ਅਸੀਂ ਸੁਚੇਤ ਅਤੇ ਅਚੇਤ ਰੂਪ ਵਿੱਚ ਹੀ ਬਹੁਤ ਕੁੱਝ ਅਜਿਹਾ ਸਵੀਕਾਰ ਕੀਤਾ
ਹੋਇਆ ਹੈ, ਜਿਸ ਦਾ ਗੁਰਮਤਿ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਨਹੀਂ ਹੈ। ਹੈਰਾਨਗੀ ਦੀ ਗੱਲ ਇਹ ਹੈ
ਕਿ ਗੁਰਮਤਿ ਦੇ ਆਸ਼ੇ ਦੇ ਐਨ ਵਿਪਰੀਤ/ਉਲਟ ਧਾਰਨਾਵਾਂ ਨੂੰ ਸਵੀਕਾਰ ਕਰਕੇ ਵੀ ਅਸੀਂ ਇਹ ਦਾਅਵਾ ਕਰਦੇ
ਹਾਂ ਕਿ ਅਸੀਂ ਇੱਕ ਅਕਾਲ ਪੁਰਖ ਵਿੱਚ ਹੀ ਵਿਸ਼ਵਾਸ ਰੱਖਣ ਵਾਲੇ ਹਾਂ। ਇਹੋ ਜੇਹੀ ਗੁਰਮਤਿ ਦੇ
ਧਾਰਨੀਆਂ ਵਲੋਂ ਇੱਕ ਪਾਸੇ ਇੱਕ ਅਕਾਲ ਪੁਰਖ ਨੂੰ ਮੰਨਣ ਦਾ ਦਾਅਵਾ ਕਰਦਿਆਂ ਅਤੇ ਦੂਜੇ ਪਾਸੇ
ਸਮਾਧਾਂ, ਦਰਖਤਾਂ ਆਦਿ ਨੂੰ ਮੱਥਾ ਟੇਕਦਿਆਂ ਹੋਇਆਂ ਦੇਖ ਕੇ ਜੇਕਰ ਕੋਈ ਸਵਾਲ ਕਰ ਦੇਂਦਾ ਹੈ ਤਾਂ
ਅਸੀਂ ਇੱਕ ਦਮ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਅਤੇ ਝਟ ਗੁਰੂ ਗ੍ਰੰਥ ਸਾਹਿਬ ਵਿਚੋਂ ਪ੍ਰਮਾਣ ਦੇਣ
ਲਗ ਪੈਂਦੇ ਹਾਂ ਕਿ ਅਸੀਂ ਤਾਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਹੀ ਪੁਜਾਰੀ ਹਾਂ। ਇਸ ਵਿੱਚ
ਤਾਂ ਕੋਈ ਸ਼ੱਕ ਹੈ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਹੀ ਗੱਲ ਕੀਤੀ ਗਈ ਹੈ ਪਰੰਤੂ
ਅਸੀਂ ਇਸ ਗੱਲ ਨੂੰ ਅਮਲੀ ਰੂਪ ਵਿੱਚ ਕਿਤਨਾ ਕੁ ਮੰਨਦੇ ਹਾਂ, ਇਸ ਦਾ ਉੱਤਰ ਆਪਣੇ ਆਲੇ – ਦੁਆਲੇ ਵਲ
ਝਾਤੀ ਮਾਰਿਆਂ ਸਹਿਜੇ ਹੀ ਮਿਲ ਜਾਵੇਗਾ। ਧਾਰਮਿਕ ਸਥਾਨਾਂ ਖ਼ਾਸ ਕਰਕੇ ਇਤਿਹਾਸਕ ਸਥਾਨਾਂ, ਵਿਖੇ ਜੋ
ਕੁੱਝ ਗੁਰਮਤਿ ਦੇ ਐਨ ਉਲਟ ਹੋ ਰਿਹਾ ਹੈ, ਉਸ ਬਾਰੇ ਇਨ੍ਹਾਂ ਸਥਾਨਾਂ ਦੀ ਸੇਵਾ ਸੰਭਾਲ ਕਰਨ ਵਾਲਿਆਂ
ਵਲੋਂ ਇਹ ਪ੍ਰਚਾਰ ਕੀਤਾ/ਕਰਵਾਇਆ ਜਾ ਰਿਹਾ ਹੈ ਕਿ ਇਹ ਸਭ ਕੁੱਝ ਗੁਰੂ ਸਾਹਿਬ ਦੇ ਸਮੇਂ ਤੋਂ ਹੀ
ਹੁੰਦਾ ਆ ਰਿਹਾ ਹੈ। ਜਾਂ ਕਈ ਸਥਾਨਾਂ ਬਾਰੇ ਇਹ ਆਖਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਅਮਕੇ
ਵਿਅਕਤੀ ਨੂੰ ਅਜਿਹਾ ਵਰ ਦਿੱਤਾ ਸੀ। ਆਮ ਸਿੱਖ ਸੰਗਤ ਜ਼ੁੰਮੇਵਾਰ ਸੱਜਣਾਂ ਵਲੋਂ ਪ੍ਰਚਾਰੀ ਜਾ ਰਹੀ
ਮਨਮਤ ਨੂੰ ਗੁਰਮਤਿ ਸਮਝ ਕੇ ਸਵੀਕਾਰ ਕਰ ਬੈਠੀ ਹੋਈ ਹੈ। ਕਿਸੇ ਤਰ੍ਹਾਂ ਦਾ ਕਿੰਤੂ- ਪਰੰਤੂ ਨਹੀਂ
ਕਰਦੀ; ਕਿਉਂਕਿ ਅਜਿਹੇ ਸੱਜਣਾਂ ਨੇ ਲੋਕਾਂ ਦੇ ਦਿਲ – ਦਿਮਾਗ ਵਿੱਚ ਇਹ ਬਿਠਾ ਦਿੱਤਾ ਹੋਇਆ ਹੈ ਕਿ
ਕਿਸੇ ਤਰ੍ਹਾਂ ਦੇ ਕਿੰਤੂ –ਪਰੰਤੂ ਕਰਨ ਦਾ ਅਰਥ ਗੁਰੂ ਸਾਹਿਬ ਦੀ ਬੇਅਦਬੀ ਹੈ। ਅਜਿਹੀ ਸਥਿੱਤੀ
ਵਿੱਚ ਗੁਰੂ ਪਿਆਰ ਵਿੱਚ ਭਿੱਜਾ ਪ੍ਰਾਣੀ ਕਿੰਤੂ-ਪਰੰਤੂ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕਿਵੇਂ ਕਰ
ਸਕਦਾ ਹੈ? ਇਸ ਕਰਕੇ ਇਨ੍ਹਾਂ ਸਥਾਨਾਂ `ਤੇ ਧਰਮ ਦੇ ਨਾਮ ਤੇ ਕੁੱਝ ਵੀ ਹੋ ਰਿਹਾ ਹੈ ਸੰਗਤਾਂ ਉਸ
ਨੂੰ ਗੁਰਮਤਿ ਦਾ ਅੰਗ ਸਮਝ ਕੇ ਉਸ ਨੂੰ ਸਵੀਕਾਰ ਕਰ ਰਹੀਆਂ ਹਨ।
ਆਮ ਸੰਗਤਾਂ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹਨ ਕਿ ਸਾਡੇ ਬਹੁਤ ਸਾਰੇ
ਇਨ੍ਹਾਂ ਧਾਰਮਕਿ ਇਤਿਹਾਸਕ ਸਥਾਨਾਂ ਤੇ ਜੋ ਕੁਛ ਹੋ ਰਿਹਾ ਹੈ ਉਸ ਦਾ ਗੁਰਮਤਿ ਨਾਲ ਦੂਰ ਦਾ ਵੀ ਕੋਈ
ਸਬੰਧ ਨਹੀਂ ਹੈ। ਉਦਾਹਰਣ ਵਜੋਂ ਹਜ਼ੂਰ ਸਾਹਿਬ ਵਿਖੇ ਗੁਰਮਤਿ ਦੇ ਨਾਮ ਹੇਠਾਂ ਜੋ ਕੁੱਝ ਹੋ ਰਿਹਾ
ਹੈ, ਉਸ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਸਾਲ ਗੁਰੂ ਗੱਦੀ ਦਿਵਸ ਦੇ ਸਬੰਧ ਵਿੱਚ ਹੋਏ ਜੋੜ
-ਮੋਲੇ ਦੇ ਦੌਰਾਨ ਕਈ ਸਿੱਖਾਂ ਨੂੰ ਦੇਖ ਕੇ ਬੜਾ ਅਚੰਭਾ ਹੋਇਆ। ਇੱਕ ਵਿਦੇਸ ਵਿੱਚ ਰਹਿ ਰਹੇ ਸਿੱਖ
ਨੇ ਜਦ ਇੱਕ ਮਨਮਤੀ ਰਸਮ ਬਾਰੇ ਹੈਰਾਨਗੀ ਪ੍ਰਗਟਾਉਂਦਿਆਂ ਇਸ ਦੇ ਵਿਰੁੱਧ `ਚ ਜ਼ਬਾਨ ਖੋਲਦਿਆਂ ਸਾਰ
ਹੀ ਜੇਕਰ ਆਪਣੀ ਗ਼ਲਤੀ ਦਾ ਅਹਿਸਾਸ ਨਾ ਹੁੰਦਾ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣੇ ਸਨ।
ਚੂੰਕਿ ਜਿਉਂ ਹੀ ਉਸ ਨੇ ਆਪਣੀ ਇਸ ਮਨਮਤੀ ਰਸਮ ਵਿਰੁੱਧ ਆਪਣੀ ਜ਼ਬਾਨ ਖੋਲੀ, ਤਾਂ ਉਸ ਨੂੰ ਇਸ
ਗ਼ੁਸਤਾਖੀ ਦੀ ਸਜ਼ਾ ਦੇਣ ਲਈ ਸੇਵਾਦਾਰ ਉਸ ਉਤੇ ਝਪਟ ਪਏ ਸਨ ਅਤੇ ਉਸ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ
ਪਈ। ਸਾਨੂੰ ਇਹ ਗੱਲ ਹਮੇਸ਼ਾਂ ਹੀ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਜੋ ਕੁੱਝ ਮਨੁੱਖਤਾ
ਨੂੰ ਪ੍ਰਦਾਨ ਕੀਤਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ। ਕੀ ਅਜਿਹੇ ਸੱਜਣ ਗੁਰੂ
ਸਾਹਿਬ ਨਾਲ ਮਨਘੜਤ ਕਹਾਣੀ ਜੋੜ ਕੇ ਇਹ ਸਿੱਧ ਕਰਨ ਦਾ ਯਤਨ ਕਰ ਰਹੇ ਹਨ ਕਿ ਸਤਿਗੁਰੂ ਜੀ ਆਪਣੇ
ਮੁਖ਼ਾਰਬਿੰਦ `ਚ ਕਹਿੰਦੇ ਕੁੱਝ ਸਨ ਪਰ ਕਰਦੇ ਕੁੱਝ ਹੋਰ ਸਨ?
ਕਈ ਇਤਿਹਾਸਕ ਪੁਸਤਕਾਂ ਵਿੱਚ ਦਰਬਾਰ ਸਾਹਿਬ ਦੇ ਪੂਰਬ ਦਿਸ਼ਾ ਵਲ ਸਥਿਤ ਬੇਰੀ
ਬਾਰੇ ਇਹ ਲਿਖਿਆ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਹਰੇਕ ਤਰ੍ਹਾਂ ਦਾ ਦੁੱਖ ਦੂਰ ਹੋ ਜਾਂਦਾ ਹੈ। ਇਸ
ਬੇਰੀ ਨੂੰ ਵੀ ਦੁੱਖ ਭੰਜਨੀ ਬੇਰੀ ਆਖਿਆ ਜਾਂਦਾ ਹੈ। ਇਸ ਬੇਰੀ ਨੂੰ ਇਸ ਨਾਮ ਨਾਲ ਕਦੋਂ ਤੋਂ
ਪੁਕਾਰਨਾ ਸ਼ੁਰੂ ਹੋਇਆ ਹੈ ਇਸ ਬਾਰੇ ਭਾਵੇਂ ਇਤਿਹਾਸ ਵਿੱਚ ਕੋਈ ਵੇਰਵਾ ਨਹੀਂ ਮਿਲਦਾ; ਪਰ ਇਨ੍ਹਾ ਕੁ
ਜ਼ਰੂਰ ਦਾਅਵੇ ਨਾਲ ਆਖਿਆ ਜਾ ਸਕਦਾ ਹੈ ਕਿ ਇਸ ਬੇਰੀ ਦਾ ਨਾਮ ਦੁਖ ਭੰਜਨੀ ਗੁਰੂ ਕਾਲ ਤੋਂ ਬਾਅਦ
ਵਿੱਚ ਹੀ ਪਿਆ ਅਤੇ ਪ੍ਰਚਲਤ ਹੋਇਆ ਹੈ। ਬੀਬੀ ਰਜਨੀ ਦੀ ਮਨੋਕਲਪਿਤ ਕਹਾਣੀ ਰਾਂਹੀ ਜਿਸ ਤਰ੍ਹਾਂ ਇਸ
ਬੇਰੀ ਦੀ ਮਹੱਤਾ ਨੂੰ ਸਿੱਖ ਜਗਤ ਵਿੱਚ ਪ੍ਰਚਾਰਿਆ ਗਿਆ ਹੈ ਅਸੀਂ ਇੱਥੇ ਇਸ ਵਿਸਤਾਰ ਵਿੱਚ ਨਹੀਂ
ਜਾਣਾ ਚਾਹੁੰਦੇ। ਹਾਂ, ਕੇਵਲ ਇਤਨੀ ਕੁ ਜ਼ਰੂਰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਬੇਰੀ ਦੀ ਹੋਂਦ
ਅਤੇ ਬੀਬੀ ਰਜਨੀ ਦੀ ਕਹਾਣੀ ਗੁਰੂ ਕਾਲ ਤੋਂ ਬਾਅਦ ਹੀ, ਗੁਰੂ ਗਿਆਨ ਨਾਲੋਂ ਸਿੱਖ ਜਗਤ ਨੂੰ ਦੂਰ
ਕਰਨ ਦੇ ਖ਼ਿਆਲ ਨਾਲ, ਗੁਰੂ ਗਿਆਨ ਵਿੱਚ ਖੋਟ ਰਲਾਉਣ ਦੀ ਮੰਦ -ਭਾਵਨਾ ਨਾਲ ਹੋਂਦ ਵਿੱਚ ਲਿਆਂਦੀ ਗਈ
ਹੈ।
ਜਿਸ ਗੁਰੂ ਗਰੰਥ ਸਾਹਿਬ ਦੇ ਲੜ ਸਾਨੂੰ ਸਤਿਗੁਰੂ ਜੀ ਨੇ ਲਾਇਆ ਹੈ, ਅਸੀਂ
ਉਹਨਾਂ ਨੂੰ ਪੜ੍ਹਣ ਵਿਚਾਰਨ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਕਰਦੇ ਕਿ ਇਹਨਾਂ ਦਾ ਇਸ ਬਾਰੇ ਕੀ ਫ਼ਰਮਾਨ
ਹੈ। ਖ਼ਾਲਸਾ ਪੰਥ ਅੰਦਰ ਇਹੋ ਜੇਹੀਆਂ ਮਨਮਤੀ ਸੋਚਾਂ, ਖ਼ਾਸ ਤੌਰ `ਤੇ ਮਿਸਲਾਂ ਦੇ ਸਮੇਂ ਸ਼ੁਰੂ ਹੋਈਆਂ
ਅਤੇ ਫਿਰ ਅਮਰ ਵੇਲ ਵਾਂਗ ਤੇਜ਼ੀ ਨਾਲ ਵਧਦਿਆਂ ਹੋਇਆਂ ਇਨ੍ਹਾਂ ਮਨਮਤੀ ਰੁਚੀਆਂ ਨੇ ਪੰਥ ਨੂੰ ਆਪਣੀ
ਲਪੇਟ ਵਿੱਚ ਲੈ ਲਿਆ। ਸਿੱਟੇ ਵਜੋਂ ਜ਼ਿਆਦਾਤਰ ਸਿੱਖ ਨਾਮ ਦੇ ਹੀ ਸਿੱਖ ਰਹਿ ਗਏ। ਇਸ ਅਮਰ ਵੇਲ ਦੀ
ਲਪੇਟ ਵਿੱਚ ਆਉਣ ਮਗਰੋਂ ਵੀ ਭਾਵੇਂ ਸਿੱਖ ਜਗਤ ਨੇ ਗੁਰੂ ਗਰੰਥ ਸਾਹਿਬ ਨੂੰ ਰਸਮੀ ਤੌਰ `ਤੇ ਮੱਥਾ
ਟੇਕਣਾ ਤਾਂ ਜਾਰੀ ਰੱਖਿਆ ਪਰ ਅਮਲੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ – ਜਾਚ ਨੂੰ
ਨਾ ਅਪਣਾ ਸਕਿਆ। ਸਿੱਟੇ ਵਜੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਿਆਂ ਵੀ ਸਾਡਾ ਵਿਸ਼ਵਾਸ, ਧਾਰਨਾ
ਅਤੇ ਸੋਚ ਗੁਰੂ ਸਾਹਿਬ ਦੇ ਅਨੁਕੂਲ ਨਾ ਬਣ ਸਕਿਆ।
ਕਈ ਸੱਜਣ ਇਹ ਕਹਿੰਦੇ ਹਨ ਕਿ ਇਸ ਵਿੱਚ ਹਰਜ ਵੀ ਕੀ ਹੈ। ਲੋਕੀਂ ਇਸ ਬਹਾਨੇ
ਬਾਣੀ ਪੜ੍ਹ ਲੈਂਦੇ ਹਨ, ਇਸ਼ਨਾਨ ਕਰ ਆਉਂਦੇ ਹਨ ਆਦਿ। ਪਰ ਅਜਿਹਾ ਵਿਚਾਰ ਰੱਖਣ ਵਾਲੇ ਸੱਜਣ ਇਹ ਨਹੀਂ
ਸਮਝਦੇ ਕਿ ਗੁਰਬਾਣੀ ਅਗਿਆਨਤਾ ਦਾ ਹਨੇਰਾ ਮਿਟਾਉਣ ਵਾਲੀ ਹੈ, ਜੇਕਰ ਇਸ ਦੀ ਹੀ ਵਰਤੋਂ ਕਰਕੇ ਅਸੀਂ
ਆਪਣੀ ਅਗਿਆਨਤਾ ਵਿੱਚ ਹੋਰ ਵਾਧਾ ਕਰ ਲੈਂਦੇ ਹਾਂ ਅਥਵਾ ਆਪਣੀ ਅਗਿਆਨਤਾ ਨੂੰ ਵਧਾਉਂਦੇ ਹਾਂ ਤਾਂ
ਗਿਆਨ ਦਾ ਚਾਣਨ ਕਿੱਥੋਂ ਲਵਾਂਗੇ? ਇਸ ਗੱਲ ਦੀ ਵਿਚਾਰ ਨਹੀਂ ਕਰਦੇ ਕਿ ਜੇਕਰ ਇਹ ਠੀਕ ਹੁੰਦਾ ਤਾਂ
ਗੁਰੂ ਸਾਹਿਬ ਨੂੰ ਵਹਿਮਾਂ ਭਰਮਾਂ ਆਦਿ ਦੇ ਵਿਰੁੱਧ ਆਵਾਜ਼ ਉਠਾਉਣ ਦੀ ਕੀ ਲੋੜ ਸੀ? ਧਰਮ ਦੇ ਨਾਮ ਤੇ
ਜੋ ਅਖਾਉਤੀ ਧਾਰਮਕਿ ਆਗੂਆਂ ਨੇ ਪਾਖੰਡ ਦਾ ਜਾਲ ਪਸਾਰਿਆ ਹੋਇਆ ਸੀ, ਉਸ ਦੀ ਨਿਖੇਧੀ ਕਰਕੇ ਆਮ
ਲੋਕਾਂ ਨੂੰ ਸੁਚੇਤ ਕਰਕੇ ਇਸ ਸ਼੍ਰੇਣੀ ਨੂੰ ਆਪਣਾ ਵਿਰੋਧੀ ਬਣਾਉਣ ਦੀ ਕੀ ਜ਼ਰੂਰਤ ਸੀ?
‘ਦੁੱਖ ਭੰਜਨੀ ਸਾਹਿਬ’ ਨਾਮ ਦਾ ਇੱਕ ਛੋਟਾ ਜੇਹਾ ਕਿਤਾਬਚਾ ਛਪਿਆ ਹੋਇਆ ਹੈ।
ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿਚੋਂ ਗੁਰੂ ਅਰਜਨ ਸਾਹਿਬ ਦੇ ਚੌਂਤੀ (34) ਸ਼ਬਦ, ਰਾਗ ਗਉੜੀ,
ਸੋਰਠਿ ਅਤੇ ਬਿਲਾਵਲ ਵਿਚੋਂ ਲੈਕੇ ਦਰਜ ਕੀਤੇ ਹੋਏ ਹਨ। ਇਸ ਵਿੱਚ ਮਹਾਤਮ ਸਿਰਲੇਖ ਹੇਠਾਂ ਕੁਛ ਇਸ
ਤਰ੍ਹਾਂ ਲਿਖਿਆ ਹੋਇਆ ਹੈ, “ਕੁਦਰਤੀ ਦਵਾਈ, ਗੁਰੂ ਨਾਨਕ ਦੀ ਬਾਣੀ! ਇਸ ਪੁਸਤਕ ਦਾ ਮਹਾਤਮ ਇਹ ਹੈ
ਕਿ ਕੋਈ ਗੁਰਸਿਖ, ਕੋਈ ਸਹਿਜਧਾਰੀ ਜਾਂ ਕੋਈ ਸੱਜਣ ਹੋਵੇ, ਗੁਰੂ ਨਾਨਕ ਤੇ ਪੂਰਨ ਭਰੋਸਾ ਰੱਖਣ ਵਾਲਾ
ਹੋਵੇ, ਪੰਜ ਦਿਨ ਸਵੇਰੇ ਉਠ ਕੇ ਪਾਠ ਕਰੇ, ਕੋਈ ਬੀਮਾਰੀ ਹੋਵੇ, ਦੁਖ ਹੋਵੇ, ਆਰਾਮ ਜ਼ਰੂਰ ਆ ਜਾਂਦਾ
ਹੈ। ਕਿਸੇ ਨੂੰ ਕੋਈ ਰੋਗ ਹੋਵੇ, ਤਪਦਿਕ ਦਾ ਜਾਂ ਹੋਰ ਕੋਈ ਵੱਡਾ ਰੋਗ ਹੋਵੇ ਜੋ ਹਕੀਮਾਂ ਜਾਂ
ਡਾਕਟਰਾਂ ਪਾਸੋਂ ਨਿਰਾਸ ਹੋ ਗਿਆ ਹੋਵੇ, ਸਵੇਰੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਨਿਤਨੇਮ ਨਾਲ ਪੰਜ
ਵਾਰੀ ਰੋਜ਼ ਪਾਠ ਕਰੇ, ਜੇ ਆਪ ਨਾ ਕਰ ਸਕੇ ਤਾਂ ਕਿਸੇ ਸੱਜਣ ਪਾਸੋਂ ਸੁਣ ਲਵੇ। ਗੁਰੂ ਨਾਨਕ ਕੀ
ਕਿਰਪਾ ਨਾਲ ਦਾਅਵਾ ਕਰਦਾ ਹਾਂ ਆਰਾਮ ਆਵੇਗਾ।” ਇਸ ਤਰ੍ਹਾਂ ਦਾ ਦਾਅਵਾ ਕਰਨ ਵਾਲਾ ਸੱਜਣ ਜੇਕਰ
ਇਤਿਹਾਸ ਦੇ ਪੰਨਿਆਂ ਨੂੰ ਹੀ ਫਰੋਲ ਕੇ ਦੇਖ ਲੈਂਦਾ ਤਾਂ ਸ਼ਾਇਦ ਅਜਿਹਾ ਦਾਅਵਾ ਕਰਨ ਦਾ ਉਸ ਦਾ
ਹੌਸਲਾ ਨਾ ਪੈਂਦਾ; ਚੂੰਕਿ ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਵਿਖੇ ਕੋਹੜੀ ਘਰ ਬਣਾਇਆ ਸੀ, ਜਿੱਥੇ
ਅਜਿਹੇ ਰੋਗ ਦੇ ਸ਼ਿਕਾਰ ਰੋਗੀਆਂ ਦਾ ਇਲਾਜ ਗੁਰੂ ਸਾਹਿਬ ਆਪ ਆਪਣੇ ਹੱਥੀਂ ਕਰਦੇ ਰਹੇ ਹਨ। ਦੂਜੇ
ਗੁਰੂ ਸਾਹਿਬਾਨ ਦੇ ਸਮੇਂ ਵੀ ਸਰੀਰਕ ਰੋਗੀਆਂ ਦੇ ਇਲਾਜ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਸਨ।
ਗੁਰਬਾਣੀ ਸਾਨੂੰ ਸਚਿਆਰ ਬਣਨ ਦੀ ਜੁਗਤ ਸਮਝਾਉਣ ਵਾਲੀ ਹੈ, ਇਹ ਸਾਨੂੰ ਆਤਮਕ
ਜੀਵਨ ਬਖ਼ਸ਼ਸ਼ ਕਰਕੇ ਸਾਨੂੰ ਗੁਰਮੁਖ ਬਣਾਉਂਦੀ ਹੈ ਪਰ ਅਸੀਂ ਇਸ ਤੋਂ ਇਹ ਸੇਧ ਲੈਣ ਦੀ ਬਜਾਏ ਇਹਨਾਂ
ਚਕਰਾਂ ਵਿੱਚ ਪੈ ਗਏ ਜਾਂ ਪਾ ਦਿੱਤੇ ਗਏ ਹਾਂ। ਜਿਨ੍ਹਾਂ ਸ਼ਬਦਾਂ ਬਾਰੇ ਇਹੋ ਜੇਹੀਆਂ ਕਿਤਾਬਾਂ ਵਿੱਚ
ਅਜਿਹੇ ਦਾਅਵੇ ਕੀਤੇ ਗਏ ਹਨ, ਜੇਕਰ ਇਨ੍ਹਾਂ ਸ਼ਬਦਾਂ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹਿਆ ਜਾਵੇ ਤਾਂ
ਇਨ੍ਹਾਂ ਸ਼ਬਦਾਂ ਵਿੱਚ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਜੋ ਸੁਨੇਹਾ ਦਿੱਤਾ ਹੈ, ਆਪਣੇ ਆਪ ਹੀ
ਚੰਗੀ ਤਰ੍ਹਾਂ ਸਪਸ਼ਟ ਹੋ ਜਾਵੇਗਾ। ਇਹੋ ਜੇਹੇ ਦਾਅਵੇ ਕਰਨ ਵਾਲੇ ਸੱਜਣ ਆਮ ਤੌਰ `ਤੇ ਆਪ ਸਿਰ ਦਰਦ
ਹੋਣ `ਤੇ ਵੀ ਡਾਕਟਰ ਨੂੰ ਦਿਖਾਉਣ ਲਗਿਆਂ ਕਿਸੇ ਤਰ੍ਹਾਂ ਦੀ ਢਿੱਲ -ਮੱਠ ਨਹੀਂ ਕਰਦੇ।
ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸੱਚ ਨਾਲ ਜੋੜ ਕੇ ਸਚਿਆਰ ਬਣਾਉਣ ਲਈ ਹਰੇਕ
ਤਰ੍ਹਾਂ ਦੇ ਪਾਖੰਡ ਆਦਿ ਤੋਂ ਉੱਪਰ ਉਠਾਇਆ ਹੈ। ਸਰੀਰਕ ਰੋਗਾਂ ਤੋਂ ਆਪਣਾ ਬਚਾਓ ਕਰਨ ਲਈ ਗੁਰਦੇਵ
ਨੇ ਮਨੁੱਖ ਨੂੰ ਯੋਗ ਸਾਧਨ ਅਪਣਾਉਣ ਦੀ ਤਾਕੀਦ ਕੀਤੀ ਹੈ।
ਗੁਰਮਤਿ ਵਿੱਚ ਦੁਖ ਭੰਜਨ ਕੇਵਲ ਪ੍ਰਭੂ ਦੇ ਨਾਮ ਨੂੰ ਹੀ ਆਖਿਆ ਗਿਆ ਹੈ,
ਕਿਸੇ ਦਰਖਤ ਆਦਿ ਨੂੰ ਨਹੀਂ। ਬੀਬੀ ਰਜਨੀ ਵਾਲੀ ਕਲਪਤ ਸਾਖੀ ਦੁਆਰਾ ਇਸ ਥਾਂ ਦੀ ਮਹੱਤਾ ਨੂੰ
ਪ੍ਰਚਾਰਨ ਵਾਲੇ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਬਿਲਕੁਲ ਹੀ ਨਜ਼ਰ – ਅੰਦਾਜ਼ ਕਰ
ਦਿਤਾ ਹੈ। ਸਰੋਵਰਾਂ ਦੀ ਉਸਾਰੀ ਦਾ ਮਨੋਰਥ, ਇਨ੍ਹਾਂ ਵਿੱਚ ਇਸ਼ਨਾਨ ਕਰਕੇ ਪਾਪਾਂ ਨੂੰ ਧੋਣ/ਲਾਹੁਣ
ਦਾ ਨਹੀਂ ਬਲਕਿ ਜਲ ਦੀ ਲੋੜ ਨੂੰ ਪੂਰਿਆਂ ਕਰਨ ਦੇ ਨਾਲ ਨਾਲ ਸਰੀਰਕ ਇਸ਼ਨਾਨ ਦੀ ਲੋੜ ਨੂੰ ਮੁੱਖ
ਰੱਖਣ ਦੇ ਨਾਲ ਬਰਾਬਰੀ ਵਾਲੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਪ੍ਰਚਾਰਨਾ ਸੀ। ਇਹੋ ਜੇਹੀਆਂ ਗੱਲਾਂ
ਗੁਰੂ ਕਾਲ ਤੋਂ ਬਾਅਦ ਹੀ ਹੋਂਦ ਵਿੱਚ ਆਈਆਂ ਹਨ, ਜਿਨ੍ਹਾਂ ਦੁਆਰਾ ਸਿੱਖ ਜਗਤ ਨੂੰ ਗੁਰਮਤਿ ਦੀ
ਵਿਚਾਰਧਾਰਾ ਤੋਂ ਅਲੱਗ – ਥਲੱਗ ਕਰਨ ਦਾ ਯਤਨ ਕੀਤਾ ਗਿਆ ਹੈ। (1971 -72 ਵਿਖੇ ਜਿੱਥੇ ਮਰਦ ਇਸ਼ਨਾਨ
ਕਰਦੇ ਹਨ, ਇਹ ਬੇਰੀ ਸੁੱਕ ਗਈ ਸੀ, ਇਸ ਥਾਂ `ਤੇ ਦੋਬਾਰਾ ਬੇਰੀ ਦਾ ਬੂਟਾ ਲਗਾਇਆ ਗਿਆ ਸੀ। ਬੇਰੀ
ਦਾ ਇਹ ਬੂਟਾ ਦੋਬਾਰਾ ਲਾਉਣ ਦੀ ਸੇਵਾ ਗਿਆਨੀ ਭਗਤ ਸਿੰਘ ਹੁਰਾਂ ਨੇ ਸਰਦਾਰ ਗੁਰਚਰਨ ਸਿੰਘ ਟੋਹੜਾ
ਦੇ ਕਹਿਣ `ਤੇ ਨਿਭਾਈ ਸੀ। 1972 ਦੇ ਸ਼ੁਰੂ ਵਿਖੇ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਇੱਕ ਬਜ਼ੁਰਗ ਨੇ ਦਾਸ
ਨੂੰ ਦੱਸਿਆ ਕਿ ਜਦ ਉਨ੍ਹਾਂ ਨੇ ਛੋਟਾ ਜੇਹਾ ਬੇਰੀ ਦਾ ਬੂਟਾ ਦੇਖ ਕੇ, ਪਾਸ ਹੀ ਖਲੋਤੇ ਸੇਵਾਦਾਰ
ਨੂੰ ਇਸ ਸਬੰਧ ਵਿੱਚ ਪੁੱਛਿਆ ਤਾਂ ਉਸ ਨੇ ਉੱਤਰ ਵਿੱਚ ਆਖਿਆ ਕਿ ਜੀ ਇਹ ਕਰਾਮਾਤੀ ਬੇਰੀ ਸੀ, ਜੋ
ਸੁੱਕਣ ਤੋਂ ਪਹਿਲਾਂ ਇਸ ਬੱਚੇ ਭਾਵ ਬੇਰੀ ਦੇ ਛੋਟੇ ਬੂਟੇ ਨੂੰ, ਜਨਮ ਦੇ ਗਈ ਹੈ। ਨੋਟ: ਹੁਣ ਤਾਂ
ਖੇਤੀ ਵਿਗਿਆਨੀਆਂ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਰੋਵਰ ਦੇ ਕੰਡੇ ਤੇ ਸਥਿਤ ਬੇਰ, ਜਿਸ ਨੂੰ
ਬਾਬਾ ਬੁੱਢਾ ਜੀ ਦੀ ਬੇਰੀ ਕਿਹਾ ਜਾਂਦਾ ਹੈ, ਹੀ ਪੁਰਾਤਨ ਬੇਰੀ ਹੈ।) ਜੇਕਰ ਇਹ ਬੇਰੀ ਦੁਖਾਂ ਦਾ
ਨਾਸ਼ ਕਰਨ ਵਾਲੀ ਹੈ ਤਾਂ ਗੁਰੂ ਗਰੰਥ ਸਾਹਿਬ ਵਿੱਚ ਦਰਜ ਨਿਮਨ ਲਿਖਤ ਸ਼ਬਦਾਂ ਦਾ ਕੀ ਅਰਥ ਰਹਿ
ਜਾਵੇਗਾ?