾ ਭਰਮ ਪਾਉਂਦੀ ਨਜ਼ਰ ਆਉਂਦੀ ਹੈ ਸੋ ਤਿਆਗਣ ਯੋਗ ਹੈ।
(A) ਸਿੱਖ ਰਹਿਤ ਮਰਿਆਦਾ ਦੇ ਪੰਨਾ 18 ਉੱਤੇ ਸਿਰਲੇਖ ‘ਕੜਾਹ ਪ੍ਰਸ਼ਾਦਿ’ ਦੇ ਭਾਗ (ਅ) ਵਿੱਚ ਹੀ ਦਰਜ ਹੈ:
“ਪ੍ਰਵਾਨਗੀ ਲਈ ਕਿਰਪਾਨ ਭੇਟ ਹੋਵੇ।”
ਵਿਚਾਰ:
ਕਿਰਪਾਨ ਭੇਟ ਕਰਨਾ ਅਸਲ ਵਿੱਚ ਪੁਜਾਰੀਵਾਦ (ਬ੍ਰਾਹਮਣਵਾਦ) ਦੇ ਭੋਗ ਲਗਾਉਣ ਦੀ ਪ੍ਰਥਾ ਦੀ ਹੀ ਨਕਲ ਹੈ। ਇਸ ਦਾ ਸੱਭ ਤੋਂ ਵੱਡਾ ਸਬੂਤ ਹੈ ਕਿ ਇਸੇ ਭਾਵਨਾ ਕਰ ਕੇ ਸਿੱਖ ਸਮਾਜ ਵਿੱਚ ਲੰਗਰ ਦੇ ਪਦਾਰਥਾਂ (ਦਾਲ, ਸਬਜ਼ੀ ਆਦਿ) ਨੂੰ ਵੀ ਕਿਰਪਾਨ ਭੇਟਾ ਕੀਤੀ ਜਾ ਰਹੀ ਹੈ। ਸੰਪਰਦਾਈ ਸਿੱਖਾਂ ਵਲੋਂ ਛੱਪੀਆ ਕਈ ਕਿਤਾਬਾਂ ਵਿੱਚ ਐਸੀਆਂ ਮਨੋਕਲਪਿਤ ਸਾਖੀਆਂ ਵੀ ਮੋਜੂਦ ਹਨ ਜਿਸ ਅਨੁਸਾਰ ਕਿਰਪਾਨ ਭੇਟ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦਿ ਦੀ ਮਾਤਰਾ ਘੱਟ ਗਈ ਭਾਵ ਕਿ ਉਸ ਨੂੰ ਭੋਗ ਲੱਗ ਗਿਆ। ਜੋ ਕਿ ਇਹ ਦਰਸਾਉਂਦਾ ਹੈ ਕਿ ਕਿਰਪਾਨ ਭੇਟ ਕਰਨ ਪਿੱਛੇ, ਭਾਵਨਾ ਬ੍ਰਾਹਮਣਵਾਦੀ (ਭੋਗ ਲਾਉਣ) ਦੀ ਹੀ ਹੈ।
ਸਿੱਖ ਕੌਮ ਵਿੱਚ ਕਾਫੀ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੋਣ ਕਰ ਕੇ ਕਈਂ ਜਾਗਰੂਕ ਸਮਝੇ ਜਾਂਦੇ ਸਿੱਖ ਇਸ ਨੂੰ ‘ਸ਼ਕਤੀ ਦ੍ਰਿੜ’ ਕਰਾਉਂਣ ਆਦਿ ਦਾ ਬਹਾਨਾ ਲਾ ਕੇ ਜਾਇਜ਼ ਕਰਾਰ ਦਿੰਦੇ ਹਨ। ਕਿਉਂਕਿ ਉਹ ਖੁੱਲ ਕੇ ਸੱਚ ਪੇਸ਼ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ। ਗੁਰਮਤਿ ਅਨੁਸਾਰ ਇਸ ਤਰ੍ਹਾਂ ਨਾਲ ‘ਸ਼ਕਤੀ’ ਦ੍ਰਿੜ ਕਰਾਉਂਣ ਦਾ ਸੰਕਲਪ ਸਹੀ ਸਾਬਿਤ ਨਹੀਂ ਹੁੰਦਾ। ਇਹ ਮੱਦ ਵੀ ਪੁਜਾਰੀਵਾਦ ਨੂੰ ਬੜ੍ਹਾਵਾ ਦਿੰਦੀ ਲਗਦੀ ਹੈ। ਸੋ ਇਸ ਮੱਦ ਨੂੰ ਤਿਆਗਣ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ।
(ੲ) ‘ਕੜਾਹ ਪ੍ਰਸ਼ਾਦਿ’ ਸਿਰਲੇਖ ਅਧੀਨ ਹੀ ਭਾਗ (ੲ) ਵਿੱਚ ਦਰਜ ਹੈ:
“ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜ੍ਹਾਹ ਪ੍ਰਸ਼ਾਦਿ ਵਿੱਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ।”
ਵਿਚਾਰ:
ਇਸ ਮੱਦ ਵਿੱਚ ਵੀ ਦਰਜ ਕਰ ਦਿੱਤਾ ਗਿਆ ਕਿ ਸੰਗਤ ਨੂੰ ‘ਕੜਾਹ ਪ੍ਰਸ਼ਾਦਿ’ ਵਰਤਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਗੱਫਾ (ਹਿੱਸਾ) ਕੱਢ ਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਵਰਤਾਇਆ ਜਾ ਸਕਦਾ ਹੈ। ਪਹਿਲੀ ਗੱਲ ਜਦ ਇੱਕ ਵਾਰ ਅਰਦਾਸ ਹੋ ਗਈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ‘ਕੜਾਹ ਪ੍ਰਸ਼ਾਦਿ’ ਪ੍ਰਵਾਨ ਹੋ ਗਿਆ। ਫਿਰ ਪੰਜ ਪਿਆਰਿਆਂ ਦਾ ਗੱਫਾ ਕੱਢਣ ਦੀ ਸਮਝ ਨਹੀਂ ਆਉਂਦੀ। ਦੂਜੇ ਪਾਸੇ ਫਿਰ ਪੰਜ ਪਿਆਰਿਆਂ ਦਾ ਗੱਫਾ ਹੀ ਕਿਉਂ? ਨਾਨਕ ਜਾਮਿਆਂ ਦਾ ਕਿਉਂ ਨਹੀਂ? ਚਾਰ ਸਾਹਿਬਜ਼ਾਦਿਆਂ ਦਾ ਕਿਉਂ ਨਹੀਂ? ਹੋਰ ਸ਼ਹੀਦਾਂ ਦਾ ਕਿਉਂ ਨਹੀਂ? ਪੰਜ ਪਿਆਰਿਆਂ ਨੂੰ ਹੀ ਪਹਿਲ ਦੇਣਾ ਮੁਨਾਸਿਬ ਨਹੀਂ ਲਗਦਾ। ਮੰਨ ਲਉ ਜੇ ਪੰਜ ਪਿਆਰਿਆਂ ਦਾ ਗੱਫਾ ਦਿੰਦੇ ਹੋਏ ਸੰਗਤ ਵਿੱਚ ਪਹਿਲੇ ਸਥਾਨਾਂ ਉੱਪਰ ਕੋਈ ਗੈਰ ਅੰਮ੍ਰਿਤਧਾਰੀ ਜਾਂ ਗੈਰ ਸਿੱਖ ਹੀ ਬੈਠਾ ਹੋਵੇ ਅਤੇ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ (ਅੰਮ੍ਰਿਤਧਾਰੀ ਲੱਭ ਕੇ) ਪ੍ਰਸ਼ਾਦਿ ਦਿੱਤਾ ਜਾਵੇਗਾ ਤਾਂ ਉਸ (ਗੈਰ ਅੰਮ੍ਰਿਤਧਾਰੀ ਜਾਂ ਗੈਰ ਸਿੱਖ) ਨੂੰ ਵਿਤਕਰਾ ਮਹਿਸੂਸ ਹੋ ਸਕਦਾ ਹੈ। ਵੈਸੇ ਵੀ ਸਿੱਖਾਂ ਦੀਆਂ ਜ਼ਿਆਦਾਤਰ ਰਸਮਾਂ ਬ੍ਰਾਹਮਣੀ ਪ੍ਰਭਾਵ ਦੇ ਕਾਟ ਵਾਸਤੇ ਹੀ ਬਣਾਈਆਂ ਗਈਆਂ ਹਨ। ਜੋ ਕਿ ਗੁਰਮਤਿ ਨਹੀਂ ਜਾਪਦੀ। ਸੋ ਇਹ ਮੱਦ ਵਿਤਕਰੇ ਦਾ ਕਾਰਨ ਬਣਦੀ ਸਕਦੀ ਹੈ। ਸੋ ਇਹ ਤਿਆਗਣ ਯੋਗ ਹੈ।
(ਸ) ਪੰਨਾ 19 ਵਿੱਚ ‘ਕੜਾਹ ਪ੍ਰਸ਼ਾਦਿ’ ਸਿਰਲੇਖ ਅਧੀਨ ਹੀ ਭਾਗ (ਸ) ਵਿੱਚ ਦਰਜ ਹੈ:
“ਕੜਾਹ ਪ੍ਰਸ਼ਾਦਿ ਦੀ ਭੇਟਾ ਕਰਨ ਵੇਲੇ ਘੱਟੋ ਘੱਟ ਇੱਕ ਟਕਾ ਨਗਦ ਅਰਦਾਸ ਵੀ ਹੋਵੇ।”
ਵਿਚਾਰ:
ਬ੍ਰਾਹਮਣਵਾਦ ਵਾਂਗ ਇਹ ਭੇਟਾਵਾਂ ਦੇ ਮਕੜ ਜਾਲ ਨੇ ਵੀ ਸਿੱਖਾਂ ਨੂੰ ਰਾਹ ਤੋਂ ਭਟਕਾ ਦਿੱਤਾ ਹੈ। ‘ਕੜਾਹ ਪ੍ਰਸ਼ਾਦਿ’ ਭੇਟਾ ਦੀ ਰਸਮ ਨੇ ਹੀ ਸੇਵਾਦਾਰਾਂ ਨੂੰ ‘ਕੜਾਹ ਪ੍ਰਸ਼ਾਦਿ’ ਦੀਆਂ ਪਰਚੀਆਂ ਵਿੱਚ ਹੀ ਘਪਲੇ ਕਰਨ ਦਾ ਮੌਕਾ ਦਿੱਤਾ ਹੈ। ਇਸੇ ਰਸਮ ਕਾਰਨ ਜ਼ਿਆਦਾਤਰ ਗੁਰਦੁਆਰਿਆਂ ਵਿੱਚ ਸਿੱਖਾਂ ਨਾਲ ਪੈਸੇ ਦੇ ਅਧਾਰ ਉਤੇ ਵਿਤਕਰਾ ਹੁੰਦਾ ਆਮ ਵੇਖਿਆ ਜਾ ਸਕਦਾ ਹੈ। ਪੰਜ ਰੁਪਏ ਵਿੱਚ ਘੱਟ ਪ੍ਰਸ਼ਾਦਿ, ਦਸ ਰੁਪਏ ਵਿੱਚ ਥੋੜਾ ਜ਼ਿਆਦਾ, ਸੋ ਰੁਪਏ ਵਿੱਚ ਉਸ ਤੋਂ ਵੀ ਜ਼ਿਆਦਾ ਆਦਿ। ਇਨ੍ਹਾਂ ਭੇਟਾਵਾਂ ਨੇ (ਅੰਨੀ) ਸ਼ਰਧਾ ਦੀ ਪਿਰਤ ਨੂੰ ਵੀ ਵਧਾਇਆ ਹੀ ਹੈ। ਪ੍ਰਬੰਧਕਾਂ ਨੂੰ ਸ਼ਾਇਦ ਸਿਰਫ ਗੋਲਕਾਂ ਵਧਾਉਣ ਵਿੱਚ ਹੀ ਦਿਲਚਸਪੀ ਹੁੰਦੀ ਹੋਵੇ। ਸਿੱਖ ਸੰਗਤ ਭਟਕਦੀ ਹੈ ਤਾਂ ਭਟਕਦੀ ਰਹੇ।
ਪ੍ਰਮਾਤਮਾ ਜਾਂ ਗੁਰੂ ਤਾਂ ਇੱਕ ਹੀ ਭੇਟਾ ਕਬੂਲ ਕਰਦਾ ਹੈ। ਉਹ ਇਹ ਕਿ ਆਪਣੀ ਮੱਤ ਦਾ ਤਿਆਗ ਕਰ ਕੇ ‘ਗੁਰੂ ਦੀ ਮੱਤ’ ਲੈ ਲਈ ਜਾਵੇ। ਬਾਕੀ ਸੱਭ ਭੇਟਾਵਾਂ (ਦਾਤਾਂ) ਤਾਂ ਉਸੇ ਦੀਆਂ ਹੀ ਦਿੱਤੀਆਂ ਹਨ, ਤਾਂ ਉਸ ਨੂੰ ਕਿਵੇਂ ਭੇਟਾ ਕਰ ਸਕਦੇ ਹਾਂ? ਕਿੰਨ੍ਹਾ ਚੰਗਾ ਹੋਵੇ ਜੇ ਹਰ ਸਿੱਖ ਆਪਣੇ ਨਜ਼ਦੀਕੀ ਗੁਰਦੁਆਰੇ ਵਿੱਚ ਆਪਣਾ ਦਸਵੰਧ ਰਸੀਦ ਕਟਵਾ ਕੇ ਜਮ੍ਹਾ ਕਰਵਾ ਦੇਵੇ। ਬਾਕੀ ਗੁਰਦੁਆਰੇ ਵਿੱਚ ਲੋੜੀਂਦੀਆਂ ਸਾਰੀਆਂ ਵਸਤੂਆਂ (ਕੜਾਹ ਪ੍ਰਸ਼ਾਦਿ, ਲੰਗਰ ਆਦਿ) ਅਤੇ ਪੰਥਕ ਕਾਰਜਾਂ ਦਾ ਪ੍ਰਬੰਧ ਉਸੇ ਦਸਵੰਧ ਵਿੱਚੋਂ ਪ੍ਰਬੰਧਕ ਆਪ ਕਰਨ। ਇਸ ਤਰ੍ਹਾਂ ਨਾਲ ਗੋਲਕ ਦੀ ਪਿਰਤ ਤੋਂ ਵੀ ਖਹਿੜਾ ਛੁਡਾਇਆ ਜਾ ਸਕਦਾ ਹੈ ਅਤੇ ਭ੍ਰਿਸ਼ਟਾਚਾਰ ਤੋਂ ਵੀ। ਅੰਨੀ ਸ਼ਰਧਾ ਦਾ ਪ੍ਰਸਾਰਾ ਵੀ ਘੱਟ ਸਕਦਾ ਹੈ। ਇਸੇ ਮੱਦ ਵਿੱਚ ਘੱਟੋ ਘੱਟ ਇੱਕ ਟਕਾ ਨਗਦ ਅਰਦਾਸ ਕਰਾਉਣ ਦੀ ਸ਼ਰਤ ਵੀ ਪਹਿਲੀ ਨਜ਼ਰੇ ਗੁਰਮਤਿ ਅਨੁਸਾਰੀ ਨਹੀਂ ਲਗਦੀ। ਸੋ ਇਸ ਲਈ ਇਹ ਵੀ ਤਿਆਗਣ ਯੋਗ ਹੈ।
ਭੇਟਾ ਕਰਨੀ ਹੈ ਤਾਂ ਸੱਭ ਤੋਂ ਪਹਿਲੇ ਆਪਣੀ ਮੱਤ ਭੇਟਾ ਕਰੀਏ ਅਤੇ ਗੁਰੂ ਦੀ ਮੱਤ ਲਈਏ। ਇਸ ਦੀ ਸੱਭ ਤੋਂ ਵੱਡੀ ਲੋੜ ਹੈ।
(12) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 19 ਵਿੱਚ ‘ਗੁਰਬਾਣੀ ਦੀ ਕਥਾ’ ਸਿਰਲੇਖ ਅਧੀਨ ਭਾਗ (ੲ) ਵਿੱਚ ਦਰਜ ਹੈ:
“ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ ਹੈ ਪਰ ਅਨਮੱਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ ਪ੍ਰਮਾਣ ਕਿਸੇ ਮਹਾਂਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ।”
ਵਿਚਾਰ: ਰਹਿਤ ਮਰਿਆਦਾ ਦੀ ਸ਼ੁਰੂਆਤ ਵਿੱਚ ਦਿੱਤੀ ਸਿੱਖ ਦੀ ਪਰਿਭਾਸ਼ਾ ਵਾਂਗ ਇੱਥੇ ਸ਼ਬਦਾਵਲੀ ਨਾਲ ਭੁਲੇਖੇ ਹੀ ਖੜ੍ਹੇ ਹੋਣ ਦੀ ਸੰਭਾਵਨਾ ਵਧੇਰੇ ਲਗਦੀ ਹੈ। ਪਹਿਲਾਂ ਵਿਚਾਰ ਕੀਤੇ ਅਨੁਸਾਰ ‘ਗੁਰੂ’ ਸਿਰਫ ਇੱਕ ਹੀ ਹੈ, ਦਸ ਜਾਂ ਗਿਆਰਾਂ ਨਹੀਂ। ਦੂਜੀ ਗੱਲ, ਦੱਸੇ ਜਾਂਦੇ ਦਸ ਗੁਰੂਆਂ ਨੇ ਕਦੋਂ ਬਾਣੀ ਲਿਖੀ? ਬਾਣੀ ਤਾਂ ਕੁੱਝ ਹੀ ਨਾਨਕ ਜਾਮਿਆਂ ਵੇਲੇ ਲਿਖੀ ਗਈ (ਛੇ ਨਾਨਕ ਜਾਮਿਆਂ ਵਿੱਚ)। ਸੋ ਲੋੜ ਹੈ ਇਸ ਭੁਲੇਖਾ ਪਾਊ ਸ਼ਬਦਾਵਲੀ ਨੂੰ ਬਦਲ ਕੇ ਕੁੱਝ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ:
“ਕਥਾ/ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ” ਜ਼ਿਆਦਾ ਢੁੱਕਵਾਂ ਲਗਦਾ ਹੈ। ਇਸ ਨਾਲ ਆਪੇ ਹੀ ਸਾਰੇ ਭੁਲੇਖੇ ਦੂਰ ਹੋ ਜਾਣਗੇ।
() ‘ਗੁਰਬਾਣੀ ਦੀ ਕਥਾ’ ਸਿਰਲੇਖ ਅਧੀਨ ਹੀ ਭਾਗ (ਹ) ਵਿੱਚ ਦਰਜ ਹੈ:
“ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਊਂ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ, ਕਥਾ, ਵਿਖਿਆਨ, ਅਨੰਦ ਸਾਹਿਬ, ਅਰਦਾਸ, ਫਤਹਿ, ਸਤਿ ਸ਼੍ਰੀ ਅਕਾਲ ਦਾ ਜੈਕਾਰਾ ਅਤੇ ਹੁਕਮ।”
ਵਿਚਾਰ: ਕਿੰਨ੍ਹੀ ਹੈਰਾਨੀ ਦੀ ਗੱਲ ਹੈ ਕਿ ਸ਼ਬਦ ਵਿਚਾਰ (ਵਿਖਿਆਨ) ਜਿਹੀ ਅਨਮੋਲ ਚੀਜ਼ ਨੂੰ ਮਹੱਤਤਾ ਦਿੰਦੀ ਇਸ ਤਰਤੀਬ ਦਾ ਪਾਲਣ ਸਿੱਖਾਂ ਦੇ ਕੇਂਦਰੀ ਸਥਾਨ ‘ਦਰਬਾਰ ਸਾਹਿਬ’ ਵਿੱਚ ਨਹੀਂ ਕੀਤਾ ਜਾਂਦਾ। ਉੱਥੇ ਪਤਾ ਨਹੀਂ ਨਿਰੋਲ ਕੀਰਤਨ ਦੀ ਮਰਿਆਦਾ ਕਿਸ ਨੇ ਸ਼ੁਰੂ ਕਰ ਦਿੱਤੀ। ਜਿਸ ਕੇਂਦਰੀ ਸਥਾਨ ਤੋਂ ਬਾਕੀ ਗੁਰਦੁਆਰਿਆਂ ਨੇ ਸੇਧ ਲੈਣੀ ਸੀ ਉਸ ਵਿੱਚ ਹੀ ਸ਼ਬਦ ਵਿਚਾਰ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਇਸ ਬਾਰੇ ਵੀ ਵਿਚਾਰਨ ਦੀ ਬਹੁਤ ਲੋੜ ਹੈ। ---ਚਲਦਾ




.