ਸਿੱਖ ਧਰਮ ਤੇ ਅੰਧਵਿਸ਼ਵਾਸ ਦਾ ਸ਼ਿਕੰਜਾ
ਸਿੱਖ ਧਰਮ ਗੁਰੂ ਨਾਨਕ ਦੇਵ ਜੀ
ਤੋਂ, ਉਨ੍ਹਾਂ ਨੂੰ ਸਿੱਖਾਂ ਦੇ ਪਹਿਲੇ ਗੁਰੂ ਕਿਹਾ ਅਤੇ ਮੰਨਿਆ ਗਿਆ ਹੈ। ਗੁਰੂ ਦੇ ਮੂੰਹੋਂ
ਨਿੱਕਲੇ ਸ਼ਬਦਾਂ ਨੂੰ ਗੁਰਬਾਣੀ ਦਾ ਨਾਂ ਦਿੱਤਾ ਗਿਆ ਹੈ। ਪਹਿਲੇ ਗੁਰੂ ਤੋਂ ਲੈ ਕੇ ਪੰਜ ਗੁਰੂਆਂ -
ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ
ਦੇਵ ਜੀ ਦੀ ਗੁਰਬਾਣੀ ਨੂੰ ਇਕੱਤਰ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਆਪਣੀ ਬਾਣੀ
ਸਮੇਤ ਇੱਕ ਪੋਥੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਾਂਭਿਆ। ਇਸ ਪੋਥੀ ਨੂੰ ਗੁਰੂ ਅਮਰਦਾਸ
ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਸਮੇਤ ਸਾਂਭਿਆ। ਗੁਰੂ ਅਰਜਨ ਦੇਵ
ਜੀ ਨੇ ਇਸ ਬਾਣੀ ਦੇ ਨਾਲ ਉਸ ਸਮੇਂ ਅਤੇ ਉਸ ਤੋਂ ਪਹਿਲੇ ਭਗਤਾਂ ਦੀ ਬਾਣੀ ਨੂੰ ਇੱਕਤਰ ਕਰਕੇ
ਮਨੁੱਖੀ ਜੀਵਨ ਦੇ ਸੱਚੇ ਮਾਰਗ ਚੱਲ ਕੇ ਜੀਉਣ ਦਾ ਰਾਹ ਦੱਸਣ ਵਾਲੀ ਸੱਚੀ ਬਾਣੀ ਨੂੰ ਇੱਕਠਾ ਕੀਤਾ
ਅਤੇ ਉਸਨੂੰ ਵੱਖ ਵੱਖ ਰਾਗਾਂ ਵਿੱਚ ਸੰਪਾਦਿਤ ਕਰਕੇ ਭਾਈ ਗੁਰਦਾਸ ਜੀ ਤੋਂ ਇੱਕ ਗ੍ਰੰਥ ਦੇ ਰੂਪ
ਵਿੱਚ ਲਿਖਾਇਆ। ਇਸ ਗ੍ਰੰਥ ਨੂੰ ਅਮ੍ਰਿਤਸਰ ਹਰਿਮੰਦਿਰ ਵਿਖੇ ਸੁਸ਼ੋਭਿਤ ਕਰਕੇ ਬਾਬਾ ਬੁੱਢਾ ਜੀ ਨੂੰ
ਇਸਦਾ ਪਹਿਲਾ ਗ੍ਰੰਥੀ (ਪਾਠ ਕਰਨ ਵਾਲਾ) ਥਾਪਿਆ। ਬਾਬਾ ਬੁੱਢਾ ਜੀ ਨੇ ਗੁਰ ਮਰਿਆਦਾ ਤਹਿਤ ਇਸ
ਗ੍ਰੰਥ ਦੀ ਬਾਣੀ ਦੇ ਨਿੱਤਨੇਮ ਪਾਠ ਕਰਨਾ ਅਰੰਭਿਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ
ਸਾਹਿਬ ਤਲਵੰਡੀ ਸਾਬੋ ਵਿਖੇ ਇਸ ਗ੍ਰੰਥ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ
ਨਵੇਂ ਰੂਪ ਵਿੱਚ 6 ਅਕਤੂਬਰ 1708 ਈ: ਨੂੰ ਨੰਦੇੜ ਸਾਹਿਬ, (ਹਜੂਰ ਸਾਹਿਬ) ਵਿਖੇ ਇਸ ਨੂੰ ਗੁਰਿਆਈ
ਦੇ ਕੇ ਗੁਰੂ ਗ੍ਰੰਥ ਦਾ ਦਰਜਾ ਦਿੱਤਾ ਅਤੇ ਆਪਣੇ ਸਿੱਖਾਂ ਨੂੰ “ਸੱਭ ਸਿਖਨ ਕੋ ਹੁਕਮ ਹੈ ਗੁਰੂ
ਮਾਨਿਓ ਗ੍ਰੰਥ” ਦਾ ਹੁਕਮ ਦੇ ਕੇ ਭਵਿੱਖ ਲਈ ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਥਾਪ
ਦਿੱਤਾ ਜਿਸਦੇ ਸਿੱਟੇ ਵਜੋਂ ਦੇਹਧਾਰੀ ਗੁਰੂਆਂ ਦੀ ਪਿਰਤ ਬੰਦ ਕਰਕੇ “ਬਾਣੀ ਗੁਰੂ ਹੈ, ਗੁਰੂ ਹੈ
ਬਾਣੀ” ਦਾ ਉਪਦੇਸ਼ ਸਦਾ ਲਈ ਸਥਾਪਿਤ ਕੀਤਾ।
1699 ਈ ਦੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ
ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਿੰਘ ਸਜਾਇਆ। ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਛਕ ਕੇ ਗੋਬਿੰਦ
ਸਿੰਘ ਬਣ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਅੰਮ੍ਰਿਤਧਾਰੀ ਸਿੰਘਾਂ ਨੂੰ ਪੰਜ ਕਕਾਰ, ਕੇਸ, ਕੰਘਾ,
ਕੜਾ, ਕ੍ਰਿਪਾਨ ਅਤੇ ਕਛਹਿਰਾ ਧਾਰਨ ਕਰਾਕੇ ਸਿੱਖਾਂ ਦਾ ਵੱਖਰਾ ਰੂਪ (ਖਾਲਸਾ) ਸਾਜਿਆ ਅਤੇ ਕਿਹਾ ਕਿ
ਖਾਲਸਾ ਮੇਰਾ ਰੂਪ ਹੈ ਅਤੇ ਅੰਮ੍ਰਿਤਧਾਰੀ ਪੰਜ ਪਿਆਰੇ ਜੋ ਹੁਕਮ ਕਰਨ, ਪੰਥ ਉਸਨੂੰ ਸਵੀਕਾਰ ਕਰੇਗਾ
ਅਰਥਾਤ ਪੰਜ ਪਿਆਰੇ ਸਰਬ ਉਚ ਹੋਣਗੇ। ਇਨ੍ਹਾਂ ਪੰਜ ਕਕਾਰਾਂ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਵੀ ਉਜਾਗਰ
ਕੀਤੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗ੍ਰੰਥ ਸਾਹਿਬ ਨੂੰ ਜਗਦੀ ਜੋਤ ਸ਼ਬਦ ਗੁਰੂ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਪਦਵੀ ਦੇਕੇ ਸਿੰਘਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣ ਦਾ
ਹੁਕਮ ਦੇ ਕੇ ਸਿੱਖ ਧਰਮ ਨੂੰ ਗੁਰਬਾਣੀ ਰਾਹੀ ਅੰਧ ਵਿਸ਼ਵਾਸ ਵਿਚੋਂ ਬਾਹਰ ਕਢਿੱਆ, ਪਰ ਅੱਜ ਉਹੀ
ਸਿੱਖ ਧਰਮ ਸਿੱਖੀ ਭੇਸ ਵਿੱਚ ਅਖੌਤੀ ਸੰਤ, ਪਾਖੰਡੀ ਸਾਧ, ਬਾਬੇ, ਦੇਹਧਾਰੀ ਗੁਰੂਆਂ ਵਲੋਂ ਗੁਰੂ
ਸਾਹਿਬਾਨਾਂ ਦੇ ਜੀਵਨ ਨਾਲ ਕਰਾਮਾਤਾਂ ਜਾਂ ਝੂਠੀਆਂ ਅਤੇ ਹਾਸੋਹੀਣੀਆਂ ਦੰਦ ਕਥਾਵਾਂ ਜੋੜ ਦੇ ਅੰਧ
ਵਿਸ਼ਵਾਸ ਦੇ ਸਿਕੰਜੇ ਵਿੱਚ ਫਸ ਗਿਆ ਹੈ।
ਪੰਜ ਕਕਾਰਾਂ ਦੇ ਧਾਰਨੀ ਸਿੱਖ ਇਨ੍ਹਾਂ ਕਕਾਰਾਂ ਦਾ ਵੀ ਆਪ ਹੀ ਮਜ਼ਾਕ ਉਡਾ ਰਹੇ ਹਨ। ਗੁਰੂ ਸਾਹਿਬ
ਨੇ ਇਨ੍ਹਾਂ ਕਕਾਰਾਂ ਦੀ ਇੱਜਤ ਅਤੇ ਰਾਖੀ ਕਰਨ ਦਾ ਹੁਕਮ ਦਿੱਤਾ ਸੀ ਨਾ ਕਿ ਅੱਨ੍ਹੇ ਹੋ ਕੇ ਇਨ੍ਹਾਂ
ਨਾਲ ਚਿੰਬੜੇ ਰਹਿਣ ਦੀ ਕਹੀ ਸੀ। ਅਜੋਕੇ ਸਿੱਖ ਇਨ੍ਹਾਂ ਕਕਾਰਾਂ ਨਾਲ ਚਿੰਬੜੇ ਰਹਿਣ ਦੀ ਵਕਾਲਤ ਦਾ
ਦਿਖਾਵਾ ਕਰਦੇ ਹਨ। ਸਿੱਖ ਨੂੰ ਕੇਸੀ ਇਸ਼ਨਾਨ ਕਰਕੇ, ਦੋ ਵਕਤ ਕੰਘਾ ਕਰਕੇ ਦਸਤਾਰ ਸਜਾਉਣ ਦਾ ਹੁਕਮ
ਹੋਇਆ ਸੀ। ਕਈ ਸਿੱਖ ਇਥੋਂ ਤਕ ਅੰਧ ਵਿਸ਼ਵਾਸ ਕਰਦੇ ਹਨ ਕਿ ਕਛਹਿਰਾ ਸਰੀਰ ਤੋਂ ਕਦੇ ਵੱਖ ਨਹੀਂ ਹੋਣਾ
ਚਾਹੀਦਾ ਤੇ ਉਹ ਇਸ਼ਨਾਨ ਕਰਕੇ ਕਛਹਿਰਾ ਬਦਲਣ ਸਮੇਂ ਗਿੱਲੇ ਕਛਹਿਰੇ ਦੀ ਇੱਕ ਲੱਤ ਜਾਂ ਨਾਲਾ ਨਲਕੇ
ਦਾ ਕਿਸੇ ਉਚੀ ਜਗ੍ਹਾ ਨਾਲ ਬੰਨ੍ਹ ਦਿੰਦੇ ਹਨ, ਤਾਂ ਜੋ ਕਛਹਿਰਾ ਸਰੀਰ ਨਾਲੋਂ ਵੱਖ ਨਾ ਹੋ ਜਾਵੇ।
ਇਸ ਤਰ੍ਹਾਂ ਕਰਕੇ ਉਹ ਆਪਣਾ ਮਜ਼ਾਕ ਹੀ ਉਡਾਉਂਦੇ ਹਨ। ਚੰਗਾ ਹੋਵੇ ਕਿ ਉਹ ਕਛਹਿਰੇ ਦੀ ਮਹਤੱਤਾ ਨੂੰ
ਜਾਨਣ। ਇਸੇ ਤਰ੍ਹਾਂ ਕੇਸ ਸਾਫ ਕਰਦਿਆਂ ਕੰਘਾ ਵੀ ਵਾਰ ਵਾਰ ਸਰੀਰ ਨਾਲੋਂ ਵੱਖ ਹੁੰਦਾ ਹੀ ਹੈ। ਗੁਰੂ
ਸਾਹਿਬ ਨੇ ਸਿੱਖ ਨੂੰ ਤਿੰਨ ਫੁੱਟੀ ਕ੍ਰਿਪਾਨ ਧਾਰਨ ਕਰਕੇ ਜ਼ੁਲਮ ਖਿਲਾਫ ਲੜਨ ਲਈ ਹਰ ਵੇਲੇ ਤਿਆਰ
ਰਹਿਣ ਦੀ ਹਦਾਇਤ ਕੀਤੀ ਸੀ, ਪਰ ਸਿੱਖਾਂ ਨੇ ਤਿੰਨ ਫੁੱਟ ਦੀ ਬਜਾਏ ਤਿੰਨ ਇੰਚ ਦੀ ਸਿਰੀ ਸਾਹਿਬ ਬਣਾ
ਕੇ ਸਿਰਫ ਨਿਸ਼ਾਨੀ ਦੇ ਤੌਰ ਤੇ ਪਹਿਨਣੀ ਸ਼ੁਰੂ ਕਰ ਦਿੱਤੀ। ਬਹੁਤੇ ਸਿੱਖ ਤਾਂ ਸਿਰੀ ਸਾਹਿਬ ਨੂੰ
ਚੋਲੇ ਜਾਂ ਕਮੀਜ਼ ਦੇ ਹੇਠਾਂ ਜਾਂ ਪੈਂਟਾਂ ਵਿੱਚ ਹੀ ਦੇ ਕੇ ਰੱਖਦੇ ਹਨ। ਕੜਾ ਜੰਗ ਵਿੱਚ ਬਾਂਹ ਦੀ
ਰਾਖੀ ਲਈ ਸੀ, ਪਰ ਅੱਜ ਦੇ ਸ਼ੁਕੀਨ ਸਿੱਖ ਸ਼ੁਕੀਨੀ ਵਾਸਤੇ ਸੋਨੇ ਦਾ ਕੜਾ ਪਹਿਨਣ ਨੂੰ ਵਡਿਆਈ ਸਮਝਦੇ
ਹਨ। ਇਹ ਸੱਭ ਕੁੱਝ ਗੁਰੂ ਸਾਹਿਬ ਵਲੋਂ ਦਿੱਤੇ ਕਕਾਰਾਂ ਦੀ ਇੱਜਤ ਨਹੀਂ ਸਗੋਂ ਦਿਖਾਵੇ ਲਈ ਹੀ ਕੀਤਾ
ਜਾਂਦਾ ਹੈ। ਸਿੱਖ ਬੀਬੀਆਂ ਚੁੰਨੀਆਂ ਸਿਰਾਂ ਦੀ ਬਜਾਏ ਗਲੇ ਵਿੱਚ ਪਾਉਂਦੀਆਂ ਹਨ। ਭਰਵੱਟੇ ਕਟਾ ਕੇ,
ਗਹਿਣੇ ਪਹਿਨ ਕੇ, ਮੇਕ ਅਪ ਵੀ ਕਰਦੀਆਂ ਹਨ। ਕੀ ਇਹ ਸਿਰਫ ਸਿੱਖੀ ਦਾ ਦਿਖਾਵਾ ਨਹੀਂ ਜਾਂ ਗੁਰੂ
ਗ੍ਰੰਥ ਸਾਹਿਬ ਵਿੱਚ ਵਿਸ਼ਵਾਸ?
ਗੁਰਬਾਣੀ ਵਿੱਚ ਤੀਰਥ ਇਸ਼ਨਾਨਾਂ ਦੀ ਕੋਈ ਥਾਂ ਨਹੀਂ। ਗੁਰੂ ਅੰਗਦ ਦੇਵ ਜੀ (ਪਹਿਲਾਂ ਭਾਈ ਲਹਿਣਾ
ਜੀ) ਗੁਰੂ ਨਾਨਕ ਦੇਵ ਜੀ ਨਾਲ ਸੰਪਰਕ ਤੋਂ ਪਹਿਲਾਂ ਗੰਗਾ ਇਸ਼ਨਾਨ ਲਈ, ਹਰਿਦੁਆਰ ਅਤੇ ਵੈਸ਼ਨੋ ਦੇਵੀ
ਦੇ ਦਰਸ਼ਨ ਕਰਨ ਲਈ ਹਰ ਸਾਲ ਜਾਂਦੇ ਹਨ, ਪਰ ਗੁਰੂ ਨਾਨਕ ਦੇਵ ਜੀ ਨਾਲ ਕਰਤਾਰਪਰਬ ਵਿਖੇ ਮਿਲਣ ਤੋਂ
ਬਾਅਦ ਸਿਰਫ ਗੁਰੂ ਨਾਨਕ ਦੇ ਹੋ ਕੇ ਰਹਿ ਗਏ ਅਤੇ ਤੀਰਥ ਇਸ਼ਨਾਨਾਂ ਨੂੰ ਸਿਰਫ ਅੰਧਵਿਸ਼ਵਾਸ ਹੀ ਸਮਝਣ
ਅਤੇ ਦੱਸਣ ਲੱਗੇ। ਪਰ ਅੱਜ ਕੱਲ੍ਹ ਸਿੱਖਾਂ ਨੇ ਹਰ ਗੁਰਦੁਆਰੇ ਵਿੱਚ ਇਸ਼ਨਾਨ ਕਰਨ ਲਈ ਸਰੋਵਰ ਬਣਾਉਣੇ
ਸ਼ੁਰੂ ਕਰ ਦਿੱਤੇ ਹਨ ਅਤੇ ਇੰਨ੍ਹਾਂ ਸਰੋਵਰਾਂ ਵਿੱਚ ਤੀਰਥ ਇਸ਼ਨਾਨਾਂ ਵਾਂਗੂੰ ਪੁੰਨਿਆ, ਮੱਸਿਆ,
ਸੰਗਰਾਂਦ ਜਾਂ ਗ੍ਰਹਿਣ ਵੇਲੇ ਇਸ਼ਨਾਨ ਕਰਨੇ ਜਰੂਰੀ ਸਮਝਣ ਲੱਗੇ ਹਨ। ਗੁਰਬਾਣੀ ਕਹਿੰਦੀ ਹੈ, “ਨਾਵਣ
ਚਲੇ ਤੀਰਥੀ ਮਨ ਖੋਟੇ ਤਨ ਚੋਰ। ਬਾਹਰ ਧੋਤੀ ਤੂੰਮੜੀ ਅੰਦਰ ਵਿਸ ਨਿਕੋਰ।” ਗੁਰੂ ਸਾਹਿਬਾਂ ਦੀ
ਜ਼ਿੰਦਗੀ ਨਾਲ ਅੰਧ ਵਿਸ਼ਵਾਸੀ ਦੰਦ ਕਥਾਵਾਂ ਜੋੜ ਕੇ ਗੁਰੂਆਂ ਦੇ ਉਪਦੇਸ਼ਾਂ ਅਤੇ ਉਨ੍ਹਾਂ ਦੀ
ਪ੍ਰੱਪਕਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਫੋਟੋ
ਪਿੱਛੇ ਕਿਰਨਾਂ ਦਾ ਫੁੱਟਣਾ, ਗੁਰੂ ਜੀ ਤੇ ਸੱਪ ਨੇ ਛਾਂ ਕਰਨੀ, ਸੁਲਤਾਨਪੁਰ ਬੇਈ ਵਿੱਚ ਟੁੱਭੀ
ਮਾਰਨ ਸਮੇਂ ਵਰੁਣ ਦੇਵਤਾ (ਖੁਆਜਾ ਪੀਰ) ਗੁਰੂ ਜੀ ਨੂੰ ਸੱਚਖੰਡ ਲੈ ਗਿਆ, ਜ਼ਮੀਨ ਅਤੇ ਅਸਮਾਨ
ਵਿਚਕਾਰ ਰਸਤੇ (ਪਤਾ ਨਹੀਂ ਕਿਹੜੇ) ਵਿੱਚ ਰਹਿਣ ਵਾਲੇ 88 ਹਜ਼ਾਰ ਸਿੱਧਾਂ ਨਾਲ ਗੁਰੂ ਜੀ ਦੀ ਗੋਸ਼ਟੀ
ਕਰਵਾਈ। ਗੁਰੂ ਜੀ ਨੇ ਆਪਣੇ ਨਾਲਾਇਕ ਪੁੱਤਰਾਂ ਨੂੰ ਗੱਦੀ ਨਾ ਦੇ ਕੇ ਭਾਈ ਲਹਿਣਾ ਜੀ ਨੂੰ ਗੁਰਗੱਦੀ
ਦਿੱਤੀ, ਗੁੱਸੇ ਵਿੱਚ ਬਾਬਾ ਸ੍ਰੀ ਚੰਦ ਨੇ ਗੁਰੂਆਂ ਨੂੰ ਕੋਹੜ ਹੋਣ ਦਾ ਸਰਾਪ ਦਿੱਤਾ, ਜਿਸ ਨੂੰ
ਪੰਜਵੇਂ ਗੁਰੂ ਅਰਜਨ ਦੇਵ ਜੀ ਵਲੋਂ ਸੁੱਖਮਣੀ ਸਾਹਿਬ ਉਚਾਰਨ ਨਾਲ ਦੂਰ ਕੀਤਾ। ਇਸੇ ਤਰ੍ਹਾਂ
ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਵਲੋਂ ਬਣਾਈ ਬਾਉਲੀ ਦੀਆਂ 84 ਪੌੜੀਆਂ ਤੇ ਬੈਠ ਕੇ 84 ਇਸ਼ਨਾਨ
ਕਰਕੇ, 84 ਪਾਠ ਕਰਕੇ, 84 ਦੇ ਗੇੜ ਵਿਚੋਂ ਨਿਕਲਣ ਦਾ ਅੰਧ ਵਿਸ਼ਵਾਸ ਵੀ ਪ੍ਰਚੱਲਿਤ ਹੈ।
ਗੁਰੂ ਗ੍ਰੰਥ ਜੀ ਮਾਨਿਓ ਦੇ ਅਖਾਉਤੀ ਪ੍ਰਚਾਰਕ ਹਰ ਸਟੇਜ ਤੇ ਕਹਿੰਦੇ ਆਮ ਸੁਣੇ ਜਾਂਦੇ ਹਨ ਕਿ ਸੰਗਤ
ਜੀ ਮਾਇਆ ਜਾਲ ਵਿੱਚੋਂ ਨਿੱਕਲ ਕੇ ਬਾਣੀ ਅਤੇ ਬਾਣੇ ਦੇ ਲੜ ਲੱਗੋ। ਪਰ ਇਹ ਪਾਖੰਡੀ ਸਾਧ ਇਸ ਪ੍ਰਚਾਰ
ਲਈ ਲੱਖਾਂ ਰੁਪਈਏ ਇੱਕਠੇ ਕਰਕੇ ਥੈਲੇ ਭਰਕੇ ਤੁਰਦੇ ਬਣਦੇ ਹਨ। ਇਨ੍ਹਾਂ ਦਾ ਬਾਣਾ ਵੀ ਵੇਖਣ ਵਾਲਾ
ਹੁੰਦਾ ਹੈ। ਗੁਰੂ ਜੀ ਵਲੋਂ ਦਰਸਾਏ ਬਾਣੇ ਦੀ ਬਜਾਏ ਰੰਗ ਬਿਰੰਗੇ ਚੋਲੇ, ਗੋਲ ਪੱਗਾਂ, ਸਿਰੀ ਸਾਹਿਬ
ਵੀ ਚੋਲਿਆਂ ਥੱਲੇ (ਇਹ ਵੀ ਪਤਾ ਨਹੀਂ ਕਿ ਪਹਿਨੀ ਵੀ ਹੈ ਕਿ ਨਹੀਂ) ਕੀਰਤਨ ਕਰਨ ਵੇਲੇ ਪੰਜ ਛੇ ਦਾ
ਗਰੁੱਪ ਬਣਾ ਕੇ ਢੋਲਕ, ਛੈਣੇ, ਖੜਤਾਲਾਂ, ਚਿਮਟੇ ਸਿਰਾਂ ਉਪਰ ਦੀ ਉਲਾਰ ਉਲਾਰ ਕੇ ਵਜਾਉੇਂਦੇ,
ਨੱਚਦੇ ਟੱਪਦੇ ਜਿਵੇਂ ਕੋਈ ਭੰਗੀ ਧਮਾਲ ਪਾਉਂਦਾ ਹੋਵੇ, ਬਾਣੀ ਤੋਂ ਬਾਹਰਲੀਆਂ ਆਪੇ ਬਣਾਈਆਂ ਤੁਕਾਂ
ਦਾ ਚੰਗਾ ਖੌਰੂ ਪਾਉਂਦੇ ਹਨ। ਅ੍ਰਮ੍ਰਿਤਧਾਰੀ ਸਿੰਘਾਂ, ਬੀਬੀਆਂ, ਬੱਚਿਆਂ ਇਥੋਂ ਤੱਕ ਕਿ ਪੰਜ
ਪਿਆਰਿਆਂ ਦੇ ਰੂਪ ਵਿੱਚ ਸਜੇ ਸਿੱਘਾਂ ਤੋ ਪੈਰਾਂ ਤੇ ਮੱਥੇ ਟਿਕਾਉਂਦੇ ਹਨ। ਬੇਅੰਤ ਮਾਇਆ ਇੱਕਠੀ
ਕਰਕੇ ਥੈਲਿਆਂ ਵਿੱਚ ਬੰਦ ਕਰਕੇ ਰਸਤਾ ਗੋਲ ਕਰ ਜਾਂਦੇ ਹਨ। ਇਨ੍ਹਾਂ ਪਾਖੰਡੀ ਸਾਧਾਂ ਨੂੰ ਕੋਈ
ਪੁੱਛੇ ਕਿ ਇਹ ਲੋਕਾਂ ਨੂੰ ਮਾਇਆ ਜਾਲ ਵਿੱਚੋ ਕੱਢਕੇ (ਪਰ ਆਪ ਫਸੇ ਹੋਏ ਹਨ) ਗੁਰੂ ਗ੍ਰੰਥ ਸਾਹਿਬ
ਨਾਲ ਜੋੜਦੇ ਹਨ ਜਾਂ ਗੁਰੂ ਨਾਲੋਂ ਤੋੜਕੇ ਆਪਣੇ ਖੁਰਾਂ ਨਾਲ ਜੋੜਦੇ ਹਨ। ਇੰਨ੍ਹਾਂ ਪ੍ਰਚਾਰਕਾਂ ਦੇ
ਪ੍ਰੋਗਰਾਮ ਬੁੱਕ ਕਰਦੇ ਪ੍ਰਬੰਧਕਾਂ ਵਲੋਂ ਵੱਡੇ ਵੱਡੇ ਇਸ਼ਤਿਹਾਰ ਛਪਾਏ ਜਾਂਦੇ ਹਨ ਕਿ ਕੀਰਤਨ ਦਰਬਾਰ
ਵਿੱਚ ਫਲਾਣੇ ਸ੍ਰੀਮਾਨ ਜੀ 108 ਜਾਂ 1008 ਸੰਤ ਬਾਬਾ ਪੂਰਨ ਬ੍ਰਹਮਗਿਆਨੀ (ਅਖੌਤੀ) ਸਿੰਘ----
ਜੀ----ਵਾਲੇ (ਸ਼ਹਿਰ ਜਾਂ ਡੇਰੇ ਦਾ ਨਾਂ) ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ
ਕਰਨਗੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਲੱਖਾਂ ਰੁਪਏ ਹੜੱਪ ਕਰਦੇ ਹਨ। ਗੁਰੂ ਦੇ ਸਿੱਖ ਤਾਂ ਕੁਰਬਾਨੀ
ਕਰਕੇ ਸਿੱਖ ਧਰਮ ਦਾ ਪ੍ਰਚਾਰ ਮੁਫਤ ਵੀ ਕਰ ਸਕਦੇ ਹਨ ਜੇ ਸਿੱਖੀ ਨਾਲ ਦਿਲੋਂ ਪਿਆਰ ਹੋਵੇ ਪਰ
ਇਨ੍ਹਾਂ ਦਾ ਪਿਆਰ ਤਾਂ ਮਾਇਆ ਇਕੱਠੀ ਕਰਕੇ ਐਸ਼ ਪ੍ਰਸਤੀ ਨਾਲ ਹੈ। ਹੁਣ ਤਾਂ ਇਨ੍ਹਾਂ ਸਿੱਖਾਂ ਦਾ
ਬਾਣਾ ਵੀ ਪੀਲਾ, ਨੀਲਾ, ਚਿੱਟਾ ਭਗਵਾਂ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਰੰਗਾਂ ਦਾ ਪਾਇਆ ਜਾਂਦਾ
ਹੈ। ਗੁਰਦੁਆਰਿਆਂ ਵਿੱਚ ਭੇਟਾਂ ਦੇ ਤੌਰ ਤੇ ਬੇਅੰਤ ਮਾਇਆ ਤੋਂ ਇਲਾਵਾ ਸੋਨੇ, ਚਾਂਦੀ ਦੇ ਗਹਿਣੇ
ਅਤੇ ਹੋਰ ਕੀਮਤੀ ਸਮਾਨ ਵੀ ਚੜ੍ਹਾਇਆ ਜਾਂਦਾ ਹੈ, ਜਿਸ ਦੀ ਗੁਰੂ ਨੂੰ ਕੋਈ ਲੌੜ ਨਹੀਂ ਪਰ ਅਖੌਤੀ
ਪੁਜਾਰੀ ਹੀ ਹੜੱਪ ਕਰ ਜਾਂਦੇ ਹਨ। ਇਹ ਮਾਇਆ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਖਰਚ ਕੀਤੀ ਜਾ ਸਕਦੀ
ਹੈ।
ਜਿਸ ਵੇਲੇ ਗੁਰੂ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਸ ਵੇਲੇ ਬਾਟੇ ਵਿੱਚ ਪਾਣੀ ਪਾ
ਜੇ ਮਾਤਾ ਸੁੰਦਰੀ ਜੀ ਵਲੋਂ ਪਤਾਸੇ ਪਾਏ ਗਏ, ਗੁਰੂ ਜੀ ਵਲੋਂ ਬਾਣੀ ਪੜ੍ਹ ਕੇ ਖੰਡਾ ਫੇਰਿਆ ਗਿਆ।
ਕਹਿੰਦੇ ਹਨ ਕਿ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ ਪਰ ਪਤਾ ਨਹੀਂ ਕਿਹੜੀਆਂ ਬਾਣੀਆਂ ਦਾ ਪਾਠ ਕੀਤਾ
ਗਿਆ? ਗੁਰੂ ਗ੍ਰੰਥ ਸਾਹਿਬ ਦੀ ਸਾਰੀ ਹੀ ਬਾਣੀ ਨੂੰ ਗੁਰਬਾਣੀ ਅਤੇ ਧੁਰਕੀ ਬਾਣੀ ਕਿਹਾ ਗਿਆ ਹੈ,
ਫਿਰ ਅੰਮ੍ਰਿਤ ਤਿਆਰ ਕਰਨ ਵੇਲੇ ਸਪੈਸ਼ਲ ਕਿਹੜੀਆਂ ਬਾਣੀਆਂ ਹੋ ਸਕਦੀਆਂ ਹਨ ਇਹ ਵੀ ਸਿੱਖਾਂ ਵਿੱਚ
ਅੰਧ ਵਿਸ਼ਵਾਸ ਹੀ ਹੈ। ਜੇ ਮਾਤਾ ਸੁੰਦਰੀ ਵਲੋਂ ਅੰਮ੍ਰਿਤ ਸੰਚਾਰ ਵੇਲੇ ਪਤਾਸੇ ਪਾਏ ਤਾਂ ਗੁਰੂ
ਸਾਹਿਬ ਨੇ ਬੀਬੀਆਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਦਿੱਤਾ। ਗੁਰਬਾਣੀ ਵਿੱਚ ਵੀ ਬੀਬੀਆਂ ਨੂੰ ਬਰਾਬਰ
ਦਾ ਦਰਜਾ ਦਿੱਤਾ ਗਿਆ ਹੈ। ਪਰ ਅੱਜ ਅੰਧ ਗਿਆਨੀਆਂ ਵਲੋਂ ਸਿੱਖ ਬੀਬੀਆਂ ਤੇ ਅੰਮ੍ਰਿਤ ਸੰਚਾਰ ਤੇ
ਪਾਬੰਦੀ, ਗੁਰਦੁਆਰਿਆਂ ਵਿੱਚ ਚਮੜੇ ਦੇ ਪਰਸ ਲਿਜਾਣ ਤੇ ਪਾਬੰਦੀ ਲਾਈ ਗਈ ਹੈ, ਪਰ ਰਾਗੀ ਸਿੰਘਾਂ
ਨੂੰ ਜਿਵੇਂ ਕਿ ਉਪਰ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਤਾਂ ਗੁਰੂ ਵਾਲਾ ਬਾਣਾ ਵੀ ਨਹੀਂ ਪਾਇਆ ਹੁੰਦਾ,
ਚਮੜੇ ਨਾਲ ਮੜ੍ਹੇ ਤਬਲੇ ਅਤੇ ਨਗਾਰੇ ਵਜਾਉਣ ਤੋਂ ਕਦੋਂ ਵਰਜਿਆ ਜਾਵੇਗਾ ਹੋਰ ਤਾਂ ਹੋਰ ਅੱਜ ਕੱਲ
ਅੰਮ੍ਰਿਤ ਵਿੱਚ ਪਾਏ ਜਾਣਵਾਲੇ ਪਤਾਸਿਆਂ ਦੀ ਸ਼ੁੱਧੀ ਵਾਸਤੇ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ
ਤੱਪ ਅਸਥਾਨ ਵਜੋਂ ਜਾਣੇ ਜਾਂਦੇ ਗੁਰਦੁਆਰਾ ਕੋਠੀ ਸਾਹਿਬ ਪਿੰਡ ਬਾਲੇਵਾਲ ਵਿਖੇ ਸੰਤ ਗੁਰਜੰਟ ਸਿੰਘ
ਵਲੋਂ 37 ਖੇਤਾਂ ਵਿੱਚ ਗੰਨੇ ਦੀ ਫਸਲ ਨੂੰ ਸ਼ੁੱਧ ਪਤਾਸੇ ਤਿਆਰ ਕਰਨ ਵਾਸਤੇ, 202 ਅਖੰਡਪਾਠਾਂ ਦਾ
ਪਾਠ ਸਪੀਕਰ ਰਾਹੀਂ ਸੁਣਾਇਆ ਜਾ ਰਿਹਾ ਹੈ ਅਤੇ ਇਸ ਤਰੂਾਂ ਗੰਨੇ ਤੋਂ ਸ਼ੁਧ ਪਤਾਸੇ ਤਿਆਰ ਕੀਤੇ
ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ 202 ਅਖੰਡਪਾਠ, ਹਰਿਦੁਆਰ ਵਿਖੇ ਤਪਸਿਆ ਤੇ ਬੈਠੇ ਪਾਖੰਡੀ
ਸਾਧੂਆਂ ਵਾਂਗੂੰ 202 ਸਰੂਪਾਂ ਦੀ ਬੇਅਦਬੀ ਤਾਂ ਨਹੀਂ ਕੀਤੀ ਜਾ ਰਹੀ ਕਿਉਂਕਿ ਸੱਭ ਸਰੂਪਾਂ ਵਿੱਚ
ਬਾਣੀ ਤਾਂ ਇੱਕ ਹੀ ਹੈ। ਇਸ ਦਾ ਮਤਲਬ ਇਹ ਹੈ ਕਿ ਅੱਜ ਤੱਕ ਗੁਰਦੁਆਰਿਆਂ ਵਿੱਚ ਨਿੱਤਨੇਮ ਗੁਰਬਾਣੀ
ਦਾ ਪਾਠ ਸਪੀਕਰ ਰਾਹੀ ਹੋ ਰਿਹਾ ਹੈ ਉਹ ਇਨ੍ਹਾਂ ਗੰਨਿਆਂ ਨੂੰ ਸੁਣਾਈ ਹੀ ਨਹੀਂ ਦਿੱਤਾ ਤੇ ਹੁਣ ਤੱਕ
ਅੰਮ੍ਰਿਤ ਅਪਵਿੱਤਰ ਹੀ ਛਕਾਇਆ ਜਾ ਰਿਹਾ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਪਤਾਸੇ ਸ਼ੁਧ ਹੋ ਹੀ ਨਹੀਂ
ਸਕਦੇ। ਫਿਰ ਪਾਣੀ ਹੀ ਜਾਨਵਰਾਂ ਨਾਲ ਭਰਿਆ ਹੋਇਆ ਹੈ। ਜਿਹੜੇ ਅਖੋਤੀ ਸੰਤ ਇਹ ਸ਼ੁੱਧੀ ਕਰ ਰਹੇ ਹਨ,
ਕੀ ਉਹ ਆਪ ਸ਼ੁੱਧ ਹਨ ਜੇ ਮਨ ਹੀ ਸ਼ੁਧ ਨਹੀਂ ਤਾਂ ਕੋਈ ਵੀ ਚੀਜ਼ ਸ਼ੁੱਧ ਨਹੀਂ ਹੋ ਸਕਦੀ। ਫਿਰ ਤਾਂ
ਹਰਿਮੰਦਿਰ ਸਾਹਿਬ ਅੰਮ੍ਰਿਤਸਰ ਦਾ ਸਰੋਵਰ ਵੀ ਸ਼ੁੱਧ ਨਹੀਂ ਜਿੱਥੇ ਰਾਤ ਦਿਨ ਗੁਰਬਾਣੀ ਦਾ ਪ੍ਰਵਾਹ
ਚਲਦਾ ਹੈ ਅਤੇ ਲੱਖਾਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪਰ ਸਰੋਵਰ ਵਿੱਚ ਤਾਂ ਪ੍ਰਬੰਧਕਾਂ ਵਲੋਂ
ਮੱਛੀ ਪਾਲਣ ਦਾ ਧੰਦਾ ਵੀ ਕੀਤਾ ਜਾ ਰਿਹਾ ਹੈ। ਮੱਛੀਆਂ ਸਰੋਵਰ ਨੂੰ ਕਿਵੇਂ ਸ਼ੁੱਧ ਰਹਿਣ ਦੇਣਗੀਆਂ?
ਸੋਚਣ ਵਾਲੀ ਗੱਲ ਹੈ। ਗੁਰਬਾਣੀ ਪ੍ਰਤੱਖ ਪ੍ਰਮਾਣ ਹੈ, ‘ਅਗਨਿ ਭੀ ਜੂਠੀ, ਪਾਨੀ ਜੂਠਾ, ਜੂਠੀ ਬੈਸ
ਪਕਾਇਆ’।
ਗੁਰੂ ਨਾਨਕ ਦੇਵ ਜੀ ਨੇ ਮੁਰਦਿਆਂ ਨਮਿੱਤ ਸਰਾਧ ਦਾ ਖੰਡਨ ਕੀਤਾ। ਪਰ ਜਿੱਥੇ ਪਿਛਲੇ ਜਮਾਨੇ ਵਿੱਚ
ਬ੍ਰਾਹਮਣ ਨੂੰ ਸਰਾਧ ਖੁਆਇਆ ਜਾਂਦਾ ਸੀ, ਉਥੇ ਅੱਜ ਸਿੱਖ ਪਰਿਵਾਰਾਂ ਵਿੱਚ ਉਨ੍ਹਾਂ ਦਿਨਾਂ ਵਿੱਚ
ਲੰਗਰ ਤਿਆਰ ਕਰਕੇ ਪੰਜ ਗਾਤਰਾਧਾਰੀ ਸਿੱਖਾਂ ਨੂੰ ਖੁਆਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਅਸੀਂ
ਸਿੱਖ ਬਿਠਾਉਣੇ ਹਨ। ਇਹ ਗਾਤਰਾਧਾਰੀ ਸਿੱਖ ਵੀ ਅਰਦਾਸ ਕਰਦੇ ਹਨ ਕਿ ਜਿਨ੍ਹਾਂ ਭੰਡਾਰਿਆਂ ਵਿਚੋਂ
ਪਿੱਤਰਾਂ ਮੁਰਦਿਆਂ, ਨਮਿੱਤ ਭੋਜਨ ਛਕਾਇਆ, ਉਹ ਭੰਡਾਰੇ ਭਰਪੂਰ ਕਰਨੇ ਅਤੇ ਘਰਦਿਆਂ ਵਲੋਂ ਚੜ੍ਹਾਈ
ਭੇਟਾਂ ਮਾਇਆ ਅਤੇ ਬਸਤਰ ਹਜ਼ਮ ਕਰਕੇ ਤੁਰਦੇ ਬਣਦੇ ਹਨ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਾਤਪਾਤ ਦਾ
ਵਿਰੋਧ ਕੀਤਾ ਪਰ ਅੱਜ ਸਿੱਖਾਂ ਵਿੱਚ ਜਾਤਪਾਤ ਦਾ ਜ਼ਿਆਦਾ ਬੋਲਬਾਲਾ ਹੈ। ਬ੍ਰਾਹਮਣੀ ਸੋਚ ਜਾਂ
ਪਿੱਛਲੱਗੂ ਸਿੱਖਾਂ ਨੇ ਜਾਤਪਾਤ ਦਾ ਢੰਡੋਰਾ ਪਿੱਟਿਆ ਹੈ। ਬਾਲਮੀਕੀ ਸਿੱਖ, ਮਜ਼ਹਬੀ ਸਿੱਖ, ਰਾਮਦਾਸੀ
ਸਿੱਖ, ਰਵੀਦਾਸੀ ਸਿੱਖ, ਜੁਲਾਹਾ ਸਿੱਖ, ਘੋਨਮੋਨ ਸਿੱਖ ਆਦਿ। ਘੋਨ ਮੋਨ ਸਿੱਖ ਉਹ ਹਨ ਕਿ ਆਪਣੇ ਆਪ
ਨੂੰ ਸਿੱਖ ਪਰਿਵਾਰ ਕਹਾਉਣ ਵਾਲੇ ਮੁੰਡੇ ਸਿਰ ਤੇ ਲੰਬੇ ਵਾਲਾਂ ਦੇ ਪਟੇ, ਕਲੀਨ ਸ਼ੇਵ ਜਾਂ ਮੂੰਹ ਤੇ
ਡੰਗਰਾਂ ਦੀ ਛਿਕਲੀ ਵਾਂਗੂੰ ਦਾਹੜੀ ਮੁੱਛ, ਕੰਨਾਂ ਵਿੱਚ ਬਾਲੀਆਂ ਗਲੇ ਵਿੱਚ ਤਵੀਤ, ਹੋ ਸਕੇ ਤਾਂ
ਲੰਮੇ ਕੁੜਤੇ ਨਾਲ ਸਲਵਾਰਾਂ ਵੀ ਪਾ ਰਹੇ ਹਨ। ਇਹ ਨਵੀਂ ਜਾਤ ਘੋਨਮੋਨ ਸਿੱਖ ਹਨ। ਇਹ ਲੋਕ ਗੁਰਬਾਣੀ
ਵਿਚਲੇ ਅਣਮੋਲ ਵਚਨ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’, ਨੂੰ ਦਿਲੋਂ ਵਿਸਾਰ ਰਹੇ ਹਨ। ਬਠਿੰਡਾ
ਲਾਗੇ ਡੇਰਾ ਰੂਮੀ ਕਲਾਂ ਵਿੱਚ ਦਲਿਤ ਸਿੱਖਾਂ ਲਈ ਲੰਗਰ ਅਤੇ ਭਾਂਡੇ ਵੱਖਰੇ ਚੱਲਦੇ ਹਨ, ਇਥੋਂ ਤੱਕ
ਕਿ ਉਨ੍ਹਾਂ ਸਿੱਖਾਂ ਤੋਂ ਲੰਗਰ ਲਈ ਰਸਦ ਵੀ ਨਹੀਂ ਲਈ ਜਾਂਦੀ। ਦਮਦਮੀ ਟਕਸਾਲ ਭਿੰਡਰਾਂ ਦੇ
ਗੁਰਦੁਆਰਾ ਅਖੰਡ ਪ੍ਰਕਾਸ਼ ਵਿੱਚ ਅੰਮ੍ਰਿਤ ਛਕਾਉਣ ਵੇਲੇ ਉਚੀਆਂ ਜਾਤਾਂ ਦੇ ਚੁਲਿਆਂ ਚੋਂ ਡੁਲਿਆ
ਅੰਮ੍ਰਿਤ ਦਲਿੱਤ ਸਿੱਖਾਂ ਨੂੰ ਛਕਾਇਆ ਜਾਂਦਾ ਹੈ। ਜਾਤ ਪਾਤ ਦੇ ਆਧਾਰ ਤੇ ਇੱਕ ਪਿੰਡ ਵਿੱਚ 5 5
ਗੁਰਦਵਾਰੇ ਹਨ।
ਅਰਦਾਸ ਦੀ ਸਿੱਖ ਧਰਮ ਵਿੱਚ ਬਹੁਤ ਮਹੱਤਤਾ ਸਮਝੀ ਗਈ ਹੈ। ਬੱਚੇ ਦੇ ਜਨਮ, ਵਿਆਹ ਅਤੇ ਮਰਨ ਵੇਲੇ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਅਰਦਾਸ ਕਰਦੇ ਹਨ। ਜਨਮ ਵੇਲੇ ਬੱਚੇ ਦੀ ਤੰਦਰੁਸਤੀ ਅਤੇ
ਲੰਮੀ ਉਮਰ ਲਈ ਅਰਦਾਸ ਕੀਤੀ ਜਾਂਦੀ ਹੈ। ਵਿਆਹ ਵੇਲੇ ਅਰਦਾਸ ਕਰਕੇ ਚਾਰ ਲਾਵਾਂ ਪੜ੍ਹਕੇ ਫੇਰੇ ਜਾਂ
ਘੁਮੇਟਣੀਆਂ ਲਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਲਾਵਾਂ ਦਾ ਤਾਂ ਜਿਕਰ ਹੈ ਪਰ
ਘੁੰਮ ਕੇ ਫੇਰੇ ਲੈਣੇ ਸਿੱਖਾਂ ਨੇ ਹਿੰਦੂਆਂ ਕੋਲੋਂ ਉਧਾਰਾ ਲਿਆ ਹੋਇਆ ਹੈ। ਇਨ੍ਹਾਂ ਫੇਰਿਆਂ ਵੇਲੇ
ਵੀ ਅਨਪੜ੍ਹ ਜਾਂ ਅੰਧ ਵਿਸ਼ਵਾਸੀ ਲੋਕ ਮੁੰਡੇ ਦੇ ਅੱਗੇ ਜਾਂ ਕੁੜੀ ਦੇ ਅੱਗੇ ਹੋ ਕੇ ਘੁੰਮਣ ਦਾ
ਵਿਵਾਦ ਖੜ੍ਹਾ ਕਰਦੇ ਹਨ ਜੋ ਕਿ ਗੁਰਬਾਣੀ ਦੇ ਉਲਟ ਹੈ ਕਿਉਂਕਿ ਗੁਰਬਾਣੀ ਮਰਦ ਅਤੇ ਔਰਤ ਨੂੰ ਬਰਾਬਰ
ਦਾ ਦਰਜਾ ਦਿੰਦੀ ਹੈ। ਹੋਰ ਤਾਂ ਹੋਰ ਅੰਧ ਵਿਸ਼ਵਾਸ਼ੀ ਲੋਕ ਆਨੰਦ ਕਾਰਜ ਵੇਲੇ ਸਿੱਖ ਕੁੜੀ ਮੁੰਡੇ ਨੂੰ
ਸਿਖਾਉਂਦੇ ਹਨ ਕਿ ਇੱਕ ਦੂਜੇ ਤੋਂ ਪਹਿਲਾਂ ਉਠਣਾ ਅਤੇ ਬੈਠਣਾ ਇੱਕ ਦੂਜੇ ਉਪਰ ਰੋਅਬ ਦਾ ਕੰਮ
ਕਰੇਗਾ। ਬੱਸ ਫਿਰ ਕੀ! ਆਨੰਦ ਕਾਰਜ ਵੇਲੇ ਕੁੜੀ ਮੁੰਡੇ ਦਾ ਸਾਹ ਉਤਾਂਹ ਹੇਠਾਂ ਹੁੰਦਾ ਰਹਿੰਦਾ ਹੈ
ਕਿ ਕਿਤੇ ਮੈਂ ਦੂਜੇ ਤੋਂ ਮਗਰੋਂ ਨਾਂ ਉੱਠਾਂ ਬੈਠਾਂ। ਇਹ ਡਰਾਮਾ ਦੇਖ ਕੇ ਕਈ ਵਾਰ ਗ੍ਰੰਥੀ ਸਿੰਘ
ਅਤੇ ਬੈਠੀ ਸੰਗਤ ਵੀ ਹੱਸਣ ਲਗ ਪੈਂਦੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਤੁੱਲ ਹੈ।
ਮਰੇ ਦੀ ਅਰਦਾਸ ਵੇਲੇ ਭਾਈ ਸਾਹਿਬ ਬੜੇ ਠੋਕਵੇਂ ਸ਼ਬਦਾਂ ਵਿੱਚ ਅਰਦਾਸ ਕਰਦਾ ਹੈ ਕਿ ਮਿਰਤਕ ਦੇ
ਘਰਦਿਆਂ ਵਲੋਂ ਦਾਨ ਕੀਤੇ ਬਸਤਰ, ਬਿਸਤਰੇ, ਭਾਂਡੇ, ਆਟਾ ਦਾਣਾ, ਮਾਇਆ ਅਤੇ ਇੱਥੋਂ ਤੱਕ ਕਿ
ਜੁੱਤੀਆਂ ਵੀ ਦਰਘਰ ਪ੍ਰਵਾਨ ਹੋਣ ਅਤੇ ਮ੍ਰਿਤਕ ਨੂੰ ਇਨ੍ਹਾਂ ਦਾ ਫਲ ਪਹੁੰਚੇ, ਜਿਸ ਦਾਨ ਦਾ ਸਿੱਖ
ਧਰਮ ਵਿੱਚ ਕੋਈ ਮਹੱਤਵ ਨਹੀਂ। ਇਸੇ ਤਰ੍ਹਾਂ ਹਰ ਅਰਦਾਸ ਦੇ ਅੰਤ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ
ਮਹਾਰਾਜ ਆਪਜੀ ਵਾਸਤੇ ਸੁੰਦਰ ਰੁਮਾਲਾ ਅਤੇ ਕੜਾਹ ਪ੍ਰਸਾਦਿ ਦੀ ਦੇਗ ਹਾਜ਼ਰ ਹੈ ਆਪ ਜੀ ਕੋ ਭੋਗ ਲਗੇ,
(ਜਿਵੇਂ ਗੁਰੂ ਗ੍ਰੰਥ ਸਾਹਿਬ ਵੀ ਪੱਥਰ ਦੀ ਮੂਰਤ ਹੈ, ਜਿਸ ਨੂੰ ਪ੍ਰਸਾਦਿ ਦਾ ਭੋਗ ਲੁਆਇਆ ਜਾਂਦਾ
ਹੈ)। ਜੇ ਇਸ ਨੂੰ ਮੰਨ ਲਿਆ ਜਾਵੇ ਕਿ ਅਰਦਾਸ ਵਿੱਚ ਪ੍ਰਸਾਦਿ ਸਿਰਫ ਕੜਾਹ ਪ੍ਰਸਾਦਿ ਹੀ ਪ੍ਰਵਾਣਿਤ
ਹੈ, ਪਰ ਅੱਜ ਕੱਲ ਕਈ ਤਰ੍ਹਾਂ ਦੇ ਪ੍ਰਸਾਦਿ ਦਾ ਭੋਗ ਲੁਆਇਆ ਜਾਂਦਾ ਹੈ ਜਿਵੇਂ ਪਤਾਸੇ, ਫੁੱਲੀਆਂ,
ਮਖਾਣੇ, ਮਿਸ਼ਰੀ, ਲੱਡੂ, ਪਕੌੜੇ, ਬਰਫੀ ਤੇ ਹੋਰ ਮਠਿਆਈ ਤੋਂ ਇਲਾਵਾ ਕਈ ਥਾਈਂ ਗੁਰੂ ਗ੍ਰੰਥ ਸਾਹਿਬ
ਤੋਂ ਬੇਮੁੱਖ ਅਤੇ ਅਖੌਤੀ ਸਿੱਖ ਭੰਗ, ਸੁੱਖਾ, ਭੁੱਕੀ, ਸ਼ਰਾਬ ਦਾ ਪ੍ਰਸਾਦਿ, ਇੱਥੋਂ ਤੱਕ ਕਿ ਗੁਰੂ
ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਵੇਲੇ ਅਖੌਤੀ ਸਿੱਖਾਂ ਨੇ ਕਿਤੋਂ ਗੁਰੂ ਸਾਹਿਬ ਦੇ ਨੀਲੇ ਘੋੜੇ ਦੀ
ਨਸਲ ਦਾ ਘੋੜਾ ਲੱਭ ਕੇ, ਅੰਧ ਵਿਸ਼ਵਾਸ ਵਿੱਚ ਫਸਕੇ, ਉਸ ਨੀਲੇ ਘੋੜੇ ਦੀ ਲਿੱਦ ਦਾ ਪ੍ਰਸਾਦਿ ਵੀ
ਸੰਗਤਾਂ ਵਿੱਚ ਵੰਡ ਦਿੱਤਾ ਅਤੇ ਦੁਨੀਆਂ ਭਰ ਵਿੱਚ ਸਿੱਖੀ ਤੇ ਚਿੱਕੜ ਉਛਲਦਾ ਵੇਖ ਇਨ੍ਹਾਂ ਅੰਧ
ਵਿਸ਼ਵਾਸੀ ਸਿੱਖਾਂ ਤੇ ਕੋਈ ਅਸਰ ਨਹੀਂ ਹੋਇਆ।
ਗੁਰਬਾਣੀ ਗਵਾਹੀ ਭਰਦੀ ਹੈ ਕਿ ‘ਦੇਵੀ ਦੇਵਾ ਪੂਜੀਐ ਭਾਈ ਕਿਆ ਮਾਂਗਉ ਕਿਆ ਦੇਇ। ਨਾ ਪਾਥਰ ਬੋਲੇ ਨਾ
ਕਿਛੁ ਦੇਇ। ਫੋਕਟ ਕਰਮ ਨਿਹਫਲ ਹੈ ਸੇਵ’। ਅਰਥਾਤ ਦੇਵੀ ਦੇਵਤਿਆਂ ਪੱਥਰ ਜਾਂ ਨਿਰਜਾਨ ਵਸਤੂਆਂ ਦੀ
ਪੂਜਾ ਜਾਂ ਇਨ੍ਹਾਂ ਨੂੰ ਮੱਥਾ ਟੇਕਣਾ ਫਜੂਲ ਹੈ, ਇਨ੍ਹਾਂ ਤੋਂ ਮੰਗਿਆ ਕੁੱਝ ਨਹੀਂ ਮਿਲਣਾ। ਸਿੱਖਾਂ
ਨੂੰ ਉਪਦੇਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਪਰ ਪਿਛਲੇ
ਦਿਨੀਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਸ਼ਤਾਬਦੀ ਮੌਕੇ ਗੁਰੂ ਦੀ ਆਗਿਆ ਖਿਲਾਫ ਪਾਕਿਸਤਾਨ ਤੋਂ
ਗੰਗਾ ਸਾਗਰ ਨਾਂ ਦੀ ਗਾਗਰ, ਜਿਸ ਬਾਰੇ ਕਿਹਾ ਗਿਆ ਹੈ ਕਿ ਇੱਕ ਪਾਕਿਸਤਾਨੀ ਮੁਸਲਮਾਨ ਨੂੰ ਗੁਰੂ
ਗੋਬਿੰਦ ਸਿੰਘ ਜੀ ਨੇ ਨਿਸ਼ਾਨੀ ਵਜੋਂ ਦਿੱਤੀ ਸੀ, ਭਾਰਤ ਲਿਆ ਕੇ, ਉਸਦੇ ਦਰਸ਼ਨ ਕਰਾ ਕੇ ਸਿੱਖਾਂ
ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਉਸ ਗਾਗਰ ਨੂੰ ਹੀ ਮੱਥਾ ਟਿਕਾਇਆ ਗਿਆ ਅਤੇ ਬੇਅੰਤ ਮਾਇਆ
ਇਕੱਠੀ ਕੀਤੀ ਗਈ। ਇਸੇ ਤਰ੍ਹਾਂ ਤਾਂ ਗੁਰੂ ਸਾਹਿਬ ਦੇ ਸ਼ਾਸਤਰ, ਕੱਪੜੇ, ਕਲਗੀ, ਜੁੱਤੀਆਂ ਅਤੇ ਭੀਖਣ
ਬੁੱਧੂ ਸ਼ਾਹ ਨੂੰ ਦਿੱਤਾ ਗਿਆ ਕੇਸਾਂ ਸਮੇਤ ਕੰਘਾ ਅਤੇ ਹੋਰ ਅਨੇਕਾਂ ਵਸਤੂਆਂ ਹਨ ਜਿਨ੍ਹਾਂ ਦੀ
ਸੰਭਾਲ ਅਤੇ ਸਤਿਕਾਰ ਤਾਂ ਜਰੂਰੀ ਹੈ ਪਰ ਗੁਰੂ ਦੇ ਹੁਕਮ ਦੀ ਉਲੰਘਣਾ ਕਰਕੇ ਗੁਰੂ ਗ੍ਰੰਥ ਸਾਹਿਬ
ਤੋਂ ਦੂਰ ਹੋ ਕੇ ਇਨ੍ਹਾਂ ਵਸਤੂਆਂ ਅੱਗੇ ਸਿਰ ਝੁਕਾਉਣਾ ਸਿੱਖ ਸਿਧਾਂਤਾਂ ਦਾ ਘਾਣ ਹੈ। ਇਹ ਅਖੌਤੀ
ਸਿੱਖ ਗੁਰੂ ਗੁਬਿੰਦ ਸਿੰਘ ਜੀ ਦੀ ਦਿੱਤੀ ਅਣਮੋਲ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੀ
ਸੰਭਾਲ ਅਤੇ ਸਤਿਕਾਰ ਵਿੱਚ ਵਿਸ਼ਵਾਸ ਰੱਖਣ ਨਾ ਕਿ ਅੰਧ ਵਿਸ਼ਵਾਸੀ ਬਣਨ।
ਗੁਰਬਾਣੀ ਵਿੱਚ ਗੁਰੂ ਨਾਨਕ ਦੇਵ, ਭਗਤ ਰਵੀਦਾਸ, ਭਗਤ ਕਬੀਰ ਅਤੇ ਧੰਨੇ ਭਗਤ ਜੀ ਦੀ ਆਰਤੀ ਦਰਜ ਹੈ,
ਜਿਸ ਅਨੁਸਾਰ ਇਨ੍ਹਾਂ ਗੁਰੂਆਂ ਅਤੇ ਭਗਤਾਂ ਨੇ ਸਾਰੇ ਬ੍ਰਹਿਮੰਡ ਨੂੰ ਪ੍ਰਮਾਤਮਾ ਦੀ ਆਰਤੀ ਕਰਦੇ
ਦੱਸਿਆ ਹੈ ਪਰ ਸਾਡੇ ਗ੍ਰੰਥੀ ਸਿੰਘ (ਦਿਹਾੜੀਦਾਰ ਭਾਈ) ਗੁਰੂ ਗ੍ਰੰਥ ਸਾਹਿਬ ਅੱਗੇ ਥਾਲ ਵਿੱਚ ਆਟੇ
ਦੇ ਦੀਵੇ ਬਾਲ ਕੇ ਆਰਤੀ ਘੁਮਾਉਂਦੇ ਹਨ ਅਤੇ ਸਿਰਫ ਪੈਸੇ ਦੀ ਖਾਤਰ ਲੌਕਾਂ ਮੂਰਖ ਬਣਾਉਂਦੇ ਹਨ ਜਦੋਂ
ਕਿ ਜੋ ਸ਼ਬਦ ਪੜ੍ਹਦੇ ਹਨ ਉਨ੍ਹਾਂ ਵਿੱਚ ਇਨ੍ਹਾ ਦੇ ਇਸ ਪਖੰਡ ਦਾ ਜੋਰਦਾਰ ਖੰਡਨ ਕੀਤਾ ਗਿਆ ਹੈ।
ਗੁਰਬਾਣੀ ਤੋ ਇਲਾਵਾ ਕਿਸੇ ਵੀ ਬਾਹਰਲੀ ਜਾਂ ਕੱਚੀ ਬਾਣੀ ਦਾ ਸਿੱਖ ਧਰਮ ਵਿੱਚ ਵਿਰੋਧ ਕੀਤਾ ਗਿਆ
ਹੈ। “ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤ ਕੱਚੀ ਸਤਿਗੁਰ ਬਾਝਹੁ ਹੋਰ ਕੱਚੀ ਬਾਣੀ॥ ਕਹਦੇ
ਕੱਚੇ ਸੁਣਦੇ ਕੱਚੇ ਕੱਚੀ ਆਖਿ ਵਿਖਾਣੀ॥” ਪਰ ਅੱਜ ਵੀ ਅੰਧ ਵਿਸ਼ਵਾਸੀ ਲੋਕ ਸਿੱਖ ਘਰਾਂ ਜਾਂ
ਗੁਰਦੁਆਰਿਆਂ ਵਿੱਚ, ਚਉਪਦੇ, ਪਾਉੜੀ ਚੌਪਈ ਇਥੋਂ ਤੱਕ ਕਿ ਦਸਮ ਗ੍ਰੰਥ, ਜਿਸਨੂੰ ਸਿੱਖ ਵਿਦਵਾਨ
ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੀ ਨਹੀਂ ਮੰਨਦੇ ਆਦਿ ਕੱਚੀ ਬਾਣੀ ਦੇ ਸੰਪਟ ਪਾਠ ਅਤੇ ਅਖੰਡਪਾਠ
ਕਰਾਉਂਦੇ ਹਨ। ਗੁਰਦੁਆਰਾ ਵਿਭੌਰ ਸਾਹਿਬ ਵਿਖੇ ਕਾਂਗਰਸੀ ਆਗੂ ਵਲੋਂ ਚੌਪਈ ਦਾ ਪਾਠ ਕਰਾਇਆ ਗਿਆ ਤੇ
ਅਕਾਲੀ ਆਗੂਆਂ (ਜੋ ਕਿ ਆਪਣੇ ਆਪਨੂੰ ਸਿੱਖ ਪੰਥੀ ਅਤੇ ਗੁਰੂ ਦੇ ਸਿੰਘ ਕਹਾਉਂਦੇ ਹਨ) ਨੇ ਕਿਹਾ ਕਿ
ਇਹ ਪਾਠ ਸਾਨੂੰ ਜਾਨੀ ਨੁਕਸਾਨ ਪੁਚਾਉਣ ਲਈ ਅਰਦਾਸ ਕਰਾ ਕੇ ਕੀਤਾ ਗਿਆ ਹੈ। ਉਨ੍ਹਾਂ ਦੇ ਕਹਿਣ ਤੇ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਠ ਕਰਨ ਵਾਲੇ ਗ੍ਰੰਥੀ ਅਤੇ ਦੋ ਮੁਲਾਜ਼ਮ ਮੁਅੱਤਲ ਕਰ
ਦਿੱਤੇ। ਸੋਚਣ ਵਾਲੀ ਗੱਲ ਹੈ ਕਿ ਗੁਰਬਾਣੀ ਸਰਬੱਤ ਦੇ ਭਲੇ ਲਈ ਹੈ ਤਾਂ ਉਹ ਕਿਸੇ ਨੂੰ ਨੁਕਸਾਨ
ਕਿਵੇਂ ਪੁਚਾ ਸਕਦੀ ਹੈ? ਜੇ ਨੁਕਸਾਨ ਪੁਚਾਉਣ ਵਾਲੀ ਬਾਣੀ ਹੈ ਤਾਂ ਉਸਨੂੰ ਗੁਰਬਾਣੀ ਨਹੀਂ ਮੰਨਿਆ
ਜਾ ਸਕਦਾ। ਜੇ ਕਾਂਗਰਸੀ ਆਗੂ ਨੇ ਕਿਸੇ ਭਲੇ ਲਈ ਇਹ ਪਾਠ ਕਰਾਇਆ ਅਕਾਲੀ ਆਗੂ (ਗੁਰੂ ਦੇ ਸਿੰਘ)
ਕਿਵੇਂ ਕਹਿ ਸਕਦੇ ਹਨ ਕਿ ਗੁਰਬਾਣੀ ਕਿਸੇ ਦਾ ਨੁਕਸਾਨ ਕਰ ਸਕਦੀ ਹੈ? ਜਾਂ ਤਾਂ ਉਹ ਗੁਰਬਾਣੀ ਦੀ
ਬੇਅਦਬੀ ਕਰ ਰਹੇ ਹਨ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਬੇਮੁੱਖ ਹੋ ਕੇ ਅੰਧ ਵਿਸ਼ਵਾਸੀ ਬਣ ਗਏ ਹਨ।
ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਇਮਾਰਤ ਗੁਰਦੁਆਰਾ ਹੈ, ਨਹੀਂ ਤਾਂ ਆਮ ਬਿਲਡਿੰਗ
ਹੈ ਪਰ ਗੁਰਦੁਆਰੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅੰਦਰ ਮੜ੍ਹੀਆਂ, ਸਮਾਧਾਂ,
ਧੂਣੀਆਂ, ਮੂਰਤੀਆਂ ਦੀ ਸਿੱਖਾਂ ਵਲੋਂ ਪੂਜਾ ਕੀਤੀ ਜਾਂਦੀ ਹੈ। ਜਲੰਧਰ ਨੇੜੇ ਤੱਲ੍ਹਣ ਗੁਰਦੁਆਰੇ
ਵਿੱਚ ਬਣੀ ਸਮਾਧ, ਹੁਸ਼ਿਆਰਪੁਰ ਨੇੜੇ ਭੀਖੋਵਾਲ ਦੇ ਗੁਰਦੁਆਰੇ ਅੰਦਰ ਭਰਥਰੀ, ਸ਼ਿਵ ਜੀ ਅਤੇ ਹੋਰ
ਅਨੇਕਾਂ ਮੂਰਤੀਆਂ ਅਤੇ ਧੂਣੇ ਸਥਾਪਿਤ ਹਨ, ਮੰਡੀ ਡੱਬਵਾਲੀ ਦੇ ਗੁਰਦੁਆਰਾ ਮਾਨ ਸਿੰਘ ਵਿੱਚ ਮੜ੍ਹੀ,
ਮਾਲਵੇ ਦੇ ਪਿੰਡ ਫਰਵਾਹੀ ਗੁਰਦੁਆਰੇ ਨੌਵੀਂ ਪਾਤਸ਼ਾਹੀ ਵਿੱਚ ਸਮਾਧ, ਫਗਵਾੜਾ ਨੇੜੇ ਪਿੰਡ
ਨਿਹਾਲਗੜ੍ਹ (ਨਵਾਂ ਪਿੰਡ) ਦੇ ਗੁਰਦੁਆਰੇ ਵਿੱਚ ਸਿਉਂਕ ਦੀ ਬਰਮੀ ਦੀ ਪੂਜਾ, ਡੇਰਾ ਬਾਬਾ ਵਡਭਾਗ
ਸਿੰਘ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਬਰਾਬਰ ਗੱਦੀ ਲਾ ਕੇ ਧਾਗੇ ਤਵੀਤ, ਡੋਲੀਆਂ
ਖਿਡਾਉਣ ਅਤੇ ਮੜ੍ਹੀਆਂ ਮਸਾਣਾਂ ਦਾ ਖੁੱਲ ਕੇ ਵਰਤਾਰਾ ਹੋ ਰਿਹਾ ਹੈ, ਕਾਲਾ ਸੰਘਿਆ ਦੇ ਗੁਰਦੁਆਰਾ
ਬਾਬਾ ਕਾਹਨਦਾਸ ਦੇ ਅੰਦਰ ਸਮਾਧ ਹੈ ਜਿੱਥੇ ਸ਼ਰਾਬ ਦਾ ਪ੍ਰਸਾਦਿ ਚੜ੍ਹਦਾ ਹੈ ਅਤੇ ਲੋਕਾਂ ਨੂੰ ਨਸ਼ਿਆ
ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ
ਪਾਖੰਡੀ ਸਾਧ ਧਾਗੇ, ਤਵੀਤ, ਸੁਆਹ ਦੀਆਂ ਪੁੜੀਆਂ, ਪੁੱਛਾਂ ਦੇਣੀਆਂ, ਗੁਰੂ ਸਾਹਿਬ ਦੀ ਮੰਜੀ ਨਾਲੋਂ
ਮੌਲੀ ਦੇ ਧਾਗੇ ਤੋੜ ਕੇ, ਨਿਸ਼ਾਨ ਸਾਹਿਬ ਦੇ ਚੋਲੇ ਨਾਲੋਂ ਕੈਂਚੀ ਨਾਲ ਲੀਰਾਂ ਕੱਟ ਕੇ ਲੋਕਾਂ ਨੂੰ
ਤਵੀਤ ਦਿੰਦੇ ਹਨ। ਹੋਰ ਤਾਂ ਹੋਰ ਬੇ ਔਲਾਦ ਬੀਬੀਆਂ ਨੂੰ ਕਾਕੇ ਜੰਮਣ ਲਈ ਤਰ੍ਹਾਂ ਤਰ੍ਹਾਂ ਦੇ ਫਲ
ਦਿੰਦੇ ਹਨ।
ਮੌਤ ਤੋਂ ਬਾਅਦ ਕੋਈ ਜਿੰਦਗੀ ਨਹੀਂ। ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਨੇ, ਸ਼ਰਾਬ ਪੀ ਕੇ, ਹੁੱਕਾ
ਤੰਬਾਕੂ ਪੀ ਕੇ, ਐਕਸੀਡੈਂਟ ਜਾਂ ਖੂਹਾਂ ਵਿੱਚ ਡੁੱਬ ਕੇ ਮਰਨ ਵਾਲਿਆ ਨੂੰ ਸਿੰਘ ਸ਼ਹੀਦ ਬਣਾ ਦਿੱਤਾ
ਹੈ ਅਤੇ ਖੇਤਾਂ ਦੇ ਬੰਨਿਆਂ ਤੇ ਉਨ੍ਹਾਂ ਮਿਰਤਕਾਂ ਦੀਆਂ ਮੜ੍ਹੀਆਂ ਬਣਾ ਕੇ ਖੰਡੇ ਵਾਲੇ ਉਚੇ ਨਿਸ਼ਾਨ
ਸਾਹਿਬ ਵੀ ਗੱਡ ਦਿੱਤੇ ਹਨ। ਰੋਜ ਸਵੇਰੇ ਉਨ੍ਹਾਂ ਮੜ੍ਹੀਆਂ ਨੂੰ ਦੁੱਧ ਨਾਲ ਨੁਹਾ ਕੇ ਧੂਫ ਬੱਤੀ
ਕਰਕੇ ਤਰ੍ਹਾਂ ਤਰ੍ਹਾਂ ਦੇ ਪ੍ਰਸਾਦਿ ਚੜ੍ਹਾ ਕੇ ਇਹ ਸਿੱਖ ਕਹਾਉਣ ਵਾਲੇ ਨੱਕ ਰਗੜਦੇ ਆਮ ਦੇਖੇ ਜਾ
ਸਕਦੇ ਹਨ। ਕਈ ਮੜ੍ਹੀਆਂ ਤੇ ਤਾਂ ਪਾਖੰਡੀ ਬਾਬੇ ਰੰਗ ਬਿਰੰਗੇ ਬਾਣਿਆਂ ਵਿੱਚ ਪੁੱਛਾਂ ਦੇ ਕੇ,
ਚੌਂਕੀਆਂ ਲਗਾ ਕੇ ਅਣਭੋਲ ਲੋਕਾਂ ਦੀ ਮਾਨਸਿਕ, ਆਰਥਿਕ ਅਤੇ ਸ਼ਰੀਰਕ ਲੁੱਟ ਕਰ ਰਹੇ ਹਨ। ਸਾਲ ਪਿੱਛੋਂ
ਇਨ੍ਹਾਂ ਮਿਰਤਕਾਂ ਦੇ ਜਨਮ ਦਿਨ ਜਾਂ ਮਰਨ ਦਿਨ ਅਰਥਾਤ ਬਰਸੀ ਮਨਾਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ
ਜੀ ਦੇ ਅਨੇਕਾਂ ਅਖੰਡਪਾਠ ਉਨ੍ਹਾਂ ਮੜ੍ਹੀਆਂ ਨੂੰ ਸੁਣਾਏ ਜਾਂਦੇ ਹਨ। ਹੋਰ ਤਾਂ ਹਰ ਬਹੁਤ ਸਾਰੇ
ਗਾਤਰਾਧਾਰੀ ਆਦਮੀ ਅਤੇ ਔਰਤਾਂ ਹਰੀ ਚਾਦਰ ਵਾਲੇ ਮਜਾਰਾਂ ਉਪਰ ਬਲਦੇ ਚਿਰਾਗਾਂ ਵਿੱਚ ਤੇਲ ਪਾਉਂਦੇ
ਆਮ ਦੇਖੇ ਜਾ ਸਕਦੇ ਹਨ।
ਆਮ ਦੇਖਿਆ ਗਿਆ ਹੈ ਕਿ ਅਖੰਡ ਪਾਠ ਕਰਦਿਆ ਪਾਠੀ ਕਦੇ ਦੀਵਾਰ ਤੇ ਟੰਗੀ ਘੜੀ, ਮੱਥਾ ਟੇਕਣ ਵਾਲੀਆਂ
ਬੀਬੀਆਂ, ਛੱਤ ਨਾਲ ਟੰਗੇ ਪੱਖੇ, ਖਾਸ ਕਰਕੇ ਲੋਕਾਂ ਵਲੋਂ ਚੜ੍ਹਾਈ ਮਾਇਆ ਵਲ ਬਿਟਰ ਬਿਟਰ ਵੇਖਦੇ
ਰਹਿੰਦੇ ਹਨ। ਇਹ ਪਾਠੀਆਂ ਦਾ ਅਖੰਡ ਪਾਠ ਹੈ ਜਾਂ ਟਾਈਮ ਪਾਸ? ਕੀ ਇਸ ਤਰ੍ਹਾਂ ਕਰਨ ਨਾਲ ਅਖੰਡ ਪਾਠ
ਵਿੱਚ ਵਿਘਨ ਤਾਂ ਨਹੀਂ ਪੈਂਦਾ ਜਾਂ ਇਹ ਲੋਕ ਗੁਰਬਾਣੀ ਦਾ ਮਜ਼ਾਕ ਤਾਂ ਨਹੀਂ ਉਡਾਉਂਦੇ? ਗੁਰਬਾਣੀ
ਪਾਠ ਲਈ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਂਦੇ ਸਮੇਂ ਪਾਣੀ ਦੇ ਜੱਗ ਵਿੱਚੋਂ
ਪਾਣੀ ਦੇ ਛਿੱਟੇ ਗੁਰੂ ਸਾਹਿਬ ਦੀ ਸਵਾਰੀ ਅੱਗੇ ਦਿੰਦੇ ਹੋਏ ਗੰਦੇ ਮੰਦੇ ਰਾਹਾਂ ਵਿੱਚੋਂ ਲੰਘਦੇ
ਅਤੇ ਸੰਖ, ਘੜਿਆਲ ਵੀ ਵਜਾਉਂਦੇ ਹਨ ਜਿਵੇਂ ਗੁਰੂ ਸਾਹਿਬ ਨੂੰ ਨੀਂਦ ਤੋਂ ਜਗਾਉਂਦੇ ਹੋਣ।
ਅੱਜ ਦੇ ਸਿੱਖਾਂ ਵਿੱਚ ਅੰਧ ਵਿਸ਼ਵਾਸ ਇੱਥੋਂ ਤੱਕ ਵੱਧ ਗਿਆ ਹੈ ਕਿ ਕਾਰ ਸੇਵਾ ਕਰਕੇ ਸਰੋਵਰ ਸਾਫ਼
ਕਰਨ ਲਈ ਸੋਨੇ ਦੀਆਂ ਕਹੀਆਂ ਅਤੇ ਕੜਾਹੀਏ ਵਰਤੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਾਸਤੇ ਸੋਨੇ
ਦੀਆਂ ਪਾਲਕੀਆਂ ਬਣਾ ਕੇ ਲੱਖਾਂ ਰੁਪਏ ਰੋੜ੍ਹ ਰਹੇ ਹਨ ਜਿਸਨੂੰ ਲੋਕਾਂ ਦੀ ਭਲਾਈ ਲਈ ਵਰਤਿਆ ਜਾ
ਸਕਦਾ ਹੈ। ਬਾਬਾ ਦੀਪ ਸਿੰਘ ਜੀ ਉਪਰ ਬਣੀ ਪੰਜਾਬੀ ਫਿਲਮ, ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ, ਨੂੰ
ਜਿੰਨ੍ਹਾਂ ਸਿਨੇਮਾ ਘਰਾਂ ਵਿੱਚ ਦਿਖਾਇਆ ਜਾਣਾ ਹੈ ਉਨ੍ਹਾਂ ਨੂੰ ਧੋ ਕੇ ਗੁਰਬਾਣੀ ਦਾ ਪਾਠ ਸੁਣਾ ਕੇ
ਸ਼ੁਧ ਕੀਤਾ ਜਾ ਰਿਹਾ ਹੈ ਪਰ ਸਿਨੇਮਾ ਘਰਾਂ ਵਿੱਚ ਸ਼ਰਾਬੀ ਅਤੇ ਤੰਬਾਕੂ ਖਾਣਿਆਂ ਨੂੰ ਕਿਵੇਂ ਸ਼ੁੱਧ
ਕੀਤਾ ਜਾਵੇਗਾ? ਇਸਾਈ ਧਰਮ ਅਤੇ ਇਸਲਾਮ ਧਰਮ ਵਾਂਗੂ ਸਿੱਖ ਧਰਮ ਦਾ ਫੈਲਾਅ ਬਹੁਤ ਪਿੱਛੇ ਰਹਿ ਗਿਆ
ਹੈ। ਇਸ ਦਾ ਮੁੱਖ ਕਾਰਨ ਸਿੱਖਾਂ ਵਿੱਚ ਵਧ ਰਿਹਾ ਅੰਧ ਵਿਸ਼ਵਾਸ ਹੈ। ਅਖੌਤੀ ਪੰਥਕ ਆਗੂਆਂ ਵਲੋਂ ਗਲਤ
ਪ੍ਰਚਾਰ ਬ੍ਰਾਹਮਣੀ ਸੋਚ, ਪੈਸੇ ਦੇ ਲਾਲਚ ਅਤੇ ਕੁਰਸੀ ਦੀ ਭੁੱਖ ਨਾਲ ਸਿੱਖ ਧਰਮ ਦਾ ਪ੍ਰਚਾਰ ਸਹੀ
ਰਸਤੇ ਤੇ ਨਹੀਂ ਚੱਲ ਰਿਹਾ ਅਤੇ ਸਿੱਖ ਧਰਮ ਵੀ ਅੰਧ ਵਿਸ਼ਵਾਸ ਦੇ ਸ਼ਿਕੰਜੇ ਦੀ ਜੋਰਦਾਰ ਪਕੜ ਵਿੱਚ ਹੈ
ਜਿਸਨੂੰ ਤੋੜਨਾ ਸਮੇਂ ਦੀ ਮੁੱਖ ਲੋੜ ਹੈ। ਏਕ ਨੂਰ ਖਾਲਸਾ ਫੌਜ, ਮੜੀਆਂ, ਸਮਾਧਾਂ ਤੋਂ ਗੁਰੂ ਗ੍ਰੰਥ
ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਤਾਂ ਰੋਕਣ ਲਈ ਹੰਭਲਾ ਮਾਰ ਰਹੀ ਹੈ ਜੋ ਕਿ ਸ਼ਲਾਘਾਯੋਗ
ਕਦਮ ਹੈ, ਪਰ ਸਿੱਖੀ ਭੇਸ ਵਿੱਚ ਫਿਰਦੇ ਪਾਖੰਡੀ ਸਾਧਾਂ ਦੇ ਵੱਗ ਨੂੰ ਨੱਥ ਪਾਉਣ ਲਈ ਵੀ ਅੱਗੇ ਆਉਣਾ
ਚਾਹੀਦਾ ਹੈ। ਪੰਥਕ ਕਹਾਉਣ ਵਾਲੇ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਨੂੰ
ਇਹ ਸ਼ਿਕੰਜਾ ਤੋੜਨ ਲਈ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ, ਪਰ ਇਹ ਕੰਮ ਕਰੂ ਕੌਣ? ਸਿੱਖ ਆਗੂ ਤਾਂ
ਵੋਟਾਂ ਅਤੇ ਨੋਟਾਂ ਦੀ ਖਾਤਰ ਅਖੌਤੀ ਸੰਤਾਂ, ਪਾਖੰਡੀ ਸਾਧਾਂ ਬਾਬਿਆਂ ਅਤੇ ਸਿੱਖੀ ਦਾ ਘਾਣ ਕਰਨ
ਵਾਲੇ ਲੋਕਾਂ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਸ਼ੀਰਵਾਦ ਲੈ ਰਹੇ ਹਨ, ਮਿਥਿਹਾਸਕ ਗ੍ਰੰਥਾਂ ਦੇ ਪਾਠ
ਕਰਵਾ ਰਹੇ ਹਨ, ਮੱਥੇ ਤਿਲਕ ਲੁਆ ਰਹੇ ਹਨ। ਕੌਣ ਕਹੂ ਰਾਣੀਏ ਅੱਗਾ ਢੱਕ?
ਜੋਗਿੰਦਰ ਸਿੰਘ ਤੱਖਰ
ਜਨਰਲ ਸਕੱਤਰ ਪੰਜਾਬੀ ਸਭਿਆਚਾਰਕ ਅਤੇ ਲੋਕ ਭਲਾਈ ਮੰਚ ਪੰਜਾਬ।
ਫੋਨ: 98150 - 60240