ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 05)
(ਗੁਰਮਤਿ ਦੀ ਰਹਿਣੀ ਤੋਂ ਅਨੰਦ ਸੰਸਕਾਰ ਤੱਕ)
(13) (ੳ) ਸਿੱਖ ਰਹਿਤ ਮਰਿਆਦਾ ਦੇ
ਪੰਨਾ 20 ਉੱਪਰ ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਭਾਗ (ਅ) ਵਿੱਚ ਦਰਜ ਹੈ:
“ਆਪਣੀ ਮੁਕਤੀ ਦਾ ਦਾਤਾ ਅਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ”
ਵਿਚਾਰ: ਸਿੱਖ ਰਹਿਤ ਮਰਿਆਦਾ ਦੇ ਸ਼ੁਰੂ ਵਿੱਚ ਦਿੱਤੀ ਸਿੱਖ ਦੀ ਪਰਿਭਾਸ਼ਾ ਵਾਂਗੂ ਹੀ ਇੱਥੇ ਵੀ
ਸ਼ਬਦਾਵਲੀ ਗੈਰ-ਸਿਧਾਂਤਕ ਅਤੇ ਭੁਲੇਖਾਪਾਊ ਹੈ। ਗੁਰੂ ਕੇਵਲ ਇੱਕ ਹੀ ਹੈ, ਦਸ ਜਾਂ ਗਿਆਰਾਂ ਗੁਰੂ
ਦੱਸਣੇ ਗੈਰ-ਸਿਧਾਂਤਕ ਅਤੇ ਗਲਤ ਹੈ। ਅਸੀਂ ਇਸ ਬਾਰੇ ਪਹਿਲਾਂ ਵੀ ਵਿਚਾਰ ਆਏ ਹਾਂ। ‘ਗੁਰੂ ਗ੍ਰੰਥ
ਸਾਹਿਬ ਜੀ’ ਤੋਂ ਬਾਹਰ ਕਿਹੜੇ ‘ਦਸ ਗੁਰੂ ਸਾਹਿਬਾਨ’ ਦੀ ਬਾਣੀ ਹੈ, ਇਹ ਗੱਲ ਸਮਝ ਨਹੀਂ ਆਉਂਦੀ। ਇਹ
ਭੁਲੇਖਾ ਪਾਉਣ ਵਾਲੀ ਗੱਲ ਲਗਦੀ ਹੈ। ਇੱਥੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਲਿਖਣਾ ਹੀ
ਜਾਇਜ਼ ਹੈ। ਇਸ ਬਾਰੇ ਵਿਚਾਰ ਪਹਿਲਾਂ ਹੋ ਚੁੱਕੀ ਹੈ, ਸੋ ਦੁਹਰਾਉਣ ਦੀ ਲੋੜ ਨਹੀਂ।
(ਅ) ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਭਾਗ (ੲ) ਵਿੱਚ ਫਿਰ ‘ਦਸ ਗੁਰੂ ਸਾਹਿਬਾਨ’ ਲਫਜ਼ ਵਰਤਿਆ
ਗਿਆ ਹੈ।
ਇਸ ਦੀ ਥਾਂ ‘ਨਾਨਕ ਵਿਚਾਰਧਾਰਕ ਜੋਤ ਦੇ ਦਸ ਜਾਮਿਆਂ’ ਸ਼ਬਦ ਵਰਤਿਆ ਜਾ ਸਕਦਾ ਹੈ। ਗੁਰੂ
ਇੱਕ ਹੀ ਹੈ, ਦਸ-ਗਿਆਰਾਂ ਨਹੀਂ।
(ੲ) ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਹੀ ਪੰਨਾ 20 ਉੱਪਰ ਭਾਗ (ਹ) ਵਿੱਚ ਦਰਜ ਹੈ:
“ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ”
ਵਿਚਾਰ: ਇਹ ਮੱਦ ਪ੍ਰੈਕਟੀਕਲ ਨਹੀਂ ਲਗਦੀ। ਜਿਹੜੇ (ਸਿੱਖ ਜਾਂ ਗੈਰ ਸਿੱਖ) ਲੋਕ ਗਲਤ
ਪ੍ਰੰਪਰਾਵਾਂ ਅਤੇ ਰਸਮਾਂ ਦਾ ‘ਅੰਨ੍ਹੀ ਸ਼ਰਧਾ’ ਅਧੀਨ ਪਾਲਣ ਕਰੀ ਜਾ ਰਹੇ ਹਨ, ਸੱਚ ਸੁਣਨ ਨਾਲ
ਉਨ੍ਹਾਂ ਦਾ ਦਿਲ ਤਾਂ ਦੁਖੇਗਾ ਹੀ। ਉਦਾਹਰਣ ਲਈ, ਜੋ ਮਨੁੱਖ ਕਿਸੇ (ਅੰਨ੍ਹੀ) ਸ਼ਰਧਾ ਅਧੀਨ ਕਸ਼ਟ ਸਹਿ
ਕੇ ਵਰਤ ਰੱਖਦੇ ਹਨ, ਜੇ ਉਨ੍ਹਾਂ ਨੂੰ ਸੱਚ ਦੱਸਿਆ ਜਾਵੇ ਕਿ ਇਹ ਕਰਮ ਤਾਂ ਨਿਸਫਲ ਹੈ, ਭੁਲੇਖਾ ਹੈ
ਤਾਂ ਉਸ ਦੇ ਮਨ ਨੂੰ (ਅੰਨ੍ਹੀ ਸ਼ਰਧਾ, ਅਗਿਆਨਤਾ) ਕਾਰਨ ਠੇਸ ਜ਼ਰੂਰ ਲੱਗੇਗੀ। ਅਨਧਰਮੀਆਂ ਦੀ ਤਾਂ
ਛੱਡੋ, ਜਿਹੜੇ ਆਪਣੇ ਆਪ ਨੂੰ ਸਿੱਖ ਕਹਿਲਾਉਂਦੇ ਹਨ, ਉਨ੍ਹਾਂ ਨੂੰ ਵੀ ਜਦ ਦਸਮ ਗ੍ਰੰਥ ਅਤੇ
ਪ੍ਰਚਲਿਤ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕਮਜ਼ੋਰੀਆਂ ਬਾਰੇ ਸੱਚ ਦੱਸਿਆ ਜਾਂਦਾ ਹੈ ਤਾਂ ਉਹ ਵੀ
ਰੌਲਾ ਪਾਉਣ ਲੱਗ ਜਾਂਦੇ ਹਨ ਕਿ ਇਸ ਨਾਲ ਆਮ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ, ਮਨ ਦੁਖਦਾ
ਹੈ। ਇਸ ਤਰ੍ਹਾਂ ਤਾਂ ਸੱਚ ਦਾ ਪ੍ਰਚਾਰ ਸੰਭਵ ਹੋ ਹੀ ਨਹੀਂ ਸਕਦਾ। ਜਿਹੜੇ ਮਨੁੱਖ (ਅਗਿਆਨਤਾ,
ਅੰਨ੍ਹੀ ਸ਼ਰਧਾ) ਵਿੱਚ ਫਸੇ ਹੋਏ ਹਨ, ਸੱਚ ਸੁਣ ਕੇ ਉਨ੍ਹਾਂ ਦਾ ਦਿਲ ਤਾਂ ਦੁਖੇਗਾ ਹੀ। ਪਰ ਵਾਰ-ਵਾਰ
ਸੱਚ ਸੁਣਨ ਕਰ ਕੇ ਸ਼ਾਇਦ ਉਨ੍ਹਾਂ ਅੱਗੋਂ ‘ਅਗਿਆਨਤਾ’ ਦਾ ਪਰਦਾ ਹਟ ਜਾਵੇ।
ਇਹ ਮੱਦ ਪ੍ਰੈਕਟੀਕਲ ਨਹੀਂ ਜਾਪਦੀ, ਸੋ ਤਿਆਗਣਯੋਗ ਹੈ। ਹਾਂ ਇਹ ਜ਼ਰੂਰ ਯਾਦ ਰਖਿਆ ਜਾਵੇ ਕਿ ਕਿਸੇ
ਸਿੱਖ ਦਾ ਮਕਸਦ, ਜਾਣ ਬੁੱਝ ਕੇ ਕਿਸੇ ਦਾ ਵੀ ਦਿਲ ਦੁਖਾਉਣਾ ਨਾ ਹੋਵੇ।
(ਸ) ‘ਗੁਰਮਤਿ ਦੀ ਰਹਿਣੀ’ ਸਿਰਲੇਖ ਅਧੀਨ ਹੀ ਭਾਗ (ਖ) ਵਿੱਚ ਦਰਜ ਹੈ:
“ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ”
ਵਿਚਾਰ: ‘ਗੁਰਮੁਖੀ’ ਦੀ ਵਿਦਿਆ ਨੂੰ ਜ਼ਰੂਰੀ ਕਰਨਾ ਸਿੱਖ ਮੱਤ ਨੂੰ ਇੱਕ ਖਾਸ ਖਿੱਤੇ ਤੱਕ
ਹੀ ਸੀਮਿਤ ਕਰਦਾ ਹੈ। ਅਸਲੀ ਗੱਲ ਤਾਂ ਗੁਰੂ ਦਾ ਸੁਨੇਹਾ ਲੈ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੈ,
ਇਹੀ ਸਿੱਖੀ ਹੈ। ਉਹ ਸੁਨੇਹਾ ਭਾਵੇਂ ਕਿਸੇ ਵੀ ਭਾਸ਼ਾ ਵਿੱਚ ਲਿਆ ਜਾਵੇ। ਇਸਾਈ ਪ੍ਰਚਾਰਕ ਵੀ ਇਸਾਈ
ਹੋਣ ਲਈ ਅੰਗਰੇਜ਼ੀ ਦੀ ਸਿੱਖਿਆ ਨੂੰ ਲਾਜ਼ਮੀ ਕਰਾਰ ਦਿੰਦੇ ਤਾਂ ਸ਼ਾਇਦ ਇੰਨਾਂ ਜ਼ਿਆਦਾ ਪ੍ਰਚਾਰ ਨਾ ਕਰ
ਸਕਦੇ। ਬਲਕਿ ਉਨ੍ਹਾਂ ਨੇ ਤਾਂ ਹਰ ਭਾਸ਼ਾ ਵਿੱਚ ‘ਬਾਇਬਲ’ ਛਾਪ ਕੇ ਪੂਰੇ ਸੰਸਾਰ ਵਿੱਚ ਵੰਡੀ। ਅਸੀਂ
ਗੁਰਮਤਿ ਦਾ ਸੁਨੇਹਾ ਸਾਰੀਆਂ ਭਾਸ਼ਾਵਾਂ ਵਿੱਚ ਨਹੀਂ ਪਹੁੰਚਾ ਸਕੇ ਤਾਂ ਇਹ ਸਾਡੀ (ਪ੍ਰਚਾਰਕ)
ਕਮਜ਼ੋਰੀ ਹੈ। ਇਸ ਸ਼ਰਤ ਨਾਲ ਸਿੱਖੀ ਨੂੰ ਜਾਨਣ ਲਈ ਉਤਸੁਕ ਗੈਰ ਪੰਜਾਬੀ ਵੀ ਨਿਰ-ਉਤਸ਼ਾਹਿਤ ਹੋ ਸਕਦੇ
ਹਨ। ਤਾਂ ਇੱਥੇ ਸ਼ਬਦਾਵਲੀ ਬਦਲ ਕੇ ਇਸ ਤਰ੍ਹਾਂ ਲਿੱਖਿਆ ਜਾ ਸਕਦਾ ਹੈ:
“ਸਿੱਖ ਲਈ ਗੁਰਮੁਖੀ ਸਿੱਖਿਆ ਲੈਣੀ ਲਾਹੇਵੰਦ ਹੈ”
(14) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 21 ਉੱਪਰ ‘ਜਨਮ ਅਤੇ ਨਾਮ ਸੰਸਕਾਰ’ ਦੇ ਭਾਗ (ੳ) ਵਿੱਚ
ਦਰਜ ਹੈ:
“ਗੁਰੂ ਜੀ ਦੇ ਹਜ਼ੂਰ ‘ਪਰਮੇਸ਼ਰ ਦਿਤਾ ਬੰਨਾ’ (ਸੋਰਠਿ ਮ: ੫), ‘ਸਤਿਗੁਰ ਸਾਚੈ ਦੀਆ ਭੇਜਿ’ (ਆਸਾ
ਮ: ੫), ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹੇ ਜਾਣ।”
ਵਿਚਾਰ: ਕੀ ਗੁਰਬਾਣੀ ਵਿੱਚ ਗਮੀ ਵਾਲੇ ਸ਼ਬਦ ਵੀ ਹਨ ਜਾਂ ਖਿਲਾਫਤ (ਧੰਨਵਾਦ ਦੇ ਉਲਟ) ਵਾਲੇ
ਸ਼ਬਦ ਵੀ ਹਨ? ਇਹ ਗੁਰਬਾਣੀ ਦੇ ਸ਼ਬਦਾਂ ਨੂੰ ਖੁਸ਼ੀ-ਗਮੀ ਦੇ ਸ਼ਬਦਾਂ ਵਿੱਚ ਵੰਡਣਾ ਗੁਰਮਤਿ ਸਿਧਾਂਤਾਂ
ਦੀ ਉਲੰਘਣਾ ਹੈ। ਗੁਰਬਾਣੀ ਇਕਸਾਰ ਹੈ, ਇਸ ਦਾ ਮਕਸਦ ਚੰਗੇ ਮਨੁੱਖ ਦੀ ਸਿਰਜਣਾ ਰਾਹੀਂ ਆਦਰਸ਼ ਸਮਾਜ
ਦੀ ਸਥਾਪਨਾ ਹੈ। ਇਨ੍ਹਾਂ ਸ਼ਬਦਾਂ ਦੇ ਤਾਂ ਭਾਵ ਅਰਥ ਹੀ ਉਹ ਨਹੀਂ ਹਨ ਜਿਹੜੇ ਇੱਥੇ ਦਰਸਾਏ ਜਾ ਰਹੇ
ਹਨ। ਗੁਰਬਾਣੀ ਦੇ ਸ਼ਬਦਾਂ ਨੂੰ ਖੁਸ਼ੀ-ਗਮੀ ਆਦਿ ਦੇ ਗਲਤ ਭਾਗਾਂ ਵਿੱਚ ਵੰਡ ਕੇ ਪੁਜਾਰੀ (ਗ੍ਰੰਥੀ,
ਪਾਠੀ, ਰਾਗੀ ਆਦਿ) ਸੰਗਤ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਦੇ ਸਹੀ ਭਾਵ ਅਰਥ ਨਹੀਂ ਦੱਸੇ ਜਾ
ਰਹੇ। ਗੁਰਬਾਣੀ ਤਾਂ ਹਰਖ-ਸੋਗ ਤੋਂ ਉੱਪਰ ਉੱਠਣ ਦੀ ਗੱਲ ਕਰਦੀ ਹੈ। ਇੱਥੇ ਇਹ ‘ਮਰਿਆਦਾ’, ਗੁਰਬਾਣੀ
ਨੂੰ ਹੀ ਹਰਖ-ਸੋਗ ਨਾਲ ਜੋੜ ਰਹੀ ਹੈ। ਇਸ ਮੱਦ ਦੀ ਸ਼ਬਦਾਵਲੀ ਬਹੁਤ ਹੀ ਗੈਰ-ਸਿਧਾਂਤਕ ਜਾਪਦੀ ਹੈ,
ਸੋ ਬਦਲਣ ਯੋਗ ਹੈ।
(ਅ) ‘ਜਨਮ ਅਤੇ ਨਾਮ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ੳ) ਵਿੱਚ ਹੀ ਨਾਮ ਰਖਣ ਬਾਰੇ ਦਰਜ ਹੈ:
“ਵਾਕ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ
ਤਜ਼ਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ।”
ਵਿਚਾਰ: ਨਾ ਜਾਣੇ ਕਿਉਂ ਅਸੀਂ ਗੁਰਬਾਣੀ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਤੱਤਪਰ ਹਾਂ।
ਸਾਨੂੰ ਲੋੜ ਸੀ ਗੁਰਬਾਣੀ ਨੂੰ ਸਮਝਣ ਅਤੇ ਵਿਚਾਰਨ ਦੀ, ਅਸੀਂ ਉਹ ਤਾਂ ਨਹੀਂ ਕਰ ਸਕੇ। ਬਸ ਬਾਣੀ
ਨੂੰ ਮੰਤਰ ਬਣਾ ਕੇ ਕਰਮਕਾਂਡ ਵਾਂਗ ਵਰਤਣਾ ਸ਼ੁਰੂ ਕਰ ਲਿਆ ਹੈ। ਬ੍ਰਾਹਮਣੀ ਸਮਾਜ ਵਿੱਚ ਬੱਚੇ ਦੇ
ਜਨਮ `ਤੇ ਬ੍ਰਾਹਮਣ, ‘ਕੁੰਡਲੀ’ ਆਦਿ ਬਣਾ ਕੇ ਬੱਚੇ ਦੇ ਨਾਂ ਦਾ ਅੱਖਰ ਤਜ਼ਵੀਜ਼ ਕਰਦਾ ਹੈ, ਇਹ ਤਾਂ
ਬ੍ਰਾਹਮਣੀ ਮੱਤ ਹੈ। ਸਿੱਖਾਂ ਨੇ ਵੀ ਬ੍ਰਾਹਮਣੀ ਅਸਰ ਕਬੂਲਦੇ ਹੋਏ (ਨਕਲ ਕਰਦੇ ਹੋਏ) ਬ੍ਰਾਹਮਣ ਦੀ
ਥਾਂ ਭਾਈ, ਗ੍ਰੰਥੀ ਬਿਠਾ ਲਏ ਹਨ ਅਤੇ ਬ੍ਰਾਹਮਣੀ ਮੰਤਰਾਂ ਦੀ ਤਰ੍ਹਾਂ ‘ਗੁਰਬਾਣੀ’ ਨੂੰ ਵਰਤਣਾ
ਸ਼ੁਰੂ ਕਰ ਲਿਆ ਹੈ। ਨਾਮ ਤਾਂ ਸਿਰਫ ਪਹਿਚਾਣ ਦਾ ਇੱਕ ਸਾਧਨ ਹੈ, ਪਰ ਨਾਮ ਵਾਲੇ ਗੁਣ ਸਿਰਫ ਚੰਗਾ
ਨਾਮ ਰੱਖਣ ਨਾਲ ਨਹੀਂ ਆ ਜਾਂਦੇ। ਕੋਈ ਵੀ ਚੰਗਾ ਲਗਦਾ ਨਾਮ ਰੱਖਿਆ ਜਾਵੇ, ਚੰਗੀ ਗੱਲ ਹੈ, ਪਰ ਉਸ
ਨਾਲ ਬਾਣੀ ਦੇ ਅੱਖਰ (ਹੁਕਮਨਾਮੇ) ਨੂੰ ਜੋੜਨਾ ਬ੍ਰਾਹਮਣਵਾਦੀ ਨਕਲ ਹੀ ਜਾਪਦੀ ਹੈ। ਜੇ ਅਸੀਂ ਸੱਚੇ
ਸਿੱਖ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀ ਹਰ ਤਰ੍ਹਾਂ ਦੀ ਕਰਮਕਾਂਡੀ ਵਰਤੋਂ ਛੱਡ ਕੇ ਉਸ
ਦੇ ਸਮਝਣ, ਵਿਚਾਰਨ ਦੀ ਇੱਕ ਲਹਿਰ ਚਲਾਉਣੀ ਪਵੇਗੀ। ਅੱਛਾ ਇਹੀ ਹੋਵੇਗਾ ਕਿ ਬੱਚੇ ਦਾ ਘਰ ਵਾਲੇ
ਮਨ-ਭਾਂਉਂਦਾ ਨਾਮ ਰੱਖ ਲੈਣ। ਬੱਸ ਕੌਮੀ ਪਹਿਚਾਣ ਵੱਜੋਂ ਲੜਕੇ ਦੇ ਨਾਮ ਦੇ ਪਿੱਛੇ ‘ਸਿੰਘ’ ਅਤੇ
ਲੜਕੀ ਦੇ ਨਾਮ ਪਿੱਛੇ ‘ਕੌਰ’ ਜੋੜ ਲਿਆ ਜਾ ਸਕਦਾ ਹੈ।
(15) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 22 ਉੱਪਰ ‘ਅਨੰਦ ਸੰਸਕਾਰ’ ਸਿਰਲੇਖ ਹੇਠ ਭਾਗ (ਅ) ਵਿੱਚ
ਸਰਜ ਹੈ:
“ਸਿੱਖ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਵੇ”
ਵਿਚਾਰ: ਕੀ ਸਿੱਖ ਦੇ ਪੁੱਤਰ ਦਾ ਵਿਆਹ ਕਿਸੇ ਗੈਰ ਸਿੱਖ ਲੜਕੀ ਨਾਲ ਕਰਨਾ ਵਾਜਿਬ ਹੈ? ਇਹ
ਇੱਕਤਰਫਾ ਅਤੇ ਵਿਤਕਰੇ ਵਾਲੀ ਗੱਲ ਹੈ ਇਸ ਮੱਦ ਪਿੱਛੇ ਕੀ ਕਾਰਨ ਹੋ ਸਕਦੇ ਹਨ? ਸਿੱਖ ਦਾ ਵਿਆਹ
ਸਿੱਖ ਨਾਲ ਕਰਨ ਪਿੱਛੇ ਇਹ ਕਾਰਨ ਹੈ ਕਿ ਜੇ ਦੋਨਾਂ ਦੇ ਵਿਚਾਰ, ਸੰਸਕਾਰ ਮਿਲਦੇ ਹੋਣ ਤਾਂ ਜੀਵਨ
(ਕਾਫੀ ਹੱਦ ਤੱਕ ਕਲੇਸ਼ ਰਹਿਤ) ਸੁਖਾਲਾ ਹੋ ਜਾਂਦਾ ਹੈ। ਨਹੀਂ ਤਾਂ ਵਿਚਾਰਾਂ ਦੇ ਮਤਭੇਦਾਂ ਕਾਰਨ ਹੀ
ਗ੍ਰਹਿਸਤੀ ਵਿੱਚ ਕਲੇਸ਼ ਪਿਆ ਰਹਿੰਦਾ ਹੈ। ਇਸ ਮੱਦ ਨੂੰ ਬਦਲ ਕੇ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
“ਸਿੱਖ ਦਾ ਵਿਆਹ ਸਿੱਖ ਨਾਲ ਹੀ ਹੋਵੇ”
(ਅ) ‘ਅਨੰਦ ਸੰਸਕਾਰ’ ਦੇ ਭਾਗ (ਕ) ਵਿੱਚ ਦਰਜ ਹੈ:
“ਅਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ……”
ਵਿਚਾਰ: ਇਹ ਭੰਬਲਭੂਸਾ ਕਿਉਂ? ਦੋਹਾਂ ਬੇੜ੍ਹੀਆਂ ਵਿੱਚ ਪੈਰ ਕਿਉਂ? ਜੇ ਗੁਰਮਤਿ ਅਨੁਸਾਰ
ਕੁੜਮਾਈ ਦੀ ਰਸਮ ਠੀਕ ਲਗਦੀ ਹੈ ਤਾਂ ਕਰਨੀ ਚਾਹੀਦੀ ਹੈ। ਜੇ ਇਹ ਗੁਰਮਤਿ ਅਨੁਸਾਰ ਨਹੀਂ ਹੈ ਤਾਂ ਇਸ
ਨੂੰ ਤਿਆਗਣ ਦੀ ਹਿਦਾਇਤ ਕੀਤੀ ਜਾ ਸਕਦੀ ਹੈ ‘ਰਾਗਮਾਲਾ’ ਵਾਂਗ ਇੱਥੇ ਵੀ ਦੁਵਿਧਾ ਵਾਲਾ ਵਿਚਾਰ
ਨਹੀਂ ਹੋਣਾ ਚਾਹੀਦਾ।
ਗੁਰਮਤਿ ਅਨੁਸਾਰ ਕੁੜਮਾਈ ਦੀ ਰਸਮ ਠੀਕ ਨਹੀਂ ਲਗਦੀ। ਅਨੰਦ ਕਾਰਜ ਤੋਂ ਪਹਿਲਾਂ ਦੋਹਾਂ ਧਿਰਾਂ ਦੇ
ਰਿਸ਼ਤੇਦਾਰ ਤਾਂ ਆਪਸ ਵਿੱਚ ਜਾਣ ਪਹਿਚਾਣ ਵਧਾਉਣ ਲਈ ਹੀ ਮਿਲਦੇ ਹਨ। ਇਸ ਵਿੱਚ ਕੋਈ ਹਰਜ਼ ਨਹੀਂ ਪਰ
ਇਸ ਨੂੰ ਕਿਸੇ ਰਸਮ ਦਾ ਨਾਂ ਦੇ ਕੇ, ਲੈਣ-ਦੇਣ ਦਾ (ਭਾਵੇਂ ਕੁੱਝ ਵੀ ਕਿਉਂ ਨਾ ਹੋਵੇ) ਵਿਖਾਵਾ
ਕਰਨਾ ਗੁਰਮਤਿ ਅਨੁਸਾਰ ਠੀਕ ਨਹੀਂ ਲਗਦਾ। ਵੈਸੇ ਵੀ ਕ੍ਰਿਪਾਨ, ਕੜਾ, ਮਿੱਠਾ ਆਦਿ ਲੜਕੇ ਦੇ ਪੱਲੇ
ਵਿੱਚ ਹੀ ਕਿਉਂ ਪਾਇਆ ਜਾਵੇ, ਲੜਕੀ ਦੇ ਪੱਲੇ ਵਿੱਚ ਕਿਉਂ ਨਹੀਂ ਪਾਇਆ ਜਾ ਸਕਦਾ? ਇਹ ਲਿੰਗ ਵਿਤਕਰੇ
ਵਾਲੀ ਗੱਲ ਜਾਪਦੀ ਹੈ। ਇਸ ਲਈ ਮੱਦ ਗੁਰਮਤਿ ਅਨੁਸਾਰ ਨਹੀਂ ਲਗਦੀ। ਬਲਕਿ ਇਸ ਮੱਦ ਵਿੱਚ ਇਹ ਸਪਸ਼ਟ
ਹਿਦਾਇਤ ਲਿਖੀ ਜਾ ਸਕਦੀ ਹੈ ਕਿ:
“ਅਨੰਦ ਕਾਰਜ ਤੋਂ ਪਹਿਲਾਂ ਕਿਸੇ ਵੀ ਰਸਮ ਦੀ ਲੋੜ ਨਹੀਂ (ਸਮੇਤ ਕੁੜਮਾਈ ਦੇ), ਅਨੰਦ ਕਾਰਜ ਦੀ
ਪੂਰੀ ਪ੍ਰਕਿਰਿਆ ਦੌਰਾਨ ਕੁੱਝ ਵੀ ਲੈਣ-ਦੇਣ ਨਾ ਕੀਤਾ ਜਾਵੇ। ਜੇ ਅਨੰਦ ਕਾਰਜ ਦੌਰਾਨ ਕੁੱਝ ਖਰਚਾ
ਹੁੰਦਾ ਵੀ ਹੈ ਤਾਂ ਦੋਵੇਂ ਧਿਰਾਂ ਮਿਲ ਕੇ ਕਰਨ। ਅਨੰਦ ਕਾਰਜ ਵੱਧ ਤੋਂ ਵੱਧ ਸਾਦਾ ਅਤੇ ਘੱਟ ਤੋਂ
ਘੱਟ ਖਰਚੀਲਾ ਹੋਵੇ।”
ਤਾਂ ਹੀ ਅਸੀਂ ਆਦਰਸ਼ ਸਮਾਜ (ਬੇਗਮਪੁਰਾ) ਦੀ ਸਥਾਪਨਾ ਵੱਲ ਅੱਗੇ ਵੱਧ ਸਕਦੇ ਹਾਂ। ਇਸ ਤਰ੍ਹਾਂ ਕਰਨ
ਨਾਲ ਬੇਟੀਆਂ ਨੂੰ ਮਾਪੇ ਬੋਝ ਨਹੀਂ ਸਮਝਣਗੇ। ਇਹੋ ਜਿਹੀਆਂ ਦੁਬਿਧਾਪੂਰਨ ਲੱਗਦੀਆ ਮੱਦਾਂ ਸਿੱਖ
ਰਹਿਤ ਮਰਿਆਦਾ ਦੇ ਗੁਰਮਤਿ ਅਨੁਸਾਰੀ ਸਰੂਪ ਨੂੰ ਕਮਜ਼ੋਰ ਕਰ ਰਹੀਆਂ ਹਨ ਅਤੇ ਇਸ ਤਰ੍ਹਾਂ ਦੀਆਂ
ਮੱਦਾਂ ਨਾਲ ਇਹ ਵੀ ਸਪਸ਼ਟ ਸੰਕੇਤ ਮਿਲਦਾ ਹੈ ਕਿ ਸਿੱਖ ਰਹਿਤ ਮਰਿਆਦਾ ਬਣਾਉਣ ਸਮੇਂ ਸਿਧਾਂਤਕ
ਦ੍ਰਿੜਤਾ ਦੀ ਥਾਂ ਸਮਝੋਤਾਵਾਦੀ ਅਤੇ ਸੰਤੁਸ਼ਟੀ ਕਰਨ ਦੀ ਨੀਤੀ ਨੂੰ ਹੀ ਸਾਹਮਣੇ ਰੱਖਿਆ ਗਿਆ ਹੈ।
(ੲ) ‘ਅਨੰਦ ਸੰਸਕਾਰ’ ਸਿਰਲੇਖ ਹੇਠ ਹੀ ਪੰਨਾ 23 ਉੱਪਰ ਭਾਗ (ਙ) ਵਿੱਚ ਦਰਜ ਹੈ:
“ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ”
ਵਿਚਾਰ: ਇੱਥੇ ਵੀ ਸੱਜੇ-ਖੱਬੇ ਦਾ ਗੁਰਮਤਿ ਵਿਰੋਧੀ ਭਰਮ ਨਹੀਂ ਹੋਣਾ ਚਾਹੀਦਾ। ਕਿਉਂ ਅਸੀਂ
ਹਰ ਚੀਜ਼ ਨੂੰ ਕਰਮਕਾਂਡ ਬਣਾਉਣ ਲਈ ਉਤਾਵਲੇ ਹਾਂ। ਲੜਕੇ ਨੂੰ ਸੱਜੇ ਪਾਸੇ ਬਿਠਾਉਣਾ, ਸਪਸ਼ਟ ਲਿੰਗ
ਵਿਤਕਰੇ ਦਾ ਹੀ ਸੰਕੇਤ ਮਿਲਦਾ ਹੈ। ਕਿਉਂਕਿ ਸਿੱਖਾਂ ਦੇ ਜ਼ਿਆਦਾਤਰ ਪ੍ਰਚਾਰਕ ਸੱਜੇ ਪਾਸੇ ਨੂੰ
ਪਵਿੱਤਰ ਮੰਨਦੇ ਹਨ (ਭਾਵੇਂ ਗੁਰਮਤਿ ਐਸਾ ਕੋਈ ਸਿਧਾਂਤ ਨਹੀਂ ਬਖਸ਼ਦੀ) ਉਦਾਹਰਣ ਲਈ ਗੁਰੂ ਗ੍ਰੰਥ
ਸਾਹਿਬ ਜੀ ਦੀ ਪ੍ਰਕਰਮਾ ਵਾਸਤੇ ਵੀ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ
ਸੱਜੇ ਪਾਸੇ ਵੱਲ ਰੱਖ ਕੇ ਪ੍ਰਕਰਮਾ ਕਰਨੀ ਚਾਹੀਦੀ ਹੈ (ਵੈਸੇ ਪ੍ਰਕਰਮਾ ਦਾ ਸਿਧਾਂਤ ਹੀ
ਬ੍ਰਾਹਮਣਵਾਦ ਦੀ ਹੀ ਦੇਣ ਹੈ)। ਸਪਸ਼ਟ ਹੈ ਕਿ ਲੜਕੀ ਨੂੰ ਖੱਬੇ ਪਾਸੇ ਬਿਠਾ ਕੇ ਸਿੱਖ (ਆਪਣੀ ਸੋਚ
ਅਨੁਸਾਰ) ਉਸ ਨੂੰ ਨੀਵਾਂ ਦਰਸਾਉਣ ਦੀ (ਅਨਜਾਣੇ ਹੀ) ਭੁੱਲ ਕਰ ਰਹੇ ਜਾਪਦੇ ਹਨ। ਜੋ ਕਿ ਗੁਰਮਤਿ
ਸਿਧਾਂਤਾਂ ਦੀ ਸਪਸ਼ਟ ਉਲੰਘਣਾ ਹੈ। ਗੁਰਮਤਿ ਸੱਜੇ-ਖੱਬੇ ਦਾ ਭਰਮ ਨਹੀਂ ਪਾਉਂਦੀ। ਇਸ ਲਈ ਜ਼ਰੂਰੀ ਹੈ
ਕਿ ਇੱਥੇ ਸ਼ਬਦਾਵਲੀ ਬਦਲ ਕੇ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ:
“ਅਨੰਦ ਕਾਰਜ (ਅਨੰਦ ਵਿਆਹ) ਸ਼ੁਰੂ ਹੋਣ ਵੇਲੇ ਲੜਕਾ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ
ਵਿੱਚ ਨਾਲ-ਨਾਲ ਬੈਠ ਜਾਣ”
(ਸ) ‘ਅਨੰਦ ਸੰਸਕਾਰ’ ਸਿਰਲੇਖ ਹੇਠ ਹੀ ਪੰਨਾ 24 ਉੱਪਰ ਭਾਗ (ਙ) ਵਿੱਚ ਹੀ ਲਿਖਿਆ ਹੈ ਕਿ:
“ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ”
ਵਿਚਾਰ: ਇਸੇ ਪਿਰਤ ਵੱਜੋਂ ਪੱਲਾ ਫੜਾਉਣ ਦੀ ਰਸਮ, ਦੀ ਵੀ ਕੋਈ ਲੋੜ ਨਹੀਂ ਭਾਸਦੀ। ਇਹ ਪੁਰਾਣੇ
ਜ਼ਮਾਨੇ ਦੀਆਂ ਰੂੜੀਵਾਦੀ ਅਤੇ ਬ੍ਰਾਹਮਣਵਾਦੀ ਰੀਤਾਂ ਹਨ। ਸੋ ਇਹ ਵੀ ਤਿਆਗਣਯੋਗ ਹਨ। ਪੱਲਾ ਫੜਾਉਂਦੇ
ਹੀ ਗੁਰਮਤਿ ਤੋਂ ਅਨਜਾਣ ਰਾਗੀ ‘ਪੱਲੇ ਤੈਂਡੇ ਲਾਗੀ’ ਵਾਲਾ ਸ਼ਬਦ ਪੜ੍ਹ ਕੇ, ਇਸ ਸ਼ਬਦ ਦੇ ਭਾਵ ਅਰਥ
ਨੂੰ ਹੀ ਬਦਲ ਕੇ ਰੱਖ ਦਿੰਦੇ ਹਨ।
(ਹ) ‘ਅਨੰਦ ਸੰਸਕਾਰ’ ਦੇ ਸਿਰਲੇਖ ਹੇਠ ਹੀ ਪੰਨਾ 24 ਉੱਪਰ ਭਾਗ (ਙ) ਵਿੱਚ ਹੀ ਦਰਜ ਹੈ:
“ਹਰੇਕ ਲਾਂਵ ਦੇ ਪਾਠ ਮਗਰੋਂ ਅੱਗੇ ਵਰ ਅਤੇ ਪਿੱਛੇ ਕੰਨਿਆ, ਵਰ ਦਾ ਪੱਲਾ ਫੜ ਕੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਨ”
ਵਿਚਾਰ: ਮੌਜੂਦਾ ਅਨੰਦ ਕਾਰਜ ਦਾ ਜ਼ਿਆਦਾ ਸਿਸਟਮ ਨਿਰੰਕਾਰੀ ਲਹਿਰ ਦੇ ਮੁੱਖੀ ‘ਬਾਬਾ ਦਿਆਲ ਜੀ’
ਦਾ ਸ਼ੁਰੂ ਕੀਤਾ ਹੋਇਆ ਹੈ। ਉਸ ਸਮੇਂ ਤੱਕ ਸਿੱਖ ਬ੍ਰਾਹਮਣਵਾਦੀਆਂ, ਪੁਜਾਰੀਆਂ ਦੇ ਪ੍ਰਭਾਵ ਹੇਠ
ਪੱਕੇ ਬ੍ਰਾਹਮਣਵਾਦੀ ਬਣ ਚੁੱਕੇ ਸਨ। ਉਨ੍ਹਾਂ ਦਾ ਵਿਆਹ ਵੀ ‘ਵੇਦੀ’ (ਅੱਗ) ਦੇ ਫੇਰੇ ਲੈ ਕੇ ਹੁੰਦਾ
ਸੀ। ਇਸ ਬ੍ਰਾਹਮਣਵਾਦੀ ਮਨਮੱਤ ਤੋਂ ਛੱਟਕਾਰਾ ਪਾਉਣ ਦੀ ਚੰਗੀ ਭਾਵਨਾ ਅਧੀਨ ਹੀ ਬਾਬਾ ਦਿਆਲ ਜੀ ਨੇ
ਮੌਜੂਦਾ ਅਨੰਦ ਕਾਰਜ ਸਿਸਟਮ ਦੀ ਸ਼ੁਰੂਆਤ ਕੀਤੀ। ਉਸ ਸਮੇਂ ਦੇ ਸਿੱਖ ਸਮਾਜ ਵਿੱਚ ਬ੍ਰਾਹਮਣਵਾਦ
ਇੰਨਾਂ ਭਾਰੂ ਸੀ ਕਿ ਬਾਬਾ ਦਿਆਲ ਜੀ ਨੇ ਰੱਖਿਆਤਮਕ ਪੈਂਤੜਾ ਧਾਰਨ ਕਰ ਕੇ ‘ਅਨੰਦ ਵਿਆਹ’ ਦਾ ਸਿਸਟਮ
ਸ਼ੁਰੂ ਕੀਤਾ ਸੀ। ਵੇਦੀ ਦੇ ਫੇਰਿਆਂ ਦੀ ਤਰਜ਼ `ਤੇ ਹੀ ਲਾਵਾਂ (ਫੇਰੇ) ਚਾਲੂ ਰੱਖੇ ਗਏ। ਫੇਰਿਆ ਵਿੱਚ
ਪੜ੍ਹੇ ਜਾਂਦੇ ਮੰਤਰਾਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਲਾਵਾਂ ਲੈ ਲਈਆਂ ਗਈਆਂ।
ਕਿਉਂਕਿ ਲਾਵਾਂ ਲਫਜ਼ ਆਮ ਤੌਰ ਤੇ ਸਮਾਜਿਕ ਵਿਆਹ ਨਾਲ ਸਬੰਧਤ ਹੁੰਦਾ ਸੀ। ਕਿਉਂਕਿ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਲਾਵਾਂ ਦੇ ਸ਼ਬਦਾਂ ਦੀ ਗਿਣਤੀ ਚਾਰ ਹੈ, ਇਸ ਕਰ ਕੇ ਲਾਵਾਂ ਫੇਰਿਆਂ ਜਾਂ ਪ੍ਰਕਰਮਾਂ
ਦੀ ਗਿਣਤੀ ਵੀ ਚਾਰ ਰੱਖ ਦਿੱਤੀ ਗਈ।
ਪਰ ਸਿੱਖਾਂ ਨੇ ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਕੀਤੀ ਹੈ। ਗੁਰਬਾਣੀ ਦੇ
ਰਚਣਹਾਰਿਆ ਨੇ ਆਮ ਲੋਕਾਈ ਨੂੰ ਸਮਝਾਉਣ ਖਾਤਰ ਦੁਨੀਆਵੀ ਬਿੰਬਾਂ (ਉਦਾਹਰਣਾਂ) ਦੀ ਅਤੇ ਕਾਵਿ ਰੂਪਾਂ
ਦੀ ਵਰਤੋਂ ਕੀਤੀ। ਉਹ ਬਿੰਬ ਜਾਂ ਕਾਵਿ ਰੂਪ ਸਿਰਫ ਗੱਲ ਸਮਝਾਉਣ ਦੀ ਖਾਤਰ ਵਰਤੇ ਗਏ ਕਿਉਂਕਿ ਉਸ
ਨਾਲ ਆਮ ਆਦਮੀ ਜਲਦੀ ਸਮਝਦਾ ਸੀ। ਉਦਾਹਰਣ ਲਈ ਕਿਸਾਨੀ (ਫਸਲ) ਦਾ ਬਿੰਬ ਵਰਤਿਆ, ਸ਼ਰਾਬ ਬਣਾਉਣ ਦਾ
ਬਿੰਬ ਵਰਤਿਆ, ਕੱਪੜਾ ਬੁਨਣ ਦਾ ਬਿੰਬ ਵਰਤਿਆ ਆਦਿ। ਇਸੇ ਤਰ੍ਹਾਂ ਪ੍ਰਚਲਿਤ ਕਾਵਿ ਰੂਪ ਬਾਰਹਮਾਹ,
ਪੱਟੀ, ਸਪਤਹਾਰੇ, ਆਦਿ ਵਰਤੇ ਗਏ। ਮਕਸਦ ਸਿਰਫ ਗੱਲ ਸਮਝਾਉਣ ਦਾ ਹੀ ਸੀ ਨਾ ਕਿ ਉਨ੍ਹਾਂ ਬਿੰਬਾਂ
ਨੂੰ ਪ੍ਰਮਾਣਿਕ ਜਾਂ ਅਪ੍ਰਮਾਣਿਕ ਸਿੱਧ ਕਰਨ ਦਾ। ਪਰ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਆਉਣ ਕਰਕੇ
ਸਿੱਖਾਂ ਨੇ ਉਨ੍ਹਾਂ ਵਿਚੋਂ ਕੁੱਝ ਬਿੰਬਾਂ ਅਤੇ ਕਾਵਿ ਰੂਪਾਂ ਨੂੰ ਗਲਤ ਵਰਤਣਾ ਸ਼ੁਰੂ ਕਰ ਦਿੱਤਾ।
‘ਸੰਗਰਾਂਦ’ ਇਸੇ ਦੀ ਹੀ ਇੱਕ ਉਦਾਹਰਣ ਹੈ। ਉਸ ਦਿਨ ਨੂੰ ਪ੍ਰਚਲਿਤ ਮਹੀਨੇ ਨਾਲ ਜੋੜ ਕੇ ਲਗਭਗ ਸਾਰੇ
ਗੁਰਦੁਆਰਿਆਂ ਵਿੱਚ ‘ਬਾਰਹਮਾਹ’ ਵਿਚੋਂ ਉਸ ਮਹੀਨੇ ਵਾਲੇ ਸ਼ਬਦ ਦਾ ਪਾਠ ਕੀਤਾ ਜਾਂਦਾ ਹੈ। ਉਸ ਸ਼ਬਦ
ਵਿੱਚ ਕੀ ਸੁਨੇਹਾ ਹੈ ਕਿਸੇ ਨੂੰ ਕੋਈ ਮਤਲਬ ਨਹੀਂ, ਬਸ ਸਿਰਫ ਕਰਮਕਾਂਡ ਵਾਂਗੂ ‘ਮਹੀਨਾ’ ਸੁਣਨਾ
ਹੁੰਦਾ ਹੈ। ਜੇ ਇਸ ਤਰ੍ਹਾਂ ਹੈ ਤਾਂ ‘ਸਪਤਹਾਰੇ’ ਦੇ ਆਧਾਰ `ਤੇ ਸੋਮਵਾਰ, ਮੰਗਲਵਾਰ, ਆਦਿ ਦਿਨ ਵੀ
ਉਹ ਸ਼ਬਦ ਪੜ੍ਹਨੇ ਚਾਹੀਦੇ ਸੀ। ਪਰ ਉਸ ਵਾਸਤੇ ਰੋਜ਼ ਗੁਰਦੁਆਰੇ ਜਾਂਣਾ ਪੈਂਣਾ ਸੀ। ਇੰਨੀ ਮਿਹਨਤ
(ਭਾਵੇਂ ਕਰਮਕਾਂਡ ਬਣਾ ਕੇ ਹੀ ਸਹੀ) ਮੁਸ਼ਕਿਲ ਸੀ।
ਇਸੇ ਤਰਜ਼ ਉੱਪਰ ਬਾਣੀ ਰਚਣਹਾਰਾਂ ਨੇ ਦੁਨੀਆਵੀ ਰਸਮਾਂ ਕੁੜਮਾਈ, ਲਾਵਾਂ, ਘੋੜੀਆਂ ਆਦਿ ਦਾ ਬਿੰਬ
ਵਰਤ ਕੇ ਸੱਚ ਦਾ ਸੁਨੇਹਾ ਬਖਸ਼ਿਆ ਹੈ ਪਰ ਅਸੀਂ (ਬ੍ਰਾਹਮਣਵਾਦੀ ਪ੍ਰਭਾਵ ਹੇਠ) ਉਨ੍ਹਾਂ ਵਿਚੋਂ ਕੁੱਝ
ਨੂੰ ਫਿਰ ਦੁਨੀਆਵੀ ਰਸਮਾਂ ਨਾਲ ਜੋੜ ਲਿਆ ਹੈ। ਲਾਵਾਂ ਦੇ ਸ਼ਬਦਾਂ ਦੀ ਵਰਤੋਂ ਇਸੇ ਤਰ੍ਹਾਂ ਦੀ ਇੱਕ
ਭੁੱਲ ਹੀ ਜਾਪਦੀ ਹੈ (ਭਾਵੇਂ ਭਾਵਨਾ ਚੰਗੀ ਨਾਲ ਹੀ ਕੀਤੀ ਗਈ ਹੋਵੇ)।
ਉੱਪਰ ਅਤੇ ਪਹਿਲਾਂ ਵਿਚਾਰੇ ਅਨੁਸਾਰ ਸਪਸ਼ਟ ਹੈ ਕਿ ਪ੍ਰਕਰਮਾਂ ਜਾਂ ਲਾਵਾਂ ਆਦਿ ਬ੍ਰਾਹਮਣਵਾਦੀ
ਸਿਧਾਂਤ ਹਨ, ਗਰਿਮਤਿ ਸਿਧਾਂਤ ਨਹੀਂ। ਗੁਰਮਤਿ ਤਾਂ ਸਿਰਫ ‘ਗੁਰੂ’ ਦੀ ਮੱਤ ਲੈਣ ਦੀ ਗੱਲ ਕਰਦੀ ਹੈ।
ਪ੍ਰਕਰਮਾਂ ਆਦਿ ਹੋਰ ਕਿਸੇ ਤਰ੍ਹਾਂ ਦਾ ਕਰਮਕਾਂਡ ਨਹੀਂ ਦਸਦੀ। ਦੂਜੀ ਤਰਫ ਲਾਵਾਂ ਵਾਲੇ ਸ਼ਬਦ ਵੀ
ਦੁਨੀਆਵੀ ਰਸਮ ਲਈ ਵਰਤਣੇ ਅਯੋਗ ਹਨ।
ਇਸ ਕਰਕੇ ਜ਼ਰੂਰੀ ਹੈ ਕਿ ਇਸ ਮੱਦ ਵਿੱਚ ਫੇਰ-ਬਦਲ ਕਰਕੇ ਕੁੱਝ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
“ਅਨੰਦ ਕਾਰਜ ਵੇਲੇ ਲੜਕਾ ਅਤੇ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਜਾਣ। ਇੱਕ
ਗੁਰਸਿੱਖ ਵਿਦਵਾਨ ਉਨ੍ਹਾਂ ਨੂੰ ਚੰਗੇ ਗ੍ਰਹਿਸਥੀ ਜੀਵਨ ਵਾਲੇ ਉਪਦੇਸ਼ ਦੱਸੇ, ਜਿਸ ਤੋਂ ਬਾਅਦ ਉਹ
ਉਨ੍ਹਾਂ ਨੂੰ ਪ੍ਰਵਾਨ ਕਰਨ ਦੀ ਸਹਿਮਤੀ ਦੇ ਤੌਰ `ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ
ਵਾਪਿਸ ਬੈਠ ਜਾਣ। ਇਸ ਸਮੇਂ ਗੁਰਮਤਿ ਵਿਚਾਰਾਂ ਅਤੇ (ਗੁਰਮਤਿ ਅਨੁਸਾਰੀ) ਕੀਰਤਨ ਵੀ ਕੀਤਾ ਜਾ ਸਕਦਾ
ਹੈ (ਉਪਲਭਧ ਸਮੇਂ ਦੇ ਹਿਸਾਬ ਨਾਲ)। ਉਸ ਤੋਂ ਬਆਦ ਅਨੰਦ ਕਾਰਜ ਸੰਪੂਰਨ ਹੋਣ ਦੀ (ਗੁਰਮਤਿ
ਅਨੁਸਾਰੀ, ਪ੍ਰਚਲਿਤ ਨਹੀਂ) ਅਰਦਾਸ ਕੀਤੀ ਜਾਵੇ ਅਤੇ ਹੁਕਮਨਾਮਾ ਲਿਆ/ਵਿਚਾਰਿਆ ਜਾਵੇ। ਫਿਰ ਕੜਾਹ
ਪ੍ਰਸ਼ਾਦਿ ਜਾਂ ਲੰਗਰ (ਜੋ ਵੀ ਪ੍ਰਬੰਧ ਹੋਵੇ) ਵਰਤਾਇਆ ਜਾਵੇ।”
ਲੜਕਾ ਲੜਕੀ ਨੂੰ ਗ੍ਰਹਿਸਥੀ ਸਮਝਾਉਣ ਲਈ ਇੱਕ ਸ਼ਬਦਾਵਲੀ ਨਿਯਤ ਕੀਤੀ ਜਾ ਸਕਦੀ ਹੈ। ਪ੍ਰਚਲਿਤ
ਮਰਿਆਦਾ ਵਿੱਚ ਦਿੱਤੀ ਸ਼ਬਦਾਵਲੀ ਵੀ ਠੀਕ ਹੈ। ਇਸ ਤਰੀਕੇ ਨਾਲ ਲਾਵਾਂ ਵੇਲੇ ਲੜਕੀ ਪਿੱਛੇ ਰੱਖਣ ਦੇ
ਵਿਤਕਰੇ ਦੇ ਵਿਵਾਦ ਤੋਂ ਵੀ ਖਹਿੜਾ ਛੁਟਾਇਆ ਜਾ ਸਕਦਾ ਹੈ।
(ਕ) ‘ਅਨੰਦ ਸੰਸਕਾਰ’ ਸਿਰਲੇਖ ਹੇਠ ਭਾਗ (ਟ) ਵਿੱਚ ਦਰਜ ਹੈ:
“ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ”
ਵਿਚਾਰ: ਇੱਥੇ ਫਿਰ ਇੱਕ ਤਰਫਾ ਵਿਚਾਰ ਦੇ ਕੇ ਵਿਤਕਰਾ ਕੀਤਾ ਜਾਪਦਾ ਹੈ। ਕੀ ਸਿੱਖ ਇਸਤਰੀ
ਵਾਸਤੇ (ਆਮ ਜਾਂ ਖਾਸ) ਹਾਲਤਾਂ ਵਿੱਚ ਇੱਕ ਪਤੀ ਦੇ ਹੁੰਦਿਆਂ ਦੂਜਾ ਵਿਆਹ ਕਰਨ ਸਬੰਧੀ ਕੋਈ ਦਿਸ਼ਾ
ਨਿਰਦੇਸ਼ ਨਹੀਂ ਹੈ? ਜਾਂ ਫਿਰ ਇਹ ਸੁਵਿਧਾ (ਖਾਸ ਹਾਲਤਾਂ ਵਾਲੀ) ਸਿਰਫ ਮਰਦ ਨੂੰ ਹੀ ਪ੍ਰਾਪਤ ਹੈ?
ਇਸ ਨੂੰ ਇੱਕ ਤਰ੍ਹਾਂ ਨਾਲ ਵਿਤਕਰਾ ਹੀ ਕਿਹਾ ਜਾ ਸਕਦਾ ਹੈ। ਦੂਜੀ ਤਰਫ ਸਿੱਖ ਇਸਤਰੀਆਂ ਇਸ ਮੱਦ ਦਾ
ਨਾਜ਼ਾਇਜ਼ ਫਾਇਦਾ ਉਠਾਉਂਦੇ ਹੋਏ ਇੱਕ ਤੋਂ ਜ਼ਿਆਦਾ ਵਿਆਹ ਵੀ ਕਰਵਾ ਸਕਦੀਆਂ ਹਨ ਕਿਉਂਕਿ ਉਨ੍ਹਾਂ ਲਈ
(ਆਮ ਜਾਂ ਖਾਸ ਹਾਲਤਾਂ ਵਿਚ) ਕੋਈ ਬੰਦਿਸ਼ ਨਹੀਂ ਲਾਈ ਗਈ।
ਇਸ ਕਰਕੇ ਇਸ ਮੱਦ ਨੂੰ ਬਦਲ ਕੇ ਸਿਰਫ ਸਾਦੇ ਲਫਜ਼ਾਂ ਵਿੱਚ ਕੁੱਝ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
“ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਪਤੀ ਜਾਂ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਨਹੀਂ ਕਰਾਉਣਾ
ਚਾਹੀਦਾ”
ਨਾਲ ਹੀ ਉਹ ਕੁੱਝ ‘ਖਾਸ’ ਹਾਲਤ ਵਿੱਚ ਵੀ ਨੋਟ ਦੇ ਕੇ ਦੱਸਿਆ ਜਾ ਸਕਦਾ ਹੈ ਜਿਸ ਵਿੱਚ ਇੱਕ
ਪਤੀ ਜਾਂ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾਇਆ ਜਾ ਸਕਦਾ ਹੈ।
(ਖ) ‘ਅਨੰਦ ਸੰਸਕਾਰ’ ਸਿਰਲੇਖ ਅਧੀਨ ਹੀ ਭਾਗ (ਠ) ਵਿੱਚ ਦਰਜ ਹੈ:
“ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ”
ਵਿਚਾਰ: ਇਸ ਮੱਦ ਵਿੱਚ ਕਈਂ ਨੁਕਤੇ ਵਿਚਾਰਨ ਯੋਗ ਹਨ।
1. ਦੁਬਾਰਾ ਫਿਰ ਇਸ ਤੋਂ ਪਹਿਲੇ ਭਾਗ ਵਾਂਗੂ ਹੀ ਇੱਕ ਤਰਫਾ ਅਤੇ ਅਧੂਰੀ ਗੱਲ ਕੀਤੀ ਗਈ ਜਾਪਦੀ ਹੈ।
ਕੀ ਇਸ ਬਾਬਤ ਅੰਮ੍ਰਿਤਧਾਰੀ ਸਿੰਘਣੀ ਲਈ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ? ਕਿਉਂ ਅਸੀਂ ਆਪਣੀ ਉਸ ‘ਮਰਦ
ਪ੍ਰਧਾਨ ਸਮਾਜ’ ਵਾਲੀ ਗੁਰਮਤਿ ਵਿਰੋਧੀ ਸੋਚ ਤਿਆਗਣਾ ਨਹੀਂ ਚਾਹੁੰਦੇ? ਇੰਨਾਂ ਸਮਾਂ (ਮਿਸ਼ਨਰੀ
ਕਾਲਜਾਂ ਅਨੁਸਾਰ ਲਗਭਗ 13 ਸਾਲ ਦਾ) ਅਤੇ ਇੰਨੇਂ ਹੀ ਚੰਗੇ ਵਿਦਵਾਨਾਂ ਦੀ ਅਣਥੱਕ ਘਾਲਣਾ ਦੇ
ਬਾਵਜੂਦ ਵੀ ਛੋਟੀ ਜਿਹੀ (ਕਰੀਬ 30 ਪੰਨੇ) ਸਿੱਖ ਰਹਿਤ ਮਰਿਆਦਾ ਵਿੱਚ ਇੰਨਾਂ ਅਧੂਰਾਪਨ ਕਿਸ ਕਾਰਨ
ਰਹਿ ਗਿਆ?
2. ਪਹਿਲੇ ਵਿਚਾਰੇ ਮੁਤਾਬਿਕ ਗੁਰਮਤਿ ਅਨੁਸਾਰ ‘ਅੰਮ੍ਰਿਤ’ ਸ਼ਬਦ ਸੱਚ ਦੇ ਗਿਆਨ (ਨਾਮ) ਲਈ ਹੀ
ਰਾਖਵਾਂ ਹੈ। ‘ਖੰਡੇ ਦੀ ਪਾਹੁਲ’ ਲਈ ‘ਅੰਮ੍ਰਿਤ’ ਲਫਜ਼ ਗਲਤ ਪ੍ਰਚਲਿਤ ਹੋ ਗਿਆ ਹੈ। ਸੋ ਇੱਥੇ
ਅੰਮ੍ਰਿਤਧਾਰੀ ਲਫਜ਼ ਬਦਲ ਕੇ ‘ਖੰਡੇ ਦਾ ਪਾਹੁਲਧਾਰੀ’ ਲਫਜ਼ ਵਰਤਿਆ ਜਾ ਸਕਦਾ ਹੈ।
3. ਇੱਕ ਤਰਫ ਤਾਂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਹਰ ਸਿੱਖ ਲਈ ‘ਖੰਡੇ ਦੀ ਪਾਹੁਲ’ (ਗਲਤ
ਪ੍ਰਚਲਿਤ ਨਾਂ ਅੰਮ੍ਰਿਤ) ਲੈਣੀ ਲਾਜ਼ਮੀ ਹੈ। ਭਾਵੇਂ ‘ਖੰਡੇ ਦੀ ਪਾਹੁਲ’ ਤੋਂ ਬਿਨਾਂ ‘ਸਿੱਖ’ ਨਹੀਂ
ਹੋ ਸਕਦਾ। ਫਿਰ ਸਿੱਖਾਂ ਦਾ ‘ਅਨੰਦ ਕਾਰਜ’ ਹੋਣ ਦਾ ਸਪਸ਼ਟ ਮਤਲਬ ਇਹੀ ਹੈ ਕਿ ਉਹ ਪਹਿਲਾਂ ਹੀ (ਖੰਡੇ
ਦੇ) ਪਾਹੁਲਧਾਰੀ ਹੋਣਗੇ। ਇਸ ਕਰਕੇ ਇਸ ਮੱਦ ਦੀ ਲੋੜ ਨਹੀਂ ਜਾਪਦੀ, ਸੋ ਤਿਆਗਣ ਯੋਗ ਹੈ।
---ਚਲਦਾ