.

ਸੋਧੀ ਗਈ ਅਰਦਾਸ ਦਾ ਮੁੱਢਲਾ ਖਰੜਾ

ਤੱਤ ਗੁਰਮਤਿ ਪਰਿਵਾਰ’ ਵੱਲੋਂ ਪ੍ਰਚਲਿਤ ਸਿੱਖ ਅਰਦਾਸ ਵਿਚਲੀਆਂ ਕਮੀਆਂ ਨੂੰ ਦੂਰ ਕਰ ਕੇ, ‘ਗੁਰਮਤਿ ਅਨੁਸਾਰੀ ਅਰਦਾਸ’ ਤਿਆਰ ਕਰਨ ਦੇ ਮਕਸਦ ਨਾਲ, ਵੈਬਸਾਈਟ ‘ਸਿੱਖ ਮਾਰਗ’ ਅਤੇ ਮਾਸਿਕ ਪੰਥਕ ਮੈਗਜ਼ੀਨ ‘ਇੰਡੀਆ ਅਵੇਅਰਨੈੱਸ’ ਦੇ ਜੂਨ 2009 ਦੇ ਅੰਕ ਵਿੱਚ ਲੇਖ “ਆਉ ਅਰਦਾਸ ਨੂੰ ਗੁਰਮਤਿ ਅਨੁਸਾਰੀ ਬਣਾਉਣ ਦੇ ਜਤਨ ਕਰੀਏ” ਲਿਖਿਆ ਗਿਆ ਸੀ। ਇਸ ਲੇਖ ਵਿੱਚ ਸੁਹਿਰਦ ਅਤੇ ਸੂਝਵਾਨ ਗੁਰਸਿੱਖਾਂ ਵੱਲੋਂ ਇਸ ਵਿਸ਼ੇ ਬਾਰੇ ਸੁਝਾਅ ਮੰਗੇ ਗਏ ਸਨ। ਪ੍ਰਾਪਤ ਹੋਏ ਸੁਝਾਵਾਂ ਅਤੇ ਵਿਦਵਾਨਾਂ ਦੇ ਆਪਸੀ ਵਿਚਾਰ ਚਰਚਾ ਉਪਰੰਤ ਅਰਦਾਸ ਦਾ ਇੱਕ ਮੁੱਢਲਾ ਖਰੜਾ (Primary Draft) ਤਿਆਰ ਕੀਤਾ ਗਿਆ ਹੈ।

ਇਸ ਖਰੜੇ ਨੂੰ ਪਾਠਕਾਂ/ਸਿੱਖਾਂ ਦੀ ਕਚਿਹਰੀ ਵਿੱਚ ਵਿਚਾਰ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ। ਸਾਰੇ ਸੁਹੀਰਦ ਗੁਰਸਿੱਖਾਂ, ਪਾਠਕਾਂ, ਅਤੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਖਰੜੇ ਨੂੰ ਵਿਚਾਰ ਕੇ, ਇਸ ਬਾਰੇ ਆਪਣੇ ਵਿਚਾਰ ਜਲਦੀ ਤੋਂ ਜਲਦੀ ਭੇਜਣ ਦੀ ਕ੍ਰਿਪਾ ਕਰੋ ਜੀ। ਆਪ ਜੀ ਇਸ ਅਰਦਾਸ ਦੀ ਸ਼ਬਦਾਵਲੀ ਵਿਚਲੀਆਂ ਕਮੀਆਂ, ਵਾਧੇ, ਘਾਟੇ ਆਦਿ ਬਾਰੇ ਆਪਣੇ ਵਿਚਾਰ ਖੁੱਲ ਕੇ ਲਿਖਤੀ ਰੂਪ ਵਿੱਚ (ਈ-ਮੇਲ ਜਾਂ ਡਾਕ ਰਾਹੀਂ) ਹੀ ਭੇਜਣ ਦੀ ਕ੍ਰਿਪਾ ਕਰਨੀ ਜੀ। ਵਿਚਾਰ ਭੇਜਣ ਦੀ ਅੰਤਿਮ ਤਾਰੀਖ 30 ਸਤੰਬਰ 2009 ਹੈ।

ਆਪ ਜੀ ਦੇ ਆਏ ਸੁਝਾਵਾਂ ਦੇ ਆਧਾਰ `ਤੇ ਅਰਦਾਸ ਦੀ ਸ਼ਬਦਾਵਲੀ ਫਾਈਨਲ ਕਰ ਕੇ ‘ਤੱਤ ਗੁਰਮਤਿ ਪਰਿਵਾਰ’ `ਤੇ ਲਾਗੂ ਕਰ ਦਿੱਤੀ ਜਾਵੇਗੀ। ਹੋਰ ਕਿਸੇ ਨੂੰ ਚੰਗੀ ਲੱਗੇ ਤਾਂ ਉਹ ਵੀ ਇਸ ਅਰਦਾਸ ਨੂੰ ਅਪਨਾ ਸਕਦਾ ਹੈ। ਪਰ ‘ਤੱਤ ਗੁਰਮਤਿ ਪਰਿਵਾਰ’ ਇਸ ਅਰਦਾਸ ਨੂੰ ਸਿਰਫ ਆਪਣੇ ਤੱਕ ਲਾਗੂ ਕਰਨ ਦਾ ਜ਼ਿੰਮੇਵਾਰ ਹੈ।

ਆਸ ਹੈ ਕਿ ਆਪ ਜੀ ਸੱਭ ਅੰਤਿਮ ਤਾਰੀਖ ਤੋਂ ਪਹਿਲਾਂ ਆਪਣੇ ਕੀਮਤੀ ਵਿਚਾਰ ਭੇਜਣ ਦੀ ਕ੍ਰਿਪਾ ਕਰੋਗੇ ਜੀ।

(ਸੋਧੀ ਗਈ ਅਰਦਾਸ ਦਾ ਮੁੱਢਲਾ ਖਰੜਾ ਇਸ ਪ੍ਰਕਾਰ ਹੈ)

ੴ ਸਤਿ ਗੁਰ ਪ੍ਰਸਾਦਿ॥

ਹੇ ਅਕਾਲ ਪੁਰਖ, ਪਾਤਸ਼ਾਹਾਂ ਦੇ ਪਾਤਸ਼ਾਹ ਜੀਉ;

ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥

ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥

 

  • ਨਿਰਮਲ ਪੰਥ ਦੇ ਮੋਢੀ ਨਾਨਕ ਪਾਤਸ਼ਾਹ ਜੀ, ਗੁਰਮਤਿ ਪਾਠਸ਼ਾਲਾ ਦੇ ਬਾਨੀ ਅੰਗਦ ਪਾਤਸ਼ਾਹ ਜੀ, ਨਿਮਰਤਾ ਦੇ ਪੁੰਜ ਅਮਰਦਾਸ ਪਾਤਸ਼ਾਹ ਜੀ, ਸੇਵਾ ਜਿਨ੍ਹਾਂ ਦੀ ਲਾਸਾਨੀ ਰਾਮਦਾਸ ਪਾਤਸ਼ਾਹ ਜੀ, ਸ਼ਹੀਦਾਂ ਦੇ ਸਿਰਤਾਜ ਅਰਜੁਨ ਪਾਤਸ਼ਾਹ ਜੀ, ਬੰਦੀਛੋੜ ਜੋਧੇ ਹਰਿ ਗੋਬਿੰਦ ਪਾਤਸ਼ਾਹ ਜੀ, ਰੋਗੀਆਂ ਦੇ ਵੈਦ ਹਰਿ ਰਾਇ ਪਾਤਸ਼ਾਹ ਜੀ, ਛੋਟੀ ਉਮਰੇ ਢੂੰਘੀ ਸੋਚ ਹਰਿ ਕ੍ਰਿਸ਼ਨ ਪਾਤਸ਼ਾਹ ਜੀ, ਮਨੁੱਖੀ ਅਧਿਕਾਰਾਂ ਦੇ ਰਾਖੇ ਤੇਗ ਬਹਾਦੁਰ ਪਾਤਸ਼ਾਹ ਜੀ, ਮਰਦ ਅਗੰਮੜੇ ਗੋਬਿੰਦ ਸਿੰਘ ਪਾਤਸ਼ਾਹ ਜੀ। ਇਨ੍ਹਾਂ ਦਸਾਂ ਪਾਤਸ਼ਾਹੀਆਂ ਦੀ ਸਰਬਪੱਖੀ ਅਗਵਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

  • ਦਸਾਂ ਨਾਨਕ ਜਾਮਿਆਂ ਦੀ ਵਿਚਾਰਧਾਰਕ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

  • ਅਨਗਿਣਤ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ `ਤੇ ਚੜ੍ਹੇ, ਆਰਿਆਂ ਨਾਲ ਚੀਰਾਏ ਗਏ ਅਤੇ ਹੋਰ ਅਨੇਕਾਂ ਤਸੀਹੇ ਸਹਿ ਕੇ ਸਿਧਾਂਤਕ ਦ੍ਰਿੜਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨ੍ਹਾਂ ਦੀ ਸਿਧਾਂਤਕ ਦ੍ਰਿੜਤਾ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ।

  • ਹੇ! ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਜੀਉ; ਆਪ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਸਦਕਾ (***ਅੰਮ੍ਰਿਤ ਬਾਣੀ ਪੜ੍ਹੀ, ਸੁਣੀ ਅਤੇ ਵਿਚਾਰੀ ਗਈ ਹੈ। ਗੁਰਬਾਣੀ ਪੜ੍ਹਦਿਆਂ, ਵਿਚਾਰਦਿਆਂ ਆਪ ਜੀ ਦੇ ਬਚਿੱਆਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ, ਅਗੇ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਸੌਝੀ ਬਖਸ਼ਿਸ਼ ਕਰਦਿਆਂ***) ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਗੁਜ਼ਾਰਣ ਦੀ ਬਲ ਬੁੱਧੀ ਬਖਸ਼ਿਸ਼ ਕਰੋ ਜੀ।

  • ਹੇ ਅਕਾਲ ਪੁਰਖ ਜੀਉ, ਹਾਜ਼ਿਰ ਸੰਗਤ ਸਮੇਤ ਸਾਰੀ ਮਨੁੱਖਤਾ ਨੂੰ ਆਪ ਜੀ ਦੇ ਅਟੱਲ ਹੁਕਮ ਵਿੱਚ ਤੁਰਦਿਆਂ, ਸੱਚ ਦੇ ਗਿਆਨ ਅਨੁਸਾਰੀ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਤੋਂ ਰਹਿਤ ਸੁਚੱਜੀ ਜੀਵਨ ਜਾਚ ਬਖਸ਼ਿਸ਼ ਕਰੋ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਲਈ ਆਪ ਜੀ ਦਾ ਕੋਟਾਨ ਕੋਟਿ ਸ਼ੁਕਰ ਹੈ ਜੀ।

  • ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ‘ਗੁਰਮਤਿ ਗਿਆਨ’ ਮਨ ਭਾਵੈ।

  • ਸਰਬੱਤ ਦਾ ਭਲਾ ਕਰਦਿਆਂ, ਸਹਿਜੇ ਹੀ ਪਰਮ ਪਦ ਪਾਵੈ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

***ਨੋਟ:- ਇਥੇ ਅਰਦਾਸ ਦੇ ਮਕਸਦ ਅਨੁਸਾਰ ਢੁਕਵੀਂ ਸ਼ਬਦਾਵਲੀ ਵਰਤੀ ਜਾ ਸਕਦੀ ਹੈ।

ਆਪ ਜੀ ਆਪਣੇ ਵਿਚਾਰ ਹੇਠ ਲਿਖੇ ਪਤੇ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹੋ।

(ਈ-ਮੇਲ: [email protected])

ਤੱਤ ਗੁਰਮਤਿ ਪਰਿਵਾਰ,

ਫਿਉਚਰ ਪੈਕ ਹਾਇਰ ਸੈਕੰਡਰੀ ਸਕੂਲ,

ਅਪਰ ਗਦੀਗੜ੍ਹ (ਨੇੜੇ ਏਅਰਪੋਰਟ),

ਜੰਮੂ-181101 (ਜੰਮੂ-ਕਸ਼ਮੀਰ)

(ਨੋਟ:- ‘ਸਿੱਖ ਮਾਰਗ’ ਤੇ ਇਕ ਹਫਤੇ ਵਿਚ ਦੋ ਲੇਖ ਕਿਸੇ ਵੀ ਵਿਆਕਤੀ ਜਾਂ ਜਥੇਬੰਦੀ ਦੇ ਨਹੀਂ ਪਾਏ ਜਾਂਦੇ। ਪਰ ਵਿਚਾਰ ਭੇਜਣ ਦੀ ਅੰਤਿਮ ਤਾਰੀਖ 30 ਸਤੰਬਰ 2009 ਹੋਣ ਕਰਕੇ ਇਸ ਨੂੰ ਪਾ ਰਹੇ ਹਾਂ। ਕਿਉਂਕਿ ਅਰਦਾਸ ਸਿੱਖ ਰਹਿਤ ਮਰਯਾਦਾ ਦਾ ਹੀ ਹਿੱਸਾ ਹੈ ਜਿਸ ਬਾਰੇ ਕਿ ਵਿਚਾਰ ਆਪਾਂ ਹਾਲਾਂ ‘ਸਿੱਖ ਮਾਰਗ’ ਤੇ ਕਰਨੀ ਹੈ। ਇਸ ਅਰਦਾਸ ਦਾ ਪੜਚੋਲ ਵਾਲੀਆਂ ਕਿਸ਼ਤਾਂ ਵਿੱਚ ਥੋੜਾ ਜਿਹਾ ਹੀ ਜ਼ਿਕਰ ਕੀਤਾ ਗਿਆ ਸੀ। ਸੋ ਹੁਣ ਉਹਨਾ ਨੇ ਆਪਣੇ ਵਲੋਂ ਮੁੱਢਲਾ ਖਰੜਾ ਤਿਆਰ ਕਰਕੇ ਪਾਠਕਾਂ/ਲੇਖਕਾਂ ਦੇ ਵਿਚਾਰਾਂ ਲਈ ਪੇਸ਼ ਕਰ ਦਿੱਤਾ ਹੈ। ਸੂਝਵਾਨ ਸੱਜਣ ਇਸ ਬਾਰੇ ਆਪਣੇ ਵਿਚਾਰ ਉਹਨਾ ਨੂੰ ਸਿੱਧੇ ਉਪਰ ਵਾਲੇ ਪਤੇ ਤੇ ਭੇਜ ਦੇਣ ਅਤੇ ਜਾਂ ਫਿਰ ਉਹ ‘ਸਿੱਖ ਮਾਰਗ’ ਨੂੰ ਛਪਣ ਲਈ ਭੇਜ ਦੇਣ ਅਤੇ ਇੱਥੋਂ ਉਹ ਆਪੇ ਹੀ ਨੋਟ ਕਰ ਲੈਣਗੇ-ਸੰਪਾਦਕ)




.