.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਕੀ ਸਰਾਧ, ਵਰ੍ਹੀਣੇ, ਬਰਸੀਆਂ ਮਨਾਉਂਣੀਆਂ ਗੁਰਮਤਿ ਹੈ?

ਕਿਰਸਾਨ ਜਦੋਂ ਫਸਲ ਬੀਜਦਾ ਹੈ ਤਾਂ ਘਾਹ ਆਪਣੇ ਆਪ ਹੀ ਉੱਗ ਪੈਂਦਾ ਹੈ। ਘਾਹ ਦੀ ਬਿਜਾਈ ਨਹੀਂ ਕੀਤੀ ਜਾਂਦੀ। ਏਸੇ ਤਰ੍ਹਾਂ ਹੀ ਮਨੁੱਖ ਜਦੋਂ ਅਰਥਕ ਪੱਖੋਂ ਥੋੜਾ ਜੇਹਾ ਸੌਖਾ ਹੁੰਦਾ ਹੈ ਤਾਂ ਧਾਰਮਕ ਅੰਧ-ਵਿਸ਼ਵਾਸ ਹੋਣ ਕਰਕੇ ਸਮਾਜਕ ਕੁਰੀਤੀਆਂ ਵੀ ਨਾਲ ਹੀ ਜਨਮ ਲੈ ਲੈਂਦੀਆਂ ਹਨ। ਬੇ-ਸ਼ੱਕ ਅਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਧੂੰਮ-ਧਾਮ ਨਾਲ ਸ਼ਤਾਬਦੀਆਂ ਵੀ ਮਨਾ ਰਹੇ ਹਾਂ ਪਰ ਇਸਦੇ ਨਿਆਰੇ ਫਲਸਫ਼ੇ ਨੂੰ ਸਮਝਣ ਲਈ ਤਿਆਰ ਨਹੀਂ ਹਾਂ। ਸਾਡੇ ਗੁਰਦੁਆਰਿਆਂ ਦੀ ਮਰਯਾਦਾ ਤੇ ਸਾਡੀ ਰੋਜ਼ ਮਰਾ ਦੀ ਜ਼ਿੰਦਗੀ ਬ੍ਰਹਾਮਣੀ ਰੀਤੀ ਰਿਵਾਜ ਨਾਲ ਗੜੁੱਚ ਹੋਈ ਪਈ ਹੈ। ਜਿਸ ਧਾਰਮਕ ਅੰਧ ਵਿਸ਼ਵਾਸ ਤੇ ਸਮਾਜਕ ਕੁਰੀਤੀਆਂ ਤੋਂ ਗੁਰੂ ਨੇ ਸੁਚੇਤ ਕੀਤਾ ਸੀ ਅੱਜ ਸਿੱਖ ਅਵਾਮ ਵੀ ਉਸੇ ਹੀ ਦਲਦਲ ਵਿੱਚ ਫਸ ਕੇ ਰਹਿ ਗਿਆ ਹੈ। ਖ਼ਾਸ ਤੌਰ `ਤੇ ਮਿਰਤਕ ਸੰਸਕਾਰ ਬ੍ਰਾਹਮਣੀ ਪ੍ਰਛਾਵੇਂ ਤੋਂ ਨਹੀਂ ਬਚ ਸਕਿਆ। ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ ੨੯ ਦੇ (ਹ) ਅਨੁਸਾਰ “ਮਿਰਤਕ ਪ੍ਰਾਣੀ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਫਿਰ ਤੱਖਤੇ `ਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਣ ਕੀਤਾ ਜਾਵੇ। ਸਸਕਾਰ ਦੀ ਥਾਂ ਤੇ ਪਹੁੰਚ ਕੇ ਚਿਤਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁੱਝ ਵਿੱਥ `ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ਼ ਉੱਠੇ, ਤਾਂ (ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ) ਸੋਹਿਲੇ ਦਾ ਪਾਠ ਕਰ ਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ”।

“ਘਰ ਆ ਕੇ ਜਾਂ ਲਾਗੇ ਦੇ ਕਿਸੇ ਗੁਰਦੁਆਰੇ ਵਿੱਚ ਪ੍ਰਾਣੀ ਨਮਿਤ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਅਨੰਦ ਦੀਆਂ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸਾ ਸੋਧ ਕੜਾਹ ਪਰਸਾਦ ਵਰਤਾਇਆ ਜਾਵੇ। ਇਸ ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁੱਖ ਰੱਖ ਕੇ ਨੀਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸੰਬੰਧੀ ਰਲ਼ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਭੀ ਹੋਵੇ। ਦੁਸਹਿਰੇ ਦੇ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ”।

ਸਿੱਖ ਰਹਿਤ ਮਰਯਾਦਾ ਵਿਚੋਂ ਹੀ ਇੱਕ ਹੋਰ ਹਵਾਲਾ ਸਾਡੇ ਸਾਹਮਣੇ ਹੈ ਜੋ ਗੁਰਮਤਿ ਦੀ ਰਹਿਣੀ ਦੇ ਸਿਰਲੇਖ ਹੇਠ (ਸ) ਅੰਕ ਵਿੱਚ ਅੰਕਤ ਹੈ--- “ਜ਼ਾਤ-ਪਾਤ, ਛੂਤ-ਛਾਤ, ਜੰਤ੍ਰ ਮੰਤ੍ਰ ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ਿ, ਸ਼ਰਾਧ, ਪਿੱਤਰ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ ਕਰਮ, ਹੋਮ, ਤਿਲਕ, ਜੰਞੂ, ਤੁਲਸੀ, ਮਾਲਾ, ਗੋਰ, ਮੜ੍ਹੀ, ਮੱਠ, ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਤੇ ਨਿਸ਼ਚਾ ਨਹੀਂ ਕਰਨਾ”।

ਸ਼ਰਾਧ ਕੀ ਬਲ਼ਾਅ ਹੈ? ਸ਼ਰਾਧ ਦਾ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇੰਜ ਕੀਤਾ ਹੈ___ਸ਼ਰਧਾ ਨਾਲ ਕੀਤਾ ਕਰਮ___ਮੋਏ ਹੋਏ ਪਿਤਰਾਂ ਨੂੰ ਤ੍ਰਿਪਤ ਅਤੇ ਪ੍ਰਸੰਨ ਕਰਨ ਵਾਸਤੇ ਅੰਨ ਵਸਤੂ ਆਦਿਕ ਸਮੱਗ੍ਰੀ ਦਿੱਤੀ ਜਾਂਦੀ ਹੈ, ਪੁਰਾਣਾਂ ਅਤੇ ਸਿਮ੍ਰਤੀਆਂ ਅਨੁਸਾਰ ਉਸ ਦਾ ਨਾਂ ਸ਼ਰਾਧ ਹੈ। ਕਿਰਤੀ ਮਨੁੱਖ ਨੂੰ ਜੋਕ ਵਾਂਗੂੰ ਚਿੰਬੜੇ ਹੋਏ ਇਸ ਸ਼ਰਾਧ ਜੀ ਦੇ ਤਿੰਨ ਭੇਦ ਹਨ__ ਕਯਾਹ (ਖਿਆਹੀ), ਪਰਵਾਣ ਤੇ ਮਹਾਲਯਾ। ਪਿੱਤਰ ਦੇ ਮਰਣ ਵਾਲੇ ਮਹੀਨੇ ਅਤੇ ਤਿਥਿ ਵਿੱਚ ਸ਼ਰਾਧ ਕਰਾਣਾ ਖਿਆਹੀ ਹੈ। ਅਮਾਵਸ, ਪੂਰਨਮਾਸ਼ੀ ਆਦਿਕ ਪਰਵਾਂ ਵਿੱਚ ਸ਼ਰਾਧ ਕਰਣਾ ਪਰਵਾਣ ਹੈ। ਅੱਸੂ ਦੇ ਹਨੇਰੇ ਪੱਖ ਵਿੱਚ ਪਿੱਤਰਾਂ ਨੂੰ ਤਿਰਪਤ ਕਰਨਾ ਮਹਾਲਯ ਸ਼ਰਾਧ ਹੈ।

ਸ਼ਰਾਧਾਂ ਵਿੱਚ ਕਾਵਾਂ ਨੂੰ ਭੋਜਨ ਛਕਾਉਣਾ ਦਾ ਬਹੁਤ ਮਹਾਤਮ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਪ੍ਰਤੀ ਮਨੁੱਖਤਾ ਨੂੰ ਸੁਚੇਤ ਕਰਦਿਆਂ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ ਹੈ---

ਆਇਆ ਗਇਆ ਮੁਇਆ ਨਾਉ॥ ਪਿਛੈ ਪਤਲ ਸਦਿਹੁ ਕਾਵ॥

ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥

ਮਾਝ ਮ: ੧ ਪੰਨਾ ੧੩੭

ਕਰਮ-ਕਾਂਡਾ ਵਿੱਚ ਰਹਿਣ ਨਾਲ ਮਨੁੱਖ ਨੂੰ ਸੁੱਖ-ਸ਼ਾਂਤੀ ਦੀ ਪ੍ਰਾਪਤੀ ਨਹੀਂ ਆ ਸਕਦੀ। ਹਿੰਦੂ ਮੱਤ ਵਿੱਚ ਮਰ ਚੁੱਕੇ ਬਜ਼ੁਰਗਾਂ ਨਮਿਤ ਹਰ ਸਾਲ ਸ਼ਰਾਧ ਕੀਤੇ ਜਾਂਦੇ ਹਨ। ਸ਼ਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਮੱਸਿਆ ਤੀਕ ਹੁੰਦੇ ਹਨ। ਚੰਦ ਦੇ ਮਹੀਨੇ ਦੇ ਹਿਸਾਬ ਨਾਲ ਜਿਸ ਤਰੀਕ (ਥਿੱਤੀ-ਥਿੱਤ, ਏਕਮ, ਦੂਤੀਆ, ਤ੍ਰਿਤੀਆ ਆਦਿਕ ਨੂੰ ਕੋਈ ਮਰੇ, ਸ਼ਰਾਧਾਂ ਦੇ ਦਿਨਾਂ ਵਿੱਚ ਉਸ ਥਿੱਤ ਨੂੰ ਉਸਦਾ ਸ਼ਰਾਧ ਕੀਤਾ ਜਾਂਦਾ ਹੈ। ਬਜ਼ੁਰਗਾਂ ਲਈ ਬਣਾਇਆ ਹੋਇਆ ਭੋਜਨ ਬ੍ਰਾਹਮਣਾਂ ਨੂੰ ਛਕਾਉਣ ਮਗਰੋਂ ਕਾਂਵਾਂ-ਕੁਤਿਆਂ ਨੂੰ ਵੀ ਛਕਾਇਆ ਜਾਂਦਾ ਹੈ। ਨਿਸਚਾ ਇਹ ਹੁੰਦਾ ਹੈ ਕਿ ਇਹਨਾਂ ਨੂੰ ਖੁਵਾਇਆ ਹੋਇਆ ਭੋਜਨ ਪਿੱਤਰਾਂ ਨੂੰ ਪ੍ਰਲੋਕ ਵਿੱਚ ਪਹੁੰਚ ਜਾਵੇਗਾ।

ਇਸ ਤੋਂ ਇਲਾਵਾ ਜਦੋਂ ਕਦੀ ਘਰ ਵਿੱਚ ਖੁਸ਼ੀ ਦਾ ਮੌਕਾ ਬਣੇ (ਲੜਕੇ ਦੇ ਮੁੰਡਨ ਸੰਸਕਾਰ ਜਾਂ ਵਿਆਹ-ਸ਼ਾਦੀ ਵੇਲੇ) ਤਾਂ ਭੀ ਪਿੱਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਘਰ ਵਿੱਚ ਨਿਵੇਕਲੇ ਥਾਂ `ਤੇ ਜਾਂ ਬਾਹਰ ਖੇਤਾਂ ਵਿੱਚ ਪੋਚਾ ਦੇ ਕੇ ਆਟੇ ਜਾਂ ਮਿੱਟੀ ਦੇ ਪਿੱਤਰ ਬਣਾ ਕੇ, ਉਹਨਾਂ ਅੱਗੇ ਪਾਣੀ ਦਾ ਘੜਾ ਤੇ ਨਾਲ ਕੁੱਝ ਹੋਰ ਵਸਤੂਆਂ ਰੱਖ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਫਿਰ ਇਹਨਾਂ ਮਿੱਟੀ ਦਿਆ ਬਾਵਿਆਂ ਪਾਸੋਂ ਘਰ ਦੀ ਸੁੱਖ-ਸਾਂਤ ਦੀ ਅਸੀਸ ਲਈ ਜਾਂਦੀ ਹੈ। ਕਈ ਥਾਂਵਾਂ `ਤੇ ਮਿੱਟੀ ਦੇ ਦੇਵਤੇ ਬਣਾ ਕੇ ਉਹਨਾਂ ਅੱਗੇ ਬਕਰਿਆਂ ਦੀ ਬਲ਼ੀ ਵੀ ਦਿੱਤੀ ਜਾਂਦੀ ਹੈ।

ਹਿੰਦੂਆਂ ਦੇ ਧਾਰਮਕ ਗ੍ਰੰਥ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਪੁਰੀ ਖਾਲੀ ਹੋ ਜਾਂਦੀ ਹੈ। ਸਾਰੇ ਪਿੱਤਰ ਸ਼ਰਾਧਾਂ ਦਾ ਰਾਸ਼ਣ ਛੱਕਣ ਲਈ ਮਾਤ ਲੋਕ ਵਿੱਚ ਆ ਜਾਂਦੇ ਹਨ। ਜੇ ਕਰ ਇਹਨਾਂ ਨੂੰ ਭੋਜਨ ਨਾ ਛਕਾਇਆ ਗਿਆ ਤਾਂ ਇਹ ਸਰਾਪ ਦੇ ਕੇ ਚੱਲੇ ਜਾਂਦੇ ਹਨ। ਇਹਨਾਂ ਧਾਰਮਕ ਗ੍ਰੰਥਾਂ ਅਨੁਸਾਰ ਮਰੇ ਪਿੱਤਰਾਂ ਨੂੰ ਭੋਜਨ ਛਕਾਉਣਾ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ। ਦੂਸਰਾ ਸੁਮੇਰ ਪਰਬੱਤ ਨਾਲੋਂ ਵੀ ਕੋਈ ਵੱਡਾ ਪਾਪ ਹੋਵੇ ਤਾਂ ਸ਼ਰਾਧ ਕਰਾਉਣ ਨਾਲ ਉਹ ਮੁਆਫ਼ ਹੋ ਜਾਂਦਾ ਹੈ। ਸ਼ਰਾਧਾਂ ਦੀ ਮਿਹਰਬਾਨੀ ਕਰਕੇ ਆਦਮੀ ਨੂੰ ਸਵਰਗ ਵਿੱਚ ਉਚੇਚੀ ਸੀਟ ਮਿਲਦੀ ਹੈ।

ਸ਼ਰਾਧਾਂ ਸਬੰਧੀ ਇੱਕ ਹੋਰ ਖੱਚ ਦੇ ਦਰਸ਼ਨ ਹੁੰਦੇ ਹਨ---ਅਖੇ ਸ਼ਰਾਧਾਂ ਦਾ ਭੋਜਨ ਕੇਵਲ ਵੈਸ਼ਨਵ ਬ੍ਰਹਾਮਣਾਂ ਨੂੰ ਹੀ ਦੇਣਾ ਚਾਹੀਦਾ ਹੈ। ਕਿਸੇ ਹੋਰ ਨੂੰ ਦੇਣ ਨਾਲ ਭਾਵੇਂ ਉਹ ਭੁੱਖਾ ਜਾਂ ਜ਼ਰੂਰਤ-ਮੰਦ ਹੀ ਕਿਉਂ ਨਾ ਹੋਵੇ ਉਸ ਨੂੰ ਦੇਣ ਨਾਲ ਪਿੱਤਰਾਂ ਨੂੰ ਵਿਸ਼ਟਾ ਤੇ ਪਿਸ਼ਾਬ ਹੀ ਮਿਲਦਾ ਹੈ। ਅਜੇਹੀਆਂ ਫੋਕੀਆਂ ਤੇ ਹਾਸੋ-ਹੀਣੀਆਂ ਮਨੌਤਾਂ ਅਸੀਂ ਅੱਜ ਦੇ ਯੁੱਗ ਵਿੱਚ ਵੀ ਕਰੀ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਖੰਡਨ ਕੀਤਾ ਸੀ—

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ 1॥

ਸਲੋਕ ਮ: ੧ ਪੰਨਾ ੪੭੨

ਅਰਥ : —ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿੱਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁੱਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।

ਗੁਰੁ ਸਾਹਿਬ ਜੀ ਮਿਸਾਲ ਦੇ ਕੇ ਸਮਝਾ ਰਹੇ ਹਨ। ਦਰਅਸਲ ਲੇਖਾ ਏਸੇ ਜੀਵਨ ਵਿੱਚ ਹੀ ਹੈ।

ਵਰ੍ਹੀਣਾ--- ਸ਼ਬਦੀ ਅਰਥ ਕਰਨੇ ਹੋਣ, ਤਾਂ ਵਰ੍ਹੀਣੇ ਦੇ ਅਰਥ ਬਣਨਗੇ, ਵਰ੍ਹੇ ਬਾਅਦ ਫਿਰ ਰੋਣਾ। ‘ਗਰੁੜ ਪੁਰਾਣ’ ਦੀ ਕਥਾ ਅਨੁਸਾਰ ਜੀਵ ਨੂੰ ਧਰਮ ਰਾਜ ਜਾਂ ਜਮ ਰਾਜ ਦੀ ਕਚਹਿਰੀ ਤੀਕ ਪਹੁੰਚਣ ਲਈ ੩੬੦ ਦਿਨ ਭਾਵ ਲੱਗ-ਪੱਗ ਇੱਕ ਸਾਲ ਦਾ ਸਮਾਂ ਲੱਗਦਾ ਹੈ। ਆਪਣੀ ਆਪਣੀ ਕੀਤੀ ਅਨੁਸਾਰ ਜੀਵ ਨੂੰ ਅਨੇਕਾਂ ਬਿਖੜੇ ਤੇ ਘੁੱਪ ਹਨੇਰੇ ਤੇ ਗੰਦੇ ਖੂਨ ਪਾਕ ਦੀਆਂ ਭਰੀਆਂ ਨਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬ੍ਰਾਹਮਣ ਦੇ ਗਰੁੜ-ਪੁਰਾਣ ਦੀ ਮਿਹਰਬਾਨੀ ਸਦਕਾ ਬੰਦਾ ਇਹਨਾਂ ਨਦੀਆਂ ਤੇ ਹੀ ਅਟਕਿਆ ਰਹਿੰਦਾ ਹੈ, ਇਸ ਲਈ ਧਰਮਰਾਜ ਦੀ ਕਚਹਿਰੀ ਤੀਕ ਪਹੁੰਚਣ ਲਈ ਜਿਹੜੇ ਮਹੀਨੇ ਆਦਮੀ ਮਰਿਆ ਸੀ ਓਸੇ ਸਾਲ ਦੇ ਅਖ਼ੀਰ ਵਿੱਚ ਇੱਕ ਮਹੀਨਾ ਪਹਿਲਾਂ ਫਿਰ ਓਸੇ ਤਰ੍ਹਾਂ ਦੀਆਂ ਹੀ ਰਸਮਾਂ ਕੀਤੀਆਂ ਜਾਣ ਤਾਂ ਕਿ ਰਾਹ ਵਿੱਚ ਅਟਕਿਆ ਹੋਇਆ ਆਦਮੀ ਯਮ-ਰਾਜ ਪਾਸ ਪਹੁੰਚ ਸਕੇ। ਸਿੱਖ ਰਹਿਤ-ਮਰਯਾਦਾ ਅਨੁਸਾਰ ਦੁਸਹਿਰੇ ਦੇ ਮਗਰੋਂ ਚਲਾਣੇ ਦੀ ਕੋਈ ਰਸਮ ਨਹੀਂ ਰਹਿ ਜਾਂਦੀ। ਦੂਸਰਾ ਚੜ੍ਹਾਈ ਕਰ ਚੁੱਕੇ ਪ੍ਰਾਣੀ ਪ੍ਰਤੀ ਤਾਂ ਇਹ ਅਰਦਾਸ ਕੀਤੀ ਸੀ ਕਿ, ਹੇ ਰੱਬ ਜੀ! ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਿਸ਼ ਕਰੋ। ਅਗਲੇ ਸਾਲ ਵਰ੍ਹੀਣਾ ਕਰਾਉਂਦਿਆਂ ਫਿਰ ਏਹੀ ਅਰਦਾਸ ਕੀਤੀ ਜਾਂਦੀ ਹੈ ਕਿ ਰੱਬ ਜੀ! ਇਸ ਭਲੇ ਪੁਰਸ਼ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੋ। ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ ਜੀ। ਹੁਣ ਸੋਚਿਆ ਜਾ ਸਕਦਾ ਹੈ ਕਿ ਜੋ ਪਿੱਛਲੇ ਸਾਲ ਅਰਦਾਸ ਕੀਤੀ ਸੀ ਕੀ ਉਹ ਅਰਦਾਸ ਅਧੂਰੀ ਰਹਿ ਗਈ ਸੀ? ਜਿਸ ਕਰਕੇ ਦੁਬਾਰਾ ਅਰਦਾਸ ਕਰਨੀ ਪਈ। ਕੀ ਸਾਨੂੰ ਗੁਰੂ ਜੀ `ਤੇ ਭਰੋਸਾ ਨਹੀਂ ਹੈ? ਕੀ ਇਹ ਬਿੱਪਰਵਾਦੀ ਪਰੰਪਰਾ ਸਾਡੇ ਜੀਵਨ ਦਾ ਅੰਗ ਤਾਂ ਨਹੀਂ ਬਣ ਗਈ?

ਬ੍ਰਹਾਮਣ ਇਹ ਧਾਰਨਾਂ ਪਕਾਉਣ ਵਿੱਚ ਕਾਮਯਾਬ ਹੋ ਗਿਆ ਹੈ, ਕਿ ਜਦੋਂ ਸਾਡੇ ਪਰਵਾਰ ਦਾ ਕੋਈ ਜੀਅ ਮਰ ਜਾਂਦਾ ਹੈ, ਤਾਂ ਉਸ ਦਾ ਸੋਗ ਘੱਟੋ-ਘੱਟ ਇੱਕ ਸਾਲ ਤੀਕ ਮਨਾਉਣਾ ਚਾਹੀਦਾ ਹੈ। ਸਾਲ ਬਾਅਦ ਇੱਕ ਵਾਰੀ ਫਿਰ ਰੋਅ ਪਿੱਟ ਕੇ ਭਾਵ ਵਰ੍ਹੀਣਾ ਕਰਾਕੇ ਹੀ ਕੋਈ ਕਾਰਜ ਅਰੰਭਿਆ ਜਾਏ। ਜੇ ਮਰੇ ਪ੍ਰਾਣੀ ਦੀ ਦੁਬਾਰਾ ਕਿਰਿਆ ਕਰਮ ਨਾ ਕੀਤਾ ਗਿਆ ਤਾਂ ਬੰਦੇ ਦੀ ਆਤਮਾ ਭਟਕਦੀ ਹੀ ਰਹੇਗੀ। ਗੁਰਬਾਣੀ ਇਹਨਾਂ ਭਰਮਾਂ ਨੂੰ ਇਕਵੱਢਿਓਂ ਰੱਦ ਕਰਦੀ ਹੈ---

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ, ਤਿਨ ਵਿਚਹੁ ਭਰਮੁ ਚੁਕਾਇਆ॥

ਰਾਮ ਨਾਮੁ ਹਰਿ ਕੀਰਤਿ ਗਾਈ, ਕਰਿ ਚਾਨਣੁ ਮਗੁ ਦਿਖਾਇਆ॥

ਸਲੋਕ ਮ: ੩ ਪੰਨਾ ੮੬

ਬਰਸੀਆਂ--- ਚੀਨੀਆਂ ਬਾਰੇ ਇੱਕ ਮੁਹਾਵਰਾ ਹੈ ਕਿ ਉਹ ਹਫਤੇ ਦੇ ਸੱਤ ਦਿਨਾਂ ਵਿਚੋਂ ਅੱਠ ਦਿਨ ਕੰਮ ਕਰਦੇ ਹਨ। ਓੱਥੇ ਭਾਰਤੀਆਂ ਬਾਰੇ ਵੀ ਇੱਕ ਗੱਲ ਪ੍ਰਚੱਲਤ ਹੈ ਕਿ ਹਫਤੇ ਦੇ ਸੱਤ ਦਿਨ ਹੁੰਦੇ ਹਨ ਪਰ ਇਹਨਾਂ ਦੇ ਅੱਠ ਤਿਉਹਾਰ ਹੁੰਦੇ ਹਨ। ਸਿੱਖਾਂ ਬਾਰੇ ਹੋਰ ਵੀ ਦਿਲਚਸਪ ਪਹਿਲੂ ਹੈ ਕਿ ਇੱਕ ਹਫਤੇ ਵਿੱਚ ਇਹਨਾਂ ਦੇ ਦਸ ਧਾਰਮਕ ਪ੍ਰੋਗਰਾਮ ਹੁੰਦੇ ਹਨ। ਦੁਨੀਆਂ ਦੀ ਕੋਈ ਵੀ ਸਭਿਅਕ ਕੌਮ ਇੰਨੇ ਧਾਰਮਕ ਦਿਨ ਨਹੀਂ ਮਨਾਉਂਦੀ ਜਿੰਨੇ ਸਿੱਖ ਮਨਾ ਰਹੇ ਹਨ। ਸਾਰਿਆਂ ਮੁਲਕਾਂ ਨਾਲੋਂ ਭਾਰਤ ਵਿੱਚ ਧਰਮ ਦੇ ਨਾਂ `ਤੇ ਸਭ ਤੋਂ ਵੱਧ ਛੁੱਟੀਆਂ ਹੁੰਦੀਆਂ ਹਨ। ਚੀਨ ਵਿੱਚ ਸਭ ਤੋਂ ਘੱਟ ਛੁੱਟੀਆਂ ਹੁੰਦੀਆਂ ਹਨ। ਦੁਖਾਂਤ ਇਸ ਗੱਲ ਦਾ ਹੈ ਕਿ ਇਹ ਛੁੱਟੀਆਂ ਹਰ ਸਾਲ ਵੱਧਦੀਆਂ ਹੀ ਜਾਂਦੀਆਂ ਹਨ। ਉਤਸਵਾਂ, ਤੀਰਥ ਯਾਤਰਾਵਾਂ, ਅਤੇ ਬਿਨਾ ਮਤਲਬ ਦੇ ਰੀਤੀ ਰਿਵਾਜਾਂ ਵਿੱਚ ਆਪਣਾ ਵਕਤ ਜਾਇਆ ਕਰਦੇ ਹਾਂ। ਇੱਕ ਵਿਦਵਾਨ ਨੇ ਬਹੁਤ ਪਿਆਰਾ ਖ਼ਿਆਲ ਦਿੱਤਾ ਹੈ, “ਸਾਡੇ ਮੁਲਕ ਵਿੱਚ ਅਜੇਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ----ਸਵਾਮੀ, ਸਾਧੂ, ਸੰਤ, ਮੁੱਲ੍ਹਾ, ਨਿਹੰਗ, ਰੰਗ-ਬਰੰਗਾ ਸਾਧ ਲਾਣਾ ਤੇ ਨਾਲ ਹੀ ਉਹ ਲੋਕ ਜੋ ਬਾਕੀਆਂ ਨੂੰ ਉਪਦੇਸ਼ ਦੇਂਦੇ ਹਨ ਕਿ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ। ਉਸ ਵਿਦਵਾਨ ਨੇ ਇਹਨਾਂ ਨੂੰ ਪਵਿੱਤਰ ਭਿਖਾਰੀਆਂ ਦਾ ਨਾਂ ਦਿੱਤਾ ਹੈ”।

ਉੱਕਤ ਵਿਚਾਰ ਨੂੰ ਗਹੁ ਕਰਕੇ ਦੇਖਿਆ ਜਾਏ ਤਾਂ ਇਹ ਸਾਰੀ ਗੱਲ ਸਾਡੇ `ਤੇ ਢੁੱਕਦੀ ਹੈ। ਜਿੱਥੇ ਗੁਰਪੁਰਬਾਂ ਦੀ ਦਿਨ-ਬ-ਦਿਨ ਗਿਣਤੀ ਵੱਧਦੀ ਜਾ ਰਹੀ ਹੈ, ਓੱਥੇ ਧਰਮ ਦੇ ਨਾਂ `ਤੇ ਸਮਾਜਕ ਕੁਰੀਤੀਆਂ ਵੀ ਜਨਮ ਲੈ ਰਹੀਆਂ ਹਨ। ਧਾਰਮਕ ਅੰਧ-ਵਿਸ਼ਵਾਸ ਵਿੱਚ ਬਰਸੀਆਂ ਦੀ ਕੁਰੀਤੀ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ। ਬਰਸੀਆਂ ਮਨਾਉਣ ਦੀ ਰਸਮ ਮਹਾਂਰਾਜਾ ਰਣਜੀਤ ਸਿੰਘ ਤੋਂ ਜ਼ਿਆਦਾ ਤਰ ਸ਼ੁਰੂ ਹੋਈ ਹੈ। ਇਸ ਦਾ ਇੱਕ ਅਧਾਰ ਸੀ ਕਿ ਚਲੋ ਬਹਾਨੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਹੀ ਹੋ ਜਾਇਆ ਕਰਨਗੇ ਤੇ ਕੋਈ ਮਤ ਦੀ ਗੱਲ ਗ੍ਰਹਿਣ ਕੀਤੀ ਜਾ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣੀ ਗੁਰਮਤ ਅਨੁਸਾਰ ਕਰਮ ਹੈ। ਪਰ ਸਿੱਖ ਕੌਮ ਨੂੰ ਤੇ ਮਾੜੀ ਜੇਹੀ ਖੁਲ੍ਹ ਚਾਹੀਦੀ ਹੈ ਬਾਕੀ ਦਾ ਟੇਡਾ ਰਾਹ ਆਪੇ ਹੀ ਬਣ ਲੈਂਦੀ ਹੈ।

ਜਿੱਥੇ ਪਰਵਾਰਕ ਜੀਆਂ ਦੀਆਂ ਅਸੀਂ ਬਰਸੀਆਂ ਮਨਾ ਰਹੇ ਹਾਂ ਓੱਥੇ ਮਰ ਚੁੱਕੇ ਸਾਧੜਿਆਂ ਦੀਆਂ ਬਰਸੀਆਂ ਵੀ ਧੂੰਮ-ਧਾਮ ਨਾਲ ਮਨਾਉਣ ਵਿੱਚ ਆਪਣਾ ਫ਼ਖ਼ਰ ਸਮਝ ਰਹੇ ਹਾਂ। ਸਿੱਖ ਰਹਿਤ ਮਰਯਾਦਾ ਦੇ ਬੋਲ ਹਨ ਕਿ “ਦੁਸਹਿਰੇ ਦੇ ਮਗਰੋਂ ਬਾਕੀ ਕੋਈ ਰਸਮ ਨਹੀਂ ਰਹਿੰਦੀ”। ਤੇ ਫਿਰ ਕਿਉਂ ਅਜੇਹੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਆਪਣੇ ਸਹੁਰਾ ਸਾਹਿਬ ਦੀ ਜਾਂ ਕੋਈ ਪ੍ਰਧਾਨ ਆਪਣੀ ਪਤਨੀ ਦੀ ਬਰਸੀ ਮਨਾ ਰਿਹਾ ਹੋਵੇ ਤੇ ਜੱਥੇਦਾਰ ਓੱਥੇ ਜਾ ਕੇ ਸ਼ਰਧਾਜਲੀ ਭੇਟ ਕਰ ਰਹੇ ਹੋਣ ਤਾਂ ਕੌਮ ਦਾ ਭਵਿੱਖ ਕੀ ਹੋ ਸਕਦਾ ਹੈ? ਗੁਰਬਾਣੀ ਵਾਕ ਹੈ---

ਨਾਨਕ, ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥

ਪੰਨਾ ੧੩੭

ਬਾਹਰਲੇ ਮੁਲਕਾਂ ਵਿੱਚ ਜ਼ਾਤ-ਬਰਾਦਰੀ ਦੇ ਨਾਂ ਤੇ ਵੱਖ-ਵਾਦ ਦਾ ਇੱਕ ਖ਼ਤਰਨਾਕ ਰੁਝਾਨ ਪੈਦਾ ਹੋ ਗਿਆ ਹੈ। ਹਰ ਗੁਰਦੁਆਰੇ ਵਿੱਚ ਜ਼ਾਤ-ਬਰਾਦਰੀ ਦੇ ਅਧਾਰ `ਤੇ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਮੈਂ ਅਰੰਭ ਵਿੱਚ ਬੇਨਤੀ ਕੀਤੀ ਹੈ ਕਿ ਜੇ ਮਨੁੱਖ ਦੇ ਪਾਸ ਚਾਰ ਪੈਸੇ ਆ ਜਾਂਦੇ ਹਨ ਤਾਂ ਧਰਮ ਦੇ ਨਾਂ `ਤੇ ਸਮਾਜਕ ਕੁਰਤੀਆਂ ਵੀ ਜਨਮ ਲੈ ਲੈਂਦੀਆਂ ਹਨ। ਇਸ ਵਿੱਚ ਅਸੀਂ ਸਾਰੇ ਹੀ ਕਸੂਰਵਾਰ ਹਾਂ ਕਿਉਂ ਕਿ ਧਰਮ ਨੂੰ ਵਪਾਰ ਬਣਾ ਲਿਆ ਹੈ। ਵੱਖ ਵੱਖ ਜੱਥੇਬੰਦੀਆਂ ਆਪੋ ਆਪਣੇ ਇਲਾਕਿਆਂ ਦੇ ਹਿਸਾਬ ਨਾਲ ਆਪੂੰ ਬਣੇ ਆਪੋ ਆਪਣੇ ਬ੍ਰਹਮ ਗਿਆਨੀਆਂ ਦੀਆਂ ਬਰਸੀਆਂ ਬਹੁਤ ਹੀ ਧੂੰਮ-ਧਾਮ ਨਾਲ ਮਨਾਈਆਂ ਜਾ ਰਹੀਆਂ ਹਨ। ਇਹਨਾਂ ਬਰਸੀਆਂ ਤੇ ਪੈਸਿਆਂ ਦੀਆਂ ਉਗਰਾਹੀਆਂ ਬਹੁਤ ਹੁੰਦੀਆਂ ਹਨ ਤੇ ਫਿਰ ਕੀ ਲੋੜ ਪਈ ਹੈ ਬਰਸੀਆਂ ਬੰਦ ਕਰਨ ਦੀ। ਗੁਰੂ ਨੇ ਜਾਤ-ਬਰਦਰੀ ਨੂੰ ਖਤਮ ਕੀਤਾ ਸੀ ਪਰ ਅਸੀਂ ਫਿਰ ਜਾਤ ਬਰਾਦਰੀ ਬੜਾਵਾ ਦੇ ਰਹੇ ਹਾਂ।

ਦੇਖੋ ਦੇਖੀ ਨਿਤਾ ਪ੍ਰਤੀ ਬਰਸੀਆਂ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਇਹਨਾਂ ਬਰਸੀਆਂ ਤੇ ਪੱਕੀ ਮੋਹਰ ਦੁਕਾਨਦਾਰਾਂ ਨੇ ਜੰਤਰੀਆਂ ਛਾਪ ਕੇ ਲਗਾ ਦਿੱਤੀ ਹੈ। ਸਰਾਧ, ਵਰ੍ਹੀਣੇ ਜਾਂ ਬਰਸੀਆਂ ਦੀ ਗੁਰਮਤ ਵਿੱਚ ਕੋਈ ਵੁਕਤ ਨਹੀਂ ਏ। ਇਹ ਤੇ ਪਿੱਤਰ ਪੂਜਾ ਦਾ ਫੋਕਾ ਵਹਿਮ ਹੈ। ਸਾਰੀ ਬਾਣੀ ਫੋਕਟ ਦੇ ਕਰਮ ਕਾਂਡਾਂ ਦੀ ਨਿਖੇਧੀ ਕਰਦੀ ਹੈ। ਅਸੀਂ ਗਰੂ ਸਾਹਿਬਾਂ ਦੇ ਹੁਕਮ ਭੁੱਲ ਕੇ ਬ੍ਰਹਾਮਣੀ ਕਰਮ-ਕਾਂਡ ਦੀ ਦਲ਼ਦਲ਼ ਵਿੱਚ ਫਸ ਗਏ ਹਾਂ। ਇਸ ਵਿੱਚ ਸਭ ਤੋਂ ਵੱਧ ਯੋਗ ਦਾਨ ਡੇਰਾਵਾਦੀ ਬਿਰਤੀ ਪਾ ਰਹੀ ਹੈ। ਹੈਰਾਨਗੀ ਦੀ ਗੱਲ ਦੇਖੋ ਇਹਨਾਂ ਬਰਸੀਆਂ ਉਤੇ ਆਮ ਦਿਨਾਂ ਜਾਂ ਗੁਰਪੁਰਬਾਂ ਨਾਲੋਂ ਲੰਗਰਾਂ ਵਿੱਚ ਲੋੜ ਨਾਲੋਂ ਜ਼ਿਆਦਾ ਪਕਵਾਨ ਪੱਕਦੇ ਹਨ। ਇਹਨੂੰ ਇਹ ਪੱਕੇ ਭੰਡਾਰੇ ਦਾ ਨਾਂ ਦੇਂਦੇ ਹਨ। ਨਿਰ੍ਹੀਆਂ ਬਰਸੀਆਂ ਹੀ ਨਹੀਂ ਮਨਾਈਆਂ ਜਾ ਰਹੀਆਂ ਹੁਣ ਤੇ ਸਗੋਂ ਜਾਤ-ਬਰਾਦਰੀ ਦੇ ਅਧਾਰਤ ਸਾਧਾਂ ਦੇ ਜਨਮ ਦਿਹਾੜੇ ਵੀ ਮਨਾਏ ਜਾ ਰਹੇ ਹਨ।

ਬਿੱਪਰ ਭਾਊ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਹੈ। ਮੌਤ ਤੋਂ ਉਪਰੰਤ ਜੀਵਨ ਪੰਧ ਦੇ ਭੁਲੇਖਿਆਂ ਵਿੱਚ ਪਾ ਕੇ, ਆਪਣੇ ਪ੍ਰਸ਼ਾਦੇ-ਪਾਣੀ ਦਾ ਪ੍ਰਬੰਧ ਉੱਪਰ ਜੋ ਧਰਮ ਦਾ ਪਰਦਾ ਪਾਇਆ ਹੈ, ਗੁਰੁ ਸਾਹਿਬ ਜੀ ਨੇ ਗਿਆਨ ਦੇ ਕੇ ਉਸ ਪਰਦੇ ਨੂੰ ਉਤਾਰ ਦਿੱਤਾ ਹੈ। ਗੁਰਬਾਣੀ ਦੇ ਚਾਨਣੇ ਵਿੱਚ ਤੁਰਨ ਦੀ ਲੋੜ ਹੈ ਨਾ ਕਿ ਬਿੱਪਰਵਾਦੀ ਪਰੰਪਰਾ ਵਿਚ---

ਸਿੱਖ ਰਹਿਤ-ਮਰਯਾਦਾ ਦੇ ਬੋਲ ਹਨ--- “ਦੁਸਹਿਰੇ ਦੇ ਪਿੱਛੋਂ ਚਲਾਣੇ ਦੀ ਰਸਮ ਕੋਈ ਬਾਕੀ ਨਹੀਂ ਰਹਿੰਦੀ। ਬਿੱਪਰ ਭਾਊ ਜੀ ਦੀ ਹਰ ਗੱਲ ਅਜੀਬ ਹੈ ਆਪੇ ਬਣਾਈ ਵਰਣ ਵੰਡ ਦੇ ਹਿਸਾਬ ਨਾਲ ---ਅਖੇ — ਸ਼ੂਦਰ ਨੂੰ ਦਸ ਦਿਨ, ਵੈਸ਼ ਨੂੰ ਸਤਾਰ੍ਹਾਂ ਦਿਨ, ਖੱਤਰੀ ਨੂੰ ਤਰ੍ਹਾਂ ਦਿਨ, ਅਤੇ ਬ੍ਰਹਾਮਣ ਨੂੰ ਬਾਰ੍ਹਾਂ ਦਿਨ ਸੋਗ ਰਹਿੰਦਾ ਹੈ। ਗੁਰਮਤ ਦੀ ਰਹਿਣੀ ਨੇ ਅਜੇਹੇ ਖੋਖਲਿਆਂ ਦਾਵਿਆਂ ਮੂਲੋਂ ਹੀ ਰੱਦ ਕੀਤਾ ਹੈ।

ਮਿਰਤਕ ਪ੍ਰਾਣੀ ਦੀ ਮੜੀ, ਸਮਾਧ, ਦੇਹੁਰਾ, ਯਾਦਗਰ ਆਦ ਬਣਾਉਣੀ ਮਨਮਤ ਹੈ।

ਮਿਰਤਕ ਪ੍ਰਾਣੀ ਦੀ ਦੇਹ ਨੂੰ ਗੁਰਦੁਆਰੇ ਲਿਆ ਕੇ ਮੱਥਾ ਟਿਕਾਉਣਾ ਤੇ ਸਿਰਪਾਓ ਦੇਣਾ ਘੋਰ ਮਨਮਤ ਹੈ।

ਮਿਰਤਕ ਪ੍ਰਾਣੀ ਦਾ ਸਰਾਧ ਤੇ ਵਰ੍ਹੀਣਾ ਕਰਾੳਣਾ ਮਨਮਤ ਹੈ।

ਮਰ ਚੁੱਕੇ ਪਿੱਤਰਾਂ, ਵੱਡਿਆਂ-ਵਡੇਰਿਆਂ, ਨਾਮ-ਧਰੀਕ ਸਾਧੜਿਆਂ, ਬਰਾਦਰੀਆਂ ਦੇ ਆਗੂਆਂ ਦੀਆਂ ਗੁਰਦੁਆਰਿਆਂ ਵਿੱਚ ਬਰਸੀਆਂ ਮਨਾਉਣੀਆਂ, ਜਿੱਥੇ ਪੈਸੇ ਦੀ ਬਰਬਾਦੀ ਹੈ ਓਥੇ ਸਿੱਖ ਸਿਧਾਂਤ ਨਾਲ ਧਰੋਅ ਕਮਾਉਣਾ ਹੈ। ਇਸ ਫ਼ਜ਼ੂਲ ਦੀ ਖਰਚੀ ਤੋਂ ਬਚ ਕੇ ਕੌਮ ਲਈ ਕੋਈ ਉਸਾਰੂ ਕੰਮ ਕਰਨੇ ਚਾਹੀਦੇ ਹਨ।




.