.

ਕੀ ਹਰੇਕ ਸਰੀਰਧਾਰੀ ਹੀ ਚਮਾਰ ਨਹੀਂ?

ਅਵਤਾਰ ਸਿੰਘ ਮਿਸ਼ਨਰੀ (510-432-5827)

ਮਹਾਨਕੋਸ਼ ਅਨੁਸਾਰ ਚਮਾਰ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਚੰਮ ਦਾ ਕੰਮ ਕਰਨ ਵਾਲਾ। ਚਮਾਰ ਕੋਈ ਜਾਤੀ ਨਹੀਂ। ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਸੁਨਾਰ, ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਜਮੀਨ ਵੌਹਣ ਵਾਲਾ ਜਿਮੀਦਾਰ, ਭਾਂਡਿਆਂ ਨੂੰ ਸਿਕਲ ਕਰਨ ਵਾਲਾ ਸਿਕਲੀਗਰ, ਸ਼ਿਕਾਰ ਖੇਡਣ ਵਾਲਾ ਸ਼ਿਕਾਰੀ ਆਦਿਕ। ਬ੍ਰਾਹਮਣ ਦੇ ਘੜੇ ਕਿਸੇ ਵੀ ਲਫਜ਼ ਨੂੰ ਉੱਚੀ-ਨੀਵੀਂ ਜਾਤ ਵਰਣ ਲਈ ਨਹੀਂ ਵਰਤਿਆ ਜਾ ਸਕਦਾ। ਮੰਨੂੰ ਸਿਮ੍ਰਤੀ ਦੇ ਲਿਖਾਰੀ ਨੇ ਮਨੁੱਖਤਾ ਵਿੱਚ ਜਾਤਾਂ ਪਾਤਾਂ ਅਤੇ ਵਰਣਵੰਡ ਪੈਦਾ ਕੀਤੀ। ਚਲਾਕ ਬ੍ਰਾਹਮਣ ਨੇ ਮਨੁੱਖਤਾ ਨੂੰ ਚਾਰ ਵਰਣਾਂ ਵਿੱਚ ਵੰਡ ਦਿੱਤਾ। ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦ। ਇਨ੍ਹਾਂ ਤੋਂ ਹੀ ਅੱਗੇ ਕਈ ਜਾਤਾਂ-ਪਾਤਾਂ ਕੱਢ ਮਾਰੀਆਂ।

ਪਹਿਲੇ ਦਰਜੇ ਤੇ ਬਾਮਣ-ਭਾਊ ਨੇ ਆਪਣੇ ਆਪ ਨੂੰ ਰੱਖਿਆ ਕਿ ਬ੍ਰਾਹਮਣ ਸਰਬਸ਼੍ਰੇਟ ਅਤੇ ਪੂਜਣਯੋਗ ਹੈ। ਧਰਮ ਗ੍ਰੰਥਾਂ ਦਾ ਪਠਨ ਪਾਠਨ ਅਤੇ ਸਿੱਖਣ ਸਿਖਾਉਣ ਦਾ ਕੰਮ ਬ੍ਰਾਹਮਣ ਹੀ ਕਰ ਸਕਦਾ ਹੈ। ਬ੍ਰਾਹਮਣ ਬ੍ਰਹਮਾਂ ਦੇ ਮੁੱਖ ਤੋਂ ਪੈਦਾ ਹੋਣ ਕਰਕੇ ਉੱਤਮ ਸ਼੍ਰੇਣੀ ਵਿੱਚ ਹੈ। ਬ੍ਰਾਹਮਣ ਭਾਂਵੇ ਲੁੱਚਾ ਲੰਡਾ ਲਵਾਰ ਹੋਵੇ ਤਾਂ ਵੀ ਪੂਜਣਯੋਗ ਅਤੇ ਸ਼ੂਦਰ ਭਾਵੇਂ ਕਿਨਾਂ ਧਰਮਾਤਮਾਂ ਹੋਵੇ ਤਾਂ ਵੀ ਦੁਰਕਾਰਨਯੋਗ ਹੈ। ਮਨੂੰਵਾਦੀ ਗ੍ਰੰਥਾਂ ਦਾ ਕਥਨ ਹੈ-ਬ੍ਰਾਹਮਣ ਸੇਵੀਐ ਗਿਆਨ ਗੁਣਹੀਨਾਂ॥ ਸ਼ੂਦਰ ਨਾਂ ਸੇਵੀਐ ਗਿਆਨ ਪ੍ਰਬੀਨਾਂ॥ ਬਾਕੀ ਸਾਰੇ ਵਰਨਾਂ ਨੂੰ ਬ੍ਰਾਹਮਣ ਤੋਂ ਪੁੱਛ ਕੇ ਹੀ ਸਾਰੇ ਕਰਮ ਕਰਨੇ ਚਾਹੀਦੇ ਹਨ ਭਾਵ ਜਨਮ ਤੋਂ ਮਰਨ ਤੱਕ ਅਤੇ ਲੋਕ ਤੋਂ ਪ੍ਰਲੋਕ ਤੱਕ ਬ੍ਰਾਹਮਣ ਦੇ ਅਧੀਨ ਹੀ ਚੱਲਣਾ ਹੈ। ਦੂਜੇ ਨੰਬਰ ਤੇ ਖਤਰੀ ਨੂੰ ਰੱਖਿਆ ਜੋ ਬ੍ਰਹਮਾਂ ਦੇ ਡੌਲਿਆਂ ਤੋਂ ਪੈਦਾ ਹੋਇਆ ਮੰਨਿਆਂ ਜਾਂਦਾ ਹੈ। ਇਸ ਨੇ ਹਰ ਤਰ੍ਹਾਂ ਅਤੇ ਹਰ ਹਾਲਤ ਵਿੱਚ ਬ੍ਰਾਹਮਣ ਦੀ ਰੱਖਿਆ ਕਰਨੀ ਹੈ। ਦੁਸ਼ਮਣ ਨਾਲ ਜੰਗ ਯੁੱਧ ਕਰਨੇ ਅਤੇ ਵਤਨ ਦੀ ਖਾਤਰ ਲੜਨਾ ਮਰਨਾ ਇਸ ਦਾ ਹੀ ਕੰਮ ਹੈ। ਬ੍ਰਾਹਮਣ-ਭਾਊ ਲਈ ਸ਼ਿਕਾਰ ਖੇਡਣਾਂ ਅਤੇ ਹਰ ਵੇਲੇ ਹਥਿਆਰਬੰਦ ਰਹਿਣਾ ਖਤਰੀ ਦਾ ਹੀ ਫਰਜ ਹੈ। ਤੀਜੇ ਨੰਬਰ ਤੇ ਵੈਸ਼ ਭਾਵ ਕਿਰਤ ਕਰਨ ਵਾਲੇ ਲੋਕ ਰੱਖੇ ਗਏ। ਜੋ ਬ੍ਰਹਮਾਂ ਦੇ ਪੇਟ ਚੋਂ ਪੈਦਾ ਹੋਏ ਮੰਨੇ ਗਏ। ਕਿਰਤੀ ਪਹਿਲੇ ਬ੍ਰਾਹਮਣ ਦਾ ਪੇਟ ਭਰੇ ਫਿਰ ਆਪਣਾ ਅਤੇ ਦੇਸ਼ ਵਾਸੀਆਂ ਦਾ। ਬ੍ਰਾਹਮਣ ਨੂੰ ਕਿਰਤ ਕਰਨ ਦੀ ਕੋਈ ਲੋੜ ਨਹੀਂ। ਚੌਥੇ ਨੰਬਰ ਤੇ ਸ਼ੂਦ ਨੂੰ ਰੱਖਿਆ ਜੋ ਬ੍ਰਹਮਾਂ ਦੇ ਪੈਰਾਂ ਤੋਂ ਪੈਦਾ ਹੋਇਆ ਦਰਸਾਇਆ ਗਿਆ। ਸ਼ੂਦਰ ਉੱਪਰਲੇ ਤਿੰਨਾਂ ਵਰਨਾਂ ਦਾ ਗੰਦ ਚੁੱਕੇ ਅਤੇ ਸਫਾਈ ਕਰੇ। ਭਾਵ ਬਾਕੀ ਗੰਦ ਦੇ ਢੇਰ ਖਿਲ੍ਹਾਰਣ ਅਤੇ ਸ਼ੂਦਰ ਵਿਚਾਰਾ ਸਾਫ ਕਰੇ।

ਵਾਹ! ਕੈਸਾ ਸ਼ਾਤਰ ਹੈ ਬ੍ਰਾਹਮਣ? ਕਿਰਤ ਕਰਨ ਵਾਲਿਆਂ ਦੀਆਂ ਕਿਸਮਾਂ ਵੀ ਵੰਡ ਦਿੱਤੀਆਂ। ਹਲ ਵਾਹੁਣ ਵਾਲਾ ਜੱਟ ਜਿਮੀਦਾਰ, ਨਹੁੰ-ਵਾਲ ਕੱਟਣ ਅਤੇ ਬੁੱਤੀਆਂ ਕੱਢਣ ਵਾਲਾ ਨਾਈ, ਲੋਹੇ ਦੇ ਸੰਦ ਬਨਾਉਣ ਤੇ ਮੁਰੰਮਤ ਕਰਨ ਵਾਲਾ ਲੁਹਾਰ, ਮਰੇ ਪਸ਼ੂਆਂ ਦਾ ਚੰਮ ਲਾਹ ਕੇ ਜੁੱਤੀਆਂ ਬਣਾਉਣ ਵਾਲਾ ਚਮਾਰ, ਸੋਨੇ ਆਦਿਕ ਦੇ ਗਹਿਣੇ ਘੜਨ ਵਾਲਾ ਸੁਨਾਰ, ਮਿੱਟੀ ਦੇ ਭਾਂਡੇ ਸਾਜਣ ਵਾਲਾ ਘੁਮਾਰ, ਮਾਸ ਕੱਟਣ ਵਾਲਾ ਕਸਾਈ ਅਤੇ ਪਾਣੀ ਆਦਿਕ ਭਰਣ ਵਾਲਾ ਮਹਿਰਾ ਐਲਾਨ ਦਿੱਤਾ ਗਿਆ। ਇਹ ਸਾਰੇ ਕਿਰਤੀ ਕੋਹਲੂ ਦੇ ਬੈਲ ਦੀ ਤਰ੍ਹਾਂ ਵੇਹਲੜ ਅਖੌਤੀ ਉੱਚਜਾਤੀ ਬ੍ਰਾਹਮਣ-ਭਾਊਆਂ ਲਈ ਕਮਾਈ ਕਰਨ ਲੱਗੇ।

ਭਗਤਾਂ ਅਤੇ ਗੁਰੂ ਸਾਹਿਬਾਨਾਂ ਨੇ ਇਸ ਕੁਚੱਜੀ ਵਰਣ-ਵੰਡ ਅਤੇ ਜਾਤ-ਪਾਤ ਦਾ ਭਰਵਾਂ ਖੰਡਨ ਕਰਦੇ ਹੋਏ ਚਹੁੰ ਵਰਨਾਂ ਨੂੰ ਇੱਕ ਕਰ ਦਿੱਤਾ-ਚਾਰ ਵਰਨ ਇੱਕ ਵਰਨ ਕਰਾਇਆ॥ (ਭਾ. ਗੁ.) ਭਾਵ ਇਨਸਾਨ ਵਿੱਚ ਚਾਰੇ ਹੀ ਵਰਨ (ਗੁਣ) ਹਨ। ਜਦ ਮਨੁੱਖ ਰੱਬ ਨੂੰ ਯਾਦ ਕਰਦਾ ਅਤੇ ਧਰਮ ਗ੍ਰੰਥਾਂ ਦੀ ਵਿਚਾਰ ਕਰਦਾ ਹੈ ਤਾਂ ਬ੍ਰਾਹਮਣ ਹੈ। ਜਦ ਧਰਮ, ਵਤਨ ਅਤੇ ਆਪਣੇ ਆਪ ਲਈ ਜ਼ਾਲਮਾਂ ਅਤੇ ਦੁਸ਼ਮਣਾਂ ਵਿਰੁੱਧ ਰੱਖਿਆ ਖਾਤਰ ਜੂਝਦਾ ਅਤੇ ਕੁਰਬਾਨ ਹੁੰਦਾ ਹੈ ਤਾਂ ਖੱਤਰੀ ਹੈ। ਜਦ ਧਰਮ ਦੀ ਕਿਰਤ ਭਾਵ ਨੇਕ ਕਮਾਈ ਕਰਕੇ ਆਪਣਾ, ਪ੍ਰਵਾਰ ਦਾ ਅਤੇ ਸੰਸਾਰ ਦਾ ਪੇਟ ਪਾਲਦਾ ਹੈ ਤਾਂ ਵੈਸ਼ ਹੈ। ਜਦ ਆਪਣੇ ਮਨ ਦੀ ਸਫਾਈ ਕਰਦਾ ਹੋਇਆ ਦੂਜਿਆਂ ਅਤੇ ਲੋੜਵੰਦਾਂ ਦੀ ਸੇਵਾ ਕਰਦਾ ਹੈ ਤਾਂ ਸ਼ੂਦਰ ਹੈ।

ਜਦ ਲੋਕਾਂ ਨੂੰ ਇਹ ਸਮਝ ਆ ਗਈ ਕਿ ਸਭ ਇਨਸਾਨ ਸਰੀਰਕ ਤੌਰ ਤੇ ਸਮਾਨ ਹਨ ਕੋਈ ਉੱਚਾ ਨੀਵਾਂ ਨਹੀਂ ਤਾਂ ਉਹ ਬਾਮਣ-ਭਾਊ ਦੇ ਜੂਲੇ ਚੋਂ ਨਿਕਲਣ ਲੱਗ ਪਏ। ਗੁਰੂ ਸਾਹਿਬ ਨੇ ਇਸ ਸਿਧਾਂਤ ਨੂੰ ਪੱਕਾ ਕਰਨ ਵਾਸਤੇ ਲੰਗਰ, ਪੰਗਤ ਅਤੇ ਸੰਗਤ ਦੀ ਪਰੰਪਰਾ ਚਲਾ ਦਿੱਤੀ ਜਿੱਥੇ ਹਰੇਕ ਮਾਈ ਭਾਈ ਇੱਕ ਥਾਂ ਤੇ ਬੈਠ ਕੇ ਭੋਜਨ ਖਾ ਸਕਦਾ ਅਤੇ ਸੰਗਤ ਵਿੱਚ ਸਾਂਝਾ ਉਪਦੇਸ਼ ਲੈ ਸਕਦਾ ਹੈ ਕੋਈ ਵਿਤਕਰਾ ਨਹੀਂ। ਇਹ ਉਪਦੇਸ਼ ਲੈ ਕੇ ਬਣਾਏ ਗਏ ਨੀਵੇਂ ਵਰਨਾਂ ਦੇ ਲੋਗ ਹੀ ਬੀਰ ਬਹਾਦਰ ਬਣਨ ਲੱਗ ਪਏ। ਰੱਬੀ ਗੁਣਾਂ ਨੂੰ ਹਿਰਦੇ ਚ’ ਧਾਰਨ ਕਰਕੇ ਆਤਮਾਂ ਬਲਵਾਨ ਅਤੇ ਚੰਗਾ ਭੋਜਨ ਖਾ ਕੇ ਸਰੀਰ ਵੀ ਬਲਵਾਨ ਕਰ ਲਏ। ਆਪਣੇ ਧਰਮ ਕਾਰਜ ਆਪ ਹੀ ਕਰਨ ਲੱਗ ਪਏ। ਸ਼ਸ਼ਤਰ ਵਿਦਿਆ ਦਾ ਅਭਿਆਸ ਕਰਕੇ ਅਤੇ ਸ਼ਿਕਾਰ ਖੇਡ-ਖੇਡ ਕੇ ਮਾਰਸ਼ਲ ਹੋ ਗਏ। ਅਨੇਕਾਂ ਜੰਗਾਂ ਵਿੱਚ ਖੂੰ ਖਾਰ ਮੁਗਲਾਂ ਨੂੰ ਚਿੱਤ ਕੀਤਾ। ਸੰਤ ਸਿਪਾਹੀ ਬਣ ਗਏ। ਗੁਰੂ ਗੋਬਿੰਦ ਸਿੰਘ ਜੀ ਵੇਲੇ ਸਾਰੇ ਖਾਲਸਾ ਫੌਜ ਅਖਵਾਉਣ ਵਿੱਚ ਫਖਰ ਸਮਝਣ ਲੱਗੇ। ਗੁਰੂ ਸਾਹਿਬਾਂਨ ਦੀ ਯੋਗ ਅਗਵਾਈ ਵੇਲੇ ਬ੍ਰਾਹਮਣ ਕੁੱਝ ਕਰ ਨਾਂ ਸਕਿਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖਾਲਸੇ ਨੇ “ਅੱਠ ਸਾਲ ਰਾਜ ਕੀਤਾ” ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਚਲਾਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਗੀਰਾਂ ਜਿਮੀਦਾਰ ਕਿਰਤੀ ਕਾਮਿਆਂ ਨੂੰ ਵੰਡ ਦਿੱਤੀਆਂ, ਓਦੋਂ ਤਾਂ ਬਹਾਦਰ ਅਤੇ ਸੂਝਵਾਨ ਸਿੱਖਾਂ ਅੱਗੇ ਬਾਮਣ ਕੁਸਕਿਆ ਨਾਂ। ਫਿਰ ਦੁਸ਼ਮਣ ਨੂੰ ਮਾਤ ਦੇਣ ਲਈ ਸਿੱਖਾਂ ਦੇ 65 ਜਥੇ ਬਣ ਗਏ ਜੋ ਇੱਕਠੇ ਹੋ ਕੇ ਕੌਮੀ ਕਾਰਜਾਂ ਲਈ ਜੂਝਦੇ ਰਹੇ। ਫਿਰ ਇਨ੍ਹਾਂ ਦੀਆਂ ਹੀ 12 ਮਿਸਲਾਂ ਬਣ ਗਈਆਂ ਫਿਰ ਮਹਾਂਰਾਜਾ ਰਣਜੀਤ ਸਿੰਘ ਜੀ ਨੇ 12 ਮਿਸਲਾਂ ਨੂੰ ਇਕੱਠਿਆਂ ਕਰਕੇ ਸਿੱਖ ਰਾਜ ਕਾਇਮ ਕੀਤਾ ਜੋ ਕਰੀਬ 50 ਸਾਲ ਚੱਲਿਆ। ਇਸ ਸਮੇਂ ਦੌਰਾਨ ਮਹਾਂਰਾਜੇ ਦੀ ਫਰਾਖਦਿਲੀ ਦਾ ਫਾਇਦਾ ਉਠਾ ਕੇ, ਬਾਮਣ-ਭਾਊ ਨੇ ਸਾਧਾਂ ਦਾ ਭੇਖ ਧਾਰਨ ਕਰਕੇ, ਧਰਮ ਦੇ ਨਾਂ ਤੇ ਕਈ ਪਾਖੰਡ ਅਤੇ ਡੇਰੇ ਚਲਾ ਦਿੱਤੇ, ਉਦਾਸੀ ਅਤੇ ਨਿਰਮਲੇ ਸਾਧਾਂ ਦੇ ਰੂਪ ਵਿੱਚ ਗੁਰਦੁਆਰਿਆਂ ਤੇ ਵੀ ਕਾਬਜ ਹੋ ਗਿਆ।

ਫਿਰ ਸਿੱਖ ਧਰਮ ਦੀ ਮਰਯਾਦਾ ਦਾ ਬ੍ਰਾਹਮਣੀਕਰਨ ਕਰਨ ਲਈ ਕਈ ਫਰਜੀ ਗ੍ਰੰਥ ਅਤੇ ਰਹਿਤਨਾਮੇ ਸਿੰਘਾਂ ਦੇ ਨਾਂ ਤੇ ਲਿਖ ਦਿੱਤੇ ਅਤੇ ਵੱਖਰੀਆਂ-ਵੱਖਰੀਆਂ ਸੰਪ੍ਰਦਾਵਾਂ ਚਲਾ ਦਿੱਤੀਆਂ। ਪਿੰਡ ਪੱਧਰ ਤੇ ਉੱਚੀਆਂ ਨੀਵੀਆਂ ਜਾਤਾਂ ਦੇ ਧਰਮ ਅਸਥਾਨ ਵੀ ਵੱਖਰੇ ਬਣਾ ਕੇ ਸਿੱਖਾਂ ਵਿੱਚ ਫੁੱਟ ਪਾ ਦਿੱਤੀ। ਵੱਖ ਵੱਖ ਗੁਰਦੁਆਰਿਆਂ ਵਿੱਚ ਮਹੰਤ ਅਤੇ ਗ੍ਰੰਥੀ ਵੀ ਬ੍ਰਾਹਮਣੀ ਰੰਗਤ ਵਾਲੇ ਰੱਖੇ ਗਏ, ਜਿਨ੍ਹਾਂ ਦੀ ਬਦੌਲਤ ਤਿਲਕ, ਧੂਪ, ਦੀਪ, ਸਮਗਰੀਆਂ ਅਤੇ ਪੂਜਾ ਪਾਠ ਆਦਿਕ ਬ੍ਰਾਹਮਣੀ ਕਰਮਕਾਂਡ ਗੁਰੂ ਘਰਾਂ ਵਿੱਚ ਵੀ ਪ੍ਰਚਲਿਤ ਹੋ ਗਏ। ਸ਼ੂਦਰਾਂ ਦੇ ਧਰਮ ਅਸਥਾਨ ਵੱਖਰੇ, ਮਰਯਾਦਾ ਵੱਖਰੀ ਕਰ ਦਿੱਤੀ ਗਈ। ਸੁੱਚ ਭਿੱਟ ਦਾ ਬੀਜੁ, ਬੀਜ ਦਿੱਤਾ ਗਿਆ। ਅਜਿਹੀ ਫੁੱਟ ਕਾਰਨ ਸਿੱਖ ਰਾਜ ਜਾਂਦਾ ਰਿਹਾ। ਅੰਗ੍ਰੇਜ ਕਾਬਜ ਹੋ ਗਏ, ਉਨ੍ਹਾਂ ਨੇ ਵੀ ਕੌਮ ਦੀ ਫੁੱਟ ਕਾਇਮ ਰੱਖਣ ਲਈ ਮਹੰਤਾਂ ਅਤੇ ਜਗੀਰਦਾਰਾਂ ਨੂੰ ਮਰੱਬੇ ਵੰਡ ਦਿੱਤੇ। ਪਾੜੋ ਤੇ ਰਾਜ ਕਰੋ ਨੀਤੀ ਨੂੰ ਵਰਤ ਕੇ ਕਰੀਬ 100 ਸਾਲ ਰਾਜ ਕੀਤਾ।

ਫਿਰ ਪੰਥ ਦੇ ਅਕੀਦਤਮੰਦ ਸਿੰਘਾਂ ਨੇ ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਵਰਗੇ ਸੁਘੜ ਵਿਦਵਾਨ ਗੁਰਸਿੱਖਾਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਸਿੰਘ ਸਭਾ ਲਹਿਰ ਚਲਾਈ ਅਤੇ ਬ੍ਰਾਹਮਣਵਾਦੀ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਖਾਲਸਾ ਸਕੂਲ ਅਤੇ ਮਿਸ਼ਨਰੀ ਕਾਲਜ ਖੋਲ੍ਹੇ। ਸਿੱਖੀ ਫਿਰ ਪ੍ਰਫੁਲਤ ਹੋਣ ਲੱਗੀ ਪਰ ਕੱਢੇ ਗਏ ਮਹੰਤਾਂ ਨੇ ਅਲੱਗ ਡੇਰਾਵਾਦ ਚਲਾ ਦਿੱਤਾ। ਲੋਕਾਂ ਨੂੰ ਗੁਰਬਾਣੀ ਦਾ ਗਿਆਨ ਨਾਂ ਹੋਣ ਕਰਕੇ ਇੱਕਵਾਰ ਫਿਰ ਬਾਮਣ-ਭਾਊ ਸੰਤਾਂ, ਮਹੰਤਾਂ, ਸੰਪ੍ਰਦਾਈਆਂ ਅਤੇ ਗ੍ਰੰਥੀਆਂ ਦੇ ਰੂਪ ਵਿੱਚ ਧਰਮ ਅਸਥਾਨਾਂ ਤੇ ਕਾਬਜ ਹੋ ਗਿਆ। ਧਰਮ ਅਸਥਾਨ ਕਮਰਸ਼ੀਅਲ ਕਰ ਦਿੱਤੇ ਗਏ। ਪਾਠ ਕਥਾ ਕੀਰਤਨ ਅਰਦਾਸ ਅਤੇ ਧਰਮ ਰਸਮਾਂ ਦੀਆਂ ਭੇਟਾ ਬੰਨ੍ਹ ਦਿੱਤੀਆਂ ਗਈਆਂ। ਕੌਮ ਨੂੰ ਭਾੜੇ ਦੇ ਪਾਠਾਂ ਅਤੇ ਜਪਾਂ ਤਪਾਂ ਵਿੱਚ ਉਲਝਾ ਦਿੱਤਾ ਗਿਆ। ਇਸ ਦਾ ਪ੍ਰਤੀਕਰਮ ਇਹ ਹੋਇਆ ਕਿ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ” (1349) ਦੇ ਸਿਧਾਂਤ ਨੂੰ ਮੰਨਣ ਵਾਲੀ ਕੌਮ ਫਿਰ ਜਾਤਾਂ-ਪਾਤਾਂ ਅਤੇ ਧੜੇਬੰਦੀਆਂ ਵਿੱਚ ਵੰਡੀ ਗਈ। ਬਾਮਣ-ਭਾਊ ਨੇ ਦੇਖਿਆ ਕਿ ਸਿੱਖਾਂ ਵਿੱਚ ਜੋ ਜੱਟ ਜਿਮੀਦਾਰ ਹਨ ਇਹ ਬੜੇ ਬਹਾਦਰ ਅਤੇ ਜੰਗਜੂ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਕਾਫੀ ਹੈ। ਇਨ੍ਹਾਂ ਨੂੰ ਉੱਚਜਾਤੀਏ ਦਰਸਾ ਕੇ ਬਾਕੀਆਂ ਤੋਂ ਅਲਹਿਦਾ ਕਰ ਦਿੱਤਾ ਗਿਆ। ਬਾਕੀਆਂ ਨੂੰ ਚੂੜੇ, ਚਮਾਰ, ਨਾਈ ਅਤੇ ਘੁਮਾਰ ਆਦਿਕ ਕਮੀਨ ਕੰਦੂ ਬਣਾ ਦਿੱਤਾ ਗਿਆ। ਇਨ੍ਹਾਂ ਨਾਲ ਸੁੱਚ ਭਿੱਟ ਰੱਖਣ ਦੀ ਕੋਝੀ ਚਾਲ ਚਲਾ ਦਿੱਤੀ ਗਈ। ਇਨ੍ਹਾਂ ਨੂੰ ਸ਼ੂਦਰ, ਹਰੀਜਨ ਅਤੇ ਦਲਤ ਪ੍ਰਚਾਰ ਦਿੱਤਾ ਗਿਆ। ਜੱਟਾਂ ਅਤੇ ਬਾਮਣਾਂ ਨੇ ਇਨ੍ਹਾਂ ਨਾਲ ਪੰਗਤ ਵਿੱਚ ਬੈਠ ਕੇ ਖਾਣਾ ਅਤੇ ਰਿਸ਼ਤੇ ਨਾਤੇ ਕਰਨੇ ਬੰਦ ਕਰ ਦਿੱਤੇ। ਇਨ੍ਹਾਂ ਨੂੰ ਚੌਥੇ ਪੌੜੀਏ ਬਣਾ ਦਿੱਤਾ ਗਿਆ। ਇਸ ਵਿਤਕਰੇ ਦਾ ਸ਼ਿਕਾਰ ਹੋਏ ਇਹ ਵੀਰ ਅਲੱਗ ਅਲੱਗ ਟੁਕੜਿਆਂ ਵਿੱਚ ਵੰਡੇ ਗਏ। ਇਨ੍ਹਾਂ ਨੇ ਆਪਣੇ ਧਰਮ ਅਸਥਾਂਨ ਵੀ ਅਲੱਗ ਬਣਾ ਲਏ ਪਰ ਬਾਮਣ-ਭਾਊ ਮਹੰਤਾਂ ਤੇ ਸੰਤਾਂ ਦੇ ਰੂਪ ਵਿੱਚ ਇਨ੍ਹਾਂ ਕਿਰਤੀ ਲੋਕਾਂ ਦੇ ਧਰਮ ਅਸਥਾਨਾਂ ਵਿੱਚ ਵੀ ਘੁਸੜ ਗਿਆ। ਹੌਲੀ ਹੌਲੀ ਇਸ ਨੇ ਉਨ੍ਹਾਂ ਧਰਮ ਅਸਥਾਨਾਂ ਵਿੱਚ ਇਧਰ ਓਧਰ ਦੇ ਕਵੀਆਂ ਤੋਂ ਕਵਿਤਾ ਰੂਪ ਵਿੱਚ ਵੱਖਰੇ ਗ੍ਰੰਥ ਵੀ ਲਿਖਵਾ ਦਿੱਤੇ ਜਿਨ੍ਹਾਂ ਦਾ ਅੰਦਰ ਖਾਤੇ ਪ੍ਰਕਾਸ਼ ਤੇ ਪ੍ਰਚਾਰ ਵੀ ਕਰਨਾਂ ਸ਼ੁਰੂ ਕਰ ਦਿੱਤਾ।

ਅੱਜ ਜੱਟ, ਭਾਪੇ ਅਤੇ ਚਮਾਰ ਦੇ ਰੂਪ ਵਿੱਚ ਕਿਰਤੀ ਲੋਕ ਵੰਡੇ ਜਾ ਚੁੱਕੇ ਹਨ। ਇੱਕ ਦੂਜੇ ਦੇ ਵਿਰੁੱਧ ਡਾਂਗਾਂ ਸੋਟੇ ਅਤੇ ਕ੍ਰਿਪਾਨਾਂ ਚੁੱਕੀ ਫਿਰਦੇ ਹਨ। ਅੱਜ ਬਾਮਣ-ਭਾਊ ਆਰ. ਐਸ. ਐਸ. ਭਾਵ ਰਾਸ਼ਟਰੀਆ ਸਿੱਖ ਸੰਗਤ ਦੇ ਰੂਪ ਵਿੱਚ ਸਾਨੂੰ ਆਪਸ ਵਿੱਚ ਲੜਾ ਰਿਹਾ ਹੈ। ਸਾਨੂੰ ਸਮਝਣ ਦੀ ਲੋੜ ਹੈ ਅਸੀਂ ਸਾਰੇ ਇੱਕ ਪਿਤਾ ਪ੍ਰਮਾਤਮਾਂ ਦੀ ਸੰਤਾਂਨ ਹਾਂ-ਏਕੁ ਪਿਤਾ ਏਕਸ ਕੇ ਹਮ ਬਾਰਿਕ. . (611) ਸਾਡੇ ਵਿੱਚ ਕੋਈ ਸ਼ੂਦਰ ਜਾਂ ਦਲਤ ਨਹੀਂ। ਅਸੀਂ ਕੋਈ ਨਾਈ, ਛੀਂਬੇ, ਮਾਹਰੇ, ਘੁਮਾਰ, ਚੂੜੇ, ਜੱਟ ਜਾਂ ਚਮਾਰ ਨਹੀਂ ਸਗੋਂ ਇੱਕ ਇਨਸਾਨ ਹਾਂ ਜੋ ਬਾਮਣ-ਭਾਊ ਦੇ ਭੜਕਾਏ ਬਹਿਕਾਏ, ਆਪਸ ਵਿੱਚ ਹੀ ਲੜੀ ਮਰੀ ਜਾ ਰਹੇ ਹਾਂ। ਇਹ ਵਿਹਾਨਾ ਦਾ ਕਾਂਢ ਵੀ ਇਸੀ ਵਰਤਾਰੇ ਦੀ ਦੇਣ ਹੈ। ਜੇ ਗੁਰੂਆਂ ਭਗਤਾਂ ਨੇ ਸਾਨੂੰ ਇੱਕ ਕੀਤਾ, ਸਾਡਾ ਧਰਮ ਇੱਕ, ਗ੍ਰੰਥ ਇੱਕ, ਸਭਿਆਚਾਰ ਇੱਕ, ਸਾਡੀ ਕੌਮ ਇੱਕ ਅਤੇ ਅੱਜ ਅਸੀਂ ਭਾਰੀ ਗਿਣਤੀ ਵਿੱਚ ਹੁੰਦੇ ਹੋਏ ਵੀ ਵਰਣ-ਵੰਡ ਤੇ ਜਾਤ-ਪਾਤ ਦਾ ਸ਼ਿਕਾਰ ਹੋ ਕੇ ਦੇਸ਼ ਦੇ ਹਾਕਮ ਨਹੀਂ ਬਣ ਸੱਕੇ ਅੱਜ ਵੀ ਸਾਡੇ ਤੇ 5% ਬਾਮਣ-ਭਾਊ ਹੀ ਰਾਜ ਕਰ ਰਿਹਾ ਹੈ।

ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਸਾਰੇ ਦੇਹਧਾਰੀ ਜੀਵ ਹੀ ਚਮਾਰ ਹਨ ਕੋਈ ਸੁਨਾਰ ਨਹੀਂ ਹੈ ਭਾਵ ਸੋਨੇ ਤੋਂ ਕੋਈ ਨਹੀਂ ਪੈਦਾ ਹੋਇਆ। ਸਭ ਦਾ ਖੂਨ, ਅੱਖਾਂ, ਨੱਕ ਕੰਨ, ਲੱਤਾਂ ਬਾਹਾਂ ਅਤੇ ਕੇਸ ਆਦਿਕ ਪੰਜਾਂ ਤੱਤਾਂ ਤੋਂ ਹੀ ਪੈਦਾ ਹੋਏ ਹਨ। ਅਸੀਂ ਸਾਰੇ ਚੰਮ ਤੋਂ ਹੀ ਪੈਦਾ ਹੋਏ ਹਾਂ। ਰਕਤ ਬਿੰਦ ਅਤੇ ਚੰਮ ਹੀ ਸਾਡੇ ਸਰੀਰ ਦੀ ਹੋਂਦ ਹੈ। ਗੁਰ ਫੁਰਮਾਨ ਹੈ-ਰਕਤੁ ਬਿੰਦੁ ਕਾ ਇਹੁ ਤਨੋਂ ਅਗਨੀ ਪਾਸਿ ਪਿਰਾਣੁ॥ (63) ਫਿਰ ਜੱਟ ਚਮਾਰ ਦੀ ਸਾਡੀ ਲੜਾਈ ਕਾਹਦੀ ਹੈ? ਸਮਝੋ ਬਾਮਣ-ਭਾਊ ਦੀ ਪਾਈ ਫੁੱਟ ਨੂੰ! ਇਸ ਹੰਕਾਰੀ ਵਿਕਾਰੀ ਅਤੇ ਵਿਭਚਾਰੀ ਬਾਮਣ ਨੂੰ ਕਬੀਰ ਸਾਹਿਬ ਜੀ ਨੇ ਇਸ ਮਸਲੇ ਤੇ ਚੰਗਾ ਝਟਕਾਇਆ ਸੀ ਪੜ੍ਹੋ ਜਰਾ ਸੰਤ ਸਿਪਾਹੀ ਕਬੀਰ ਜੀ ਦੀ ਬਾਣੀ ਨੂੰ ਜੋ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ-ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥ ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ॥ ਬਾਹਮਣ ਕਹਿ ਕਹਿ ਜਨਮੁ ਮਤ ਖੋਏ॥ 1॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਾਹਮਣੂ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਅ॥ 2॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ॥ 4॥ (324) ਭਾਵ ਤੁਸੀਂ ਬਾਮਣ ਕਦੋਂ ਬਣ ਗਏ, ਮਾਂ ਦੇ ਗਰਭ ਵਿੱਚ ਤਾਂ ਕੋਈ ਜਾਤ ਨਹੀਂ ਸੀ, ਜੇ ਤੈਨੂੰ ਬਾਮਣੀ ਨੇ ਜਨਮ ਦਿੱਤਾ ਹੈ ਤਾਂ ਤੇਰੀ ਪਦਾਇਸ਼ ਦਾ ਰਸਤਾ ਵੱਖਰਾ ਕਿਉਂ ਨਹੀਂ? ਸਾਡੇ ਵਿੱਚ ਲਹੂ ਤੇ ਤੇਰੇ ਵਿੱਚ ਦੁੱਧ ਕਿਵੇਂ ਹੈ? ਮੂਰਖਾ! ਅਸਲ ਵਿੱਚ ਬ੍ਰਹਮ ਦੀ ਵੀਚਾਰ ਕਰਨ ਵਾਲਾ ਹੀ ਬ੍ਰਾਹਮਣ ਹੈ ਨਾਂ ਕਿ ਕੋਈ ਉੱਚ ਜਾਤੀ ਮਨੁੱਖ। ਮੇਰੇ ਖਿਆਲ ਵਿੱਚ ਅਸੀਂ ਸਾਰੇ ਹੀ ਚਮਾਰ ਹਾਂ ਕਿਉਂਕਿ ਸਾਡੇ ਸਭ ਦੇ ਸਰੀਰ ਚੰਮ ਦੇ ਬਣੇ ਹੋਏ ਹਨ।




.